ਸਵਾਂਗ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਸਵਾਂਗ : ਪੰਜਾਬ ਦੀ ‘ਲੋਕ-ਨਾਟ` ਪਰੰਪਰਾ ਵਿੱਚ ‘ਸਵਾਂਗ` ਇੱਕ ਲੋਕ ਨਾਟਕ ਰੂਪ ਵਜੋਂ ਪ੍ਰਚਲਿਤ ਹੈ। ‘ਸਵਾਂਗ` ਸ਼ਬਦ ਤੋਂ ਹੀ ਸਪਸ਼ਟ ਹੋ ਜਾਂਦਾ ਹੈ ਕਿ ਇਸ ਦਾ ਭਾਵ ‘ਸਾਂਗ` ਤੋਂ ਹੈ ਭਾਵ ਕਿਸੇ ਦੀ ਨਕਲ ਲਾਹੁਣਾ ਜਾਂ ‘ਸਾਂਗ` ਤੋਂ ਭਾਵ ਹੈ ‘ਸਾਂਗ ਧਾਰਨਾ` ਭਾਵ ਕਿਸੇ ਦੇ ਵਿਅਕਤਿਤਵ ਦਾ ‘ਸਰੂਪ` ਧਾਰਨ ਕਰ ਲੈਣਾ। ਪੰਜਾਬ ਦੇ ਗੁਆਂਢੀ ਪ੍ਰਾਂਤ ‘ਹਰਿਆਣਾ` (ਪੁਰਾਣੇ ਪੰਜਾਬ ਦਾ ਹਿੱਸਾ) ਵਿੱਚ ਵੀ ‘ਸਵਾਂਗ` ਪ੍ਰਚਲਿਤ ਹੈ। ਉੱਤਰ ਪ੍ਰਦੇਸ਼ ਵਿੱਚ ਮਿਲਦੀ- ਜੁਲਦੀ ਲੋਕ ਨਾਟਕ ਪਰੰਪਰਾ ‘ਨੌਟੰਕੀ` ਹੈ। ਪੰਜਾਬ ਦੇ ਪ੍ਰਸਿੱਧ ਲੋਕ-ਨਾਟ ਰੂਪਾਂ ਵਿੱਚ ‘ਸਵਾਂਗ` ਇੱਕ ਅਜਿਹਾ ਨਾਟ-ਰੂਪ ਹੈ ਜਿਸ ਨੂੰ ਕਿਤੇ-ਕਿਤੇ ‘ਨੌਟੰਕੀ` ਵੀ ਕਿਹਾ ਜਾਂਦਾ ਹੈ। ਭਾਵ ਇਹ ਕਿ ਪੰਜਾਬ ਵਿੱਚ ਸਵਾਂਗ ਤੇ ਨੌਟੰਕੀ ਨੂੰ ਇੱਕ-ਦੂਜੇ ਦਾ ਪਰਿਆਇ ਹੀ ਮੰਨਿਆ ਜਾਂਦਾ ਹੈ। ਭਾਵੇਂ ਉੱਤਰੀ ਭਾਰਤ ਵਿੱਚ ਇਹ ਵੱਖੋ-ਵੱਖਰੇ ਲੋਕ ਨਾਟ-ਰੂਪ ਹਨ। ਪੰਜਾਬ ਵਿੱਚ ਸਵਾਂਗ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹਨ। ਪਵਿੱਤਰ ਗੁਰਬਾਣੀ ਦੀਆਂ ਟੂਕਾਂ ਅਜਿਹੀਆਂ ਹਨ ਜਿਨ੍ਹਾਂ ਵਿੱਚ ‘ਸਵਾਂਗ` ਸ਼ਬਦ ਦੀ ਵਰਤੋਂ ਹੋਈ ਹੈ :
ਬਾਜੀਗਰ ਸ੍ਵਾਂਗੁ ਸਕੇਲਾ
ਆਪਣੇ ਰੰਗ ਰਵੈ ਅਕੇਲਾ।
ਨਾਨਾ ਰੂਪ ਜਿਉ ਸ੍ਵਾਗੀ ਦਿਖਾਵੈ
ਜਿਉ ਪ੍ਰਭੂ ਭਾਵੈ ਤਿਵੈ ਨਚਾਵੈ।
ਅਨਿਕ ਸ੍ਵਾਂਗ ਕਾਛੇ ਭੇਖ ਧਾਰੀ
ਜੈਸੋ ਸਾ ਤੈਸੋ ਦ੍ਰਿਸਟਾਰੀ।
ਸਵਾਂਗ/ਨੌਟੰਕੀ ਦੀ ਜੋ ਪਰੰਪਰਾ ਪੰਜਾਬ ਅਤੇ ਉੱਤਰੀ ਭਾਰਤ ਵਿੱਚ ਪ੍ਰਚਲਿਤ ਸੀ ਇਹ ਨਿਰੋਲ ਸੰਗੀਤਕ ਢੰਗ ਨਾਲ ਸਾਜ਼ਾਂ ਤੇ ਸਾਜ਼ਿੰਦਿਆਂ ਦੀ ਮਦਦ ਨਾਲ ਚਲਾਈ ਜਾਣ ਵਾਲੀ ਪਰੰਪਰਾ ਸੀ ਜਿਸ ਵਿੱਚ ਹੀਰ ਰਾਂਝਾ, ਸੱਸੀ ਪੁੰਨੂੰ, ਰਾਜਾ ਰਸਾਲੂ, ਟੁੰਡੇ ਅਸਰਾਜੇ, ਭਰਤਰੀਹਰੀ, ਨਲ ਦਮਯੰਤੀ ਵਰਗੀਆਂ ਕਥਾਵਾਂ ਗਾਇਨ ਸ਼ੈਲੀ ਵਿੱਚ ਪ੍ਰਸਤੁਤ ਕੀਤੀਆਂ ਜਾਂਦੀਆਂ ਸਨ। ਅਸਲ ਵਿੱਚ ਲੋਕ- ਨਾਟ ਰੂਪ ਦਾ ਵਧੇਰੇ ਕਥਾਨਕ ਪੰਜਾਬ ਦੀ ਕਿੱਸਾ ਪੰਰਪਰਾ ਨਾਲ ਮਿਲਦਾ-ਜੁਲਦਾ ਹੈ। ਭਾਰਤ ਵਿੱਚ ਰਚੇ ਜਾਂਦੇ ਕਿੱਸਿਆਂ ਨੂੰ ਵਧੇਰੇ ਨਾਟਕੀ ਛੂਹਾਂ ਦੇ ਕੁੱਝ ਪਾਤਰਾਂ ਦੀ ਮਦਦ ਨਾਲ ਮੰਚ ਤੇ ਪ੍ਰਸਤੁਤ ਕਰਨ ਨਾਲ ਹੀ ‘ਸਵਾਂਗ` ਰੂਪ ਦਾ ਪੰਜਾਬ ਵਿੱਚ ਵਧੇਰੇ ਪ੍ਰਚਲਨ ਹੋਇਆ ਹੈ।
ਸਵਾਂਗ ਦੀ ਕਥਾ-ਉਸਾਰੀ ਭਾਵ ਕਥਾਨਕ ਵਿੱਚ ਭਾਵੇਂ ਕਈ-ਕਈ ਔਰਤ ਪਾਤਰ ਹੁੰਦੇ ਹਨ ਪਰੰਤੂ ਔਰਤ ਪਾਤਰਾਂ ਦੀ ਭੂਮਿਕਾ ਮਰਦ ਪਾਤਰ ਹੀ ਨਿਭਾਉਂਦੇ ਹਨ। ਇਸ ਵਿੱਚ ਵਰਤੇ ਜਾਂਦੇ ਪ੍ਰਮੁੱਖ ਸਾਜ਼ ਹਨ-ਨਗਾੜਾ, ਹਾਰਮੋਨੀਅਮ ਆਦਿ। ਇਸ ਲੋਕ-ਨਾਟ ਰੂਪ ਵਿੱਚ ਲਾਵਨੀ, ਖਿਆਲ, ਚਾਦਰਾ, ਚੌਬੋਲਾ, ਕਵਾਲੀ, ਦੋਹਾ ਆਦਿ ਧੁਨਾਂ ਦਾ ਵਧੇਰੇ ਪ੍ਰਯੋਗ ਕੀਤਾ ਜਾਂਦਾ ਹੈ। ਇਸ ਦੀ ਪੇਸ਼ਕਾਰੀ ‘ਘੱਗਰੀ ਪਿੜ` ਵਿੱਚ ਹੁੰਦੀ ਹੈ ਭਾਵ ਆਲੇ-ਦੁਆਲੇ ਦਰਸ਼ਕ ਹੁੰਦੇ ਹਨ ਤੇ ਵਿਚਕਾਰ ਕਲਾਕਾਰ ਹੁੰਦੇ ਹਨ। ਆਮ ਤੌਰ ਤੇ ‘ਘੱਗਰੀ ਪਿੜ` ਵਿੱਚ ਬੈਠੇ ਦਰਸ਼ਕਾਂ ਸਾਮ੍ਹਣੇ ਸਵਾਂਗ ਦਾ ਅਰੰਭ ਦੇਵਤਿਆਂ ਦੀ ਪ੍ਰਸੰਸਾ ਦੇ ਰੂਪ ਵਿੱਚ ਭੇਟਾ ਗਾਉਣ ਨਾਲ ਹੁੰਦਾ ਹੈ। ਉਸ ਤੋਂ ਬਾਅਦ ਸੂਤਰਧਾਰ ਮੁੱਖ ਕਹਾਣੀ ਦਾ ਅਰੰਭ ਕਰਦਾ ਹੈ ਤੇ ਸਾਰੀ-ਸਾਰੀ ਰਾਤ ਭਿੰਨ-ਭਿੰਨ ‘ਸਵਾਂਗ` ਚੱਲਦੇ ਰਹਿੰਦੇ ਹਨ। ਅਸਲ ਵਿੱਚ ਹੋਰ ਲੋਕ-ਨਾਟ ਰੂਪਾਂ ਵਾਂਗ ਸਵਾਂਗ ਵੀ ਸੰਸਕ੍ਰਿਤ ਨਾਟ-ਸ਼ੈਲੀ ਦਾ ਹੀ ਵਿਗਠਿਤ ਰੂਪ ਜਾਪਦਾ ਹੈ ਕਿਉਂਕਿ ਇਸ ਵਿੱਚ ਸੰਸਕ੍ਰਿਤ ਨਾਟਕ ਸ਼ੈਲੀ ਵਾਲੇ ਨਟ-ਨਟੀ ਹੀ ਕਥਾ ਨੂੰ ਅੱਗੇ ਵਧਾਉਂਦੇ ਹਨ। ਪੰਜਾਬ ਵਿੱਚ ਪ੍ਰਚਲਿਤ ਹੋਣ ਕਾਰਨ ਪੰਜਾਬ ਦੀਆਂ ਲੋਕ-ਕਥਾਵਾਂ ਇਸ ਦਾ ਆਧਾਰ ਬਣਦੀਆਂ ਰਹੀਆਂ ਹਨ। ਇਸ ਦੇ ਨਾਲ ਹੀ ‘ਸਵਾਂਗ` ਪੰਜਾਬ ਦੇ ਲੋਕ-ਨਾਚ ‘ਗਿੱਧਾ` ਵਿੱਚ ‘ਸਾਂਗ` ਦੇ ਰੂਪ ਵਿੱਚ ਤਬਦੀਲ ਹੋਇਆ ਵੀ ਮਿਲਦਾ ਹੈ। ਇਸ ਨੂੰ ‘ਗਿੱਧਾ-ਨਾਟ` ਵੀ ਕਿਹਾ ਜਾਂਦਾ ਹੈ। ਨਮੂਨੇ ਵਜੋਂ ਨੂੰਹ-ਸੱਸ ਦਾ ਸੰਵਾਦੀ ਰਿਸ਼ਤਾ ਅਜਿਹੇ ‘ਸਾਂਗ` ਦਾ ਆਧਾਰ ਬਣਦਾ ਹੈ। ਉਦਾਹਰਨ ਵਜੋਂ :
ਨੂੰਹ : ਨੀ ਸੱਸੇ ਸੱਚ ਸੱਚ ਦੱਸ ਨੀ, ਦਿਓਰ ਵਾਰੀ ਨੀ ਕੀ ਸੀ ਖਾਧਾ? ਨੀ ਸੱਸੇ ਸੱਚ ਦੱਸ ਨੀ।
ਸੱਸ : ਖਾਧਾ ਸੀ ਫ਼ਲ ਟੋਕਰੀ ਅੰਗੂਰਾਂ ਦੀ। ਖਾਧਾ ਫ਼ਲ ਟੋਕਰੀ ਅੰਗੂਰਾਂ ਦੀ
ਮੁੜ ਨੂੰਹ ਵਲੋਂ ਆਪਣੇ ‘ਪਤੀ` ਬਾਰੇ ਪੁੱਛਣ ਤੇ ਸੱਸ ਜਵਾਬ ਦਿੰਦੀ ਹੈ :
ਸੱਸ : ਖਾਧਾ ਸੀ ਫ਼ਲ ਟੋਕਰੀ ਜਾਮਣ ਦੀ।
ਖਾਧਾ ਸੀ ਫ਼ਲ ਟੋਕਰੀ ਜਾਮਣ ਦੀ।
ਅਜੋਕੇ ਸਮੇਂ ਵਿੱਚ ਇਸ ਲੋਕ-ਨਾਟ ਰੂਪ ਨੂੰ ਜੀਵਤ ਰੱਖਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਪਿੱਛੇ ਜਿਹੇ ‘ਸਵਾਂਗ` ਨੂੰ ਯੂਥ ਫੈਸਟੀਵਲ ਦਾ ਹਿੱਸਾ ਬਣਾਇਆ ਗਿਆ ਹੈ ਜਿਸ ਨਾਲ ਨਵੀਂ ਪੀੜ੍ਹੀ ਇਸ ਲੋਕ-ਨਾਟ ਰੂਪ ਨਾਲ ਜੁੜੀ ਹੈ। ਇਸ ਕਾਰਨ ਇਸ ਲੋਕ-ਨਾਟ ਰੂਪ ਨੂੰ ਜਾਣਨ ਤੇ ਇਸ ਦੀ ਪੇਸ਼ਕਾਰੀ ਨੂੰ ਸਿੱਖਣ ਦੀ ਰੁਚੀ ਵਧੀ ਹੈ।
ਲੇਖਕ : ਸਤੀਸ਼ ਕੁਮਾਰ ਵਰਮਾ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 5157, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no
ਸਵਾਂਗ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਵਾਂਗ. ਸੰ. स्वाङ्ग. ਸੰਗ੍ਯਾ—ਸ੍ਵ (ਆਪਣਾ) ਅੰਗ (ਸ਼ਰੀਰ). ੨ ਆਪਣੇ ਸ਼ਰੀਰ ਉੱਪਰ ਕਿਸੇ ਹੋਰ ਦਾ ਧਾਰਨ ਕੀਤਾ ਹੋਇਆ ਲਿਬਾਸ । ੩ ਕਿਸੇ ਹੋਰ ਦਾ ਰੂਪ ਧਾਰਨ ਕੀਤਾ ਹੋਇਆ. ਸਾਂਗ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4978, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no
ਸਵਾਂਗ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਸਵਾਂਗ : ਇਸ ਦਾ ਸ਼ਾਬਦਿਕ ਅਰਥ ਹੈ ਰੂਪ ਜਾਂ ਭੇਖ ਧਾਰਨਾ। ਸਵਾਂਗ ਇਕ ਤਰ੍ਹਾਂ ਦਾ ਗੀਤ ਨਾਟ ਹੈ ਜਿਸ ਵਿਚ ਜਾਤੀ ਦੇ ਕਿਸੇ ਵਿਸ਼ੇਸ਼ ਵਿਅਕਤੀ ਦੀਆਂ ਭਾਵਨਾਵਾਂ, ਮਾਨਤਾਵਾਂ ਅਤੇ ਕਲਪਨਾਵਾਂ ਦੀ ਨਾਟਕੀ ਅਭਿਵਿਅਕਤੀ ਅਜਿਹੇ ਢੰਗ ਨਾਲ ਹੁੰਦੀ ਹੈ ਜਿਸ ਵਿਚੋਂ ਸਮਾਜਕ ਪ੍ਰਵਿਰਤੀਆਂ ਅਥਵਾ ਲੋਕ-ਜੀਵਨ ਸਜੀਵ ਹੋ ਉਠਦਾ ਹੈ।
ਸਵਾਂਗ ਮਨੋਰੰਜਨ ਦਾ ਇਕ ਸਾਧਨ ਹਨ। ਸਵਾਂਗ ਦਾ ਕਥਾਨਕ ਇੰਨਾ ਲੋਕ ਪ੍ਰਿਯ ਹੁੰਦਾ ਹੈ ਕਿ ਦਰਸ਼ਕਾਂ ਨੂੰ ਇਸ ਦੀ ਹਰ ਘਟਨਾ ਦਾ ਪਹਿਲਾਂ ਤੋਂ ਹੀ ਬੋਧ ਹੁੰਦਾ ਹੈ। ਇਸ ਲਈ ਜੋ ਸਵਾਂਗ ਦਰਸ਼ਕਾਂ ਨੂੰ ਆਪਣੀ ਨਿਜੀ ਹੋਂਦ ਵਿਚੋਂ ਕੱਢ ਕੇ ਯੁਗ-ਚੇਤਨਾ ਦੇ ਪ੍ਰਵਾਹ ਵਿਚ ਲੀਨ ਨਹੀਂ ਕਰਦਾ, ਉਹ ਸਫ਼ਲ ਸਵਾਂਗ ਨਹੀ ਕਿਹਾ ਜਾ ਸਕਦਾ। ਸਵਾਂਗ ਵਿਚ ਗੀਤ, ਨ੍ਰਿਤ ਅਤੇ ਸੰਗੀਤ ਦੀ ਤ੍ਰਿਵੇਣੀ ਇਕ ਰਸ ਹੋ ਕੇ ਪ੍ਰਵਾਹਿਤ ਹੁੰਦੀ ਹੈ। ਕਥਾ ਦਾ ਕੁਝ ਅੰਸ਼ ਅਭਿਨੈ ਦੁਆਰਾ ਅਤੇ ਕੁਝ ਨਾਚ ਗਾਣੇ ਦੁਆਰਾ ਪੇਸ਼ ਕੀਤਾ ਜਾਂਦਾ ਹੈ। ਸ਼ਬਦ ਭਾਵੇਂ ਥੋੜ੍ਹੇ ਹੁੰਦੇ ਹਨ ਪਰ ਕਈ ਵਾਰ ਇਕ ਇਕ ਵਾਕ ਵਿਚੋਂ ਯੁਗ ਬੋਲਦਾ ਹੈ ਅਤੇ ਅਤੀਤ ਸੁਰਜੀਤ ਹੋ ਉਠਦਾ ਹੈ।
ਸਵਾਂਗ ਦਾ ਸਭ ਤੋਂ ਖ਼ੂਬਸੂਰਤ ਪਹਿਲੂ ਕਾਵਿ-ਸੰਵਾਦ ਹਨ ਜਿਨ੍ਹਾਂ ਨੂੰ ਭਿੰਨ ਭਿੰਨ ਪਾਤਰ ਲੋਕ-ਧੁਨਾਂ ਵਿਚ ਗਾਉਂਦੇ ਹਨ। ਸਵਾਂਗ ਲਈ ਕਿਸੇ ਖਾਸ ਰੰਗ-ਮੰਚ ਦੀ ਲੋੜ ਨਹੀਂ ਹੁੰਦੀ। ਇਹ ਪਿੰਡ ਦੀ ਸੱਥ ਜਾਂ ਖੁਲ੍ਹੇ ਮੈਦਾਨ ਵਿਚ ਕਿਸੇ ਉੱਚੇ ਥੜ੍ਹੇ ਉਤੇ ਖੇਡਿਆ ਜਾਂਦਾ ਹੈ। ਛੋਟੇ ਛੋਟੇ ਸਵਾਂਗ ਤਾਂ ਸਵਾਣੀਆਂ ਘਰਾਂ ਦੇ ਵਿਹੜਿਆਂ ਵਿਚ ਹੀ ਸਿਰਜ ਲੈਂਦੀਆਂ ਹਨ। ਸਵਾਂਗ ਕਿਸੇ ਵੀ ਖੁਸ਼ੀ ਦੇ ਮੌਕੇ ਤੇ ਖੇਡੇ ਜਾਂਦੇ ਹਨ ਪਰ ਹੋਲੀ, ਬਸੰਤ ਅਤੇ ਹੋਰ ਪੁਰਬਾਂ ਉੱਤੇ ਇਹ ਵਿਸ਼ੇਸ਼ ਰੂਪ ਵਿਚ ਮਨੋਰੰਜਨ ਦਾ ਸਾਧਨ ਹਨ।
ਸਵਾਂਗ ਖੇਡਣ ਵਾਲਿਆਂ ਨੂੰ ਸਵਾਂਗੀ ਆਖਦੇ ਹਨ ਜੋ ਆਮ ਤੌਰ ਤੇ ਭੰਡ, ਮਰਾਸੀ ਅਤੇ ਭਗਤੀਏ ਹੁੰਦੇ ਹਨ। ਇਨ੍ਹਾਂ ਪੇਸ਼ਾਵਰ ਕਲਾਕਾਰਾਂ ਤੋਂ ਇਲਾਵਾ, ਪਿੰਡਾਂ ਦੀ ਹਰ ਸਵਾਣੀ ਜਿਵੇਂ ਲੋਕ ਗੀਤਾਂ ਦੀ ਗਾਇਕ ਹੈ, ਉਸੇ ਤਰ੍ਹਾਂ ਦੀ ਲੋਕ-ਨਾਟ ਦੀ ਕਲਾਕਾਰ ਵੀ। ਤੀਵੀਆਂ ਦੇ ਸਵਾਂਗਾਂ ਵਿਚ ਤੀਵੀਆਂ ਹੀ ਮਰਦਾਂ ਦਾ ਅਭਿਨੈ ਕਰਦੀਆਂ ਹਨ।
ਸਵਾਂਗ ਦੀ ਪਰੰਪਰਾ ਬਹੁਤ ਪ੍ਰਾਚੀਨ ਹੈ। ਸਵਾਂਗਾਂ ਦੀਆਂ ਕਈ ਸ਼ੈਲੀਆਂ ਅਤੇ ਰੂਪ ਹਨ। ਵਡੇ ਸਵਾਂਗ ਜਿਨ੍ਹਾਂ ਵਿਚ ਕਿਸੇ ਲੋਕ-ਨਾਇਕ ਦੇ ਜੀਵਨ ਦੀਆਂ ਅਨੇਕਾਂ ਝਾਕੀਆਂ ਦਿਖਾਈਆਂ ਜਾਂਦੀਆਂ ਹਨ, ਕਈ ਵਾਰ ਸਾਰੀ ਸਾਰੀ ਰਾਤ ਚਲਦੇ ਰਹਿੰਦੇ ਹਨ। ਛੋਟੇ ਸਵਾਂਗ ਆਮ ਤੌਰ ਤੇ ਵਿਆਹ ਦੇ ਦਿਨਾਂ ਵਿਚ ਸਵਾਣੀਆਂ ਢੋਲਕੀ ਤੇ ਗੀਤਾਂ ਨਾਲ ਕਰਦੀਆਂ ਹਨ।
ਪੰਜਾਬ ਵਿਚ ‘ਪੂਰਨ ਨਾਥ ਜੋਗੀ’, ‘ਗੋਪੀ ਚੰਦ’, ‘ਹਕੀਕਤ ਰਾਏ’, ‘ਸਤਿਵਾਦੀ ਹਰੀਸ਼ ਚੰਦਰ’, ‘ਰਾਜਾ ਨਲ’, ‘ਰਾਜਾ ਰਸਾਲੂ’, ‘ਸੱਸੀ ਪੁਨੂੰ’ ਅਤੇ ‘ਟੁੰਡੇ ਅਸਰਾਜੇ’ ਆਦਿ ਦੇ ਸਵਾਂਗ ਵਿਸ਼ੇਸ਼ ਤੌਰ ਤੇ ਲੋਕ ਪ੍ਰਿਯ ਹਨ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3595, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-11-12-15-33, ਹਵਾਲੇ/ਟਿੱਪਣੀਆਂ: ਹ. ਪੁ.–ਪੰ. ਲੋ. ਵਿ. ਕੋ. 3:595.; ਮ. ਕੋ
ਵਿਚਾਰ / ਸੁਝਾਅ
Please Login First