ਸਮਾਜਿਕ ਸੁਰੱਖਿਆ ਸਰੋਤ :
ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Social Security ਸਮਾਜਿਕ ਸੁਰੱਖਿਆ: ਸਮਾਜਿਕ ਸੁਰੱਖਿਆ ਇਕ ਗਤੀਸ਼ੀਲ ਧਾਰਨਾ ਹੈ ਜਿਸ ਦੀਆਂ ਵੱਖ-ਵੱਖ ਪਰਿਭਾਸ਼ਾਵਾਂ ਕੀਤੀਆਂ ਜਾਂਦੀਆਂ ਹਨ ਅਤੇ ਇਸ ਦੀਆਂ ਇਹ ਪਰਿਭਾਸ਼ਾਵਾਂ ਸਭਿਆਚਾਰ , ਪਰੰਪਰਾਵਾਂ , ਆਦਰਸ਼ਾਂ, ਮਾਨਵੀ ਮੁੱਲਾਂ , ਸਮਾਜਿਕ ਕਾਨੂੰਨਾਂ, ਉਦਯੋਗੀਕਰਣ ਦੇ ਖ਼ੇਤਰ ਵਿਚ ਆਰਥਿਕ ਵਿਕਾਸ ਦੀ ਸਟੇਜ, ਆਬਾਦੀ ਦੇ ਆਕਾਰ ਅਤੇ ਦੇਸ਼ ਦੇ ਲੋਕਾਂ ਨੂੰ ਉਪਲੱਭਧ ਕਰਾਏ ਜਾਣ ਵਾਲੇ ਲਾਭਾਂ ਦੇ ਖ਼ਰਚਾਂ ਨੂੰ ਪੂਰਾ ਕਰਨ ਲਈ ਵਿੱਤੀ ਸਾਧਨਾਂ ਦੇ ਪੱਖੋਂ ਸਮਰੱਥਾ ਤੇ ਨਿਰਭਰ ਕਰਦੀਆਂ ਹਨ। ਇਸ ਕਰਕੇ ਸਮਾਜਿਕ ਸੁਰੱਖਿਆ ਨੂੰ ਵੱਖ-ਵੱਖ ਦੇਸ਼ਾਂ ਵਿਚ ਵੱਖ-ਵੱਖ ਰੂਪ ਵਿਚ ਸਮਝਿਆ ਜਾਂਦਾ ਹੈ। ਕਈ ਦੇਸ਼ਾਂ ਵਿਚ ਇਸ ਨੂੰ ਆਮਦਨ ਨੂੰ ਬਣਾਈ ਰੱਖਣ ਲਈ ਸਾਰੇ ਸਰਕਾਰੀ ਪ੍ਰੋਗਰਾਮਾਂ ਲਈ ਵਰਤਿਆ ਜਾਂਦਾ ਹੈ ਅਤੇ ਕਈ ਹੋਰ ਦੇਸ਼ਾਂ ਵਿਚ ਇਹ ਮੁੱਖ ਰੁਪ ਵਿਚ ਸਮਾਜਿਕ ਬੀਮਾ ਪ੍ਰੋਗਰਾਮਾਂ ਤੇ ਲਾਗੂ ਹੁੰਦੀ ਹੈ। ਸਮਾਜਿਕ ਸੁਰੱਖਿਆ ਵਾਕਾਂਸ਼ ਨੂੰ ਸਭ ਤੋਂ ਪਹਿਲਾਂ ਸੰਯੁਕਤ ਰਾਜ ਵਿਚ ਵਰਤਿਆ ਗਿਆ ਅਤੇ ਸਮਾਜਿਕ ਸੁਰੱਖਿਆ ਐਕਟ, 1935 ਦੇ ਬਣਨ ਨਾਲ ਇਹ ਵਾਕਾਂਸ਼ ਆਮ ਵਰਤਿਆ ਜਾਣ ਲੱਗ ਪਿਆ।
ਵਿਸ਼ੇਸ਼ ਰੂਪ ਵਿਚ ਸਮਾਜਿਕ ਸੁਰੱਖਿਆ ਉਹਨਾਂ ਲੋਕਾਂ ਲਈ ਸਰਕਾਰੀ ਸੁਰੱਖਿਆ ਹੈ ਜੋ ਅਪੰਗਤਾ, ਬੁਢਾਪੇ, ਬੇਰੋਜ਼ਗਾਰੀ , ਪਰਿਵਾਰ ਦੇ ਮੁੱਖੀ ਦੀ ਮ੍ਰਿਤੂ ਅਤੇ ਆਪਣੇ ਕੰਟਰੋਲ ਤੋਂ ਬਾਹਰ ਦੇ ਹਾਲਾਤ ਕਾਰਨ ਆਪਣੀ ਆਮਦਨ ਦੇ ਵਸੀਲੇ ਗੁਆ ਬੈਠਦੇ ਹਨ। ਇਸ ਪ੍ਰਕਾਰ ਸਮਾਜਿਕ ਸੁਰੱਖਿਆ ਮੂਲ ਜੀਵਨ ਮਿਆਰਾਂ ਨੂੰ ਬਣਾਈ ਰੱਖਣ ਲਈ, ਸੁਰੱਖਿਅਤ ਮਾਣ ਲਈ ਅਤੇ ਇਹਨਾਂ ਨੂੰ ਉੱਪਰ ਚੁੱਕਣ ਲਈ ਸਰਕਾਰੀ ਪ੍ਰੋਗਰਾਮਾਂ ਨੂੰ ਦਰਸਾਉਂਦੀ ਹੈ। ਵਿਸ਼ੇਸ਼ ਰੂਪ ਵਿਚ ਇਸ ਵਿਚ ਸਰਕਾਰ ਦੀ ਵਿੱਤੀ ਸਹਾਇਤਾ ਨਾਲ ਚੱਲਦੇ ਅਤੇ ਸਰਕਾਰ ਦੁਆਰਾ ਪ੍ਰਸ਼ਾਸਿਤ ਪ੍ਰੋਗਰਾਮ ਹੀ ਸ਼ਾਮਿਲ ਹੁੰਦੇ ਹਨ ਜੋ ਗਰਭ, ਬੀਮਾਰੀ , ਦੁਰਘਟਨਾ, ਅਪੰਗਤਾ, ਪਰਿਵਾਰ ਦੇ ਮੁੱਖੀ ਦੀ ਮ੍ਰਿਤੂ, ਬੇਰੋਜ਼ਗਾਰੀ, ਬੁਢਾਪੇ ਜਾਂ ਰਿਟਾਇਰਮੈ਼ਟ ਅਤੇ ਹੋਰ ਕਾਰਨਾਂ ਕਰਕੇ ਖ਼ਤਮ ਹੋਈ ਆਮਦਨ ਦੀ ਪੂਰਤੀ ਕਰਨ ਲਈ ਚਲਾਏ ਜਾਂਦੇ ਹਨ।
ਸਰ ਵਿਲੀਅਮ ਬੀਰਿਜ ਨੇ ਇਸ ਨੂੰ ਦੈਂਤਾਂ ਅਰਥਾਤ ਲੋੜ , ਰੋਗ , ਅਗਿਆਨਤਾ, ਗੰਦਗੀ ਅਤੇ ਬੀਮਾਰੀ ਤੇ ਹਮਲੇ ਦੇ ਰੂਪ ਵਿਚ ਪਰਿਭਾਸ਼ਤ ਕੀਤਾ ਹੈ। ਸਮਾਜਿਕ ਸੁਰੱਖਿਆ ਤੋਂ ਸਾਡਾ ਭਾਵ ਸਮਾਜ ਦੁਆਰਾ ਬੀਮਾਰੀ, ਬੇਰੋਜ਼ਗਾਰੀ, ਬੁਢਾਪੇ, ਉਦਯੋਗਿਕ ਦੁਰਘਟਨਾ ਅਤੇ ਅਪੰਗਤਾ ਆਦਿ ਜਿਹੀਆਂ ਜੀਵਨ ਦੀਆਂ ਆਕਸਨਿਕ ਘਟਨਾਵਾਂ ਦੇ ਵਿਰੁੱਧ ਉਪਬੰਧਤ ਸੁਰੱਖਿਆ ਪ੍ਰੋਗਰਾਮਾਂ ਤੋਂ ਹੈ। ਅੰਤਰ-ਰਾਸ਼ਟਰੀ ਕਿਰਤ ਸੰਗਠਨ ਅਨੁਸਾਰ ਸਮਾਜਿਕ ਸੁਰੱਖਿਆ ਉਹ ਸੁਰੱਖਿਆ ਹੈ ਜੋ ਸਮਾਜ ਆਪਣੇ ਮੈਂਬਰਾਂ ਨੂੰ ਹੋਣ ਵਾਲੇ ਕੁਝ ਜ਼ੋਖਮਾਂ ਲਈ ਉਚਿਤ ਸੰਗਠਨਾਂ ਰਾਹੀਂ ਪ੍ਰਦਾਨ ਕਰਦਾ ਹੈ।
ਭਾਵੇਂ ਸਮਾਜਿਕ ਸੁਰੱਖਿਆ ਪ੍ਰੋਗਰਾਮ ਹਰ ਦੇਸ਼ ਵਿਚ ਵੱਖ-ਵੱਖ ਪ੍ਰਕਾਰ ਦੇ ਹੰਦੇ ਹਨ, ਪਰੰਤੂ ਫਿਰ ਵੀ ਉਹਨਾਂ ਦੀਆਂ ਕੁਝ ਵਿਸ਼ੇਸ਼ਤਾਈਆਂ ਇਕ ਸਮਾਨ ਹਨ ਅਰਥਾਤ
(ੳ) ਇਹ ਕਾਨੂੰਨ ਦੁਆਰਾ ਸਥਾਪਿਤ ਕੀਤੇ ਜਾਂਦੇ ਹਨ।
(ਅ) ਇਹ ਉਹਨਾਂ ਵਿਅਕਤੀਆਂ ਨੂੰ ਜੋ ਬੁਢਾਪੇ, ਅਪੰਗਤਾ ਅਤੇ ਮ੍ਰਿਤੂ, ਬੀਮਾਰੀ, ਪ੍ਰਸੂਤ, ਸੱਟ ਜਾਂ ਬੇਰੋਜ਼ਗਾਰੀ ਕਾਰਨ ਆਪਣੀ ਆਮਦਨ ਗੁਆ ਬੈਠਦੇ ਹਨ, ਦਾ ਘੱਟੋ-ਘੱਟ ਕੁਝ ਭਾਗ ਮੁਆਵਜ਼ੇ ਵਜੋਂ ਨਕਦੀ ਦੇ ਰੂਪ ਵਿਚ ਪ੍ਰਦਾਨ ਕਰਦੇ ਹਨ। ਅਜਿਹੇ ਪ੍ਰੋਗਰਾਮ ਜੋ ਪਰਿਵਾਰਾਂ ਨੂੰ ਬੱਚਿਆਂ ਦੀ ਦੇਖਭਾਲ ਲਈ ਨਿਯਮਿਤ ਭੱਤੇ ਪ੍ਰਦਾਨ ਕਰਦੇ ਹਨ, ਸਮਾਜਿਕ ਸੁਰੱਖਿਆ ਦਾ ਭਾਗ ਸਮਝੇ ਜਾਂਦੇ ਹਨ। ਇਸੇ ਤਰ੍ਹਾਂ ਡਾਕਟਰੀ ਦੇਖਭਾਲ ਜਾਂ ਡਾਕਟਰੀ ਦੇਖਭਾਲ ਲਈ ਵਿੱਤ ਪ੍ਰਦਾਨ ਕਰਨਾ ਜਿਹੇ ਪ੍ਰੋਗਰਾਮਾਂ ਵਿਚ ਸਮਾਜਿਕ ਸੁਰੱਖਿਆ ਹੀ ਹਨ।
(ੲ) ਲਾਭ ਜਾਂ ਸੇਵਾਵਾਂ ਤਿੰਨ ਮੁੱਖ ਢੰਗਾਂ ਨਾਲ ਪ੍ਰਦਾਨ ਕੀਤੇ ਜਾਂਦੇ ਹਨ-ਸਮਾਜਿਕ ਬੀਮਾ , ਸਮਾਜਿਕ ਸਹਾਇਤਾ ਅਤੇ ਸਰਕਾਰੀ ਸਹਾਇਤਾ।
ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1308, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First