ਸਾਹਿਬ ਸਿੰਘ ਭੰਗੀ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਾਹਿਬ ਸਿੰਘ ਭੰਗੀ (ਅ.ਚ.1811): ਸਰਦਾਰ ਗੁੱਜਰ ਸਿੰਘ ਭੰਗੀ ਦਾ ਪੁੱਤਰ ਸੀ ਜਿਸ ਨੇ ਅਠਾਰ੍ਹਵੀਂ ਸਦੀ ਦੇ ਪਿਛਲੇ ਭਾਗ ਵਿਚ ਕੇਂਦਰੀ ਪੰਜਾਬ ਦੇ ਗੁਜਰਾਤ ਖੇਤਰ ਵਿਚ ਰਾਜ ਕੀਤਾ। ਉਦੋਂ ਪੰਜਾਬ ਵੱਖ-ਵੱਖ ਰਿਆਸਤਾਂ ਵਿਚ ਵੰਡਿਆ ਹੋਇਆ ਸੀ। ਇਸ ਦਾ ਵਿਆਹ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਚੜ੍ਹਤ ਸਿੰਘ ਸੁੱਕਰਚੱਕੀਆ ਦੀ ਧੀ ਰਾਜ ਕੌਰ ਨਾਲ ਹੋਇਆ ਸੀ। ਅਹਮਦ ਸ਼ਾਹ ਦੁੱਰਾਨੀ ਦੇ ਪੋਤੇ ਸ਼ਾਹ ਜ਼ਮਾਨ ਦਾ ਜਦੋਂ 1794 ਵਿਚ ਪਹਿਲਾ ਹਮਲਾ ਹੋਇਆ ਤਾਂ ਇਹ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਸਾਹਿਬ ਸਿੰਘ ਦੀ ਰਿਆਸਤ ਦੀ ਸਾਲਾਨਾ ਆਮਦਨ 13 ਲੱਖ ਰੁਪਏ ਸੀ। ਇਸ ਪਾਸ ਬਾਰਾਂ ਕਿਲੇ , 2000 ਪੱਕੇ ਘੋੜ ਸਵਾਰ ਅਤੇ ਇਸ ਤੋਂ ਇਲਾਵਾ ‘ਸ਼ਾਹ ਪਸੰਦ` ਨਾਂ ਦੀ ਮਸ਼ਹੂਰ ਤੋਪ ਸੀ।
ਦਰਿਆ ਚਨਾਬ ਦੇ ਖੱਬੇ ਕੰਢੇ ਦੇ ਇਲਾਕੇ ਤੇ ਕਾਬਜ਼ ਚੱਠਾ ਕਬੀਲੇ ਦੇ ਮੁਖੀ ਹਸ਼ਮਤ ਖ਼ਾਨ ਵਿਰੁੱਧ ਜੂਨ 1797 ਵਿਚ ਜਦੋਂ ਰਣਜੀਤ ਸਿੰਘ ਨੇ ਚੜ੍ਹਾਈ ਕੀਤੀ ਤਾਂ ਸਾਹਿਬ ਸਿੰਘ ਵੀ ਇਸ ਮੁਹਿੰਮ ਵਿਚ ਸ਼ਾਮਲ ਹੋ ਗਿਆ ਸੀ। 1798 ਵਿਚ ਸ਼ਾਹ ਜ਼ਮਾਨ ਦੇ ਆਖਰੀ ਹਮਲੇ ਸਮੇਂ ਸਾਹਿਬ ਸਿੰਘ ਨੇ 500 ਘੋੜ-ਸਵਾਰਾਂ ਸਮੇਤ ਰਣਜੀਤ ਸਿੰਘ ਦਾ ਸਾਥ ਦੇ ਕੇ ਹਮਲਾ ਕੀਤਾ। ਜਨਵਰੀ 1799 ਵਿਚ ਸ਼ਾਹ ਜ਼ਮਾਨ ਦੇ ਪੰਜਾਬ ਤੋਂ ਵਾਪਸੀ ਸਮੇਂ ਰਣਜੀਤ ਸਿੰਘ ਦੇ ਆਦੇਸ਼ ਅਨੁਸਾਰ ਸਾਹਿਬ ਸਿੰਘ ਨੇ ਕਸ਼ਮੀਰ ਵੱਲ ਭੇਜੀ ਫ਼ੌਜ ਦੀ ਅਗਵਾਈ ਕੀਤੀ ਅਤੇ 1806 ਵਿਚ ਸਤਲੁਜ ਪਾਰਲੇ ਖੇਤਰ ਵਿਚ ਕੀਤੀ ਚੜ੍ਹਾਈ ਸਮੇਂ ਵੀ ਨਾਲ ਗਿਆ। ਆਸ-ਪਾਸ ਦੇ ਸਿੱਖ ਸਰਦਾਰਾਂ ਦੇ ਸਾਹਿਬ ਸਿੰਘ ਪ੍ਰਤੀ ਵੈਰ-ਭਾਵ ਦੇ ਫਲਸਰੂਪ ਇਸ ਦੀ ਆਪਣੀ ਸਾਖ ਤੇ ਸ਼ਕਤੀ ਮੰਦ ਪੈ ਗਈ। ਰਣਜੀਤ ਸਿੰਘ ਨੇ ਇਸ ਦੇ ਇਲਾਕੇ ਨੂੰ ਆਪਣੇ ਰਾਜ ਵਿਚ ਸ਼ਾਮਲ ਕਰਕੇ ਇਸ ਦੇ ਅਧਿਕਾਰ ਤੇ ਸ਼ਕਤੀ ਨੂੰ ਸਮਾਪਤ ਕਰ ਦਿੱਤਾ। ਸਾਹਿਬ ਸਿੰਘ ਦੀ ਮਾਤਾ ਲੱਛਮੀ ਦੀ ਵਿਚੋਲਗੀ ਸਦਕਾ ਇਸਨੂੰ 1810 ਵਿਚ ਇਕ ਲੱਖ ਰੁਪਏ ਦੀ ਜਗੀਰ ਮਨਜ਼ੂਰ ਕੀਤੀ ਗਈ ਅਤੇ ਇਹ ਅਗਲੇ ਸਾਲ , ਇਸ ਦੀ ਮੌਤ ਤਕ ਇਸ ਕੋਲ ਰਹੀ। ਸਾਹਿਬ ਸਿੰਘ ਦੇ ਚਲਾਣੇ ਮਗਰੋਂ ਮਹਾਰਾਜਾ ਰਣਜੀਤ ਸਿੰਘ ਨੇ ਇਸ ਦੀਆਂ ਦੋਵਾਂ ਪਤਨੀਆਂ, ਦਇਆ ਕੌਰ ਤੇ ਰਤਨ ਕੌਰ ਜੋ ਸੱਕੀਆਂ ਭੈਣਾਂ ਅਤੇ ਸੁੰਦਰਤਾ ਵਿਚ ਮਾਲਾ-ਮਾਲ ਸਨ , ਨਾਲ ਚਾਦਰਾਂ ਪਾ ਕੇ ਵਿਆਹ ਕਰ ਲਿਆ। ਦਇਆ ਕੌਰ ਦੀ ਕੁਖੋਂ ਕਸ਼ਮੀਰ ਸਿੰਘ ਤੇ ਪਸ਼ੌਰਾ ਸਿੰਘ, ਅਤੇ ਰਤਨ ਕੌਰ ਤੋਂ ਮੁਲਤਾਨਾ ਸਿੰਘ ਪੈਦਾ ਹੋਏ।
ਲੇਖਕ : ਸ.ਸ.ਭ. ਅਤੇ ਅਨੁ. ਹ.ਸ.ਕ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1801, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਸਾਹਿਬ ਸਿੰਘ ਭੰਗੀ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ
ਸਾਹਿਬ ਸਿੰਘ ਭੰਗੀ (ਮੌਤ 1811 ਈ. ) : ਇਹ ਭੰਗੀ ਮਿਸਲ ਦੇ ਸਰਦਾਰ ਗੁੱਜਰ ਸਿੰਘ ਦਾ ਪੁੱਤਰ ਸੀ। ਇਸ ਦਾ ਵਿਆਹ 1774 ਵਿਚ ਮਹਾਂ ਸਿੰਘ ਸ਼ੁਕਰਚਕੀਏ ਦੀ ਭੈਣ ਬੀਬੀ ਰਾਜ ਕੌਰ ਨਾਲ ਹੋਇਆ। ਸਾਹਿਬ ਸਿੰਘ ਦਾ ਗੁਜਰਾਤ ਉੱਤੇ ਕਬਜ਼ਾ ਸੀ। ਸੁੱਖਾ ਸਿੰਘ ਤੇ ਫਤਹਿ ਸਿੰਘ ਵੀ ਦੋਵੇਂ ਹੀ ਗੁੱਜਰ ਸਿੰਘ ਦੇ ਲੜਕੇ ਸਨ। ਸਾਹਿਬ ਸਿੰਘ ਦੀ ਲੜਾਈ ਸੁੱਖਾ ਸਿੰਘ ਨਾਲ ਹੋ ਗਈ ਜਿਸ ਵਿਚ ਸੁੱਖਾ ਸਿੰਘ ਮਾਰਿਆ ਗਿਆ। ਗੁੱਜਰ ਸਿੰਘ ਨੇ ਸਾਹਿਬ ਸਿੰਘ ਤੇ ਹਮਲਾ ਕਰਕੇ ਇਸ ਦਾ ਇਲਾਕਾ ਖੋਹ ਕੇ ਫਤਹਿ ਸਿੰਘ ਨੂੰ ਦੇ ਦਿੱਤਾ। ਗੁੱਜਰ ਸਿੰਘ ਵਾਪਸ ਲਾਹੌਰ ਆ ਗਿਆ ਤਾਂ ਮਹਾਂ ਸਿੰਘ ਸ਼ੁਕਰਚਕੀਏ ਦੀ ਮਦਦ ਨਾਲ ਸਾਹਿਬ ਸਿੰਘ ਨੇ ਆਪਣਾ ਇਲਾਕਾ ਫਤਹਿ ਸਿੰਘ ਪਾਸੋਂ ਖੋਹ ਲਿਆ।
ਸੰਨ 1781 ਵਿਚ ਗੁੱਜਰ ਸਿੰਘ ਸੁਰਗਵਾਸ ਹੋ ਗਿਆ। ਉਸਦੀ ਥਾਂ ਸਾਹਿਬ ਸਿੰਘ ਲਾਹੌਰ ਦਾ ਹਾਕਮ ਬਣ ਗਿਆ। ਮਹਾਂ ਸਿੰਘ ਪਿਛਲੀਆਂ ਮੁਹਿੰਮਾਂ ਵਿਚ ਇਸ ਦੀ ਮਦਦ ਕਰਦਾ ਰਿਹਾ ਸੀ। ਉਸ ਨੇ ਸਾਹਿਬ ਸਿੰਘ ਤੋਂ ਨਜ਼ਰਾਨਾ ਮੰਗਿਆ ਤਾਂ ਇਸ ਨੇ ਇਨਕਾਰ ਕਰ ਦਿੱਤਾ। ਮਹਾਂ ਸਿੰਘ ਨੇ ਇਸ ਤੇ ਚੜ੍ਹਾਈ ਕਰ ਦਿੱਤੀ। ਮੈਦਾਨ ਵਿਚ ਮੁਕਾਬਲਾ ਕਰਨ ਦੀ ਅਸਮਰੱਥਾ ਦੇਖ ਕੇ ਇਹ ਕਿਲ੍ਹਾ ਸੋਧਰਾ ਵਿਚ ਬੰਦ ਹੋ ਕੇ ਬੈਠ ਗਿਆ। ਥੋੜ੍ਹੇ ਦਿਨਾਂ ਮਗਰੋਂ ਮਹਾਂ ਸਿੰਘ ਬੀਮਾਰ ਹੋ ਕੇ ਗੁੱਜਰਾਂਵਾਲਾ ਚਲਾ ਗਿਆ ਤੇ ਮੁਹਿੰਮ ਆਪਣੇ 12 ਸਾਲ ਦੇ ਪੁੱਤਰ ਰਣਜੀਤ ਸਿੰਘ ਨੂੰ ਸੌਂਪ ਗਿਆ। ਉਥੇ ਜਾਣ ਤੋਂ ਥੋੜ੍ਹੇ ਦਿਨਾਂ ਮਗਰੋਂ ਮਹਾਂ ਸਿੰਘ ਗੁਜ਼ਰ ਗਿਆ ਜਿਸ ਕਾਰਨ ਰਣਜੀਤ ਸਿੰਘ ਨੂੰ ਸੋਧਰੇ ਦਾ ਘੇਰਾ ਛੱਡ ਕੇ ਵਾਪਸ ਗੁੱਜਰਾਂਵਾਲੇ ਜਾਣਾ ਪਿਆ।
ਲਾਹੌਰ ਦੇ ਤਿੰਨ ਸਿੱਖ ਹਾਕਮ––ਲਹਿਣਾ ਸਿੰਘ, ਗੁੱਜਰ ਸਿੰਘ ਤੇ ਸੋਭਾ ਸਿੰਘ ਮਰ ਚੁਕੇ ਸਨ ਤੇ 1799 ਵਿਚ ਚੇਤ ਸਿੰਘ, ਸਾਹਿਬ ਸਿੰਘ ਤੇ ਮੋਹਰ ਸਿੰਘ ਲਾਹੌਰ ਦੇ ਮਾਲਕ ਸਨ। ਸਾਹਿਬ ਸਿੰਘ ਤਾਂ ਗੁਜਰਾਤ ਹੀ ਰਹਿੰਦਾ ਸੀ। ਰਣਜੀਤ ਸਿੰਘ ਨੇ ਇਨ੍ਹਾਂ ਨੂੰ ਹਰਾ ਕੇ ਲਾਹੌਰ ਤੇ ਕਬਜ਼ਾ ਕਰ ਲਿਆ।
ਭਸੀਣ ਦੀ ਲੜਾਈ ਵਿਚ ਸਾਹਿਬ ਸਿੰਘ ਭੰਗੀ ਰਣਜੀਤ ਸਿੰਘ ਦੇ ਵਿਰੁੱਧ ਲੜਿਆ ਸੀ। ਸੰਨ 1801 ਵਿਚ ਰਣਜੀਤ ਸਿੰਘ ਨੇ ਦਸ ਹਜ਼ਾਰ ਫ਼ੌਜ ਨਾਲ ਗੁਜਰਾਤ ਤੇ ਹਮਲਾ ਕਰ ਦਿੱਤਾ। ਸਾਹਿਬ ਸਿੰਘ ਦੀ ਹਾਰ ਹੋਈ ਅਤੇ ਇਸ ਨੇ ਰਣਜੀਤ ਸਿੰਘ ਦੀ ਅਧੀਨਗੀ ਮੰਨ ਲਈ ਪਰ ਨਜ਼ਰਾਨੇ ਤਾਰਨ ਵਿਚ ਢਿੱਲ–ਮੱਠ ਕਰਦਾ ਰਿਹਾ। ਸੰਨ 1810 ਵਿਚ ਇਸ ਦਾ ਝਗੜਾ ਆਪਣੇ ਪੁੱਤਰ ਗੁਲਾਬ ਸਿੰਘ ਨਾਲ ਹੋ ਗਿਆ। ਮੌਕਾ ਵੇਖ ਕੇ ਰਣਜੀਤ ਸਿੰਘ ਨੇ ਗੁਜਰਾਤ ਤੇ ਹਮਲਾ ਕਰਕੇ ਸਾਰੇ ਇਲਾਕੇ ਤੇ ਕਬਜ਼ਾ ਕਰ ਲਿਆ ਤੇ ਸਾਹਿਬ ਸਿੰਘ ਬਿਨਾਂ ਟਾਕਰਾ ਕੀਤੀਆਂ ਹੀ ਪਹਾੜਾਂ ਨੂੰ ਭੱਜ ਗਿਆ। ਸੰਨ 1811 ਵਿਚ ਇਸ ਦੀ ਮਾਤਾ ਦੇ ਕਹਿਣ ਤੇ ਰਣਜੀਤ ਸਿੰਘ ਨੇ ਸਾਹਿਬ ਸਿੰਘ ਨੂੰ ਵਾਪਸ ਬੁਲਾ ਕੇ ਬਜਵੰਤ ਦੇ ਇਲਾਕੇ ਵਿਚ ਇਕ ਲੱਖ ਦੀ ਸਾਲਾਨਾ ਜਾਗੀਰ ਦਿੱਤੀ। ਇਸੇ ਸਾਲ ਸਾਹਿਬ ਸਿੰਘ ਦੀ ਮੌਤ ਹੋ ਗਈ।
ਹ. ਪੁ. ––ਸਿ. ਮਿ. ; ਹਿ. ਪੰ. ––ਲਤੀਫ਼
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1429, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-09, ਹਵਾਲੇ/ਟਿੱਪਣੀਆਂ: no
ਸਾਹਿਬ ਸਿੰਘ ਭੰਗੀ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਸਾਹਿਬ ਸਿੰਘ, ਭੰਗੀ : ਇਹ ਭੰਗੀ ਮਿਸਲ ਦੇ ਸਰਦਾਰ ਗੁੱਜਰ ਸਿੰਘ ਦਾ ਪੁੱਤਰ ਸੀ। ਇਸ ਦਾ ਵਿਆਹ ਸੰਨ 1774 ਵਿਚ ਮਹਾਂ ਸਿੰਘ ਸ਼ੁਕਰਚਕੀਏ ਦੀ ਭੈਣ ਬੀਬੀ ਰਾਜ ਕੌਰ ਨਾਲ ਹੋਇਆ। ਗੁੱਜਰ ਸਿੰਘ ਦੇ ਦੋ ਹੋਰ ਪੁੱਤਰ ਵੀ ਸਨ- ਸੁੱਖਾ ਸਿੰਘ ਅਤੇ ਫ਼ਤਹਿ ਸਿੰਘ। ਸਾਹਿਬ ਸਿੰਘ ਦੀ ਸੁੱਖਾ ਸਿੰਘ ਨਾਲ ਲੜਾਈ ਹੋ ਗਈ ਜਿਸ ਵਿਚ ਸੁੱਖਾ ਸਿੰਘ ਮਾਰਿਆ ਗਿਆ। ਗੁੱਜਰ ਸਿੰਘ ਨੇ ਆਪ ਸਾਹਿਬ ਸਿੰਘ ਉੱਤੇ ਹਮਲਾ ਕੀਤਾ ਅਤੇ ਇਸ ਦਾ ਇਲਾਕਾ ਖੋਹ ਕੇ ਫ਼ਤਹਿ ਸਿੰਘ ਨੂੰ ਦੇ ਦਿੱਤਾ। ਇਸ ਤੇ ਸਾਹਿਬ ਸਿੰਘ ਨੇ ਲਾਹੌਰ ਆ ਕੇ ਮਹਾਂ ਸਿੰਘ ਸ਼ੁਕਰਚਕੀਏ ਤੋਂ ਮਦਦ ਲਈ ਅਤੇ ਆਪਣਾ ਇਲਾਕਾ ਵਾਪਸ ਲੈ ਲਿਆ। ਸੰਨ 1791 ਵਿਚ ਜਦੋਂ ਗੁੱਜਰ ਸਿੰਘ ਦਾ ਦੇਹਾਂਤ ਹੋ ਗਿਆ ਤਾਂ ਸਾਹਿਬ ਸਿੰਘ ਲਾਹੌਰ ਦਾ ਹਾਕਮ ਬਣ ਗਿਆ।
ਸਾਹਿਬ ਸਿੰਘ ਦੇ ਹਾਕਮ ਬਣਨ ਤੇ ਮਹਾਂ ਸਿੰਘ ਨੇ ਆਪਣੀ ਕੀਤੀ ਮਦਦ ਲਈ ਨਜ਼ਰਾਨਾ ਮੰਗਿਆ ਪਰੰਤੂ ਸਾਹਿਬ ਸਿੰਘ ਨੇ ਇਨਕਾਰ ਕਰ ਦਿੱਤਾ। ਮਹਾਂ ਸਿੰਘ ਨੇ ਇਸ ਉੱਪਰ ਚੜ੍ਹਾਈ ਕਰ ਦਿੱਤੀ ਪਰ ਇਹ ਸੋਧਰੇ ਦੇ ਕਿਲੇ ਵਿਚ ਬੰਦ ਹੋ ਕੇ ਬੈਠ ਗਿਆ। ਮਹਾਂ ਸਿੰਘ ਬੀਮਾਰੀ ਕਾਰਨ ਵਾਪਸ ਗੁੱਜਰਾਂਵਾਲਾ ਚਲਾ ਗਿਆ ਅਤੇ ਫ਼ੌਜ ਦੀ ਕਮਾਨ ਉਸਦੇ 12 ਸਾਲਾ ਪੁੱਤਰ ਰਣਜੀਤ ਸਿੰਘ ਨੇ ਸਾਂਭ ਲਈ। ਥੋੜ੍ਹੇ ਦਿਨ ਬਾਅਦ ਮਹਾਂ ਸਿੰਘ ਦਾ ਦੇਹਾਂਤ ਹੋ ਗਿਆ ਅਤੇ ਰਣਜੀਤ ਸਿੰਘ ਵੀ ਗੁੱਜਰਾਂਵਾਲਾ ਵਾਪਸ ਆ ਗਿਆ।
ਇਹ ਭਸੀਣ ਦੀ ਲੜਾਈ ਵਿਚ ਮਹਾਰਾਜਾ ਰਣਜੀਤ ਸਿੰਘ ਵਿਰੁੱਧ ਲੜਿਆ। ਸੰਨ 1801 ਵਿਚ ਮਹਾਰਾਜਾ ਰਣਜੀਤ ਸਿੰਘ ਨੇ ਭਾਰੀ ਫ਼ੌਜ ਨਾਲ ਗੁਜਰਾਤ ਉੱਪਰ ਹਮਲਾ ਕੀਤਾ ਜਿਸ ਵਿਚ ਸਾਹਿਬ ਸਿੰਘ ਦੀ ਹਾਰ ਹੋਈ। ਸੰਨ 1810 ਵਿਚ ਇਸ ਦਾ ਆਪਣੇ ਪੁੱਤਰ ਗੁਲਾਬ ਸਿੰਘ ਨਾਲ ਝਗੜਾ ਹੋ ਗਿਆ। ਇਸ ਸਮੇਂ ਮਹਾਰਾਜਾ ਰਣਜੀਤ ਸਿੰਘ ਨੇ ਗੁਜਰਾਤ ਦਾ ਸਾਰਾ ਇਲਾਕਾ ਆਪਣੇ ਕਬਜ਼ੇ ਅਧੀਨ ਕਰ ਲਿਆ। ਸੰਨ 1811 ਵਿਚ ਇਸ ਦੀ ਮਾਤਾ ਦੇ ਕਹਿਣ ਤੇ ਮਹਾਰਾਜਾ ਰਣਜੀਤ ਸਿੰਘ ਨੇ ਇਸ ਨੂੰ ਵਾਪਸ ਬੁਲਾ ਕੇ ਇਕ ਲੱਖ ਦੀ ਸਾਲਾਨਾ ਜਾਗੀਰ ਦਿੱਤੀ ਪਰੰਤੂ ਇਸੇ ਸਾਲ ਹੀ ਇਸ ਦਾ ਦੇਹਾਂਤ ਹੋ ਗਿਆ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1326, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-11-03-31-14, ਹਵਾਲੇ/ਟਿੱਪਣੀਆਂ: ਹ. ਪੁ.––ਸਿ. ਮਿ. : 54: ਹਿ. ਪੰ. –ਲਤੀਫ਼ : 304-306; ਪੰ. ਵਿ. ਕੋ. 4
ਵਿਚਾਰ / ਸੁਝਾਅ
Please Login First