ਸਥਾਨਕ ਬੁਲਾਰਾ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਸਥਾਨਕ ਬੁਲਾਰਾ: ਭਾਸ਼ਾ ਮਨੁੱਖ ਦੀ ਜਨਮ-ਜਾਤ ਯੋਗਤਾ ਹੈ। ਇਹ ਯੋਗਤਾ ਸਰੀਰ ਦੇ ਵਿਕਾਸ ਨਾਲ ਜੁੜੀ ਹੋਈ ਹੈ। ਬੱਚਾ ਆਪਣੀ ਮੁੱਢਲੀ ਉਮਰ ਵਿਚ ਹੀ ਇਸ ਦੀ ਤਹਿ ਥੱਲੇ ਕੰਮ ਕਰ ਰਹੇ ਨਿਯਮਾਂ ਨੂੰ ਗ੍ਰਹਿਣ ਕਰ ਲੈਂਦਾ ਹੈ। ਉਸ ਦੀ ਯੋਗਤਾ ਦਾ ਪਤਾ ਭਾਸ਼ਾ ਦੀ ਦਰੁੱਸਤ ਵਿਆਕਰਨਕ ਵਰਤੋਂ ਤੋਂ ਚਲਦਾ ਹੈ। ਇਸ ਪੱਖ ਤੋਂ ਭਾਸ਼ਾ ਵਿਗਿਆਨੀ ਦੋ ਸੰਕਲਪ ਪੇਸ਼ ਕਰਦੇ ਹਨ : (i) ਭਾਸ਼ਾ ਨੂੰ ਗ੍ਰਹਿਣ ਕਰਨਾ ਅਤੇ (ii) ਭਾਸ਼ਾ ਨੂੰ ਸਿੱਖਣਾ। ਗ੍ਰਹਿਣ ਕਰਨ ਦੀ ਪਰਕਿਰਿਆ ਬੱਚੇ ਦੇ ਹੋਸ਼ ਸੰਭਾਲਣ ਤੋਂ ਹੀ ਸ਼ੁਰੂ ਹੋ ਜਾਂਦੀ ਹੈ ਅਤੇ ਬਾਲਪਨ ਵਿਚ ਵੀ ਉਹ ਅਚੇਤ ਤੌਰ ’ਤੇ ਭਾਸ਼ਾ ਨੂੰ ਉਸ ਦੇ ਨਿਯਮਾਂ ਸਮੇਤ ਗ੍ਰਹਿਣ ਕਰ ਲੈਂਦਾ ਹੈ। ਭਾਸ਼ਾ ਨੂੰ ਸਿੱਖਣਾ ਇਕ ਸੁਚੇਤ ਭਾਂਤ ਦਾ ਵਰਤਾਰਾ ਹੈ। ਇਹ ਵਰਤਾਰਾ ਭਾਸ਼ਾਈ ਯੋਗਤਾ ਨੂੰ ਹੋਰ ਵਿਸਤ੍ਰਿਤ ਕਰਨ ਵਾਲਾ ਹੈ। ਇਹ ਕਿਸੇ ਸਕੂਲ ਵਰਗੇ ਅਦਾਰੇ ਦੁਆਰਾ ਸੰਭਵ ਹੋ ਸਕਦਾ ਹੈ। ਸਥਾਨਕ ਬੁਲਾਰਾ ਸੰਕਲਪ ਪਹਿਲੇ ਪੱਖ ਨਾਲ ਵੱਧ ਸਬੰਧਤ ਹੈ। ਕਿਸੇ ਵਿਸ਼ੇਸ਼ ਭਾਸ਼ਾ ਦਾ ਬੁਲਾਰਾ ਹੀ ਉਸ ਭਾਸ਼ਾ ਦੀ ਸਹੀ ਵਰਤੋਂ ਕਰ ਰਿਹਾ ਹੁੰਦਾ ਹੈ। ਇਸ ਸੰਕਲਪ ਨਾਲ ਮਿਲਦੇ-ਜੁਲਦੇ ਦੋ ਹੋਰ ਸੰਕਲਪ ਹਨ ਜਿਵੇਂ : ਪਹਿਲੀ ਭਾਸ਼ਾ ਅਤੇ ਮਾਤ ਭਾਸ਼ਾ। ਭਾਸ਼ਾ ਵਿਗਿਆਨ ਦੀ ਦਰਿਸ਼ਟੀ ਤੋਂ ਕਿਸੇ ਵਿਸ਼ੇਸ਼ ਭਾਸ਼ਾ ਦੀ ਜੁਗਤ ਦਾ ਅਧਿਅਨ ਉਸ ਦੇ ਸਥਾਨਕ ਬੁਲਾਰਿਆਂ ਦੀ ਭਾਸ਼ਾ ਦੇ ਅਧਾਰ ’ਤੇ ਹੀ ਕੀਤਾ ਸਕਦਾ ਹੈ। ਕੋਈ ਬੁਲਾਰਾ ਦੂਜੀ ਭਾਸ਼ਾ ਵਿਚ ਭਾਵੇਂ ਕਿੰਨਾ ਵੀ ਮਾਹਰ ਕਿਉਂ ਨਾ ਹੋਵੇ ਉਸ ਵਿਚ ਸਥਾਨਕ ਭਾਸ਼ਾ ਜਿੰਨੀ ਸਮਰੱਥਾ ਨਹੀਂ ਆ ਸਕਦੀ। ਦੋ-ਭਾਸ਼ਕਤਾਵਾਦ ਦੇ ਅੰਤਰਗਤ ਇਸ ਸਮਰੱਥਾ ਨੂੰ ਵੇਖਿਆ ਜਾ ਸਕਦਾ ਹੈ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 1196, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.