ਸਬੰਧਕ ਸਰੋਤ :
ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼
ਸਬੰਧਕ: ਵਾਕਾਤਮਕ ਬਣਤਰ ਵਿਚ ਵਿਚਰਦੇ ਵਾਕੰਸ਼ਾਂ (ਨਾਂਵ, ਕਿਰਿਆ ਆਦਿ) ਦੇ ਅੰਦਰੂਨੀ ਅਤੇ ਬਾਹਰੀ ਵਾਕਾਤਮਕ ਅਤੇ ਅਰਥਕ ਸਬੰਧ ਸਕਾਰ ਕਰਨ ਲਈ ਸਬੰਧਕ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ। (ਪਰ ਇਨ੍ਹਾਂ ਸਬੰਧਾਂ ਦਾ ਪਰਗਟਾਵਾ ਸਬੰਧਕਾਂ ਤੋਂ ਇਲਾਵਾ ਸ਼ਬਦ ਤਰਤੀਬ ਅਤੇ ਵਿਭਕਤੀਆਂ ਰਾਹੀਂ ਵੀ ਹੁੰਦਾ ਹੈ) ਇਹ ਸ਼ਬਦ ਬੰਦ ਸ਼ਰੇਣੀ ਦੇ ਸ਼ਬਦ ਹਨ ਅਤੇ ਇਨ੍ਹਾਂ ਦੀ ਤਾਦਾਦ ਵੀ ਸੀਮਤ ਹੈ। ਵਾਕਾਤਮਕ ਅਤੇ ਅਰਥਕ ਸਬੰਧਾਂ ਦੀ ਸਥਾਪਤੀ ਦੇ ਅਧਾਰ ’ਤੇ ਇਨ੍ਹਾਂ ਨੂੰ ਦੋ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ : (i) ਵਾਕੰਸ਼ ਦੀ ਬਾਹਰੀ ਬਣਤਰ ਵਿਚ ਅਤੇ (ii) ਵਾਕੰਸ਼ ਦੀ ਅੰਦਰੂਨੀ ਬਣਤਰ ਅਨੁਸਾਰ। ਵਾਕੰਸ਼ ਦੀ ਬਾਹਰੀ ਬਣਤਰ ਵਿਚ ਇਹ ਸ਼ਬਦ ਵਾਕੰਸ਼ ਦੇ ਅੰਤ ’ਤੇ ਵਿਚਰਦੇ ਹਨ ਅਤੇ ਇਕ ਵਾਕੰਸ਼ ਨੂੰ ਦੂਜੇ ਵਾਕੰਸ਼ ਨਾਲੋਂ ਵੱਖ ਕਰਦੇ ਹਨ, ਜਿਵੇਂ : ‘ਬੱਚੇ ਨੇ ਦੁੱਧ ਪੀਤਾ’, ‘ਬੱਚੇ ਤੋਂ ਦੁੱਧ ਨਹੀਂ ਪੀਤਾ ਗਿਆ’, ‘ਬੱਚੇ ਨੂੰ ਦੁੱਧ ਪਿਆਇਆ’ ਆਦਿ। ‘ਦਾ’ ਵਰਗ ਦੇ ਸਬੰਧਕ ਵਾਕੰਸ਼ ਦੀ ਬਣਤਰ ਦੇ ਅੰਦਰੂਨੀ ਢਾਂਚੇ ਵਿਚ ਵਿਚਰਦੇ ਹਨ ਅਤੇ ਆਪਣੇ ਤੋਂ ਪਹਿਲਾਂ ਤੇ ਪਿਛੋਂ ਆਉਣ ਵਾਲੇ ਸ਼ਬਦ ਰੂਪਾਂ ਨਾਲ ਵਿਆਕਰਨਕ ਮੇਲ ਸਥਾਪਤ ਕਰਦੇ ਹਨ, ਜਿਵੇਂ : ਮਾਂ ਦੀ ਭੈਣ, ਉਸ ਦਾ ਮੁੰਡਾ ਆਦਿ।
ਰੂਪ ਦੇ ਪੱਖ ਤੋਂ ਪੰਜਾਬੀ ਸਬੰਧਕਾਂ ਨੂੰ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ : ਵਿਕਾਰੀ ਸਬੰਧਕ ਅਤੇ ਅਵਿਕਾਰੀ ਸਬੰਧਕ। ‘ਦਾ’ ਵਰਗ ਦੇ ਸਬੰਧਕਾਂ ਦੀ ਕਾਰਕ ਅਤੇ ਵਚਨ ਅਨੁਸਾਰ ਰੂਪਾਵਲੀ ਬਣਦੀ ਹੈ ਅਤੇ ਇਸ ਵਰਗ ਦੇ ਸਬੰਧਕ, ਸਧਾਰਨ, ਸਬੰਧਕੀ, ਅਪਾਦਾਨ, ਕਰਨ ਅਤੇ ਸੰਬੋਧਨੀ ਕਾਰਕਾਂ ਅਨੁਸਾਰ ਰੂਪਾਂਤ੍ਰਿਤ ਹੁੰਦੇ ਹਨ, ਜਿਵੇਂ : ਦਾਉਸ ਦਾ ਮੁੰਡਾ, ਦੇਉਸ ਦੇ ਮੁੰਡੇ, ਦੀਉਸ ਦੀ ਕੁੜੀ, ਦੇਉਸ ਦੇ ਮੁੰਡਿਆਂ ਨੇ, ਦਿਆਭੈਣ ਦਿਆ ਵੀਰਾ ਆਦਿ। ਇਸ ਦੇ ਨਾਲ ਨਾਲ ‘ਕੋਲ, ਨਾਲ, ਵਿਚ, ਨੇੜੇ, ਪਾਸ’ ਆਦਿ ਸ਼ਬਦ ਵੀ ਵਿਕਾਰੀ ਸ਼ਰੇਣੀ ਦੇ ਸਬੰਧਕ ਹਨ। ਦੂਜੇ ਪਾਸੇ ‘ਨੇ, ਨੂੰ, ਤੋਂ, ਰਾਹੀਂ, ਲਈ, ਵਾਸਤੇ ਆਦਿ ਸਬੰਧਕਾਂ ਨੂੰ ਅਵਿਕਾਰੀ ਸਬੰਧਕਾਂ ਦੀ ਲਿਸਟ ਵਿਚ ਰੱਖਿਆ ਜਾਂਦਾ ਹੈ।
ਬਣਤਰ ਦੇ ਪੱਖ ਤੋਂ ਪੰਜਾਬੀ ਸਬੰਧਕਾਂ ਨੂੰ ਤਿੰਨ ਭਾਗਾਂ ਵਿਚ ਵੰਡਿਆ ਜਾਂਦਾ ਹੈ : ਮੂਲ ਸਬੰਧਕ, ਸੰਧੀ ਸਬੰਧਕ ਅਤੇ ਸੰਯੁਕਤ ਸਬੰਧਕ। ਮੂਲ ਸਬੰਧਕ : ਜਿਹੜੇ ਸਬੰਧਕ ਸ਼ਬਦ ਇਕ ਸ਼ਾਬਦਕ ਰੂਪ ਵਜੋਂ ਸੁਤੰਤਰ ਤੌਰ ’ਤੇ ਵਿਚਰਦੇ ਹਨ ਉਨ੍ਹਾਂ ਨੂੰ ਮੂਲ ਸਬੰਧਕ ਕਿਹਾ ਜਾਂਦਾ ਹੈ, ਜਿਵੇਂ : ‘ਨੇ, ਨੂੰ, ਤੋਂ, ਵਿਚ, ਅੰਦਰ, ਥੱਲੇ, ਕੋਲ, ਦਾ, ਨਾਲ, ਰਾਹੀਂ, ਦੁਆਰਾ, ਲਈ, ਵਾਸਤੇ’ ਆਦਿ ਸੁਤੰਤਰ ਜਾਂ ਮੂਲ ਸਬੰਧਕ ਹਨ। ਇਹ ਸਬੰਧਕ ਜਦੋਂ ਕਿਸੇ ਸ਼ਬਦ ਤੋਂ ਪਿਛੋਂ ਵਿਚਰਦੇ ਹਨ ਤਾਂ ਇਨ੍ਹਾਂ ਤੋਂ ਵਾਕਾਤਮਕ ਅਤੇ ਅਰਥਕ ਸਬੰਧਾਂ ਦਾ ਪਤਾ ਚਲਦਾ ਹੈ ਭਾਵ ਸਬੰਧਕ ਦੇ ਬਦਲ ਜਾਣ ਨਾਲ ਵਾਕੰਸ਼ ਦਾ ਕਾਰਜ ਬਦਲ ਜਾਂਦਾ ਹੈ, ਜਿਵੇਂ : ਮਾਲਕ ਨੇ ਨੌਕਰ ਨੂੰ ਮਾਰਿਆਮਾਲਕ ਨੂੰ ਨੌਕਰ ਨੇ ਮਾਰਿਆ। ਸੰਧੀ ਸਬੰਧਕ : ਜਦੋਂ ਦੋ ਸਬੰਧਕ ਸ਼ਬਦ ਇਕ ਸ਼ਾਬਦਕ ਰੂਪ ਵਿਚ ਵਿਚਰਦੇ ਵਾਕਾਤਮਕ ਕਾਰਜ ਨੂੰ ਸਕਾਰ ਕਰਦੇ ਹੋਣ ਇਸ ਪਰਕਾਰ ਦੀ ਸ਼ਾਬਦਕ ਬਣਤਰ ਨੂੰ ਸੰਧੀ ਸਬੰਧਕ ਕਿਹਾ ਜਾਂਦਾ ਹੈ। ਇਨ੍ਹਾਂ ਸਬੰਧਕਾਂ ਦੀ ਬਣਤਰ ਵਿਚ ਵਿਚਰਨ ਵਾਲੇ ਰੂਪ, ਸੁਤੰਤਰ+ਬੰਧੇਜੀ ਹੁੰਦੇ ਹਨ। ਇਨ੍ਹਾਂ ਦੀ ਸਿਰਜਨਾ ਬਹੁਤੀ ਵਾਰ ਅਧਿਕਰਨ ਅਤੇ ਅਪਾਦਾਨ ਸਬੰਧਕਾਂ ਦੇ ਸੁਮੇਲ ਤੋਂ ਹੁੰਦੀ ਹੈ। ਪਹਿਲਾ ਸੁਤੰਤਰ ਰੂਪ ਵਜੋਂ ਅਤੇ ਦੂਜਾ ਬੰਧੇਜੀ ਰੂਪ ਵਜੋਂ ਵਿਚਰਦੇ ਹਨ : ਅੰਦਰੋਂਅੰਦਰ+ਤੋਂ, ਨਾਲੋਂਨਾਲ+ਤੋਂ, ਵਿਚੋਂਵਿਚ+ਤੋਂ ਆਦਿ। ਇਸ ਪਰਕਾਰ ਦੇ ਸਬੰਧਕ ਵਾਕਾਤਮਕ ਜੁਗਤ ਵਿਚ, ਨਾਂਵ+ਸਬੰਧਕ, ਭਾਵ ਘਰ+ਵਿਚੋਂ ਅਨੁਸਾਰ ਵਿਚਰਦੇ ਹਨ। ਸਬੰਧਕ ਅਤੇ ਨਾਂਵ ਦੇ ਵਿਚਕਾਰ ‘ਦੇ’ ਸਤਹੀ\ਗਹਿਨ ਸੰਰਚਨਾ ਦੇ ਪੱਧਰ ’ਤੇ ਵਿਚਰਦੇ ਹਨ, ਜਿਵੇਂ : ਘਰ+ਦੇ+ਵਿਚ+ਤੋਂਘਰ ਵਿਚੋਂਘਰੋਂ, ਮਕਾਨ+ਦੇ+ਅੰਦਰ+ਤੋਂਮਕਾਨ ਅੰਦਰੋਂ\ਮਕਾਨ ਦੇ ਅੰਦਰੋਂਮਕਾਨੋਂ ਆਦਿ। ਸੰਯੁਕਤ ਸਬੰਧਕ : ਜਦੋਂ ਦੋ ਜਾਂ ਦੋ ਤੋਂ ਵੱਧ ਸਬੰਧਕ ਸ਼ਬਦ ਸੁਤੰਤਰ ਰੂਪ ਵਿਚ ਵਿਚਰ ਕੇ ਵਾਕਾਤਮਕ ਕਾਰਜ ਅਤੇ ਵਾਕਾਰਥਕ ਸਬੰਧਾਂ ਨੂੰ ਪਰਗਟ ਕਰਦੇ ਹੋਣ ਉਨ੍ਹਾਂ ਨੂੰ ਸੰਯੁਕਤ ਸਬੰਧਕ ਕਿਹਾ ਜਾਂਦਾ ਹੈ, ਜਿਵੇਂ : ਉਹ ਪਾਣੀ ਦੇ ਵਿਚ ਗਿਆ, ਉਹ ਪਾਣੀ ਦੇ ਵਿਚ ਦੀ ਲੰਘ ਗਿਆ।
ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 18152, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First