ਸਤਿ-ਸੰਗਤ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਸਤਿ-ਸੰਗਤ: ਸਤਿ-ਸੰਗਤ ਦਾ ਸੰਬੰਧ ਅਧਿਆਤਮਿਕ ਸਾਧਨਾ ਨਾਲ ਹੈ। ਅਧਿਆਤਮਿਕ ਸਾਧਨਾ ਕੋਈ ਸਰਲ ਕਾਰਜ ਨਹੀਂ। ਮਾਇਆ ਦੇ ਪ੍ਰਭਾਵ ਕਰਕੇ ਸਾਧਕ ਕਦੇ ਵੀ ਆਪਣੇ ਮਾਰਗ ਉਤੋਂ ਥਿੜਕ ਸਕਦਾ ਹੈ। ਇਸ ਲਈ ਸਾਧਨਾ ਜਾਂ ਭਗਤੀ ਦੇ ਖੇਤਰ ਵਿਚ ਅਗਵਾਈ ਦੀ ਸਦਾ ਹੀ ਲੋੜ ਬਣੀ ਰਹਿੰਦੀ ਹੈ। ਜਿਵੇਂ ਜਿਵੇਂ ਸਾਧਕ ਅਧਿਆਤਮਿਕ ਉਨਤੀ ਕਰਦਾ ਜਾਂਦਾ ਹੈ, ਇਹ ਲੋੜ ਘਟਦੀ ਜਾਂਦੀ ਹੈ, ਪਰ ਸਿੱਧੀ ਪ੍ਰਾਪਤ ਕਰਨ ਤੋਂ ਪਹਿਲਾਂ ਦੀ ਅਵਸਥਾ ਵਿਚ ਅਗਵਾਈ ਦੀ ਲੋੜ ਅਧਿਕ ਹੈ। ਗੁਰੂ ਦੀ ਸ਼ਰਣ ਵਿਚ ਜਾ ਕੇ ਅਧਿਆਤਮਿਕ ਸਾਧਨਾ ਦਾ ਮੁਢਲਾ ਬੋਧ ਪ੍ਰਾਪਤ ਹੁੰਦਾ ਹੈ। ਪਰ ਇਸ ਤੋਂ ਬਾਦ ਸਾਧਨਾ ਦੀਆਂ ਵਖ ਵਖ ਸਥਿਤੀਆਂ ਅਤੇ ਪੱਧਰਾਂ ਉਤੇ ਜਿਗਿਆਸੂ ਨੂੰ ਕਠਿਨਾਈਆਂ ਪੇਸ਼ ਆ ਸਕਦੀਆਂ ਹਨ, ਉਨ੍ਹਾਂ ਨੂੰ ਦੂਰ ਕਰਨ ਲਈ ਕਿਸੇ ਹੋਰ ਸਹਾਇਕ ਸਾਧਨ ਦੀ ਲੋੜ ਪੈਂਦੀ ਹੈ। ਇਸ ਤੋਂ ਇਲਾਵਾ ਸਦਾ ਪ੍ਰੇਰਣਾ ਦੇਣ ਵਾਲੇ ਅਨੁਕੂਲ ਅਤੇ ਪਵਿੱਤਰ ਵਾਤਾਵਰਣ ਦੀ ਵੀ ਆਵੱਸ਼ਕਤਾ ਬਣੀ ਰਹਿੰਦੀ ਹੈ। ਵਾਸਤਵ ਵਿਚ, ਗੁਰੂ ਦੀ ਅਗਵਾਈ ਤੋਂ ਬਾਦ ਜਿਗਿਆਸੂ ਨੂੰ ਨਾਲ ਨਾਲ ਪ੍ਰੇਰਣਾ ਦੇਣ, ਉਸ ਦੇ ਵਿਸ਼ਵਾਸ ਨੂੰ ਦ੍ਰਿੜ੍ਹ ਬਣਾਉਣ ਅਤੇ ਉਸ ਦੇ ਅਨੁਭਵ ਵਿਚ ਨਿਖਾਰ ਲਿਆਉਣ ਲਈ ਸਤਿ-ਸੰਗਤ ਦਾ ਬਹੁਤ ਯੋਗਦਾਨ ਹੈ।

            ਸਤਿ-ਸੰਗਤ ਤੋਂ ਭਾਵ ਹੈ ਸੱਚਾ , ਸ੍ਰੇਸ਼ਠ ਜਾਂ ਉਤਮ ਸਾਥ। ਇਹ ਸਾਥ ਚੂੰਕਿ ਚੰਗੇ ਜਾਂ ਭਲੇ ਪੁਰਸ਼ਾਂ ਦੁਆਰਾ ਹੀ ਪ੍ਰਾਪਤ ਹੁੰਦਾ ਹੈ, ਇਸ ਲਈ ਗੁਰਬਾਣੀ ਵਿਚ ਸਤਿ-ਸੰਗਤ ਦਾ ਭਾਵ-ਬੋਧ ਸਤਸੰਗ, ਸਾਧ-ਸੰਗਤ , ਸਾਧ-ਸੰਗ , ਹਰਿ- ਜਨ-ਸੰਗਤ ਆਦਿ ਸ਼ਬਦ ਵਰਤ ਕੇ ਵੀ ਕਰਵਾਇਆ ਜਾਂਦਾ ਹੈ।

            ਸਤਿ-ਸੰਗਤ ਜਾਂ ਸਾਧ-ਸੰਗਤ ਦਾ ਪਹਿਲਾ ਰੂਪ ਬੌਧ-ਮਤ ਦੀ ਸੰਘ-ਪਰੰਪਰਾ ਵਿਚ ਮਿਲ ਜਾਂਦਾ ਹੈ, ਪਰ ਇਸ ਦਾ ਵਾਸਤਵਿਕ ਅਤੇ ਸਹੀ ਵਿਕਾਸ ਮੱਧ-ਯੁਗ ਦੇ ਸੰਤਾਂ , ਭਗਤਾਂ ਦੀ ਸਾਧਨਾ ਜਾਂ ਬਾਣੀ ਵਿਚ ਹੋਇਆ ਹੈ। ਸਤਿ-ਸੰਗਤ ਤੋਂ ਪ੍ਰਾਪਤ ਹੋਣ ਵਾਲੇ ਲਾਭ ਇਤਨੇ ਅਧਿਕ ਹਨ ਕਿ ਹਰ ਇਕ ਮਹਾਪੁਰਸ਼ ਨੇ ਇਸ ਦੀ ਉਸਤਤਿ ਹੀ ਨਹੀਂ ਕੀਤੀ, ਪ੍ਰਾਪਤੀ ਲਈ ਉਤਸੁਕਤਾ ਵੀ ਵਿਖਾਈ ਹੈ। ਸੰਤ ਕਬੀਰ ਨੇ ਕਿਹਾ ਹੈ — ਕਬੀਰ ਸੰਗਤਿ ਕਰੀਐ ਸਾਧ ਕੀ ਅੰਤਿ ਕਰੈ ਨਿਰਬਾਹੁ ਸਾਕਤ ਸੰਗੁ ਕੀਜੀਐ ਜਾ ਤੇ ਹੋਇ ਬਿਨਾਹੁ (ਗੁ.ਗ੍ਰੰ.1369)।

            ਸਤਿ-ਸੰਗਤ ਸਿੱਖ ਧਰਮ ਵਿਚ ਅਧਿਆਤਮਿਕ ਉਨਤੀ ਦਾ ਇਕ ਮਹੱਤਵਪੂਰਣ ਸਾਧਨ ਹੈ। ਸਾਧਨਾ ਦੇ ਚਹੁੰਆਂ ਮਾਰਗਾਂ (ਗਿਆਨ, ਕਰਮ , ਯੋਗ ਅਤੇ ਭਗਤੀ) ਵਿਚ ਇਸ ਦਾ ਵਿਸ਼ੇਸ਼ ਸਥਾਨ ਹੈ। ਭਗਤੀ ਮਾਰਗ ਦਾ ਤਾਂ ਇਸ ਨੂੰ ਸਰਵੱਸ ਸਮਝਿਆ ਜਾਂਦਾ ਹੈ। ਮੱਧ-ਯੁਗ ਦੇ ਅਨੇਕ ਸਾਧਕਾਂ ਨੇ ਇਸ ਪ੍ਰਤਿ ਆਪਣਾ ਵਿਸ਼ਵਾਸ ਪ੍ਰਗਟ ਕੀਤਾ ਹੈ। ਪਰ ਗੁਰਮਤਿ ਵਿਚ ਇਸ ਦੀ ਵਿਸ਼ੇਸ਼ ਰੂਪ ਵਿਚ ਪ੍ਰਤਿਸ਼ਠਾ ਹੋਈ ਹੈ।

            ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ ਕਿ ਉਤਮ ਸੰਗਤ ਨਾਲ ਹਰ ਇਕ ਵਿਅਕਤੀ ਉਤਮ ਬਣਦਾ ਹੈ, ਉਸ ਦੇ ਅਵਗੁਣ ਨਸ਼ਟ ਹੁੰਦੇ ਹਨ ਅਤੇ ਗੁਣਾਂ ਦੀ ਪ੍ਰਾਪਤੀ ਹੁੰਦੀ ਹੈ — ਊਤਮ ਸੰਗਤਿ ਊਤਮੁ ਹੋਵੈ ਗੁਣ ਕਉ ਧਾਵੈ ਅਵਗਣ ਧੋਵੈ (ਗੁ.ਗ੍ਰੰ.414)। ਸਤਿ-ਸੰਗਤ ਦੇ ਕੀ ਲੱਛਣ ਹਨ ? ਇਸ ਦਾ ਉਤਰ ਗੁਰੂ ਨਾਨਕ ਦੇਵ ਜੀ ਆਪ ਦਿੰਦਿਆਂ ਕਹਿੰਦੇ ਹਨ ਕਿ ਸਤਿ-ਸੰਗਤ ਉਹ ਹੈ ਜਿਥੇ ਕੇਵਲ ਇਕ ਨਾਮ ਦਾ ਹੀ ਵਿਖਿਆਨ ਹੁੰਦਾ ਹੈ, ਕਿਉਂਕਿ ਨਾਮ ਹੀ ਇਕ- ਮਾਤ੍ਰ ਹੁਕਮ ਹੈ, ਜੋ ਸਤਿਗੁਰੂ ਨੇ ਸਾਨੂੰ ਦਸਿਆ ਹੈ— ਸਤਸੰਗਤਿ ਕੈਸੀ ਜਾਣੀਐ ਜਿਥੈ ਏਕੋ ਨਾਮੁ ਵਖਾਣੀਐ ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ (ਗੁ.ਗ੍ਰੰ.72)। ਧਾਰਮਿਕ ਦ੍ਰਿਸ਼ਟੀ ਤੋਂ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਵੇਲੇ ਜੁੜ ਬੈਠੇ ਵਿਅਕਤੀਆਂ ਨੂੰ ਆਮ ਤੌਰ ’ਤੇ ਸਤਿ-ਸੰਗਤ ਜਾਂ ਸਾਧ-ਸੰਗਤ ਨਾਂ ਨਾਲ ਸੰਬੋਧਿਤ ਕੀਤਾ ਜਾਂਦਾ ਹੈ, ਕਿਉਂਕਿ ਗੁਰੂ ਦੀ ਹਜ਼ੂਰੀ ਵਿਚ ਜਿਗਿਆਸੂਆਂ ਦੀ ਵਿਕਾਰਾਂ ਵਲੋਂ ਰੁਚੀ ਹਟ ਕੇ ਗੁਰੂ-ਚਰਣਾਂ ਨਾਲ ਜੁੜਦੀ ਹੈ, ਚਿੱਤ-ਬਿਰਤੀ ਵਿਚ ਇਕਾਗਰਤਾ ਆਉਂਦੀ ਹੈ। ਬਾਲੇ ਵਾਲੀ ਜਨਮ ਸਾਖੀ ਅਨੁਸਾਰ ਗੁਰੂ ਨਾਨਕ ਦੇਵ ਜੀ ਨੇ ਮਰਦਾਨੇ ਨੂੰ ਕਿਹਾ ਸੀ— ਮਰਦਾਨਿਆ, ਜੋ ਸਤਿਸੰਗ ਨਹੀਂ ਕਰਦੇ ਸੋ ਨਿਸਫਲ ਹੈਨ, ਮਾਨੁਖ ਦੇਹ ਭਗਵੰਤ ਨੇ ਜੋ ਦਿਤੀ ਹੈ ਸੋ ਪਰਉਪਕਾਰ ਵਾਸਤੇ, ਸਤਸੰਗ ਕਰਨ ਨੂੰ ਤੇ ਨਾਮ ਜਪਣੇ ਨੂੰ, ਸੋ ਪਰਉਪਕਾਰ ਕੀਏ ਤੇ ਦੇਹੀ ਸਫਲ ਹੋਂਦੀ ਹੈ ਸਤਸੰਗ ਕਰਨ ਤੋਂ ਪਵਿਤ੍ਰ ਹੋਵੀਦਾ ਹੈ, ਨਾਮ ਦਾ ਪ੍ਰਤਾਪ ਤੇ ਸਦਗਤੀ ਪ੍ਰਾਪਤ ਹੋਂਦੀ ਹੈ

            ਇਸ ਕਥਨ ਤੋਂ ਸਪੱਸ਼ਟ ਹੈ ਕਿ ਸਤਿ-ਸੰਗਤ ਨਾਲ ਜਿਗਿਆਸੂਆਂ ਵਿਚ ਪਵਿੱਤਰਤਾ ਦੀ ਭਾਵਨਾ ਪੈਦਾ ਹੁੰਦੀ ਹੈ। ਗੁਰੂ ਰਾਮਦਾਸ ਜੀ ਨੇ ਕਿਹਾ ਹੈ ਕਿ ਪਾਰਸ ਦੀ ਛੋਹ ਨਾਲ ਜਿਸ ਤਰ੍ਹਾਂ ਮਨੂਰ ਸੋਨਾ ਬਣ ਜਾਂਦਾ ਹੈ, ਉਸੇ ਤਰ੍ਹਾਂ ਪਤਿਤ ਵਿਅਕਤੀ ਸਤਿ-ਸੰਗਤ ਵਿਚ ਜਾਣ ਨਾਲ ਪਾਵਨ ਹੋ ਜਾਂਦੇ ਹਨ, ਕਿਉਂਕਿ ਗੁਰੂ ਦੀ ਮਤ ਨਾਲ ਉਨ੍ਹਾਂ ਦੀ ਆਵੱਸ਼ਕ ਸ਼ੁੱਧੀ ਹੋ ਜਾਂਦੀ ਹੈ— ਜਿਉ ਛੁਹਿ ਪਾਰਸ ਮਨੂਰ ਭਏ ਕੰਚਨ ਤਿਉ ਪਤਿਤ ਜਨ ਮਿਲਿ ਸੰਗਤੀ ਸੁਧ ਹੋਵਤ ਗੁਰਮਤੀ ਸੁਧਹਾਧੋ (ਗੁ.ਗ੍ਰੰ.1297)।

            ਸਤਿ-ਸੰਗਤ/ਸਾਧ-ਸੰਗਤ ਵਿਚ ਜਾਣਾ ਕਿਉਂ ਜ਼ਰੂਰੀ ਹੈ ? ਇਸ ਲਈ ਕਿ ਗੁਰੂ ਅਰਜਨ ਦੇਵ ਜੀ ਅਨੁਸਾਰ, ਉਥੇ ਜਾ ਕੇ ਵੈਰ-ਵਿਰੋਧ ਦੀ ਭਾਵਨਾ ਖ਼ਤਮ ਹੋ ਜਾਂਦੀ ਹੈ, ਆਪਾ-ਪਰ ਕਾ ਭੇਦ ਮਿਟ ਜਾਂਦਾ ਹੈ, ਸਭ ਨਾਲ ਸਾਂਝ ਪੈਦਾ ਹੋ ਜਾਂਦੀ ਹੈ — ਬਿਸਰਿ ਗਈ ਸਭ ਤਾਤਿ ਪਰਾਈ ਜਬ ਤੇ ਸਾਧਸੰਗਤਿ ਮੋਹਿ ਪਾਈ ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ (ਗੁ.ਗ੍ਰੰ.1299)। ਮਨ ਦੇ ਵਿਕਾਰ ਨੂੰ ਦੂਰ ਕਰਨ ਲਈ ਸਾਧਸੰਗ ਅਤਿ ਜ਼ਰੂਰੀ ਹੈ। ਜਿਵੇਂ ਮੈਲੇ ਕਪੜੇ ਨੂੰ ਧੋਬੀ-ਘਾਟ ਉਤੇ ਲਿਆਇਆ ਜਾਂਦਾ ਹੈ, ਉਥੇ ਉਸ ਦੀ ਮੈਲ ਕਟ ਜਾਂਦੀ ਹੈ, ਉਹ ਸਵੱਛ ਹੋ ਕੇ ਪਰਤਦਾ ਹੈ, ਇਵੇਂ ਸਾਧ-ਸੰਗਤ ਜਿਗਿਆਸੂ ਦੀ ਮਾਨਸਿਕ ਸ਼ੁੱਧੀ ਦਾ ਸਰਵੋਤਮ ਸਾਧਨ ਹੈ। ਇਸ ਨੂੰ ਮਨੁੱਖਤਾ ਲਈ ‘ਅਰੋਗਸ਼ਾਲਾ’ ਦਾ ਨਾਂ ਦਿੱਤਾ ਜਾ ਸਕਦਾ ਹੈ। ਜਿਵੇਂ ਕਿਸੇ ਅਰੋਗਸ਼ਾਲਾ ਵਿਚ ਜਾ ਕੇ ਭਿਆਨਕ ਰੋਗਾਂ ਵਿਚ ਗ੍ਰਸਿਤ ਲੋਕ ਵੀ ਤੰਦਰੁਸਤ ਹੋ ਜਾਂਦੇ ਹਨ, ਉਸੇ ਤਰ੍ਹਾਂ ਸਤਿ-ਸੰਗਤ ਵਿਚ ਜਾ ਕੇ ਵੱਡੇ ਤੋਂ ਵੱਡਾ ਪਾਪੀ ਵੀ ਤਰ ਜਾਂਦਾ ਹੈ। ਮਨੁੱਖਤਾ ਨੂੰ ਭਵਸਾਗਰ ਵਿਚੋਂ ਤਾਰਨ ਦਾ ਸਭ ਤੋਂ ਵਧੇਰੇ ਸਰਲ ਉਪਾ ਸਾਧ-ਸੰਗਤ ਹੈ।

            ਸਾਧ-ਸੰਗਤ ਤੋਂ ਪ੍ਰਾਪਤ ਹੋਣ ਵਾਲੇ ਸੁਖ ਜਾਂ ਆਨੰਦ ਨੂੰ ਸੰਤ ਕਬੀਰ ਨੇ ਬੈਕੁੰਠ ਤੋਂ ਵੀ ਸ੍ਰੇਸ਼ਠ ਸਮਝਿਆ ਹੈ — ਜਬ ਲਗੁ ਮਨਿ ਬੈਕੁੰਠ ਕੀ ਆਸ ਤਬ ਲਗੁ ਹੋਇ ਨਹੀ ਚਰਨ ਨਿਵਾਸੁ ਕਹੁ ਕਬੀਰ ਇਹ ਕਹੀਐ ਕਾਹਿ ਸਾਧ ਸੰਗਤਿ ਬੈਕੁੰਠੇ ਆਹਿ (ਗੁ.ਗ੍ਰੰ.325), ਕਿਉਂਕਿ ਇਸ ਨਾਲ ਹਰ ਪ੍ਰਕਾਰ ਦੇ ਦੁਖਾਂ ਤੋਂ ਬਚਿਆ ਜਾ ਸਕਦਾ ਹੈ। ਗੁਰੂ ਨਾਨਕ ਦੇਵ ਜੀ ਦੇ ਜੀਵਨ ਉਤੇ ਜੇ ਨਜ਼ਰ ਮਾਰੀਏ ਤਾਂ ਪਤਾ ਚਲਦਾ ਹੈ ਕਿ ਉਨ੍ਹਾਂ ਨੇ ਬ੍ਰਹਮ-ਗਿਆਨ ਨੂੰ ਪੁਸਤਕਾਂ ਵਿਚੋਂ ਨਹੀਂ, ਸਤਿ-ਸੰਗਤ ਤੋਂ ਪ੍ਰਾਪਤ ਕੀਤਾ ਸੀ। ਉਨ੍ਹਾਂ ਨੇ ਆਪਣੀਆਂ ਉਦਾਸੀਆਂ ਵਿਚ ਅਨੇਕ ਵਾਰ ਸਾਧ-ਸੰਗਤ ਮਾਣੀ ਸੀ।

            ਸਤਿ-ਸੰਗਤ ਦਾ ਮੂਲ-ਮਨੋਰਥ ਭਾਵੇਂ ਜਿਗਿਆਸੂ ਦੇ ਅਧਿਆਤਮਿਕ ਜੀਵਨ ਨੂੰ ਸੁਧਾਰਨਾ ਹੈ, ਪਰ ਸਤਿ- ਸੰਗਤ ਨਾਲ ਅਧਿਆਤਮਿਕ ਸਾਧਨਾ ਨੂੰ ਸਮਾਜਿਕ ਸੰਦਰਭ ਪ੍ਰਾਪਤ ਹੁੰਦਾ ਹੈ। ਇਸ ਦੀ ਸਮਾਜ ਲਈ ਉਪਯੋਗਤਾ ਵਧਦੀ ਹੈ। ਚੰਗੇ ਜਾਂ ਭਲੇ ਪੁਰਸ਼ਾਂ ਦੇ ਸੰਪਰਕ ਵਿਚ ਆਉਣ ਨਾਲ ਚਰਿਤ੍ਰ ਵਿਚ ਵਿਕਾਸ ਹੁੰਦਾ ਹੈ। ਕਿਸੇ ਵਿਅਕਤੀ ਦੇ ਚਰਿਤ੍ਰ ਨੂੰ ਪਰਖਣ ਲਈ ਉਸ ਦੀ ਸੰਗਤ ਦਾ ਬਹੁਤ ਮਹੱਤਵ ਹੈ, ਇਸ ਲਈ ਸਦਾ ਚੰਗੀ ਸੰਗਤ, ਸ੍ਰੇਸ਼ਠ ਸੰਗਤ ਵਿਚ ਰਹਿਣਾ ਚਾਹੀਦਾ ਹੈ।

            ਸਤਿ-ਸੰਗਤ ਵਿਚ ਜਾਣ ਨਾਲ ਜਿਥੇ ਮਾਨਸਿਕ ਵਿਕਾਰ ਦੂਰ ਹੁੰਦੇ ਹਨ, ਉਥੇ ਮਨੁੱਖ ਮਨੁੱਖ ਦੇ ਨੇੜੇ ਹੁੰਦਾ ਹੈ, ਉਸ ਨੂੰ ਸਹੀ ਢੰਗ ਨਾਲ ਸਮਝਦਾ ਹੈ, ਪਰਸਪਰ ਵਿੱਥਾਂ ਮਿਟਦੀਆਂ ਹਨ। ਇਕ ਦੂਜੇ ਨੂੰ ਸਹਿਯੋਗ ਦੇਣ ਦੀ ਲਾਲਸਾ ਪੈਦਾ ਹੁੰਦੀ ਹੈ। ਇਸ ਤਰ੍ਹਾਂ ਸਮਾਜ ਇਕ ਚੰਗਾ ਸਮਾਜ ਬਣਦਾ ਹੈ। ਇਸ ਨਾਲ ਲੋਕ ਪਰਲੋਕ ਦੋਵੇਂ ਸੁਧਰਦੇ ਹਨ। ਸੰਸਾਰ ਵਿਚ ਭਟਕਿਆ ਹੋਇਆ ਮਨੁੱਖ ਸਤਿ-ਸੰਗਤ ਰਾਹੀਂ ਹੀ ਮਾਨਸਿਕ ਸਥਿਰਤਾ ਪ੍ਰਾਪਤ ਕਰ ਸਕਦਾ ਹੈ। ਇਸ ਲਈ ਗੁਰੂ ਅਰਜਨ ਦੇਵ ਜੀ ਨੇ ਕਿਹਾ ਹੈ— ਮੇਰੇ ਮਾਧਉ ਜੀ ਸਤਸੰਗਤਿ ਮਿਲੇ ਸੁ ਤਰਿਆ (ਗੁ.ਗ੍ਰੰ.10)। ਗੁਰੂ ਰਾਮਦਾਸ ਜੀ ਅਨੁਸਾਰ ਸਤਿ-ਸੰਗਤ ਪਤਿਤ ਨੂੰ ਪਾਵਨ ਬਣਾ ਕੇ ਪ੍ਰਤਿਸ਼ਠਾ ਪ੍ਰਾਪਤ ਕਰਨ ਯੋਗ ਬਣਾ ਦਿੰਦੀ ਹੈ— ਤਿਉ ਸਤਸੰਗਤਿ ਮਿਲਿ ਪਤਿਤ ਪਰਵਾਣੁ

            ਮਨੁੱਖਤਾ ਨੂੰ ਇਕ ਦੂਜੇ ਦੇ ਨੇੜੇ ਲਿਆਉਣ ਅਤੇ ਸਮੁੱਚੇ ਸਮਾਜਿਕ ਕਲਿਆਣ ਲਈ ਅਜ ਵੀ ਸਤਿ-ਸੰਗਤ ਵਿਸ਼ੇਸ਼ ਅਰਥ ਅਤੇ ਮਹੱਤਵ ਰਖਦੀ ਹੈ। ਸਤਿ-ਸੰਗਤ ਰਾਹੀਂ ਮਾਨਸਿਕ ਸੰਤੁਲਨ ਨੂੰ ਕਾਇਮ ਰਖਦਿਆਂ ਜਿਗਿਆਸੂਆਂ ਨੂੰ ਮਾਨਵ ਕਲਿਆਣ ਲਈ ਸਦਾ ਯਤਨਸ਼ੀਲ ਰਹਿਣਾ ਚਾਹੀਦਾ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2916, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.