ਸਤਿਯੁਗ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਸਤਿਯੁਗ: ਭਾਰਤੀ ਮਿਥਿਹਾਸ ਅਨੁਸਾਰ ਚਾਰ ਯੁਗਾਂ ਵਿਚੋਂ ਇਹ ਪਹਿਲਾ ਯੁਗ ਹੈ ਜਿਸ ਵਿਚ ਧਰਮ ਆਪਣੀਆਂ ਪੂਰੀਆਂ ਸ਼ਕਤੀਆਂ ਨਾਲ ਦ੍ਰਿੜ੍ਹ ਰਹਿੰਦਾ ਹੈ। ਇਸ ਵਿਚ ਮਨੁੱਖਾਂ ਨੂੰ ਕਿਸੇ ਕਿਸਮ ਦੀ ਘਾਲਣਾ ਘਾਲਣੀ ਨਹੀਂ ਪੈਂਦੀ ਕਿਉਂਕਿ ਹਰ ਇਕ ਵਸਤੂ ਦੀ ਪ੍ਰਾਪਤੀ ਇੱਛਾ ਅਨੁਸਾਰ ਹੀ ਹੋ ਜਾਂਦੀ ਸੀ। ਮਨੁੱਖਾਂ ਵਿਚ ਕਿਸੇ ਪ੍ਰਕਾਰ ਦੇ ਮਾਨਸਿਕ ਵਿਕਾਰ ਨਹੀਂ ਹੁੰਦੇ ਸਨ। ਸਤਿਯੁਗ ਵਿਚ ਸਾਰੀਆਂ ਜਾਤਾਂ ਦੇ ਲੋਕ ਇਕੋ ਜਿਹੇ ਕਰਤੱਵਾਂ ਦੀ ਪਾਲਣਾ ਕਰਦੇ ਸਨ ਅਤੇ ਸਾਰੇ ਇਕੋ ਦੇਵਤੇ ਦੀ, ਸਮਾਨ ਢੰਗ ਨਾਲ, ਪੂਜਾ ਕਰਦੇ ਸਨ।
ਇਸ ਦੀ ਮਿਆਦ 17,28,000 ਵਰ੍ਹੇ ਮੰਨੀ ਜਾਂਦੀ ਹੈ। ਸੰਤਾਂ , ਭਗਤਾਂ ਨੇ ਇਸ ਨੂੰ ਸ੍ਰੇਸ਼ਠ ਯੁਗ ਮੰਨ ਕੇ ਇਸ ਦੀ ਪ੍ਰਸ਼ੰਸਾ ਕੀਤੀ ਹੈ। ਇਸ ਯੁਗ ਵਿਚ ਮਨੁੱਖ ਦੀ ਉਮਰ ਚਾਰ ਸੌ ਵਰ੍ਹੇ ਹੁੰਦੀ ਸੀ। ਇਸ ਦਾ ਇਕ ਨਾਮਾਂਤਰ ‘ਕ੍ਰਿਤ ਯੁਗ’ ਵੀ ਹੈ।
ਗੁਰੂ ਨਾਨਕ ਦੇਵ ਜੀ ਅਨੁਸਾਰ ਸ੍ਰਿਸ਼ਟੀ ਰਚਨਾ ਤੋਂ ਪਹਿਲਾਂ ਘੁਖ ਹਨੇਰੇ ਤੋਂ ਬਾਦ ਜਦ ਆਪਣੇ ਸਗੁਣ ਰੂਪ ਵਿਚ ਪਰਮਾਤਮਾ ਨੇ ਯੁਗਾਂ ਦਾ ਨਿਰਮਾਣ ਕੀਤਾ, ਤਦ ਸਭ ਤੋਂ ਪਹਿਲਾਂ ਸਤਿਯੁਗ ਦਾ ਆਰੰਭ ਹੋਇਆ। ਇਸ ਯੁਗ ਵਿਚ ਮਨੁੱਖਾਂ ਦੇ ਸ਼ਰੀਰ ਵਿਚ ਸਤਿ ਅਤੇ ਸੰਤੋਖ ਦੀ ਪ੍ਰਮੁਖਤਾ ਸੀ। ਲੋਕੀਂ ਗਹਿਰ-ਗੰਭੀਰ ਸਨ ਅਤੇ ਉਨ੍ਹਾਂ ਦਾ ਵਿਵਹਾਰ ਸਚ ਉਤੇ ਆਧਾਰਿਤ ਸੀ। ਉਦੋਂ ਸਤਿਗੁਰੂ ਵੀ ਸੰਤੋਸ਼ੀ ਅਤੇ ਸਾਰੇ ਗੁਣਾਂ ਦਾ ਪੁੰਜ ਹੁੰਦਾ ਸੀ। ਜੋ ਵਿਅਕਤੀ ਅਜਿਹੇ ਗੁਰੂ ਦੀ ਸਿਖਿਆ ਮੰਨਦਾ ਸੀ, ਉਹ ਅਧਿਆਤਮਿਕ ਸੰਘਰਸ਼ ਦਾ ਸ਼ੂਰਵੀਰ ਸਮਝਿਆ ਜਾਂਦਾ ਸੀ। ਸਤਿਯੁਗੀ ਲੋਕ ਸੱਚੀ ਦਰਗਾਹ ਵਿਚ ਸੱਚੇ ਪਰਮਾਤਮਾ ਦਾ ਨਿਵਾਸ ਮੰਨ ਕੇ ਉਸ ਦੇ ਹੁਕਮ ਅਤੇ ਇੱਛਾ ਦੀ ਪਾਲਣਾ ਕਰਦੇ ਸਨ। ਇਸ ਯੁਗ ਵਿਚ ਸਾਰੇ ਸਤਿਵਾਦੀ ਸਨ— ਸਤਜੁਗਿ ਸਤੁ ਸੰਤੋਖ ਸਰੀਰਾ। ਸਤਿ ਸਤਿ ਵਰਤੈ ਗਹਿਰ ਗੰਭੀਰਾ। ਸਚਾ ਸਾਹਿਬੁ ਸਚੁ ਪਰਖੈ ਸਾਚੈ ਹੁਕਮਿ ਚਲਾਈ ਹੇ। ... ਸਤਜੁਗਿ ਸਾਚੁ ਕਹੈ ਸਭੁ ਕੋਈ। ਸਚਿ ਵਰਤੈ ਸਾਚਾ ਸੋਈ। ਮਨਿਮੁਖਿ ਸਾਚੁ ਭਰਮ ਭਉ ਭੰਜਨੁ ਗੁਰਮੁਖਿ ਸਾਚੁ ਸਖਾਈ ਹੇ। (ਗੁ.ਗ੍ਰੰ.1023)।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1750, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First