ਸਾਹਿਬ ਦੇਵਾਂ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਾਹਿਬ ਦੇਵਾਂ : ਪਰੰਪਰਾ ਅਨੁਸਾਰ ਖ਼ਾਲਸੇ ਦੀ ਮਾਤਾ ਸਨ ਅਤੇ ਅਜੋਕੇ ਪਾਕਿਸਤਾਨ ਦੇ ਜਿਹਲਮ ਜ਼ਿਲੇ ਦੇ ਰੋਹਤਾਸ ਦੇ ਰਹਿਣ ਵਾਲੇ ਇਕ ਸ਼ਰਧਾਵਾਨ ਬੱਸੀ ਖੱਤਰੀ ਸਿੱਖ ਦੰਪਤੀ ਭਾਈ ਹਰ ਭਗਵਾਨ ਉਰਫ ਰਾਮੂ ਅਤੇ ਇਹਨਾਂ ਦੀ ਪਤਨੀ ਜਸ ਦੇਵੀ ਦੇ ਸੁਪੁੱਤਰੀ ਸਨ। ਇਹਨਾਂ ਦੇ ਮਾਤਾ-ਪਿਤਾ ਨੇ ਸ਼ੁਰੂ ਤੋਂ ਹੀ ਇਹਨਾਂ ਨੂੰ ਗੁਰੂ ਗੋਬਿੰਦ ਸਿੰਘ ਲਈ ਸਮਰਪਿਤ ਕਰ ਦਿੱਤਾ ਸੀ। ਜਦੋਂ ਇਹ 1700 ਵਿਚ ਵਸਾਖੀ ਦੇ ਤਿਉਹਾਰ ਵੇਲੇ ਅਨੰਦਪੁਰ ਗੁਰੂ ਦਰਸ਼ਨਾਂ ਹਿਤ ਗਏ ਤਾਂ ਇਹਨਾਂ ਨੂੰ ਵੀ ਆਪਣੇ ਨਾਲ ਲੈ ਗਏ ਅਤੇ ਗੁਰੂ ਅੱਗੇ ਬੇਨਤੀ ਕੀਤੀ ਕਿ ਉਹਨਾਂ ਦੀ ਇੱਛਾ ਹੈ ਕਿ ਉਹਨਾਂ ਦੀ ਸੁਪੁੱਤਰੀ ਗੁਰੂ ਜੀ ਦੇ ਮਹਿਲ ਬਣਨ। ਗੁਰੂ ਜੀ ਜਿਨ੍ਹਾਂ ਦੇ ਪਹਿਲਾਂ ਵੀ ਦੋ ਧਰਮ ਪਤਨੀਆਂ ਸਨ ਅਤੇ ਚਾਰ ਸੁਪੁੱਤਰਾਂ ਦੇ ਪਿਤਾ ਸਨ ਇਸ ਭੇਟਾ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਪਰੰਤੂ ਜਦੋਂ ਭਾਈ ਹਰ ਭਗਵਾਨ ਨੇ ਜਿੱਦ ਕੀਤੀ ਕਿ ਉਹਨਾਂ ਨੇ ਆਪਣੀ ਲੜਕੀ ਨੂੰ ਗੁਰੂ ਜੀ ਦੀ ਧਰਮਪਤਨੀ ਦੇ ਤੌਰ ਤੇ ਪਾਲਿਆ ਹੈ ਅਤੇ ਇਸ ਲਈ ਉਹਨਾਂ ਦੀ ਲੜਕੀ ਹੋਰ ਕਿਸੇ ਨਾਲ ਸ਼ਾਦੀ ਨਹੀਂ ਕਰੇਗੀ ਤਦ ਗੁਰੂ ਜੀ ਸ਼ਾਦੀ ਕਰਵਾਉਣਾ ਤਾਂ ਮੰਨ ਗਏ ਪਰ ਉਹਨਾਂ ਇਹ ਸਪਸ਼ਟ ਕਰ ਦਿੱਤਾ ਕਿ ਉਹ ਸਾਰੀ ਉਮਰ ਪਤੀ-ਪਤਨੀ ਦੇ ਵਿਹਾਰਿਕ ਸੰਬੰਧਾਂ ਤੋਂ ਵਾਂਝਿਆਂ ਹੀ ਰਹੇਗੀ। 15 ਅਪ੍ਰੈਲ 1700 ਨੂੰ ਅਨੰਦਪੁਰ ਦੇ ਸਥਾਨ ਤੇ ਇਹ ਸ਼ਾਦੀ ਹੋਈ ਸੀ। ਗੁਰੂ ਗੋਬਿੰਦ ਸਿੰਘ ਨੇ ਮਾਤਾ ਸਾਹਿਬ ਦੇਵਾਂ ਨੂੰ ਖ਼ਾਲਸੇ ਦੀ ਮਾਤਾ ਹੋਣ ਦਾ ਐਲਾਨ ਕਰ ਦਿੱਤਾ। ਉਦੋਂ ਤੋਂ ਲੈ ਕੇ ਹੁਣ ਤਕ ਇਹ ਪਰੰਪਰਾ ਕਾਇਮ ਹੈ ਕਿ ਅੰਮ੍ਰਿਤ ਅਭਿਲਾਖੀ ਅੰਮ੍ਰਿਤ ਛਕਣ ਵੇਲੇ ਗੁਰੂ ਗੋਬਿੰਦ ਸਿੰਘ ਨੂੰ ਆਪਣਾ ਪਿਤਾ ਅਤੇ ਮਾਤਾ ਸਾਹਿਬ ਦੇਵਾਂ ਨੂੰ ਆਪਣੀ ਮਾਤਾ ਮੰਨਦੇ ਹਨ।

        5-6 ਦਸੰਬਰ 1705 ਦੀ ਭਿਆਨਕ ਰਾਤ ਨੂੰ ਅਨੰਦਪੁਰ ਛੱਡਣ ਉਪਰੰਤ ਗੁਰੂ ਜੀ ਦੇ ਨਾਲ ਦੇ ਸਿੱਖਾਂ ਉੱਪਰ ਸਰਸਾ ਨਦੀ ਦੇ ਕਿਨਾਰੇ ਉੱਤੇ ਹਮਲਾ ਹੋਇਆ ਸੀ। ਇਸ ਤਰ੍ਹਾਂ ਹਮਲਾ ਹੋਣ ਉਪਰੰਤ ਹੋਈ ਭਗਦੜ ਵਿਚ ਗੁਰੂ ਜੀ ਦਾ ਪਰਵਾਰ ਅਤੇ ਸਿੱਖ ਇੱਧਰ ਉੱਧਰ ਖਿੰਡ ਪੁੰਡ ਗਏ ਅਤੇ ਮਾਤਾ ਸਾਹਿਬ ਦੇਵਾਂ ਅਤੇ ਮਾਤਾ ਸੁੰਦਰੀ ਜੀ ਨੂੰ ਭਾਈ ਮਨੀ ਸਿੰਘ ਮਦਦ ਕਰਕੇ ਦਿੱਲੀ ਲੈ ਗਏ। ਇਹ 1706 ਨੂੰ ਕੁਝ ਸਮੇਂ ਲਈ ਗੁਰੂ ਜੀ ਕੋਲ ਤਲਵੰਡੀ ਸਾਬੋ ਵਿਖੇ ਆ ਕੇ ਮਿਲੇ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਦੱਖਣ ਵਿਚ ਔਰੰਗਜ਼ੇਬ ਨੂੰ ਮਿਲਣ ਜਾਣ ਲਈ ਰਾਜਸਥਾਨ ਦੇ ਰੇਗਿਸਤਾਨ ਵਿਚ ਤੁਰਨ ਤੋਂ ਪਹਿਲਾਂ ਇਹਨਾਂ ਨੂੰ ਦਿੱਲੀ ਭੇਜ ਦਿੱਤਾ ਗਿਆ। ਪਰੰਤੂ ਬਾਦਸ਼ਾਹ ਦੀ ਮ੍ਰਿਤੂ ਬਾਰੇ ਜਾਣ ਕੇ ਇਹਨਾਂ ਨੇ ਆਪਣਾ ਰਸਤਾ ਬਦਲ ਲਿਆ ਅਤੇ ਦਿੱਲੀ ਰਾਹੀਂ ਹੋ ਕੇ ਨਵੇਂ ਬਾਦਸ਼ਾਹ, ਬਹਾਦਰ ਸ਼ਾਹ ਨੂੰ ਮਿਲਣ ਲਈ ਆਗਰੇ ਚਲੇ ਗਏ ਅਤੇ ਉਸ ਨਾਲ ਰਾਜਸਥਾਨ ਤਕ ਗਏ ਅਤੇ ਉਥੋਂ 1708 ਵਿਚ ਦੱਖਣ ਵਲ ਚਲੇ ਗਏ। ਇਸ ਵਾਰੀ ਮਾਤਾ ਸਾਹਿਬ ਦੇਵਾਂ ਗੁਰੂ ਗੋਬਿੰਦ ਸਿੰਘ ਜੀ ਨਾਲ ਨੰਦੇੜ ਤਕ ਨਾਲ ਗਏ ਪਰੰਤੂ ਦੁਬਾਰਾ ਫਿਰ ਅਕਤੂਬਰ 1708 ਵਿਚ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਤੋਂ ਥੋੜ੍ਹਾ ਸਮਾਂ ਪਹਿਲਾਂ ਇਹਨਾਂ ਨੂੰ ਦਿੱਲੀ ਵਾਪਸ ਆਉਣ ਅਤੇ ਮਾਤਾ ਸੁੰਦਰੀ ਨਾਲ ਰਹਿਣ ਲਈ ਬੇਨਤੀ ਕੀਤੀ ਗਈ। ਮਾਤਾ ਜੀ ਨੰਦੇੜ ਤੋਂ ਪੰਜ ਹਥਿਆਰ ਆਪਣੇ ਨਾਲ ਲੈ ਕੇ ਆਏ ਜਿਨਾਂ ਬਾਰੇ ਕਿਹਾ ਜਾਂਦਾ ਹੈ ਕਿ ਉਹ ਵਾਸਤਵ ਵਿਚ ਗੁਰੂ ਹਰਗੋਬਿੰਦ ਜੀ ਦੇ ਸਨ। ਦਿੱਲੀ ਤੋਂ ਮਾਤਾ ਜੀ ਨੇ ਮਾਤਾ ਸੁੰਦਰੀ ਨਾਲ ਮਿਲ ਕੇ ਸਿੱਖ ਕੌਮ ਦੀ ਅਗਵਾਈ ਕੀਤੀ ਜਿਸ ਬਾਰੇ ਮਿਲਦੇ ਹੁਕਮਨਾਮਿਆਂ ਤੋਂ ਸਪਸ਼ਟ ਹੋ ਜਾਂਦਾ ਹੈ ਕਿਉਂਕਿ ਇਹ ਉਹਨਾਂ ਦੇ ਨਾਂ ਤੇ ਭੇਜੇ ਗਏ ਸਨ। ਮਾਤਾ ਸਾਹਿਬ ਦੇਵਾਂ ਜੀ ਦੇ ਅਕਾਲ ਚਲਾਣੇ ਦੀ ਸਹੀ ਤਾਰੀਖ਼ ਬਾਰੇ ਪਤਾ ਨਹੀਂ ਹੈ ਪਰੰਤੂ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਹ ਮਾਤਾ ਸੁੰਦਰੀ ਦੇ 1747 ਵਿਚ ਅਕਾਲ ਚਲਾਣਾ ਕਰਨ ਤੋਂ ਕੁਝ ਸਮਾਂ ਪਹਿਲਾਂ ਅਕਾਲ ਚਲਾਣਾ ਕਰ ਗਏ ਸਨ। ਮਾਤਾ ਸਾਹਿਬ ਦੇਵਾਂ ਦੁਆਰਾ ਜਾਰੀ ਕੀਤੇ ਗਏ ਹੁਕਮਨਾਮੇ ਜਿਨ੍ਹਾਂ ਉੱਤੇ 1726 ਅਤੇ 1734 ਦੀਆਂ ਤਾਰੀਖਾਂ ਪਈਆਂ ਹੋਈਆਂ ਹਨ ਇਸ ਵੱਲ ਸੰਕੇਤ ਕਰਦੀਆਂ ਹਨ ਕਿ ਇਹਨਾਂ ਦਾ ਅਕਾਲ ਚਲਾਣਾ ਕਿਧਰੇ 1734 ਅਤੇ 1747 ਦੇ ਵਿਚਕਾਰ ਕਿਸੇ ਸਮੇਂ ਹੋਇਆ ਹੋਵੇਗਾ। ਨਵੀਂ ਦਿੱਲੀ ਵਿਖੇ ਗੁਰਦੁਆਰਾ ਬਾਲਾ ਸਾਹਿਬ ਦੇ ਅਹਾਤੇ ਵਿਚ ਮਾਤਾ ਸੁੰਦਰੀ ਦੀ ਯਾਦਗਾਰ ਦੇ ਬਿਲਕੁਲ ਨੇੜੇ ਹੀ ਮਾਤਾ ਸਾਹਿਬ ਦੇਵਾਂ ਦੇ ਸਤਿਕਾਰ ਵਿਚ ਯਾਦਗਾਰ ਮੌਜੂਦ ਹੈ। ਜਿਹੜੇ ਹਥਿਆਰ ਕਿਹਾ ਜਾਂਦਾ ਹੈ ਕਿ ਮਾਤਾ ਜੀ ਨੰਦੇੜ ਤੋਂ ਆਪਣੇ ਨਾਲ ਲੈ ਕੇ ਆਏ ਸਨ ਪਾਰਲੀਮੈਂਟ ਸਟਰੀਟ ਵਿਚਲੇ ਗੁਰਦੁਆਰਾ ਰਕਾਬਗੰਜ ਨਵੀਂ ਦਿੱਲੀ ਵਿਖੇ ਸੰਭਾਲ ਕੇ ਰੱਖੇ ਹੋਏ ਹਨ।


ਲੇਖਕ : ਸ਼.ਸ.ਅ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3472, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਸਾਹਿਬ ਦੇਵਾਂ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ

ਸਾਹਿਬ ਦੇਵਾਂ  (ਜਾਂ ਸਾਹਿਬ ਕੌਰ ) : ਇਹ ਸ੍ਰੀ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸੁਪਤਨੀ ਸਨ। ਇਸ ਤੋਂ ਪਹਿਲਾਂ ਗੁਰੂ ਸਾਹਿਬ ਦੀਆਂ ਦੋ ਸੁਪਤਨੀਆਂ ਹੋਰ ਸਨ–ਇਕ ਮਾਤਾ ਸੁੰਦਰੀ ਤੇ ਦੂਜੀ ਮਾਤਾ ਜੀਤੋ। ਮਾਤਾ ਸਾਹਿਬ ਦੇਵਾਂ ਜਾਂ ਸਾਹਿਬ ਕੌਰ ਰੋਹਤਾਸ ਨਿਵਾਸੀ ਭਾਈ ਰਾਮੂ ਨਾਮੀ ਇਕ ਬਸੀ ਖੱਤਰੀ ਦੀ ਸਪੁੱਤਰੀ ਸਨ। ਇਸ ਦਾ ਵਿਆਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਮਤ 1757 (1700 ਈ. ) ਵਿਚ ਹੋਇਆ। ਅਸਲ ਗੱਲ ਇਹ ਹੈ ਕਿ ਜਦੋਂ ਸਾਹਿਬ ਦੇਵਾਂ ਵਿਆਹੁਣ ਜੋਗ ਹੋਈ ਤਾਂ ਭਾਈ ਰਾਮੂ ਇਸਨੂੰ ਆਨੰਦਪੁਰ ਸਾਹਿਬ ਲੈ ਕੇ ਗੁਰੂ ਜੀ ਦੀ ਸੇਵਾ ਵਿਚ ਹਾਜ਼ਰ ਹੋਇਆ। ਗੁਰੂ ਸਾਹਿਬ ਉਸ ਸਮੇਂ ਸਿੱਖ ਫ਼ੌਜਾਂ ਦੀ ਤਨਜ਼ੀਮ ਵਿਚ ਰੁੱਝੇ ਹੋਏ ਹੋਣ ਕਰਕੇ ਦੁਨੀਆਂਦਾਰੀ ਤੋਂ ਸੰਨਿਆਸ ਧਾਰਨ ਕਰ ਚੁੱਕੇ ਸਨ। ਸੋ ਉਨ੍ਹਾਂ ਨੇ ਭਾਈ ਰਾਮੂ ਦੇ ਅਰਜ਼ ਕਰਨ ਤੇ ਪਹਿਲਾਂ ਤਾਂ ਇਨਕਾਰ ਕੀਤਾ ਪਰ ਪਿੱਛੋਂ ਉਸ ਦੀ ਦ੍ਰਿੜ੍ਹਤਾ ਦੇਖ ਕੇ ਰਿਸ਼ਤਾ ਕਬੂਲ ਕਰ ਲਿਆ। ਗੁਰੂ ਸਾਹਿਬ ਦੇ ਦੁਨਿਆਂਦਾਰੀ ਤੋਂ ਤਿਆਗੀ ਹੋਣ ਕਰਕੇ ਹੀ ਮਾਤਾ ਸਾਹਿਬ ਦੇਵਾਂ ਦੀ ਕੁਖੋਂ ਕੋਈ ਸੰਤਾਨ ਨਾ ਹੋਈ ਤੇ ਇਹ ਗੁਰੂ ਜੀ ਦੇ ਘਰ ‘ਕੁਆਰਾ ਡੋਲਾ’ ਦੇ ਨਾਂ ਨਾਲ ਮਸ਼ਹੂਰ ਹੋਈ।

          ਸੰਮਤ 1756 (1699 ਈ. ) ਦੀ ਵਿਸਾਖੀ ਦੇ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਸਾਜਿਆ ਸੀ। ਮਗਰੋਂ ਗੁਰੂ ਜੀ ਨੇ ਅਪਾਰ ਕਿਰਪਾ ਨਾਲ ਸਮੁੱਚਾ ‘ਖ਼ਾਲਸਾ ਪੰਥ’ ਹੀ ਮਾਤਾ ਸਾਹਿਬ ਦੇਵਾਂ ਦੀ ਝੋਲੀ ਪਾ ਦਿੱਤਾ। ਇਹੀ ਕਾਰਨ ਹੈ ਕਿ ਸਿੱਖ ਬੜੇ ਮਾਣ ਨਾਲ ਆਪਣਾ ‘ਪਿਤਾ ਗੁਰੂ ਗੋਬਿੰਦ ਸਿੰਘ, ਮਾਤਾ ਸਾਹਿਬ ਕੌਰ ਜਾਂ ਸਾਹਿਬ ਦੇਵਾਂ ਕਹਿੰਦੇ ਹਨ।’

          ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਵਧੇਰੇ ਜੰਗਾਂ ਯੁੱਧਾਂ ਵਿਚ ਹੀ ਗੁਜ਼ਰਿਆ। ਸੰਮਤ 1761 ਬਿ. (1704 ਈ. ) ਵਿਚ ਬੜੀ ਸਖ਼ਤ ਲੜਾਈ ਪਿਛੋਂ ਗੁਰੂ ਜੀ ਨੇ ਆਨੰਦਪੁਰ ਨੂੰ ਛੱਡਿਆ। ਦੇਸ਼ ਦਾ ਰਟਨ ਕਰਦੇ ਹੋਏ ਉਹ ਅਬਿਚਲ ਨਗਰ (ਨੰਦੇੜ, ਦੱਖਣ) ਪਹੁੰਚੇ ਤੇ ਸੰਮਤ 1765 ਬਿ. (1708 ਈ. ) ਵਿਚ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਆਪ ਨੇ ਮਾਤਾ ਸਾਹਿਬ ਕੌਰ ਜੀ ਨੂੰ ਮਾਤਾ ਸੁੰਦਰੀ ਜੀ ਪਾਸ ਦਿੱਲੀ ਭੇਜ ਦਿੱਤਾ। ਉਨ੍ਹਾਂ ਨੇ ਗੁਰੂ ਹਰਿਗੋਬਿੰਦ ਸਾਹਿਬ ਦੇ ਪੰਜ ਸ਼ਸਤਰ ਵੀ ਇਨ੍ਹਾਂ ਦੇ ਸਪ਼ਰਦ ਕੀਤੇ ਜੋ ਹੁਣ ਗੁਰਦੁਆਰਾ ਰਕਾਬ ਗੰਜ ਸਾਹਿਬ, ਦਿੱਲੀ ਵਿਚ ਹਨ। ਇੱਥੇ ਮਾਤਾ ਜੀ ਸੰਮਤ 1791 ਬਿ. (1734 ਈ. ) ਤਕ ਜੀਉਂਦੇ ਰਹੇ। ਇਸ ਦਾ ਸਬੂਤ ਇਨ੍ਹਾਂ ਦੇ ਸੰਮਤ 1787 ਤੋਂ 1791 ਬਿ. ਤਕ 6 ਹੁਕਮਨਾਮੇ ਹਨ ਜੋ ਇਨ੍ਹਾਂ ਨੇ ਸੰਗਤ ਪਟਣ ਸ਼ੇਖ ਫ਼ਰੀਦ ਤੋਂ ਸੰਗਤ ਨੁਸ਼ਹਿਰਾ ਪਨੂੰਆਂ ਦੇ ਨਾਂ ਲਿਖੇ। ਇਨ੍ਹਾਂ ਦੇ ਸੁਰਗਵਾਸ ਹੋਣ ਬਾਰੇ ਸਹੀ ਸੰਨ ਸੰਮਤ ਕਿਤੋਂ ਨਹੀਂ ਮਿਲਦਾ ਇਨ੍ਹਾਂ ਦੀ ਸਮਾਧ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਦੇਹਰੇ ਪਾਸ ਦਿੱਲੀ ਵਿਚ ਮੌਜੂਦ ਹੈ।

                   ਹ. ਪੁ. ––ਗੁ. ਬਿ. ਪਾ. 10––ਕੋਇਰ ਸਿੰਘ ਕਲਾਲ; ਗੁ ਬਿ. ਪਾ. 10–ਭਾਈ ਸੋਖਾ ਸਿੰਘ ; ਗੁ. ਪ੍ਰ. ਸੂ. ਗ੍ਰੰ. ; ਮਾਤਾ ਸਾਹਿਬ ਦੇਵਾ ਜੀ ਦੇ ਹੁਕਮ ਨਾਮੇ––ਨੰ. 542––9, 2189, ਸਿੱਖ ਰੈਫ਼ਰੈਂਸ ਲਾਇਬ੍ਰੇਰੀ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ।


ਲੇਖਕ : ਸ਼ਮਸ਼ੇਰ ਸਿੰਘ ਅਸ਼ੋਕ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3002, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.