ਸਧਨਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਧਨਾ. ਸੇਹਵਾਨ (ਇਲਾਕਾ ਸਿੰਧ) ਦਾ ਵਸਨੀਕ ਕਸਾਈ ਸੀ. ਇਸ ਨੂੰ ਆਤਮਗ੍ਯਾਨੀਆਂ ਦੀ ਸੰਗਤਿ ਦ੍ਵਾਰਾ ਕਰਤਾਰ ਦੇ ਪ੍ਰੇਮ ਅਤੇ ਭਗਤੀ ਦੀ ਪ੍ਰਾਪਤੀ ਹੋਈ. ਇਹ ਨਾਮਦੇਵ ਜੀ ਦਾ ਸਮਕਾਲੀ ਸੀ. ਸਧਨੇ ਦਾ ਦੇਹਰਾ ਸਰਹਿੰਦ ਪਾਸ ਵਿਦ੍ਯਮਾਨ ਹੈ. ਇਸ ਭਗਤ ਦੀ ਬਾਣੀ ਸ਼੍ਰੀ ਗ੍ਰੰਥ ਸਾਹਿਬ ਵਿੱਚ ਦਰਜ ਹੈ. “ਅਉਸਰ ਲਜਾ ਰਾਖਿਲੇਹੁ ਸਧਨਾ ਜਨੁ ਤੋਰਾ.” (ਬਿਲਾ) ੨ ਕ੍ਰਿ—ਸਿੱਧ ਹੋਣਾ. ਪੂਰਾ ਹੋਣਾ. ਕੰਮ ਚੱਲਣਾ। ੩ ਅਭ੍ਯਾਸ ਦਾ ਪੱਕਿਆਂ ਹੋਣਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3127, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਸਧਨਾ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਧਨਾ : ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੇ ਪੰਦਰਾਂ ਭਗਤਾਂ ਤੇ ਸੂਫ਼ੀਆਂ ਵਿਚੋਂ ਇਕ ਭਗਤ ਸਨ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ। ਇਹ ਕਸਾਈਆਂ ਵਾਲੀ ਕਿਰਤ ਕਰਦੇ ਸਨ ਅਤੇ ਆਪਣੀ ਨੇਕੀ ਅਤੇ ਸ਼ਰਧਾ ਕਾਰਨ ਇਹਨਾਂ ਨੇ ਅਧਿਆਤਮਿਕ ਪ੍ਰਸਿੱਧ ਪ੍ਰਾਪਤ ਕੀਤੀ ਸੀ। ਇਹਨਾਂ ਦਾ ਜਨਮ ਸੂਬਾ ਸਿੰਧ (ਪਾਕਿਸਤਾਨ) ਦੇ ਪਿੰਡ ਸੇਹਵਾਨ ਵਿਚ ਹੋਇਆ ਮੰਨਿਆ ਜਾਂਦਾ ਹੈ ਅਤੇ ਇਹਨਾਂ ਦਾ ਦਾਹ-ਸੰਸਕਾਰ ਪੰਜਾਬ ਦੇ ਜ਼ਿਲਾ ਫਤਿਹਗੜ੍ਹ ਸਾਹਿਬ ਦੇ ਸਰਹਿੰਦ ਨਗਰ ਵਿਖੇ ਹੋਇਆ। ਇਹਨਾਂ ਦੀ ਯਾਦ ਵਿਚ ਉਸਾਰਿਆ ਇਕ ਦੇਹੁਰਾ ਅਜੇ ਵੀ ਇਥੇ ਮੌਜੂਦ ਹੈ। ਇਹਨਾਂ ਨੂੰ ਮੱਧਕਾਲੀ ਭਗਤ ਨਾਮ ਦੇਵ ਦਾ ਸਮਕਾਲੀ ਮੰਨਿਆ ਜਾਂਦਾ ਹੈ। ਸਧਨਾ ਜੀ ਮਾਸ ਵੇਚ ਕੇ ਆਪਣਾ ਨਿਰਬਾਹ ਕਰਦੇ ਸਨ ਅਤੇ ਜਿਵੇਂ ਕਿ ਜ਼ੋਰ ਦੇ ਕੇ ਕਿਹਾ ਜਾਂਦਾ ਹੈ ਉਹਨਾਂ ਨੇ ਆਪ ਕਦੇ ਵੀ ਪਸੂਆਂ ਨੂੰ ਨਹੀਂ ਵੱਢਿਆ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਿਲਾਵਲ ਰਾਗ ਵਿਚ ਆਇਆ ਇਹਨਾਂ ਦਾ ਸ਼ਬਦ ਉਹਨਾਂ ਦੇ ਵਿਸ਼ਵਾਸ ਨੂੰ ਪ੍ਰਗਟ ਕਰਦਾ ਹੈ ਕਿ ‘ਨਾਮ’ ਪ੍ਰਤੀ ਸ਼ਰਧਾ ਭਗਤੀ ਰੱਖਣ ਨਾਲ ਵਿਅਕਤੀ ਦੇ ਸਾਰੇ ਮੰਦੇ ਕਰਮ ਸ਼ੁੱਧ ਹੋ ਜਾਂਦੇ ਹਨ-ਇਹੋ ਹੀ ਤੱਥ ਇਕ ਕਸਾਈ ਤੇ ਵੀ ਲਾਗੂ ਹੁੰਦਾ ਹੈ। ਇਹਨਾਂ ਦਾ ਇਕੋ ਇਕ ਸ਼ਬਦ, ਬਿਲਾਵਲ ਰਾਗ ਵਿਚ, ਪੰਨਾ 858 ਉੱਤੇ ਦਰਜ ਹੈ।

    ਤਵ ਗੁਨ ਕਹਾ ਜਗਤ ਗੁਰਾ ਜਉ ਕਰਮੁ ਨ ਨਾਸੈ।

    ਸਿੰਘ ਸਰਨ ਕਤ ਜਾਈਐ ਜਉ ਜੰਬੁਕੁ ਗ੍ਰਾਸੈ। ।ਰਹਾਉ।

    ............................................................

    ਮੈ ਨਾਹੀ ਕਛੁ ਹਉ ਨਹੀ ਕਿਛੁ ਆਹਿ ਨ ਮੋਰਾ।

    ਅਉਸਰ ਲਜਾ ਰਾਖਿ ਲੇਹੁ ਸਧਨਾ ਜਨੁ ਤੋਰਾ। ।4।।

                                                 (ਗੁ.ਗ੍ਰੰ..858)

          ਸਧਨਾ ਜੀ “ਸਾਲਿਗ੍ਰਾਮ" ਦੀ ਪੂਜਾ ਕਰਦੇ ਸਨ। ਇਹ ਸਾਲਿਗ੍ਰਾਮ ਇਕ ਅਜਿਹਾ ਪੱਥਰ ਹੁੰਦਾ ਹੈ ਜਿਹੜਾ ਹਿੰਦੂ ਤ੍ਰਿਮੂਰਤੀ ਵਿਚੋਂ ਵਿਸ਼ਣੂ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਆਤਮਿਕ ਗਿਆਨ ਦੀ ਪ੍ਰਾਪਤੀ ਲਈ ਸਧਨਾ ਜੀ ਨੇ ਘਰਬਾਰ ਦਾ ਤਿਆਗ ਕਰ ਦਿੱਤਾ ਸੀ। ਆਪਣਾ ਪਿੰਡ ਸੇਹਵਾਨ ਛੱਡ ਕੇ ਉਹ ਸਾਰੇ ਦੇਸ ਵਿਚ ਘੁੰਮ ਘੁੰਮ ਕੇ ਪ੍ਰਭੂ੍ ਪਿਆਰ ਦੀ ਸਿੱਖਿਆ ਦਿੰਦੇ ਰਹੇ। ਗੁਰੂ ਗ੍ਰੰਥ ਸਾਹਿਬ ਵਿਚ ਆਏ ਇੱਕੋ ਸ਼ਬਦ ਤੋਂ ਬਿਨਾਂ ਸਧਨਾ ਜੀ ਦੀ ਹੋਰ ਕੋਈ ਰਚਨਾ ਨਹੀਂ ਮਿਲਦੀ ਅਤੇ ਇਹ ਸ਼ਬਦ ਹੀ ਉਹਨਾਂ ਦੀ ਯਾਦ ਨੂੰ ਅਮਰ ਬਣਾਈ ਰਖਣ ਵਾਲਾ ਹੈ।


ਲੇਖਕ : ਤ.ਸ. ਅਤੇ ਅਨੁ. ਹ.ਸ.ਕ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3028, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਸਧਨਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਸਧਨਾ ਇਕ ਭਗਤ ਜਿਸ ਦਾ ਇਕ ਚਉਪਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਿਦਮਾਨ ਹੈ। ਸਧਨਾ ਭਗਤ ਦੇ ਜਨਮ, ਮਰਨ ਅਤੇ ਨਿਵਾਸ- ਸਥਾਨ ਬਾਰੇ ਕੋਈ ਤਸੱਲੀ-ਬਖ਼ਸ਼ ਜਾਣਕਾਰੀ ਨਹੀਂ ਮਿਲਦੀ, ਪਰ ਰਿਵਾਇਤ ਅਨੁਸਾਰ ਉਹ ਸਿੰਧ ਪ੍ਰਾਂਤ ਦੇ ਸਿਹਵਾਂ ਪਿੰਡ ਵਿਚ ਜਨਮੇ ਸਨ। ਮੁੱਢਲਾ ਜੀਵਨ ਪਰਿਵਾਰਿਕ ਕਸਾਈ ਧੰਦੇ ਵਿਚ ਬੀਤਿਆ, ਪਰ ਬਾਅਦ ਵਿਚ ਅਜਿਹਾ ਮਨ ਫਿਰਿਆ ਕਿ ਉਹ ਕਸਾਈ ਦਾ ਧੰਦਾ ਤਿਆਗ ਕੇ ਭਗਤ ਬਣ ਗਏ। ਉਨ੍ਹਾਂ ਦੇ ਜੀਵਨ ਨਾਲ ਕਈ ਕਰਾਮਾਤਾਂ ਜੁੜੀਆਂ ਹੋਈਆਂ ਹਨ। ਮੈਕਾਲਿਫ਼ ਨੇ ਭਗਤ ਸਧਨਾ ਨੂੰ ਨਾਮਦੇਵ ਅਤੇ ਗਿਆਨ ਦੇਵ ਦਾ ਸਮਕਾਲੀ ਦੱਸਿਆ ਹੈ। ਭਗਤ ਰਵਿਦਾਸ ਨੇ ਆਪਣੀ ਬਾਣੀ ਵਿਚ ਇਨ੍ਹਾਂ ਨੂੰ ਭਵਸਾਗਰ ਵਿਚੋਂ ਤਰਨ ਵਾਲਿਆਂ ਦੀ ਸੂਚੀ ਵਿਚ ਰਖਦਿਆਂ ਲਿਖਿਆ ਹੈ-

ਨਾਮਦੇਵ ਕਬੀਰੁ ਤਿਲੋਚਨੁ ਸਧਨਾ ਸੈਨੁ ਤਰੈ

           ਮਾਰੂ, ੧, ਸਫ਼ਾ ੧੧੦੬

     ਇਸ ਤੋਂ ਸਪਸ਼ਟ ਹੈ ਕਿ ਆਪ ਜੀ ਚੌਦਵੀਂ ਸਦੀ ਵਿਚ ਹੋਏ ਸਨ। ਭਾਈ ਕਾਨ੍ਹ ਸਿੰਘਨਾਭਾ ’ ਨੇ ਇਨ੍ਹਾਂ ਦਾ ਦੇਹਰਾ ਸਰਹਿੰਦ ਦੇ ਨੇੜੇ ਹੋਣਾ ਦੱਸਿਆ ਹੈ। ਗੁਰੂ ਗ੍ਰੰਥ ਸਾਹਿਬ ਵਿਚ ਸਧਨਾ ਜੀ ਦਾ ਸ਼ਬਦ ਬਿਲਾਵਲ ਰਾਗ ਵਿਚ ਪੰਨਾ ੮੫੮ ਉਤੇ ਦਰਜ ਹੈ, ਜਿਸ ਵਿਚ ਆਪ ਨੇ ਆਤਮ-ਸਮਰਪਣ, ਨਿਮਰਤਾ ਅਤੇ ਅਰਜ਼ੋਈ ਨੂੰ ਬੜੇ ਸੁੰਦਰ ਢੰਗ ਨਾਲ ਚਿਤਰਿਆ ਹੈ (ਨਿਰੁਕਤ ਸ੍ਰੀ ਗੁਰੂ ਗ੍ਰੰਥ ਸਾਹਿਬ)।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 3028, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਸਧਨਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸਧਨਾ, ਪੁਲਿੰਗ : ਇਕ ਪ੍ਰਸਿੱਧ ਭਗਤ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 851, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-05-12-12-23-23, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.