ਸਤੀ ਪ੍ਰਥਾ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਸਤੀ ਪ੍ਰਥਾ: ਮ੍ਰਿਤ ਪਤੀ ਦੀ ਦੇਹ ਨਾਲ ਸੜ ਮਰਨ ਵਾਲੀ ਇਸਤਰੀ ਨੂੰ ‘ਸਤੀ ’ ਨਾਂ ਨਾਲ ਯਾਦ ਕੀਤਾ ਜਾਂਦਾ ਹੈ ਅਤੇ ਹਿੰਦੂ-ਧਰਮ ਵਿਚ ਇਸ ਦੇ ਆਚਾਰ ਨੂੰ ਪਵਿੱਤਰ ਸਮਝ ਕੇ ਬਹੁਤ ਆਦਰ ਦਿੱਤਾ ਜਾਂਦਾ ਹੈ। ਇਸ ਦੀ ਬਰਾਬਰੀ ‘ਸਤੀ’ ਦੇਵੀ ਨਾਲ ਕਰਦੇ ਹੋਇਆਂ ਇਸ ਨੂੰ ਦੇਵੀ ਹੋਣ ਦਾ ਗੌਰਵ ਮਿਲਦਾ ਹੈ। ਪਰ ਗੁਰਬਾਣੀ ਵਿਚ ਅਜਿਹੇ ਆਚਰਣ ਨੂੰ ਮਾੜਾ ਸਮਝਿਆ ਗਿਆ ਹੈ। ਗੁਰੂ ਅਮਰਦਾਸ ਜੀ ਨੇ ਇਸ ਪ੍ਰਥਾ ਨੂੰ ਨਕਾਰਦੇ ਹੋਇਆਂ ਸਹੀ ਸਤੀ ਬਣਨ ਦਾ ਉਪਦੇਸ਼ ਦਿੱਤਾ ਹੈ— ਸਤੀਆ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲਿੰਨ੍ਹਿ। ਨਾਨਕ ਸਤੀਆ ਜਾਣੀਅਨ੍ਹਿ ਜਿ ਬਿਰਹੇ ਚੋਟ ਮਰੰਨ੍ਹਿ। (ਗੁ.ਗ੍ਰੰ.787)।
ਸਤੀ ਦਾ ਸ਼ਾਬਦਿਕ ਅਰਥ ਹੈ— ਬਰਾਬਰ ਅਸਤਿਤ੍ਵ ਵਿਚ ਰਹਿਣ ਵਾਲੀ; ਭਾਵ ਅਮਰ। ਜੇ ਸਤੀ ਨੂੰ ਪ੍ਰਾਕ੍ਰਿਤ ਦਾ ਸ਼ਬਦ ਮੰਨਿਆ ਜਾਏ ਤਾਂ ਇਸ ਦਾ ਅਰਥ ਬਣਦਾ ਹੈ — ਸਤਿ ਉਤੇ ਦ੍ਰਿੜ੍ਹ ਰਹਿਣ ਵਾਲੀ। ਦੋਹਾਂ ਹੀ ਹਾਲਤਾਂ ਵਿਚ ਪਤੀ ਅਤੇ ਪਤਨੀ ਵਿਚਾਲੇ ਅਨਿਖੜ ਸੰਬੰਧ ਅਤੇ ਧਰਮ ਪ੍ਰਤਿ ਦ੍ਰਿੜ੍ਹ ਰਹਿ ਕੇ ਆਪਣੇ ਜਸ ਰਾਹੀਂ ਇਸ ਲੋਕ ਵਿਚ ਨ ਭੁਲਾਈ ਜਾਣ ਵਾਲੀ ‘ਅਮਰ-ਇਸਤਰੀ’ ਨੂੰ ਸਤੀ ਕਹਿੰਦੇ ਸਨ। ਇਸ ਸ਼ਬਦ ਦੀ ਵਰਤੋਂ ਬਹੁਤੀ ਪੁਰਾਣੀ ਨਹੀਂ। ਪਹਿਲਾਂ ਇਸ ਨੂੰ ‘ਸਹਮਰਣ’ (ਨਾਲ ਮਰਨਾ), ‘ਸਹਗਮਨ’ (ਨਾਲ ਜਾਣਾ), ‘ਅਨੑਵਾਰੋਹਣ’ (ਨਾਲ ਚਿਤਾ ਉਤੇ ਚੜ੍ਹਨਾ) ਅਤੇ ‘ਅਨੁਮਰਣ’ (ਪਤੀ ਦੇ ਪ੍ਰਵਾਸ ਵਿਚ ਮਰਨ ਦੀ ਖ਼ਬਰ ਸੁਣ ਕੇ ਉਸ ਪਿਛੇ ਮਰਨਾ) ਆਦਿ ਸ਼ਬਦਾਂ ਨਾਲ ਯਾਦ ਕੀਤਾ ਜਾਂਦਾ ਸੀ। ਇਸ ਪ੍ਰਥਾ ਪਿਛੇ ਇਹ ਭਾਵਨਾ ਰਹੀ ਸੀ ਕਿ ਮਰਨ ਵੇਲੇ ਤਕ ਪਤੀ-ਪਤਨੀ ਦਾ ਵਿਆਹ ਸੰਬੰਧ ਅਨਿਖੜ ਰਹੇ ਅਤੇ ਉਸ ਤੋਂ ਬਾਦ ਪਰਲੋਕ ਅਤੇ ਜਨਮ-ਜਨਮਾਂਤਰ ਵਿਚ ਵੀ ਕਾਇਮ ਰਹੇ। ਪਰ ਇਸ ਭਾਵਨਾ ਦੇ ਉਦਭਵ, ਵਿਕਾਸ ਅਤੇ ਦੁਰ-ਉਪਯੋਗ ਦਾ ਆਪਣਾ ਇਤਿਹਾਸ ਹੈ। ਮੱਧ-ਯੁਗ ਦੇ ਵਿਸ਼ੇਸ਼ ਸੰਦਰਭ ਵਿਚ ਇਸ ਦੀ ਹੋਂਦ ਵਿਚਾਰਨ-ਯੋਗ ਹੈ।
ਵੇਦਾਂ ਵਿਚ ‘ਸਤੀ’ ਦਾ ਉੱਲੇਖ ਨਹੀਂ। ‘ਮਨੁ- ਸਮ੍ਰਿਤੀ’ ਵਿਚ ਵੀ ਇਸ ਪ੍ਰਥਾ ਬਾਰੇ ਕੋਈ ਸੰਕੇਤ ਨਹੀਂ ਹੈ। ਪ੍ਰਤੀਤ ਹੁੰਦਾ ਹੈ ਕਿ ਬਿਕ੍ਰਿਮੀ ਸੰਮਤ ਦੇ ਸ਼ੁਰੂ ਹੋਣ ਤੋਂ ਕੁਝ ਸਦੀਆ ਪਹਿਲਾਂ ਇਹ ਪ੍ਰਥਾ ਪ੍ਰਚਲਿਤ ਹੋਈ ਹੋਵੇਗੀ। ਸਿਕੰਦਰ ਦੇ ਹਮਲੇ ਵੇਲੇ ਇਹ ਪ੍ਰਥਾ ਪ੍ਰਚਲਿਤ ਸੀ। ‘ਵਿਸ਼ਣੂ ਧਰਮ-ਸੂਤ੍ਰ’ (25/14) ਵਿਚ ਇਸ ਦਾ ਉੱਲੇਖ ਹੈ। ‘ਮਹਾਭਾਰਤ ’ ਵਿਚ ਇਸ ਦੀਆਂ ਮਿਸਾਲਾਂ ਮਿਲਦੀਆਂ ਹਨ, ਪਰ ਇਹ ਪ੍ਰਥਾ ਰਾਜਵੰਸ਼ਾਂ ਤਕ ਸੀਮਿਤ ਸੀ। ਪਰਵਰਤੀ ਸਮ੍ਰਿਤੀਆਂ ਵਿਚ ਵੀ ਇਸ ਪ੍ਰਥਾ ਦੀ ਹੋਂਦ ਦਸੀ ਗਈ ਹੈ। ਕਾਲੀਦਾਸ ਦੇ ‘ਕੁਮਾਰ ਸੰਭਵ’, ਵਾਤੑਸੑਯਾਯਨ ਦੇ ‘ਕਾਮਸੂਤ੍ਰ’ ਵਿਚ ਇਸ ਦਾ ਉਲੇਖ ਮਿਲਦਾ ਹੈ। ਇਸ ਤਰ੍ਹਾਂ ਉਤਰੋਤਰ ਇਹ ਪ੍ਰਥਾ ਲੋਕ-ਪ੍ਰਿਯ ਹੁੰਦੀ ਗਈ।
ਮੱਧ-ਯੁਗ ਵਿਚ ਜਦ ਯੁੱਧ ਅਧਿਕ ਹੋਣ ਲਗੇ ਤਾਂ ਰਾਜਵੰਸ਼ਾਂ ਅਤੇ ਆਮ ਛਤ੍ਰੀਆਂ ਵਿਚ ਇਹ ਪ੍ਰਥਾ ਅਧਿਕ ਤੋਂ ਅਧਿਕ ਵਧਣ ਲਗੀ। ਜਦ ਅਰਬਾਂ ਅਤੇ ਤੁਰਕਾਂ ਦੇ ਹਮਲੇ ਦੇਸ਼ ਉਤੇ ਹੋਣ ਲਗੇ ਤਾਂ ਸਤੀ-ਪ੍ਰਥਾ ਨੇ ‘ਜੌਹਰ’ ਦਾ ਰੂਪ ਧਾਰ ਲਿਆ। ‘ਜੌਹਰ’ ਤੋਂ ਭਾਵ ਹੈ — ਜਿਨ੍ਹਾਂ ਯੁੱਧਾਂ ਵਿਚ ਰਾਜਾ ਜਾਂ ਉਸ ਦੇ ਸਾਮੰਤਾਂ ਅਤੇ ਸੈਨਿਕਾਂ ਦਾ ਮਰਨਾ ਨਿਸਚਿਤ ਹੋ ਜਾਂਦਾ ਤਾਂ ਉਸ ਤੋਂ ਪਹਿਲਾਂ ਰਾਣੀ , ਉਸ ਦੀਆਂ ਸਹੇਲੀਆਂ ਅਤੇ ਰਣਵਾਸ ਦੀਆਂ ਹੋਰ ਇਸਤਰੀਆਂ ਵੀ ਯੁੱਧ ਵਿਚ ਪੁਰਸ਼ਾਂ ਦੀ ਵੀਰਗਤੀ ਹੋਣ ਤੋਂ ਪਹਿਲਾਂ ਚਿਤਾ ਬਣਾ ਕੇ ਆਪਣੇ ਆਪ ਨੂੰ ਹੋਮ ਕਰ ਦਿੰਦੀਆਂ ਸਨ। ਇਸ ਦੇ ਦੋ ਆਧਾਰਭੂਤ ਉਦੇਸ਼ ਸਨ — (1) ਹਮਲਾਵਰਾਂ ਦੇ ਹੱਥਾਂ ਵਿਚ ਪੈ ਕੇ ਅਪਮਾਨਿਤ ਹੋਣੋਂ ਬਚਿਆ ਜਾਏ, ਅਤੇ (2) ਧਾਰਮਿਕ ਵਿਸ਼ਵਾਸ ਅਨੁਸਾਰ ਵੀਰਗਤੀ ਪ੍ਰਾਪਤ ਕਰਨ ਵਾਲੇ ਸਿਧੇ ਸਵਰਗ ਨੂੰ ਜਾਂਦੇ ਸਨ। ਇਸ ਲਈ ਇਸਤਰੀਆਂ ਪਹਿਲਾਂ ਸੜ ਕੇ, ਮਰ ਕੇ, ਸਵਰਗ ਦੇ ਦੁਆਰ ਉਤੇ ਉਨ੍ਹਾਂ ਦਾ ਸੁਆਗਤ ਕਰਨ ਨੂੰ ਤਿਆਰ ਰਹਿੰਦੀਆਂ ਸਨ।
ਇਸ ਤਰ੍ਹਾਂ ਦੇ ਹੋਰ ਵੀ ਕਈ ਧਾਰਮਿਕ ਮਹਾਤਮ ਸਤੀ-ਪ੍ਰਥਾ ਨਾਲ ਜੁੜਦੇ ਗਏ। ਪਰ ਬਾਦ ਵਿਚ ਦੁਰਉਪਯੋਗ ਹੋਣ ਲਗਾ। ਇਕ, ਇਸ ਪ੍ਰਥਾ ਨੂੰ ਚਲਾਉਣਾ ਪਰਿਵਾਰ ਦੇ ਮਾਣ-ਮਰਯਾਦਾ ਵਜੋਂ ਅਹਿਮ ਸਮਝਿਆ ਜਾਣ ਲਗਾ ਅਤੇ ਦੂਜਾ , ਲਾਲਚ ਕਰਕੇ ਵਿਧਵਾ ਨੂੰ ਸਾੜ ਕੇ ਉਸ ਦੀ ਜਾਇਦਾਦ ਦੀ ਵਾਰਸੀ ਸੰਭਾਲੀ ਜਾਣ ਲਗੀ। ਪਰ ਉਂਜ ਇਤਿਹਾਸ ਵਿਚ ਸਤੀ ਹੋਣ ਵਾਲੀਆਂ ਇਸਤਰੀਆਂ ਦੀ ਗਿਣਤੀ ਬਹੁਤੀ ਨਹੀਂ ਸੀ। ਅੰਗ੍ਰੇਜ਼ਾਂ ਦੇ ਰਾਜ ਵੇਲੇ ਰਾਜਾ ਰਾਮ ਮੋਹਨ ਰਾਏ ਨੇ ਸਤੀ-ਪ੍ਰਥਾ ਵਿਰੁੱਧ ਕਾਨੂੰਨ ਪਾਸ ਕਰਵਾਇਆ ਅਤੇ ਇਸ ਤਰ੍ਹਾਂ ਇਸ ਪ੍ਰਥਾ ਨੂੰ ਠਲ੍ਹ ਪਈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10100, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First