ਸਿਰਹਿੰਦ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਿਰਹਿੰਦ. ਦੇਖੋ, ਸਰਹਿੰਦ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2281, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no
ਸਿਰਹਿੰਦ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਿਰਹਿੰਦ : ਜਿਸ ਨੂੰ ਸਰਹਿੰਦ ਬੋਲਿਆ ਜਾਂਦਾ ਹੈ, ਇਕ ਪੁਰਾਣਾ ਕਸਬਾ ਹੈ ਜੋ ਗ੍ਰੈਂਡ ਟਰੰਕ ਰੋਡ (ਅੱਜ-ਕੱਲ੍ਹ ਸ਼ੇਰ ਸ਼ਾਹ ਸੂਰੀ ਮਾਰਗ) ਉੱਤੇ ਅੰਬਾਲਾ ਅਤੇ ਲੁਧਿਆਣਾ ਦੇ ਵਿਚਕਾਰ ਸਥਿਤ ਹੈ। ਸ਼ਾਇਦ ਇਸ ਦਾ ਨਾਂ ਸੈਰਿੰਧਾ ਤੋਂ ਬਣਿਆ ਹੈ ਜੋ ਵਰਾਹਮਿਹਿਰ (ਈ. 505-87) ਦੀ ਬ੍ਰਿਹਤ ਸੰਹਿਤਾ ਅਨੁਸਾਰ ਇਕ ਕਬੀਲਾ ਸੀ ਜਿਹੜਾ ਕਿਸੇ ਸਮੇਂ ਦੇਸ ਦੇ ਇਸ ਹਿੱਸੇ ਵਿਚ ਰਹਿੰਦਾ ਸੀ। ਸੱਤਵੀਂ ਸਦੀ ਵਿਚ ਭਾਰਤ ਆਉਣ ਵਾਲੇ ਚੀਨੀ ਯਾਤਰੀ ਹਿਊਨ ਸਾਂਗ ਅਨੁਸਾਰ ਸਿਰਹਿੰਦ ‘ਸ਼ੀ-ਤੋ-ਤੂ-ਲੋ` ਜਾਂ ਸ਼ਤਦਰੁ (ਸਤਲੁਜ) ਨਾਮਕ ਜ਼ਿਲੇ ਦੀ ਰਾਜਧਾਨੀ ਸੀ ਜਿਹੜਾ ਲਗਪਗ 2000 ‘ਲੀ` ਜਾਂ 533 ਕਿਲੋਮੀਟਰ ਤਕ ਫ਼ੈਲਿਆ ਹੋਇਆ ਸੀ। ਬਾਅਦ ਵਿਚ ਸ਼ਤਦਰੁ ਰਿਆਸਤ ਇਕ ਵਿਸ਼ਾਲ ਰਾਜਧਾਨੀ ਤ੍ਰਿਗਤ ਦਾ ਹਿੱਸਾ ਬਣ ਗਈ ਜਿਸ ਦੀ ਰਾਜਧਾਨੀ ਜਲੰਧਰ ਸੀ। ਹਿੰਦੂਸਤਾਨੀ ਰਾਜਿਆਂ ਅਤੇ ਗਜ਼ਨੀ ਦੇ ਤੁਰਕ ਸ਼ਾਸਕਾਂ ਵਿਚਕਾਰ ਸੰਘਰਸ਼ ਸਮੇਂ ਹਿੰਦੂ ਰਾਜਸ਼ਾਹੀ ਦੇ ਪੂਰਬੀ ਪਾਸੇ ਸਿਰਹਿੰਦ ਇਕ ਮਹੱਤਵਪੂਰਨ ਸਰਹੱਦੀ ਚੌਂਕੀ ਸੀ। ਗਜ਼ਨਵੀ ਹਮਲਿਆਂ ਕਰਕੇ ਇਸ ਇਲਾਕੇ ਦੇ ਸੁੰਗੜਣ ਨਾਲ ਹਿੰਦੂਸ਼ਾਹੀ ਰਾਜਧਾਨੀ 1012 ਵਿਚ ਬਦਲ ਕੇ ਸਿਰਹਿੰਦ ਲੈ ਆਂਦੀ ਗਈ ਅਤੇ ਆਖ਼ਰੀ ਸ਼ਾਸਕ ਤ੍ਰਿਲੋਚਨਪਾਲ ਦੀ ਮੌਤ ਤਕ ਇਹ ਰਾਜਧਾਨੀ ਇਥੇ ਹੀ ਰਹੀ। ਬਾਰ੍ਹਵੀਂ ਸਦੀ ਦੇ ਅੰਤ ‘ਤੇ ਇਸ ਕਸਬੇ ਉੱਤੇ ਚੌਹਾਨਾਂ ਦਾ ਕਬਜ਼ਾ ਹੋ ਗਿਆ ਸੀ। ਮੁਹੰਮਦ ਗ਼ੋਰੀ ਦੇ ਹਮਲੇ ਵੇਲੇ ਸਿਰਹਿੰਦ, ਬਠਿੰਡੇ ਸਮੇਤ ਦਿੱਲੀ ਦੇ ਅੰਤਿਮ ਰਾਜਪੂਤ ਸ਼ਾਸਕ ਪ੍ਰਿ੍ਰਥਵੀ ਰਾਜ ਚੌਹਾਨ ਦੀ ਇਕ ਸਭ ਤੋਂ ਵੱਧ ਮਹੱਤਵਪੂਰਨ ਫ਼ੌਜੀ ਸਰਹੱਦੀ ਚੌਂਕੀ ਬਣ ਗਈ। ਗੁਲਾਮ ਬਾਦਸ਼ਾਹਾਂ ਦੇ ਰਾਜ ਅਧੀਨ ਸਿਰਹਿੰਦ ਪੰਜਾਬ ਦੇ ਵੰਡੇ ਹੋਏ ਖੇਤਰੀ ਛੇ ਇਲਾਕਿਆਂ ਵਿਚੋਂ ਇਕ ਸੀ। ਅਕਬਰ ਬਾਦਸ਼ਾਹ ਦੇ ਸਮੇਂ ਸੁਨਾਮ ਅਤੇ ਸਮਾਨਾ ਕਸਬੇ ਇਸ ਦੇ ਅਧੀਨ ਕਰ ਦਿੱਤੇ ਗਏ ਸਨ ਅਤੇ ਇਹਨਾਂ ਨੂੰ ਦਿੱਲੀ ਸੂਬੇ ਦੀ ਸਿਰਹਿੰਦ ਸਰਕਾਰ ਵਿਚ ਸ਼ਾਮਲ ਕਰ ਦਿੱਤਾ ਗਿਆ ਸੀ। ਮੁਗਲ ਰਾਜ ਵਿਚ ਸਿਰਹਿੰਦ ਪੰਜਾਬ ਦਾ ਦੂਜਾ ਵੱਡਾ ਸ਼ਹਿਰ ਸੀ ਅਤੇ ਇਹ ਲਾਹੌਰ ਅਤੇ ਦਿੱਲੀ ਵਿਚਕਾਰ ਸਭ ਤੋਂ ਵੱਧ ਸ਼ਕਤੀਸ਼ਾਲੀ ਕਿਲੇਬੰਦ ਨਗਰ ਸੀ। ਇਸ ਕਸਬੇ ਦੀ ਕਾਫ਼ੀ ਵਪਾਰਿਕ ਮਹੱਤਤਾ ਵੀ ਸੀ। ਨਾਸਿਰ ਅਲੀ ਸਿਰਹਿੰਦੀ ਦੀ ਤਾਰੀਖ-ਇ-ਨਾਸਿਰੀ ਅਨੁਸਾਰ ਉਸ ਸਮੇਂ ਸਿਰਹਿੰਦ ਵਿਚ ਇਸ ਕਿਸਮ ਦੀਆਂ ਇਮਾਰਤਾਂ ਸਨ ਜਿਹਨਾਂ ਦਾ ਸਾਨੀ ਸਾਰੇ ਭਾਰਤ ਵਿਚ ਹੋਰ ਕਿਧਰੇ ਨਹੀਂ ਸੀ। ਹੰਸਲਾ ਦਰਿਆ (ਅੱਜ-ਕੱਲ੍ਹ ਸਿਰਹਿੰਦ ਨਾਲਾ) ਦੇ ਕਿਨਾਰੇ ਵਸੇ ਹੋਏ 3 ਕੋਸ ਜਾਂ ਲਗਪਗ 10 ਕਿਲੋਮੀਟਰ ਦੀ ਦੂਰੀ ਤੱਕ ਫੈਲੇ ਹੋਏ ਇਸ ਸ਼ਹਿਰ ਵਿਚ ਬਹੁਤ ਹੀ ਸੁੰਦਰ ਕਈ ਬਾਗ ਅਤੇ ਕਈ ਨਹਿਰਾਂ ਸਨ। ਕਈ ਵਾਰ ਸਿਰਹਿੰਦ ਆ ਚੁੱਕੇ ਬਾਦਸ਼ਾਹ ਜਹਾਂਗੀਰ ਨੇ ਆਪਣੀਆਂ ਯਾਦਾਂ ਵਿਚ ਇਸ ਦੇ ਬਾਗਾਂ ਦੀ ਦਿਲ ਖਿੱਚਵੀਂ ਸੁੰਦਰਤਾ ਦਾ ਵਰਨਨ ਕੀਤਾ ਹੈ।
ਸਿਰਹਿੰਦ ਸਰਕਾਰ ਦਾ ਇਲਾਕਾ ਅਨੰਦਪੁਰ ਤਕ ਸੀ ਜੋ ਸਤਾਰ੍ਹਵੀਂ ਸਦੀ ਦੇ ਅਖੀਰ ਵਿਚ ਗੁਰੂ ਗੋਬਿੰਦ ਸਿੰਘ ਜੀ ਦਾ ਅਸਥਾਨ ਸੀ। ਇਕ ਪਹਾੜੀ ਰਾਜੇ ਰਾਜਾ ਅਜਮੇਰ ਚੰਦ ਦੇ ਕਹਿਣ ਤੇ ਸਿਰਹਿੰਦ ਦੇ ਫ਼ੌਜਦਾਰ ਵਜੀਰ ਖ਼ਾਨ ਨੇ ਅਨੰਦਪੁਰ ਉੱਤੇ ਹਮਲਾ ਕਰਨ ਆਈ ਪਹਾੜੀ ਹਮਲਾਵਰ ਫ਼ੌਜਾਂ ਦੀ ਮਦਦ ਲਈ ਕੁਝ ਤੋਪਾਂ ਅਤੇ ਫ਼ੌਜੀ ਭੇਜ ਦਿੱਤੇ ਸਨ। 13-14 ਅਕਤੂਬਰ 1700 ਈ. ਨੂੰ ਇਕ ਫੈਸਲਾ ਵਿਹੀਨ ਯੁੱਧ ਹੋਇਆ। ਗੁਰੂ ਗੋਬਿੰਦ ਸਿੰਘ ਜੀ ਥੋੜ੍ਹੇ ਸਮੇਂ ਬਾਅਦ ਅਨੰਦਪੁਰ ਵਾਪਸ ਮੁੜ ਆਏ ਪਰੰਤੂ 5-6 ਦਸੰਬਰ 1705 ਨੂੰ ਸਿਰਹਿੰਦ ਦੀ ਫ਼ੌਜ ਦੀ ਮਦਦ ਨਾਲ ਪਹਾੜੀ ਮੁਖੀਆਂ ਦੁਆਰਾ ਪਾਏ ਗਏ ਲੰਮੇ ਸਮੇਂ ਤਕ ਚਲਣ ਵਾਲੇ ਘੇਰੇ ਕਾਰਨ ਗੁਰੂ ਜੀ ਨੂੰ ਦੁਬਾਰਾ ਫਿਰ ਅਨੰਦਪੁਰ ਛੱਡਣਾ ਪਿਆ। ਫ਼ੌਜਦਾਰ ਨਵਾਬ ਵਜ਼ੀਰ ਖ਼ਾਨ ਦੇ ਹੁਕਮਾਂ ਨਾਲ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਨੌਂ ਅਤੇ ਸੱਤ ਸਾਲ ਦੇ ਸਾਹਿਬਜ਼ਾਦਿਆਂ ਨੂੰ ਬੇਰਹਿਮੀ ਨਾਲ ਸ਼ਹੀਦ ਕੀਤਾ ਗਿਆ। ਸਿੱਖ ਸ੍ਰੋਤਾਂ ਅਨੁਸਾਰ ਇਹਨਾਂ ਨੂੰ ਜਿਊਂਦਿਆਂ ਨੂੰ ਨੀਂਹਾਂ ਵਿਚ ਚਿਣਵਾ ਦਿੱਤਾ ਗਿਆ। ਇਸ ਕਰਕੇ ਸਿੱਖਾਂ ਲਈ ਇਹ ਸਰਾਪਿਆ ਸ਼ਹਿਰ ਸੀ। ਨਵੰਬਰ 1708 ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਪਿੱਛੋਂ ਬੰਦਾ ਸਿੰਘ ਬਹਾਦਰ ਦੇ ਝੰਡੇ ਹੇਠ ਇਕੱਠੇ ਹੋਏ ਸਿੱਖਾਂ ਨੇ ਸਿਰਹਿੰਦ ਉੱਤੇ ਇਕ ਬੜਾ ਭਾਰੀ ਮਾਰੂ ਹਮਲਾ ਕੀਤਾ। ਮੁਗਲ ਫ਼ੌਜ ਨੂੰ ਭਜਾ ਦਿੱਤਾ ਗਿਆ ਅਤੇ ਵਜ਼ੀਰ ਖ਼ਾਨ 12 ਮਈ 1710 ਨੂੰ ਹੋਈ ਚੱਪੜ-ਚਿੜੀ ਦੀ ਲੜਾਈ ਵਿਚ ਮਾਰਿਆ ਗਿਆ। ਦੋ ਦਿਨਾਂ ਪਿੱਛੋਂ ਸਿੱਖਾਂ ਨੇ ਸਿਰਹਿੰਦ ਉੱਤੇ ਕਬਜ਼ਾ ਕਰ ਲਿਆ ਅਤੇ ਭਾਈ ਬਾਜ ਸਿੰਘ ਨੂੰ ਇਸ ਦਾ ਗਵਰਨਰ ਥਾਪਿਆ ਗਿਆ। ਕੁਝ ਸਮੇਂ ਪਿੱਛੋਂ ਇਸ ਸ਼ਹਿਰ ‘ਤੇ ਮੁੜ ਸ਼ਾਹੀ ਫ਼ੌਜ ਦਾ ਕਬਜ਼ਾ ਹੋ ਗਿਆ।
ਮਾਰਚ 1748 ਨੂੰ ਨਾਦਿਰਸ਼ਾਹ ਦੇ ਅਫ਼ਗਾਨ ਜਰਨੈਲ ਅਹਮਦ ਸ਼ਾਹ ਦੁੱਰਾਨੀ ਨੇ ਥੋੜ੍ਹੇ ਸਮੇਂ ਲਈ ਸਿਰਹਿੰਦ ਉੱਤੇ ਕਬਜ਼ਾ ਕਰ ਲਿਆ ਅਤੇ ਆਪਣੇ ਮਾਲਕ ਦੇ ਇਲਾਕੇ ਦੇ ਪੂਰਵੀ ਹਿੱਸੇ ਦਾ ਮਾਲਕ ਬਣ ਗਿਆ। ਪਰੰਤੂ ਦਿੱਲੀ ਦੇ ਮੁਗਲ ਸ਼ਾਸਕਾਂ ਨੇ ਦੁੱਰਾਨੀ ਨੂੰ ਹਰਾ ਦਿੱਤਾ ਅਤੇ ਦੁਬਾਰਾ ਸਿਰਹਿੰਦ ਉੱਤੇ ਕਬਜ਼ਾ ਕਰ ਲਿਆ, ਭਾਂਵੇਂ ਕਿ ਹਮਲਾਵਰ ਦੁੱਰਾਨੀ ਨੇ 1756-57 ਵਿਚ ਆਪਣੇ ਚੌਥੇ ਹਮਲੇ ਸਮੇਂ ਇਸ ਉੱਤੇ ਮੁੜ ਕਬਜ਼ਾ ਕਰ ਲਿਆ ਸੀ। 1758 ਦੇ ਅਰੰਭ ਵਿਚ ਸਿੱਖਾਂ ਨੇ ਮਰਾਠਿਆਂ ਨਾਲ ਰਲ ਕੇ ਸਿਰਹਿੰਦ ਉੱਤੇ ਹੱਲਾ ਬੋਲਿਆ ਅਤੇ ਅਹਮਦ ਸ਼ਾਹ ਦੇ ਪੁੱਤਰ ਤੈਮੂਰ ਨੂੰ ਅਤੇ ਉਸ ਦੇ ਲਾਹੌਰ ਦੇ ਰਾਜ ਪ੍ਰਤੀਨਿਧੀ ਨੂੰ ਪੰਜਾਬ ਤੋਂ ਬਾਹਰ ਭਜਾ ਦਿੱਤਾ। ਅਹਮਦ ਸ਼ਾਹ ਨੇ ਜਨਵਰੀ 1761 ਵਿਚ ਮਰਾਠਿਆਂ ਨੂੰ ਪਾਣੀਪਤ ਵਿਖੇ ਹਰਾਇਆ ਅਤੇ 5 ਫਰਵਰੀ 1762 ਨੂੰ ਸਿੱਖਾਂ ਦਾ ਵੱਡੇ ਘਲੂਘਾਰੇ ਦੇ ਰੂਪ ਵਿਚ ਬਹੁਤ ਭਾਰੀ ਨੁਕਸਾਨ ਕੀਤਾ। ਸਿੱਖਾਂ ਨੇ ਇਕੱਠੇ ਹੋ ਕੇ 17 ਮਈ 1762 ਨੂੰ ਸਿਰਹਿੰਦ ‘ਤੇ ਘੇਰਾ ਪਾ ਕੇ ਹਮਲਾ ਕਰ ਦਿੱਤਾ ਅਤੇ ਇਸ ਦੇ ਫ਼ੌਜਦਾਰ ਜ਼ੈਨ ਖ਼ਾਨ ਨੂੰ ਹਰਾ ਦਿੱਤਾ ਜਿਸ ਨੇ 50,000 ਰੁਪਏ ਦਲ ਖ਼ਾਲਸਾ ਨੂੰ ਸ਼ਾਂਤੀ ਸਥਾਪਿਤ ਕਰਨ ਲਈ ਨਜ਼ਰਾਨੇ ਦੇ ਤੌਰ ‘ਤੇ ਦਿੱਤੇ। ਇਸ ਤੋਂ ਪਿੱਛੋਂ ਜ਼ਿਆਦਾ ਫ਼ੈਸਲਾਕੁਨ ਲੜਾਈ 14 ਜਨਵਰੀ 1764 ਨੂੰ ਹੋਈ ਜਦੋਂ ਦਲ ਖ਼ਾਲਸਾ ਨੇ ਜੱਸਾ ਸਿੰਘ ਆਹਲੂਵਾਲੀਏ ਦੀ ਅਗਵਾਈ ਹੇਠ ਸਿਰਹਿੰਦ ਉੱਤੇ ਹਮਲਾ ਕਰ ਦਿੱਤਾ। ਇਸ ਲੜਾਈ ਵਿਚ ਜ਼ੈਨ ਖ਼ਾਨ ਮਾਰਿਆ ਗਿਆ ਅਤੇ ਸਿਰਹਿੰਦ ਉੱਤੇ ਕਬਜ਼ਾ ਕਰਕੇ ਇਸ ਨੂੰ ਲੁੱਟਿਆ ਅਤੇ ਤਬਾਹ ਕੀਤਾ ਗਿਆ। ਇਥੋਂ ਲੁੱਟਿਆ ਹੋਇਆ ਧਨ ਅਹਮਦ ਸ਼ਾਹ ਦੁਆਰਾ ਅੰਮ੍ਰਿਤਸਰ ਵਿਖੇ ਤਬਾਹ ਕੀਤੇ ਗਏ ਪਵਿੱਤਰ ਅਸਥਾਨਾਂ ਦੀ ਮੁਰੰਮਤ ਅਤੇ ਦੁਬਾਰਾ ਬਨਾਉਣ ਲਈ ਦੇ ਦਿੱਤਾ ਗਿਆ। ਸਿਰਹਿੰਦ ਸਰਕਾਰ ਦੇ ਇਲਾਕਿਆਂ ਨੂੰ ਦਲ ਖ਼ਾਲਸਾ ਦੇ ਆਗੂਆਂ ਵਿਚ ਵੰਡਿਆ ਗਿਆ ਪਰੰਤੂ ਸਿਰਹਿੰਦ ਦੇ ਕਸਬੇ ਨੂੰ ਲੈਣ ਲਈ ਕੋਈ ਵੀ ਤਿਆਰ ਨਹੀਂ ਸੀ ਕਿਉਂਕਿ ਏਥੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਜ਼ਿੰਦਾ ਹੀ ਕੰਧਾਂ ਵਿਚ ਚਿਣਵਾ ਕੇ ਸ਼ਹੀਦ ਕੀਤਾ ਗਿਆ ਸੀ। ਸਾਰਿਆਂ ਨੇ ਇਕਮੱਤ ਹੋ ਕੇ ਭਾਈ ਭਗਤੂ ਦੇ ਵਾਰਸ ਬੁੱਢਾ ਸਿੰਘ ਨੂੰ ਇਹ ਕਸਬਾ ਦੇ ਦਿੱਤਾ ਜਿਸ ਨੇ ਛੇਤੀ ਹੀ ਪਿੱਛੋਂ ਇਸਦੀ ਮਲਕੀਅਤ ਪਟਿਆਲਾ ਪਰਵਾਰ ਦੇ ਬਾਨੀ ਸਰਦਾਰ ਆਲਾ ਸਿੰਘ ਨੂੰ ਦੇ ਦਿੱਤੀ। ਇਸ ਪਿੱਛੋਂ ਪਟਿਆਲਾ ਰਿਆਸਤ ਦੇ ਸਮਾਪਤ ਹੋਣ ਤਕ 1948 ਤਕ ਸਿਰਹਿੰਦ ਨਗਰ ਪਟਿਆਲਾ ਖੇਤਰ ਦਾ ਹਿੱਸਾ ਬਣਿਆ ਰਿਹਾ।
ਪਟਿਆਲਾ ਦੇ ਮਹਾਰਾਜਾ ਕਰਮ ਸਿੰਘ ਨੇ (1813-45) ਛੋਟੇ ਸਾਹਿਬਜ਼ਾਦਿਆਂ ਅਤੇ ਉਹਨਾਂ ਦੀ ਦਾਦੀ , ਮਾਤਾ ਗੁਜਰੀ ਦੀ ਪਵਿੱਤਰ ਯਾਦ ਵਿਚ ਸਿਰਹਿੰਦ ਵਿਖੇ ਗੁਰਦੁਆਰੇ ਬਣਵਾਏ। ਇਸ ਨੇ ਸਿਰਹਿੰਦ ਜ਼ਿਲੇ ਦੀ ਨਿਜ਼ਾਮਤ ਬਦਲ ਕੇ ਇਸ ਦਾ ਨਾਂ ਮੁਖ ਗੁਰਦੁਆਰੇ ਦੇ ਨਾਂ ‘ਤੇ ਫਤਿਹਗੜ੍ਹ ਸਾਹਿਬ ਰੱਖ ਦਿੱਤਾ। ਸਿੱਖ ਇਤਿਹਾਸਿਕ ਗੁਰਦੁਆਰਿਆਂ ਤੋਂ ਇਲਾਵਾ ਸਿਰਹਿੰਦ ਵਿਖੇ ਇਕ ਮਹੱਤਵਪੂਰਨ ਮੁਸਲਮਾਨ ਯਾਦਗਾਰ ਰੋਜ਼ਾ ਸ਼ਰੀਫ ਮੁਜੱਦਿਦ ਅਲਫ਼ ਸਾਨੀ ਵੀ ਬਣਿਆ ਹੋਇਆ ਹੈ ਜੋ ਸ਼ੇਖ਼ ਅਹਮਦ ਸਿਰਹਿੰਦੀ ਦਾ ਮਕਬਰਾ ਹੈ ਜੋ 1569-1624 ਤਕ ਇਸ ਸੰਸਾਰ ਵਿਚ ਰਿਹਾ। ਇਹ ਸੂਫੀਆਂ ਦੇ ਨਕਸ਼ਬੰਦੀ ਸੰਪਰਦਾਇ ਦਾ ਇਕ ਕੱਟੜ ਮੂਲਵਾਦੀ ਨੇਤਾ ਸੀ। ਇਸ ਅਹਾਤੇ ਵਿਚ ਹੋਰ ਵੀ ਕਈ ਮਕਬਰੇ ਹਨ ਜਿਨ੍ਹਾਂ ਵਿਚੋਂ ਜ਼ਿਆਦਾਤਰ ਸ਼ੇਖ਼ ਅਹਮਦ ਦੇ ਘਰ ਦੇ ਮੈਂਬਰਾਂ ਦੇ ਹੀ ਮਕਬਰੇ ਹਨ।
ਲੇਖਕ : ਮ.ਸ.ਅ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2229, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First