ਸਾਰਤਰ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸਾਰਤਰ (1905–1980) : ਫ਼੍ਰਾਂਸੀਸੀ ਫ਼ਿਲਾਸਫ਼ਰ ਅਤੇ ਸਾਹਿਤਕਾਰ ਜਾਂ ਪਾਲ ਸਾਰਤਰ (Jean Paul Sartre) ਵੀਹਵੀਂ ਸਦੀ ਦੀਆਂ ਉਹਨਾਂ ਪ੍ਰਮੁਖ ਹਸਤੀਆਂ ਵਿੱਚੋਂ ਇੱਕ ਪ੍ਰਭਾਵਸ਼ਾਲੀ ਹਸਤੀ ਸੀ ਜਿਸ ਦੇ ਵਿਚਾਰਾਂ ਨੇ ਵਿਸ਼ਵ ਭਰ ਦੇ ਕਵੀਆਂ, ਕਲਾਕਾਰਾਂ, ਸਾਹਿਤਕਾਰਾਂ, ਫ਼ਿਲਾਸਫ਼ਰਾਂ ਅਤੇ ਰਾਜਨੀਤਿਕ ਆਗੂਆਂ ਨੂੰ ਪ੍ਰਭਾਵਿਤ ਕੀਤਾ। ਉਸ ਦਾ ਨਾਂ ਸੰਸਾਰ ਦੇ ਉੱਚਤਮ ਚਿੰਤਕਾਂ ਅਤੇ ਲੇਖਕਾਂ ਵਿੱਚ ਲਿਆ ਜਾਂਦਾ ਹੈ। ਸਾਰਤਰ ਨੇ ਲਗਪਗ ਤਿੰਨ ਦਹਾਕੇ ਫ਼੍ਰਾਂਸ ਦੇ ਬੌਧਿਕ ਹਲਕਿਆਂ ਉੱਤੇ ਰਾਜ ਕੀਤਾ।

     ਸਾਰਤਰ ਦਾ ਜਨਮ ਪੈਰਿਸ ਵਿੱਚ 21 ਜੂਨ 1905 ਨੂੰ ਹੋਇਆ।ਸਾਰਤਰ ਦੇ ਦੋ ਸਾਲ ਪੂਰੇ ਹੋਣ ਤੋਂ ਪਹਿਲਾਂ ਹੀ ਉਸ ਦਾ ਪਿਤਾ ਜਿਹੜਾ ਸਮੁੰਦਰੀ ਫ਼ੌਜ ਦਾ ਅਫ਼ਸਰ ਸੀ, ਆਪਣੀ ਡਿਊਟੀ ਦੇ ਸੰਬੰਧ ਵਿੱਚ ਇੰਡੋ-ਚੀਨ ਫੇਰੀ ਦੌਰਾਨ ਕਾਲ-ਵੱਸ ਹੋ ਗਿਆ ਸੀ। ਉਸ ਦੀ ਮਾਂ ਇੱਕ ਪਤਵੰਤੇ ਖ਼ਾਨਦਾਨ ਨਾਲ ਸੰਬੰਧਿਤ ਸੀ। ਪਤੀ ਦੀ ਮੌਤ ਉਪਰੰਤ ਸਾਰਤਰ ਦੀ ਮਾਂ ਆਪਣੇ ਬੱਚੇ ਸਮੇਤ ਆਪਣੇ ਮਾਪਿਆਂ ਦੇ ਘਰ ਪਹੁੰਚੀ ਜਿੱਥੇ ਇਹਨਾਂ ਦੋਹਾਂ ਦਾ ਧਿਆਨ ਇਵੇਂ ਰਖਿਆ ਜਾਂਦਾ ਸੀ ਜਿਵੇਂ ਇਹ ਦੋਵੇਂ ਬੱਚੇ ਹੋਣ। ਆਪਣੀ ਆਤਮਕਥਾ ਦਾ ਵਰਡਸ  ਦੀ ਪਹਿਲੀ ਜਿਲਦ ਵਿੱਚ ਆਪਣੇ ਬਚਪਨ ਬਾਰੇ ਦੱਸਦਿਆਂ ਸਾਰਤਰ ਲਿਖਦਾ ਹੈ ਕਿ ‘ਮੈਨੂੰ ਸੰਸਾਰ ਦੇ ਦਰਸ਼ਨ ਪੁਸਤਕਾਂ ਵਿੱਚ ਹੋਏ।’

      1924 ਵਿੱਚ ਸਾਰਤਰ ਇੱਕ ਪ੍ਰਸਿੱਧ ਸਕੂਲ ਵਿੱਚ ਦਾਖ਼ਲ ਹੋਇਆ, ਜਿੱਥੇ ਇੱਕ ਵਾਰੀ ਫ਼ੇਲ੍ਹ ਹੋਣ ਉਪਰੰਤ ਉਸ ਨੇ ਫ਼ਿਲਾਸਫ਼ੀ ਦੇ ਵਿਸ਼ੇ ਵਿੱਚ ਸਭ ਤੋਂ ਵੱਧ ਨੰਬਰ ਪ੍ਰਾਪਤ ਕੀਤੇ। ਇਹ 1929 ਦੀ ਗੱਲ ਹੈ, ਜਦੋਂ ਪ੍ਰਸਿੱਧ ਨਾਰੀਵਾਦੀ ਲੇਖਕਾ ਸਿਮੋਨ ਦੀ ਬਿਓਵਰ ਦੂਜੇ ਦਰਜੇ ਤੇ ਆਈ ਸੀ। ਪਹਿਲੇ-ਦੂਜੇ ਦਰਜੇ ਤੇ ਆਉਣ ਕਾਰਨ ਇਹਨਾਂ ਵਿੱਚ ਸਾਂਝ ਉਪਜੀ ਜਿਹੜੀ ਸਮੇਂ ਦੇ ਲੰਘਣ ਨਾਲ ਨਿੱਘੀ ਅਤੇ ਡੂੰਘੀ ਹੁੰਦੀ ਗਈ। ਲਾਜ਼ਮੀ ਫ਼ੌਜੀ ਨੌਕਰੀ ਪੂਰੀ ਕਰਨ ਉਪਰੰਤ ਸਾਰਤਰ ਨੇ ਅਧਿਆਪਨ ਦਾ ਕਿੱਤਾ ਅਪਣਾਇਆ ਅਤੇ ਉਹ ‘ਲੇ ਹਾਰਵ’ ਦੀ ਵਿੱਦਿਅਕ ਸੰਸਥਾ ਵਿੱਚ ਅਧਿਆਪਕ ਲੱਗ ਗਿਆ। ਇੱਥੇ ਆਪਣੇ ਕਾਰਜ-ਕਾਲ ਦੌਰਾਨ ਸਾਰਤਰ ਨੇ ਆਪਣਾ ਪਹਿਲਾ ਨਾਵਲ ਨਾਜ਼ੀਆ (‘ਕਚਿਆਣ’ ਨਾਂ ਅਧੀਨ ਇਹ ਨਾਵਲ ਪੰਜਾਬੀ ਵਿੱਚ ਅਨੁਵਾਦ ਹੋ ਚੁੱਕਾ ਹੈ) 1938 ਵਿੱਚ ਲਿਖਿਆ ਜਿਸ ਨੂੰ ਕਈ ਆਲੋਚਕਾਂ ਨੇ ਸਦੀ ਦਾ ਸਰਬੋਤਮ ਨਾਵਲ ਐਲਾਨਿਆ ਹੈ।

     ਸੰਨ 1933 ਤੋਂ 1935 ਵਿਚਕਾਰ ਸਾਰਤਰ ਬਰਲਿਨ (ਜਰਮਨੀ) ਦੀ ਫ਼੍ਰਾਂਸੀਸੀ ਭਾਸ਼ਾ ਸਿਖਾਉਣ ਵਾਲੀ ਇੱਕ ਸੰਸਥਾ ਵਿੱਚ ਇੱਕ ਖੋਜਾਰਥੀ ਵਾਂਗ ਵਿਚਰਿਆ। ਇੱਥੇ ਰਹਿੰਦਿਆਂ ਉਸ ਨੂੰ ਐਡਮੰਡ ਹਸਰਲ ਅਤੇ ਮਾਰਟਿਨ ਹੈਡੇਗਰ ਦੀਆਂ ਲਿਖਤਾਂ ਪੜ੍ਹਨ ਦਾ ਅਵਸਰ ਮਿਲਿਆ ਅਤੇ ਸਾਰਤਰ ਆਪ ਇੱਕ ਫ਼ਿਲਾਸਫ਼ਰ ਵਾਂਗ ਚਿੰਤਨ ਕਰਨ ਲੱਗ ਪਿਆ। ਸਾਰਤਰ ਨੇ ਇਸ ਅਰਸੇ ਦੌਰਾਨ ਚੇਤਨਾ ਦੇ ਵਿਭਿੰਨ ਪੱਖਾਂ ਉੱਤੇ ਕਈ ਲੇਖ ਲਿਖੇ ਜਿਨ੍ਹਾਂ ਵਿੱਚ ਉਸ ਨੇ ਕਲਪਨਾ, ਸ੍ਵੈਚੇਤਨਾ ਅਤੇ ਭਾਵਨਾਵਾਂ ਜਿਹੇ ਵਿਸ਼ੇ ਵਿਚਾਰੇ। 1939 ਵਿੱਚ ਸਾਰਤਰ ਨੇ ਇੱਕ ਕਹਾਣੀ- ਸੰਗ੍ਰਹਿ ਦੀ ਵਾਲ  ਵੀ ਤਿਆਰ ਕੀਤਾ।

     ਸਾਰਤਰ ਪੈਰਿਸ ਪਰਤ ਆਇਆ ਅਤੇ ਇੱਕ ਕਾਲਜ ਵਿੱਚ ਪੜ੍ਹਾਉਣ ਦੇ ਨਾਲ-ਨਾਲ ਉਹ ਲਿਖਣ ਦੇ ਕਾਰਜ ਵਿੱਚ ਰੁਝ ਗਿਆ। ਝੱਟ ਹੀ ਦੂਜਾ ਵਿਸ਼ਵ ਯੁੱਧ ਛਿੜ ਪਿਆ ਅਤੇ ਉਸ ਨੂੰ ਫ਼ੌਜ ਵਿੱਚ ਭਰਤੀ ਹੋਣਾ ਪਿਆ। ਪੂਰਬੀ ਮੋਰਚੇ ਉੱਤੇ ਸੇਵਾ ਕਰਦਿਆਂ ਉਸ ਨੂੰ ਜੰਗੀ ਕੈਦੀ ਬਣਾ ਲਿਆ ਗਿਆ। ਲਗਪਗ ਨੌਂ ਮਹੀਨੇ ਮਗਰੋਂ ਉਹ ਰਿਹਾਅ ਹੋ ਕੇ ਪੈਰਿਸ ਵਿੱਚ ਅਧਿਆਪਨ ਦੇ ਕਾਰਜ ਦੇ ਨਾਲ-ਨਾਲ ਜਰਮਨਾਂ ਵਿਰੁੱਧ ਜਿਨ੍ਹਾਂ ਨੇ ਫ਼੍ਰਾਂਸ ਉੱਤੇ ਕਬਜ਼ਾ ਕੀਤਾ ਹੋਇਆ ਸੀ, ਮੁਹਿੰਮ ਵਿੱਚ ਭਾਗ ਲੈਣ ਲੱਗ ਪਿਆ। ਇਸ ਅਰਸੇ ਦੌਰਾਨ ਉਸ ਨੇ ਆਪਣੀ ਦਾਰਸ਼ਨਿਕ ਰਚਨਾ ਬੀਇੰਗ ਐਂਡ ਨਥਿੰਗਨੈਸ  ਸੰਪੂਰਨ ਕੀਤੀ।

     ਯੁੱਧ ਦੇ ਖ਼ਾਤਮੇ ਤੇ ਸਾਰਤਰ ਨੇ ਅਧਿਆਪਕ ਵਜੋਂ ਤਿਆਗ ਪੱਤਰ ਦੇ ਕੇ ਕੁੱਲ-ਵਕਤੀ ਲੇਖਕ ਬਣਨ ਦਾ ਨਿਰਣਾ ਕੀਤਾ। ਉਹ ਚਾਹੁੰਦਾ ਸੀ ਕਿ ਉਸ ਦੀ ਲੇਖਣੀ ਅਤੇ ਉਸ ਦੀਆਂ ਪੁਸਤਕਾਂ ਬਹਿਸ ਦੇ ਵਿਸ਼ੇ ਬਣਨ ਅਤੇ ਬੁੱਧੀਜੀਵੀਆਂ ਅਤੇ ਚਿੰਤਕਾਂ ਨੂੰ ਪ੍ਰਭਾਵਿਤ ਕਰਨ ਦੀ ਯੋਗਤਾ ਰੱਖਦੀਆਂ ਹੋਣ। ਸਾਰਤਰ ਦਾ ਮੱਤ ਸੀ ਕਿ ਹਰੇਕ ਮਹੱਤਵਪੂਰਨ ਮਾਮਲੇ ਅਤੇ ਸਥਿਤੀ ਵਿੱਚ ਬੁੱਧੀਜੀਵੀਆਂ ਨੂੰ ਆਪਣੇ ਵਿਚਾਰ ਪ੍ਰਗਟਾ ਕੇ ਵਿਚਾਰਧਾਰਿਕ ਮੋਰਚਾ ਸੰਭਾਲਣਾ ਚਾਹੀਦਾ ਹੈ। ਇਵੇਂ ਉਹ ਇੱਕ ਦਾਰਸ਼ਨਿਕ ਹੋਣ ਦੇ ਨਾਲ-ਨਾਲ ਨੈਤਿਕ ਚਿੰਤਕ ਵੀ ਬਣ ਗਿਆ ਸੀ। ਹੌਲੀ-ਹੌਲੀ ਸਾਰਤਰ ਰੰਗ-ਮੰਚ ਵੱਲ ਵੀ ਖਿੱਚਿਆ ਗਿਆ ਅਤੇ ਆਪਣੇ ਵਿਚਾਰਾਂ ਨੂੰ ਪ੍ਰਗਟਾਉਣ ਵਾਲੇ ਉਸ ਨੇ ਕਈ ਨਾਟਕ ਵੀ ਲਿਖੇ। ਉਸ ਦੇ ਪਹਿਲੇ ਦੋ ਨਾਟਕ ਦੀ ਫਲਾਈਜ਼  ਅਤੇ ਨੋ ਇਗਜ਼ਿਟ  ਓਦੋਂ ਪੇਸ਼ ਕੀਤੇ ਗਏ ਸਨ ਜਦੋਂ ਜਰਮਨਾਂ ਨੇ ਪੈਰਿਸ ਉੱਤੇ ਕਬਜ਼ਾ ਕੀਤਾ ਹੋਇਆ ਸੀ। ਇਹਨਾਂ ਨਾਟਕਾਂ ਉਪਰੰਤ ਉਸ ਨੇ ਡਰਟੀ ਹੈਂਡਸ, ਦਾ ਡੈਵਿਲ ਐਂਡ ਦਾ ਗੁਡ ਲਾਰਡ, ਦਾ ਪਰਿਜ਼ਨਰਜ਼ ਆਫ਼ ਅਲਟੋਨਾਂ ਲਿਖੇ। ਸਾਰਤਰ ਨੇ ਕੁਝ ਹਾਸਰਸੀ ਨਾਟਕ ਵੀ ਲਿਖੇ, ਜਿਵੇਂ ਦੀ ਰਸਪੈਕਟਫੁਲ ਪ੍ਰਾਸਟੀਟਿਊਟ  ਅਤੇ ਕੀਨ। ਇਸੇ ਸਮੇਂ ਦੌਰਾਨ ਸਾਰਤਰ ਨੇ ਤਿੰਨ ਭਾਗਾਂ ਵਾਲਾ ਨਾਵਲ ਦੀ ਰੋਡਸ ਟੂ ਫਰੀਡਮ  ਲਿਖਿਆ ਜਿਸ ਵਿੱਚ ਉਸ ਨੇ ਵਿਭਿੰਨ ਮਹੱਤਵਪੂਰਨ ਸਮਕਾਲੀ ਵਿਸ਼ਿਆਂ ਉੱਤੇ ਆਪਣੇ ਵਿਚਾਰ ਪ੍ਰਗਟਾਏ ਹਨ।

     ਭਾਵੇਂ ਸਾਰਤਰ ਕਦੇ ਵੀ ਕਮਿਊਨਿਸਟ ਪਾਰਟੀ ਦਾ ਮੈਂਬਰ ਨਹੀਂ ਸੀ ਬਣਿਆ ਪਰ ਉਸ ਦੀ ਖੱਬੇ-ਪੱਖੀ ਵਿਚਾਰਾਂ ਅਤੇ ਖੱਬੇ-ਪੱਖੀ ਆਗੂਆਂ ਨਾਲ ਹਮਦਰਦੀ ਸੀ। ਰਾਜਨੀਤਿਕ ਵਿਸ਼ਾ ਕੋਈ ਵੀ ਹੁੰਦਾ, ਸਾਰਤਰ ਝਟਪਟ ਉਸ ਬਾਰੇ ਆਪਣਾ ਦ੍ਰਿਸ਼ਟੀਕੋਣ ਸਪਸ਼ਟ ਕਰਨ ਦਾ ਯਤਨ ਕਰਦਾ ਸੀ ਅਤੇ ਜਿੱਥੇ ਕਿਧਰੇ ਲੋੜ ਪੈਂਦੀ ਤਾਂ ਜਾਂ ਆਪ ਵਿਰੋਧ ਕਰਦਾ ਸੀ ਜਾਂ ਦੂਜਿਆਂ ਵੱਲੋਂ ਕੀਤੇ ਜਾਂਦੇ ਵਿਰੋਧ ਵਿੱਚ ਸ਼ਾਮਲ ਹੁੰਦਾ ਸੀ।

            1960 ਵਿੱਚ ਸਾਰਤਰ ਫ਼ਿਲਾਸਫ਼ੀ ਵੱਲ ਮੁੜਿਆ ਅਤੇ ਉਸ ਨੇ ਆਪਣੀ ਪ੍ਰਸਿੱਧ ਪੁਸਤਕ ਕਰਿਟੀਕ ਆਫ਼ ਡਾਇਆਲੈਕਟੀਕਲ ਰੀਜ਼ਨ ਨੂੰ ਛਪਵਾਇਆ। ਇਹ ਪੁਸਤਕ  ਵਾਸਤਵ  ਵਿੱਚ  ਉਸ  ਦੇ  ਅਸਤਿਤਵਵਾਦੀ ਵਿਚਾਰਾਂ ਨੂੰ ਮਾਰਕਸਵਾਦੀ ਦ੍ਰਿਸ਼ਟੀਕੋਣ ਤੋਂ ਪ੍ਰਸਤੁਤ ਕਰਦੀ ਹੈ, ਜਦੋਂ ਕਿ ਸਾਰਤਰ ਦੀਆਂ ਪਹਿਲੀਆਂ ਰਚਨਾਵਾਂ ਅਸਤਿਤਵਵਾਦੀ ਫ਼ਲਸਫ਼ੇ ਨੂੰ ਪੇਸ਼ ਕਰਦੀਆਂ ਜੀਵਨ ਦੀ ਅਰਥਹੀਣਤਾ ਅਤੇ ਜਿਊਂਣ ਦੀ ਨਿਰਾਰਥਕਤਾ ਨੂੰ ਪੇਸ਼ ਕਰਦੀਆਂ ਰਹੀਆਂ ਸਨ। ਆਪਣੀ ਪੁਸਤਕ ਬੀਇੰਗ ਐਂਡ ਨਥਿੰਗਨੈਸ  ਵਿੱਚ ਸਾਰਤਰ ਨੇ ਮਨੁੱਖ ਨੂੰ ਇੱਕ ਬੇਤੁਕਾ ਜੋਸ਼ ਕਿਹਾ ਸੀ ਜਿਹੜਾ ਨਿਰਾਰਥਕ ਸੁਤੰਤਰਤਾ ਦੇ ਭਰਮ ਪਿੱਛੇ ਭਟਕਦਾ ਹੈ ਪਰ ਦੂਜੇ ਵਿਸ਼ਵ ਯੁੱਧ ਉਪਰੰਤ ਸਮਾਜਿਕ ਸਮੱਸਿਆਵਾਂ ਵਿੱਚ ਦਿਲਚਸਪੀ ਕਾਰਨ ਅਤੇ ਰਾਜਨੀਤਿਕ ਮਸਲਿਆਂ ਬਾਰੇ ਆਪਣੇ ਵਿਚਾਰ ਪ੍ਰਗਟਾਉਣ ਕਾਰਨ ਅਤੇ ਮਾਰਕਸਵਾਦੀਆਂ ਨਾਲ ਵਿਚਾਰਧਾਰਿਕ ਸਮਝੌਤਾ ਹੋ ਜਾਣ ਕਾਰਨ, ਉਹ ਆਸ਼ਾਵਾਦੀ ਅਤੇ ਹਾਂ-ਪੱਖੀ ਹੋ ਗਿਆ ਸੀ। ਸਾਰਤਰ ਦਾ ਮਹੱਤਵ ਨਿਰਵਿਵਾਦ ਹੈ। ਉਸ ਦੇ ਵਿਚਾਰ ਅੱਜ ਵੀ ਮਾਨਵ ਜਾਤੀ ਲਈ ਮੁੱਲਵਾਨ ਹਨ।


ਲੇਖਕ : ਹਰਗੁਣਜੀਤ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 2867, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.