ਸਵਰ ਸਰੋਤ :
ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼
ਸਵਰ: ਧੁਨੀ-ਵਿਗਿਆਨ ਅਤੇ ਧੁਨੀ-ਵਿਉਂਤ ਵਿਚ ਖੰਡੀ ਧੁਨੀਆਂ ਦੀ ਦੋ-ਪੱਖੀ ਵੰਡ ਕੀਤੀ ਜਾਂਦੀ ਹੈ : ਸਵਰ ਅਤੇ ਵਿਅੰਜਨ ਧੁਨੀਆਂ। ਧੁਨੀ-ਵਿਗਿਆਨ ਅਨੁਸਾਰ ਉਨ੍ਹਾਂ ਧੁਨੀਆਂ ਨੂੰ ਸਵਰ ਧੁਨੀਆਂ ਆਖਿਆ ਜਾਂਦਾ ਹੈ ਜਿਨ੍ਹਾਂ ਦੇ ਉਚਾਰਨ ਵੇਲੇ ਉਚਾਰਨ ਅੰਗ ਅਤੇ ਸਥਾਨ ਆਪਸ ਵਿਚ ਪੂਰਨ ਸੰਪਰਕ ਪੈਦਾ ਨਹੀਂ ਕਰਦੇ ਸਗੋਂ ਇਨ੍ਹਾਂ ਵਿਚ ਵਿੱਥ ਬਣੀ ਰਹਿੰਦੀ ਹੈ। ਇਹ ਵਿੱਥ ਕਦੀ ਘੱਟ ਅਤੇ ਕਦੀ ਵੱਧ ਹੁੰਦੀ ਹੈ। ਇਨ੍ਹਾਂ ਧੁਨੀਆਂ ਦੀ ਪਛਾਣ ਹਿੱਤ ਦੂਜਾ ਮੁੱਖ ਲੱਛਣ ਇਹ ਹੈ ਕਿ ਇਨ੍ਹਾਂ ਦੇ ਉਚਾਰੇ ਜਾਣ ਵੇਲੇ ਉਚਾਰਨ ਅੰਗ ਅਤੇ ਉਚਾਰਨ ਸਥਾਨ ਆਪਸ ਵਿਚ ਖਹਿੰਦੇ, ਰਗੜਦੇ, ਛੂੰਹਦੇ ਜਾਂ ਪੂਰਨ ਰੂਪ ਵਿਚ ਇਕ ਦੂਜੇ ਨਾਲ ਨਹੀਂ ਮਿਲਦੇ ਸਗੋਂ ਇਨ੍ਹਾਂ ਧੁਨੀਆਂ ਦੇ ਉਚਾਰਨ ਵੇਲੇ ਉਚਾਰਨ ਅੰਗਾਂ ਤੇ ਸਥਾਨਾਂ ਦੀ ਵਿੱਥ ਬਣੀ ਰਹਿੰਦੀ ਹੈ। ਇਨ੍ਹਾਂ ਧੁਨੀਆਂ ਦੀ ਵਰਗ-ਵੰਡ (i) ਜੀਭ ਦੀ ਉਚਾਈ ਜਾਂ ਨਿਵਾਣ, (ii) ਮੂੰਹ ਵਿਚ ਉਚਾਰੇ ਜਾਣ ਦੀ ਥਾਂ, (iii) ਬੁੱਲ੍ਹਾਂ ਦੀ ਸਥਿਤੀ ਅਤੇ ਮੂੰਹ ਤੇ ਨੱਕ ਦੀ ਅਵਸਥਾ ਦੇ ਅਧਾਰ ’ਤੇ ਕੀਤੀ ਜਾਂਦੀ ਹੈ। (i) ਜੀਭ ਦੀ ਉਚਾਈ ਜਾਂ ਨਿਵਾਣ ਸਥਿਤੀ ਨੂੰ ਚਾਰ ਭਾਗਾਂ ਵਿਚ ਵੰਡਿਆ ਜਾਂਦਾ ਹੈ, ਜਿਵੇਂ : ਨੀਵੀਂ, ਉਚੀ, ਅੱਧ ਉਚੀ, ਅਤੇ ਅੱਧ ਨੀਵੀਂ। ਜਦੋਂ ਜੀਭ ਸਧਾਰਨ ਅਵਸਥਾ ਵਿਚ ਹੁੰਦੀ ਹੈ ਤਾਂ ਇਹ ਹੇਠਲੇ ਦੰਦਾਂ ਦੇ ਪਿਛਲੇ ਪਾਸੇ ਟਿਕੀ ਰਹਿੰਦੀ ਹੈ। ਜੀਭ ਦੀ ਇਸ ਅਵਸਥਾ ਤੋਂ ਪੈਦਾ ਹੋਣ ਵਾਲੇ ਸਵਰਾਂ ਨੂੰ ਨੀਵੇਂ ਸਵਰ ਕਿਹਾ ਜਾਂਦਾ ਹੈ। ਪੰਜਾਬੀ ਵਿਚ (ਐ, ਆ, ਅਤੇ ਔ) ਨੀਵੇਂ ਸਵਰ ਹਨ। ਜਦੋਂ ਜੀਭ ਮੂੰਹ ਦੇ ਉਪਰਲੇ ਹਿੱਸੇ ਦੇ ਬਿਲਕੁਲ ਨੇੜੇ ਹੁੰਦੀ ਹੈ ਇਸ ਅਵਸਥਾ ਵਿਚ ਪੈਦਾ ਹੋਣ ਵਾਲੀਆਂ ਧੁਨੀਆਂ ਨੂੰ ਉਚੀਆਂ ਸਵਰ ਧੁਨੀਆਂ ਕਿਹਾ ਜਾਂਦਾ ਹੈ। ਪੰਜਾਬੀ ਵਿਚ (ਈ ਤੇ ਊ) ਦੋ ਉਚੇ ਸਵਰ ਹਨ। ਜੀਭ ਦੀਆਂ ਇਨ੍ਹਾਂ ਦੋਹਾਂ ਅਵਸਥਾਵਾਂ ਤੋਂ ਇਲਾਵਾ ਜੀਭ ਦੇ ਦੋ ਹੋਰ ਆਦਰਸ਼ਕ ਸਥਾਨ ਬਣਾਏ ਜਾਂਦੇ ਹਨ। ਇਨ੍ਹਾਂ ਦੋਹਾਂ ਨੂੰ ਅੱਧ-ਉਚੇ ਅਤੇ ਅੱਧ ਨੀਵੇਂ ਦਾ ਨਾਂ ਦਿੱਤਾ ਜਾਂਦਾ ਹੈ। ਪੰਜਾਬੀ ਵਿਚ (ਇ, ਉ) ਅੱਧ ਉਚੇ ਅਤੇ (ਏ, ਆ, ਓ) ਅੱਧ ਨੀਵੇਂ ਸਵਰ ਹਨ। (ii) ਮੂੰਹ ਵਿਚ ਉਚਾਰੇ ਜਾਣ ਦੀ ਥਾਂ, ਮੂੰਹ ਵਿਚਲੇ ਸਥਾਨਾਂ ਦੇ ਅਧਾਰ ’ਤੇ ਸਵਰ ਧੁਨੀਆਂ ਨੂੰ ਤਿੰਨ ਭਾਗਾਂ ਵਿਚ ਵੰਡਿਆ ਜਾਂਦਾ ਹੈ, ਜਿਵੇਂ : ਮੂਹਰਲੇ ਸਵਰ, ਵਿਚਕਾਰਲੇ ਸਵਰ ਅਤੇ ਪਿਛਲੇ ਸਵਰ। ਉਨ੍ਹਾਂ ਸਵਰਾਂ ਨੂੰ ਮੂਹਰਲੇ ਸਵਰ ਕਿਹਾ ਜਾਂਦਾ ਹੈ ਜਿਹੜੇ ਮੂੰਹ ਦੇ ਅਗਲੇ ਪਾਸੇ ਤੋਂ ਉਚਾਰੇ ਜਾਂਦੇ ਹਨ ਅਤੇ ਉਚਾਰਨ ਸਮੇਂ ਜੀਭ ਦਾ ਅਗਲਾ ਹਿੱਸਾ ਵਧੇਰੇ ਕਾਰਜਸ਼ੀਲ ਹੁੰਦਾ ਹੈ। ਪੰਜਾਬੀ ਵਿਚ (ਈ, ਇ, ਏ, ਐ) ਮੂਹਰਲੇ ਸਵਰ ਹਨ। ਜਿਹੜੇ ਸਵਰ ਮੂੰਹ ਦੇ ਪਿਛਲੇ ਪਾਸੇ ਤੋਂ ਉਚਾਰੇ ਜਾਂਦੇ ਹਨ ਅਤੇ ਉਚਾਰਨ ਸਮੇਂ ਜੀਭ ਦਾ ਪਿਛਲਾ ਪਾਸਾ ਕਾਰਜਸ਼ੀਲ ਹੁੰਦਾ ਹੈ ਉਨ੍ਹਾਂ ਨੂੰ ਪਿਛਲੇ ਸਵਰ ਕਿਹਾ ਜਾਂਦਾ ਹੈ। ਪੰਜਾਬੀ ਵਿਚ (ਊ, ਓ, ਔ) ਪਿਛਲੇ ਸਵਰ ਹਨ। ਜਿਹੜੇ ਸਵਰ ਮੂੰਹ ਦੇ ਵਿਚਕਾਰਲੇ ਹਿੱਸੇ ਤੋਂ ਉਚਾਰੇ ਜਾਂਦੇ ਹਨ ਅਤੇ ਉਚਾਰਨ ਸਮੇਂ ਜੀਭ ਦਾ ਵਿਚਕਾਰਲਾ ਹਿੱਸਾ ਵਧੇਰੇ ਕਾਰਜਸ਼ੀਲ ਹੁੰਦਾ ਹੈ, ਉਨ੍ਹਾਂ ਨੂੰ ਵਿਚਕਾਰਲੇ ਸਵਰ ਕਿਹਾ ਜਾਂਦਾ ਹੈ, ਜਿਵੇਂ : (ਇ, ਉ, ਅ, ਆ) ਪੰਜਾਬੀ ਵਿਚ ਵਿਚਕਾਰਲੇ ਸਵਰ ਹਨ।
ਉਚਾਰਨ ਦੀ ਦਰਿਸ਼ਟੀ ਤੋਂ ਸਵਰ ਧੁਨੀਆਂ ਨੂੰ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ, ਜਿਵੇਂ : (i) ਮੌਖਿਕ ਸਵਰ ਧੁਨੀਆਂ ਅਤੇ (ii) ਨਾਸਕੀ ਸਵਰ ਧੁਨੀਆਂ। ਉਨ੍ਹਾਂ ਸਵਰ ਧੁਨੀਆਂ ਨੂੰ ਮੌਖਿਕ ਸਵਰ ਕਿਹਾ ਜਾਂਦਾ ਹੈ ਜਿਨ੍ਹਾਂ ਨੂੰ ਉਚਾਰਨ ਵੇਲੇ ਹਵਾ ਮੂੰਹ ਵਿਚੋਂ ਬਾਹਰ ਨਿਕਲੇ ਅਤੇ ਦੂਜੇ ਪਾਸੇ ਜਿਨ੍ਹਾਂ ਧੁਨੀਆਂ ਨੂੰ ਉਚਾਰਨ ਵੇਲੇ ਹਵਾ ਮੂੰਹ ਦੇ ਨਾਲ ਨਾਲ ਨੱਕ ਵਿਚੋਂ ਵੀ ਬਾਹਰ ਨਿਕਲੇ, ਉਨ੍ਹਾਂ ਸਵਰ ਧੁਨੀਆਂ ਨੂੰ ਨਾਸਕੀ ਕਿਹਾ ਜਾਂਦਾ ਹੈ। ਪੰਜਾਬੀ ਧੁਨੀ-ਵਿਉਂਤ ਵਿਚ ਦਸ ਸਵਰ ਨਾਸਕੀ ਹਨ ਅਤੇ ਮੌਖਿਕ ਵੀ। ਹਰ ਮੌਖਿਕ ਸਵਰ ਦਾ ਇਕ ਰੂਪ ਨਾਸਕੀ ਹੈ, ਜਿਵੇਂ : (ਈ-ਈਂ), (ਆ-ਆਂ), (ਊ-ਊਂ) ਆਦਿ। ਸਵਰਾਂ ਦੇ ਉਚਾਰਨ ਦੀ ਮਾਤਰਾ ਨੂੰ ਲਘੂ ਅਤੇ ਦੀਰਘ ਵਿਚ ਵੰਡਿਆ ਜਾਂਦਾ ਹੈ। ਜਿਨ੍ਹਾਂ ਸਵਰਾਂ ਦੇ ਉਚਾਰਨ ਵੇਲੇ ਘੱਟ ਸਮਾਂ ਲਗਦਾ ਹੈ ਅਤੇ ਉਨ੍ਹਾਂ ਦੇ ਸਮੇਂ ਵਿਚ ਵਾਧਾ ਨਹੀਂ ਕੀਤਾ ਜਾ ਸਕਦਾ ਉਨ੍ਹਾਂ ਸਵਰ ਧੁਨੀਆਂ ਨੂੰ ਲਘੂ ਸਵਰ ਕਿਹਾ ਜਾਂਦਾ ਹੈ। ਪੰਜਾਬੀ ਵਿਚ (ਇ, ਅ, ਉ) ਲਘੂ ਸਵਰ ਹਨ ਅਤੇ ਬਾਕੀ ਦੀਰਘ ਸਵਰ ਹਨ। ਇਸ ਤੋਂ ਇਲਾਵਾ ਸਵਰਾਂ ਦੀ ਵਰਗ-ਵੰਡ ਅੰਦਰਲੇ ਅਤੇ ਬਾਹਰਲੇ ਦੇ ਅਧਾਰ ’ਤੇ ਵੀ ਕੀਤੀ ਜਾਂਦੀ ਹੈ ਪੰਜਾਬੀ ਵਿਚ (ਇ, ਅ, ਉ) ਅੰਦਰਲੇ ਸਵਰ ਅਤੇ ਬਾਕੀ ਬਾਹਰਲੇ ਸਵਰ ਹਨ।
ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 54886, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no
ਸਵਰ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਵਰ [ਨਾਂਪੁ] (ਗਣਿ) ਭਾਸ਼ਾ ਦੀ ਉਹ ਧੁਨੀ ਜੋ ਮੂੰਹ ਵਿੱਚ ਬਿਨਾਂ ਕਿਸੇ ਰੁਕਾਵਟ ਪਿਆਂ ਉਚਾਰੀ ਜਾਂਦੀ ਹੈ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 54814, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸਵਰ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਵਰ. ਸੰ. ਸ਼ਵਰ. ਸੰਗ੍ਯਾ—ਭਿੱਲ ਜਾਤਿ. ਇੱਕ ਨੀਚ ਜਾਤਿ, ਜੋ ਭੀਲਾਂ ਨਾਲ ਮਿਲਦੀ ਹੈ.1 ਦੇਖੋ, ਸਬਰੀ। ੨ ਸ਼ਿਵ. ਮਹਾਦੇਵ। ੩ ਫ਼ਾ ਸ਼ੌਹਰ. ਲਾੜਾ. ਪਤੀ. ਭਰਤਾ. “ਪਿਰੁ ਰਾਵਿਅੜਾ ਸਚੁ ਸਵਰਾ.” (ਵਡ ਮ: ੪) ਸੱਚਾ ਸ਼ੌਹਰ। ੪ ਮੀਮਾਂਸਾ ਸੂਤ੍ਰਾਂ ਦਾ ਭਾਕਾਰ, ਸ਼ਵਰ, ਜੋ ਵੱਡਾ ਵਿਦਵਾਨ ਹੋਇਆ ਹੈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 54265, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First