ਸਦਭਾਵਪੂਰਬਕ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Bona fide_ਸਦਭਾਵਪੂਰਬਕ: ਇਸ ਦਾ ਮਤਲਬ ਹੈ ਨੇਕ ਨੀਤੀ ਨਾਲ ਜਾਂ ਅਸਲ ਰੂਪ ਵਿਚ। ਇਸ ਵਿਚ ਧੋਖਾ ਦੇਣ ਦਾ ਇਰਾਦਾ ਨਹੀਂ ਹੁੰਦਾ। ਇਸ ਲਈ ਜੇ ਕੋਈ ਮਕਾਨ ਮਾਲਕ ਕਿਰਾਏਦਾਰ ਨੂੰ ਝੂਠੇ ਬਹਾਨੇ ਦੇ ਆਧਾਰ ਤੇ ਕਿਸੇ ਅਨੁਸੰਗਕ ਜਾਂ ਵਿੰਗੀ ਟੇਢੀ ਮਨਸ਼ਾ ਨਾਲ ਜਾਂ ਕਿਸੇ ਹੋਰ ਪ੍ਰਯੋਜਨ ਦੀ ਸਿੱਧੀ ਲਈ ਅਤਿਰਿਕਤ ਜਗ੍ਹਾਂ ਦੀ ਲੋੜ ਨ ਦਰਸਾ ਰਿਹਾ ਹੋਵੇ ਤਾਂ ਇਹ ਕਰਾਰ ਦਿੱਤਾ ਜਾਣਾ ਚਾਹੀਦਾ ਹੈ ਕਿ ਉਸ ਦਾ ਦਾਅਵਾ ਸਦਭਾਵਪੂਰਬਕ ਹੈ। (ਸੁਭੱਦਰਾ ਬਨਾਮ ਸੁੰਦਰਦਾਸ ਏ ਆਈ ਆਰ 1965 ਪੰਜ 188)
‘‘ਉਸ ਨੂੰ ਉਸ ਦੀ ਆਪਣੀ ਨਿੱਜੀ ਰਿਹਾਇਸ਼ ਵਰਤੋਂ (occupation) ਲਈ ਲੋੜ ਹੈ’’ ਦਾ ਮਤਲਬ ਹੈ ਕਿ ਮਕਾਨ ਮਾਲਕ ਨੂੰ ਉਹ ਜਗ੍ਹਾ ਆਪਣੀ ਵਰਤੋਂ ਲਈ ਵਾਸਤਵਿਕ ਤੌਰ ਤੇ ਲੋੜ ਹੈ। ਇਹ ਗੱਲ ਕਾਫ਼ੀ ਨਹੀਂ ਕਿ ਉਹ ਉਸ ਜਗ੍ਹਾ ਨੂੰ ਆਪਣੀ ਵਰਤੋਂ ਲਈ ਰਖਣਾ ਚਾਹੁੰਦਾ ਹੈ, ਇਹ ਵੀ ਅਵੱਸ਼ਕ ਹੈ ਕਿ ਉਹ ਉਸ ਲਈ ਆਪਣੀ ਵਰਤੋਂ ਲਈ ਜ਼ਰੂਰੀ ਹੋਵੇ ਅਤੇ ਉਸ ਦੀ ਜ਼ਰੂਰਤ ਸਦਭਾਵਪੂਰਬਕ ਅਤੇ ਅਸਲੀ ਹੋਵੇ। (ਗਿਰਜਾ ਦੇਵੀ ਬਨਾਮ ਰੈਂਟ ਕੰਟਰੋਲ ਐਂਡ ਈਵਿਕਸ਼ਨ ਅਫ਼ਸਰ ਵਾਰਾਨਸੀ ਏ ਆਈ ਆਰ 1965 ਇਲਾ.366)। ਹੋ ਸਕਦਾ ਹੈ ਸਦਭਾਵਪੂਰਬਕ ਲੋੜ ਅਤੇ ਜ਼ਰੂਰਤ ਆਪੋ ਵਿਚੋਂ ਇਕ ਚੀਜ਼ ਨ ਹੋਣ(ਪੀ ਸੀ ਖੰਨਾ ਬਨਾਮ ਮਾਲਕ ਰਾਮ 54 ਪੰ.ਲ.ਰਿਪੋਰਟਰ 50)।
ਕੋਈ ਖ਼ਾਸ ਜਗ੍ਹਾਂ ਵਰਤਣ ਲਈ ਮਾਲਕ ਮਕਾਨ ਦੀ ਸਦਭਾਵਪੂਰਬਕ ਲੋੜ ਕੇਵਲ ਇਕ ਖ਼ਾਹਿਸ਼ ਜਾਂ ਸਨਕੀ ਇੱਛਾ ਜਾਂ ਮਨਮਰਜ਼ੀ ਦੀ ਸਮਾਨਾਰਥਕ ਨਹੀਂ ਹੈ, ਸਗੋਂ ਇਕ ਬਦਲੀਲ ਵਿਅਕਤੀ ਦੀ ਈਮਾਨਦਾਰ ਲੋੜ ਹੋਣੀ ਚਾਹੀਦੀ ਹੈ; ਭਾਵੇਂ ਉਸ ਦੀ ਸਦਭਾਵਪੂਰਬਕ ਲੋੜ ਬਾਰੇ ਨਿਰਨਾ ਕਰਨ ਲਈ, ਕਿ ਕੀ ਮਾਲਕ ਮਕਾਨ ਦੀ ਈਮਾਨਦਾਰ ਜ਼ਰੂਰਤ ਅਦਾਲਤ ਨੂੰ ਵਾਜਬ ਲਗਦੀ ਹੈ, ਨਿਆਂਇਕ ਤੌਰ ਤੇ ਧਰਮਕੰਡੇ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ। ਪਰ ਜੇ ਮਾਲਕ ਮਕਾਨ ਦੀ ਜ਼ਰੂਰਤ ਈਮਾਨਦਾਰਾਨਾ ਹੋਵੇ ਤਦ ਵੀ ਉਹ ਅਦਾਲਤ ਨੂੰ ਉਸ ਦੇ ਇਖ਼ਤਿਆਰ ਤੋਂ ਵੰਚਿਤ ਨਹੀਂ ਕਰਦੀ ਜਾਂ ਫ਼ਰਜ਼ ਤੋਂ ਮੁਕਤ ਨਹੀਂ ਕਰਦੀ ਕਿ ਉਹ ਮਾਲਕ ਮਕਾਨ ਦੀਆਂ ਬਾਹਰਮੁਖੀ ਹਾਲਤਾਂ ਦੇ ਸਨਮੁੱਖ ਇਹ ਵੇਖੇ ਕਿ ਕੀ ਜੋ ਜਗ੍ਹਾ ਮਾਲਕ ਮਕਾਨ ਦੀ ਵਰਤੋਂ ਲਈ ਉਪਲਬਧ ਹੋਵੇਗੀ ਉਹ ਵਾਜਬ ਕਹੀ ਜਾ ਸਕਦੀ ਹੈ ਜਾਂ ਨਹੀਂ। ਮਾਲਕ ਮਕਾਨ ਦੇ ਬਾਹਰਮੁਖੀ ਹਾਲਾਤ ਵਿਚ ਮਾਲਕ ਮਕਾਨ ਦਾ ਰੁਤਬਾ, ਜੀਵਨ ਦਾ ਮਿਆਰ ਅਤੇ ਹੋਰ ਖ਼ਾਸ ਤਰ੍ਹਾਂ ਦੀਆਂ ਲੋੜਾਂ ਜਿਵੇਂ ਕਿ ਸਿਹਤ ਦੀਆਂ ਲੋੜਾਂ ਅਤੇ ਦੇਸ਼ ਵਿਚ ਚਲ ਰਹੇ ਹਾਲਾਤ ਸ਼ਾਮਲ ਹਨ।
ਪਿਆਰੇ ਲਾਲ ਬਨਾਮ ਜੇ. ਐਲ ਦੱਤਾ (ਏ ਆਈ ਆਰ 1952 ਅਜਮੇਰ 35) ਵਿਚ ਵਿਚਾਰਣ ਕਰਨ ਵਾਲੀ ਅਦਾਲਤ ਦੇ ਰਿਕਾਰਡ ਤੇ ਆਈ ਸ਼ਹਾਦਤ ਤੋਂ ਪਰਗਟ ਸੀ ਕਿ ਮਾਲਕ ਮਕਾਨ ਦੇ ਕਈ ਮਕਾਨ ਸਨ ਅਤੇ ਉਨ੍ਹਾਂ ਦੇ ਖ਼ਾਲੀ ਹੋਣ ਤੇ ਉਸਨੇ ਮੁੜ ਤਾਜ਼ਾ ਤਾਜ਼ਾ ਹੀ ਕਿਰਾਏ ਤੇ ਦਿੱਤੇ ਸਨ। ਮਕਾਨ ਮਾਲਕ ਵਲੋਂ ਇਸ ਗੱਲ ਦਾ ਸੰਤੋਸ਼ਜਨਕ ਸਪਸ਼ਟੀਕਰਣ ਨਹੀਂ ਸੀ ਆਇਆ ਕਿ ਜੇ ਸੱਚਮੁੱਚ ਉਸ ਨੂੰ ਹੋਰ ਜਗ੍ਹਾਂ ਦੀ ਲੋੜ ਸੀ ਤਾਂ ਉਸ ਨੇ ਉਹ ਮਕਾਨ ਕਿਰਾਏ ਤੇ ਕਿਉਂ ਦਿੱਤੇ ਸਨ। ਉਸ ਅਨੁਸਾਰ ਇਹ ਕਰਾਰ ਨਹੀਂ ਸੀ ਦਿੱਤਾ ਜਾ ਸਕਿਆ ਕਿ ਝਗੜੇ ਅਧੀਨ ਜਗ੍ਹਾ ਦੀ ਮਾਲਕ ਮਕਾਨ ਨੂੰ ਸਦਭਾਵਪੂਰਬਕ ਲੋੜ ਸੀ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1401, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First