ਸਰਹਾਲਾ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਰਹਾਲਾ : (ਆਮ ਕਰਕੇ ਸਰਹਾਲਾ ਰਾੱਨੂਆਂ ਕਰਕੇ ਪ੍ਰਸਿੱਧ) ਇਕ ਪਿੰਡ ਜੋ ਪੰਜਾਬ ਦੇ ਜਲੰਧਰ ਜ਼ਿਲੇ ਵਿਚ ਬੰਗਾ ਦੇ ਪੱਛਮ ਵੱਲ 12 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਇਸ ਵਿਚ ਇਕ ਇਤਿਹਾਸਿਕ ਗੁਰਦੁਆਰਾ ਹੈ ਜਿਸ ਦਾ ਨਾਂ ਗੁਰਦੁਆਰਾ ਗੁਰਪਲਾਹ ਪੰਜ ਟਾਹਲੀ ਹੈ ਜੋ ਗੁਰੂ ਤੇਗ ਬਹਾਦਰ (1621-75) ਦੀ ਪਵਿੱਤਰ ਯਾਦ ਵਿਚ ਬਣਿਆ ਹੈ। ਗੁਰੂ ਜੀ ਇਕ ਵਾਰੀ ਦੁਆਬਾ ਦੀ ਯਾਤਰਾ ਸਮੇਂ ਇਥੇ ਠਹਿਰੇ ਸਨ। ਇਹ ਗੁਰਦੁਆਰਾ ਸਰਹਾਲਾ ਅਤੇ ਇਕ ਹੋਰ ਪਿੰਡ ਚੱਕ ਗੁਰੂ ਦੇ ਖੇਤਾਂ ਵਿਚਕਾਰ ਸਥਿਤ ਹੈ। ਇਸ ਦੂਸਰੇ ਪਿੰਡ ਵਿਚ ਗੁਰੂ ਤੇਗ ਬਹਾਦਰ ਜੀ ਪਧਾਰੇ ਸਨ। ਮੌਜੂਦਾ ਇਮਾਰਤ ਨੂੰ 1978 ਵਿਚ ਸੰਤ ਸੇਵਾ ਸਿੰਘ ਨੇ ਬਣਵਾਇਆ ਸੀ ਜੋ ਇਸ ਦਾ ਪ੍ਰਬੰਧ ਅਤੇ ਸੇਵਾ ਸੰਭਾਲ ਵੀ ਕਰਦੇ ਸਨ। ਇਸ ਇਮਾਰਤ ਦੀਆਂ ਚਾਰ ਮੰਜ਼ਲਾਂ ਹਨ ਜਿਸ ਦੀ ਹੇਠਲੀ ਮੰਜ਼ਲ ਤੇ ਸੰਗਮਰਮਰ ਦਾ ਹਾਲ ਕਮਰਾ ਬਣਿਆ ਹੋਇਆ ਹੈ। ਮੁੱਖ ਇਮਾਰਤ ਦੇ ਖੱਬੇ ਪਾਸੇ ਗੁਰੂ ਕਾ ਲੰਗਰ ਬਣਿਆ ਹੋਇਆ ਹੈ। ਰੋਜ਼ਾਨਾ ਦੇ ਨਿਤਨੇਮ ਤੋਂ ਇਲਾਵਾ ਮੁਖ ਸਿੱਖ ਸਲਾਨਾ ਸਮਾਰੋਹ ਵਿਸ਼ੇਸ਼ ਦੀਵਾਨਾਂ ਰਾਹੀਂ ਮਨਾਏ ਜਾਂਦੇ ਹਨ। ਸਾਲ ਦਾ ਸਭ ਤੋਂ ਵੱਡਾ ਧਾਰਮਿਕ ਜੋੜਮੇਲਾ ਹੋਲਾ ਮਹੱਲਾ ਹੁੰਦਾ ਹੈ ਜੋ ਮਾਰਚ ਵਿਚ ਮਨਾਇਆ ਜਾਂਦਾ ਹੈ।
ਲੇਖਕ : ਮ.ਗ.ਸ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 988, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First