ਸਾਰੰਗ ਕੀ ਵਾਰ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਾਰੰਗ ਕੀ ਵਾਰ : ਗੁਰੂ ਗ੍ਰੰਥ ਸਾਹਿਬ ਵਿਚ ਦਰਜ ਗੁਰੂ ਰਾਮ ਦਾਸ ਜੀ ਦੀ ਰਚਨਾ ਹੈ। ਇਸ ਨੂੰ ਸਾਰੰਗ ਰਾਗ ਵਿਚ ਗਾਉਣ ਦੀ ਹਿਦਾਇਤ ਹੈ ਅਤੇ ਇਸੇ ਲਈ ਇਸ ਦਾ ਸਿਰਲੇਖ ਸਾਰੰਗ ਕੀ ਵਾਰ ਹੈ। ਗੁਰੂ ਗ੍ਰੰਥ ਸਾਹਿਬ ਵਿਚ ਦਰਜ 22 ਵਾਰਾਂ ਵਿਚੋਂ 9 ਵਾਰਾਂ ਨੂੰ ਲੋਕ ਧੁਨਾਂ ਤੇ ਗਾਉਣ ਦਾ ਆਦੇਸ਼ ਹੈ ਅਤੇ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਕਲਨਕਰਤਾ ਗੁਰੂ ਅਰਜਨ ਦੇਵ ਨੇ ਇਹਨਾਂ ਵਾਰਾਂ ਨਾਲ ਇਹ ਹਿਦਾਇਤ ਲਿਖ ਦਿੱਤੀ ਹੈ ਕਿ ਕਿਸ ਧੁਨ ਵਿਚ ਵਾਰ ਦਾ ਗਾਇਨ ਕਰਨਾ ਹੈ। ਸਾਰੰਗ ਕੀ ਵਾਰ ਨੂੰ ਰਾਇ ਮਹਿਮਾ ਅਤੇ ਹਸਨਾ ਦੀ ਧੁਨ ਤੇ ਗਾਇਨ ਦੀ ਹਿਦਾਇਤ ਹੈ ਜਿਸ ਵਿਚ ਦੋ ਰਜਵਾੜਿਆਂ ਦੀ ਵਿਰੋਧਤਾ ਅਤੇ ਲੜਾਈ ਦਾ ਜ਼ਿਕਰ ਆਉਂਦਾ ਹੈ। ਇਸ ਦੀਆਂ 36 ਪਉੜੀਆਂ ਹਨ ਜਿਨ੍ਹਾਂ ਵਿਚੋਂ 35 ਗੁਰੂ ਰਾਮ ਦਾਸ ਦੀਆਂ ਹਨ ਅਤੇ ਇਕ ਪਉੜੀ ਗੁਰੂ ਅਰਜਨ ਦੇਵ ਜੀ ਦੀ ਹੈ। ਪਉੜੀਆਂ ਤੋਂ ਪਹਿਲਾਂ ਗੁਰੂ ਅਰਜਨ ਦੇਵ ਜੀ ਨੇ ਪਹਿਲੇ ਚਾਰ ਗੁਰੂ ਸਾਹਿਬਾਨ ਦੇ ਅਤੇ ਆਪਣੇ ਸਲੋਕ ਦਰਜ ਕੀਤੇ ਹਨ। ਹਰ ਪਉੜੀ ਦੀਆਂ ਸਮਾਨ ਰੂਪ ਵਿਚ ਪੰਜ ਤੁਕਾਂ ਹਨ। ਸਲੋਕ ਭਿੰਨ-ਭਿੰਨ ਪ੍ਰਕਾਰ ਦੇ ਹਨ ਅਤੇ ਵੱਖ-ਵੱਖ ਛੰਦਾਂ ਵਿਚ ਹਨ। ਪਉੜੀ 1 ਅਤੇ 34 ਨਾਲ ਤਿੰਨ ਤਿੰਨ ਸਲੋਕ ਹਨ ਅਤੇ ਬਾਕੀ ਪਉੜੀਆਂ ਨਾਲ ਦੋ ਸਲੋਕ ਹਨ।
ਮਨੁੱਖੀ ਜੀਵਨ ਦਾ ਕ੍ਹੀ ਉਦੇਸ਼ ਹੈ, ਸਾਰੰਗ ਦੀ ਵਾਰ ਦਾ ਮੁਖ ਵਿਸ਼ਾ ਵਸਤੂ ਹੈ। ਦੁਨੀਆਂ ਦਾ ਸਾਰਾ ਇਕੱਠਾ ਕੀਤਾ ਧਨ ਦੌਲਤ ਪਰਮਾਤਮਾ ਦੇ ਨਾਮ ਸਿਮਰਨ ਦੇ ਅਧੀਨ ਹੈ। ਪਰਮਾਤਮਾ ਦੇ ਪਿਆਰ ਨਾਲ ਭਰਿਆ ਹੋਇਆ ਜੀਵਨ ਹੀ ਵਰਦਾਨ ਹੈ। ਇਹ ਸਰਬ ਵਿਆਪਕ ਵਿਚਾਰ ਸਾਰੀ ਵਾਰ ਵਿਚ ਵਿੱਦਮਾਨ ਹੈ। ਉਦਾਹਰਨ ਦੇ ਤੌਰ ਤੇ ਚੌਥੀ ਪਉੜੀ ਇਸ ਤਰ੍ਹਾਂ ਹੈ।
“ਹਰਿ ਕਾ ਨਾਮੁ ਨਿਧਾਨੁ ਹੈ ਸੇਵਿਐ ਸੁਖੁ ਪਾਈ॥ ਨਾਮੁ ਨਿਰੰਜਨੁ ਉਚਰਾਂ ਪਤਿ ਸਿਉ ਘਰਿ ਜਾਂਈ॥ ਗੁਰਮੁਖਿ ਬਾਣੀ ਨਾਮੁ ਹੈ ਨਾਮੁ ਰਿਦੈ ਵਸਾਈ॥ ਮਤਿ ਪੰਖੇਰੂ ਵਸਿ ਹੋਇ ਸਤਿਗੁਰੂ ਧਿਆਈਂ॥ ਨਾਨਕ ਆਪਿ ਦਇਆਲੁ ਹੋਇ ਨਾਮੇ ਲਿਵ ਲਾਈ॥"
ਪਰਮਾਤਮਾ ਦੇ ਨਾਮ ਸਿਮਰਨ ਨਾਲ ਹੀ ਅਧਿਆਤਮਿਕ ਅਨੰਦ ਦੀ ਪ੍ਰਾਪਤ ਹੋ ਸਕਦੀ ਹੈ। ਧਾਰਮਿਕ ਭੇਖ ਅਤੇ ਪਖੰਡ , ਤੀਰਥਾਂ ਤੇ ਇਸਨਾਨ ਅਤੇ ਰੀਤੀ ਰਿਵਾਜ ਮਨੁੱਖੀ ਮਨ ਨੂੰ ਪਵਿੱਤਰ ਨਹੀਂ ਕਰ ਸਕਦੇ। ਕੇਵਲ ਉਹ ਵਿਅਕਤੀ ਜਿਸ ਉੱਤੇ ਪਰਮਾਤਮਾ ਦੀ ਮਿਹਰ ਹੈ ਗੁਰੂ ਦੀ ਸ਼ਰਨ ਭਾਲਦਾ ਹੈ, ਗੁਰੂ ਦੇ ਦੱਸੇ ਰਸਤੇ ਤੇ ਚਲਦਾ ਹੈ ਅਤੇ ਆਪਣੇ ਆਪ ਨੂੰ ਲਗਾਤਾਰ ਉਸ ਰਚਨਹਾਰ ਦੇ ਸਿਮਰਨ ਵਿਚ ਜੋੜ ਲੈਂਦਾ ਹੈ। ਦੂਸਰੀ ਪਉੜੀ ਇਸ ਤਰ੍ਹਾਂ ਹੈ: ਗੁਰਮੁਖਿ ਚਲਤੁ ਰਚਾਇਓਨੁ ਗੁਣ ਪਰਗਟੀ ਆਇਆ॥ ਗੁਰਬਾਣੀ ਸਦ ਉਚਰੈ ਹਰਿ ਮਨਿ ਵਸਾਇਆ॥ ਸਕਤਿ ਗਈ ਭ੍ਰਮੁ ਕਟਿਆ ਸਿਵ ਜੋਤਿ ਜਗਾਇਆ॥ ਜਿਨ ਕੈ ਪੋਤੈ ਪੁੰਨੁ ਹੈ ਗੁਰ ਪੁਰਖੁ ਮਿਲਾਇਆ॥ ਨਾਨਕ ਸਹਜੇ ਮਿਲਿ ਰਹੇ ਹਰਿ ਨਾਮੁ ਸਮਾਇਆ॥
ਜਿਸ ਤਰ੍ਹਾਂ ਦੁਨੀਆਵੀ ਵਾਰ ਵਿਚ ਯੋਧੇ ਦੀ ਸਰੀਰਕ ਸ਼ਕਤੀ ਅਤੇ ਬਹਾਦਰੀ ਦੀ ਮਹਿਮਾ ਗਾਈ ਜਾਂਦੀ ਹੈ, ਅਧਿਆਤਮਿਕ ਵਾਰ ਵਿਚ ਪਰਮਾਤਮਾ ਦੀ ਮਹਿਮਾ ਦਾ ਗਾਇਨ ਕੀਤਾ ਜਾਂਦਾ ਹੈ ।ਸਾਰੰਗ ਕੀ ਵਾਰ ਵਿਚ ਪਰਮਾਤਮਾ ਦੀ ਮਹਿਮਾ ਪਉੜੀ 1,4,5,6,8,9,10,11,13 ਅਤੇ 36 ਵਿਚ ਗਾਇਨ ਕੀਤੀ ਗਈ ਹੈ। 19ਵੀਂ ਅਤੇ 20ਵੀਂ ਪਉੜੀ ਵਿਚ ਗੁਰੂ ਦੀ ਅਤੇ ਗੁਰਮੁਖ ਦੀ ਮਹਿਮਾ 2,22,25 ਅਤੇ 31ਵੀਂ ਪਉੜੀ ਵਿਚ ਗਾਈ ਗਈ ਹੈ। ਰਚਨਾ ਪਖੋਂ ਵਾਰ ਦੇ ਆਮ ਤੌਰ ਤੇ ਤਿੰਨ ਹਿੱਸੇ ਹੁੰਦੇ ਹਨ। ਪਹਿਲੇ ਭਾਗ ਵਿਚ ਉਹਨਾਂ ਕਾਰਨਾਂ ਦਾ ਜ਼ਿਕਰ ਕੀਤਾ ਜਾਂਦਾ ਹੈ ਜਿਨ੍ਹਾਂ ਕਰਕੇ ਸਮੱਸਿਆ ਪੈਦਾ ਹੁੰਦੀ ਹੈ। ਇਥੇ ਕਾਰਣ ਮਨੁੱਖ ਦੀ ਹਉਮੈ ਅਤੇ ਉਸਦਾ ਇਸ ਸੰਸਾਰ ਨਾਲ ਲਗਾਉ ਹੈ।
ਦੂਸਰਾ ਭਾਗ ਟਕਰਾਉ ਦੀ ਵਿਆਖਿਆ ਕਰਦਾ ਹੈ। ਇਥੇ ਟਕਰਾਉ ਚੰਗਿਆਈ ਅਤੇ ਬੁਰਾਈ ਵਿਚ ਹੈ। ਸੰਸਾਰ ਦਾ ਪਿਆਰ ਮਨੁੱਖ ਨੂੰ ਇਕ ਪਾਸੇ ਖਿਚਦਾ ਹੈ ਅਤੇ ਪਰਮਾਤਮਾ ਦਾ ਪ੍ਰੇਮ ਦੂਸਰੇ ਪਾਸੇ। ਕੇਵਲ ਪਰਮਾਤਮਾ ਦੀ ਮਿਹਰ ਮਨੁੱਖ ਦੀ ਰੱਖਿਆ ਕਰਦੀ ਹੈ। ਤੀਸਰੇ ਭਾਗ ਵਿਚ ਪਰਮਾਤਮਾ ਨੂੰ ਇਕ ਸਰਵੋਤਮ ਸ਼ਕਤੀਸ਼ਾਲੀ ਦੇ ਤੌਰ ਤੇ ਦਰਸਾਇਆ ਗਿਆ ਹੈ ਜਿਸ ਦਾ ਹੁਕਮ ਸਾਰੇ ਸੰਸਾਰ ‘ਤੇ ਚੱਲਦਾ ਹੈ। ਇਸ ਗੱਲ ਦਾ ਅਹਿਸਾਸ ਹੀ ਮਨੁੱਖ ਅੰਦਰ ਅਨੰਦ ਪੈਦਾ ਕਰਦਾ ਹੈ।
ਸਾਰੰਗ ਕੀ ਵਾਰ ਦੀ ਭਾਸ਼ਾ ਪੰਜਾਬੀ ਹੈ। ਸਰਲ ਸ਼ੈਲੀ ਵਿਚ ਇਹ ਵਾਰ ਇਕ ਸੱਚੇ ਅਧਿਆਤਮਿਕ ਅਤੇ ਨੈਤਿਕ ਨਿਯਮਾਂ ਅਧੀਨ ਚਲਦੇ ਜੀਵਨ ਦੀ ਵਿਆਖਿਆ ਕਰਦੀ ਹੈ। ਇਸ ਵਾਰ ਦੀਆਂ ਕੁਝ ਤੁਕਾਂ ਸਾਹਿਤਿਕ ਪੰਜਾਬੀ ਵਿਚ ਮੁਹਾਵਰੇ ਬਣ ਗਈਆਂ ਹਨ ਜਿਵੇਂ: ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ॥(ਗੁ.ਗ੍ਰੰ. 1239); ਇਸੇ ਤਰ੍ਹਾਂ ਅਗੇ ਹੈ, ‘ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ।`(ਗੁ.ਗ੍ਰੰ. 1245) ਅਗੇ ਹੋਰ ਹੈ, ‘‘ਘਾਲਿ ਖਾਇ ਕਿਛੁ ਹਥਹੁ ਦੇਹਿ। ਨਾਨਕ ਰਾਹੁ ਪਛਾਣਹਿ ਸੇਇ।(ਗੁ.ਗ੍ਰੰ. 1245)। ਪਰਾਈ ਅਮਾਣ ਕਿਉ ਰਖੀਐ ਦਿਤੀ ਹੀ ਸੁਖੁ ਹੋਇ।(ਗੁ.ਗ੍ਰੰ.1249)।
ਲੇਖਕ : ਸੀ.ਐਸ.ਜੀ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2765, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First