ਸਰਦੂਲ ਸਿੰਘ ਕਵੀਸ਼ਰ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਰਦੂਲ ਸਿੰਘ ਕਵੀਸ਼ਰ (1886-1963): ਇਕ ਰਾਜਨੀਤੀਵਾਨ, ਅਖ਼ਬਾਰ ਦਾ ਸੰਪਾਦਕ ਅਤੇ ਲੇਖਕ ਸੀ ਜਿਸਦਾ 1886 ਵਿਚ ਅੰਮ੍ਰਿਤਸਰ ਵਿਖੇ ਸਰਦਾਰ ਕਿਰਪਾਲ ਸਿੰਘ ਦੇ ਘਰ ਜਨਮ ਹੋਇਆ ਸੀ। ਇਹ ਐਮ.ਏ. ਤਕ ਪੜ੍ਹਿਆ ਪਰੰਤੂ ਬਿਨਾਂ ਡਿਗਰੀ ਲਿਆਂ ਹੀ 1909 ਵਿਚ ਕਾਲਜ ਦੀ ਪੜ੍ਹਾਈ ਛੱਡ ਦਿੱਤੀ। 1913 ਵਿਚ ਇਸ ਨੇ ਦਿੱਲੀ ਤੋਂ ਇਕ ਅੰਗਰੇਜੀ ਰਸਾਲਾ “ਸਿੱਖ ਰਿਵੀਊ” ਸ਼ੁਰੂ ਕੀਤਾ। ਰਕਾਬਗੰਜ ਗੁਰਦੁਆਰੇ ਦੀ ਕੰਧ ਬਣਾਉਣ ਦੇ ਮਾਮਲੇ ਵਿਚ ਇਸ ਨੇ ਪ੍ਰਸਿੱਧੀ ਪ੍ਰਾਪਤ ਕੀਤੀ। ਇਸ ਕੰਧ ਨੂੰ ਸਰਕਾਰ ਨੇ ਨਵੀਂ ਦਿੱਲੀ ਦੀ ਚਲ ਰਹੀ ਉਸਾਰੀ ਸਮੇਂ 1913-14 ਵਿਚ ਢਾਹ ਦਿੱਤਾ ਸੀ। ਸਿੱਖਾਂ ਨੇ ਇਸ ਦਾ ਸਖ਼ਤ ਵਿਰੋਧ ਕੀਤਾ ਪਰੰਤੂ ਪਹਿਲੀ ਸੰਸਾਰ ਜੰਗ ਦੇ ਛਿੜ ਜਾਣ ਕਰਕੇ ਸਰਗਰਮੀਆਂ ਰੋਕ ਦਿੱਤੀਆ ਗਈਆਂ ਸਨ। ਜੰਗ ਪਿੱਛੋਂ ਸਰਦੂਲ ਸਿੰਘ ਕਵੀਸ਼ਰ ਉਹਨਾਂ ਨੇਤਾਵਾਂ ਵਿਚੋਂ ਸੀ ਜਿਨ੍ਹਾਂ ਨੇ ਮੁੜ ਅੰਦੋਲਨ ਅਰੰਭ ਕਰ ਦਿੱਤਾ ਸੀ। ਸਰਕਾਰ ਨੇ ਇਸ ਦੁਆਰਾ ਚਲਾਏ ਗਏ ਸਿੱਖ ਰਿਵੀਊ ਨੂੰ ਦਬਾ ਦਿੱਤਾ ਅਤੇ ਇਸ ਦੇ ਦਿੱਲੀ ਵਿਚ ਆਉਣ ਤੇ ਰੋਕ ਲਗਾ ਦਿੱਤੀ। ਇਹ ਲਾਹੌਰ ਚਲਿਆ ਗਿਆ ਅਤੇ ਉਥੋਂ ਇਕ ਹਫ਼ਤਾਵਾਰੀ ਅਖ਼ਬਾਰ ਨਿਊ ਹੈਰਾਲਡ ਛਾਪਣਾ ਸ਼ੁਰੂ ਕਰ ਦਿੱਤਾ। ਨਿਊ ਹੈਰਾਲਡ ਪੰਜਾਬੀ ਅੱਖਰਾਂ ਵਿਚ ਹਫ਼ਤਾਵਾਰੀ ਸੰਗਤ ਬਣ ਗਿਆ। 1919 ਦੌਰਾਨ ਇਸ ਨੂੰ "ਰੋਲਟ ਬਿਲ` ਦੇ ਵਿਰੋਧ ਵਿਚ ਰਾਜਨੀਤਿਕ ਲਿਖਤਾਂ ਲਿਖਣ ਕਰਕੇ ਘਰ ਦੀ ਸੀਮਾ ਵਿਚ ਹੀ ਬੰਦ ਕਰ ਦਿੱਤਾ ਗਿਆ। ਇਹ ‘ਸੈਂਟਰਲ ਸਿੱਖ ਲੀਗ` ਦੇ ਮੋਢੀਆਂ ਵਿਚੋਂ ਇਕ ਸੀ ਜਿਸ ਦਾ ਇਹ ਜਨਰਲ ਸਕੱਤਰ ਚੁਣਿਆ ਗਿਆ ਸੀ। ਇਹ ਨਵੰਬਰ 1920 ਵਿਚ ਬਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਚਾਰ ਸਬ-ਕਮੇਟੀ ਦਾ ਸੈਕਟਰੀ ਸੀ ਅਤੇ ਪੰਜਾਬ ਪ੍ਰਾਂਤਿਕ ਕਾਂਗਰਸ ਕਮੇਟੀ (1920) ਦਾ ਵੀ ਸੈਕਟਰੀ ਸੀ। ਅਪ੍ਰੈਲ 1921 ਵਿਚ ਸਰਦੂਲ ਸਿੰਘ ਨੇ ਇਕ ਪ੍ਰਸਿੱਧ ਪੰਜਾਬੀ ਅਖ਼ਬਾਰ ਅਕਾਲੀ ਰਾਹੀਂ ਇਹ ਸੱਦਾ ਦਿੱਤਾ ਕਿ ਦਿੱਲੀ ਵਿਖੇ ਢਾਹੀ ਗਈ ਗੁਰਦੁਆਰੇ ਦੀ ਕੰਧ ਬਣਾਉਣ ਜਾਂ ਕੁਰਬਾਨੀ ਦੇਣ ਲਈ 100 ਵਲੰਟੀਅਰਾਂ ਦੀ ਲੋੜ ਹੈ। ਇਸ ਨੇ ਦਾਨ ਸਿੰਘ ਵਛੋਆ, ਅਮਰ ਸਿੰਘ ਝਬਾਲ ਅਤੇ ਜਸਵੰਤ ਸਿੰਘ ਝਬਾਲ ਨਾਲ ਮਿਲ ਕੇ ਜਨਤਿਕ ਜਲਸਿਆਂ ਵਿਚ ਇਹ ਅਪੀਲ ਕਈ ਵਾਰੀ ਦੁਹਰਾਈ। ਸੱਤ ਸੌ ਸਿੱਖ ਸਰਦੂਲ ਸਿੰਘ ਨਾਲ ਆ ਮਿਲੇ। ਪਰੰਤੂ ਇਸ ਤੋਂ ਪਹਿਲਾਂ ਕਿ ਇਹ ਸਾਰੇ ਦਿੱਲੀ ਰਵਾਨਾ ਹੋਣ ਲਈ ਇਕੱਠੇ ਹੁੰਦੇ ਸਰਕਾਰ ਨੇ ਆਪ ਹੀ ਇਹ ਕੰਧ ਬਣਾ ਦਿੱਤੀ। ਇਸ ਦੇ ਲਗਾਤਾਰ 13 ਤੋਂ 21 ਮਾਰਚ 1921 ਤਕ ਅਖ਼ਬਾਰ ਅਕਾਲੀ ਵਿਚ ਨਨਕਾਣਾ ਸਾਹਿਬ ਦੇ ਸੁਧਾਰਵਾਦੀ ਸਿੱਖਾਂ ਬਾਰੇ ਛਪੇ ਲੇਖਾਂ ਕਰਕੇ ਇਸ ਨੂੰ 27 ਮਈ 1921 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ‘ਤੇ ਹਕੂਮਤ ਵਿਰੁੱਧ ਬਗਾਵਤ ਦਾ ਦੋਸ਼ ਲਗਾਇਆ ਗਿਆ ਅਤੇ ਇਸ ਨੂੰ ਪੰਜ ਸਾਲਾਂ ਲਈ ਕੈਦ ਕਰ ਦਿੱਤਾ ਗਿਆ। 15 ਅਗਸਤ 1925 ਨੂੰ ਇਸ ਨੂੰ ਛੱਡ ਦਿੱਤਾ ਗਿਆ। 1927 ਵਿਚ ਇਸ ਨੂੰ ਇੰਡੀਅਨ ਨੈਸ਼ਨਲ ਕਾਂਗਰਸ ਕਾਰਜਕਾਰਨੀ ਕਮੇਟੀ ਦਾ ਮੈਂਬਰ ਚੁਣ ਲਿਆ ਗਿਆ। 1931-33 ਦੀ ਸਿਵਲ ਨਾਫੁਰਮਾਨੀ ਲਹਿਰ ਵੇਲੇ 14 ਅਗਸਤ 1933 ਨੂੰ ਸਰਦੂਲ ਸਿੰਘ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਦੇ ਗ੍ਰਿਫਤਾਰ ਹੋ ਜਾਣ ਕਰਕੇ ਇਸਦਾ ਕਾਰਜਕਾਰੀ ਪ੍ਰਧਾਨ ਬਣ ਗਿਆ।

    ਸਰਦੂਲ ਸਿੰਘ ਕਵੀਸ਼ਰ ਨੇ ਗਵਰਨਮੈਂਟ ਇੰਡੀਆ ਐਕਟ 1935 ਤਹਿਤ ਕਾਂਗਰਸ ਦੁਆਰਾ ਕਿਸੇ ਵੀ ਅਹੁਦੇ ਨੂੰ ਸਵੀਕਾਰ ਕਰਨ ਦਾ ਵਿਰੋਧ ਕੀਤਾ ਅਤੇ 18 ਮਾਰਚ 1937 ਨੂੰ ਬਹੁਗਿਣਤੀ ਵਾਲੇ ਪ੍ਰਾਂਤਾਂ ਵਿਚ ਅਹੁਦੇ ਪਰਵਾਨ ਕਰ ਲੈਣ ਦੇ ਫ਼ੈਸਲੇ ਤੇ ਕਾਂਗਰਸ ਦੀ ਮੈਂਬਰੀ ਤੋਂ ਅਸਤੀਫ਼ਾ ਦੇ ਦਿੱਤਾ। ਇਸ ਪਿੱਛੋਂ ਇਹ ਅਪ੍ਰੈਲ-ਮਈ 1939 ਵਿਚ ਸੁਭਾਸ਼ ਚੰਦਰ ਬੋਸ ਦੁਆਰਾ ਬਣਾਏ ਗਏ ਫਾਰਵਰਡ ਬਲਾਕ ਵਿਚ ਸ਼ਾਮਲ ਹੋ ਗਿਆ, ਜਿਹੜਾ ਕਿ ਮੂਲ ਰੂਪ ਵਿਚ ਕਾਂਗਰਸ ਵਿਚ ਹੀ ਇਕ ਗਰਮਦਲੀਆ ਅਤੇ ਪ੍ਰਗਤੀਵਾਦੀ ਗੁੱਟ ਸੀ। 1941 ਨੂੰ ਸੁਭਾਸ਼ ਚੰਦਰ ਦੇ ਭਾਰਤ ਵਿਚੋਂ ਨਾਟਕੀ ਢੰਗ ਨਾਲ ਗਾਇਬ ਹੋਣ ਪਿੱਛੋਂ ਸਰਦੂਲ ਸਿੰਘ ਕਵੀਸ਼ਰ ਨੂੰ ਫਾਰਵਰਡ ਬਲਾਕ ਦਾ ਪ੍ਰਧਾਨ ਚੁਣ ਲਿਆ ਗਿਆ। ਇਸ ਨੂੰ ਡਿਫੈਂਸ ਆਫ਼ ਇੰਡੀਆ ਰੂਲਜ਼ (ਭਾਰਤ ਸੁਰਖਿਆ ਨਿਯਮਾਂ) ਅਧੀਨ ਚਾਰ ਸਾਲਾਂ ਲਈ ਕੈਦ ਕਰ ਲਿਆ ਗਿਆ। ਭਾਰਤ ਦੀ ਅਜ਼ਾਦੀ ਪਿੱਛੋਂ ਇਹ ਸਰਗਰਮ ਰਾਜਨੀਤੀ ਦੀ ਸੇਵਾ ਤੋਂ ਨਿਵਿਰਤ ਹੋ ਗਿਆ ਅਤੇ 1948 ਵਿਚ ਇਸ ਨੇ ਪਾਰਟੀ ਦੇ ਪ੍ਰਧਾਨਗੀ ਪਦ ਤੋਂ ਅਸਤੀਫ਼ਾ ਦੇ ਦਿੱਤਾ। 26 ਮਾਰਚ 1963 ਨੂੰ ਇਹ ਦਿੱਲੀ ਵਿਖੇ ਅਕਾਲ ਚਲਾਣਾ ਕਰ ਗਿਆ।

    ਆਪਣੇ ਜੀਵਨ ਵਿਚ ਜ਼ਿਆਦਾ ਦੇਰ ਤਕ ਰਾਜਨੀਤੀ ਵਿਚ ਸਰਗਰਮ ਰਹਿਣ ਦੇ ਨਾਲ ਨਾਲ ਸਰਦੂਲ ਸਿੰਘ ਇਕ ਪ੍ਰਤਿਭਾਵਾਨ ਲਿਖਾਰੀ ਵੀ ਸੀ। ਇਸ ਨੇ ਅੰਗਰੇਜ਼ੀ ਅਤੇ ਪੰਜਾਬੀ ਵਿਚ ਰਸਾਲੇ ਸੰਪਾਦਿਤ ਕੀਤੇ ਅਤੇ ਕਈ ਪੈਂਫਲਟ ਅਤੇ ਪੁਸਤਕਾਂ ਲਿਖੀਆਂ। ਕਿਤਾਬਾਂ ਵਿਚੋਂ ਜ਼ਿਆਦਾ ਪ੍ਰਸਿੱਧ ਪੁਸਤਕਾਂ ਹਨ: ਗੁਰੂ ਨਾਨਕ ਐਂਡ ਵਰਲਡ ਪੀਸ; ਆਲ ਦ ਈਅਰ ਰਾਊਂਡ, ਗੁਰੂ ਅਰਜਨਸ ਟਵੈਲਵ ਮੰਥਜ਼ ਆਫ਼ ਲਵ ਐਂਡ ਵਰਸ਼ਿਪ; ਬੈਟਲ ਆਫ਼ ਲਾਈਫ: ਹਾਉ ਗੁਰੂ ਗੋਬਿੰਦ ਸਿੰਘ ਫਾਟ ਇਟ; ਗੁਰੂ ਗੋਬਿੰਦ ਸਿੰਘ ਐਂਡ ਨੈਸ਼ਨਲ ਮੂਵਮੈਂਟ; ਦੀ ਕਰਾਸ ਐਂਡ ਦੀ ਕਰਾਊਨ; ਰੀਪਬਲੀਕੇਨਿਜ਼ਮ ਇਨ ਰਿਲਿਜਨ; ਦੀ ਸਿਟੀ ਆਫ਼ ਜੋਆਇ; ਸਪਿਰਟ ਆਫ਼ ਸਿਖਇਜ਼ਮ; ਏ ਸਿੱਖ ਕਿੰਗ: ਮਹਾਰਾਜਾ ਰਣਜੀਤ ਸਿੰਘ; ਟੂ ਜਵੈਲਸ ਆਫ਼ ਦੀ ਹਾਊਸ ਆਫ਼ ਫੂਲ; ਦੀ ਪਰਾਬਲਮ ਆਫ਼ ਲਾਈਫ਼: ਹਾਊ ਗੁਰੂ ਨਾਨਕ ਸਾਲਵਡ ਇਟ; ਇੰਡੀਆ ਫਾਈਟ ਫਾਰ ਫਰੀਡਮ (1936); ਸਿੱਖ ਸਟਡੀਜ਼ (1937); ਸਿਖਸ ਐਂਡ ਦਾ ਸਵਰਾਜ; ਨਾਨ ਵਾਇਉਲੈਂਟ ਨਾਨ ਕੋਆਪਰੇਸ਼ਨ; ਅਤੇ ਦ ਲਾਹੌਰ ਫੋਰਟ ਟਾਰਚਰ ਕੈਂਪ (1946)।

    ਪੰਜਾਬੀ ਵਿਚ ਇਹਨਾਂ ਦੀ ਸਿੱਖ ਧਰਮ ਦਰਸ਼ਨ ਨਾਮਕ ਪੁਸਤਕ 1969 ਵਿਚ ਪੰਜਾਬੀ ਯੂਨੀਵਰਸਿਟੀ , ਪਟਿਆਲਾ ਦੁਆਰਾ ਛਾਪੀ ਜਾ ਚੁੱਕੀ ਹੈ।


ਲੇਖਕ : ਮ.ਸ. ਅਨੁ: ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1840, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਸਰਦੂਲ ਸਿੰਘ ਕਵੀਸ਼ਰ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ

ਸਰਦੂਲ ਸਿੰਘ ਕਵੀਸ਼ਰ : ਪੰਜਾਬੀ ਤੇ ਅੰਗਰੇਜ਼ੀ ਭਾਸ਼ਾ ਦੇ ਇਕ ਪ੍ਰਸਿੱਧ ਲਿਖਾਰੀ ਦਾ ਜਨਮ 1886 ਈ. ਵਿਚ ਅੰਮ੍ਰਿਤਸਰ ਵਿਖੇ ਹੋਇਆ। ਇਸ ਨੇ 1804 ਈ. ਵਿਚ ਪੰਜਾਬ ਯੂਨੀਵਰਸਿਟੀ ਤੋਂ ਬੀ. ਏ. ਦੀ ਪ੍ਰੀਖਿਆ ਪਾਸ ਕੀਤੀ। ਸੰਨ 1913 ਵਿਚ ਇਸ ਨੇ ਅੰਗਰੇਜ਼ੀ ਭਾਸ਼ਾ ਵਿਚ ‘ਸਿਖ ਰੀਵੀਊ’ ਨਾਮੀ ਮਾਸਕ ਰਸਾਲਾ ਜਾਰੀ ਕੀਤਾ।

          ਸੰਨ 1917 ਵਿਚ ਇਸ ਨੂੰ ਬਨਾਰਸ ਹਿੰਦੂ ਯੂਨੀਵਰਸਿਟੀ ਵਿਚ ਫੈਲੋ ਚੁਣ ਲਿਆ ਗਿਆ। ਇਸ ਨੂੰ ਵੱਖ-ਵੱਖ ਧਰਮਾਂ ਦਾ ਤੁਲਨਾਤਮਕ ਅਧਿਐਨ ਕੀਤਾ। ਇਸ ਨੇ ਨਾ-ਫ਼ਰਮਾਨੀ ਅੰਦੋਲਨ ਵਿਚ ਵਧ ਚੜ੍ਹ ਕੇ ਹਿੱਸਾ ਲਿਆ। ਸੰਨ 1924 ਵਿਚ ਇਸ ਨੂੰ ਪੰਜਾਬ ਸੂਬਾਈ ਕਾਂਗਰਸ ਦਾ ਪ੍ਰੈਜ਼ੀਡੈਂਟ ਚੁਣ ਲਿਆ ਗਿਆ।

          ਸਿੰਧ ਸਭਾ ਲਹਿਰ ਦਾ ਇਸ ਉੱਤੇ ਬਹੁਤ ਡੂੰਘਾ ਪ੍ਰਭਾਵ ਸੀ। ਇਸ ਨੇ ਅਕਾਲੀ ਲਹਿਰ ਵਿਚ ਪ੍ਰਸੰਸਾਯੋਗ ਯੋਗਦਾਨ ਦਿੱਤਾ। ਸੰਨ 1921 ਦੇ ਨਨਕਾਣਾ ਸਾਹਿਬ ਦੇ ਸਾਕੇ ਸਬੰਧੀ ਇਸ ਨੇ ਕਈ ਲੇਖ ਲਿਖੇ, ਜਿਨ੍ਹਾਂ ਕਾਰਨ ਇਸ ਨੂੰ ਜੇਲ੍ਹ ਵੀ ਜਾਣਾ ਪਿਆ। ਸੰਨ 1926-27 ਵਿਚ ਇਸ ਨੇ ‘ਸੰਗਤ’ ਨਾਮੀ ਹਫ਼ਤਾਵਾਰੀ ਅਖ਼ਬਾਰ ਪੰਜਾਬੀ ਵਿਚ ਜਾਰੀ ਕੀਤਾ, ਜੋ ਕੁਝ ਸਮਾਂ ਚਲਦਾ ਰਿਹਾ।

          ਸੰਨ 1929 ਵਿਚ ਇਹ ਕਾਂਗਰਸ ਲਹਿਰ ਵਿਚ ਸ਼ਾਮਲ ਹੋ ਗਿਆ ਅਤੇ ਕਈ ਸਾਲ ਕਾਂਗਰਸ ਦੀ ਅੰਤ੍ਰਿੰਗ ਕਮੇਟੀ ਦਾ ਮੈਂਬਰ ਰਿਹਾ। ਸੰਨ 1932 ਅਤੇ 1933 ਵਿਚ ਇਸ ਨੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰੈਜ਼ੀਡੈਂਟ ਵਜੋਂ ਕੰਮ ਕੀਤਾ। ਸੰਨ 1939 ਵਿਚ ਤ੍ਰਿਪੁਰਾ ਕਾਂਗਰਸ ਸਮੇਂ ਇਹ ਸੁਭਾਸ਼ ਚੰਦਰ ਦੇ ਫ਼ਾਰਵਰਡ ਬਲਾਕ ਵਿਚ ਸ਼ਾਮਲ ਹੋ ਗਿਆ। ਜਦੋਂ 1940 ਈ. ਵਿਚ ਸੁਭਾਸ਼ ਚੰਦਰ ਕਲਕੱਤੇ ਤੋਂ ਪਿਸ਼ਾਵਰ ਅਤੇ ਫਿਰ ਉਥੋਂ ਜਰਮਨੀ ਵਿਚ ਹਿਟਲਰ ਨੂੰ ਜਾ ਮਿਲਿਆ ਸੀ, ਤਾਂ ਇਸ ਸਾਜ਼ਸ਼ ਵਿਚ, ਸੁਭਾਸ਼ ਦੇ ਰਿਸ਼ਤੇਦਾਰਾਂ ਅਤੇ ਦੋਸਤਾਂ ਨਾ, ਇਸ ਨੇ ਵੀ ਲਾਹੌਰ ਜੇਲ੍ਹ, ਵਿਚ ਕਈ ਤਸੀਹੇ ਝੱਲੇ।

          ਇਸਦੀਆਂ ਪ੍ਰਸਿੱਧ ਪੁਸਤਕਾਂ ‘Two Gems of House of Phul’ ਅਤੇ ‘Story of Torture in Lahore Fort’ ਹਨ। ਇਨ੍ਹਾਂ ਤੋਂ ਇਲਾਵਾ ਇਸ ਨੇ ਆਨੰਦ ਸਾਹਿਬ ਅਤੇ ਹੋਰ ਕਈ ਬਾਣੀਆਂ ਦਾ ਅੰਗਰੇਜ਼ੀ ਭਾਸ਼ਾ ਵਿਚ ਬਹੁਤ ਉਚ-ਪਾਏ ਦਾ ਅਨੁਵਾਦ ਕੀਤਾ।

          ਇਸ ਦੀ ਮੌਤ 1964 ਈ. ਵਿਚ ਦਿੱਲੀ ਵਿਖੇ ਹੋਈ।

          ਹ. ਪੁ.––ਡਿ. ਨੈ. ਬਾ. 4 : 59-60


ਲੇਖਕ : ਨਾਹਰ ਸਿੰਘ ਗਿਆਨੀ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1461, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-03, ਹਵਾਲੇ/ਟਿੱਪਣੀਆਂ: no

ਸਰਦੂਲ ਸਿੰਘ ਕਵੀਸ਼ਰ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਸਰਦੂਲ ਸਿੰਘ (ਕਵੀਸ਼ਰ) : ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾ ਦੇ ਇਸ ਪ੍ਰਸਿੱਧ ਲੇਖਕ ਅਤੇ ਨੀਤੀਵਾਨ ਦਾ ਜਨਮ 1886 ਈ. ਵਿਚ ਅੰਮ੍ਰਿਤਸਰ ਵਿਖੇ ਹੋਇਆ। ਬੀ. ਏ. ਪਾਸ ਕਰਨ ਤੋਂ ਪਿਛੋਂ, 1913 ਈ. ਵਿਚ ਇਸ ਨੇ ਅੰਗਰੇਜ਼ੀ ਵਿਚ ‘ਸਿੱਖ ਰੀਵੀਊ’ ਮਾਸਕ ਰਸਾਲਾ ਸ਼ੁਰੂ ਕੀਤਾ। ਸੰਨ 1917 ਵਿਚ ਇਹ ਬਨਾਰਸ ਹਿੰਦੂ ਯੂਨੀਵਰਸਿਟੀ ਦਾ ਫ਼ੈਲੋ ਚੁਣ ਲਿਆ ਗਿਆ। ਰਾਜਨੀਤੀ ਵਿਚ ਵੀ ਇਸ ਨੂੰ ਦਿਲਚਸਪੀ ਸੀ ਅਤੇ ਇਸ ਨੇ ਮਹਾਤਮਾ ਗਾਂਧੀ ਦੀ ਚਲਾਈ ਸਿਵਲ ਨਾਫ਼ੁਰਮਾਨੀ ਲਹਿਰ ਵਿਚ ਹਿੱਸਾ ਲਿਆ।

        ਇਹ ਸਿੰਘ ਸਭਾ ਲਹਿਰ ਦੇ ਪ੍ਰਭਾਵ ਹੇਠ ਆ ਕੇ ਅਕਾਲੀ ਲਹਿਰ ਵਿਚ ਸ਼ਾਮਲ ਹੋ ਗਿਆ। ਇਸ ਨੂੰ ਨਨਕਾਣਾ ਸਾਹਿਬ ਦੇ ਸਬੰਧ ਵਿਚ ਸਰਕਾਰੀ ਨਜ਼ਰੀਏ ਤੋਂ ਇਤਰਾਜ਼ਯੋਗ ਲੇਖ ਲਿਖਣ ਕਰ ਕੇ ਜੇਲ੍ਹ ਵੀ ਜਾਣਾ ਪਿਆ। ਸੰਨ 1929 ਵਿਚ ਇਹ ਫਿਰ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਿਆ। ਕਾਂਗਰਸ ਦੀ ਅੰਤਰਿਮ ਕਮੇਟੀ ਦਾ ਮੈਂਬਰ ਅਤੇ ਪੰਜਾਬ ਦੀ ਪ੍ਰਾਂਤਕ ਕਾਂਗਰਸ ਦਾ ਪ੍ਰਧਾਨ ਬਣਿਆ। ਸੰਨ 1939 ਵਿਚ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਫ਼ਾਰਵਰਡ ਬਲਾਕ ਵਿਚ ਸਰਗਰਮ ਰਿਹਾ।

        ਇਸ ਨੇ ਅਨੰਦ ਸਾਹਿਬ ਅਤੇ ਕਈ ਹੋਰ ਬਾਣੀਆਂ ਦਾ ਅੰਗਰੇਜ਼ੀ ਵਿਚ ਅਨੁਵਾਦ ਕੀਤਾ। ਇਸ ਦੀਆਂ ਅੰਗਰੇਜ਼ੀ ਵਿਚ ਲਿਖੀਆਂ ਪੁਸਤਕਾਂ ਵਿਚ ‘ਬੈਟਲ ਆਫ਼ ਲਾਈਫ਼’, ‘ਹਾਊ ਗੁਰੂ ਗੋਬਿੰਦ ਸਿੰਘ ਜੀ ਫਾੱਟ ਇਟ’, ‘ਮਿਲਿਟਰੀ ਆਸਪੈਕਟਸ ਆਫ਼ ਸਿਖਿਜ਼ਮ’, ‘ਸਿਟੀ ਆਫ਼ ਜੁਆਏ’, ‘ਲਾਹੌਰ ਫ਼ੋਰਟ ਟਾਰਚਰ ਕੈਂਪ: ਏ ਡੈਸਕ੍ਰਿਪਸ਼ਨ’, ‘ਪ੍ਰਾਬਲਮਜ਼ ਆਫ਼ ਲਾਈਫ਼’, ‘ਹਾਊ ਨਾਨਕ ਸਾਲਵਡ ਇੱਟ’, ‘ਸਿੱਖ ਪਾਲਿਟਿਕਸ’, ‘ਯੂਅਰ ਡਿਊਟੀ’ ਆਦਿ ਸ਼ਾਮਲ ਹਨ।

        ਇਸ ਦੀ ਮੌਤ 1964 ਈ. ਵਿਚ ਦਿੱਲੀ ਵਿਖੇ ਹੋਈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1317, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-10-04-02-24, ਹਵਾਲੇ/ਟਿੱਪਣੀਆਂ: ਹ. ਪੁ.–ਪੰ. ਵਿ. ਕੋ. 4 : 212; ਡਿ. ਆ. ਨੈ. ਬਾ. 4:59-60; ਪੰਜਾਬ ਐਂਡ, ਐਨ ਡਬਲਯੂ. ਆਫ. ਪੀ. (ਏ ਸਿਲੈਕਟ ਬਿਬਲੀਉਗ੍ਰਾਫ਼ੀ 1800 ਟੂ 1984)-ਐਸ. ਸੀ. ਅਗਰਵਾਲ

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.