ਸਾਮਵੇਦ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਸਾਮਵੇਦ : ‘ਸਾਮਵੇਦ` ਸ਼ਬਦ ਦੋ ਸ਼ਬਦਾਂ ਨੂੰ ਮਿਲਾ ਕੇ ਬਣਿਆ ਹੈ, ‘ਸਾਮ` ਅਤੇ ‘ਵੇਦ`। ‘ਵੇਦ` ਸ਼ਬਦ ਦਾ ਅਰਥ ਹੁੰਦਾ ਹੈ ‘ਗਿਆਨ` ਅਤੇ ‘ਸਾਮ` ਸ਼ਬਦ ਦਾ ਅਰਥ ਹੁੰਦਾ ਹੈ ‘ਸੁੱਖ ਦੇਣ ਵਾਲਾ ਵਚਨ`, ‘ਸੁੰਦਰ ਵਚਨ`। ‘ਸਾਮ` ਦਾ ਅਰਥ ‘ਸੰਗੀਤ` ਜਾਂ ‘ਗਾਣਾ` ਵੀ ਹੁੰਦਾ ਹੈ। ਵੇਦ ਮੰਤਰਾਂ ਦਾ ਉਚਾਰਨ ਕਰਨ ਵਾਲੇ ਗੁਰੂ ਨੂੰ ‘ਉਦਗਾਤਾ` ਕਿਹਾ ਜਾਂਦਾ ਸੀ। ਇਹ ‘ਸਾਮਵੇਦ` ਦੇ ਸੰਗੀਤ-ਪਰਕ ਮੰਤਰਾਂ ਨੂੰ ਗਾ ਕੇ ਦੇਵਤਿਆਂ ਨੂੰ ਖ਼ੁਸ਼ ਕਰਦਾ ਸੀ। ਸੰਗੀਤ ਸ਼ਾਸਤਰ ਦਾ ਜਨਮ ਇਸੇ ਵੇਦ ਤੋਂ ਹੋਇਆ ਮੰਨਿਆ ਜਾਂਦਾ ਹੈ। ‘ਰਿਗਵੇਦ` ਅਤੇ ‘ਯਜੁਰਵੇਦ` ਦੇ ਗਾਏ ਜਾ ਸਕਣ ਵਾਲੇ ਮੰਤਰ ਸਾਮਵੇਦ ਵਿੱਚ ਆ ਗਏ ਹਨ।
‘ਸਾਮਵੇਦ` ਦੇ ਜ਼ਿਆਦਾਤਰ ਮੰਤਰ ‘ਗਾਇਤਰੀ` ਅਤੇ ‘ਜਗਤੀ` ਛੰਦਾਂ ਵਿੱਚ ਹਨ। ‘ਗਾਇਤਰੀ` ਦਾ ਅਰਥ ਵੀ ‘ਗਾਇਆ` ਜਾਣ ਵਾਲਾ ਹੁੰਦਾ ਹੈ ਅਤੇ ਜਗਤੀ ਦਾ ਅਰਥ ਵੀ ਇਸ ਤਰ੍ਹਾਂ ਸਾਰੇ ਦਾ ਸਾਰਾ ‘ਸਾਮਵੇਦ` ਸੰਗੀਤ ਵਿੱਚ ਬੰਨ੍ਹਿਆ ਹੋਇਆ ਹੈ।
ਚਾਰੋ ਵੇਦਾਂ (ਰਿਗਵੇਦ, ਯਜੁਰਵੇਦ, ਸਾਮਵੇਦ ਅਤੇ ਅਥਰਵ ਵੇਦ) ਵਿੱਚੋਂ ਸਭ ਤੋਂ ਛੋਟਾ ਵੇਦ ‘ਸਾਮਵੇਦ` ਹੈ। ਇਸ ਵਿੱਚ 1875 ਮੰਤਰ ਹਨ। ਇਹਨਾਂ ਵਿੱਚ 69 ਮੰਤਰਾਂ ਨੂੰ ਛੱਡ ਦੇਈਏ ਤਾਂ ਬਾਕੀ ਸਾਰੇ ਮੰਤਰ ‘ਰਿਗਵੇਦ` ਤੋਂ ਲਏ ਗਏ ਹਨ। 17 ਮੰਤਰ ‘ਯਜੁਰਵੇਦ` ਅਤੇ ‘ਅਥਰਵਵੇਦ` ਦੇ ਹਨ ਫੇਰ ਵੀ ਇਹਨਾਂ ਦੀ ਮਹੱਤਤਾ ਬਹੁਤ ਜ਼ਿਆਦਾ ਹੈ। ਗੀਤਾਂ ਵਿੱਚ ਭਗਵਾਨ ਕ੍ਰਿਸ਼ਨ ਨੇ ਅਰਜੁਨ ਨੂੰ ਕਿਹਾ ਸੀ ਕਿ ‘ਮੈਂ ਵੇਦਾਂ ਵਿੱਚੋਂ ਸਾਮਵੇਦ ਹਾਂ।`
‘ਸਾਮ` ਸ਼ਬਦ ਦਾ ਸਧਾਰਨ ਅਰਥ ਹੈ- ‘ਸ਼ਸਵਰ ਗਾਇਨ`। ਰਿਗਵੇਦ ਤੋਂ ਲਏ ਗਏ ਮੰਤਰਾਂ ਨੂੰ ਸੰਗੀਤ ਦਾ ਆਧਾਰ ਸਾਮਵੇਦ ਵਿੱਚ ਦਿੱਤਾ ਗਿਆ ਹੈ। ਇਸ ਲਈ ‘ਸਾਮਾ` (ਸ+ਅਮ) ਦਾ ਅਰਥ ਹੈ ‘ਸਾ` ਅਰਥ ਰਿਗਵੇਦ ਦੇ ਮੰਤਰ ਅਤੇ ‘ਅਮ` ਦਾ ਅਰਥ ਸਡਜ਼, ਰਿਸ਼ਬ, ਗਾਂਧਾਰ ਆਦਿ (ਸ,ਰ,ਗ) ਸ੍ਵਰ। ਰਿਗਵੇਦ ਦੇ ਜਿਨ੍ਹਾਂ ਮੰਤਰਾਂ ਨੂੰ ਸਾਮ ਦੇ ਆਧਾਰ ਤੇ ਗਾਇਆ ਜਾਂਦਾ ਸੀ, ਉਹਨਾਂ ਨੂੰ ‘ਸਾਮਯੋਨੀ` ਕਿਹਾ ਜਾਂਦਾ ਸੀ। ਰਿਗਵੇਦ ਦੇ ਮੰਤਰਾਂ ਅਤੇ ਸਾਮਵੇਦ ਦੇ ਸੰਗੀਤਮਈ ਆਧਾਰੀ ਨੂੰ ਪਤੀ-ਪਤਨੀ ਦੇ ਸੰਬੰਧ ਦੇ ਰੂਪ ਵਿੱਚ ਵੀ ਸਮਝਾਇਆ ਗਿਆ ਹੈ। ਸਾਮ ਪਤੀ ਹੈ, ਰਿਗ (ਰਿਯ) ਪਤਨੀ ਹੈ, ਸਾਮ ਅਕਾਸ਼ ਹੈ, ਰਿਗ ਪ੍ਰਿਥਵੀ ਹੈ।
ਸਾਮਵੇਦ ਦੇ ਦੋ ਪ੍ਰਧਾਨ ਭਾਗ ਹਨ-ਆਰਚਿਕ ਅਤੇ ਗਾਣ। ‘ਆਰਚਿਕ` ਦਾ ਅਰਥ ਹੈ-ਰਿਗਵੇਦ ਦੇ ਮੰਤਰਾਂ ਦਾ ਸਮੂਹ। ਇਸ ਆਰਚਿਕ ਦੇ ਵੀ ਦੋ ਉਪਭਾਗ ਹਨ-ਪੂਰਬ ਆਰਚਿਕ ਅਤੇ ਉੱਤਰ ਆਰਚਿਕ। ਪੂਰਬ ਆਰਚਿਕ ਵਿੱਚ ਛੇ ਪ੍ਰਪਾਠਕ ਜਾਂ ਪਾਠ ਹਨ। ਹਰੇਕ ਪਾਠ ਵਿੱਚ ਦੋ ‘ਅਰਥ` ਜਾਂ ਖੰਡ ਹਨ। ਹਰੇਕ ਖੰਡ ਵਿੱਚ ਇੱਕ ‘ਦਸਤੀ` ਹੈ ਅਤੇ ਹਰੇਕ ‘ਦਸਤੀ` ਵਿੱਚ ਲਗਪਗ ਦਸ ਮੰਤਰ ਹਨ। ਇਸੇ ਤਰ੍ਹਾਂ ਉਤਰਾਰਚਿਕ ਵਿੱਚ ਨੌਂ ਪਾਠ ਹਨ।
ਭਗਵਤਪੁਰਾਣ ਵਿੱਚ ਕਿਹਾ ਗਿਆ ਹੈ ਕਿ ਮਹਾਂਰਿਸ਼ੀ ਵੇਦਵਿਆਸ ਨੇ ਆਪਣੇ ਚੇਲੇ ਜੈਮਨੀ ਨੂੰ ‘ਸਾਮ` ਦੀ ਸਿੱਖਿਆ ਦਿੱਤੀ ਸੀ। ਇਸੇ ਪ੍ਰਕਾਰ ਜੈਮਨੀ ਨੂੰ ਸਾਮ ਦਾ ਪਹਿਲਾ ਗੁਰੂ ਮੰਨਿਆ ਜਾਂਦਾ ਹੈ। ਭਾਰਤੀ ਸੰਗੀਤ ਸ਼ਾਸਤਰ ਦਾ ਆਧਾਰ ਇਹ ਹੀ ਸਾਮਗਾਨ ਹੈ। ਇਸ ਦਾ ਆਧਾਰ ਲੈ ਕੇ ਚਾਰ ਪ੍ਰਕਾਰ ਦੇ ਗਾਣ ਗ੍ਰੰਥ ਬਣੇ-ਰੇਯ ਗਾਣ, ਆਰਣਯਕ ਗਾਣ, ਊਹ ਗਾਣ ਅਤੇ ਊਹਯ ਗਾਣ। ਨਾਰਦ ਸਿੱਖਿਆ ਨਾਮਕ ਗ੍ਰੰਥ ਵਿੱਚ ਮੰਨਿਆ ਗਿਆ ਹੈ ਕਿ ਸਾਮਵੇਦ ਵਿੱਚ ਸ੍ਵਰ-ਮੰਡਲ ਇਸ ਪ੍ਰਕਾਰ ਹੈ-ਸੱਤ ਸੁਰ (ਸ਼ਡਜ=ਸ, ਰਿਸ਼ੱਭ-ਰੇ, ਗਾਂਧਾਰ-ਗ, ਮੱਧਮ-ਮ, ਪੰਚਮ=ਪ, ਧੈਵਤ=ਧ ਅਤੇ ਨਿਸ਼ਾਦ=ਨਿ) ਉਗ੍ਰਾਮ, 21 ਮੂਰਛਨਾ ਅਤੇ 49 ਤਾਨ।
ਵੈਦਿਕ ਮੰਤਰਾਂ ਨੂੰ ਜਦ ਬਿਨਾਂ ਗਾਏ ਪੜ੍ਹਿਆ ਜਾਂਦਾ ਸੀ ਤਾਂ ਇਸ ਪ੍ਰਕਾਰ ਗਾਇਨ ਵਿਹੀਨ ਪਾਠ ਨੂੰ ‘ਸ਼ਸਤਰ` ਕਿਹਾ ਜਾਂਦਾ ਸੀ। ਇਸ ਲਈ ‘ਰਿਗਵੇਦ` ਦੇ ਮੰਤਰ ‘ਸ਼ਸਤਰ` ਹਨ। ਜਦੋਂ ਗਾਇਨ ਸਮੇਂ ਮੰਤਰਾਂ ਨੂੰ ਪੜ੍ਹਿਆ ਜਾਂਦਾ ਸੀ ਤਾਂ ਇਹਨਾਂ ਨੂੰ ‘ਸਤੋਮ` (ਸਤੁਤਿ) ਕਹਿੰਦੇ ਸੀ। ਜੱਗ ਕਰਦੇ ਸਮੇਂ ਇਹਨਾਂ ਸਤੋਮਾਂ ਦਾ ਪ੍ਰਯੋਗ ਹੁੰਦਾ ਸੀ।
ਸਮੂਹ ਗਾਇਨ ਪੰਜ ਭਾਗਾਂ ਵਿੱਚ ਪੂਰਾ ਹੁੰਦਾ ਸੀ। ਇਹ ਭਾਗ ਹਨ-ਪ੍ਰਸਤਾਵ, ਉਦਗੀਧ, ਪ੍ਰਤੀਹਾਰ, ਉਪਦ੍ਰਵ ਅਤੇ ਨਿਧਨ। ਮੰਤਰ ਦੇ ਅਰੰਭਿਕ ਭਾਗ ਨੂੰ ‘ਪ੍ਰਸਤਾਵ` ਕਿਹਾ ਜਾਂਦਾ ਸੀ। ਇਸ ਦਾ ਅਰੰਭ ‘ਹੁੰ` ਤੋਂ ਹੁੰਦਾ ਸੀ। ਇਸ ਨੂੰ ‘ਪ੍ਰਸਤੋਤਾ` ਨਾਮਕ ਰਿੱਤਵਿਜ਼ (ਪਰੋਹਤ) ਗਾਉਂਦਾ ਸੀ।‘ਪ੍ਰਤੀਹਾਰ` ਵਿੱਚ ਦੋ ਟੁਕੜੇ ਹੁੰਦੇ ਸਨ। ਇਸ ਨੂੰ ‘ਪ੍ਰਤੀਹਰਤਾ` ਨਾਮਕ ਰਿੱਤਵਿਜ਼ ਗਾਉਂਦਾ ਸੀ। ਪ੍ਰਤੀਹਾਰ ਦਾ ਸ਼ਾਬਦਿਕ ਅਰਥ ਹੀ ਹੁੰਦਾ ਹੈ-ਦੋ ਨੂੰ ਜੋੜਨ ਵਾਲਾ। ‘ਉਪਦ੍ਰਵ` ਨੂੰ ‘ਉਦਗਾਤਾ`, ਪ੍ਰਤੀਹਾਰਤਾ ਇੱਕੋ ਸਾਰ ਮਿਲ ਕੇ ਕਰਦੇ ਸਨ।
ਸਾਮਵੇਦ ਵਿੱਚ ਬਹੁਤ ਹੀ ਉਪਯੋਗੀ ਸਿੱਖਿਆਵਾਂ ਦਿੱਤੀਆਂ ਗਈਆਂ ਹਨ। ਇੱਕ ਮੰਤਰ ਵਿੱਚ ਅਗਨੀ ਨੂੰ ਪ੍ਰਾਰਥਨਾ ਕੀਤੀ ਗਈ ਹੈ ਜੋ ਦੂਜਿਆਂ ਦਾ ਹਿੱਸਾ ਹੜੱਪਣਾ ਚਾਹੁੰਦੇ ਹਨ ਉਹਨਾਂ ਤੋਂ ਸਾਡੀ ਰੱਖਿਆ ਕਰੋ। ਇਹੋ ਗੱਲ ਇੱਕ ਦੋ ਹੋਰ ਮੰਤਰਾਂ ਵਿੱਚ ਵੀ ਕੀਤੀ ਗਈ ਹੈ। ਇੱਕ ਹੋਰ ਮੰਤਰ ਵਿੱਚ ਉੱਦਮ ਦੀ ਪ੍ਰਸੰਸਾ ਕੀਤੀ ਗਈ ਹੈ ਅਤੇ ਆਲਸ ਦੀ ਨਿੰਦਾ ਕੀਤੀ ਗਈ ਹੈ। ਇੱਕ ਮੰਤਰ ਵਿੱਚ ਅਗਿਆਨ ਨੂੰ ਔਗੁਣ ਅਤੇ ਗਿਆਨ ਨੂੰ ਚੰਗਾ ਗੁਣ ਦੱਸਿਆ ਗਿਆ ਹੈ। ਇਸ ਪ੍ਰਕਾਰ ਸਦਾਚਾਰ, ਦਾਨ, ਪਰਉਪਕਾਰ, ਭਗਤੀਭਾਵ, ਸੱਤ, ਆਤਮਸੁਧਾਰ, ਨਿਆਂ ਅਤੇ ਮੁਕਤੀ ਦੇ ਸੰਬੰਧ ਵਿੱਚ ਅਨੇਕ ਰਚਨਾਵਾਂ ਇਸ ਵੇਦ ਵਿੱਚ ਆਈਆਂ ਹਨ।
ਲੇਖਕ : ਜੈ ਪ੍ਰਕਾਸ਼,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 5530, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no
ਸਾਮਵੇਦ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਾਮਵੇਦ [ਨਿਪੁ] ਚਾਰਾਂ ਵੇਦਾਂ ਵਿੱਚੋਂ ਇੱਕ ਵੇਦ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5520, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸਾਮਵੇਦ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਾਮਵੇਦ. ਦੇਖੋ, ਵੇਦ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5366, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no
ਸਾਮਵੇਦ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ
ਸਾਮਵੇਦ : ਸਾਮਵੇਦ ਭਾਰਤ ਦੇ ਪ੍ਰਸਿੱਧ ਵੇਦਾਂ ਵਿਚੋਂ ਇਕ ਹੈ। ਰਿਗਵੇਦ, ਯਜੁਰਵੇਦ, ਸਾਮਵੇਦ ਤੇ ਅਥਰਵਵੇਦ ਆਦਿ ਚਾਰੇ ਵੇਦਾਂ ਨੂੰ ਮਿਲਾ ਕੇ ਇਕ ਹੀ ‘ਵੇਦ ਗ੍ਰੰਥ’ ਸਮਝਿਆ ਜਾਂਦਾ ਸੀ ਪਰ ‘ਵੇਦ’ ਦਾ ਅਧਿਐਨ ਕਠਿਨ ਪਰਤੀਤ ਹੋਣ ਕਰਕੇ ਵੇਦ ਦੇ ਤਿੰਨ ਜਾਂ ਚਾਰ ਭਾਗ ਕਰ ਦਿੱਤੇ ਗਏ। ਜਿਨ੍ਹਾਂ ਨੂੰ ‘ਵੇਦਤ੍ਰਯੀ’ ਜਾਂ ‘ਚਤੁਰਵੇਦ’ ਆਖਦੇ ਹਨ। ‘ਵੇਦਤ੍ਰਯੀ’ ਅਨੁਸਾਰ ਵੇਦ ਦੇ ਪਦ ਭਾਗ ਨੂੰ ‘ਰਿਗਵੇਦ’ ਤੇ ‘ਅਥਰਵਵੇਦ’, ਗੱਦ ਭਾਗ ਨੂੰ ‘ਯਜੁਰ’ ਅਤੇ ਗਾਇਨ ਭਾਗ ਨੂੰ ‘ਸਾਮਵੇਦ’ ਦਾ ਨਾਂ ਦਿੱਤਾ ਗਿਆ ਹੈ। ਵੇਦਾਂ ਦੇ ਰਚਨਕਾਲ ਤੇ ਰਚਨਹਾਰ ਬਾਰੇ ਨਿਸ਼ਚਿਤ ਰੂਪ ਵਿਚ ਕੁਝ ਨਹੀਂ ਕਿਹਾ ਜਾ ਸਕਦਾ। ਹਾਂ ਇਨ੍ਹਾਂ ਦੀ ਰਚਨਾ ਪ੍ਰਾਚੀਨ ਰਿਸ਼ੀਆਂ ਮੁਨੀਆਂ ਦੁਆਰਾ ਕੀਤੀ ਦੱਸੀ ਜਾਂਦੀ ਹੈ ਅਤੇ ਇਕ ਅਨੁਮਾਨ ਅਨੁਸਾਰ ‘ਸਾਮਵੇਦ’ ਦਾ ਰਚਨਕਾਲ 700 ਤੋਂ 300 ਈ. ਪੂ. ਤਕ ਦਾ ਹੈ।
‘ਬ੍ਰਿਹਦਾਰਣਿਅਕ ਉਪਨਿਸ਼ਦ’ (बृहदारण्यक उपिनषद) ਵਿਚ ‘ਸਾਮ’ ਸ਼ਬਦ ਦੀ ਨਿਰੁਕਤੀ ਮਿਲਦੀ ਹੈ ਜਿਸਦੇ ਅਨੁਸਾਰ ਇਸਦਾ ਅਰਥ ਨਿਕਲਦਾ ਹੈ ‘ਰਿਚਾਵਾਂ ਨੂੰ ਸੁਰ ਨਾਲ ਗਾਉਣਾ’। ਯੱਗ ਦੇ ਮੌਕੇ ਤੇ ਜਿਸ ਦੇਵਤਾ ਦੇ ਨਿਮਿੱਤ ਹਵਨ ਕੀਤਾ ਜਾਂਦਾ ਸੀ, ਉਸ ਨੂੰ ਬੁਲਾਉਣ ਲਈ ਉਦਗਾਤਾ (ਗਾਉਣ ਵਾਲਾ) ਉਸ ਦੇਵਤਾ ਲਈ ਉਚਿਤ ਸੁਰਾਂ ਵਿਚ ਉਸਤਤਿ ਦੇ ਮੰਤਰ ਗਾਉਂਦਾ ਸੀ। ਸਾਮਵੇਦ ਗਾਏ ਜਾਣ ਵਾਲੇ ਮੰਤਰਾਂ ਦਾ ਸੰਗ੍ਰਹਿ ਹੈ। ਇਸ ਵਿਚ ਆਮ ਤੌਰ ਤੇ ਰਿਗਵੇਦ ਦੇ ਹੀ ਮੰਤਰ ਹਨ। ਸਾਮਵੇਦ ਦੇ ਮੰਤਰ ਉਵੇਂ ਦੇ ਉਵੇਂ ਨਹੀਂ ਗਾਏ ਜਾਂਦੇ, ਬਲਕਿ ਉਨ੍ਹਾਂ ਮੰਤਰਾਂ ਤੋਂ ਜੋ ਗਾਨ ਬਣੇ ਹਨ ਉਹੋ ਹੀ ਗਾਏ ਜਾਂਦੇ ਹਨ। ਸਾਮਵੇਦ ਵਿਚ ਕੁਲ 1549 ਰਿਚਾਵਾਂ (ਰਿਗਵੇਦ ਦੇ ਮੰਤਰ ਨੂੰ ਰਿਚਾ ਕਹਿੰਦੇ ਹਨ) ਹਨ। ਜਿਨ੍ਹਾਂ ਵਿਚੋਂ 75 ਅਜਿਹੀਆਂ ਹਨ ਜੋ ਰਿਗਵੇਦ ਵਿਚ ਨਹੀਂ ਮਿਲਦੀਆਂ। ਹਿੰਦੀ ਵਿਸ਼ਵਕੋਸ਼ (ਨਾਗਰੀਪ੍ਰਚਾਰਿਣੀ ਸਭਾ, ਵਾਰਾਣਸੀ) ਅਨੁਸਾਰ ‘ਸਾਮਵੇਦ’ ਦਾ ਜੋ ਰੂਪ ਅੱਜ ਮਿਲਦਾ ਹੈ ਉਸ ਵਿਚ 1875 ਮੰਤਰ ਹਨ ਜਿਨ੍ਹਾਂ ਵਿਚ 99 ਰਿਗਵੇਦ ਵਿਚ ਨਹੀਂ ਮਿਲਦੇ ਅਤੇ ਕਈ ਮੰਤਰਾਂ ਵਿਚ ਪਾਠ ਭੇਦ ਮਿਲਦਾ ਹੈ।
ਸਾਮਵੇਦ ਦੇ ਦੋ ਮੁੱਖ ਹਿੱਸੇ ਹਨ––ਆਰਥਿਕ (आर्चिक) ਅਤੇ ਗਾਨ (गान)। ਆਰਚਿਕ ਦਾ ਅਰਥ ਹੈ ਰਿਵਾਵਾਂ ਦਾ ਸਮੂਹ। ਇਸ ਦੇ ਦੋ ਭਾਗ ਹਨ––ਪੂਰਵਾਰਚਿਕ (पूर्वार्चिक) ਅਤੇ ਉੱਤਰਾਰਚਿਕ (उत्तरार्चिक)। ਪੂਰਵਾਰਚਿਕ ਵਿਚ ਛੇ ਪ੍ਰਪਾਠਕ ਜਾਂ ਅਧਿਆਇ ਹਨ। ਹਰ ਅਧਿਆਇ ਦੋ ਖੰਡਾਂ ਵਿਚ ਵੰਡਿਆ ਗਿਆ ਹੈ, ਹਰ ਖੰਡ ਵਿਚ ਇਕ ਦਸ਼ਤੀ (दशति) ਹੁੰਦੀ ਹੈ ਤੇ ਦਸ਼ਤੀ ਵਿਚ ਰਿਚਾਵਾਂ ਜੋ ਦੇਵਤਾ ਜਾਂ ਛੰਦ ਨੂੰ ਮੁੱਖ ਰੱਖ ਕੇ ਇਕ ਥਾਂਵੇਂ ਇਕੱਠੀਆਂ ਰੱਖੀਆਂ ਜਾਂਦੀਆਂ ਹਨ। ਪਹਿਲੇ ਪ੍ਰਪਾਠਕ ਨੂੰ ਆਗਨੇਯ ਕਾਂਡ ਜਾਂ ਆਗਨੇਯ ਪਰਵ (ਅਗਨੀ ਦੇਵਤਾ ਦੀ ਉਸਤਤਿ ਹੋਣ ਕਰਕੇ), ਦੂਜੇ ਤੋਂ ਚੌਥੇ ਨੂੰ ਐਂਦਰ ਪੂਰਵ (ਇੰਦਰ ਦੀ ਉਸਤਤਿ ਹੋਣ ਕਰਕੇ), ਪੰਜਵੇਂ ਨੂੰ ਪਵਮਾਨ ਪਰਵ (ਸੋਮ-ਦੇਵਤਾ ਨਾਲ ਸਬੰਧਤ ਹੋਣ ਕਰਕੇ), ਛੇਵੇਂ ਨੂੰ ਆਰਣਿਅਕ ਪਰਵ (ਜੰਗਲ ਵਿਚ ਗਾਏ ਜਾਣ ਕਰਕੇ) ਕਹਿੰਦੇ ਹਨ। ਅੰਤ ਵਿਚ ਮਹਾਨਾਮਨੀ ਨਾਂ ਦੀ ਰਿਚਾਵਾਂ ਅੰਤਿਕਾ ਦੇ ਰੂਪ ਵਿਚ ਦਿੱਤੀਆਂ ਗਈਆਂ ਹਨ।
ਉੱਤਰਾਰਚਿਕ (उत्तरार्चिक) ਵਿਚ ਨੌਂ ਪ੍ਰਪਾਠਕ ਹਨ। ਪਹਿਲੇ ਪੰਜ ਪ੍ਰਪਾਠਕਾਂ ਦੇ ਦੋ ਹਿੱਸੇ ਹਨ ਜਿਨ੍ਹਾਂ ਨੂੰ ‘ਪ੍ਰਪਾਠਕਾਰਧ’ ਕਹਿੰਦੇ ਹਨ ਅਤੇ ਅੰਤਲੇ ਚਾਰ ਪ੍ਰਪਾਠਕਾਂ ਦੇ ਤਿੰਨ ਤਿੰਨ ਅਰਧ ਹਨ। ਇਹ ਤਰਤੀਬ ਸਾਮਵੇਦ ਦੀ ‘ਰਾਣਾਯੁਨੀਯ ਸ਼ਾਖਾ’ ਅਨੁਸਾਰ ਹੈ। ਕੌਥੁਮ ਸ਼ਾਖਾ ਅਨੁਸਾਰ ਇਨ੍ਹਾਂ ‘ਅਰਧਾਂ’ ਨੂੰ ਅਧਿਆਇ’ ਅਤੇ ‘ਦਸਤੀਆਂ’ ਨੂੰ ‘ਖੰਡ’ ਆਖਿਆ ਜਾਂਦਾ ਹੈ।
ਸਾਮਗਾਨ ਦੀਆਂ ਦੋ ਧਾਰਾਵਾਂ ਪ੍ਰਚੱਲਤ ਹੋਈਆਂ-ਪ੍ਰਾਚਯ (प्राच्य) ਭਾਵ ਪੂਰਬੀ ਅਤੇ ਉਦੀਚਯ (उदीच्य) ਭਾਵ ਉੱਤਰੀ।
‘ਭਾਗਵਤ’, ‘ਵਿਸ਼ਣੂ’ ਅਤੇ ‘ਵਾਯੂ’ ਪੁਰਾਣਾਂ ਅਨੁਸਾਰ ਵੇਦਵਿਆਸ ਨੇ ਆਪਣੇ ਸ਼ਿਸ਼ ਜੈਮਿਨੀ ਨੂੰ ‘ਸਾਮ’ ਦੀ ਸਿਖਿਆ ਦਿੱਤੀ। ਜੈਮਿਨੀ ਰਿਸ਼ੀ ਨੂੰ ‘ਸਾਮ’ ਦਾ ਪਹਿਲਾ ਆਚਾਰੀਆ ਮੰਨਿਆ ਜਾਂਦਾ ਹੈ ਅਤੇ ਇਹ ਸਿਖਿਆ ਪੀੜ੍ਹੀ ਦਰ ਪੀੜ੍ਹੀ ਆਚਾਰੀਆ ਮੰਨਿਆ ਜਾਂਦਾ ਹੈ ਅਤੇ ਇਹ ਸਿਖਿਆ ਪੀੜ੍ਹੀ ਦਰ ਪੀੜ੍ਹੀ ਚਲਦੀ ਰਹੀ। ਪੁਰਾਣਾਂ ਅਨੁਸਾਰ ਸਾਮ ਵੇਦ ਦੀਆਂ ਇਕ ਹਜ਼ਾਰ ਸ਼ਾਖਾਵਾਂ ਸਨ ਪਰ ਨਾਂ ਕੇਵਲ 13 ਸ਼ਾਖਾਵਾਂ ਦੇ ਹੀ ਮਿਲਦੇ ਹਨ। ਐਪਰ ਅੱਜ ਕਲ ਤਿੰਨ ਸ਼ਾਖਾਵਾਂ ਪ੍ਰਸਿੱਧ ਹਨ :––
(1) ਕੌਥੁਮੀ;
(2) ਰਾਣਾਯਨੀਯ,
(3) ਜੈਮਿਨੀ।
‘ਵੇਦ ਮਾਨਵ ਦੀ ਉੱਨਤੀ ਦਾ ਸੱਚਾ ਧਰਮ ਦੱਸਦੇ ਹਨ। ਸਾਮਵੇਦ ਦਾ ਉਪਦੇਸ਼ ਅਤਿ ਸੰਖੇਪ ਰੂਪ ਵਿਚ ਇਸ ਤਰ੍ਹਾਂ ਹੈ “ਗਿਆਨੀ, ਤੇਜਸਵੀ, ਸਤੱਧਰਮ-ਪਾਲਕ, ਰੋਗ-ਨਿਵਾਰਕ ਈਸ਼ਵਰ ਦੀ ਉਸਤਤਿ ਕਰੋ”। ਸਾਮਵੇਦ ਦੀ ਵੈਦਿਕ ਕਾਲ ਵਿਚ ਅਤੇ ਮਗਰੋਂ ਵੀ ਬਹੁਤ ਮਾਨਤਾ ਰਹੀ। ‘ਬ੍ਰਿਹਦਦੇਵਤਾ’ ਵਿਚ ਕਿਹਾ ਗਿਆ ਹੈ ਕਿ ਜੋ ਸਾਮਵੇਦ ਨੂੰ ਪਛਾਣਦਾ ਹੈ ਉਹੀ ਤੱਤ ਨੂੰ ਪਛਾਣਦਾ ਹੈ ਅਤੇ ਗੀਤਾ ਵਿਚ ਭਗਵਾਨ ਕ੍ਰਿਸ਼ਨ ਨੇ ਕਿਹਾ ਹੈ ‘ਵੇਦਾਂ ਵਿਚੋਂ ਮੈਂ ਸਾਮਵੇਦ ਹਾਂ’, ਇਨ੍ਹਾਂ ਸਬੂਤਾਂ ਤੋਂ ਪਤਾ ਚਲਦਾ ਹੈ ਕਿ ਭਾਰਤੀ ਜੀਵਨ ਵਿਚ ਸਾਮਵੇਦ ਦੀ ਕਿੰਨੀ ਮਹੱਤਵਪੂਰਨ ਥਾਂ ਸੀ।
ਹ. ਪੁ.––ਹਿੰ. ਵਿ. ਕੋ. 2; ਮ. ਕੋ; ਵੈਦਿਕ ਸਾਹਿਤਯ ਔਰ ਸੰਸਕ੍ਰਿਤੀ––ਬਲਦੇਵ ਉਪਾਧਿਆਇ; ਏ ਹਿਸਟਰੀ ਆਫ਼ ਇੰਡੀਅਨ ਲਿਟਰੇਚਰ––ਐਸ. ਵਿਨਵਰਨਿਟਜ਼; ਐਨ. ਬ੍ਰਿ. 19;
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3910, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-12-01, ਹਵਾਲੇ/ਟਿੱਪਣੀਆਂ: no
ਸਾਮਵੇਦ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਸਾਮਵੇਦ : ਸਾਮਵੇਦ ਭਾਰਤ ਦੇ ਪ੍ਰਸਿੱਧ ਚਾਰ ਵੇਦਾਂ ਵਿਚੋਂ ਇਕ ਹੈ। ਰਿਗਵੇਦ, ਯਜੁਰਵੇਦ, ਸਾਮਵੇਦ, ਅਤੇ ਅਥਰਵੇਦ-ਚਾਰੇ ਵੇਦਾਂ ਨੂੰ ਮਿਲਾ ਕੇ ਇਕ ਹੀ ਵੇਦ ਗ੍ਰੰਥ ਸਮਝਿਆ ਜਾਂਦਾ ਹੈ ਪਰ 'ਵੇਦ' ਦਾ ਅਧਿਐਨ ਕਠਿਨ ਪ੍ਰੀਤਤ ਹੋਣ ਕਰ ਕੇ ਵੇਦ ਦੇ ਤਿੰਨ ਜਾਂ ਚਾਰ ਭਾਗ ਕਰ ਦਿੱਤੇ ਗਏ ਜਿਨ੍ਹਾਂ ਨੂੰ 'ਵੇਦਤ੍ਰਯੀ' ਜਾਂ 'ਚਤੁਰਵੇਦ' ਆਖਦੇ ਹਨ। 'ਵੇਦਤ੍ਰਯੀ' ਅਨੁਸਾਰ ਵੇਦ ਦੇ ਪਦ ਭਾਗ ਨੂੰ 'ਰਿਗਵੇਦ' ਤੇ 'ਅਥਰਵੇਦ', ਗਦ ਭਾਗ ਨੂੰ 'ਯਜੁਰ' ਅਤੇ ਗਾਇਨ ਭਾਗ ਨੂੰ 'ਸਾਮਵੇਦ' ਦਾ ਨਾਂ ਦਿੱਤਾ ਗਿਆ ਹੈ। ਵੇਦਾਂ ਦੇ ਰਚਨਾ ਕਾਲ ਅਤੇ ਰਚਨਹਾਰ ਬਾਰੇ ਨਿਸ਼ਚਿਤ ਰੂਪ ਵਿਚ ਕੁਝ ਨਹੀਂ ਕਿਹਾ ਜਾ ਸਕਦਾ ਪਰ ਇਨ੍ਹਾਂ ਦੀ ਰਚਨਾ ਪ੍ਰਾਚੀਨ ਰਿਸ਼ੀਆਂ ਮੁਨੀਆਂ ਦੁਆਰਾ ਕੀਤੀ ਦੱਸੀ ਜਾਂਦੀ ਹੈ ਅਤੇ ਇਕ ਅਨੁਮਾਨ ਅਨੁਸਾਰ 'ਸਾਮਵੇਦ' ਦਾ ਰਚਨਾ ਕਾਲ 700 ਤੋਂ 300 ਈ. ਪੂ. ਤਕ ਦਾ ਹੈ।
'ਬ੍ਰਿਹਦਾਰਣਿਅਕ ਉਪਨਿਸ਼ਦ' (बृहदारण्यक उपनिषद) ਵਿਚ 'ਸਾਮ' ਸ਼ਬਦ ਦੀ ਨਿਰੁਕਤੀ ਮਿਲਦੀ ਹੈ ਜਿਸ ਦੇ ਅਨੁਸਾਰ ਇਸ ਦਾ ਅਰਥ ਨਿਕਲਦਾ ਹੈ 'ਰਿਚਾਵਾਂ ਨੂੰ ਸੁਰ ਨਾਲ ਗਾਉਣਾ'। ਯੱਗ ਦੇ ਮੌਕੇ ਤੇ ਜਿਸ ਦੇਵਤਾ ਦੇ ਨਿਮਿਤ ਹਵਨ ਕੀਤਾ ਜਾਂਦਾ ਸੀ, ਉਸ ਨੂੰ ਬੁਲਾਉਣ ਲਈ ਉਦਗਾਤਾ (ਗਾਉਣ ਵਾਲਾ) ਉਸ ਦੇਵਤਾ ਲਈ ਉਚਿਤ ਸੁਰਾਂ ਵਿਚ ਉਸਤਤਿ ਦੇ ਮੰਤਰ ਗਾਉਂਦਾ ਸੀ। ਸਾਮਵੇਦ ਗਾਏ ਜਾਣ ਵਾਲੇ ਮੰਤਰਾਂ ਦਾ ਸੰਗ੍ਰਹਿ ਹੈ। ਇਸ ਵਿਚ ਆਮ ਤੌਰ ਤੇ ਰਿਗਵੇਦ ਦੇ ਹੀ ਮੰਤਰ ਹਨ। ਸਾਮਵੇਦ ਦੇ ਮੰਤਰ ਉਵੇਂ ਦੇ ਉਵੇਂ ਨਹੀਂ ਗਾਏ ਜਾਂਦੇ ਸਗੋਂ ਉਨ੍ਹਾਂ ਮੰਤਰਾਂ ਤੋਂ ਜੋ ਗਾਨ ਬਣੇ ਹਨ ਉਹੋ ਹੀ ਗਾਏ ਜਾਂਦੇ ਹਨ। ਸਾਮਵੇਦ ਵਿਚ ਕੁਲ 1549 ਰਿਚਾਵਾਂ (ਰਿਗਵੇਦ ਦੇ ਮੰਤਰ ਨੂੰ ਰਿਚਾ ਕਹਿੰਦੇ ਹਨ) ਹਨ ਜਿਨ੍ਹਾਂ ਵਿਚੋਂ 75 ਅਜਿਹੀਆਂ ਹਨ ਜੋ ਰਿਗਵੇਦ ਵਿਚ ਨਹੀਂ ਮਿਲਦੀਆਂ। ਹਿੰਦੀ ਵਿਸ਼ਵਕੋਸ਼ (ਨਾਗਰੀਪ੍ਰਚਾਰਿਣੀਸਭਾ, ਵਾਰਾਣਸੀ) ਅਨੁਸਾਰ 'ਸਾਮਵੇਦ' ਦਾ ਜੋ ਰੂਪ ਅੱਜ ਮਿਲਦਾ ਹੈ ਉਸ ਵਿਚ 1875 ਮੰਤਰ ਹਨ ਜਿਨ੍ਹਾਂ ਵਿਚ 99 ਰਿਗਵੇਦ ਵਿਚ ਨਹੀਂ ਮਿਲਦੇ ਅਤੇ ਕਈ ਮੰਤਰਾਂ ਵਿਚ ਪਾਠ ਭੇਦ ਮਿਲਦਾ ਹੈ।
ਸਾਮਵੇਦ ਦੇ ਦੋ ਮੁੱਖ ਹਿੱਸੇ ਹਨ–ਆਰਚਿਕ (आर्चिक) ਅਤੇ ਗਾਨ (गान) । ਆਰਚਿਕ ਦਾ ਅਰਥ ਹੈ ਰਿਚਾਵਾਂ ਦਾ ਸਮੂਹ। ਇਸ ਦੇ ਦੋ ਭਾਗ ਹਨ-ਪੂਰਵਾਰਚਿਕ (पूर्वार्चिक) ਅਤੇ ਉੱਤਰਾਰਚਿਕ (उत्तरार्चिक) । ਪੂਰਵਾਰਚਿਕ ਵਿਚ ਛੇ ਪ੍ਰਪਾਠਕ ਜਾਂ ਅਧਿਆਇ ਹਨ। ਹਰ ਅਧਿਆਇਕ ਹਨ। ਹਰ ਅਧਿਆਇ ਦੋ ਖੰਡਾਂ ਵਿਚ ਵੰਡਿਆ ਗਿਆ ਹੈ। ਹਰ ਖੰਡ ਵਿਚ ਇਕ ਦਸ਼ਤੀ (दशति) ਹੁੰਦੀ ਹੈ ਤੇ ਦਸ਼ਤੀ ਵਿਚ ਰਿਚਾਵਾਂ ਹੁੰਦੀਆਂ ਹਨ ਜੋ ਦੇਵਤਾ ਜਾਂ ਛੰਦ ਨੂੰ ਮੁੱਖ ਰੱਖ ਕੇ ਇਕ ਥਾਵੇਂ ਇਕੱਠੀਆਂ ਰੱਖੀਆਂ ਜਾਦੀਆਂ ਹਨ। ਪਹਿਲੇ ਪ੍ਰਪਾਠਕ ਨੂੰ ਆਗਨੇਯ ਕਾਂਡ ਜਾਂ ਆਗਨੇਯ ਪਰਵ (ਅਗਨੀ ਦੇਵਤਾ ਵੀ ਉਸਤਤਿ ਹੋਣ ਕਰ ਕੇ) ਦੂਜੇ ਤੋਂ ਚੌਥੇ ਨੂੰ ਐਂਦਰ ਪਰਵ (ਇੰਦਰ ਦੀ ਉਸਤਤਿ ਹੋਣ ਕਰ ਕੇ),ਪੰਜਵੇਂ ਨੂੰ ਪਰਮਾਨ ਪਰਵ (ਸੋਮ-ਦੇਵਤਾ ਨਾਲ ਸਬੰਧਤ ਹੋਣ ਕਰ ਕੇ) ਛੇਵੇਂ ਨੂੰ ਆਰਣਿਅਕ ਪਰਵ (ਜੰਗਲ ਵਿਚ ਗਾਏ ਜਾਣ ਕਰ ਕੇ) ਕਹਿੰਦੇ ਹਨ। ਅੰਤ ਵਿਚ ਮਹਾ-ਨਾਮਨੀ ਨਾਂ ਦੀਆਂ ਰਿਚਾਵਾਂ ਅੰਤਿਕਾ ਦੇ ਰੂਪ ਵਿਚ ਦਿੱਤੀਆਂ ਗਈਆਂ ਹਨ।
ਉਤਰਾਰਚਿਕ (उत्तरार्चिक) ਵਿਚ ਨੌਂ ਪ੍ਰਪਾਠਕ ਹਨ। ਪਹਿਲੇ ਪੰਜ ਪ੍ਰਪਾਠਕਾਂ ਦੇ ਦੋ ਹਿੱਸੇ ਹਨ ਜਿਨ੍ਹਾਂ ਨੂੰ ਪ੍ਰਪਾਠਕਾਰ ਕਹਿੰਦੇ ਹਨ ਅਤੇ ਅੰਤਲੇ ਚਾਰ ਪ੍ਰਪਾਠਕਾਂ ਦੇ ਤਿੰਨ ਤਿੰਨ ਅਰਧ ਹਨ। ਇਹ ਤਰਤੀਬ ਸਾਮਵੇਦ ਦੀ 'ਰਾਣਾਯੁਨੀਯ ਸ਼ਾਖਾ' ਅਨੁਸਾਰ ਹੈ। ਕੌਥੁਮ ਸ਼ਾਖਾ ਅਨੁਸਾਰ ਇਨ੍ਹਾਂ 'ਅਰਧਾਂ' ਨੂੰ ਅਧਿਆਇ ਅਤੇ 'ਦਸ਼ਤੀਆਂ' ਨੂੰ ਖੰਡ ਆਖਿਆ ਜਾਂਦਾ ਹੈ।
ਸਾਮਗਾਨ ਦੀਆਂ ਦੋ ਧਾਰਾਵਾਂ ਪ੍ਰਚਲਿਤ ਹੋਈਆਂ-ਪ੍ਰਾਚਯ (प्राच्य) ਭਾਵ ਪੂਰਬੀ ਅਤੇ ਉਦੀਚਯ (उदीच्य) ਭਾਵ ਉੱਤਰੀ।
'ਭਾਗਵਤ', 'ਵਿਸ਼ਣੂ' ਅਤੇ 'ਵਾਯੂ' ਪੁਰਾਣਾਂ ਅਨੁਸਾਰ ਵੇਦਵਿਆਸ ਨੇ ਆਪਣੇ ਸ਼ਿਸ਼ ਜੈਮਿਨੀ ਨੂੰ 'ਸਾਮ' ਦੀ ਸਿੱਖਿਆ ਦਿੱਤੀ। ਜੈਮਿਨੀ ਰਿਸ਼ੀ ਨੂੰ 'ਸਾਮ' ਦਾ ਪਹਿਲਾ ਆਚਾਰੀਆ ਮੰਨਿਆ ਜਾਂਦਾ ਹੈ ਅਤੇ ਇਹ ਸਿੱਖਿਆ ਪੀੜ੍ਹੀ ਦਰ ਪੀੜ੍ਹੀ ਚਲਦੀ ਰਹੀ। ਪੁਰਾਣਾਂ ਅਨੁਸਾਰ ਸਾਮ ਵੇਦ ਦੀਆਂ ਇਕ ਹਜ਼ਾਰ ਸ਼ਾਖਾਵਾਂ ਸਨ ਪਰ ਨਾਂ ਕੇਵਲ 13 ਸ਼ਾਖਾਵਾਂ ਦੇ ਹੀ ਮਿਲਦੇ ਹਨ। ਅੱਜਕੱਲ੍ਹ ਤਿੰਨ ਸ਼ਾਖਾਵਾਂ ਹੀ ਪ੍ਰਸਿੱਧ ਹਨ :–
1. ਕੌਥੁਮੀ;
2 ਰਾਣਾਯਨੀਯ,
3. ਜੈਮਿਨੀ
ਵੇਦ ਮਾਨਵ ਦੀ ਉੱਨਤੀ ਦਾ ਸੱਚਾ ਧਰਮ ਦੱਸਦੇ ਹਨ। ਸਾਮਵੇਦ ਦਾ ਉਪਦੇਸ਼ ਅਤਿ ਸੰਖੇਪ ਰੂਪ ਵਿਚ ਇਸ ਤਰ੍ਹਾਂ ਹੈ 'ਗਿਆਨੀ, ਤੇਜਸਵੀ, ਸੱਤਧਰਮ-ਪਾਲਕ, ਰੋਗ-ਨਿਵਾਰਕ ਈਸ਼ਵਰ ਦੀ ਉਸਤਤਿ ਕਰੋ'। ਸਾਮਵੇਦ ਦੀ ਵੈਦਿਕ ਕਾਲ ਵਿਚ ਅਤੇ ਮਗਰੋਂ ਵੀ ਬਹੁਤ ਮਾਨਤਾ ਰਹੀ। 'ਬ੍ਰਿਹਦਦੇਵਤਾ' ਵਿਚ ਕਿਹਾ ਗਿਆ ਹੈ ਕਿ ਜੋ ਸਾਮਵੇਦ ਨੂੰ ਪਛਾਣਦਾ ਹੈ ਉਹੀ ਤੱਤ ਨੂੰ ਪਛਾਣਦਾ ਹੈ ਅਤੇ ਗੀਤਾ ਵਿਚ ਭਗਵਾਨ ਕ੍ਰਿਸ਼ਨ ਨੇ ਕਿਹਾ ਹੈ 'ਵੇਦਾਂ ਵਿਚੋਂ ਮੈਂ ਸਾਮਵੇਦ ਹਾਂ'। ਇਨ੍ਹਾਂ ਸਬੂਤਾਂ ਤੋਂ ਪਤਾ ਚਲਦਾ ਹੈ ਕਿ ਭਾਰਤੀ ਜੀਵਨ ਵਿਚ ਸਾਮਵੇਦ ਦੀ ਕਿੰਨੀ ਮਹੱਤਵਪੂਰਨ ਥਾਂ ਸੀ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3482, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-11-04-46-18, ਹਵਾਲੇ/ਟਿੱਪਣੀਆਂ: ਹ. ਪੁ.–ਹਿੰ. ਵ. ਕੋ. 2; ਮ. ਕੋ. ; ਵੈਦਿਕ ਸਾਹਿਤਯ ਅਔਰ ਸੰਸਕ੍ਰਿਤੀ-ਬਲਦੇਵ ਉਪਾਧਿਆਇ; ਏ ਹਿਸਟਰੀ ਆਫ਼ ਇੰਡੀਅਨ ਲਿਟਰੇਚਰ-ਐਸ. ਵਿਨਵਰਨਿਟਜ਼; ਐਨ. ਬ੍ਰਿ. 19; ਪੰ. ਲੋ. ਵਿ. ਕੋ. 3; ਪੰ. ਵਿ. ਕੋ. 5
ਸਾਮਵੇਦ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸਾਮਵੇਦ, ਪੁਲਿੰਗ : ਚਾਰ ਵੇਦਾਂ ਵਿਚੋਂ ਤੀਸਰਾ ਵੇਦ ਜਿਸ ਦੇ ਮੰਤਰ ਯੱਗ ਸਮੇਂ ਗਾਏ ਜਾਂਦੇ ਹਨ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1231, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-15-04-48-54, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First