ਸਮਾਜ ਵਿਗਿਆਨ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ

ਸਮਾਜ ਵਿਗਿਆਨ (Sociology) : ਆਧੁਨਿਕ ਸਮਾਜ ਵਿਗਿਆਨਾਂ ਦੀ ਲੜੀ ਵਿਚ ਸਮਾਜ ਵਿਗਿਆਨ ਸਭ ਤੋਂ ਨਵਾਂ ਵਿਸ਼ਾ ਹੈ ਪਰ ਇਸ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹਨ। ਸਮਾਜ ਦੇ ਸਬੰਧ ਵਿਚ ਮਨੁੱਖ ਹਮੇਸ਼ਾਂ ਵਿਚਾਰ ਕਰਦਾ ਆਇਆ ਹੈ ਪਰ ਵਿਗਿਆਨ ਦੀ ਵਿਸ਼ੇਸ਼ ਸ਼ਾਖ਼ਾ ਦੇ ਰੂਪ ਵਿਚ ਸਮਾਜ ਵਿਗਿਆਨ ਦੀ ਹੋਂਦ ਕੇਵਲ ਉਨ੍ਹੀਵੀਂ ਸਦੀ ਦੇ ਕ੍ਰਾਂਤੀਕਾਰੀ ਆਰਥਕ, ਸਮਾਜਕ ਅਤੇ ਰਾਜਨੀਤਕ ਪਰਿਵਰਤਨਾਂ ਕਰਕੇ ਹੀ ਸੰਭਵ ਹੋ ਸਕੀ ਹੈ। ਜਦੋਂ ਪ੍ਰਾਕ੍ਰਿਤਕ ਵਿਗਿਆਨ, ਵਿਸ਼ੇਸ਼ ਕਰਕੇ ਜੀਵ ਵਿਗਿਆਨ ਦਾ ਪ੍ਰਭਾਵ ਕਾਫ਼ੀ ਵੱਧ ਗਿਆ ਅਤੇ ਸਮਾਜ-ਦਰਸ਼ਨ, ਰਾਜ-ਦਰਸ਼ਨ, ਇਤਿਹਾਸ-ਦਰਸ਼ਨ ਦੇ ਖੇਤਰ ਵਿਚ ਨਵੀਆਂ ਦਿਸ਼ਾਵਾਂ ਖੋਜੀਆਂ ਜਾਣ ਲਗੀਆਂ। ਇਨ੍ਹਾਂ ਸਾਰੀਆਂ ਸ਼ਕਤੀਆਂ ਨੇ ਮਿਲ ਕੇ ਸਮਾਜ ਸ਼ਾਸਤਰ ਦੇ ਵਿਕਾਸ ਲਈ ਅਨੁਕੂਲ ਭੂਮੀ ਤਿਆਰ ਕੀਤੀ ਅਤੇ ਇਸ ਭੂਮੀ ਵਿਚ ਆਧੁਨਿਕ ਸਮਾਜ ਸ਼ਾਸਤਕ ਦੇ ਪੌਦੇ ਨੂੰ ਵਿਧੀ ਪੂਰਵਕ ਲਗਾਉਣ ਦਾ ਮਾਣ ਫਰਾਂਸ ਦੇ ਪ੍ਰਸਿੱਧ ਵਿਚਾਰਕ ਆਗਸਟ ਕਾਂਟ (1789––1857) ਨੂੰ ਮਿਲਿਆ। ਇਸ ਨੇ ਵਿਗਿਆਨਾਂ ਦੀ ਲੜੀ ਵਿਚ ਸਮਾਜ ਵਿਗਿਆਨ ਨੂੰ ਸਰਵ-ਉੱਚ ਸਥਾਨ ਪ੍ਰਦਾਨ ਕੀਤਾ। ਅੱਜ ਸਮਾਜ ਵਿਗਿਆਨ ਅਤਿਅੰਤ ਵਿਆਪਕ ਅਤੇ ਪ੍ਰਭਾਵਸ਼ਾਲੀ ਵਿਗਿਆਨ ਦੇ ਰੂਪ ਵਿਚ ਵਿਕਸਤ ਹੋ ਰਿਹਾ ਹੈ। ਸਮਾਜ ਸ਼ਾਸਤਰ ਦੀ ਨੀਂਹ ਮੁਖ ਤੌਰ ਤੇ ਫਰਾਂਸ, ਜਰਮਨੀ ਅਤੇ ਇੰਗਲੈਂਡ ਵਿਚ ਰੱਖੀ ਗਈ, ਪਰ ਵੀਹਵੀਂ ਸਦੀ ਦੇ ਦੂਜੇ ਜਾਂ ਤੀਜੇ ਦਹਾਕੇ ਵਿਚ ਅਮਰੀਕਾ ਵਿਚ ਵੀ ਇਸਦਾ ਤੇਜ਼ੀ ਨਾਲ ਵਿਕਾਸ ਹੋਇਆ। ਦੂਜੇ ਸੰਸਾਰ-ਯੁੱਧ ਤੋਂ ਬਾਅਦ ਸਮਾਜ ਸ਼ਾਸਤਰ ਦਾ ਪ੍ਰਸਾਰ ਅੰਤਰ-ਰਾਸ਼ਟਰੀ ਪੱਧਰ ਤੇ ਹੋਣ ਲਗਾ ਅਤੇ ਹੁਣ ਤਕਰੀਬਨ ਹਰੇਕ ਦੇਸ਼ ਵਿਚ ਸਮਾਜ ਸ਼ਾਸਤਰ ਦੇ ਅਧਿਐਨ ਨੂੰ ਮਹੱਤਵਪੂਰਨ ਸਥਾਨ ਪ੍ਰਾਪਤ ਹੈ। ਭਾਰਤ ਵਿਚ ਵੀ ਇਸ ਵਿਸ਼ੇ ਦਾ ਅਧਿਐਨ ਵੀਹਵੀਂ ਸਦੀ ਦੇ ਦੂਜੇ ਦਹਾਕੇ ਵਿਚ ਬੰਬਈ, ਕਲਕੱਤਾ, ਲਖਨਊ ਅਤੇ ਬਨਾਰਸ ਵਿਚ ਆਰੰਭ ਹੋਇਆ ਪਰ ਯੂਨੀਵਰਸਿਟੀਆਂ ਵਿਚ ਇਸਦਾ ਤੇਜ਼ੀ ਨਾਲ ਪ੍ਰਸਾਰ ਸੁਤੰਤਰਤਾ ਪ੍ਰਾਪਤੀ ਤੋਂ ਬਾਅਦ ਹੀ ਸੰਭਵ ਹੋਇਆ ਹੈ।

          ਸਮਾਜ ਵਿਗਿਆਨ ਦੇ ਅਰਥ, ਪ੍ਰਕ੍ਰਿਤੀ ਅਤੇ ਵਿਸ਼ਾ-ਖੇਤਰ ਬਾਰੇ ਵਿਦਵਾਨਾਂ ਦੇ ਵਿਚਾਰਾਂ ਵਿਚ ਮਤ-ਭੇਦ ਰਹੇ ਹਨ। ਕੁਝ ਵਿਦਵਾਨ ਇਸਨੂੰ ‘ਸਮਾਜ ਦਾ ਵਿਗਿਆਨਕ ਅਧਿਐਨ’ ਕਹਿੰਦੇ ਹਨ ਤੇ ਦੂਜੇ ਪਾਸੇ ਇਸ ਨੂੰ ਸਮਾਜਕ-ਕ੍ਰਿਆ ਦੀਆਂ ਵਿਵਸਥਾਵਾਂ ਅਤੇ ਉਨ੍ਹਾਂ ਦੇ ਅੰਤਰ ਸਬੰਧਾਂ ਦਾ ਅਧਿਐਨ ਮੰਨਦੇ ਹਨ। ਪੂਰਵ-ਵਰਤੀ ਸਮਾਜ ਸ਼ਾਸਤਰੀਆਂ ਵਿਚੋਂ ਦੁਰਖੇਮ ਜਾਂ ਹਾਬ ਹਾਊਸ ਦੇ ਸਮਾਜ ਸ਼ਾਸਤਰ ਨੂੰ ਇਕ ਸੰਸ਼ਲਿਸਟ ਸਮਾਜਕ ਵਿਗਿਆਨ ਵਾਂਗ ਵਿਕਸਤ ਕਰਨ ਦਾ ਯਤਨ ਕੀਤਾ ਜਾਂ ਜ਼ਿਮੇਲ ਜਾਂ ਫੀਅਰਕਾਂਤ ਨੇ ਉਸ ਨੂੰ ਸੀਮਿਤ ਪਰ ਸ਼ੁੱਧ ਤਾਤਵਿਕ ਸਮਾਜਕ ਵਿਗਿਆਨ ਦੇ ਰੂਪ ਵਿਚ ਵੇਖਿਆ। ਬਾਅਦ ਵਿਚ ਦੇ ਸਮਾਜ ਸ਼ਾਸਤਰੀਆਂ ਵਿਚੋਂ ਸੋਰੋਕਿਨ ਜਾਂ ਮੂਰ ਸਮੁੱਚੀ ਮਾਨਵ-ਜਾਤੀ ਦੇ ਵਿਸ਼ਵ ਆਤਮਕ ਸਮਾਜ ਵਿਗਿਆਨ ਦੀ ਗੱਲ ਕਰਦੇ ਹਨ ਪਰ ਇਨ੍ਹਾਂ ਦੇ ਮੁਕਾਬਲੇ ਖਾਰਸਨਜ਼ ਸਮਾਜਕ ਕ੍ਰਿਆ ਦੁਆਰਾ ਗਠਿਤ-ਸਮਾਜਕ ਸੰਸਥਾਵਾਂ ਦੇ ਅੰਤਰ-ਸੰਬੰਧਾਂ ਦੇ ਸੂਖਮ ਵਿਸ਼ਲੇਸ਼ਣ ਉੱਤੇ ਆਧਾਰਤ, ਸਿਧਾਂਤਾਂ ਦੇ ਰੂਪ ਵਿਚ ਸਮਾਜ ਵਿਗਿਆਨ ਨੂੰ ਵਿਕਸਤ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਸੇ ਕਰਕੇ ਸਮਾਜ ਵਿਗਿਆਨ ਦੇ ਵਿਸ਼ੇ ਵਿਚ ਆਪਣੀ ਆਪਣੀ ਧਾਰਨਾਂ ਦੇ ਅਨੁਸਾਰ ਹਰੇਕ ਪ੍ਰਮੁੱਖ ਸਮਾਜ ਸ਼ਾਸਤਰੀ ਨੇ ਸਮਾਜ ਵਿਗਿਆਨ ਦੇ ਵਿਸ਼ਾ-ਖੇਤਰ ਨੂੰ ਵੀ ਨਿਰਧਾਰਤ ਕੀਤਾ ਹੈ ਅਰਥਾਤ ਹੋਰ ਸਮਾਜਕ ਵਿਗਿਆਨਾਂ ਨਾਲੋਂ ਇਸਦੀ ਭਿੰਨਤਾ ਸਥਾਪਤ ਕਰਨ ਵਾਲੀ ਇਸਦੀ ਵਿਸ਼ਿਸ਼ਟ ਪ੍ਰਕਿਰਤੀ ਦੀ ਰੂਪ-ਰੇਖਾ ਵੀ ਤਿਆਰ ਕੀਤੀ ਹੈ ਪਰ ਸਮਾਜ ਸ਼ਾਸਤਰ ਦੀ ਪ੍ਰਕ੍ਰਿਤੀ ਸਬੰਧੀ ਸਥਾਪਨਾਵਾਂ ਦੀ ਭਿੰਨਤਾ ਕਾਰਨ ਸਮਾਜ ਸ਼ਾਸਤਰ ਦੀ ਕੋਈ ਅੰਤਿਮ ਅਤੇ ਮਾਨਤਾ-ਪ੍ਰਾਪਤ ਪਰਿਭਾਸ਼ਾ ਅਤੇ ਵਿਸ਼ਾ ਖੇਤਰ ਦੇਣਾ ਸੌਖਾ ਕੰਮ ਨਹੀਂ।

          ਹੋਰ ਸਮਾਜਕ ਵਿਗਿਆਨਾਂ ਦੇ ਮੁਕਾਬਲੇ ਸਮਾਜ ਵਿਗਿਆਨ ਦੀ ਇਹ ਵਿਸ਼ੇਸ਼ਤਾ ਹੈ ਕਿ ਇਹ ਸਮਾਜਕ ਜੀਵਨ ਦਾ ਅਧਿਐਨ ਸਮੁੱਚੇ ਰੂਪ ਵਿਚ ਕਰਦਾ ਹੈ। ਇਹ ਸਮਾਜ ਦੇ ਇਕ ਪੱਖ ਜਾਂ ਸੰਸਥਾ ਉੱਤੇ ਆਪਣਾ ਧਿਆਨ ਕੇਂਦ੍ਰਿਤ ਨਹੀਂ ਕਰਦਾ ਸਗੋਂ ਸਮਾਜਕ ਜੀਵਨ ਨੂੰ ਸੰਪੂਰਣ ਰੂਪ ਵਿਚ ਵੇਖਦਾ ਹੈ। ਅਰਥ ਸ਼ਾਸਤਰ, ਰਾਜਨੀਤੀ ਵਿਗਆਨ ਆਦਿ ਸਮਾਜਕ ਵਿਗਿਆਨ ਮੁੱਖ ਤੌਰ ਤੇ ਸਮਾਜ ਦੇ ਕਿਸੇ ਇਕ ਪੱਖ ਨਾਲ ਹੀ ਸਬੰਧਤ ਰਹੇ ਹਨ ਪਰ ਸਮਾਜ ਸ਼ਾਸਤਰ ਦੇ ਖੇਤਰ ਵਿਚ ਸਮਾਜ ਦੇ ਭਿੰਨ ਭਿੰਨ ਪੱਖਾਂ ਅਤੇ ਉਨ੍ਹਾਂ ਦੇ ਪਰਸਪਰ ਸੰਬੰਧਾਂ, ਸਰੂਪਾਂ, ਕਿਸਮਾਂ ਆਦਿ ਦਾ ਅਧਿਐਨ ਸ਼ਾਮਲ ਹੁੰਦਾ ਹੈ। ਸਮਾਜ ਸ਼ਾਸਤਰੀਆਂ ਅਨੁਸਾਰ ਸਮਾਜ ਦੇ ਭਿੰਨ ਭਿੰਨ ਸੰਸਥਾਤਮਕ ਪੱਖ ਇਕ ਦੂਜੇ ਉਪਰ ਨਿਰਭਰਤਾ ਦੇ ਪੱਖ ਤੋਂ ਆਪਸ ਵਿਚ ਸਬੰਧਤ ਹੁੰਦੇ ਹਨ। ਸਮਾਜ ਵਿਗਿਆਨ ਸਮਾਜ ਦਾ ਅਧਿਐਨ ਇਕ ਸਮੁੱਚੀ ਰਚਨਾ ਦੇ ਰੂਪ ਵਿਚ ਕਰਦਾ ਹੈ ਪਰ ਇਸ ਦੇ ਅਰਥ ਇਹ ਨਹੀਂ ਕਿ ਅਰਥ ਸ਼ਾਸਤਰ ਸਮਾਜ ਦੇ ਭਿੰਨ ਭਿੰਨ ਸੰਸਥਾਤਮਕ ਪੱਖਾਂ ਦੇ ਵਿਸ਼ੇਸ਼ ਅਧਿਐਨ ਨੂੰ ਮਹੱਤਤਾ ਨਹੀਂ ਦਿੰਦਾ ਸਗੋਂ ਵਿਸ਼ੇਸ਼ੀ-ਕ੍ਰਿਤ ਅਧਿਐਨ ਦੇ ਆਧਾਰ ਤੇ ਸਮਾਜ ਸ਼ਾਸਤਰ ਦੀਆਂ ਅਨੇਕ ਸ਼ਾਖ਼ਾਵਾਂ-ਪਰਿਵਾਰ, ਆਰਥਕ ਜੀਵਨ, ਧਰਮ, ਰਾਜਨੀਤਿਕ ਆਦਿ ਵਿਕਸਤ ਹੋਈਆਂ ਹਨ। ਵੈਬਰ ਵਰਗੇ ਸਮਾਜ ਸ਼ਾਸਤਰੀਆਂ ਨੇ ਧਰਮ, ਰਾਜਨੀਤੀ, ਅਰਥ ਵਿਵਸਥਾ ਆਦਿ ਦਾ ਅਧਿਐਨ ਕਰਕੇ ਉਨ੍ਹਾਂ ਦੇ ਵਿਸ਼ਲੇਸ਼ਣ ਦੀ ਲੋੜ ਸਿੱਧ ਕੀਤੀ ਹੈ। ਸਮਾਜ ਸ਼ਾਸਤਰ ਨਾ ਕੇਵਲ ਸਮਾਜ ਨੂੰ ਇਕ ਸਮੁੱਚੀ ਰਚਨਾ ਦੇ ਰੂਪ ਵਿਚ ਵੇਖਦਾ ਹੈ ਸਗੋਂ ਇਹ ਇਸ ਰਚਨਾ ਦੇ ਕ੍ਰਿਆਸ਼ੀਲ ਪੱਖ ਦਾ ਅਤੇ ਉਸਨੂੰ ਗਤੀ-ਸ਼ੀਲਤਾ ਪ੍ਰਦਾਨ ਕਰਨ ਵਾਲੀਆਂ ਪ੍ਰਤਿਕ੍ਰਿਆਵਾਂ ਦਾ ਅਰਥਾਤ ਉਸ ਵਿਚ ਪਰਿਵਰਤਨ ਲਿਆਉਣ ਵਾਲੇ ਤਤਾਂ ਦਾ ਵੀ ਅਧਿਐਨ ਕਰਦਾ ਹੈ। ਸਮਾਜ ਵਿਗਿਆਨ ਅਧੀਨ ਸਮਾਜਕ ਪ੍ਰਤਿਕ੍ਰਿਆਵਾਂ ਰਚਨਾ ਨੂੰ ਗਤੀ ਦੇਣ ਵਾਲਾ ਤੱਤ ਹਨ। ਸਮਾਜ ਸ਼ਾਸਤਰੀਆਂ ਦਾ ਇਕ ਪ੍ਰਮੁੱਖ ਵਰਗ, ਜਿਸ ਦੀ ਅਗਵਾਈ ਜਰਮਨ ਸਮਾਜ ਸ਼ਾਸਤਰੀਆਂ ਨੇ ਕੀਤੀ ਹੈ, ਇਨ੍ਹਾਂ ਪ੍ਰਤਿਕ੍ਰਿਆਵਾਂ ਦੇ ਅਧਿਐਨ ਨੂੰ ਹੀ ਸਮਾਜ ਸ਼ਾਸਤਰ ਦਾ ਮੁਖ ਉਦੇਸ਼ ਮੰਨਦਾ ਹੈ।

          ਸਮਾਜ ਵਿਗਿਆਨ ਦੇ ਪਿਛਲੇ ਸੌ ਸਾਲਾਂ ਤੋਂ ਵੱਧ ਦੇ ਇਤਿਹਾਸ ਵਿਚ ਨਿਰਸੰਦੇਹ ਕਾਫ਼ੀ ਪ੍ਰਗਤੀ ਕੀਤੀ ਹੈ। ਜਿਉਂ ਜਿਉਂ ਗਿਆਨ ਅਤੇ ਵਿਗਿਆਨ ਦੇ ਖੇਤਰ ਵਿਚ ਪ੍ਰਗਤੀ ਹੁੰਦੀ ਹੈ, ਉਨ੍ਹਾਂ ਵਿਚ ਵਿਸ਼ਾਲਤਾ, ਡੂੰਘਾਈ ਅਤੇ ਸੂਖਮਤਾ ਵਧਦੇ ਹੋਏ ਵਿਸ਼ੇਸ਼ੀਕਰਨ ਦੇ ਰੂਪ ਵਿਚ ਪ੍ਰਗਟ ਹੁੰਦੇ ਹਨ। ਵਿਸ਼ੇ ਦੇ ਖੇਤਰ ਅੰਦਰ ਨਵੀਆਂ ਸ਼ਾਖ਼ਾਵਾਂ ਅਤੇ ਉਪ ਸ਼ਾਖ਼ਾਵਾਂ ਉਤਪੰਨ ਹੁੰਦੀਆਂ ਰਹਿੰਦੀਆਂ ਹਨ। ਸਮਾਜ ਵਿਗਿਆਨ ਵੀ ਗਿਆਨ ਦੇ ਵਿਕਾਸ ਦੇ ਇਸ ਸਾਧਾਰਨ ਨਿਯਮ ਤੋਂ ਬਾਹਰ ਨਹੀਂ ਅਤੇ ਉਸਦੀਆਂ ਵੀ ਅਨੇਕ ਸ਼ਾਖ਼ਾਵਾਂ ਅਤੇ ਉਪ-ਸ਼ਾਖ਼ਾਵਾਂ ਉਤਪੰਨ ਹੋ ਜਾਂਦੀਆਂ ਹਨ। ਅੱਜ ਦੇ ਪੜਾ ਤੇ ਵੀ ਸਮਾਜ ਵਿਗਿਆਨ ਦੀਆਂ ਸ਼ਾਖ਼ਾਵਾਂ ਅਤੇ ਉਪ-ਸ਼ਾਖ਼ਾਵਾ ਦੀ ਸੂਚੀ ਕਾਫ਼ੀ ਲੰਮੀ ਹੋ ਚੁੱਕੀ ਹੈ। ਸਹੂਲਤ ਵਜੋਂ ਉਨ੍ਹਾਂ ਨੂੰ ਨਿਮਨ ਮੁਖ ਵਰਗਾਂ ਵਿਚ ਰਖਿਆ ਜਾ ਸਕਦਾ ਹੈ :––

          (1) ਸਿਧਾਂਤਕ ਸਮਾਜ ਵਿਗਿਆਨ ਵਿਸ਼ਲੇਸ਼ਣ।

          (2) ਸੰਸਥਾਵਾਂ ਦਾ ਸਮਾਜ ਵਿਗਿਆਨਕ ਵਿਸ਼ਲੇਸ਼ਣ।

          (3) ਸਮਾਜਕ ਪ੍ਰਤਿਕ੍ਰਿਆਵਾਂ ਦਾ ਵਿਸ਼ਲੇਸ਼ਣ।

          (4) ਸਮਾਜਕ ਜੀਵਨ ਦੇ ਭਿੰਨ-ਭਿੰਨ ਪੱਧਰਾਂ ਦਾ ਵਿਸ਼ਲੇਸ਼ਣ।

          (5) ਸੰਸਕ੍ਰਿਤਕ ਤੱਤਾਂ ਦਾ ਸਮਾਜ ਵਿਗਿਆਨਕ ਵਿਸ਼ਲੇਸ਼ਣ।

          (6) ਸਮਾਜਕ ਵਿਚਲਨ ਅਤੇ ਵਿਘਟਨ ਦਾ ਵਿਸ਼ਲੇਸ਼ਣ।

          ਉਪਰੋਕਤ ਵਰਗਾਂ ਵਿਚੋਂ ਪਹਿਲੇ ਵਰਗ ਵਿਚ ਸਿਧਾਂਤਕ ਅਤੇ ਪੱਧਤੀ ਪੱਖ, ਦੂਜੇ ਵਿਚ ਪਰਿਵਾਰਕ, ਧਾਰਮਕ, ਰਾਜਨੀਤਕ, ਆਰਥਕ ਆਦਿ ਨਾਲ ਸਬੰਧਤ ਸਮਾਜ ਸ਼ਾਸਤਰ ਦੀਆਂ ਵਿਸ਼ੇਸ਼ ਸ਼ਾਖ਼ਾਵਾਂ, ਤੀਜੇ ਵਿਚ ਸਹਿਯੋਗ, ਸੰਘਰਸ਼ ਸਮਾਜੀਕਰਨ ਆਦਿ ਪ੍ਰਤਿਕ੍ਰਿਆਵਾਂ ਨਾਲ ਸਬੰਧਤ ਸ਼ਾਖ਼ਾਵਾਂ, ਚੌਥੇ ਵਿਚ ਸਮਾਜਕ ਕ੍ਰਿਆ, ਸਮਾਜਕ ਸੰਬੰਧ ਅਤੇ ਵਿਅਕਤੀਤਵ, ਪੰਜਵੇਂ ਵਿਚ ਭਾਸ਼ਾ, ਕਲਾ ਆਦਿ ਨਾਲ ਸਬੰਧਤ ਸ਼ਾਖ਼ਾਵਾਂ ਅਤੇ ਛੇਵੇਂ ਵਿਚ ਵਿਅਕਤੀਤਵ ਦਾ ਵਿਘਟਨ, ਸਮੂਹਕ ਵਿਘਟਨ, ਸੰਸਕ੍ਰਿਤਕ ਵਿਘਟਨ, ਅਪਰਾਧ ਸ਼ਾਸਤਰ ਆਦਿ ਸ਼ਾਖ਼ਾਵਾਂ ਸਾਮਲ ਹਨ।

          ਸਮਾਜ ਸ਼ਾਸਤਰ ਦੀਆਂ ਪ੍ਰਮੁੱਖ ਸ਼ਾਖ਼ਾਵਾਂ ਦੇ ਉਪਰੋਕਤ ਵਰਗੀਕਰਨ ਤੋਂ ਅੱਜ ਸਮਾਜ ਵਿਗਿਆਨ ਦੇ ਖੇਤਰ ਵਿਚ ਹੋ ਰਹੀ ਪ੍ਰਗਤੀ ਦਾ ਅਨੁਮਾਨ ਲਗਾਇਆ ਜਾ ਸਕਦਾ ਹੈ। ਇਹ ਸੰਭਵ ਹੈ ਕਿ ਭਵਿਖ ਵਿਚ ਇਨ੍ਹਾਂ ਵਿਚੋਂ ਕੁਝ ਸ਼ਾਖ਼ਾਵਾਂ ਇੰਨੀਆਂ ਵਿਕਸਤ ਹੋ ਜਾਣ ਕਿ ਉਹ ਸਮਾਜ ਸ਼ਾਸਤਰ ਤੋਂ ਵੱਖ ਹੋ ਕੇ ਸੁਤੰਤਰ ਸ਼ਾਸਤਰ ਦਾ ਰੂਪ ਧਾਰ ਲੈਣ। ਇਹ ਵੀ ਸੰਭਵ ਹੈ ਕਿ ਕੁਝ ਸ਼ਾਖ਼ਾਵਾਂ ਨਵੀਆਂ ਉਤਪੰਨ ਹੋ ਜਾਣ ਅਤੇ ਪੁਰਾਣੀਆਂ ਸ਼ਾਖ਼ਾਵਾਂ ਮਹੱਤਵ ਹੀਣ ਹੋਕੇ ਹੋਰ ਸ਼ਾਖ਼ਾਵਾਂ ਵਿਚ ਮਿਲ ਜਾਣ।

          ਸਮਾਜ ਵਿਗਿਆਨ ਦੀ ਸਮਾਜ ਦੇ ਪੁਨਰ-ਨਿਰਮਾਣ ਦੇ ਸਬੰਧ ਵਿਚ ਬਹੁਤ ਮਹੱਤਤਾ ਹੈ। ਇਹ ਸਮਾਜਕ ਸਮੱਸਿਆਵਾਂ ਨੂੰ ਸਮਝਣ ਅਤੇ ਸੁਲਝਾਉਣ ਵਿਚ ਅਤੇ ਸਮਾਜਕ ਯੋਜਨਾ-ਬੰਦੀ ਦੇ ਸਬੰਧ ਵਿਚ ਨਿਰਸੰਦੇਹ ਬਹੁਤ ਸਹਾਈ ਹੋ ਸਕਦਾ ਹੈ। ਆਧੁਨਿਕ ਉਦਯੋਗਿਕ ਸਮਾਜਾਂ ਵਿਚ ਸਮਾਜਕ ਪੁਨਰ-ਰਚਨਾ ਦੇ ਪ੍ਰੋਗਰਾਮਾਂ ਦੇ ਨਿਰਮਾਣ, ਸੰਗਠਨ ਅਤੇ ਉਨ੍ਹਾਂ ਨੂੰ ਲਾਗੂ ਕਰਨ ਦੇ ਸਬੰਧ ਵਿਚ ਸਮਾਜ ਸ਼ਾਸਤਰ ਦੀ ਉਪਯੋਗਤਾ ਵਧਦੀ ਜਾ ਰਹੀ ਹੈ। ਇਸੇ ਕਾਰਨ ਹੀ ਸਮਾਜ ਵਿਗਿਆਨ ਤੇਜ਼ੀ ਨਾਲ ਵਿਕਸਤ ਹੋ ਰਿਹਾ ਹੈ। ਪਰਿਵਾਰ ਸਿਖਿਆ ਚਿਕਿਤਸਾ ਅਤੇ ਸਿਹਤ, ਪ੍ਰਸ਼ਾਸਣਿਕ ਨਿਗਰਾਨੀ, ਜਨ ਸੰਖਿਆ ਨਿਯੋਜਨ, ਨਗਰ ਨਿਯੋਜਨ ਅਤੇ ਪਿੰਡਾਂ ਦਾ ਪੁਨਰ ਨਿਰਮਾਣ। ਅੰਤਰ ਰਾਸ਼ਟਰੀ ਸਹਿਯੋਗ ਆਦਿ ਅਨੇਕ ਖੇਤਰਾਂ ਨਾਲ ਸਬੰਧਤ ਮਸਲਿਆਂ ਬਾਰੇ ਸਮਾਜ ਵਿਗਿਆਨੀਆਂ ਤੋਂ ਬਹੁਮੁੱਲੀ ਸਹਾਇਤਾ ਲਈ ਜਾ ਰਹੀ ਹੈ। ਅਸਲ ਵਿਚ ਸਮਾਜ ਵਿਗਿਆਨ ਦੀ ਜਾਣਕਾਰੀ ਸਮੱਸਿਆਵਾਂ ਨੂੰ ਡੂੰਘਾਈ ਵਿਚ ਜਾ ਕੇ ਹੱਲ ਕਰਨ ਵਿਚ ਸਹਾਈ ਹੁੰਦੀ ਹੈ। ਸਮਾਜ ਨਿਯੋਜਨ ਅਤੇ ਸਮਾਜਕ ਨੀਤੀ ਨਿਰਧਾਰਣ ਦੇ ਮਸਲਿਆਂ ਵਿਚ ਸਮਾਜ ਵਿਗਿਆਨ ਦਾ ਵਧਦਾ ਹੋਇਆ ਮਹੱਤਵ ਇਸ ਗਲ ਦਾ ਵਿਸ਼ਵਾਸ ਦਿਵਾਉਂਦਾ ਹੈ ਕਿ ਇਸ ਦਿਸ਼ਾ ਵਿਚ ਸਮਾਜ ਵਿਗਿਆਨ ਦੀ ਮਹੱਤਤਾ ਨਿਰੰਤਰ ਵਧਦੀ ਜਾਏਗੀ। ਸਮਾਜ ਵਿਗਿਆਨ ਅੱਜ ਦੇ ਯੁੱਗ ਦੀਆਂ ਗੁੰਝਲਦਾਰ ਸਮੱਸਿਆਵਾਂ ਨੂੰ ਸਮਝਣ, ਵਧਦੇ ਹੋਏ ਤਣਾਵਾਂ ਨੂੰ ਘਟਾਉਣ ਅਤੇ ਚਾਰੇ ਪਾਸਿਆਂ ਦੀਆਂ ਗੱਲਾਂ ਨੂੰ ਸਮਝਣ ਅਤੇ ਪਰਖਣ ਦੇ ਲਈ ਸਾਨੂੰ ਇਕ ਵਿਚਾਰਕ ਕਸੌਟੀ ਪ੍ਰਦਾਨ ਕਰਦਾ ਹੈ। ਇਸ ਤੋਂ ਬਿਨਾਂ ਸਮਾਜ ਵਿਗਿਆਨ ਦੀ ਇਕ ਇਹ ਵੀ ਵਿਸ਼ੇਸ਼ਤਾ ਹੈ ਕਿ ਇਹ ਸਮਕਾਲੀ ਸਥਿਤੀ ਦਾ ਸਪਸ਼ਟ ਗਿਆਨ ਕਰਵਾਉਂਦਾ ਹੈ। ਅਸਲ ਵਿਚ ਇਹ ਵੀਹਵੀਂ ਸਦੀ ਦੇ ਗੁੰਝਲਦਾਰ ਮਨੁੱਖੀ ਸਮਾਜ ਵਿਚ ਰਹਿਣ ਵਾਲੇ ਮਨੁੱਖਾਂ ਨੂੰ ਲੋੜੀਂਦਾ ਦ੍ਰਿਸ਼ਟੀਕੋਣ ਦੇਣ ਵਾਲਾ ਅਤੇ ਉਨ੍ਹਾਂ ਲਈ ਆਧੁਨਿਕ ਸਮੇਂ ਵਿਚ ਲੋੜੀਂਦੇ ਧਰਾਤਲ ਦਾ ਨਿਰਮਾਣ ਕਰਨ ਵਾਲਾ ਵਿਗਿਆਨ ਹੈ। ਇਸਦੇ ਵਿਕਾਸ ਦੀਆਂ ਸੰਭਾਵਨਾਵਾਂ ਨਿਰਸੰਦੇਹ ਬਹੁਤ ਜ਼ਿਆਦਾ ਹਨ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 13244, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-03, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.