ਸਿਧ ਗੋਸਟਿ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸਿਧ ਗੋਸਟਿ : ਸਿਧ ਗੋਸਟਿ ਗੁਰੂ ਨਾਨਕ ਦੇਵ ਦੇ ਸਿਧਾਂਤਾਂ ਨੂੰ ਸਪਸ਼ਟ ਕਰਨ ਵਾਲੀ ਸੰਵਾਦ ਸ਼ੈਲੀ ਵਿੱਚ ਲਿਖੀ, ਮਹੱਤਵਪੂਰਨ ਰਚਨਾ ਹੈ। ਭਾਵੇਂ ਬਾਣੀ ਵਿੱਚ ਸਿੱਧਾਂ ਨਾਲ ਸੰਵਾਦ ਦਰਸਾਇਆ ਗਿਆ ਹੈ, ਪਰ ਅੰਦਰਲੀ ਗਵਾਹੀ ਤੋਂ ਪਤਾ ਚੱਲਦਾ ਹੈ ਕਿ ਇਸ ਬਾਣੀ ਦਾ ਇਹ ਨਾਂ ‘ਪ੍ਰਭੂ ਨਾਲ ਮੇਲ` ਦੀ ਉਚਿਤਤਾ ਨੂੰ ਦਰਸਾਉਣ ਲਈ ਰੱਖਿਆ ਗਿਆ ਹੈ। ਉੱਲੇਖ ਮਿਲਦਾ ਹੈ ਕਿ ‘ਨਾਮਿ ਰਤੇ ਸਿਧ ਗੋਸਿਟ ਹੋਇ` ਅਰਥਾਤ ਨਾਮ ਵਿੱਚ ਲੀਨ ਹੋਇਆਂ ਹੀ ਪਰਮਾਤਮਾ ਨਾਲ ਮਿਲਨਾ ਸੰਭਵ ਹੈ। ਬਾਣੀ ਦਾ ਵਿਸ਼ਾ ਗੁਰੂ ਜੀ ਦੇ ਸਿਧਾਂਤਾਂ ਦੇ ਆਧਾਰ ਉੱਤੇ ਇਸ ਗੱਲ ਦੀ ਪੁਸ਼ਟੀ ਅਤੇ ਜੋਗੀਆਂ ਦੇ ਮਾਰਗ ਦਾ ਖੰਡਨ ਕਰਦਾ ਹੈ।

     ਜਪੁ ਵਾਂਗ ਇਸ ਬਾਣੀ ਦੇ ਰਚੇ ਜਾਣ ਦੇ ਸਮੇਂ ਬਾਰੇ ਵੀ ਕੋਈ ਨਿਸ਼ਚਿਤ ਜਾਣਕਾਰੀ ਨਹੀਂ ਮਿਲਦੀ। ਸਿੱਧਾਂ ਨਾਲ ਗੋਸਟਿ ਕਿੱਥੇ ਹੋਈ-ਇਸ ਬਾਰੇ ਵੀ ਵੱਖੋ-ਵੱਖ ਵਿਚਾਰ ਮਿਲਦੇ ਹਨ। ਪੁਰਾਤਨ ਜਨਮ-ਸਾਖੀ ਗੋਰਖ- ਹਟੜੀ ਵਿਖੇ ਸਿੱਧਾਂ ਨਾਲ ਮੇਲ ਤੇ ਬਾਣੀ ਲਿਖੇ ਜਾਣ ਦਾ ਉਲੇਖ ਕਰਦੀ ਹੈ। ਭਾਈ ਗੁਰਦਾਸ ਨੇ ਸਿੱਧਾਂ ਨਾਲ ਮੇਲ ਸ਼ਿਵਰਾਤਰੀ ਦੇ ਮੌਕੇ ਉੱਤੇ ਅਚਲ-ਬਟਾਲੇ ਵਿੱਚ ਹੋਇਆ ਦੱਸਿਆ ਹੈ। ਜੋਗੀਆਂ ਦੇ ਕਰਮਕਾਂਡ ਦੀ ਨਿਖੇਧੀ ਸੰਬੰਧੀ ਗੰਭੀਰ ਸਿਧਾਂਤਿਕ ਬਾਣੀ ਹੋਣ ਕਰ ਕੇ ਕਈ ਵਿਦਵਾਨ ਇਸ ਨੂੰ ਵਡੇਰੀ ਉਮਰ ਵਿੱਚ ਲਿਖੀ ਮੰਨਦੇ ਹਨ।

     ਇਹ ਬਾਣੀ ਸੰਵਾਦ ਦੇ ਮਾਧਿਅਮ ਨਾਲ ਸਿੱਧਾਂ ਦੇ ਸਿਧਾਂਤਾਂ, ਸਾਧਨਾ ਤੇ ਰਹੁ-ਰੀਤਾਂ ਦਾ ਖੰਡਨ ਬੜੇ ਹੀ ਸੰਜਮਪੂਰਨ ਤੇ ਵਿਹਾਰਿਕ ਢੰਗ ਨਾਲ ਕਰਦੀ ਹੈ। ਗੁਰੂ ਜੀ ਦਾ ਮੂਲ ਉਦੇਸ਼ ਇਹਨਾਂ ਸਿਧਾਂਤਾਂ ਨੂੰ ਅਪ੍ਰਸੰਗਿਕ ਦਰਸਾਉਂਦਿਆਂ, ਉਹਨਾਂ ਦੀ ਸਾਧਨਾ-ਪੱਧਤੀ ਨੂੰ ਸਿੱਖ- ਮਤ ਦੇ ਅਰਥ ਦੇ ਕੇ ਆਪਣੇ ਮਤ ਦੀ ਪੇਸ਼ਕਾਰੀ ਕਰਨਾ ਹੈ। ਸਿੱਧਾਂ ਦੀ ਸਿਧਾਂਤਿਕ ਸ਼ਬਦਾਵਲੀ ਦੀ ਵਰਤੋਂ ਦੇ ਨਾਲ ਉਹਨਾਂ ਦਾ ਗੁਰਮਤਿ ਸੰਕਲਪਾਂ ਵਿੱਚ ਰੂਪਾਂਤਰਨ ਇਸ ਬਾਣੀ ਦੀ ਵਿਲੱਖਣਤਾ ਹੈ।

     ਸਿਧ ਗੋਸਟਿ 73 ਪਉੜੀਆਂ ਦੀ ਰਚਨਾ ਹੈ। ਇਸ ਵਿੱਚ ਪਹਿਲੀ ਪਉੜੀ ਮੰਗਲਾਚਰਨ ਦੀ ਹੈ ਅਤੇ ਅੰਤਿਮ ਪਉੜੀ ਵਿੱਚ ਅਰਦਾਸ ਹੈ। ਸਿੱਧਾਂ ਨਾਲ ਸਿਧਾਂਤਿਕ ਸੰਵਾਦ ਵਾਲੀ ਇਸ ਬਾਣੀ ਦਾ ਮੁੱਖ ਭਾਵ ਇਹ ਹੈ ਕਿ ਪ੍ਰਭੂ ਦੀ ਭਾਲ ਵਿੱਚ ਦੇਸ਼ ਦੇਸ਼ਾਂਤਰਾਂ ਤੇ ਤੀਰਥਾਂ ਤੇ ਜਾਣ ਦਾ ਕੋਈ ਲਾਭ ਨਹੀਂ। ਦੁਨਿਆਵੀ ਜੀਵਨ ਵਿੱਚ ਹੀ ਸਤਿਗੁਰੂ ਦੇ ਸ਼ਬਦ ਰਾਹੀਂ ਪ੍ਰਭੂ ਨਾਲ ਜੁੜਿਆ ਜਾ ਸਕਦਾ ਹੈ। ਇਸੇ ਤਰ੍ਹਾਂ ਮਨੁੱਖ ਵਿਕਾਰਾਂ ਤੋਂ ਬਚ ਸਕਦਾ ਹੈ ਤੇ ਉਸ ਦੀ ਆਵਾਗਵਨ ਤੋਂ ਖ਼ਲਾਸੀ ਸੰਭਵ ਹੈ।

     ਬਾਣੀ ਅਨੁਸਾਰ ਗੁਰੂ ਨਾਨਕ ਦੇਵ ਸਿੱਧਾਂ ਦੀ ਸਾਧਨਾ- ਪੱਧਤੀ ਨਾਲ ਸਹਿਮਤ ਨਹੀਂ। ਚਰਪਟ ਜੋਗੀ ਵੱਲੋਂ ਉਹਨਾਂ ਦੇ ਮਤ ਬਾਰੇ ਪੁੱਛੇ ਜਾਣ `ਤੇ ਗੁਰੂ ਜੀ ਦੱਸਦੇ ਹਨ ਕਿ ਉਹਨਾਂ ਦਾ ਮਤ ਸਤਸੰਗ ਦਾ ਆਸਰਾ ਲੈ ਕੇ, ਪ੍ਰਭੂ ਦੇ ਨਾਮ ਦਾ ਸਿਮਰਨ ਕਰਨਾ ਹੈ। ਉਹਨਾਂ ਅਨੁਸਾਰ ਮਨੁੱਖ ਦੀ ਸਭ ਤੋਂ ਵੱਡੀ ਸਿਆਣਪ ਗੁਰੂ ਦੇ ਦੱਸੇ ਰਾਹ `ਤੇ ਤੁਰਦਿਆਂ ਆਪਣੇ-ਆਪ ਨੂੰ ਪਛਾਣਨਾ ਤੇ ਪਰਮਾਤਮਾ ਦੇ ਚਰਨਾਂ ਵਿੱਚ ਜੁੜਨਾ ਹੈ। ਗੁਰੂ ਜੀ ਦੱਸਦੇ ਹਨ ਕਿ ਪ੍ਰਭੂ ਨੂੰ ਮਨ ਵਿੱਚ ਵਸਾਇਆਂ ਮਨੁੱਖ ਦੁਨਿਆਵੀ ਆਸਾਂ ਦੇ ਜਾਲ ਤੋਂ ਬਚਿਆ ਰਹਿੰਦਾ ਹੈ। ਜਗਤ ਵਿੱਚ ਘਰ-ਬਾਰੀ ਹੁੰਦਾ ਹੋਇਆ ਤੇ ਕਿਰਤ-ਕਾਰ ਕਰਦਾ ਹੋਇਆ ਵੀ ਉਹ ਮਾਇਆ ਤੋਂ ਅਛੋਹ ਰਹਿੰਦਾ ਹੈ ਜਿਵੇਂ ਪਾਣੀ ਵਿੱਚ ਕਮਲ ਦਾ ਫੁੱਲ ਜਾਂ ਮੁਰਗਾਈ। ਗੁਰੂ ਜੀ ਨੇ ਜੋਗ ਪੰਥ ਦਾ ਖੰਡਨ ਜੋਗੀਆਂ ਦੇ ਸ਼ਬਦਾਂ ਦੀ ਆਪਣੇ ਸਿਧਾਂਤ ਨਾਲ ਵਿਆਖਿਆ ਦੁਆਰਾ ਕੀਤਾ ਹੈ। ਉਹਨਾਂ ਅਨੁਸਾਰ ਗੁਰੂ ਦੇ ਸ਼ਬਦ ਨੂੰ ਮਨ ਵਿੱਚ ਵਸਾਣਾ ਕੰਨਾਂ ਦੀਆਂ ਮੁੰਦਰਾਂ ਹਨ, ਪ੍ਰਭੂ ਨੂੰ ਹਰ ਥਾਂ ਵਿਆਪਕ ਜਾਣਨਾ ਗੋਦੜੀ ਹੈ, ਨਾਮ ਦੀ ਬਰਕਤ ਨਾਲ ਦੁਨਿਆਵੀ ਖ਼ਾਹਸ਼ਾਂ ਤੋਂ ਪਰੇ ਹੋਈ ਸੁਰਤ ਖਪਰ ਹੈ, ਜਦ ਕਿ ਸਰੀਰ ਨੂੰ ਵਿਕਾਰਾਂ ਤੋਂ ਪਵਿੱਤਰ ਰੱਖਣਾ ਹੀ ਆਸਣ ਹੈ, ਵੱਸ ਕੀਤਾ ਮਨ ਲੰਗੋਟੀ ਹੈ। ਇਸੇ ਲਈ ਗੁਰੂ ਜੀ ਗੁਰੂ ਦੀ ਸ਼ਰਨ ਪੈ ਕੇ ਨਾਮ ਜਪਣ ਦੀ ਪ੍ਰੇਰਨਾ ਦਿੰਦੇ ਹਨ।

     ਸਿਧ ਗੋਸਟਿ ਅਨੁਸਾਰ ਪਰਮਾਤਮਾ ਹਰੇਕ ਸਰੀਰ ਵਿੱਚ ਵਿਆਪਕ ਹੈ। ਇਸ ਤਰ੍ਹਾਂ ਗ੍ਰਹਿਸਥ ਜੀਵਨ ਤੇ ਦੁਨਿਆਵੀ ਕਾਰ-ਵਿਹਾਰ ਨੂੰ ਮਹੱਤਵ ਦਿੱਤਾ ਗਿਆ ਹੈ। ਮਨੁੱਖ ਨੂੰ ਤਨੋਂ ਮਨੋਂ ਗੁਰੂ ਸ਼ਬਦ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ ਗਈ ਹੈ। ਬਾਣੀ ਅਨੁਸਾਰ ਜੋ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ ਉਹ ਭਾਵੇਂ ਕੋਈ ਭੇਖ ਧਾਰ ਲਏ ਜਨਮ-ਮਰਨ ਦੇ ਗੇੜ ਤੋਂ ਨਹੀਂ ਬਚ ਸਕਦਾ। ਇਸੇ ਲਈ ਘਰ ਤਿਆਗ ਕੇ ਇਕਾਂਤ ਵਿੱਚ ਸਮਾਧੀ ਲਾਉਣ ਦੀ ਥਾਂ ਮਨੁੱਖ ਗ੍ਰਹਿਸਥ ਵਿੱਚ ਰਹਿ ਕੇ ਪਰਮਾਤਮਾ ਵਿੱਚ ਲੀਨ ਹੋ ਸਕਦਾ ਹੈ।

     ਜੋਗੀ ਗੁਰੂ ਜੀ ਨੂੰ ਸਵਾਲ ਕਰਦੇ ਹਨ ਕਿ ਜੇ ਤੁਸੀਂ ਘਰ-ਬਾਰ ਤਿਆਗਣ ਦੇ ਪੱਖ ਵਿੱਚ ਨਹੀਂ ਸੀ ਤਾਂ ਤੁਸੀਂ ਘਰ ਕਿਉਂ ਛੱਡਿਆ ਅਤੇ ਸੁਮੇਰ ਪਰਬਤ `ਤੇ ਕਿਉਂ ਗਏ? ਗੁਰੂ ਜੀ ਨੇ ਜਵਾਬ ਦਿੱਤਾ ਕਿ ਉਹ ਗੁਰਮੁਖਾਂ ਨੂੰ ਲੱਭਣ ਵਾਸਤੇ ਨਿਕਲੇ ਸਨ। ਸੰਸਾਰ ਸਾਗਰ ਤੋਂ ਪਾਰ ਲੰਘਣ ਲਈ ਘਰ ਤਿਆਗਣਾ ਜ਼ਰੂਰੀ ਨਹੀਂ। ਮਨੁੱਖ ਗੁਰੂ ਦੇ ਸਨਮੁਖ ਰਹਿ ਕੇ ਪਰਮਾਤਮਾ ਦੇ ਨਾਮ ਨੂੰ ਸਿਮਰ ਕੇ ਵੀ ਵਿਕਾਰਾਂ ਤੋਂ ਮੁਕਤ ਹੋ ਸਕਦਾ ਹੈ।

     ਭਾਵੇਂ ਸਿਧ ਗੋਸਟਿ ਵਿੱਚ ਜੋਗੀ ਗੁਰੂ ਜੀ ਨਾਲ ਕਈ ਸਵਾਲ ਕਰਦੇ ਹਨ ਜਿਵੇਂ ਸ੍ਰਿਸ਼ਟੀ ਦੀ ਉਤਪਤੀ ਕਿਵੇਂ ਹੋਈ? ਜਦੋਂ ਜਗਤ ਨਹੀਂ ਹੁੰਦਾ ਤਾਂ ਨਿਰਗੁਣ ਪ੍ਰਭੂ ਕਿੱਥੇ ਰਹਿੰਦਾ ਹੈ? ਜੀਵ ਕਿੱਥੋਂ ਆਉਂਦਾ ਹੈ ਤੇ ਕਿੱਥੇ ਜਾਂਦਾ ਹੈ? ਗਿਆਨ ਪ੍ਰਾਪਤ ਕਰਨ ਦੇ ਕੀ ਸਾਧਨ ਹਨ? ਮੌਤ ਦਾ ਡਰ ਕਿਵੇਂ ਦੂਰ ਹੋ ਸਕਦਾ ਹੈ? ਆਦਿ। ਇਹਨਾਂ ਦਾ ਉੱਤਰ ਗੁਰੂ ਜੀ ਆਪਣੇ ਸਿਧਾਂਤ ਅਨੁਸਾਰ ਦਿੰਦੇ ਹਨ, ਪਰ ਸਾਰੀ ਬਾਣੀ ਵਿੱਚ ਉਹਨਾਂ ਦਾ ਉਦੇਸ਼ ਉਸ ਗੁਰਮੁਖ ਦਾ ਵਰਣਨ ਹੈ ਜਿਸ ਦੀ ਖੋਜ ਵਿੱਚ ਉਹ ਨਿਕਲੇ ਸਨ। ਮਨੁੱਖ ਨੂੰ ਗੁਰੂ ਦੇ ਸ਼ਬਦ ਤੋਂ ਹੀ ਇਹ ਵਿਸ਼ਵਾਸ ਹੁੰਦਾ ਹੈ ਕਿ ਇਹ ਸ੍ਰਿਸ਼ਟੀ ਪ੍ਰਭੂ ਨੇ ਆਪਣੇ ਵਿੱਚੋਂ ਹੀ ਰਚੀ ਹੈ। ਉਹ ਹੀ ਇਸ ਦਾ ਨਿਮਿਤ ਅਤੇ ਉਪਾਦਾਨ ਕਾਰਨ ਹਨ। ਮਨੁੱਖ ਸਦਾ ਪ੍ਰਭੂ ਵਿੱਚ ਜੁੜਿਆ ਰਹਿੰਦਾ ਹੈ। ਉਹ ਜੀਵਾਂ ਵਿੱਚ ਉਸੇ ਪ੍ਰਭੂ ਦੀ ਜੋਤਿ ਨੂੰ ਵੇਖਦਾ ਹੈ। ਉਹ ਸਾਰਿਆਂ ਜੀਵਾਂ ਨਾਲ ਪ੍ਰੇਮ ਤੇ ਦਇਆ ਦਾ ਵਰਤਾਵ ਕਰਦਾ ਹੈ। ਉਹ ਪ੍ਰਭੂ ਦੀ ਸਿਫ਼ਤ-ਸਲਾਹ ਨਾਲ ਉੱਚਾ ਆਤਮਿਕ ਜੀਵਨ ਬਣਾ ਲੈਂਦਾ ਹੈ। ਇਸ ਗੱਲ ਉੱਤੇ ਵੀ ਜ਼ੋਰ ਦਿੱਤਾ ਗਿਆ ਹੈ ਕਿ ਗੁਰਮੁਖ ਘਰ-ਬਾਰੀ ਹੁੰਦਾ ਹੋਇਆ ਵੀ ਪ੍ਰਭੂ ਭਗਤੀ ਨਾਲ ਸ਼ੁੱਧ ਆਚਰਨ ਵਾਲਾ ਬਣਦਾ ਹੈ।

     ਬਾਣੀ ਵਿੱਚ ਗੁਰਮੁਖ ਬਾਰੇ ਦੱਸਦਿਆਂ ਕਿਹਾ ਗਿਆ ਹੈ ਕਿ ਗੁਰੂ `ਤੇ ਆਪਾ ਵਾਰਨਾ ਹੀ ਅਸਲੀ ਦਾਨ ਹੈ। ਗੁਰੂ ਦੇ ਸ਼ਬਦਾਂ ਵਿੱਚ ਚੁੱਭੀ ਲਾਉਣੀ ਹੀ ਅਸਲੀ ਤੀਰਥ- ਇਸ਼ਨਾਨ ਹੈ। ਗੁਰੂ ਦੇ ਹੁਕਮ ਵਿੱਚ ਤੁਰਨਾ ਹੀ ਸਭ ਧਰਮ-ਪੁਸਤਕਾਂ ਦਾ ਗਿਆਨ ਹੈ। ਇਸ ਦੇ ਨਾਲ ਹੀ ਸਿਧ ਗੋਸਟਿ ਵਿੱਚ ਪ੍ਰਭੂ ਦੇ ਨਾਮ ਸਿਮਰਨ ਦੀ ਬਰਕਤ ਦਾ ਉਲੇਖ ਕੀਤਾ ਗਿਆ ਹੈ। ਮਨੁੱਖ ਦੁਨੀਆ ਦੀ ਕਿਰਤ- ਕਾਰ ਕਰਦਾ ਹੋਇਆ ਵੀ ਮਾਇਆ ਦੇ ਬੰਧਨ ਤੋਂ ਬਚਿਆ ਰਹਿੰਦਾ ਹੈ। ਅਜਿਹਾ ਮਨੁੱਖ ਪਰਮਾਤਮਾ ਵਰਗਾ ਹੋ ਜਾਂਦਾ ਹੈ। ਉਸ ਨੂੰ ਪ੍ਰਭੂ ਸਭ ਵਿੱਚ ਵਿਆਪਕ ਨਜ਼ਰ ਆਉਂਦਾ ਹੈ। ਉਹ ਖ਼ੁਦ ਵੀ ਵਿਕਾਰਾਂ ਤੋਂ ਬਚਿਆ ਰਹਿੰਦਾ ਹੈ ਤੇ ਦੂਜਿਆਂ ਨੂੰ ਵੀ ਬਚਾਉਂਦਾ ਹੈ। ਪਰ ਜਿਸ ਮਨੁੱਖ ਉੱਤੇ ਪ੍ਰਭੂ ਮਿਹਰ ਕਰਦਾ ਹੈ ਉਸ ਦੇ ਹਿਰਦੇ ਵਿੱਚ ਸ਼ਬਦ ਵੱਸਦਾ ਹੈ। ਸਤਿਗੁਰੂ ਦੇ ਦੱਸੇ ਰਸਤੇ ਉੱਤੇ ਤੁਰਨਾ ਹੀ ਸਹੀ ਰਾਹ ਹੈ ਅਤੇ ਇਸ ਉੱਤੇ ਤੁਰਨ ਵਾਲਾ ਮਨੁੱਖ ਹੀ ਅਸਲੀ ਜੋਗੀ ਹੈ। ਜਿਸ ਨੂੰ ਪਰਮਾਤਮਾ ਬੰਦਗੀ ਦੀ ਦਾਤ ਬਖ਼ਸ਼ਦਾ ਹੈ, ਉਹਨਾਂ ਦਾ ਹੀ ਪ੍ਰਭੂ ਨਾਲ ਮਿਲਾਪ ਹੁੰਦਾ ਹੈ।


ਲੇਖਕ : ਸਬਿੰਦਰਜੀਤ ਸਿੰਘ ਸਾਗਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 13346, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਸਿਧ ਗੋਸਟਿ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਿਧ ਗੋਸਟਿ : ਹਠਯੋਗ ਅਤੇ ਅਲੌਕਿਕ ਸ਼ਕਤੀਆਂ ਰੱਖਣ ਵਾਲੇ ਸਿੱਧਾਂ ਜਾਂ ਰਹਿਸਵਾਦੀਆਂ ਨਾਲ ਸੰਵਾਦ ਰੂਪ ਵਿਚ ਵਿਚਾਰ ਵਟਾਂਦਰੇ ਵਾਲੀ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਨਾਨਕ ਦੇਵ ਦੀਆਂ ਲੰਮੀਆਂ ਬਾਣੀਆਂ ਵਿਚੋਂ ਇਕ ਬਾਣੀ ਹੈ। ਗੋਸ਼ਟੀ (ਗੋਸ਼ਠੀ) ਦਾ ਭਾਵ ਹੈ ਕਿ ਇਸ ਰਾਹੀਂ ਇਸ ਵਿਚ ਭਾਗ ਲੈ ਰਹੇ ਵਿਦਵਾਨਾਂ ਅਤੇ ਸੰਤਾਂ ਦੁਆਰਾ ਉਹਨਾਂ ਦੇ ਸਿਧਾਂਤਾਂ ਦੀ ਵਿਆਖਿਆ ਕਰਨੀ ਹੁੰਦੀ ਹੈ ਅਤੇ ਇਸ ਵਿਆਖਿਆ ਦੌਰਾਨ ਤਰਕ ਪੂਰਨ ਵਿਦਵਤਾ ਅਤੇ ਤੇਜ ਪ੍ਰਤਾਪ ਦਾ ਪ੍ਰਭਾਵ ਦਿਖਾਉਣਾ ਹੁੰਦਾ ਹੈ। ਸਿਧ ਗੋਸਟਿ ਵਿਚ ਸਾਰੇ ਪ੍ਰਸ਼ਨ ਸਿੱਧਾਂ ਦੁਆਰਾ ਉਠਾਏ ਗਏ ਹਨ ਅਤੇ ਸਾਰਿਆਂ ਦਾ ਉਤਰ ਗੁਰੂ ਨਾਨਕ ਦੇਵ ਨੇ ਦਿੱਤਾ ਹੈ। ਇਹ ਬਾਣੀ ਗੁਰੂ ਨਾਨਕ ਦੀਆਂ ਸਿੱਖਿਆਵਾਂ ਦਾ ਤੱਤਸਾਰ ਖਾਸ ਕਰਕੇ ਸਿੱਧਾਂ ਦੇ ਦਰਸ਼ਨ ਅਤੇ ਜੀਵਨ ਜਾਚ ਦੇ ਸੰਬੰਧ ਵਿਚ, ਕਮਾਲ ਨਾਲ ਪੇਸ਼ ਕਰਦੀ ਹੈ। ਇਸ ਦੇ ਮੂਲ ਪਾਠ ਤੋਂ ਇਸ ਦੇ ਸਮੇਂ ਅਤੇ ਅਸਥਾਨ ਬਾਰੇ ਕੋਈ ਥਹੁ ਪਤਾ ਨਹੀਂ ਲਗਦਾ ਪਰ ਆਮ ਤੌਰ ਤੇ ਇਹ ਮੰਨਿਆ ਜਾਂਦਾ ਹੈ ਕਿ ਇਹ ਗੁਰੂ ਨਾਨਕ ਦੇਵ ਦੇ ਜੀਵਨ ਦੇ ਅਖ਼ਰੀਲੇ ਸਾਲਾਂ ਵਿਚ ਲਿਖੀ ਗਈ ਹੈ ਜਦੋਂ ਉਹ ਆਪਣੀਆਂ ਮੁੱਖ ਉਦਾਸੀਆਂ ਖ਼ਤਮ ਕਰਕੇ ਕਰਤਾਰਪੁਰ ਵਿਚ ਰਹਿਣ ਲੱਗ ਪਏ ਸਨ। ਇਹ ਬਾਣੀ ਗੋਰਖ ਹਟੜੀ , ਗੋਰਖਮਤਾ ਜੋ ਨਾਨਕਮਤਾ ਕਰਕੇ ਵੀ ਜਾਣਿਆ ਜਾਂਦਾ ਹੈ, ਸੁਮੇਰ ਪਰਬਤ ਅਤੇ ਬਟਾਲਾ ਆਦਿ ਵਿਖੇ ਹੋਈਆਂ ਗੋਸ਼ਟੀਆਂ ਦਾ ਉਲੇਖ ਹੀ ਨਹੀਂ ਕਰਦੀ ਸਗੋਂ ਇਸ ਵਿਚ ਗੁਰੂ ਨਾਨਕ ਦੇਵ ਅਤੇ ਸਿੱਧਾਂ ਵਿਚਕਾਰ ਇਹਨਾਂ ਜਾਂ ਹੋਰ ਥਾਵਾਂ ਤੇ ਹੋਈਆਂ ਗੋਸ਼ਟਾਂ ਵਿਚੋਂ ਕਿਸੇ ਇਕ ਦੇ ਜਾਂ ਕਿਸੇ ਹੋਰ ਥਾਂ ਤੇ ਹੋਈ ਗੋਸ਼ਟੀ ਦੇ ਮੁੱਖ ਨੁਕਤਿਆਂ ਦਾ ਸ਼ਾਂਤ ਥਾਂ ਤੇ ਬੈਠ ਕੇ ਕੀਤਾ ਉਲੇਖ ਵੀ ਹੈ। ਸਿਧ ਗੋਸਟਿ ਦੇ 73 ਪਦੇ ਹਨ ਜਿਨ੍ਹਾਂ ਵਿਚੋਂ ਪਹਿਲੇ ਪਦੇ ਦੀਆਂ ਚਾਰ ਤੁਕਾਂ ਇਕ ਕਿਸਮ ਦਾ ਮੰਗਲਾਚਰਣ ਹੈ ਜਿਸ ਵਿਚ ਗੁਰੂ ਨਾਨਕ ਦੇਵ ਸਿੱਧ-ਸਭਾ ਜਾਂ ਸਿੱਧਾਂ ਦੇ ਇਕੱਠ ਨਾਲ ਵਿਚਾਰ ਵਟਾਂਦਰਾ ਕਰ ਰਹੇ ਹਨ ਅਤੇ ਪਰਮਾਤਮਾ ਨੂੰ ਨਮਸਕਾਰ ਕਰ ਰਹੇ ਹਨ ਜਿਸ ਅੱਗੇ ਹਰ ਕੋਈ ਸੀਸ ਝੁਕਾਉਂਦਾ ਹੈ ਅਤੇ ਜਿਸ ਨੂੰ ਗੁਰੂ ਦੀ ਮਦਦ ਨਾਲ ਹੀ ਅਨੁਭਵ ਕੀਤਾ ਜਾ ਸਕਦਾ ਹੈ। ਉਹ ਕਹਿੰਦੇ ਹਨ ਕਿ ਨਾਮ ਸਿਮਰਨ ਹੀ ਮੁਕਤੀ ਦਾ ਸਾਧਨ ਹੈ ਅਤੇ ਬਾਹਰੀ ਪਹਿਰਾਵਾ ਅਤੇ ਇੱਧਰ-ਉੱਧਰ ਘੁੰਮਣਾ ਫ਼ਜੂਲ ਹੈ। ਇਸ ਹਿੱਸੇ ਵਿਚ ਪਹਿਲੇ ਪਦੇ ਤੋਂ ਬਾਅਦ ਇਕ ਪਦਾ ਹੈ ਜਿਸ ਪਿੱਛੇ ਰਹਾਉ ਲਿਖਿਆ ਹੈ ਅਤੇ ਇਸੇ ਵਿਚ ਸਾਰੀ ਬਾਣੀ ਦਾ ਸਾਰ ਅੰਸ਼ ਹੈ ਕਿ ਦੁਨੀਆਂ ਛੱਡ ਕੇ ਅਤੇ ਜੰਗਲਾਂ ਅਤੇ ਪਹਾੜਾਂ ਵਿਚ ਘੁੰਮਣਾ ਵਿਅਰਥ ਹੈ; ਇਹ ਕੇਵਲ ਸੱਚਾ ਨਾਮ ਹੀ ਹੈ ਜਿਸ ਰਾਹੀਂ ਜੀਵਨ ਸ਼ੁੱਧ ਅਤੇ ਸਕਾਰਥ ਹੁੰਦਾ ਹੈ ਅਤੇ ਮਨੁੱਖ ਮੁਕਤੀ ਪ੍ਰਾਪਤ ਕਰ ਸਕਦਾ ਹੈ। ਚਾਰ ਤੋਂ ਛੇ ਤਕ ਤਿੰਨ ਪਦਿਆਂ ਵਿਚ ਗੁਰੂ ਨਾਨਕ ਦੇਵ ਦਾ ਚਰਪਟ ਨਾਲ ਵਿਚਾਰ ਵਟਾਂਦਰਾ ਹੈ। ਚਰਪਟ ਦਾ ਸੰਬੰਧ ਸਿੱਧਾਂ ਨਾਲ ਨਹੀਂ ਸਗੋਂ ਨਾਥ ਪਰੰਪਰਾ ਨਾਲ ਹੈ ਜਿਹੜੀ ਸਿੱਧਾਂ ਦੇ ਅਲੌਕਿਕ ਸ਼ਕਤੀਆਂ ਪ੍ਰਤੀ ਬਹੁਤ ਜ਼ਿਆਦਾ ਝੁਕਾਅ ਦੇ ਵਿਰੋਧ ਵਿਚ ਪੈਦਾ ਹੋਈ ਸੀ ਕਿਉਂਕਿ ਸਿੱਧ ਇਹਨਾਂ ਸ਼ਕਤੀਆਂ ਨੂੰ ਆਮ ਤੌਰ ਤੇ ਆਪਣੀਆਂ ਸਰੀਰਕ ਇੱਛਾਵਾਂ ਦੀ ਪੂਰਤੀ ਲਈ ਵਰਤਦੇ ਸਨ। ਚਰਪਟ ਗੁਰੂ ਨਾਨਕ ਦੇਵ ਨੂੰ ਦੋ ਪ੍ਰਸ਼ਨ ਪੁੱਛਦਾ ਹੈ ਕਿ ਇਸ ਸਮੁੰਦਰ ਰੂਪੀ ਸੰਸਾਰ ਤੋਂ ਕਿਵੇਂ ਪਾਰ ਹੋਇਆ ਜਾ ਸਕਦਾ ਹੈ ਅਤੇ ਪਰਮਾਤਮਾ ਦੀ ਅਨੁਭੂਤੀ ਕਿਵੇਂ ਹੋ ਸਕਦੀ ਹੈ। ਗੁਰੂ ਨਾਨਕ ਦੇਵ ਦਾ ਉੱਤਰ ਹੈ ਕਿ ਮਨੁੱਖ ਦੁਨੀਆਂ ਵਿਚ ਰਹਿੰਦੇ ਹੋਏ ਨਿਰਲੇਪ ਰਹਿ ਕੇ ਅਤੇ ਮਨ ਨੂੰ ਸਾਰੀਆਂ ਅਸ਼ੁਧੀਆਂ ਤੋਂ ਸਾਫ਼ ਕਰਕੇ ਇਸ ਨੂੰ ਰੱਬ ਦੇ ਠਹਿਰਨ ਦੀ ਥਾਂ ਬਣਾ ਕੇ ਮੁਕਤੀ ਪ੍ਰਾਪਤ ਕਰ ਸਕਦਾ ਹੈ। ਅਜਿਹਾ ਕਰਨ ਲਈ ਸਿੱਧਾਂ, ਨਾਥਾਂ ਅਤੇ ਜੋਗੀਆਂ ਦੀ ਤਰ੍ਹਾਂ ਦੁਨੀਆਂ ਨੂੰ ਤਿਆਗਣਾ ਜ਼ਰੂਰੀ ਨਹੀਂ। ਸੱਤ ਤੋਂ ਗਿਆਰਾਂ ਪਦਿਆਂ ਤਕ ਗੁਰੂ ਨਾਨਕ ਦੇਵ ਦਾ ਲੁਹਾਰੀਪਾ ਨਾਲ ਵਾਰਤਾਲਾਪ ਹੈ ਜਿਹੜਾ ਗੁਰੂ ਨਾਨਕ ਦੇਵ ਦੀ ਅੰਦਰਲੀ ਸ਼ੁੱਧਤਾ ਅਤੇ ਸਵੈ-ਸੰਜਮ ਦੇ ਉਲਟ ਤਿਆਗ , ਬਾਹਰੀ ਪਹਿਰਾਵੇ ਅਤੇ ਰਸਮ ਰਿਵਾਜ ਦੀ ਮਹੱਤਤਾ ਦਾ ਐਲਾਨ ਕਰਦਾ ਹੈ। ਲੁਹਾਰੀਪਾ ਸਿੱਧਾਂ ਦੇ ਕਠਨ ਜੀਵਨ ਦੀ ਹਿਮਾਇਤ ਕਰਦਾ ਹੈ ਜਿਹੜੇ ਸ਼ਹਿਰਾਂ ਅਤੇ ਆਮ ਰਸਤਿਆਂ ਤੋਂ ਦੂਰ ਜੜੀ-ਬੂਟੀਆਂ ਖਾਂਦੇ ਹਨ ਅਤੇ ਦਰਖਤਾਂ ਥੱਲੇ ਰਹਿੰਦੇ ਹਨ ਅਤੇ ਕੰਦਮੂਲ ‘ਤੇ ਗੁਜ਼ਾਰਾ ਕਰਦੇ ਹਨ। ਉਸ ਅਨੁਸਾਰ ਪਵਿੱਤਰ ਥਾਂ ਤੇ ਯਾਤਰਾ ਅਤੇ ਇਸ਼ਨਾਨ ਮਨੁੱਖ ਨੂੰ ਸ਼ਾਂਤੀ ਦਿੰਦੇ ਹਨ। ਗੁਰੂ ਨਾਨਕ ਦੇਵ ਬਾਹਰੀ ਪਹਿਰਾਵੇ, ਮਨੁੱਖੀ ਅਬਾਦੀ ਤੋਂ ਦੂਰ ਜੰਗਲਾਂ ਵਿਚ ਘੁੰਮਣ ਦੇ ਹੱਕ ਵਿਚ ਦੁਨੀਆਂ ਨੂੰ ਤਿਆਗਣ ਅਤੇ ਤੀਰਥ ਯਾਤਰਾਵਾਂ ਨੂੰ ਮਨੁੱਖੀ ਜੀਵਨ ਦਾ ਅੰਤਿਮ ਨਿਸ਼ਾਨਾ ਮੰਨਣ ਦਾ ਖੰਡਨ ਕਰਦੇ ਹਨ। ਦੂਸਰੇ ਪਾਸੇ ਉਹ ਆਪਣੀਆਂ ਇੱਛਾਵਾਂ ਨੂੰ ਕਾਬੂ ਕਰਨ ਅਤੇ ਆਪਣਾ ਮਨ ਰਚਨਾ ਵਿਚ ਹਰ ਜਗ੍ਹਾ ਤੇ ਵੱਸਣ ਵਾਲੇ ਉਸ ਪਰਮਾਤਮਾ ਉੱਤੇ ਟਿਕਾਉਣ ਦੀ ਸਲਾਹ ਦਿੰਦੇ ਹਨ। ਦਸਵੇਂ ਪਦੇ ਤੋਂ ਅਗੇ ਜੋ ਹੈ ਉਹ ਕਿਸੇ ਸਿੱਧ ਵਿਸ਼ੇਸ਼ ਨਾਲ ਵਾਰਤਾਲਾਪ ਨਹੀਂ ਹੈ ਸਗੋਂ ਉਹਨਾਂ ਸੰਵਾਦਾਂ ਤੋਂ ਲਏ ਅੰਸ਼ ਹੋ ਸਕਦੇ ਹਨ ਜਿਹੜੇ ਉਹਨਾਂ ਨੇ ਵੱਖ-ਵੱਖ ਅਵਸਰਾਂ ਤੇ ਵੱਖ-ਵੱਖ ਸਿੱਧਾਂ ਨਾਲ ਕੀਤੇ ਹੋਣਗੇ ਅਤੇ ਕੁਝ ਨੁਕਤਿਆਂ ਤੇ ਚਿੰਤਨ ਕਰਕੇ ਲਿਖੇ ਹੋਣਗੇ। ਇਹਨਾਂ ਪਦਿਆਂ ਵਿਚ ਕਈ ਕਿਸਮ ਦੇ ਵਿਸ਼ੇਜਾਂਦੇ ਹਨ ਜਿਵੇਂ ਕਿ ਸੱਚੇ ਜੋਗੀ , ਗੁਰਮੁਖ ਅਤੇ ਮਨਮੁਖ ਦੀ ਪਰਿਭਾਸ਼ਾ; ਸੰਸਾਰ ਅਤੇ ਮਨੁੱਖ ਦੀ ਉਤਪੱਤੀ; ਸੱਚਾਈ ਦੀ ਮਹੱਤਤਾ ਅਤੇ ਮਨੁੱਖ ਜੀਵਨ ਦੇ ਅੰਤਿਮ ਉਦੇਸ਼ ਅਰਥਾਤ ਮੁਕਤੀ ਦੀ ਪ੍ਰਾਪਤੀ ਲਈ ਲਗਾਤਾਰ ਉਸਦਾ ਸਿਮਰਨ ਅਤੇ ਪਰਮਾਤਮਾ ਨਾਲ ਅਭੇਦਤਾ ਆਦਿ। ਗੁਰੂ ਨਾਨਕ ਦੇਵ ਅਨੁਸਾਰ ਜੋਗੀ ਉਹ ਨਹੀਂ ਹੈ ਜੋ ਦੁਨੀਆ ਤਿਆਗ ਕੇ ਜੰਗਲਾਂ ਅਤੇ ਪਹਾੜਾਂ ਵਿਚ ਤੁਰਿਆ ਫਿਰਦਾ ਹੈ ਸਗੋਂ ਜੋਗੀ ਉਹ ਹੈ ਜੋ ਆਪਣੇ ਅਹੰਕਾਰ ਨੂੰ ਮਾਰਦਾ ਹੈ, ਨਿਰਲੇਪ ਹੋ ਜਾਂਦਾ ਹੈ ਅਤੇ ਆਪਣੇ ਮਨ ਵਿਚ ਉਸ ਸੱਚੇ ਪਰਮਾਤਮਾ ਨੂੰ ਵਸਾਉਂਦਾ ਹੈ। ਮਨਮੁਖ ਪਰੇਸ਼ਾਨੀ ਵਿਚ ਭਟਕਦੇ ਰਹਿਣ ਵਾਲੇ ਸਵੈ ਕੇਂਦਰਿਤ ਮਨੁੱਖ ਅਰਥਾਤ ਮਨਮੁਖ (26) ਦੇ ਵਿਪਰੀਤ ਗੁਰਮੁਖ ਅਰਥਾਤ ਗੁਰੂ-ਕੇਂਦਰਿਤ ਆਤਮ ਗਿਆਨ ਦੇ ਧਿਆਨ ਵਿਚ ਰੁੱਝਿਆ ਅਤੇ ਅਦਿੱਖ ਅਤੇ ਅਸੀਮ ਪਰਮਾਤਮਾ ਨੂੰ ਪ੍ਰਾਪਤ ਕਰਦਾ ਹੈ (27)। ਸਿੱਧਾਂ ਦੇ ਸੰਸਾਰ ਅਤੇ ਮਨੁੱਖ ਦੀ ਮੂਲ-ਉਤਪੱਤੀ ਸੰਬੰਧੀ ਪ੍ਰਸ਼ਨਾਂ ਦਾ ਉੱਤਰ ਦਿੰਦੇ ਹੋਏ ਗੁਰੂ ਨਾਨਕ ਦੇਵ ਸੁੰਨ (ਖਲਾਅ) ਅਤੇ ਸ਼ਬਦ ਦੇ ਸਿਧਾਂਤਾਂ ਵੱਲ ਵੀ ਇਸ਼ਾਰਾ ਕਰਦੇ ਹਨ। ਮਨੁੱਖ ਅਤੇ ਸੰਸਾਰ ਦੀ ਉਤਪਤੀ ਤੋਂ ਪਹਿਲਾਂ ਨਾ ਦੁਨੀਆ, ਨਾ ਆਸਮਾਨ ਸੀ ਪਰ ਫਿਰ ਵੀ ਇਹ ਕੋਰਾ ਖਲਾਅ ਹੀ ਨਹੀਂ ਸੀ। ਨਿਰੰਕਾਰ ਅਰਥਾਤ ਅਰੂਪ ਪਰਮਾਤਮਾ ਦੀ ਜੋਤ ਤਿੰਨਾਂ ਲੋਕਾਂ ਵਿਚ ਵਿੱਦਮਾਨ ਸੀ (67)। ਮੂਲ ਪਾਠ ਵਿਚ ਗੁਰੂ ਨਾਨਕ ਦੇਵ ਦੇ ਸੁੰਨ ਦਾ ਭਾਵ ਇਹ ਨਹੀਂ ਕਿ ਇਥੇ ਕੁਝ ਨਹੀਂ ਸੀ ਜਾਂ ਪੂਰਨ ਖਲਾਅ ਸੀ। ਇਹ ਨਾਂਹਵਾਚਕ ਸਿਧਾਂਤ ਨਹੀਂ ਹੈ ਸਗੋਂ ਇਹ ਬ੍ਰਹਿਮੰਡ ਦੀ ਉਤਪੱਤੀ ਦਾ ਸਕਾਰਾਤਮਿਕ ਕਾਰਨ ਹੈ; ਇਹ ਬ੍ਰਹਮ ਤੋਂ ਅਲਾਵਾ ਹੋਰ ਕੁਝ ਨਹੀਂ। ਘੜੇ ਦਾ ਖਾਲੀਪਨ ਇਹ ਸੁੰਨ ਹੀ ਉਸਦਾ ਅਸਲੀ ਅਤੇ ਅੰਦਰੂਨੀ ਸੁਭਾਅ ਹੈ ਜਦੋਂ ਗੁਰੂ ਨਾਨਕ ਕਹਿੰਦੇ ਹਨ ਕਿ ਸੁੰਨ ਸਾਡੇ ਅੰਦਰ-ਬਾਹਰ ਹੈ ਅਤੇ ਸੰਸਾਰ ਵਿਚ ਸੁੰਨ ਹੀ ਸੁੰਨ ਹੈ ਅਤੇ ਸੁੰਨ ਦੀ ਚੌਥੀ ਅਵਸਥਾ ਪ੍ਰਾਪਤ ਕਰ ਲੈਣ ਵਾਲਾ ਵਿਅਕਤੀ ਪਾਪ ਅਤੇ ਪੁੰਨ ਤੋਂ ਨਿਰਲੇਪ ਹੋ ਜਾਂਦਾ ਹੈ (51) ਤਾਂ ਅਸੀਂ ਵੇਖਦੇ ਹਾਂ ਕਿ ਸੁੰਨ ਸ਼ਬਦ ਸ਼ੁੱਧ ਬ੍ਰਹਮ, ਸ਼ੁੱਧ ਬ੍ਰਹਮ ਅਤੇ ਮਾਇਆ ਸਮੇਤ ਬ੍ਰਹਮ ਦੇ ਅਰਥਾਂ ਵਿਚ ਵੀ ਵਰਤਿਆ ਗਿਆ ਹੈ। ਇਥੇ ਸੁੰਨ ਜਿਹੜਾ ਤਿੰਨਾਂ ਜਹਾਨਾਂ ਵਿਚ ਵਿਆਪਕ ਹੈ ਮਾਇਆ ਨਾਲ ਬ੍ਰਹਮ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਸੁੰਨ ਦੀ ਚੌਥੀ ਅਵਸਥਾ ਸ਼ੁੱਧ ਬ੍ਰਹਮ ਹੈ। ਸਿੱਧਾਂ ਦੇ ਪ੍ਰਸ਼ਨ ਕਿ ਕਿਵੇਂ ਸੁੰਨ ਅਰਥਾਤ ਬ੍ਰਹਮ ਪ੍ਰਾਪਤ ਕੀਤਾ ਜਾ ਸਕਦਾ ਹੈ ਅਤੇ ਜਿੰਨ੍ਹਾਂ ਨੂੰ ਸੁੰਨ ਦੀ ਪ੍ਰਾਪਤੀ ਹੋ ਜਾਂਦੀ ਹੈ ਉਹਨਾਂ ਦੀ ਕੀ ਸਥਿਤੀ ਹੁੰਦੀ ਹੈ? ਗੁਰੂ ਨਾਨਕ ਦੇਵ ਉੱਤਰ ਦਿੰਦੇ ਹਨ ਕਿ ਗੁਰੂ ਦੁਆਰਾ ਮਨ ਨੂੰ ਸਮਝਾਉਣ ਨਾਲ ਸਦੀਵੀ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਅਤੇ ਜੋ ਉਸਨੂੰ ਪ੍ਰਾਪਤ ਕਰਦੇ ਹਨ ਉਸ ਵਰਗੇ ਹੀ ਹੋ ਜਾਂਦੇ ਹਨ ਜਿਸ ਤੋਂ ਉਹ ਪੈਦਾ ਹੋਏ ਹੁੰਦੇ ਹਨ ਅਤੇ ਉਹ ਜਨਮ ਮਰਨ ਦੇ ਚੱਕਰ ਤੋਂ ਮੁਕਤ ਹੋ ਜਾਂਦੇ ਹਨ (52)। ਸਾਰੇ ਦਿਲਾਂ ਵਿਚ ਵੱਸਣ ਵਾਲੇ ਪਰਮਾਤਮਾ ਦੇ ਰਹੱਸ ਨੂੰ ਸਮਝਣ ਵਾਲਾ ਵਿਅਕਤੀ ਨਿਰਮਲ ਅਤੇ ਜੋਤ ਸਰੂਪ ਪਰਮਾਤਮਾ ਹੀ ਹੋ ਜਾਂਦਾ ਹੈ; ਉਸਦੇ ਨਾਮ ਨਾਲ ਅਭੇਦ ਉਹ ਆਪ ਵੀ ਕਰਤਾਪੁਰਖ ਬਣ ਜਾਂਦਾ ਹੈ (51)। ਗੁਰਬਾਣੀ ਵਿਚ ਸ਼ਬਦ ਅਸਲ ਵਿਚ ਕ੍ਹੀ ਹੈ ਨਾਲੋਂ ਸ਼ਬਦ ਕ੍ਹੀ ਕਰਦਾ ਹੈ ਭਾਵ ਵਿਚ ਇਸਦੀ ਵੱਧ ਵਿਆਖਿਆ ਕੀਤੀ ਗਈ ਹੈ। ਸ਼ਬਦ ਇਕ ਅਜਿਹਾ ਸਾਧਨ ਹੈ ਜਿਸ ਰਾਹੀਂ ਵਿਅਕਤੀ ਪਰਮਾਤਮਾ ਅਤੇ ਉਸ ਵੱਲ ਜਾਂਦੇ ਮਾਰਗ ਨੂੰ ਜਾਣ ਜਾਂਦਾ ਹੈ ਜਿਸ ਤੋਂ ਇਸਦੇ ਅਰਥ ਸਪਸ਼ਟ ਹੁੰਦੇ ਹਨ ਜਿਸ ਰਾਹੀਂ ਮਨੁੱਖ ਪਰਮਾਤਮਾ ਅਤੇ ਉਸ ਨੂੰ ਚੱਲ ਕੇ ਵਿਅਕਤੀ ਬੰਧਨ ਤੋਂ ਛੁਟਕਾਰਾ ਪ੍ਰਾਪਤ ਕਰ ਸਕਦਾ ਹੈ ਅਤੇ ਉਸ ਪਰਮਾਤਮਾ ਨਾਲ ਇਕਸੁਰਤਾ ਬਣਾ ਸਕਦਾ ਹੈ। ਸਿਧ ਗੋਸਟਿ ਵਿਚ ਸ਼ਬਦ ਗਿਆਨ ਪ੍ਰਾਪਤੀ, ਸਦੀਵੀ ਖੇੜਾ , ਅਤੇ ਸੱਚਾ ਯੋਗ ਹੈ (32 ਅਤੇ 33)। ਪਵਿੱਤਰ ਸਮਝ ਅਤੇ ਲਾਲਚ , ਗੁੱਸਾ ਅਤੇ ਹਉਮੈ ਦਾ ਤਿਆਗ ਕੇਵਲ ਸ਼ਬਦ ਦੀ ਮਦਦ ਨਾਲ ਹੀ ਸੰਭਵ ਹੈ (10)। ਇਹ ਸ਼ਬਦ ਹੀ ਹੈ ਜਿਸ ਰਾਹੀਂ ਮਨੁੱਖ ਹਉਮੈ ਦੇ ਜ਼ਹਿਰ ਦਾ ਮੁਕਾਬਲਾ ਕਰ ਸਕਦਾ ਹੈ ਅਤੇ ਕਿਰਤ ਅਤੇ ਇਸਦੇ ਕਰਤਾ ਦੇ ਅਸਲੀ ਅਰਥ ਸਮਝ ਸਕਦਾ ਹੈ (21)। ਸ਼ਬਦ ਮਨੁੱਖ ਦਾ ਜਨਮ ਮਰਣ ਕੱਟਣ ਅਤੇ ਉਸ ਨੂੰ ਮੁਕਤੀ ਦੇਣ ਦੇ ਸਮਰੱਥ ਹੈ (25)। ਜੋਗੀਆਂ ਅਤੇ ਸੰਨਿਆਸੀਆਂ ਦਾ ਭੌਂਦੇ ਫਿਰਨਾ ਵਿਅਰਥ ਜਾਵੇਗਾ ਜੇ ਉਹ ਆਪਣੇ ਅੰਦਰੋਂ ਹਉਮੈ ਦਾ ਤਿਆਗ ਨਹੀਂ ਕਰਦੇ (34) ਅਤੇ ਹਉਮੈ, ਜਿਹੜੀ ਮਨੁੱਖ ਦੀ ਪਰਮਾਤਮਾ ਵੱਲ ਉਨਤੀ ਵਿਚ ਰੁਕਾਵਟ ਹੈ ਕੇਵਲ ਸ਼ਬਦ ਰਾਹੀਂ ਹੀ ਖ਼ਤਮ ਕੀਤੀ ਜਾ ਸਕਦੀ ਹੈ (21)। ਸਿੱਧਾਂ ਦੇ ਇਸ ਪ੍ਰਸ਼ਨ ਦੇ ਉੱਤਰ ਵਿਚ ਕਿ ਸ਼ਬਦ ਜਿਹੜਾ ਮਨੁੱਖ ਨੂੰ ਇਸ ਸੰਸਾਰ ਸਮੁੰਦਰ ਵਿਚੋਂ ਪਾਰ ਲੈ ਜਾਂਦਾ ਹੈ ਕਿੱਥੇ ਵਸਦਾ ਹੈ (58), ਗੁਰੂ ਨਾਨਕ ਦੇਵ ਕਹਿੰਦੇ ਹਨ ਕਿ ਇਹ ਸਾਰੇ ਜੀਵਾਂ ਵਿਚ ਵਸਦਾ ਹੈ ਅਤੇ ਜੇਕਰ ਮਨੁੱਖ ਉੱਤੇ ਪਰਮਾਤਮਾ ਦੀ ਮਿਹਰ ਹੋ ਜਾਵੇ ਤਾਂ ਇਹ ਮਨੁੱਖ ਦੇ ਹਿਰਦੇ ਵਿਚ ਵਸ ਜਾਂਦਾ ਹੈ, ਉਸ ਦੇ ਸਾਰੇ ਸੰਸਿਆਂ ਦੀ ਨਵਿਰਤੀ ਹੋ ਜਾਂਦੀ ਹੈ ਅਤੇ ਮਨੁੱਖ ਨੂੰ ਪਰਮਾਤਮਾ ਨਾਲ ਇਕ ਹੋਣ ਦੇ ਰਾਹ ਤੇ ਉਸਦੀ ਅਗਵਾਈ ਕਰਦਾ ਹੈ (59)।

    ਸਿਧ ਗੋਸਟਿ ਦੀ ਭਾਸ਼ਾ ਉਹ ਸਾਧ ਭਾਸ਼ਾ ਹੈ ਜਿਹੜੀ ਜੋਗੀਆਂ ਅਤੇ ਸਿੱਧਾਂ ਦੇ ਫਿਰਕਿਆਂ ਤੋਂ ਲਏ ਗਏ ਤਕਨੀਕੀ ਸ਼ਬਦਾਂ ਦਾ ਸੁਮੇਲ ਹੈ। ਸੰਖੇਪਤਾ ਇਸਦੀ ਪ੍ਰਗਟਾਉਣ ਸ਼ੈਲੀ ਦਾ ਮੁੱਖ ਗੁਣ ਹੈ। ਵਰਤੇ ਗਏ ਚਿੰਨ੍ਹ ਅਤੇ ਅਲੰਕਾਰ ਸ਼ਿੰਗਾਰਾਤਮਕ ਨਾਲੋਂ ਜ਼ਿਆਦਾ ਕ੍ਰਿਆਤਮਿਕ ਹਨ ਅਤੇ ਆਮ ਜੀਵਨ ਵਿਚੋਂ ਲਏ ਗਏ ਹਨ। ਪਾਣੀ ਵਿਚ ਪੈਦਾ ਹੋਣ ਵਾਲੇ ਕੰਵਲ ਫੁੱਲ ਦਾ ਪੁਰਾਤਨ ਚਿੰਨ੍ਹ ਜਿਹੜਾ ਚਿੱਕੜ ਤੋਂ ਖ਼ੁਰਾਕ ਲੈਂਦਾ ਹੈ ਅਤੇ ਫਿਰ ਵੀ ਇਸ ਤੋਂ ਅਭਿਜ ਰਹਿੰਦਾ ਹੈ ਇਸ ਨੁਕਤੇ ਨੂੰ ਦਰਸਾਉਣ ਲਈ ਵਰਤਿਆ ਗਿਆ ਹੈ ਕਿ ਮਨੁੱਖ ਇਸ ਦੁਨੀਆਂ ਵਿਚ ਨਿਰਲੇਪ ਰਹਿ ਸਕਦਾ ਹੈ ਅਤੇ ਆਪਣੇ ਦਿਲ ਵਿਚ ਉਸਦਾ ਨਾਮ ਵਸਾ ਕੇ ਉਸ ਪ੍ਰਭੂ ਨੂੰ ਪ੍ਰਾਪਤ ਕਰ ਸਕਦਾ ਹੈ। ਇਸੇ ਤਰ੍ਹਾਂ ਮੁਰਗਾਬੀ ਦਾ ਚਿੰਨ੍ਹ ਹੈ ਜੋ ਪਾਣੀ ਵਿਚ ਤੈਰਦੀ ਹੈ ਅਤੇ ਆਪਣੇ ਖੰਭ ਅਭਿੱਜ ਰਖਦੀ ਹੈ।


ਲੇਖਕ : .ਜ.ਸ.ਭਾ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12970, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਸਿਧ ਗੋਸਟਿ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਸਿਧ ਗੋਸਟਿ (ਖ. ਤ. ਪੁ. ਸ.। ਸੰਸਕ੍ਰਿਤ ਸਿਦਧੑ ਗੋਖਠੑ) ਸਿਧਾਂ ਨਾਲ ਚਰਚਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਇਕ ਬਾਣੀ ਹੈ। ਅਚਲ ਵਟਾਲੇ ਜੋ ਚਰਚਾ ਹਨ ਯੋਗ ਤੇ ਨਾਮ ਸਿਮਰਨ ਪਰ ਗੁਰੂ ਜੀ ਦੀ ਸਿਧਾਂ ਨਾਲ ਹੋਈ, ਉਸ ਦਾ ਸਾਰ ਸਤਿਗੁਰਾਂ ਨੇ ਛੰਦਾ ਬੰਦੀ ਵਿਚ ਲਿਖਿਆ ਹੈ। ਇਸ ਗੋਸ਼ਟ ਵਿਚ ਸਿਧਾਂ ਨੂੰ ਐਸੀ ਹਾਰ ਹੋਈ ਕਿ ਯੋਗ ਮਤ ਪੰਜਾਬ ਵਿਚੋਂ ਦਿਨ ਦਿਨ ਘਟਦਾ ਉਠ ਗਿਆ ਤੇ ਨਾਮ ਸਿਮਰਨ ਦਾ ਸਿਖੀ ਪ੍ਰਚਾਰ ਪ੍ਰਬਲ ਹੋ ਗਿਆ। ਯਥਾ-‘ਨਾਮਿ ਰਤੇ ਸਿਧ ਗੋਸਟਿ ਹੋਇ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 12961, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਸਿਧ ਗੋਸਟਿ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਸਿਧ ਗੋਸਟਿ :  ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਰਾਮਕਲੀ ਰਾਗ ਵਿਚ ਉਚਾਰੀ ਗੁਰੂ ਨਾਨਕ ਦੇਵ ਜੀ ਦੀ ਇਕ ਵਿਸ਼ੇਸ਼ ਰਚਨਾ ਦਾ ਨਾਮ 'ਸਿੱਧ ਗੋਸਟਿ' ਹੈ। ਇਸ ਦੇ 73 ਪਦਾਂ ਵਿਚ ਗੁਰੂ ਸਾਹਿਬ ਨੇ ਸਿੱਧਾਂ ਦੇ ਅਨੇਕਾ ਸਵਾਲਾਂ ਦੇ ਬੜੇ ਤਸੱਲੀਬਖ਼ਸ਼ ਜਵਾਬ ਦਿੱਤੇ ਹਨ। ਇਹ ਉੱਤਰ ਕੇਵਲ ਸਿੱਧਾਂ ਲਈ ਹੀ ਨਹੀਂ ਸਗੋਂ ਅਧਿਆਤਮਕ ਜਗਿਆਸੂਆਂ ਦੀਆਂ ਕਈ ਗੁੰਝਲਾਂ ਖੋਲ੍ਹਣ ਵਾਲੇ ਹਨ।

        ਗੋਸ਼ਟਿ ਦੀ ਰਚਨਾ ਪੁਰਾਣੇ ਸਮਿਆਂ ਤੋਂ ਹੁੰਦੀ ਆਈ ਹੈ। ਸੁਕਰਾਤ ਅਤੇ ਅਫ਼ਲਾਤੂਨ ਜਿਹੇ ਮਹਾਨ ਯੂਨਾਨੀ ਦਾਰਸ਼ਨਿਕਾਂ ਦੀਆਂ ਵੀ ਗੋਸ਼ਟਾਂ ਮਿਲਦੀਆਂ ਹਨ। ਮਹਾਤਮਾ ਬੁੱਧ ਅਤੇ ਕਈ ਹੋਰ ਮਹਾਪੁਰਖਾਂ ਦੀਆਂ ਜੀਵਨੀਆਂ ਵਿਚ ਵੀ ਗੋਸ਼ਟਾਂ ਦਾ ਜ਼ਿਕਰ ਆਉਂਦਾ ਹੈ।

        ਗੁਰੂ ਸਾਹਿਬ ਨੂੰ ਅੱਚਲ ਵਟਾਲੇ, ਗੋਰਖ ਹਟੜੀ ਅਤੇ ਸੁਮੇਰ ਪਰਬਤ ਆਦਿ ਕਈ ਥਾਵਾਂ ਤੇ ਸਿੱਧਾਂ ਜੋਗੀਆਂ ਨਾਲ ਵਿਚਾਰ-ਵਟਾਂਦਰਾ ਕਰਨ ਦਾ ਮੌਕਾ ਮਿਲਿਆ। ਆਪ ਨੇ ਉਨ੍ਹਾਂ ਦੀ ਵਿਚਾਰਧਾਰਾ ਨੂੰ ਜਾਣਿਆ, ਊਣਤਾਈਆਂ ਨੂੰ ਵੀ ਪਛਾਣਿਆ ਅਤੇ ਫਿਰ ਉਸ ਨੂੰ ਪਰਖ-ਕਸਵੱਟੀ ਤੇ ਲਾ ਕੇ ਆਪਣਾ ਦ੍ਰਿਸ਼ਟੀਕੋਣ ਵੀ ਉਨ੍ਹਾਂ ਨੂੰ ਦ੍ਰਿੜ੍ਹ ਕਰਾਇਆ। ਲੋਹਾਰੀਪਾ, ਭਰਥਰੀ ਆਦਿ ਕਈ ਜੋਗੀਆਂ ਨੇ ਗੁਰੂ ਜੀ ਕੋਲੋ ਸਵਾਲ ਵੀ ਪੁੱਛੇ ਤੇ ਸ਼ਰਧਾ ਸਹਿਤ ਸਮਝੇ। ਇਸ ਸਾਰੀ ਪ੍ਰਸ਼ਨੋਤਰੀ ਰੂਪ ਦੀ ਵਿਚਾਰਮਾਲਾ ਨੂੰ ਗੁਰੂ ਜੀ ਨੇ ਸਿਧ ਗੋਸਟਿ ਵਿਚ ਕਮਲਬੰਦ ਕਰ ਕੇ ਸੰਭਾਲ ਦਿੱਤਾ। ਸਾਰੀਆਂ ਗੱਲਾਂ ਤੱਤ ਦੀਆਂ ਹਨ ਤੇ ਬੜੇ ਹੀ ਸੰਖਿਪਤ ਤੇ ਸਰਲ ਢੰਗ ਨਾਲ ਕਹੀਆਂ ਗਈਆਂ ਹਨ। ਸਿੱਧ ਵੈਰਾਗ ਤੇ ਤਿਆਗ ਵਿਚ ਵਿਸ਼ਵਾਸ ਰੱਖਦੇ ਸਨ। ਇਸ ਲਈ ਸਭ ਤੋਂ ਪਹਿਲਾਂ ਸਵਾਲ ਹੀ ਇਹ ਪੁੱਛਿਆ ਕਿ ਇਸ ਸੰਸਾਰ ਸਾਗਰ ਤੋਂ  ' ' ਪਾਰ ਉਤਾਰਾ ਕਿਵੇਂ ਹੋ ਸਕਦਾ ਹੈ ? ' ' ਗੁਰੂ ਸਾਹਿਬ ਨੇ ਕਿਹਾ ' ' ਪਾਰ ਹੋਣ ਦਾ ਤਰੀਕਾ ਦੁਨੀਆਂ ਦਾ ਤਿਆਗ ਨਹੀਂ ਸਗੋਂ ਜਲ ਵਿਚ ਕਮਲ ਤੇ ਮੁਰਗਾਬੀ ਵਾਂਗ ਨਿਰਲੇਪ ਰਹਿਣਾ ਤੇ ਨਾਮ ਸਿਮਰਨ ਕਰਨਾ ਹੈ ।' '

        ਸਿੱਧਾਂ ਨੇ ਪੁਛਿਆ ' 'ਤੁਹਾਡਾ ਗੁਰੂ ਕੌਣ ਹੈ ?' ' ਗੁਰੂ ਸਾਹਿਬ ਨੇ ਕਿਹਾ 'ਸਬਦ ਗੁਰੂ ਸੁਰਤਿ ਧੁਨਿ ਚੇਲਾ '। ਫਿਰ ਸਿੱਧਾਂ ਨੇ ਸਵਾਲ ਕੀਤਾ ਕਿ ਤੁਸੀਂ ਕਿਸ ਦੀ ਤਲਾਸ਼ ਵਿਚ ਫਿਰ ਰਹੇ ਹੋ ਤਾਂ ਗੁਰੂ ਨਾਨਕ ਸਾਹਿਬ ਨੇ ਕਿਹਾ ' 'ਅਸੀਂ ਸੱਚ ਦੇ ਢੁੰਡਾਊ  ਹਾਂ' '। ਜੋਗੀਆਂ ਨੇ ਪੁੱਛਿਆ, ' 'ਇਹ ਜਗਤ ਹੋਂਦ ਵਿਚ ਕਿਵੇਂ ਆਉਂਦਾ ਹੈ ਤੇ ਦੁੱਖਾਂ ਵਿਚ ਕਿਉਂ ਗ੍ਰਸਤ ਰਹਿੰਦਾ ਹੈ?' '

        ਗੁਰੂ ਸਾਹਿਬ ਨੇ ਸਮਝਾਇਆ ' ' ਹਉਮੈ ਕਰ ਕੇ ਇਸ ਜਗਤ ਦਾ ਢਾਂਚਾ ਬਣਿਆ ਹੋਇਆ ਹੈ ਤੇ ਨਾਮ ਤੋਂ ਭੁਲਣ ਕਰ ਕੇ ਹੀ ਇਹ ਦੁੱਖਾਂ ਦਾ ਸ਼ਿਕਾਰ ਹੈ। ਨਾਮ ਦੁਆਰਾ ਸਭ ਦੁੱਖ ਮਿਟ ਸਕਦੇ ਹਨ ਤੇ ਨਾਮ ਦੁਆਰਾ ਹੀ ਮੁਕਤੀ ਮਿਲ ਸਕਦੀ ਹੈ ।' '

        ਪੰਜਾਬੀ ਸਾਹਿਤ ਵਿਚ ਇਸ ਤੋਂ ਚੰਗੀਆਂ ਗੋਸ਼ਟਾਂ ਨਹੀਂ ਮਿਲਦੀਆਂ । ਇਸ ਵਿਚ ਗੰਭੀਰ ਵਿਸ਼ਿਆਂ ਨੂੰ ਗੰਭੀਰਤਾ ਪੂਰਬਕ ਪ੍ਰਗਟਾਇਆ ਗਿਆ ਹੈ। ਹਾਸ-ਰਾਸ ਅਤੇ ਵਿਅੰਗ ਦਾ ਵੀ ਲੋੜੀਂਦਾ ਰਲਾ ਹੈ। ਗੋਸ਼ਟਿ ਦੀ ਬੋਲੀ ਪੰਜਾਬੀ ਹੈ ਪਰ ਇਸ ਤੇ ਬ੍ਰਜ ਭਾਸ਼ਾ ਦਾ ਪ੍ਰਭਾਵ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 8831, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-17-03-04-51, ਹਵਾਲੇ/ਟਿੱਪਣੀਆਂ: ਹ. ਪੁ. –ਗੁਰੂ ਨਾਨਕ-ਚਿੰਤਨ ਤੇ ਕਲਾ-ਡਾ. ਜੱਗੀ।

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.