ਸਵੈ-ਇੱਛਾ ਨਾਲ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Voluntarily_ਸਵੈ-ਇੱਛਾ ਨਾਲ: ‘‘ਸਵੈ-ਇੱਛਾ ਨਾਲ’’ ਵਾਕੰਸ਼ ਨੂੰ ਪਰਿਭਾਸ਼ਤ ਕਰਦੇ ਹੋਏ ਭਾਰਤੀ ਦੰਡ ਸੰਘਤਾ , 1860 ਦੀ ਧਾਰਾ 39 ਵਿਚ ਕਿਹਾ ਗਿਆ ਹੈ, ਕੋਈ ਵਿਅਕਤੀ ਕਿਸੇ ਪਰਿਣਾਮ ਨੂੰ ਸਵੈ-ਇੱਛਾ ਨਾਲ ਕਾਰਤ ਕਰਦਾ ਤਦ ਕਿਹਾ ਜਾਂਦਾ ਹੈ ਜਦ ਉਹ ਉਸ ਨੂੰ ਉਨ੍ਹਾਂ ਸਾਧਨਾਂ ਦੁਆਰਾ ਕਾਰਤ ਕਰਦਾ ਹੈ ਜਿਨ੍ਹਾਂ ਦੁਆਰਾ ਕਾਰਤ ਕਰਨ ਦਾ ਉਸ ਦਾ ਇਰਾਦਾ ਸੀ , ਜਾਂ ਉਨ੍ਹਾਂ ਸਾਧਨਾਂ ਦੁਆਰਾ ਕਾਰਤ ਕਰਦਾ ਹੈ, ਜਿਨ੍ਹਾਂ ਸਾਧਨਾਂ ਨੂੰ ਵਰਤੋਂ ਵਿਚ ਲਿਆਉਣ ਸਮੇਂ ਉਹ ਇਹ ਜਾਣਦਾ ਸੀ, ਜਾਂ ਇਹ ਵਿਸ਼ਵਾਸ ਕਰਨ ਦਾ ਕਾਰਨ ਰਖਦਾ ਸੀ ਕਿ ਉਨ੍ਹਾਂ ਨਾਲ ਉਸ ਦਾ ਕਾਰਤ ਹੋਣਾ ਸੰਭਾਵੀ ਹੈ।’’ ਕੇਰਲ ਉੱਚ ਅਦਾਲਤ ਨੇ ਅਬਦੁਲ ਮਜੀਦ ਬਨਾਮ ਕੇਰਲ ਰਾਜ (1994 ਕ੍ਰਿ ਲ ਜ1404) ਵਿਚ ਇਸ ਪਰਿਭਾਸ਼ਾ ਬਾਰੇ ਕਿਹਾ ਹੈ ਕਿ ਇਸ ਪਰਿਭਾਸ਼ਾ ਵਿਚ ‘‘ਇਸ ਸ਼ਬਦ ਨੂੰ ਅਜਿਹੇ ਵਿਲਖਣ ਅਰਥ ਦਿੱਤੇ ਗਏ ਹਨ ਜੋ ਆਮ ਕਰਕੇ ਉਸ ਨੂੰ ਦਿੱਤੇ ਜਾਂਦੇ ਸਾਧਾਰਨ ਅਰਥਾਂ ਤੋਂ ਵਖਰੇ ਹਨ।’’ ਲੇਕਿਨ ਫ਼ੌਜਦਾਰੀ ਕਾਨੂੰਨ ਵਿਚ ਇਹ ਪਰਿਭਾਸ਼ਾ ਨਿਆਂ ਕਰਨ ਵਿਚ ਬਹੁਤ ਸਹਾਈ ਹੁੰਦੀ ਹੈ, ਕਿਉਂ ਕਿ ਫ਼ੌਜਦਾਰੀ ਕੇਸਾਂ , ਖ਼ਾਸ ਕਰ ਕਤਲ ਅਤੇ ਸਖ਼ਤ ਸੱਟ ਦੇ ਕੇਸਾਂ ਵਿਚ ਵਰਤੇ ਗਏ ਹੱਥਿਆਰ ਤੋਂ ਮੁਲਜ਼ਮ ਦੇ ਇਰਾਦੇ ਬਾਬਤ ਸੂਹ ਮਿਲ ਸਕਦੀ ਹੈ।
ਅਬਦੁਲ ਸਲਾਮ ਬਨਾਮ ਭਾਰਤ ਦਾ ਸੰਘ (ਏ ਆਈ ਆਰ 1969 ਇਲਾ. 223) ਵਿਚ ਅਦਾਲਤ ਦਾ ਕਹਿਣਾ ਹੈ, ‘‘ਸਵੈ-ਇੱਛਾ ਨਾਲ’ ਦਾ ਮਤਲਬ ਹੈ ਕਿ ਕੋਈ ਕਥਤ ਗੱਲ ਕਰਨ ਵਾਲੇ ਵਿਅਕਤੀ ਨੇ ਆਪਣੀ ਮਰਜ਼ੀ ਨਾਲ ਕੰਮ ਕੀਤਾ ਹੈ ਅਤੇ ਉਸ ਨੂੰ ਉਸ ਦੁਆਰਾ ਕੀਤੇ ਗਏ ਕੰਮ ਦੀ ਪ੍ਰਕਿਰਤੀ ਦੀ ਜਾਣਕਾਰੀ ਸੀ, ਅਤੇ ਉਸ ਨੇ ਉਹ ਕੰਮ ਕਿਸੇ ਕਾਨੂੰਨੀ ਕਰਤੱਵ ਦੀ ਪਾਲਣਾ ਵਿਚ ਜਾਂ ਕਿਸੇ ਮਜਬੂਰੀ ਕਾਰਨ ਜਾਂ ਫ਼ਰਾਡ ਜਾਂ ਗ਼ਲਤ ਦਰਸਾਵੇ ਜਾਂ ਭੁੱਲ ਦੇ ਕਾਰਨ ਨਹੀਂ ਕੀਤਾ।
ਗੋਲਕ ਚੰਦਰ ਨਾਇਰ ਬਨਾਮ ਉੜੀਸਾ ਰਾਜ [(1992) 74 ਕੱਟਕ ਐਲ ਟੀ 449] ਵਿਚ ਉੜੀਸਾ ਉੱਚ ਅਦਾਲਤ ਨੇ ਕਿਹਾ ਹੈ, ‘‘ਜਿਥੇ ਅਰਜ਼ੀਦਾਰ ਨੇ ਕੋਈ ਕੰਮ ਸਖ਼ਤ ਸੱਟ ਕਾਰਤ ਕਰਨ ਦੇ ਇਰਾਦੇ ਨਾਲ ਨ ਕੀਤਾ ਹੋਵੇ ਜਾਂ ਇਹ ਜਾਣਦੇ ਹੋਏ ਨ ਕੀਤਾ ਹੋਵੇ ਕਿ ਉਸ ਦੁਆਰਾ ਸਖ਼ਤ ਸਟ ਕਾਰਤ ਹੋਣਾ ਸੰਭਾਵੀ ਹੈ, ਉਥੇ ਸਵੈ-ਇੱਛਾ ਨਾਲ ਸਖ਼ਤ ਸਟ ਕਾਰਤ ਕਰਨ ਦੇ ਲਾਜ਼ਮੀ ਜੁਜ਼ ਮੌਜੂਦ ਨਹੀਂ ਹੁੰਦੇ , ਜਿਸ ਕਾਰਨ ਉਹ ਕੇਸ ਧਾਰਾ 326 ਅਧੀਨ ਨਹੀਂ ਆਉਂਦਾ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4197, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First