ਸਮਾਜਿਕ ਸਮੱਸਿਆਵਾਂ ਸਰੋਤ :
ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ
ਸਮਾਜਿਕ ਸਮੱਸਿਆਵਾਂ : ਸਮਕਾਲੀ ਸਮਾਜ ਗ਼ਰੀਬੀ, ਬੇਰੁਜ਼ਗਾਰੀ, ਅਪਰਾਧ ਅਤੇ ਜੰਗ ਦੀਆਂ ਮੁੱਖ ਸਮੱਸਿਆਵਾਂ ਦਾ ਸ਼ਿਕਾਰ ਹੈ। ਇਹ ਸਮੱਸਿਆਵਾਂ ਕੇਵਲ ਭਾਰਤ ਦੇਸ ਤੱਕ ਹੀ ਸੀਮਿਤ ਨਹੀਂ ਹਨ ਸਗੋਂ ਸਾਰੇ ਵਿਕਾਸਸ਼ੀਲ ਦੇਸਾਂ ਨੂੰ ਇਹਨਾਂ ਸਮੱਸਿਆਵਾਂ ਦਾ ਸਾਮ੍ਹਣਾ ਕਰਨਾ ਪੈ ਰਿਹਾ ਹੈ ਅਤੇ ਹਰ ਦੇਸ ਆਪਣੇ-ਆਪਣੇ ਢੰਗ ਨਾਲ ਇਹਨਾਂ ਦੇ ਸਮਾਧਾਨ ਲੱਭਣ ਦੇ ਯਤਨ ਕਰ ਰਿਹਾ ਹੈ।
ਗ਼ਰੀਬੀ : ਭਾਰਤ ਅਤੇ ਹੋਰ ਬਹੁਤ ਸਾਰੇ ਦੇਸਾਂ ਨੂੰ ਸਮੱਸਿਆ ਦਾ ਸਾਮ੍ਹਣਾ ਕਰਨਾ ਪੈ ਰਿਹਾ ਹੈ। ਗ਼ਰੀਬੀ ਦਾ ਅਰਥ ਅਜਿਹੀ ਸਥਿਤੀ ਤੋਂ ਹੈ, ਜਿਸ ਵਿੱਚ ਕੋਈ ਵਿਅਕਤੀ ਆਪਣੀ ਨਾਕਾਫ਼ੀ ਆਮਦਨ ਜਾਂ ਫ਼ਜ਼ੂਲ ਖ਼ਰਚਾਂ ਕਾਰਨ ਉਸ ਪ੍ਰਕਾਰ ਦਾ ਜੀਵਨ ਨਹੀਂ ਬਿਤਾ ਸਕਦਾ, ਜਿਸ ਨਾਲ ਉਹ ਉਸ ਸਮਾਜ ਦੇ ਮਿਆਰਾਂ ਅਨੁਸਾਰ ਆਮ ਕਰਕੇ ਆਪਣਾ ਅਤੇ ਆਪਣੇ ਆਸ਼ਰਿਤਾਂ ਦਾ ਨਿਰਵਾਹ ਕਰ ਸਕੇ, ਜਿਸ ਸਮਾਜ ਦਾ ਕਿ ਉਹ ਮੈਂਬਰ ਹੈ। ਜਦੋਂ ਕੋਈ ਵਿਅਕਤੀ ਉਚਿਤ ਖਾਧ-ਖ਼ੁਰਾਕ ਅਤੇ ਜੀਵਨ ਦੀਆਂ ਲੋੜਾਂ ਪ੍ਰਾਪਤ ਕਰਨ ਦੇ ਯੋਗ ਨਹੀਂ ਹੁੰਦਾ ਤਾਂ ਉਹ ਗ਼ਰੀਬ ਅਖਵਾਉਂਦਾ ਹੈ। ਸਮਾਜ ਵਿੱਚ ਅਮੀਰ ਅਤੇ ਗ਼ਰੀਬ ਸਦਾ ਹੀ ਰਹੇ ਹਨ, ਪਰੰਤੂ ਵਟਾਂਦਰਾ ਪ੍ਰਨਾਲੀ ਅਤੇ ਮੁੱਲਾਂ ਦੇ ਪੈਮਾਨੇ ਹੋਂਦ ਵਿੱਚ ਆਉਣ ਤੱਕ ਗ਼ਰੀਬੀ ਕੋਈ ਮਹੱਤਵਪੂਰਨ ਸਮੱਸਿਆ ਨਹੀਂ ਸੀ। ਜਦੋਂ ਵਪਾਰ ਵਿੱਚ ਵਾਧਾ ਹੋਇਆ ਤਾਂ ਕਈ ਲੋਕ ਧਨ ਜੋੜਨ ਲੱਗ ਪਏ, ਜਿਸ ਨਾਲ ਧਨ ਦੀ ਅਸਮਾਨ ਵੰਡ ਹੋ ਗਈ। ਉਹ ਆਪ ਤਾਂ ਐਸ਼-ਪ੍ਰਸਤੀ ਦਾ ਜੀਵਨ ਬਿਤਾਉਣ ਲੱਗ ਪਏ ਅਤੇ ਆਮ ਲੋਕ ਜੀਵਨ ਦੇ ਸਧਾਰਨ ਅਰਾਮਾਂ ਤੋਂ ਵੀ ਵੰਚਿਤ ਹੋ ਗਏ। ਸਮਾਜ ਦੇ ਮੈਂਬਰ ਆਰਥਿਕ ਰੁਤਬੇ ਦੇ ਪੱਖੋਂ ਆਪਣੇ ਅੰਤਰ ਦੀ ਤੁਲਨਾ ਕਰਨ ਲੱਗ ਪਏ ਅਤੇ ਜੀਵਨ ਮਿਆਰ ਅਨੁਸਾਰ ਆਪਣੇ ਆਪ ਨੂੰ ਗ਼ਰੀਬ ਜਾਂ ਅਮੀਰ ਸਮਝਣ ਲੱਗ ਪਏ। ਗ਼ਰੀਬੀ ਦਾ ਮੁੱਖ ਕਾਰਨ ਭੌਂ ਤੇ ਵਿਅਕਤੀ ਦੀ ਨਿੱਜੀ ਮਾਲਕੀ ਅਤੇ ਇਜ਼ਾਰੇਦਾਰੀ ਹੈ। ਵਿਅਕਤੀ ਦੀ ਵਿਰਾਸਤ, ਵਾਤਾਵਰਨ ਉਸਦੇ ਘੱਟ ਪ੍ਰਾਕ੍ਰਿਤਿਕ ਸਾਧਨ, ਜਲ-ਵਾਯੂ, ਮੌਸਮ ਅਤੇ ਮਹਾਂਮਾਰੀਆਂ ਵੀ ਗ਼ਰੀਬੀ ਦਾ ਕਾਰਨ ਹਨ। ਧਨ ਅਤੇ ਆਮਦਨ ਦੀ ਗ਼ਲਤ ਵੰਡ ਵੀ ਇਸ ਦਾ ਮੁੱਖ ਕਾਰਨ ਹੈ।
ਆਰਥਿਕ ਵਿਕਾਸ ਤੋਂ ਬਿਨਾਂ ਗ਼ਰੀਬਾਂ ਦੀ ਹਾਲਤ ਵਿੱਚ ਸੁਧਾਰ ਨਹੀਂ ਲਿਆਂਦਾ ਜਾ ਸਕਦਾ। ਭਾਰੀ ਆਰਥਿਕ ਸੁਧਾਰਾਂ ਦੀ ਸਖ਼ਤ ਜ਼ਰੂਰਤ ਹੈ। ਇਹਨਾਂ ਤੋਂ ਬਿਨਾਂ ਗ਼ਰੀਬੀ ਨੂੰ ਦੂਰ ਨਹੀਂ ਕੀਤਾ ਜਾ ਸਕਦਾ।
ਬੇਰੁਜ਼ਗਾਰੀ : ਗ਼ਰੀਬੀ ਦੀ ਸਮੱਸਿਆ ਨਾਲ ਬੇਰੁਜ਼ਗਾਰੀ ਦੀ ਸਮੱਸਿਆ ਵੀ ਜੁੜੀ ਹੋਈ ਹੈ ਕਿਉਂਕਿ ਜਦੋਂ ਲੋਕ ਵਿਹਲੇ ਰਹਿੰਦੇ ਹਨ ਤਾਂ ਉਹ ਗ਼ਰੀਬ ਹੋ ਜਾਂਦੇ ਹਨ। ਜੇ ਲੋੜਾਂ ਨੂੰ ਪੂਰਾ ਕਰਨਾ ਹੈ ਤਾਂ ਮਨੁੱਖਾਂ ਨੂੰ ਕੋਈ ਨਾ ਕੋਈ ਕੰਮ ਅਵੱਸ਼ ਕਰਨਾ ਚਾਹੀਦਾ ਹੈ। ਬੇਰੁਜ਼ਗਾਰੀ ਨਾ ਕੇਵਲ ਦੁੱਖ ਅਤੇ ਮਾਨਸਿਕ ਕਸ਼ਟ ਪੈਦਾ ਕਰਦੀ ਹੈ ਸਗੋਂ ਸਮਾਜਿਕ ਸੰਗਠਨ ਨੂੰ ਵੀ ਪ੍ਰਭਾਵਿਤ ਕਰਦੀ ਹੈ।
ਭਾਵੇਂ ਬੇਰੁਜ਼ਗਾਰੀ ਸਰਬ-ਵਿਆਪੀ ਹੈ, ਪਰੰਤੂ ਇਹ ਭਾਰਤ ਵਿੱਚ ਬਹੁਤ ਹੀ ਜ਼ਿਆਦਾ ਹੈ। ਅਰਥ-ਵਿਗਿਆਨੀਆਂ ਨੇ ਬੇਰੁਜ਼ਗਾਰੀ ਅਤੇ ਇਸ ਦੀਆਂ ਸੰਚਿਤ ਪ੍ਰਵਿਰਤੀਆਂ ਤੇ ਚਾਨਣਾ ਪਾਇਆ ਹੈ, ਪਰੰਤੂ ਬੇਰੁਜ਼ਗਾਰੀ ਦਾ ਵੱਡਾ ਕਾਰਨ ਵਪਾਰਿਕ ਮੰਦੀ ਹੈ ਅਤੇ ਇਹ ਖ਼ਰੀਦ ਸ਼ਕਤੀ ਨਾਲੋਂ ਉਤਪਾਦਨ ਦੇ ਤੇਜ਼ੀ ਨਾਲ ਵਧਣ ਕਾਰਨ ਹੁੰਦੀ ਹੈ। ਇਸ ਤੋਂ ਇਲਾਵਾ ਬੇਰੁਜ਼ਗਾਰੀ ਵਪਾਰਿਕ ਸਥਿਤੀਆਂ ਵਿੱਚ ਪਰਿਵਰਤਨ ਕਾਰਨ ਵੀ ਆਉਂਦੀ ਹੈ, ਜੋ ਅਬਾਦੀ ਵਿੱਚ ਪਰਿਵਰਤਨ ਨਾਲੋਂ ਅਧਿਕ ਛੇਤੀ ਹੋਂਦ ਵਿੱਚ ਆਉਂਦੀਆਂ ਹਨ।
ਭਾਰਤ ਵਿੱਚ ਪੜ੍ਹੇ ਲਿਖੇ ਲੋਕਾਂ ਵਿੱਚ ਬੇਰੁਜ਼ਗਾਰੀ ਦੀ ਸਮੱਸਿਆ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ। ਬੇਰੁਜ਼ਗਾਰੀ ਸਮਾਜਿਕ ਵਿਘਟਨ ਦਾ ਮੁੱਖ ਕਾਰਨ ਹੈ। ਭਾਰਤੀ ਸਮਾਜ ਦਾ ਸੰਕਟ ਅਧਿਕ ਕਰਕੇ ਲੱਖਾਂ ਲੋਕਾਂ ਲਈ ਉਚਿਤ ਨੌਕਰੀਆਂ ਦੀ ਭਾਲ ਹੈ ਜੋ ਬਿਨਾਂ ਉਦੇਸ਼ ਸੰਸਥਾਵਾਂ ਪ੍ਰਵੇਸ਼ ਕਰਦੇ ਹਨ ਅਤੇ ਇਹਨਾਂ ਤੋਂ ਬਾਹਰ ਆ ਕੇ ਕੇਵਲ ਨਿਰਾਸ਼ਾ ਹੀ ਉਹਨਾਂ ਦੇ ਹੱਥ ਲਗਦੀ ਹੈ। ਜਦੋਂ ਤੱਕ ਰੁਜ਼ਗਾਰ ਦੇ ਅਵਸਰਾਂ ਵਿੱਚ ਵਾਧਾ ਨਹੀਂ ਹੁੰਦਾ, ਓਦੋਂ ਤੱਕ ਗ਼ਰੀਬੀ ਨੂੰ ਦੂਰ ਨਹੀਂ ਕੀਤਾ ਜਾ ਸਕਦਾ।
ਅਪਰਾਧ : ਅਪਰਾਧ ਇੱਕ ਅਜਿਹੀ ਸਮਾਜਿਕ ਸਮੱਸਿਆ ਹੈ, ਜਿਸਦਾ ਹਰ ਸਮਾਜ ਨੂੰ ਸਾਮ੍ਹਣਾ ਕਰਨਾ ਪੈਂਦਾ ਹੈ। ਅਪਰਾਧ ਦੇਸ ਦੇ ਕਨੂੰਨ ਦੁਆਰਾ ਵਰਜਿਤ ਕਿਰਿਆ ਨੂੰ ਕਰਨਾ ਹੈ। ਅਪਰਾਧ ਕਰਨ ਦੇ ਨਤੀਜੇ ਵਜੋਂ ਨਿਸ਼ਚਿਤ ਦੰਡ ਵੀ ਦਿੱਤਾ ਜਾਂਦਾ ਹੈ। ਅਪਰਾਧ ਨੂੰ ਆਧੁਨਿਕ ਸੱਭਿਅਤਾ ਅਤੇ ਪ੍ਰਗਤੀਸ਼ੀਲ ਸਮਾਜਾਂ ਦੀ ਮੁੱਖ ਸਮਾਜਿਕ ਸਮੱਸਿਆ ਦੱਸਿਆ ਗਿਆ ਹੈ। ਆਧੁਨਿਕ ਸਮਾਜਾਂ ਵਿੱਚ ਵੱਖ-ਵੱਖ ਨਸਲੀ ਅਤੇ ਸੱਭਿਆਚਾਰਿਕ ਪਿਛੋਕੜ ਦੀ ਅਬਾਦੀ ਹੈ, ਜਿਸਦੇ ਵੱਖ-ਵੱਖ ਪ੍ਰਤਿਮਾਨ ਹੁੰਦੇ ਹਨ ਤੇ ਜਿਨ੍ਹਾਂ ਦਾ ਆਪਸ ਵਿੱਚ ਟਕਰਾਓ ਹੋ ਜਾਂਦਾ ਹੈ। ਸਮਾਜਾਂ ਦਾ ਆਪਣੇ ਮੈਂਬਰਾਂ ਦੇ ਵਿਹਾਰ ਤੇ ਸੀਮਿਤ ਨਿਯੰਤਰਨ ਹੁੰਦਾ ਹੈ। ਇਸ ਕਰਕੇ ਆਧੁਨਿਕ ਸਮਾਜ ਦੀਆਂ ਹੋਰ ਬਹੁਤ ਸਾਰੀਆਂ ਸਮਾਜਿਕ ਸਮੱਸਿਆਵਾਂ ਵਾਂਗ ਅਪਰਾਧ ਵੀ ਇੱਕ ਮੁੱਲ ਹੈ, ਜੋ ਅਸੀਂ ਸੱਭਿਅਤਾ ਦੇ ਲਾਭਾਂ ਲਈ ਚੁਕਾਉਣਾ ਹੈ। ਅਪਰਾਧ ਜੀਵ-ਵਿਗਿਆਨ, ਮਨੋਵਿਗਿਆਨਿਕ, ਸਮਾਜਿਕ ਅਤੇ ਆਰਥਿਕ ਕਾਰਨਾਂ ਕਰਕੇ ਕੀਤੇ ਜਾਂਦੇ ਹਨ। ਅਪਰਾਧਾਂ ਨੂੰ ਰੋਕਣ ਲਈ ਹਰ ਦੇਸ ਵਿੱਚ ਕਈ ਕਨੂੰਨ ਬਣਾਏ ਗਏ ਹਨ, ਪਰੰਤੂ ਇਹਨਾਂ ਤੇ ਅਜੇ ਵੀ ਕਾਬੂ ਨਹੀਂ ਪਾਇਆ ਜਾ ਸਕਿਆ ਕਿਉਂਕਿ ਮਨੁੱਖ ਦੀ ਮਨੋਵਿਰਤੀ ਨੂੰ ਕੰਟ੍ਰੋਲ ਅਧੀਨ ਲਿਆਉਣਾ ਅਸੰਭਵ ਨਾ ਸਹੀ, ਬਹੁਤ ਮੁਸ਼ਕਲ ਜ਼ਰੂਰ ਹੈ।
ਜੰਗ : ਜੰਗ ਦੀ ਸਮੱਸਿਆ ਸੰਭਵ ਤੌਰ ’ਤੇ ਅੱਜ ਦੇ ਸਮਾਜ ਲਈ ਗੰਭੀਰ ਖ਼ਤਰਾ ਏ। ਪਿਛਲੇ ਸਮੇਂ ਵਿੱਚ ਦੋ ਵਿਸ਼ਵ ਯੁੱਧਾਂ ਨੇ ਜੋ ਤਬਾਹੀ ਮਚਾਈ ਹੈ, ਉਸ ਨੂੰ ਵਰਣਨ ਨਹੀਂ ਕੀਤਾ ਜਾ ਸਕਦਾ। ਤੀਜੇ ਵਿਸ਼ਵ ਯੁੱਧ ਦੇ ਬੱਦਲ ਆਸਮਾਨ ਵਿੱਚ ਮੰਡਰਾ ਰਹੇ ਹਨ ਅਤੇ ਸਾਰੇ ਰਾਸ਼ਟਰ ਵਿੱਚ ਇਸ ਨੂੰ ਰੋਕਣ ਲਈ ਪ੍ਰਯਤਨਸ਼ੀਲ ਹਨ।
ਜੰਗ ਹੋਣ ਦੇ ਦੋ ਮੁੱਖ ਕਾਰਨ ਹਨ : ਆਰਥਿਕ ਅਤੇ ਮਨੋਵਿਗਿਆਨਿਕ। ਪਹਿਲਾ ਆਰਥਿਕ ਹਿਤਾਂ ਦੇ ਪਰਸਪਰ ਵਿਵਾਦ ਦਾ ਨਤੀਜਾ ਹੁੰਦਾ ਹੈ ਅਤੇ ਦੂਜਾ ਹੈ, ਮਨੁੱਖੀ ਸੁਭਾਅ। ਇਹਨਾਂ ਤੋਂ ਇਲਾਵਾ ਤਾਕਤ ਅਤੇ ਸ਼ਾਨ ਦਾ ਨਸ਼ਾ, ਆਪਣੇ ਸਮਾਜ ਵਿੱਚ ਵਿਅਕਤੀ ਦੀ ਪ੍ਰਤਿਸ਼ਠਾ, ਅਸੁਰੱਖਿਆ ਦੀ ਭਾਵਨਾ, ਪਹਿਲੀਆਂ ਜੰਗਾਂ ਦੁਆਰਾ ਆਪਣੇ ਪਿੱਛੇ ਪੈਦਾ ਕੀਤਾ ਰੋਗ ਅਤੇ ਲੋਕਾਂ ਦੀ ਇਸ ਰਾਹ ਨੂੰ ਅਪਣਾਉਣ ਦੀ ਪ੍ਰਵਿਰਤੀ ਦੇ ਕੁਝ ਹੋਰ ਕਾਰਨ ਹਨ।
ਪਰੰਤੂ ਅੱਜ-ਕੱਲ੍ਹ ਦੀ ਜੰਗ ਏਨੀ ਮਹਿੰਗੀ ਹੈ ਕਿ ਗ਼ਰੀਬ ਦੇਸ ਇਸ ਬਾਰੇ ਸੋਚ ਵੀ ਨਹੀਂ ਸਕਦੇ, ਪਰੰਤੂ ਜਦੋਂ ਹਾਲਾਤ ਮਜ਼ਬੂਰ ਕਰ ਦਿੰਦੇ ਹਨ ਤਾਂ ਉਹਨਾਂ ਨੂੰ ਵੀ ਇਸ ਸਮੱਸਿਆ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਅੱਜ-ਕੱਲ੍ਹ ਦੇ ਨਿਊਕਲੀ ਹਥਿਆਰ ਏਨੇ ਤਬਾਹਕੁੰਨ ਹਨ ਕਿ ਉਹ ਸੈਕਿੰਡਾਂ ਵਿੱਚ ਲੱਖਾਂ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਸਕਦੇ ਹਨ। ਅਰਬਾਂ ਦੀਆਂ ਸੰਪਤੀਆਂ ਨਸ਼ਟ ਹੋ ਜਾਂਦੀਆਂ ਹਨ। ਵਿਸ਼ਵ ਯੁੱਧ ਵਿੱਚ ਤਾਂ ਸਾਰੀ ਦੁਨੀਆ ਨੂੰ ਤਬਾਹੀ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਪਰੰਤੂ ਇਸ ਤੋਂ ਇਲਾਵਾ ਦੋ ਦੇਸਾਂ ਵਿੱਚ ਵੀ ਕਈ ਵਾਰ ਜੰਗਾਂ ਹੋ ਜਾਂਦੀਆਂ ਹਨ। ਜੰਗਾਂ ਨੂੰ ਰੋਕਣ ਲਈ ਸੰਬੰਧਿਤ ਦੇਸਾਂ ਨੂੰ ਆਪਸ ਵਿੱਚ ਬੈਠ ਕੇ ਝਗੜਿਆਂ ਨੂੰ ਨਿਪਟਾ ਲੈਣਾ ਚਾਹੀਦਾ ਹੈ ਤਾਂ ਜੋ ਮਨੁੱਖਤਾ ਨੂੰ ਤਾਂ ਇਸ ਦੇ ਨੁਕਸਾਨਾਂ ਤੋਂ ਛੁਟਕਾਰਾ ਮਿਲ ਸਕੇ।
ਲੇਖਕ : ਡੀ.ਆਰ.ਸਚਦੇਵਾ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ , ਹੁਣ ਤੱਕ ਵੇਖਿਆ ਗਿਆ : 7814, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2019-03-18-03-44-37, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First