ਸਾਲਸ ਰਾਇ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਾਲਸ ਰਾਇ : ਭਾਈ ਬਾਲਾ ਜਨਮ ਸਾਖੀ ਅਨੁਸਾਰ, ਇਕ ਜੌਹਰੀ ਤੇ ਗੁਰੂ ਨਾਨਕ ਜੀ ਦੇ ਸਮੇਂ ਦਾ ਪ੍ਰੇਮੀ ਸਿੱਖ ਸੀ। ਇਹ ਪੱਛਮੀ ਬੰਗਾਲ ਦੇ ਬਿਸ਼ੰਭਰਪੁਰ, ਵਰਤਮਾਨ ਨਾਂ ਬਿਸ਼ਨੂਪੁਰ, ਦਾ ਨਿਵਾਸੀ ਸੀ। ਤਵਾਰੀਖ਼ ਗੁਰੂ ਖ਼ਾਲਸਾ ਦੇ ਲੇਖਕ ਗਿਆਨੀ ਗਿਆਨ ਸਿੰਘ ਨੇ ਇਕ ਪਰੰਪਰਾ ਦੇ ਅਧਾਰ ਤੇ ਸਾਲਸ ਰਾਇ ਦੇ ਨਗਰ ਦਾ ਨਾਂ ਬਿਹਾਰ ਰਾਜ ਦਾ ਪਟਨਾ ਸ਼ਹਿਰ ਦਸਿਆ ਹੈ। ਜਦੋਂ ਗੁਰੂ ਨਾਨਕ ਜੀ ਪੂਰਬੀ ਹਿੱਸਿਆਂ ਦੀ ਉਦਾਸੀ ਕਰਕੇ ਬਿਸ਼ੰਭਰਪੁਰ ਪੁੱਜੇ ਤਾਂ ਜਨਮਸਾਖੀ ਅਨੁਸਾਰ ਭਾਈ ਮਰਦਾਨਾ ਨੇ ਥਕਾਵਟ ਤੇ ਭੁੱਖ ਦੀ ਸ਼ਿਕਾਇਤ ਕੀਤੀ। ਗੁਰੂ ਜੀ ਨੇ ਉਸ ਨੂੰ ਜੰਗਲ ਵਿਚੋਂ ਚੁੱਕਿਆ ਹੋਇਆ ਇਕ ਪੱਥਰ ਦਿੱਤਾ ਅਤੇ ਉਸ ਨੂੰ ਨੇੜੇ ਦੇ ਸ਼ਹਿਰ ਜਾ ਕੇ ਇਸ ਨੂੰ ਵੇਚਣ ਅਤੇ ਪ੍ਰਾਪਤ ਰਕਮ ਨਾਲ ਆਪਣੀ ਲੋੜ ਦੀਆਂ ਵਸਤਾਂ ਖਰੀਦਣ ਲਈ ਕਿਹਾ। ਮਰਦਾਨਾ ਇਹ ਪੱਥਰ ਲੈ ਕੇ ਹੱਟੀ-ਹੱਟੀ ਘੁੰਮਿਆ ਪਰ ਹਰੇਕ ਨੇ ਇਸ ਨੂੰ ਬੇਕਾਰ ਤੇ ਤੁੱਛ ਸਮਝ ਕੇ ਵਾਪਸ ਕਰ ਦਿੱਤਾ। ਪਰ ਜਦੋਂ ਸਾਲਸ ਰਾਇ ਜੌਹਰੀ ਪਾਸ ਗਿਆ ਤਾਂ ਉਹ ਇਸ ਦੀ ਬਾਰੀਕੀ ਨਾਲ ਜਾਂਚ-ਪਰਖ ਕਰਕੇ ਮੰਤਰ ਮੁਗਧ ਹੋ ਗਿਆ। ਮਰਦਾਨਾ ਨੂੰ ਪੱਥਰ ਵਾਪਸ ਕਰਕੇ ਜੌਹਰੀ ਨੇ ਕਿਹਾ ਕਿ ਉਹ ਇਸ ਅਮੁੱਲ ਲਾਲ ਦੇ ਮਾਲਕ ਨੂੰ ਮਿਲਣਾ ਚਾਹੁੰਦਾ ਹੈ। ਨਾਲ ਹੀ ਉਸ ਨੇ ਆਪਣੇ ਸੇਵਕ (ਨੌਕਰ) ਅਧੱਰਕਾ ਨੂੰ ਗੁਰੂ ਜੀ ਲਈ ਕੁਝ ਤੋਹਫ਼ੇ ਅਤੇ ਫ਼ਲ ਲਿਜਾਣ ਲਈ ਵੀ ਕਿਹਾ। ਮਰਦਾਨਾ ਦੇ ਨਾਲ ਸਾਲਸ ਰਾਇ ਤੇ ਅਧਰੱਕਾ ਉਸ ਟਿਕਾਣੇ ਤੇ ਪੁੱਜੇ ਜਿਥੇ ਗੁਰੂ ਜੀ ਬੈਠੇ ਹੋਏ ਸਨ। ਗੁਰੂ ਜੀ ਦੇ ਦਰਸ਼ਨ, ਪ੍ਰਵਚਨ ਤੇ ਸ਼ਬਦ ਸੁਣ ਕੇ ਇਹ ਦੋਵੇਂ ਗੁਰੂ ਜੀ ਦੇ ਪ੍ਰੇਮੀ ਅਤੇ ਸ਼ਰਧਾਲੂ ਬਣ ਗਏ। ਅਧਰੱਕਾ ਦੀ ਸੇਵਾ ਤੇ ਸ਼ਰਧਾ ਵੀ ਸਾਲਸ ਰਾਇ ਦੇ ਸਮਾਨ ਮੰਨੀ ਗਈ। ਇਹਨਾਂ, ਦੋਹਾਂ ਨੂੰ ਆਪਣੇ ਨਗਰ ਵਿਚ ਸਿੱਖ ਸੰਗਤ ਕਾਇਮ ਕਰਨ ਦਾ ਕਾਰਜ ਸੌਂਪਿਆ ਗਿਆ।
ਲੇਖਕ : ਗ.ਨ.ਸ. ਅਤੇ ਅਨੁ. ਹ.ਸ.ਕ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2141, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First