ਸਲੋਕ ਵਾਰਾਂ ਤੇ ਵਧੀਕ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਲੋਕ ਵਾਰਾਂ ਤੇ ਵਧੀਕ. ਉਹ ਸਲੋਕ , ਜੋ ਵਾਰਾਂ ਵਿੱਚ ਪੌੜੀਆਂ ਦਾ ਸਿਲਸਿਲਾ ਲਾਉਣ ਸਮੇਂ ਵਾਧੂ ਰਹਿ ਗਏ, ਜਿਨ੍ਹਾਂ ਦੀ ਗਿਣਤੀ ੧੫੨ ਹੈ. ਇਹ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਤ, ਮੁੰਦਾਵਣੀ ਤੋਂ ਪਹਿਲਾਂ ਦਰਜ ਕੀਤੇ. ਦਸ਼ਮੇਸ਼ ਜੀ ਨੇ ਦਮਦਮੇ ਸਾਹਿਬ ਨਵੀਂ ਬੀੜ ਰਚਣ ਸਮੇਂ ਵਾਰਾਂ ਤੋਂ ਵਧੀਕ ਸਲੋਕਾਂ ਅਤੇ ਮੁੰਦਾਵਣੀ ਮੱਧ ਨੌਮੇ ਸਤਿਗੁਰੂ ਜੀ ਦੇ ਸਲੋਕ ਲਿਖਵਾਏ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8335, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no
ਸਲੋਕ ਵਾਰਾਂ ਤੇ ਵਧੀਕ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਲੋਕ ਵਾਰਾਂ ਤੇ ਵਧੀਕ : ਗੁਰੂ ਗ੍ਰੰਥ ਸਾਹਿਬ ਦੇ ਅਖੀਰ ਤੇ ਦਿੱਤੇ ਫੁਟਕਲ 152 ਸਲੋਕਾਂ ਦਾ ਸਿਰਲੇਖ ਰੱਖਿਆ ਗਿਆ ਹੈ। ਗੁਰੂ ਅਰਜਨ ਦੇਵ ਜੀ ਜਦੋਂ ਪਵਿੱਤਰ ਗ੍ਰੰਥ ਦਾ ਸੰਕਲਨ ਕਰ ਰਹੇ ਸਨ ਤਾਂ ਉਸ ਸਮੇਂ ਉਹਨਾਂ ਨੇ ਇਕ ਹੋਰ ਕਾਵਿ ਬਣਤਰ ‘ਵਾਰਾਂ’ ਵਿਚ ਵਖਰੇ-ਵਖਰੇ ਗੁਰੂ ਸਾਹਿਬਾਨ ਦੇ ਸਲੋਕ ਦਰਜ ਕੀਤੇ ਸਨ। ਇਸ ਪ੍ਰਕਿਰਿਆ ਵਿਚੋਂ ਜਿਹੜੇ ਸਲੋਕ ਬਾਕੀ ਬਚੇ ਉਹਨਾਂ ਸਾਰਿਆਂ ਨੂੰ ‘ਸਲੋਕ ਵਾਰਾਂ ਤੇ ਵਧੀਕ` ਸਿਰਲੇਖ ਹੇਠ ਇਕ ਥਾਂ ਇਕੱਠੇ ਕਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕਰ ਦਿੱਤਾ ਗਿਆ। ਇਸ ਭਾਗ ਦੇ ਪਹਿਲੇ ਹਿੱਸੇ ਵਿਚ 33 ਸਲੋਕ ਹਨ ਜਿਨ੍ਹਾਂ ਵਿਚੋਂ 32 ਗੁਰੂ ਨਾਨਕ ਦੇਵ ਦੇ ਹਨ ਅਤੇ ਇਕ (ਨੰਬਰ 28) ਗੁਰੂ ਅਮਰਦਾਸ ਜੀ ਦੁਆਰਾ ਰਚਿਤ ਹੈ ਜੋ ਗੁਰੂ ਨਾਨਕ ਦੇਵ ਜੀ ਦੇ 27ਵੇਂ ਸਲੋਕ ਦੀ ਵਿਆਖਿਆ ਲੜੀ ਵਜੋਂ ਦਿੱਤਾ ਹੋਇਆ ਹੈ। ਦੂਸਰੇ ਹਿੱਸੇ ਵਿਚ ਗੁਰੂ ਅਮਰਦਾਸ ਦੁਆਰਾ ਰਚਿਤ 67 ਸਲੋਕ ਸ਼ਾਮਲ ਹਨ, ਤੀਸਰੇ ਵਿਚ ਗੁਰੂ ਰਾਮਦਾਸ ਦੁਆਰਾ ਰਚਿਤ 30 ਸਲੋਕ ਹਨ ਅਤੇ ਚੌਥੇ ਵਿਚ ਗੁਰੂ ਅਰਜਨ ਦੇਵ ਜੀ ਦੇ 22 ਸਲੋਕ ਹਨ।
ਗੁਰੂ ਨਾਨਕ ਦੇਵ ਜੀ ਦੇ ਸਲੋਕ ਨੈਤਿਕ ਵਿਉਹਾਰ, ਸਮਾਜਿਕ ਵਰਤਾਉ ਅਤੇ ਅਧਿਆਤਮਿਕ ਤਬਦੀਲੀ ਦੇ ਵਿਸ਼ਿਆਂ ਦਾ ਵਰਨਨ ਕਰਦੇ ਹਨ। ਸਿੱਧੇ ਅਤੇ ਸਪਸ਼ਟ ਤੌਰ ਤੇ ਇਹਨਾਂ ਵਿਚ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਹੈ ਕਿ ਹੰਕਾਰ ਉੱਤੇ ਅਵੱਸ਼ ਕਾਬੂ ਪਾਇਆ ਜਾਣਾ ਚਾਹੀਦਾ ਹੈ। ਇਸ ਉਦੇਸ਼ ਦੀ ਪੂਰਤੀ ਕੇਵਲ ਤੇ ਕੇਵਲ ਗੁਰੂ ਦੁਆਰਾ ਹੋ ਸਕਦੀ ਹੈ ਜੋ ਮਨੁੱਖ ਨੂੰ ਦੁਬਿਧਾ ਤੋਂ ਛੁਟਕਾਰਾ ਦਿਵਾਉਂਦਾ ਹੈ ਅਤੇ ਮਨੁੱਖ ਨੂੰ ਪਰਮਾਤਮਾ ਨਾਲ ਪ੍ਰੇਮ ਕਰਨ ਦੀ ਸਿੱਖਿਆ ਦਿੰਦਾ ਹੈ। ਮਨੁੱਖ ਗ਼ਲਤ ਰਾਹੇ ਪਾਉਣ ਵਾਲੇ ਸਾਥ ਨਾਲ ਗੁਰੂ ਦੀ ਲੋੜ ਹੀ ਮਹਿਸੂਸ ਨਹੀਂ ਕਰਦਾ। ਸਰੀਰ ਨੂੰ ਕਸ਼ਟ ਦੇਣ ਦੀ ਲੋੜ ਨਹੀਂ ਹੈ। ਜੇਹੜੇ ਹੰਕਾਰੀ ਹੁੰਦੇ ਹਨ ਉਹ ਗਿਆਨ ਸਿਆਣਪ ਅਤੇ ਸੱਚੇ ਗਿਆਨ ਤੋਂ ਵਾਂਝੇ ਰਹਿੰਦੇ ਹਨ। ਪਰਮਾਤਮਾ ਵਿਚ ਲੀਨਤਾ ਨਾਲ ਜੀਵਨ ਵਿਚ ਸਦਾ ਹਰਿਆਲੀ ਬਣੀ ਰਹਿੰਦੀ ਹੈ। ਕੇਵਲ ਅਜਿਹੇ ਵਿਅਕਤੀ ਦੇ ਕੰਮ ਹੀ ਪੂਰਨ ਹਨ ਅਤੇ ਕੇਵਲ ਗੁਰਮੁਖ ਜਿਹੜਾ ਹਮੇਸ਼ਾ ਪਰਮਾਤਮਾ ਵੱਲ ਝੁਕਾਉ ਰਖਦਾ ਹੈ ਪਰਮਾਤਮਾ ਨਾਲ ਅਭੇਦ ਹੋ ਜਾਂਦਾ ਹੈ।
ਗੁਰੂ ਅਮਰਦਾਸ ਦੇ ਸਲੋਕਾਂ ਵਿਚ ਗੁਰੂ ਦੇ ਮਹੱਤਵ ਉੱਤੇ ਦੁਬਾਰਾ ਜ਼ੋਰ ਦਿੱਤਾ ਗਿਆ ਹੈ। ਜਿਨ੍ਹਾਂ ਦੇ ਭਾਗਾਂ ਵਿਚ ਹੁੰਦਾ ਹੈ ਉਹੀ ਕੇਵਲ ਗੁਰੂ ਦੀ ਪ੍ਰਾਪਤੀ ਕਰਦੇ ਹਨ। ਜੋ ਗੁਰੂ ਵਿਚ ਵਿਸ਼ਵਾਸ ਰਖਦਾ ਹੈ, ਨਾਮ ਦੀ ਪ੍ਰਾਪਤੀ ਕਰ ਲੈਂਦਾ ਹੈ ਅਤੇ ਇਸ ਨਾਲ ਆਪਣੇ ਆਪ ਨੂੰ ਪੂਰਨ ਕਰ ਲੈਂਦਾ ਹੈ।
ਛੁੱਟੜ ਨਾਰੀਆਂ ਭਾਵ ਆਤਮਾਵਾਂ ਨੂੰ ਜਿਹੜੀਆਂ ਆਵਾਗਮਨ ਦੇ ਚੱਕਰ ਵਿਚ ਪਈਆਂ ਰਹਿੰਦੀਆਂ ਹਨ ਕੇਵਲ ਸੱਚਾ ਗੁਰੂ ਹੀ ਬਚਾ ਸਕਦਾ ਹੈ। ਗੁਰੂ ਨਾਮ ਦਾਨ ਦਿੰਦਾ ਅਤੇ ਮਨੁੱਖ ਦੇ ਅੰਦਰ ਗੁਣਾਂ ਵਿਚ ਵਾਧਾ ਕਰਦਾ ਹੈ। ਮਾਇਆ ਇਕ ਜ਼ਹਿਰੀਲਾ ਸੱਪ ਹੈ ਜਿਸਦੀ ਦਵਾਈ ਪਰਮਾਤਮਾ ਦਾ ਨਾਮ ਹੈ। ਇਸ ਤਰ੍ਹਾਂ ਜਿਨ੍ਹਾਂ ਨੂੰ ਮਾਇਆ ਅੰਨ੍ਹਿਆਂ ਕਰ ਦਿੰਦੀ ਹੈ ਉਹ ਵੀ ਬਚ ਜਾਂਦੇ ਹਨ। ਗੁਰੂ ਮਨੁੱਖ ਨੂੰ ਪਰਮਾਤਮਾ ਵੱਲ ਲੈ ਜਾਂਦਾ ਹੈ। ਗੁਰਮੁਖਾਂ ਦੀ ਸੰਗਤ ਮਦਦ ਕਰਦੀ ਹੈ ਪਰੰਤੂ ਅੰਤਿਮ ਰੂਪ ਵਿਚ ਸਭ ਕੁਝ ਪਰਮਾਤਮਾ ਦੀ ਮਿਹਰ ਜਾਂ ਬਖਸ਼ਸ਼ ਉੱਤੇ ਨਿਰਭਰ ਕਰਦਾ ਹੈ। ਗੁਰੂ ਰਾਮ ਦਾਸ ਜੀ ਦੇ ਸਲੋਕਾਂ ਦਾ ਕੇਂਦਰੀ ਭਾਵ ਗੁਰੂ ਵਿਚ ਪ੍ਰੇਮ ਪੂਰਨ ਸ਼ਰਧਾ ਦਾ ਹੋਣਾ ਹੈ। ਗੁਰੂ ਦੀ ਸਿੱਖਿਆ ਸਾਰੀਆਂ ਰੁਕਾਵਟਾਂ ਨੂੰ ਦੂਰ ਕਰ ਦਿੰਦੀ ਹੈ। ਅਹੰਕਾਰੀ ਮਨੁੱਖ ਇੱਛਾਵਾਂ ਅਤੇ ਆਵਾਗਉਣ ਦੀ ਅਗਨੀ ਵਿਚ ਸੜਦੇ ਰਹਿੰਦੇ ਹਨ। ਗੁਰੂ ਦੀ ਸ਼ਰਨ ਵਿਚ ਆ ਜਾਣ ਨਾਲ ਹੀ ਮਨੁੱਖ ਮੁਕਤੀ ਪ੍ਰਾਪਤ ਕਰਦਾ ਹੈ। ਗੁਰੂ ਅਰਜਨ ਦੇਵ ਦੇ ਅਨੁਸਾਰ ਜੋ ਪਰਮਾਤਮਾ ਦੇ ਪ੍ਰੇਮ ਵਿਚ ਭਿੱਜੇ ਹੋਏ ਹਨ ਉਹ ਕਦੇ ਵੀ ਪਰਮਾਤਮਾ ਤੋਂ ਮੁੱਖ ਨਹੀਂ ਮੋੜਦੇ। ਗੁਰੂ ਦੀ ਸਿੱਖਿਆ ਜਾਂ ਬਾਣੀ ਮਨੁੱਖ ਨੂੰ ਪੰਜੇ ਦੁਸ਼ਮਣਾਂ- ਕਾਮ , ਕ੍ਰੋਧ , ਲੋਭ ਮੋਹ ਅਤੇ ਅਹੰਕਾਰ ਤੋਂ ਬਚਾਉਂਦੀ ਹੈ। ਅਸੰਖ ਹੀ ਅਗਿਆਨ ਦੀ ਨਿੰਦਰਾ ਵਿਚ ਸੁੱਤੇ ਹੋਏ ਹਨ ਕੇਵਲ ਉਹੀ ਜਾਗਦੇ ਹਨ ਜੋ ਨਿਰੰਤਰ ਪਰਮਾਤਮਾ ਦੀ ਯਾਦ ਨੂੰ ਆਪਣੇ ਮਨ ਵਿਚ ਵਸਾ ਕੇ ਰਖਦੇ ਹਨ।
ਲੇਖਕ : ਦ.ਸ.ਵ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8311, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਸਲੋਕ ਵਾਰਾਂ ਤੇ ਵਧੀਕ ਸਰੋਤ :
ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਸਲੋਕ (ਵਾਰਾਂ ਤੇ ਵਧੀਕ) : ‘ਆਦਿ ਗ੍ਰੰਥ’ ਵਿਚ ਰਾਗ–ਬੱਧ ਬਾਣੀ ਤੋਂ ਬਾਅਦ ‘ਸਲੋਕ ਵਾਰਾਂ ਤੇ ਵਧੀਕ’ ਸਿਰਲੇਖ ਹੇਠ 152 ਸ਼ਲੋਕ ਦਿੱਤੇ ਗਏ ਹਨ ਜੋ 1410 ਪੰਨੇ ਤੋਂ ਆਰੰਭ ਹੁੰਦੇ ਹਨ।
ਗੁਰੂ ਅਰਜਨ ਦੇਵ ਨੇ ‘ਆਦਿ ਗ੍ਰੰਥ’ ਵਿਚ ਆਈਆਂ ਅਧਿਆਤਮਿਕ ਵਾਰਾਂ ਨੂੰ ਪ੍ਰਚਲਿਤ ਲੋਕ–ਧੁਨੀਆ ਤੇ ਗਾਉਣ ਦਾ ਸੰਕੇਤ ਦੇਣ ਵਿਚ ਅਤੇ ਪਉੜੀ ਤੋਂ ਬਾਅਦ ਸ਼ਲੋਕ ਸ਼ਾਮਲ ਕਰਨ ਦਾ ਪ੍ਰਤਿਭਾਸ਼ੀਲ ਤੇ ਸਫਲ ਪ੍ਰਯੋਗ ਕਰ ਕੇ ਵਾਰ ਦੇ ਰੂਪ ਨੂੰ ਇਕ ਨਵਾਂ ਦਿਸ–ਹੱਦਾ ਪ੍ਰਦਾਨ ਕੀਤਾ ਹੈ। ਕਾਵਿ ਨੂੰ ਵੀ ‘ਸ਼ਲੋਕ’ ਨਾਲ ਸੰਗਯਾ ਦਿੱਤੀ ਜਾਂਦੀ ਹੈ। ‘ਉਤਮ ਸਲੋਕ ਸਾਧ ਕੇ ਬਚਨ’। ਛੰਦ ਅਤੇ ਉਸਤਤ ਕਰਨ ਦਾ ਨਾਮ ਵੀ ਸ਼ਲੋਕ ਹੈ। ਜਿਸ ਛੰਦ ਵਿਚ ਉਸਤਤ ਕੀਤੀ ਹੁੰਦੀ ਹੈ, ਉਸ ਨੂੰ ‘ਸ਼ਲੋਕ’ ਵੀ ਆਖਦੇ ਹਨ। ਵਾਰ ਦਾ ਇਕ ਪ੍ਰਮੁੱਖ ਲੱਛਣ ਨਾਇਕ–ਜਸ ਕਰਨਾ ਮੰਨਿਆ ਜਾਂਦਾ ਹੈ, ਇਸ ਪ੍ਰਕਾਰ ਭਾਵ ਪੱਖ ਤੋਂ ਵਾਰ ਤੇ ਸ਼ਲੋਕ ਵਿਚ ਇਕ–ਰੂਪਤਾ ਹੈ। ਗੁਰੂ ਸਾਹਿਬਾਨ ਨੇ ਵਾਰ ਦੇ ਪ੍ਰਭਾਵ ਨੂੰ ਡੂੰਘਾ ਤੇ ਤਿੱਖਾ ਅਤੇ ਭਾਵ ਦਾ ਪ੍ਰਸਾਰ ਕਰਨ ਲਈ ਸਲੋਕ ਨੂੰ ਵਾਰ ਵਿਚ ਸ਼ਾਮਲ ਕੀਤਾ ਹੈ। ‘ਆਦਿ ਗ੍ਰੰਥ’ ਵਿਚ ਸਲੋਕ ਦੇ ਨਾਂ ਹੇਠ ਜੋ ਬਾਣੀ ਆਈ ਹੈ, ਉਹ ‘ਉਪਮਾਨ’, ਉੱਲਾਲਾ ‘ਸਰਸੀ’, ‘ਹਾਕਲਾ’, ‘ਚੌਪਈ’, ਦੋਹਾ ਆਦਿ ਛੰਦਾਂ ਦੇ ਰੂਪ ਵਿਚ ਆਈ ਹੈ। ਇਸ ਨਾਲ ਰੋਚਕਤਾ ਵਿਚ ਵਾਧਾ ਹੋਇਆ ਹੈ। ਇਹ ਸ਼ਲੋਕ ਇਕ ਚਰਣ ਤੋਂ ਲੈ ਕੇ 26 ਚਰਣਾਂ ਤਕ ਹਨ। ਇਕ ਗੁਰੂ ਸਾਹਿਬ ਦੀ ਵਾਰ ਵਿਚ ਦੂਜੇ ਗੁਰੂ ਸਾਹਿਬਾਨ ਦੇ ਸ਼ਲੋਕ ਵੀ ਦਿੱਤੇ ਹਨ।
ਗੁਰੂ ਅਰਜਨ ਦੇਵ ਜੀ ਨੇ, ਜਿਹੜੇ ਸ਼ਲੋਕ ਵਾਰਾਂ ਵਿਚ ਸੰਮਿਲਿਤ ਹੋਣ ਤੋਂ ਵਧੀਕ ਬਚ ਗਏ ਹੋਣ ਜਾਂ ਸ਼ਾਇਦ ਇਹ ਸ਼ਲੋਕ ਸੰਪਾਦਨ ਸਮੇਂ ਰਤਾ ਦੇਰ ਨਾਲ ਪਹੁੰਚੇ ਹੋਣ, ਕਰਕੇ ਉਨ੍ਹਾਂ ਨੂੰ ‘ਸਲੋਕ ਵਾਰਾਂ ਤੇ ਵਧੀਕ’ ਸਿਰਲੇਖ ਹੇਠ ਮੁਦਾਵਣੀ ਤੋਂ ਪਹਿਲਾਂ ਦਰਜ ਕਰ ਦਿੱਤਾ। ਇਨ੍ਹਾਂ ਦੀ ਗਿਣਤੀ 152 ਹੈ। ਇਸ ਸਿਰਲੇਖ ਅਧੀਨ ਸਭ ਤੋਂ ਪਹਿਲਾਂ ਗੁਰੂ ਨਾਨਕ ਦੇ ਸ਼ਲੋਕ ਹਨ, ਫਿਰ ਮਹਲਾ ਤੀਜਾ, ਚੌਥਾ ਅਤੇ ਪੰਜਵਾਂ ਦੇ ਸ਼ਲੋਕ ਹਨ। ਇਨ੍ਹਾਂ ਦੀ ਗਿਣਤੀ ਕ੍ਰਮਵਾਰ 33, 67, 30 ਅਤੇ 22 ਹੈ। ਗੁਰੂ ਗੋਬਿੰਦ ਸਿੰਘ ਨੇ ਦਮਦਮਾ ਸਾਹਿਬ ਵਿਖੇ ‘ਆਦਿ ਗ੍ਰੰਥ’ ਦਾ ਪੁਨਰ–ਸੰਪਾਦਨ ਕਰਨ ਸਮੇਂ ਗੁਰੂ ਤੇਗ ਬਹਾਦਰ ਦੇ 57 ਸ਼ਲੋਕ ‘ਸਲੋਕ ਵਾਰਾਂ ਤੇ ਵਧੀਕ ਤੋਂ ਬਾਅਦ ਅਤੇ ਮੁਦਾਵਣੀ ਤੋਂ ਪਹਿਲਾਂ ਸ਼ਾਮਲ ਕਰ ਦਿੱਤੇ।
‘ਆਦਿ ਗ੍ਰੰਥ’ ਦੀਆਂ ਵਾਰਾਂ ਰਾਗ–ਬੱਧ ਹਨ ਪਰ ਸ਼ਲੋਕਾਂ ਉਪਰ ਰਾਗ ਦਾ ਸੰਕੇਤ ਦਰਜ ਨਹੀਂ ਹੈ। ਗਾਇਣ ਸਮੇਂ ਵੀ ਵਾਰਾਂ ਤੇ ਸ਼ਲੋਕਾਂ ਦੀ ਗਾਇਣ ਸ਼ੈਲੀ ਵਿਚ ਵੀ ਅੰਤਰ ਹੈ। ‘ਆਦਿ ਗ੍ਰੰਥ’ ਵਿਚ ਸ਼ਲੋਕਾਂ ਨੂੰ ਭਾਸ਼ਾ ਦੇ ਆਧਾਰ ਤੇ ਵੀ ਦਿੱਤਾ ਗਿਆ ਹੈ। ‘ਸ਼ਲੋਕ ਸਹਸਕ੍ਰਿਤੀ’ ਮਹਲਾ 1 (ਪੰਨਾ 1353) ਅਤੇ ਮਹਲਾ ਪੰਜਵਾਂ ਦੀ ਰਚਿਤ ਗਾਥਾ (ਪੰਨਾ 1353) ਵੀ ਸ਼ਲੋਕਾਂ ਵਿਚ ਹੈ। ਇਨ੍ਹਾਂ ਸ਼ਲੋਕਾਂ ਵਿਚ ਵੱਖ ਵੱਖ ਗੁਰੂ ਸਾਹਿਬਾਨ ਨੇ ਅਧਿਆਤਮਿਕ, ਧਾਰਮਿਕ, ਸਮਾਜਕ ਤੇ ਰਾਜਨੀਤਿਕ ਆਦਿ ਬਹੁਪਖੀ ਵਿਸ਼ਿਆਂ ਦਾ ਚਿਤ੍ਰਣ ਕੀਤਾ ਹੈ। ਇਨ੍ਹਾਂ ਵਿਚ ਸਮਕਾਲੀ ਪਰਿਸਥਿਤੀਆਂ ਤੇ ਪ੍ਰਵ੍ਰਿਤੀਆਂ ਦੇ ਸਪਸ਼ਟ ਅਤੇ ਸਜੀਵ ਬਿੰਬ ਉਪਲਬਧ ਹਨ। ਇਨ੍ਹਾਂ ਤੋਂ ਗੁਰੂ ਸਾਹਿਬਾਨ ਦੀ ਵਿਸ਼ਾਲ ਧਾਰਮਿਕ ਚੇਤਨਾ ਦਾ ਬੋਧ ਹੁੰਦਾ ਹੈ, ਜਿਵੇਂ ਕਿ :
ਜਉ ਤਉ ਪ੍ਰੇਮ ਖੇਲਣ ਕਾ ਚਾਉ। ਸਿਰੁ ਧਰਿ ਤਲੀ ਗਲੀ ਮੇਰੀ ਆਉ।
ਇਤੁ ਮਾਰਗਿ ਪੈਰੁ ਧਰੀਜੈ। ਸਿਰੁ ਦੀਜੈ ਕਾਣਿ ਨ ਕੀਜੈ।20। ––(ਮਹਲਾ 1)
ਲਾਹੌਰ ਸਹਰੁ ਜਹੁਰੁ ਕਹਰੁ ਸਵਾ ਪਹਰ ।27। ––(ਮਹਲਾ 1)––(ਆਦਿ ਗ੍ਰੰਥ, ਪੰਨਾ ੧੪੧੨)
[ਸਹਾ. ਗ੍ਰੰਥ––ਗੁ. ਛੰ. ਦਿ.; ਗੁ. ਮਾ.; ਮ. ਕੋ.; ਸਾਹਿਬ ਸਿੰਘ : ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’; ਲਾਲ ਸਿੰਘ : ‘ਗੁਰਮਤ ਮਾਰਤੰਡ’]
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 6451, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-06, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First