ਸਿਰਪਾਉ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਿਰਪਾਉ ਫ਼ਾ - ਸਰਾਪਾ ਅਥਵਾ ਸਰੋਪਾ. ਸੰਗ੍ਯਾ— ਸਿਰ ਤੋਂ ਪੈਰ ਤੀਕ ਪਹਿਰਣ ਦੀ ਪੋਸ਼ਾਕ। ੨ ਖ਼ਿਲਤ. “ਪਹਿਰਿ ਸਿਰਪਾਉ ਸੇਵਕ ਜਨ ਮੇਲੇ.” (ਸੋਰ ਮ: ੫) “ਸਾਕਤ ਸਿਰਪਾਉ ਰੇਸਮੀ ਪਹਿਰਤ ਪਤਿ ਖੋਈ.” (ਬਿਲਾ ਮ: ੫) “ਲਿਹੁ ਮਮ ਦਿਸ ਤੇ ਅਬ ਸਿਰਪਾਇ.” (ਗੁਪ੍ਰਸੂ) “ਦੈ ਰਸ ਕੋ ਸਿਰਪਾਵ ਤਿਸੈ.” (ਕ੍ਰਿਸਨਾਵ) ੩ ਦੇਖੋ, ਸਿਰੇਪਾਉ ੨.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2189, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸਿਰਪਾਉ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਸਿਰਪਾਉ: ਸਿੱਖ ਧਰਮ ਵਿਚ ਕਿਸੇ ਧਰਮੀ-ਸਾਧਕ ਜਾਂ ਉਦਮੀ ਪੁਰਸ਼/ਇਸਤਰੀ ਨੂੰ ਸਨਮਾਨਿਤ ਕਰਨ ਲਈ ‘ਸਿਰਪਾਉ’ ਦਿੱਤਾ ਜਾਂਦਾ ਹੈ। ਇਹ ਸ਼ਬਦ ਫ਼ਾਰਸੀ ਦੇ ‘ਸਰੋਪਾ ’ ਸ਼ਬਦ ਦਾ ਤਦਭਵ ਰੂਪ ਹੈ। ਇਸ ਤੋਂ ਭਾਵ ਹੈ ਸਿਰ ਤੋਂ ਪੈਰਾਂ ਤਕ ਪਹਿਨਣ ਦੀ ਪੁਸ਼ਾਕ। ਆਮ ਤੌਰ ’ਤੇ ਇਹ ਪੁਸ਼ਾਕ ਬਾਦਸ਼ਾਹ ਵਲੋਂ ਕਿਸੇ ਨੂੰ ਸਨਮਾਨਿਤ ਕਰਨ ਲਈ ਬਖ਼ਸ਼ੀ ਜਾਂਦੀ ਹੈ। ਇਸ ਨੂੰ ‘ਖ਼ਿਲਤ’ ਵੀ ਕਹਿੰਦੇ ਹਨ। ਨਿਸਚੈ ਹੀ ਇਹ ਕੀਮਤੀ ਅਤੇ ਸੁੰਦਰ ਹੁੰਦੀ ਸੀ। ਇਸ ਤਰ੍ਹਾਂ ‘ਸਿਰਪਾਉ’ ਆਦਰ ਦਾ ਚਿੰਨ੍ਹ ਹੈ। ਗੁਰੂ ਅਰਜਨ ਦੇਵ ਜੀ ਨੇ ਪਰਮਾਤਮਾ ਦੁਆਰਾ ਪ੍ਰਵਾਨਿਤ ਹੋਏ ਸੇਵਕ (ਸਾਧਕ) ਨੂੰ ਸਿਰਪਾਉ ਨਾਲ ਸੁਸਜਿਤ ਹੋਇਆ ਦਸਿਆ ਹੈ— ਪਹਿਰਿ ਸਿਰਪਾਉ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾਰੇ (ਗੁ.ਗ੍ਰੰ.631) ਅਜ ਕਲ ਇਹ ਸ਼ਬਦ ਸਨਮਾਨ ਸੂਚਕ ਕਿਸੇ ਵੀ ਬਸਤ੍ਰ ਲਈ ਵਰਤਿਆ ਜਾ ਸਕਦਾ ਹੈ।

            ਸਿੱਖ ਧਰਮ ਵਿਚ ਸਿਰਪਾਉ/ਸਰੋਪਾ ਦੇਣ ਦੀ ਪਰੰਪਰਾ ਗੁਰੂ-ਕਾਲ ਤੋਂ ਹੀ ਚਲ ਪਈ ਸੀ। ਤਖ਼ਤਾਂ ਅਤੇ ਪ੍ਰਮੁਖ ਗੁਰੂ-ਧਾਮਾਂ ਤੇ ਵਿਸ਼ੇਸ਼ ਸ਼ਰਧਾਲੂਆਂ ਨੂੰ ਸਰੋਪੇ ਦੇ ਕੇ ਸਨਮਾਨਿਆ ਜਾਂਦਾ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2158, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਸਿਰਪਾਉ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਸਿਰਪਾਉ ਫ਼ਾਰਸੀ ਸਰੋਪਾ। ਖ਼ਿਲਅਤ, ਸਾਰਾ, ਪੂਰਾ ; ਭਾਵ ਸਿਰ ਤੋਂ ਪੈਰਾਂ ਤਕ ਸਰੀਰ ਨੂੰ ਢਕਣ ਵਾਲਾ ਸਨਮਾਨ-ਸੂਚਕ ਵਸਤ੍ਰ- ਪਹਿਰਿ ਸਿਰਪਾਉ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾਰੇ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 2157, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਸਿਰਪਾਉ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸਿਰਪਾਉ, ਪੁਲਿੰਗ : ਸਿਰੋਪਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 535, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-08-10-01-27-52, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.