ਸਿਹਰਾ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਸਿਹਰਾ : ਲਾੜੇ ਦੇ ਚਿਹਰੇ ਨੂੰ ਢਕਣ ਵਾਲੇ ਜ਼ਰੀਦਾਰ ਨਕਾਬ (ਪਰਦਾ) ਨੂੰ ਸਿਹਰਾ ਕਿਹਾ ਜਾਂਦਾ ਹੈ। ਗੱਤੇ ਨੂੰ ਤਾਜ ਦੀ ਸ਼ਕਲ ਵਿੱਚ ਕੱਟ ਕੇ ਉਸ ਉੱਤੇ ਸਿੱਪੀਆਂ, ਸਿਤਾਰੇ, ਮੋਤੀ ਅਤੇ ਤਿੱਲਾ ਆਦਿ ਲਗਾ ਕੇ ਸਿਹਰੇ ਦਾ ਉਪਰਲਾ ਹਿੱਸਾ ਤਿਆਰ ਕੀਤਾ ਹੁੰਦਾ ਹੈ, ਜੋ ਮੱਥੇ ਦੇ ਉਪਰ ਦੋਵੇਂ ਪਾਸੇ ਪੁੜਪੜੀਆਂ ਤੱਕ ਜਾਂਦਾ ਹੈ। ਗੱਤੇ ਦੇ ਹਿੱਸੇ ਦੇ ਥੱਲੇ ਵਾਲੇ ਪਾਸੇ ਫੁੱਲ-ਕਲੀਆਂ ਜਾਂ ਜ਼ਰੀ ਦੀਆਂ ਤਿਆਰ ਕੀਤੀਆਂ ਲੜੀਆਂ ਜੜੀਆਂ ਜਾਂਦੀਆਂ ਹਨ। ਫਿਰ ਇਸ ਸਿਹਰੇ ਦੇ ਦੋਵੇਂ ਪਾਸੇ ਡੋਰ ਲਗਾਈ ਜਾਂਦੀ ਹੈ, ਜੋ ਸਿਰ ਦੇ ਪਿਛਲੇ ਪਾਸੇ ਬੰਨ੍ਹੀ ਜਾਂਦੀ ਹੈ ਤਾਂ ਕਿ ਸਿਹਰਾ ਸਿਰ ਉੱਤੇ ਚੰਗੀ ਤਰ੍ਹਾਂ ਬੰਨ੍ਹਿਆ ਜਾ ਸਕੇ ਅਤੇ ਉਸ ਦੇ ਡਿੱਗਣ ਨਾਲ ਬਦਸ਼ਗਨੀ ਨਾ ਹੋਵੇ। ਜੇ ਸਿਹਰਾ ਕਸ ਕੇ ਨਾ ਬੰਨ੍ਹਿਆ ਗਿਆ ਹੋਵੇ ਤਾਂ ਸਿਹਰੇ ਦੇ ਤਾਜ ਵਾਲੇ ਹਿੱਸੇ ਤੇ ਪੱਗ ਵਿੱਚ ਪਿੰਨਾਂ ਜਾਂ ਬਕਸੂਏ ਵੀ ਲਾ ਲਏ ਜਾਂਦੇ ਹਨ। ਸਿਹਰੇ ਦਾ ਉਪਰਲਾ ਹਿੱਸਾ ਲਾੜੇ ਦੇ ਮੱਥੇ ਉਪਰ ਆ ਜਾਂਦਾ ਹੈ ਅਤੇ ਲੜੀਆਂ ਉਸ ਦੇ ਮੂੰਹ ਨੂੰ ਢਕ ਲੈਂਦੀਆਂ ਹਨ। ਸਿਹਰੇ ਨੂੰ ਤਿਆਰ ਕਰਨ ਸਮੇਂ ਉਸ ਤੇ ਜੜੀ ਸਮਗਰੀ ਜਿੰਨੀ ਮਹਿੰਗੀ ਵਰਤੀ ਗਈ ਹੁੰਦੀ ਹੈ, ਉਸ ਦੇ ਹਿਸਾਬ ਨਾਲ ਸਿਹਰੇ ਦੀ ਕੀਮਤ ਤੈਅ ਕੀਤੀ ਜਾਂਦੀ ਹੈ। ਜਿਸ ਤਰ੍ਹਾਂ ਤਾਜ ਪਹਿਨਾਉਣ ਦੀ ਰਸਮ ਤੋਂ ਬਾਅਦ ਕੋਈ ਰਾਜਕੁਮਾਰ ਬਾਦਸ਼ਾਹ ਬਣ ਜਾਂਦਾ ਹੈ ਤੇ ਰਾਜ ਭਾਗ ਸੰਭਾਲਦਾ ਹੈ, ਉਸੇ ਤਰ੍ਹਾਂ ਬ੍ਰਹਮਚਾਰੀ ਆਸ਼੍ਰਮ ਤੋਂ ਗ੍ਰਹਿਸਤ ਆਸ਼੍ਰਮ ਵਿੱਚ ਪ੍ਰਵੇਸ਼ ਕਰਾਉਣ ਲਈ ਵਿਆਹੁਲੇ ਲੜਕੇ ਨੂੰ ‘ਗ੍ਰਹਿਸਤ ਦਾ ਤਾਜ’ ਭਾਵ ‘ਸਿਹਰਾ’ ਪਹਿਨਾਇਆ ਜਾਂਦਾ ਹੈ। ਸਿਹਰੇ ਦੇ ਵਿਚਕਾਰ ਕਲਗੀ ਲੱਗਣ ਅਤੇ ਹੱਥ ਵਿੱਚ ਤਲਵਾਰ ਫੜਨ ਉਪਰੰਤ ਉਹ ਲਾੜੇ ਦੇ ਬਿੰਬ ਨੂੰ ਸਕਾਰ ਕਰਦਾ ਹੈ। ਇਸ ਤਰ੍ਹਾਂ ਸਿਹਰਾ, ਲਾੜੇ ਦੀ ਬਰਾਤੀਆਂ ਨਾਲੋਂ ਵੱਖਰੀ ਪਛਾਣ ਦੇ ਚਿੰਨ੍ਹ ਦਾ ਕਾਰਜ ਕਰਦਾ ਹੈ ਅਤੇ ਨਾਲ ਹੀ ਲੋਕਮਨ ਅਨੁਸਾਰ ਨਿੱਖਰੇ ਰੂਪ ਅਤੇ ਸੁੰਦਰ ਪੁਸ਼ਾਕ ਵਾਲੇ ਲਾੜੇ ਨੂੰ ‘ਚੰਦਰੀਆਂ ਰੂਹਾਂ ਦੀ ਨਜ਼ਰ ਲੱਗਣ’ ਤੋਂ ਵੀ ਬਚਾਉਂਦਾ ਹੈ। ਤਿੱਲੇ, ਮੋਤੀਆਂ ਨਾਲ ਬਣੇ ਸਿਹਰਿਆਂ ਤੋਂ ਪਹਿਲਾਂ ਮਾਲਣ ਜਾਂ ਉਸ ਦੇ ਬੇਟੇ ਕੋਲੋਂ ਫੁੱਲਾਂ ਦੀਆਂ ਲੜੀਆਂ ਦਾ ਸਿਹਰਾ ਤਿਆਰ ਕਰਵਾਇਆ ਜਾਂਦਾ ਸੀ। ਮੁੰਡੇ ਦੇ ਵਿਆਹ ਸਮੇਂ ਘੋੜੀਆਂ ਗਾਈਆਂ ਜਾਂਦੀਆਂ ਹਨ। ਪੰਜਾਬ ਦੇ ਪੁਆਧ ਖੇਤਰ ਵਿੱਚ ਗਾਈ ਜਾਂਦੀ ਨਿਮਨਲਿਖਤ ‘ਘੋੜੀ’ ਵਿੱਚ ਮਾਲੀ ਦੇ ਬੇਟੇ ਨੂੰ ਸਿਹਰੇ ਦੀ ਤਿਆਰੀ ਲਈ ਬੇਨਤੀ ਕੀਤੀ ਜਾ ਰਹੀ ਹੈ :
ਸਿਹਰਾ ਗੁੰਦ ਲਿਆ... ਕਿ ਮਾਲੀ ਬੇਟਿਆ ਵੇ...
ਮਾਂ ਕੇ ਲਾਡਲੇ... ਕਾ ਕਿ ਸੁੰਦਰ ਸਾਂਵਲੇ... ਕਾ
ਵੇ ਥੌਂ ਪਹਿਨ ਵਾਰੀ... ਸਦਕੇ ਤਾਂ ਜਾਵੇ...
ਥਾਰੀ ਮਾਤਾ ਪਿਆ... ਰੀ।
ਪੈਰੀਂ ਛਮਕ ਛੱਲੇ ਕਿ ਬਾਗ਼ੀਂ ਮੋਰ ਚੱਲੇ
ਸ੍ਰੀ ਰਾਮ ਚੰਦਰ ਜੀ, ਦਸ਼ਰਥ ਰਾਜਾ ਵਿਆਹੁਣ ਚੱਲੇ...।
ਪੰਜਾਬ ਵਿੱਚ ਵਿਆਹ ਦੀ ਸੰਸਥਾ ਨਾਲ ‘ਸਿਹਰਾ’ ਸ਼ਬਦ ਦਾ ਸੰਬੰਧ ਦੋ ਤਰ੍ਹਾਂ ਦਾ ਹੈ :
1. ਸਿਹਰਾਬੰਦੀ ਦੀ ਰਸਮ ਵਜੋਂ ‘ਸਿਹਰਾ’
2. ਕਾਵਿ-ਰੂਪ ਵਜੋਂ ‘ਸਿਹਰਾ’
1. ਸਿਹਰਾਬੰਦੀ ਦੀ ਰਸਮ ਵਜੋਂ ‘ਸਿਹਰਾ’ : ਸਿਹਰਾ ਬੰਨ੍ਹਣ ਭਾਵ ‘ਸਿਹਰਾਬੰਦੀ’ ਦੀ ਰਸਮ ਜੰਞ ਚੜ੍ਹਨ ਤੋਂ ਪਹਿਲਾਂ ਨਿਭਾਈ ਜਾਂਦੀ ਹੈ। ਵਿਆਹ ਵਾਲੇ ਦਿਨ ਸਵੇਰੇ ਹੀ ਵਿਆਹੁਲੇ ਲੜਕੇ ਦੀ ਨ੍ਹਾਈ-ਧੋਈ ਕਰਵਾ ਕੇ ਉਸ ਦੇ ਨਵੇਂ ਕੱਪੜੇ ਅਤੇ ਜੁੱਤੀ ਪੁਆਈ ਜਾਂਦੀ ਹੈ। ਉਪਰੰਤ ਲਾੜੇ ਨੂੰ ਕਿਰਪਾਨ ਫੜਾ ਕੇ ਇੱਕ ਕੁਰਸੀ ਤੇ ਬਿਠਾ ਦਿੱਤਾ ਜਾਂਦਾ ਹੈ। ਉਸ ਦੇ ਨਾਲ ਸਰਵਾਲਾ ਵੀ ਬਿਠਾਇਆ ਜਾਂਦਾ ਹੈ। ਫਿਰ ਭਾਬੀਆਂ ਵੱਲੋਂ ਉਸ ਦੇ ਸੁਰਮਾ ਪਾਇਆ ਜਾਂਦਾ ਹੈ ਤਾਂ ਕਿ ਉਹ ਹੋਰ ਵੀ ਸੋਹਣਾ ਲੱਗੇ। ਭੈਣ ਵੱਲੋਂ ਵਿਆਹੁਲੇ ਭਰਾ ਦੇ ਸਿਰ ਉੱਤੇ ਬੰਨ੍ਹੀ ਪੱਗ (ਦਸਤਾਰ) ਜਾਂ ਟੋਪੀ ਦੇ ਉੱਤੇ ਸਿਹਰਾ ਬੰਨ੍ਹਿਆ ਜਾਂਦਾ ਹੈ। ਦਸਤਾਰ ’ਤੇ ਸਿਹਰਾ ਬੰਨ੍ਹਣ ਉਪਰੰਤ ਭੈਣ ਵੱਲੋਂ ਹੀ ਸਿਹਰੇ ਦੇ ਉਪਰਲੇ ਪਾਸੇ ਪੱਗ ਦੇ ਬਿਲਕੁਲ ਵਿਚਕਾਰ ਕਲਗੀ ਬੰਨ੍ਹੀ ਜਾਂਦੀ ਹੈ। ਸਿਹਰਾ ਬੰਨ੍ਹਦੀ ਭੈਣ ਦੀ ਇੱਛਾ ਹੁੰਦੀ ਹੈ ਕਿ ਉਸ ਦੇ ਬਾਦਸ਼ਾਹ ਬਣੇ ਭਰਾ ਨੂੰ ਕਿਸੇ ਦੀ ਨਜ਼ਰ ਨਾ ਲੱਗੇ, ਉਹ ਗ੍ਰਹਿਸਤ ਆਸ਼੍ਰਮ ਵਿੱਚ ਪ੍ਰਵੇਸ਼ ਕਰ ਕੇ ਆਪਣੇ ਪਰਿਵਾਰ ਦੀ ਸਿਰਜਣਾ ਕਰੇ ਤਾਂ ਕਿ ਉਸ ਦੇ ਲਈ ਪੇਕਿਆਂ ਦੀ ਧਿਰ ਹੋਰ ਮਜ਼ਬੂਤ ਹੋ ਸਕੇ। ਭੈਣ ਕੋਲੋਂ ਸਿਹਰਾ ਬਨ੍ਹਾ ਕੇ ਉਹ ਭੈਣ ਨੂੰ ਕੁਝ ਸ਼ਗਨ ਵਜੋਂ ਦਿੰਦਾ ਹੈ। ਸਿਹਰਾ ਬੰਨ੍ਹਣ ਦੀ ਰਸਮ ਵੇਲੇ ਸਾਰੀ ਬਰਾਦਰੀ ਇਕੱਠੀ ਹੁੰਦੀ ਹੈ ਅਤੇ ਭੈਣਾਂ ਸਮੇਤ ਹਾਜ਼ਰ ਮੇਲਣਾਂ ਵੱਲੋਂ ਗੀਤ ਗਾਏ ਜਾਂਦੇ ਹਨ। ਇਹਨਾਂ ਗੀਤਾਂ ਵਿੱਚ ਉਹਨਾਂ ਵੱਲੋਂ ਲਾੜੇ ਦੀ ਚੜ੍ਹਤ, ਖ਼ੂਬਸੂਰਤ ਡੀਲ-ਡੌਲ, ਕੱਦ-ਕਾਠ, ਖ਼ਾਨਦਾਨ ਅਤੇ ਸੁੰਦਰ ਸਿਹਰੇ ਦੀ ਉਸਤਤ ਕੀਤੀ ਜਾਂਦੀ ਹੈ। ਸਿਹਰਾ ਬੰਨ੍ਹਣ ਤੋਂ ਬਾਅਦ ਲਾੜੇ ਦਾ ਮੂੰਹ ਦੇਖਣ ਦੀ ਸਭ ਦੀ ਉਤਸੁਕਤਾ ਬਣੀ ਰਹਿੰਦੀ ਹੈ। ਸਿਹਰਾ ਬਨ੍ਹਾ ਕੇ ਲਾੜਾ ਅਤੇ ਬਾਕੀ ਜਾਂਞੀ ਕੁੜੀ ਨੂੰ ਵਿਆਹ ਕੇ ਲਿਆਉਣ ਲਈ ਵਿਦਾ ਹੁੰਦੇ ਹਨ।
2. ਕਾਵਿ-ਰੂਪ ਵਜੋਂ ‘ਸਿਹਰਾ’ : ਜਿਸ ਕਾਵਿ-ਰੂਪ ਵਿੱਚ ਲਾੜੇ ਦੇ ਸਿਰ ਉੱਤੇ ਸਜੇ ਸਿਹਰੇ ਦੀ ਪ੍ਰਸੰਸਾ ਕੀਤੀ ਜਾਂਦੀ ਹੈ, ਉਸ ਨੂੰ ‘ਸਿਹਰਾ’ ਕਿਹਾ ਜਾਂਦਾ ਹੈ। ‘ਸਿਹਰਾ’ ਨਾਇਕ ਪ੍ਰਧਾਨ ਰਚਨਾ ਹੈ, ਭਾਵ ਇਸ ਵਿੱਚ ਲਾੜਾ ਮੁੱਖ ਸਥਾਨ ਰੱਖਦਾ ਹੈ। ਸਿਹਰਾ-ਕਾਵਿ ਵਿੱਚ ਨਾਇਕ ਦੀ ਪ੍ਰਸੰਸਾ ਕਰਦੇ ਹੋਏ, ਉਸ ਦੀ ਖ਼ੂਬਸੂਰਤੀ ਨੂੰ ਵਧਾਉਣ ਵਾਲੀਆਂ ਵਸਤਾਂ ਦਾ ਗੁਣਗਾਨ ਕੀਤਾ ਜਾਂਦਾ ਹੈ ਅਤੇ ਉਸ ਦੀ ਬਹਾਦਰੀ, ਸੂਝ-ਬੂਝ ਅਤੇ ਪਹਿਰਾਵੇ ਦੀ ਖ਼ਾਸ ਸ਼ੋਭਾ ਕਰਨ ਦੇ ਨਾਲ-ਨਾਲ ਰਿਸ਼ਤੇਦਾਰਾਂ ਦੀ ਕਾਰਜੀ ਭੂਮਿਕਾ ਦਰਸਾਈ ਜਾਂਦੀ ਹੈ। ਜਿਵੇਂ ਪਿਤਾ ਨੋਟ ਵਾਰਦਾ ਤੇ ਸਦਕੇ ਜਾਂਦਾ ਹੈ, ਮਾਤਾ ਸ਼ਗਨ ਮਨਾਉਂਦੀ ਤੇ ਵਾਰੇ ਜਾਂਦੀ ਹੈ, ਬਜ਼ੁਰਗ ਅਸ਼ੀਰਵਾਦ ਦਿੰਦੇ ਹਨ ਅਤੇ ਭੈਣਾਂ ਸਿਹਰੇ ਰਾਹੀਂ ਫੁੱਲ ਗੁੰਦ ਕੇ ਸੀਸ ਸਜਾਉਂਦੀਆਂ, ਘੋੜੀਆਂ ਗਾਉਂਦੀਆਂ ਅਤੇ ਸ਼ਗਨ ਮਨਾਉਂਦੀਆਂ ਹਨ। ਮਾਮੇ ਤੇ ਜੀਜੇ ਮਸਤੀ ਵਿੱਚ ਝੂਮਦੇ ਅਤੇ ਸਿਹਰਾ ਸ਼ਿੰਗਾਰਦੇ, ਭਰਾ ਤੇ ਦੋਸਤ ਭੰਗੜੇ ਪਾਉਂਦੇ, ਭਾਬੀਆਂ ਸੁਰਮਾ ਪਾਉਂਦੀਆਂ, ਚਾਚੀਆਂ-ਤਾਈਆਂ ਗੀਤ ਗਾਉਂਦੀਆਂ, ਭਤੀਜੇ- ਭਤੀਜੀਆਂ ਅਤੇ ਭਾਣਜੇ-ਭਾਣਜੀਆਂ ਕ੍ਰਮਵਾਰ ਚਾਚੇ/ਮਾਮੇ ਦੇ ਵਿਆਹ ਦੀ ਖ਼ੁਸ਼ੀ ਅਤੇ ਚਾਚੀ/ਮਾਮੀ ਦੀ ਆਮਦ ਦੀ ਖ਼ੁਸ਼ੀ ਮਨਾਉਂਦੇ ਹਨ। ਕਵਾਰੇ-ਵਿਆਹੇ ਸਭ ਭੰਗੜਾ ਪਾਉਂਦੇ ਨਜ਼ਰ ਆਉਂਦੇ ਹਨ। ਸਿਹਰਾ ਪੇਸ਼ ਕਰਨ ਦਾ ਬੁਨਿਆਦੀ ਮਨੋਰਥ ਜ਼ਿੰਦਗੀ ਵਿੱਚ ਟਕਰਾਉ ਦੀ ਥਾਂ ਮਿਲਵਰਤਨ ਤੇ ਅਪਣੱਤ ਦੀ ਭਾਵਨਾ ਪੈਦਾ ਕਰਨਾ ਅਤੇ ਖ਼ੁਸ਼ੀ ਦੇ ਮੌਕੇ ਨੂੰ ਹੋਰ ਮੰਗਲਮਈ ਬਣਾਉਣਾ ਹੈ :
ਕਰਮਾਂ ਬਾਝ ਨੀ ਕਿਸੇ ਨੂੰ ਸਾਕ ਜੁੜਦੇ,
ਸਾਕਾਂ ਬਾਝ ਨੀ ਸ਼ਗਨ ਮਨਾਏ ਜਾਂਦੇ।
ਸ਼ਗਨਾਂ ਬਾਝ ਨਾ ਪੂਰੀਆਂ ਹੋਣ ਰੀਝਾਂ,
ਰੀਝਾਂ ਬਾਝ ਨੀ ਕਾਜ ਰਚਾਏ ਜਾਂਦੇ।
ਕਾਜਾਂ ਬਾਝ ਨੀ ਖ਼ੁਸ਼ੀ ਨਸੀਬ ਹੁੰਦੀ,
ਸਿਹਰੇ ਖ਼ੁਸ਼ੀ ਦੇ ਬਾਝ ਨਹੀਂ ਗਾਏ ਜਾਂਦੇ।
ਪੂਰਬੀ ਪੰਜਾਬ ਵਿੱਚ ਸਿਹਰਾ ਗਾਉਣ ਲੱਗਿਆਂ ਆਮ ਕਰ ਕੇ ਢੋਲਕੀ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਕਈ ਗਾਇਕ ਹਰਮੋਨੀਅਮ ਦੀ ਵਰਤੋਂ ਵੀ ਕਰ ਲੈਂਦੇ ਹਨ। ਪੱਛਮੀ ਪੰਜਾਬ ਵਿੱਚ ਸਿਹਰਾ ਪੇਸ਼ ਕਰਨ ਵੇਲੇ ਸ਼ਹਿਨਾਈ ਦੀ ਵਰਤੋਂ ਕੀਤੀ ਜਾਂਦੀ ਹੈ।
ਜਦੋਂ ਬਰਾਤ ਕੰਨਿਆ ਨੂੰ ਵਿਆਹੁਣ ਲਈ ਜਾਂਦੀ ਹੈ ਤਾਂ ਬਰਾਤ ਦੇ ਨਾਲ ਸਿਹਰਾ ਗਾਉਣ ਵਾਲਾ ਸ਼ਖ਼ਸ ਵੀ ਜਾਂਦਾ ਹੈ, ਜੋ ਵਰ ਵਾਲੀ ਧਿਰ ਵੱਲੋਂ ਕੋਈ ਸਿਹਰਾ ਗਾਉਣ ਵਾਲਾ ਪੇਸ਼ੇਵਰ ਵਿਅਕਤੀ, ਵਰ ਦਾ ਭਰਾ ਜਾਂ ਉਸ ਦਾ ਰਿਸ਼ਤੇਦਾਰ ਹੁੰਦਾ ਹੈ। ਭਾਰਤ-ਪਾਕਿਸਤਾਨ ਵੰਡ ਤੋਂ ਪਹਿਲਾਂ ਪੰਜਾਬ ਵਿੱਚ ਸਿਹਰਾ ਜੰਞ ਚੜ੍ਹਨ ਤੋਂ ਪਹਿਲਾਂ ਗਾਇਆ ਜਾਂਦਾ ਸੀ, ਪਰ ਹੌਲੀ-ਹੌਲੀ ਇਸ ਕਾਵਿ-ਰੂਪ ਦਾ ਗਾਇਨ ਲਾਵਾਂ-ਫੇਰਿਆਂ ਦੀ ਰਸਮ ਤੋਂ ਤੁਰੰਤ ਬਾਅਦ ਸਿੱਖਿਆ ਕਾਵਿ-ਰੂਪ ਦੇ ਗਾਇਨ ਉਪਰੰਤ ਹੋਣ ਲੱਗਾ।
‘ਸਿਹਰਾ’ ਕਾਵਿ-ਰੂਪ ਦਾ ਨਿਭਾਉ-ਸਥਾਨ ‘ਕੰਨਿਆ ਦਾ ਘਰ’ ਜਾਂ ‘ਉਹ ਜਗ੍ਹਾ ਹੁੰਦੀ ਹੈ ਜਿੱਥੇ ਲਾੜਾ-ਲਾੜੀ ਦੇ ਲਾਵਾਂ-ਫੇਰੇ ਹੋਏ ਹੁੰਦੇ ਹਨ।’ ਪੰਜਾਬ ਵਿੱਚ ਸਿਹਰਾ ਗਾਉਣ ਉਪਰੰਤ ਆਤਸ਼ਬਾਜ਼ੀ ਚਲਾਉਣ ਦੀ ਵੀ ਰੀਤ ਰਹੀ ਹੈ। ਸਿੱਖਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਲਾਵਾਂ ਹੋਣ ਤੋਂ ਪਹਿਲਾਂ ਲਾੜੇ ਦੇ ਸਹੁਰੇ ਵੱਲੋਂ ਸਿਹਰਾ ਤੇ ਕਲਗ਼ੀ ਉਤਾਰ ਦਿੱਤੇ ਜਾਂਦੇ ਹਨ, ਜੋ ਵਿਆਹ ਉਪਰੰਤ ਉਹਨਾਂ ਵੱਲੋਂ ਹੀ ਸ਼ੀਸ਼ੇ ਦੇ ਫਰੇਮ ਵਿੱਚ ਜੜਵਾ ਕੇ ਰੱਖ ਲਏ ਜਾਂਦੇ ਸਨ। ਲਾਵਾਂ, ਫੇਰੇ ਜਾਂ ਨਿਕਾਹ ਹੋਣ ਤੋਂ ਬਾਅਦ ਪਹਿਲਾਂ ‘ਸਿੱਖਿਆ’ ਅਤੇ ਫਿਰ ‘ਸਿਹਰਾ’ ਗਾਇਆ ਜਾਂਦਾ ਹੈ। ਸਿਹਰੇ ਦੇ ਨਿਭਾਅ ਦਾ ਸੰਬੰਧ ਸਿਰਫ਼ ਲਾੜੇ ਵਾਲੀ ਧਿਰ ਨਾਲ ਹੁੰਦਾ ਹੈ। ਲਾੜੀ ਦੇ ਰਿਸ਼ਤੇਦਾਰ ਤਾਂ ਸਿਰਫ਼ ਇਸ ਕਾਵਿ-ਰੂਪ ਰਾਹੀਂ ਅਨੰਦ ਹੀ ਮਾਣਦੇ ਹਨ ਅਤੇ ਵਰ ਦੇ ਰਿਸ਼ਤੇਦਾਰਾਂ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਨ। ਪੰਡਾਲ ਵਿੱਚ ਮੌਜੂਦ ਦੋਵੇਂ ਧਿਰਾਂ ਦੇ ਰਿਸ਼ਤੇਦਾਰ ਸਿਹਰਾ ਗਾਉਣ ਵਾਲੇ ਦੇ ਸਿਰ ਉੱਤੋਂ ਨੋਟ ਵਾਰ-ਵਾਰ ਕੇ ਵੇਲਾਂ ਕਰਵਾਉਂਦੇ ਹਨ ਭਾਵ ਸਿਹਰੇ ਦੀ ਵਧੀਆ ਪੇਸ਼ਕਾਰੀ ਕਰ ਕੇ ਉਸ ਦੇ ਸਿਰ ਉੱਤੋਂ ਨੋਟ ਵਾਰ-ਵਾਰ ਕੇ ਉਸ ਨੂੰ ਦਿੰਦੇ ਹਨ ਤੇ ਉਸ ਦੀ ਹੌਸਲਾ-ਅਫ਼ਜ਼ਾਈ ਕਰਦੇ ਹਨ।
ਸਿਹਰਾ ਆਮ ਤੌਰ ਤੇ ਗ਼ਜ਼ਲ, ਮਸਨਵੀ, ਕਸੀਦਾ ਜਾਂ ਮੁਸੱਦਸ ਆਦਿ ਕਾਵਿ ਸਿਨਫ਼ਾਂ ਦੀ ਤਕਨੀਕ ਵਿੱਚ ਲਿਖਿਆ ਜਾਂਦਾ ਰਿਹਾ ਹੈ ਪਰ ਬਹੁਤੇ ਸਿਹਰੇ ਮੁਸੱਦਸ ਵਿੱਚ ਹੀ ਲਿਖੇ ਗਏ ਮਿਲਦੇ ਹਨ। ਮੁਸੱਦਮ ਨਜ਼ਮ ਦਾ ਉਹ ਰੂਪ ਹੈ, ਜਿਸ ਵਿੱਚ ਹਰ ਬੰਦ 6 ਮਿਸਰਿਆਂ ਭਾਵ ਤੁਕਾਂ ਦਾ ਹੁੰਦਾ ਹੈ। ਪਹਿਲੇ ਚਾਰ ਮਿਸਰੇ ਹਮ-ਰਦੀਫ਼ ਹੁੰਦੇ ਹਨ। ਪੰਜਵੇਂ ਅਤੇ ਛੇਵੇਂ ਮਿਸਰੇ ਨੂੰ ਬੈਂਤ (ਕੇਂਦਰੀ ਭਾਵ) ਕਿਹਾ ਜਾਂਦਾ ਹੈ। ਇਹ ਦੋਨੋਂ ਮਿਸਰੇ ਵੱਖਰੇ ਤੌਰ ਤੇ ਹਮ-ਕਾਫ਼ੀਆਂ ਤੇ ਹਮ-ਰਦੀਫ਼ ਹੁੰਦੇ ਹਨ :
ਨੂਰ ਲਿਆ ਨਣਕਾਣੇ ਦੀ ਧਰਤ ਕੋਲੋਂ,
ਪੰਜਾ ਸਾਹਿਬ ਤੋਂ ਪ੍ਰੇਮ ਪਿਆਰ ਮੰਗਿਆ।
ਚਮਕੌਰ ਸਾਹਿਬ ਤੋਂ ਜੀਵਨ ਦੀ ਚਮਕ ਮੰਗੀ,
ਅਨੰਦਪੁਰ ਤੋਂ ਅਨੰਦ ਭੰਡਾਰ ਮੰਗਿਆ।
ਪਟਨਾ ਸਾਹਿਬ ਤੋਂ ਪ੍ਰੇਮ ਦੀ ਭਰੀ ਝੋਲੀ,
ਪੌਂਟਾ ਸਾਹਿਬ ਤੋਂ ਪਰਉਪਕਾਰ ਮੰਗਿਆ।
ਅੰਮ੍ਰਿਤਸਰ ਤੋਂ ਅੰਮ੍ਰਿਤ ਦੀ ਦਾਤ ਮੰਗੀ,
ਹਜ਼ੂਰ ਸਾਹਿਬ ਤੋਂ ਹਰੀ ਦੀਦਾਰ ਮੰਗਿਆ।
ਇਹ ਸਭ ਕੁਝ ਜਾਂ ਦਾਤੇ ਨੇ ਬਖ਼ਸ਼ ਦਿੱਤਾ,
ਲਿਖਵਾਣ ਲੱਗਿਆ ਆਪ ਕਰਤਾਰ ਸਿਹਰਾ।
ਦੋਏ ਮੂਰਤਾਂ ਇੱਕ ਜੋਤ ਹੋਈਆਂ,
ਕੀਤਾ ਕਵੀ ਨੇ ਜਦੋਂ ਤਿਆਰ ਸਿਹਰਾ।
ਸਿਹਰਿਆਂ ਦੀ ਰਚਨਾ ਦਾ ਪ੍ਰੇਰਨਾ ਸ੍ਰੋਤ ਲੋਕ-ਮਨ ਬਣਦਾ ਹੈ। ਸਿਹਰਿਆਂ ਦੇ ਸੁਨਹਿਰੀ ਯੁੱਗ ਸਮੇਂ ਕਵੀ/ ਸਿਹਰਾਕਾਰ (ਪੇਸ਼ੇਵਰ ਵਿਅਕਤੀ) ਲੋਕਾਂ ਦੀ ਮੰਗ ਅਤੇ ਬੇਨਤੀ ਅਨੁਸਾਰ ਸਿਹਰੇ ਦੀ ਰਚਨਾ ਕਰਦੇ ਸਨ। ਜਿਹੋ ਜਿਹੇ ਭਾਵਾਂ ਦੀ ਪੇਸ਼ਕਾਰੀ ਦੀ ਉਹ ਮੰਗ ਕਰਦੇ, ਉਸੇ ਤਰ੍ਹਾਂ ਦੇ ਉਹ ਸਿਹਰੇ ਲਿਖਦੇ। ਜੇ ਮਜਾਹੀਆ ਕਿਸਮ ਦੇ ਸਿਹਰੇ ਦੀ ਮੰਗ ਹੁੰਦੀ ਤਾਂ ਉਸ ਪ੍ਰਕਾਰ ਦਾ ਸਿਹਰਾ ਰਚਿਆ ਜਾਂਦਾ। ਇਸੇ ਤਰ੍ਹਾਂ ਕਈ ਵਾਰ ਸਿਹਰਾ ਗਾਉਣ ਜਾਂ ਪੇਸ਼ ਕਰਨ ਵਾਲੇ ਵਿਅਕਤੀ ਵੱਲੋਂ ਨਾਂਵਾਂ ਵਾਲੇ ਸਿਹਰੇ ਦੀ ਮੰਗ ਕੀਤੀ ਜਾਂਦੀ ਅਤੇ ਕਈ ਵਾਰ ਬਿਨਾਂ ਨਾਵਾਂ ਦੇ ਸਿਹਰੇ ਦੀ ਮੰਗ ਹੁੰਦੀ ਤਾਂ ਉਸ ਅਨੁਸਾਰ ਹੀ ਸਿਹਰੇ ਲਿਖੇ ਜਾਂਦੇ, ਪਰ ਕਾਵਿਕ ਸੂਝ ਰੱਖਣ ਵਾਲੇ ਵਿਅਕਤੀ ਆਪ ਹੀ ਸਿਹਰਾ ਲਿਖ ਕੇ ਪੇਸ਼ ਕਰ ਦਿੰਦੇ ਸਨ। ਕਈ ਲੋਕ ਸਿਹਰਾ ਪੇਸ਼ ਕਰਨ ਲਈ ਗਾਇਕ, ਕਵੀ ਜਾ ਰੇਡੀਉ-ਆਰਟਿਸਟ ਨੂੰ ਵਿਸ਼ੇਸ਼ ਤੌਰ ’ਤੇ ਬੁਲਾਉਂਦੇ ਰਹੇ ਹਨ।
ਪੇਸ਼ਾਵਰ ਵਿਅਕਤੀਆਂ ਅਤੇ ਸਿਹਰਾ ਛਾਪਣ ਵਾਲੇ ਛਾਪਾਖ਼ਾਨਿਆਂ/ਪ੍ਰੈਸਾਂ ਵਾਲਿਆਂ ਕੋਲ ਕਈ ਨਮੂਨਿਆਂ ਦੇ ਸਿਹਰੇ ਹੁੰਦੇ ਸਨ। ਸਿਹਰਾ ਕੈਲੰਡਰ ਦੀ ਸ਼ਕਲ ਵਿੱਚ ਛਾਪਿਆ ਜਾਂਦਾ ਸੀ। ਅਰੰਭ ਵਿੱਚ ਇਸ਼ਟ ਅਰਾਧਨਾ ਵਜੋਂ ਕਿਸੇ ਦੇਵੀ-ਦੇਵਤੇ, ਗੁਰੂ, ਦਸ ਗੁਰੂ ਸਾਹਿਬਾਨ ਜਾਂ ਗੁਰੂ ਗ੍ਰੰਥ ਸਾਹਿਬ ਦੀ ਫੋਟੋ ਛਾਪੀ ਜਾਂਦੀ। ਕਈ ਵਾਰੀ ਲਾੜੇ-ਲਾੜੀ ਦਾ ਕਾਲਪਨਿਕ ਚਿੱਤਰ ਹੀ ਛਾਪ ਲਿਆ ਜਾਂਦਾ। ਸਿਹਰਾ ਪ੍ਰਸਤੁਤ ਕਰਨ ਵਾਲੇ ਸ਼ਖ਼ਸ ਜਾਂ ਵਿਆਹੁਲੇ ਮੁੰਡੇ ਦੇ ਘਰਦਿਆਂ ਨੂੰ ਜਿਹੜੇ ਸਿਹਰੇ ਦਾ ਨਮੂਨਾ ਪਸੰਦ ਆ ਜਾਂਦਾ, ਉਸ ਸਿਹਰੇ ਵਿੱਚ ਵਿਆਹੁਲੇ ਨਾਲ ਸੰਬੰਧਿਤ ਰਿਸ਼ਤੇਦਾਰਾਂ ਦੇ ਨਾਂ ਸ਼ਾਮਲ ਕਰਵਾ ਕੇ ਅਤੇ ਬਾਕੀ ਸ਼ਬਦਾਵਲੀ ਉਹੀ ਰਖਵਾ ਕੇ ਸਿਹਰਾ ਛਪਵਾ ਲਿਆ ਜਾਂਦਾ। ਅੱਜ-ਕੱਲ੍ਹ ਕਿਸੇ ਵੀ ਕਾਗ਼ਜ਼ ਜਾਂ ਡਾਇਰੀ `ਤੇ ਲਿਖ ਕੇ ਸਿਹਰਾ ਪੜ੍ਹ ਜਾਂ ਗਾ ਲਿਆ ਜਾਂਦਾ ਹੈ। ਕੈਲੰਡਰ ਦੀ ਸ਼ਕਲ ਵਿੱਚ ਛਪਿਆ ਹੋਇਆ ਸਿਹਰਾ ਪੜ੍ਹਨ ਜਾਂ ਗਾਉਣ ਤੋਂ ਪਹਿਲਾਂ ਪੰਡਾਲ ਵਿੱਚ ਬੈਠੇ ਸਾਰੇ ਰਿਸ਼ਤੇਦਾਰਾਂ ਵਿੱਚ ਵੰਡ ਦਿੱਤਾ ਜਾਂਦਾ ਸੀ ਤਾਂ ਜੋ ਨਵੀਂ ਵਿਆਹੀ ਜੋੜੀ ਦੇ ਵਿਆਹ ਦਾ ਰਿਕਾਰਡ ਸਾਰਿਆਂ ਕੋਲ ਸਾਂਭਿਆ ਰਹਿ ਸਕੇ ਅਤੇ ਜਦੋਂ ਦਿਲ ਕਰੇ ਉਸ ਨੂੰ ਪੜ੍ਹ ਕੇ ਮੁੜ ਵਿਆਹ ਦਾ ਦ੍ਰਿਸ਼ ਚਿਤਰਨ ਸਾਕਾਰ ਹੋ ਸਕੇ। ਪੰਜਾਬ ਦੇ ਕਈ ਖੇਤਰਾਂ ਵਿੱਚ ਸਿਹਰੇ ਲੜਕੇ ਦੇ ਜੀਜੇ ਵੱਲੋਂ ਛਪਵਾਏ ਜਾਂਦੇ ਹਨ ਪਰ ਮੁੰਡੇ ਦੇ ਮਾਪਿਆਂ ਵੱਲੋਂ ਉਸ ਨੂੰ ਛਪਵਾਈ ਦਾ ਖ਼ਰਚਾ ਦੇ ਦਿੱਤਾ ਜਾਂਦਾ ਹੈ। ਸਿਹਰਾ ਪੜ੍ਹਨ ਵਾਲੇ ਨੂੰ ਹੌਸਲਾ-ਅਫ਼ਜ਼ਾਈ ਵਜੋਂ ਜੋ ਰੁਪਏ-ਪੈਸੇ ਇਕੱਠੇ ਹੁੰਦੇ ਹਨ, ਉਹ ਬਾਅਦ ਵਿੱਚ ਜੀਜੇ ਨੂੰ ਦੇ ਦਿੱਤੇ ਜਾਂਦੇ, ਜਿਸ ਨੇ ਸਿਹਰਾ ਛਪਵਾਇਆ ਹੁੰਦਾ ਹੈ। ਸਾਰੇ ਸਮਾਜਾਂ ਵਿੱਚ ਵਿਆਹ ਦੀ ਰਸਮ ਦਾ ਸਮਾਜਿਕ ਪਹਿਲੂ ਹੀ ਇਹ ਹੈ ਕਿ ਆਪਣੀ ਔਲਾਦ ਦਾ ਆਪ ਵਿਆਹ ਰਚਾ ਕੇ, ਸਮਾਜ ਨੂੰ ਗਵਾਹ ਬਣਾਉਂਦਿਆਂ ਸਮਾਜ ਤੋਂ ਮਾਨਤਾ ਲਈ ਜਾਂਦੀ ਹੈ।
ਕਈ ਕਵੀਆਂ ਨੇ ਸਿਹਰਿਆਂ ਦੀ ਰਚਨਾ ਕੀਤੀ, ਜਿਸ ਕਰ ਕੇ ਇਸ ਕਾਵਿ-ਰੂਪ ਦੀ ਵਿਲੱਖਣ ਹੋਂਦ ਸਥਾਪਿਤ ਹੋ ਗਈ। ਜਦੋਂ ਇਸ ਕਾਵਿ-ਰੂਪ ਦੀ ਰਚਨਾ ਵੱਖ-ਵੱਖ ਵਿਅਕਤੀਆਂ ਵੱਲੋਂ ਕੀਤੀ ਗਈ ਤਾਂ ਇਸ ਦਾ ਰੂਪ-ਵਿਧਾਨ ਨਿਸ਼ਚਿਤ ਹੋਣਾ ਸਹਿਜ-ਸੁਭਾਵਿਕ ਕਰਮ ਸੀ। ਸਿਹਰਾਕਾਰਾਂ ਨੇ ਥੋੜ੍ਹੀ-ਬਹੁਤੀ ਤਬਦੀਲੀ ਨਾਲ ਇੱਕ ਨਿਸ਼ਚਿਤ ਬਣਤਰ ਦੇ ਆਸਰੇ ‘ਸਿਹਰੇ’ ਰਚੇ।
1. ਸਿਰਲੇਖ : ਜਿਸ ਵਿਅਕਤੀ ਦੇ ਵਿਆਹ ਦਾ ਸਿਹਰਾ ਗਾਇਆ ਜਾਣਾ ਹੁੰਦਾ, ਉਸ ਦਾ ਨਾਂ ਲਿਖ ਕੇ ਅੱਗੇ ਸਿਹਰਾ ਸ਼ਬਦ ਲਿਖ ਦਿੱਤਾ ਜਾਂਦਾ ਸੀ, ਜਿਵੇਂ ‘ਜਗਜੀਤ ਸਿਹਰਾ’।
2. ਵਰ, ਕੰਨਿਆ ਅਤੇ ਵਿਆਹ ਦੇ ਸਮੇਂ ਸੰਬੰਧੀ ਜਾਣਕਾਰੀ : ਵਰ ਤੇ ਕੰਨਿਆ ਦਾ ਨਾਂ, ਦੋਵਾਂ ਦੇ ਪਿਤਾ ਦਾ ਨਾਂ ਅਤੇ ਜਿੱਥੋਂ ਦੇ ਉਹ ਨਿਵਾਸੀ ਉਸ ਜਗ੍ਹਾ ਦਾ ਨਾਂ, ਵਿਆਹ ਦੀ ਤਰੀਖ਼, ਮਹੀਨਾ, ਸਾਲ ਅਤੇ ਵਾਰ ਦੱਸ ਦਿੱਤਾ ਜਾਂਦਾ ਸੀ, ਜਿਵੇਂ
ਇਹ ਸ਼ੁਭ ਸਿਹਰਾ ਸ੍ਰੀ ਰਾਮਫਲ ਸਿੰਗਲਾ ਸਪੁੱਤਰ ਲਾਲਾ ਰਾਮੇਸ਼ਵਰ ਦਾਸ ਸਿੰਗਲਾ, ਘੱਗਾ ਨਿਵਾਸੀ ਅਤੇ ਕੁਮਾਰੀ ਕੋਸ਼ਲਿਆ ਰਾਣੀ ਸਪੁੱਤਰੀ ਲਾਲਾ ਅਰਜਨ ਮੱਲ, ਲੁਧਿਆਣਾ ਨਿਵਾਸੀ ਦੇ ਸ਼ੁਭ ਵਿਆਹ ਸਮੇਂ ਮਿਤੀ 17 ਫਰਵਰੀ 1972 ਦਿਨ ਵੀਰਵਾਰ ਨੂੰ ਖਨੌਰੀ ਵਿਖੇ ਭੇਂਟ ਕੀਤਾ ਗਿਆ।
3. ਸਥਾਈ : ਸਿਹਰੇ ਦੇ ਭਾਵਾਂ ਨੂੰ ਤੀਖਣ ਤੇ ਹੋਰ ਗੂੜ੍ਹਾ ਕਰਨ ਲਈ ਸਿਹਰੇ ਦੇ ਅਰੰਭ ਵਿੱਚ ਸਥਾਈ ਦੇ ਦਿੱਤੀ ਜਾਂਦੀ ਜਿਹੜੀ ਹਰ ਪਹਿਰੇ ਤੋਂ ਬਾਅਦ ਬੋਲੀ ਜਾਂਦੀ : ਜਿਵੇਂ ‘ਸਿਹਰੇ ਦੀਆਂ ਲੜੀਆਂ ’ਚ ਮੋਤੀ ਲਹਿਰਾਉਣ, ਤੇਰਾ ਮੁੱਖ ਤੱਕ ਕੇ ਚੰਨ ਤਾਰੇ ਸ਼ਰਮਾਉਣ।’
4. ਤਰਜ਼ : ਕਈ ਸਿਹਰਿਆਂ ਨੂੰ ਖ਼ਾਸ ਤਰਜ਼ ਉੱਤੇ ਗਾਉਣ ਦੀ ਹਿਦਾਇਤ ਕੀਤੀ ਜਾਂਦੀ ਅਰਥਾਤ ਸਿਹਰੇ ਨੂੰ ਕਿਸ ਗਾਣੇ, ਭੇਟਾ ਜਾਂ ਗੀਤ ਦੀ ਤਰਜ਼ ਤੇ ਪ੍ਰਸਤੁਤ ਕਰਨਾ ਹੈ, ਜਿਵੇਂ ‘ਮਾਮਲਾ ਗੜਬੜ ਹੈ’।
5. ਮੰਗਲਾਚਰਨ : ਸਿਹਰਾਕਾਰ ਸਿਹਰੇ ਦੇ ਅਰੰਭ ਵਿੱਚ ਸਿਹਰੇ ਦੇ ਸਫਲਤਾ ਸਹਿਤ ਸੰਪੂਰਨ ਹੋਣ ਲਈ ਆਪਣੇ ਗੁਰੂ, ਪੀਰ, ਇਸ਼ਟ ਦੀ ਅਰਾਧਨਾ ਵਜੋਂ ਕੁਝ ਸ਼ਬਦ ਕਹਿੰਦਾ ਹੈ। ਪੰਜਾਬੀ ਦੇ ਨਾਮਵਰ ਕਵੀ ਚਮਨ ਲਾਲ ਸ਼ੁਗਲ ਵੱਲੋਂ ਤਿਆਰ ਕੀਤੇ ਇੱਕ ਸਿਹਰੇ ਵਿੱਚ ‘ਮੰਗਲਾਚਰਨ’ ਇਉਂ ਦਰਜ ਹੈ :
ਜੱਗ ਤੋਂ ਵੱਖਰਾ ਸਿਹਰਾ ਬਨਾਉਣ ਖ਼ਾਤਰ,
ਤੋਹਫੇ ਲਭ ਕੇ ਮੈਂ ਅਨਮੋਲ ਆਂਦੇ (ਲਿਆਂਦੇ)।
ਸਿਹਰੇ ਏਸ ਦੇ ਵਿੱਚ ਪਰੋਵਣੇ ਨੂੰ
ਗੁਰੂ ਨਾਨਕ ਕੋਲੋਂ ਮਿਠੇ ਬੋਲ ਆਂਦੇ।
ਜਜ਼ਬੇ ਦੇਸ਼ ਪਿਆਰ ਦੇ ਗੁੰਦਣੇ ਨੂੰ,
ਕਲਗੀਧਰ ਦੇ ਸੀਨੇ ਟੋਲ ਆਂਦੇ।
ਹੀਰੇ ਅਣਖ ਦੇ, ਸੱਚ ਦੇ ਸੁੱਚੇ ਮੋਤੀ,
ਗੁਰੂ ਅਰਜਨ ਦੇ ਜਾ ਕੇ ਕੋਲ ਆਂਦੇ।
ਗੁਰੂ ਤੇਗ਼ ਬਹਾਦਰ ਤੋਂ ਸਿਦਕ ਆਂਦਾ,
ਲੜੀ-ਲੜੀ ਦੇ ਵਿੱਚ ਸਜਾਵਣੇ ਨੂੰ।
ਇਹ ਕੁਝ ਕੀਤਾ ਇਕੱਠਾ ਤੇ ਬਹਿ ਗਿਆ ਮੈਂ,
ਸੋਹਣੇ ਚੰਨ ਦਾ ਸਿਹਰਾ ਬਨਾਵਣੇ ਨੂੰ।
6. ਵਸਤੂ-ਸਮਗਰੀ ਦਾ ਵਿਸ਼ਾ-ਵਸਤੂ : ਮੰਗਲਾਚਰਨ ਤੋਂ ਬਾਅਦ ਆਮ ਕਰ ਕੇ ਲਾੜੇ ਦੇ ਵੱਡੇ-ਵਡੇਰਿਆਂ ਨੂੰ ਯਾਦ ਕੀਤਾ ਜਾਂਦਾ ਹੈ ਭਾਵੇਂ ਉਹ ਸਵਰਗਵਾਸ ਵੀ ਹੋ ਚੁੱਕੇ ਹੋਣ। ਫਿਰ ਲਾੜੇ ਦੀ ਸ਼ਖ਼ਸੀ ਦਿੱਖ ਅਤੇ ਪਹਿਰਾਵੇ ਦੀ ਵਡਿਆਈ ਕਰਦਾ ਹੈ, ਜਿਵੇਂ:
ਹੱਥ ਕਿਰਪਾਨ, ਸੋਹਣੀ ਕਲਗੀ ਸੀਸ ਉੱਤੇ,
ਕਿੱਡਾ ਸੋਹਣਾ ਨੀਂਗਰ ਸਰਦਾਰ ਜਾਪੇ।
ਕਵੀ ਜੋੜੇ (ਵਰ ਤੇ ਕੰਨਿਆ) ਵੱਲੋਂ ਅਗਨੀ ਦੁਆਲੇ ਲਏ ਫੇਰਿਆਂ ਜਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਲਈਆਂ ਚਾਰ ਲਾਵਾਂ ਦਾ ਜ਼ਿਕਰ ਕਰਦਾ ਹੈ। ਉਸ ਨੂੰ ਲਾਵਾਂ ਫੇਰਿਆਂ ਲਈ ਬੈਠਾ ਲਾੜਾ ਸੂਰਜ-ਚੰਦ ਤੋਂ ਘੱਟ ਨਹੀਂ ਲੱਗਦਾ। ਉਹ ਲਾੜੇ ਦੇ ਪਿਤਾ ਦੀਆਂ ਖ਼ੁਸ਼ੀਆਂ, ਮਾਤਾ ਦੀਆਂ ਰੀਝਾਂ, ਤਾਈ-ਤਾਏ, ਭੂਆ-ਫੁੱਫੜ, ਮਾਸੀ- ਮਾਸੜ, ਮਾਮੀ-ਮਾਮੇ ਵੱਲੋਂ ਵਿਆਹ ਦੇ ਕਾਰਜ ਵਿੱਚ ਲਾਈ ਰੌਣਕ ਦੀ ਗੱਲ ਕਰਦਾ ਹੈ। ਸਿਹਰੇ ਵਿੱਚ ਮੁੰਡੇ ਦੇ ਵਿਆਹ ਦੀ ਰਸਮ ਨੂੰ ਖ਼ੁਸ਼ੀ-ਖ਼ੁਸ਼ੀ ਪੂਰਾ ਕਰਨ ਲਈ ਰਿਸ਼ਤੇਦਾਰਾਂ ਵੱਲੋਂ ਜਿਹੜੀਆਂ-ਜਿਹੜੀਆਂ ਰਸਮਾਂ ਅਤੇ ਕਾਰਜ ਕੀਤੇ ਜਾਂਦੇ ਹਨ, ਉਹਨਾਂ ਦਾ ਵੀ ਜ਼ਿਕਰ ਕੀਤਾ ਜਾਂਦਾ ਹੈ ਭਾਵ ਸਿਹਰੇ ਵਿੱਚ ਰਿਸ਼ਤਿਆਂ ਦੀ ਮਹੱਤਤਾ ਵੀ ਦਰਸਾਈ ਜਾਂਦੀ ਹੈ। ਜਿਵੇਂ ਵੀਰਾਂ ਦੇ ਨੱਚਣ, ਭੰਗੜਾ ਪਾਉਣ ਅਤੇ ਭਾਬੀਆਂ ਵੱਲੋਂ ਸੁਰਮਾ ਪਾਉਣ ਦੀ ਗੱਲ ਕੀਤੀ ਜਾਂਦੀ ਹੈ :
ਰੀਝਾਂ ਨਾਲ ਭਰਜਾਈਆਂ ਨੇ ਪਾਇਆ ਸੁਰਮਾ,
ਦਿਉਰ ਕੱਢ-ਕੱਢ ਨੋਟ ਫੜਾਈ ਜਾਵੇ।
ਸਿਹਰਾ ਚੁੰਮ ਰਹੀ ਏ ਫੜ-ਫੜ ਵੱਡੀ ਭਾਬੀ,
ਨਾਲੇ ਸੁਰਮਾ ਦਿਉਰ ਨੂੰ ਪਾਈ ਜਾਵੇ।
ਵੀਰ ਦੇ ਵਿਆਹ ਵਿੱਚ ਭੈਣਾਂ ਦੇ ਖ਼ੁਸ਼ੀ ਨਾਲ ਧਰਤੀ ’ਤੇ ਪੈਰ ਨਹੀਂ ਲੱਗਦੇ। ਸਿਹਰੇ ਵਿੱਚ ਉਹ ਸੁਹਾਗ ਘੋੜੀਆਂ ਗਾਉਂਦੀਆਂ, ਵਾਗਾਂ ਗੁੰਦਦੀਆਂ ਨਜ਼ਰ ਆਉਂਦੀਆਂ ਹਨ ਅਤੇ ਜੀਜੇ ਕਿਉੜੇ (ਅਤਰ-ਫੁਲੇਲ) ਛਿੜਕਦੇ ਨਜ਼ਰ ਆਉਂਦੇ ਹਨ।
7. ਸੁਖੀ ਗ੍ਰਹਿਸਤ ਜੀਵਨ ਦੇ ਰਾਜ਼ ਦੱਸਣੇ ਤੇ ਸਿੱਖਿਆ ਦੇਣੀ : ਰਿਸ਼ਤੇਦਾਰਾਂ ਦੇ ਖ਼ੁਸ਼ੀ ਵਿੱਚ ਖੀਵੇ ਹੋਣ ਦੇ ਦ੍ਰਿਸ਼ ਦਿਖਾਉਂਦਿਆਂ ਵਿਆਹ ਦੀ ਕਿਰਿਆ ਰਾਹੀਂ ਇੱਕ ਤੋਂ ਦੋ ਹੋਣ ਦੀ ਗੱਲ ਕਰ ਕੇ ਲਾੜੇ ਨੂੰ ਲਾੜੀ ਨਾਲ ਵਿਆਹ ਦੀ ਪੱਕੀ ਗੰਢ ਪਾਉਣ ਦੀ ਪ੍ਰੇਰਨਾ ਦਿੱਤੀ ਜਾਂਦੀ ਹੈ ਅਤੇ ਸਿੱਖਿਆ ਦਿੱਤੀ ਜਾਂਦੀ ਹੈ ਕਿ ਉਸ ਨੂੰ ਗ੍ਰਹਿਸਥ ਆਸ਼ਰਮ ਵਿੱਚ ਪ੍ਰਵੇਸ਼ ਕਰਾ ਕੇ ਕੁਝ ਜ਼ੁੰਮੇਵਾਰੀਆਂ ਸੌਂਪੀਆਂ ਜਾ ਰਹੀਆਂ ਹਨ, ਜਿਨ੍ਹਾਂ ਨੂੰ ਨਿਭਾਅ ਕੇ ਉਸ ਨੇ ਸਮਾਜ ਲਈ ਆਦਰਸ਼ਕ ਪਾਤਰ ਬਣ ਕੇ ਵਿਚਰਨਾ ਹੈ। ਇਸ ਦੇ ਨਾਲ ਹੀ ਜੋੜੀ ਨੂੰ ਬਦੀ ਤਰਕ ਕਰਨ ਅਤੇ ਦਸਾਂ ਨਹੁੰਆਂ ਦੀ ਕਿਰਤ ਕਰਨ ਦਾ ਸੰਦੇਸ਼ ਵੀ ਦਿੱਤਾ ਜਾਂਦਾ ਹੈ।
ਸਿਹਰੇ ਵਾਲਿਆ ਜਰਾ ਕਰ ਸਿਰ ਉੱਚਾ,
ਤੇਰੇ ਨਾਲ ਵੀ ਗੱਲ ਵਿਚਾਰਨੀ ਹੈ।
ਇੱਕ ਦੂਜੇ ਦਾ ਸਦਾ ਸਤਿਕਾਰ ਕਰਨਾ,
ਮਿਲ ਕੇ ਜ਼ਿੰਦਗੀ ਦੋਹਾਂ ਗੁਜ਼ਾਰਨੀ ਐ।
ਇਹ ਗ੍ਰਹਿਸਥ ਦੀ ਚੰਨਾ ਹੈ ਸਾਂਝ ਐਸੀ,
ਬਾਜ਼ੀ ਕੱਠਿਆਂ ਜਿੱਤਣੀ ਹਾਰਨੀ ਹੈ।
ਇੱਕ ਦੂਜੇ ਨੂੰ ਪਵੇਗੀ ਲੋੜ ਜੇਕਰ,
ਇੱਕ ਦੂਜੇ ਤੇ ਜ਼ਿੰਦਗੀ ਵਾਰਨੀ ਹੈ।
8. ਕਵੀ/ਸ਼ਾਇਰ ਦਾ ਉਪਨਾਮ : ਸ੍ਵੈ-ਕਥਨ ਰਾਹੀਂ ਸ਼ਾਇਰ ਵੱਲੋਂ ਆਪਣਾ ਨਾਂ ਪਤਾ ਦੱਸਿਆ ਜਾਂਦਾ ਹੈ।
9. ਅਸੀਸ/ਵਧਾਈ ਦੇਣੀ : ਸਿਹਰੇ ਦੇ ਅਖੀਰ ਤੇ ਕਵੀ ਜੋੜੀ ਨੂੰ ਜੁਗ-ਜੁਗ ਜੀਣ, ਜਵਾਨੀਆਂ ਮਾਣਨ ਅਤੇ ਸਦਾ ਸੁਖ਼ੀ ਰਹਿਣ ਦੀ ਅਸੀਸ ਦੇ ਕੇ ਦੋਵਾਂ ਦੇ ਸਕੇ ਸੰਬੰਧੀਆਂ ਨੂੰ ਵਧਾਈ ਦਿੰਦਾ ਹੈ।
ਵਧਣ, ਫੁਲਣ ਤੇ ਚਮਕਣ ਇਹ ਚੰਦ ਵਾਂਗੂ,
ਆਪ ਸਤਿਗੁਰੂ ਸਦਾ ਸਹਾਈ ਹੋਵੇ।
ਭਾਗਾਂ ਭਰੀ ਸੁਲੱਖਣੀ ਘੜੀ ਉੱਤੇ,
‘ਸੈਣੀ’ ਵੱਲੋਂ ਵੀ ਲੱਖ-ਲੱਖ ਵਧਾਈ ਹੋਵੇ।
ਸਿਹਰਾਕਾਰਾਂ ਨੇ ਉਂਞ ਤਾਂ ਉਪਰੋਕਤ ਤੱਤਾਂ ਵਾਲੀਆਂ ਸਾਰੀਆਂ ਰਚਨਾਵਾਂ ਨੂੰ ‘ਸਿਹਰਾ’ ਸ਼ਬਦ ਦਾ ਨਾਂ (ਨਾਂਵ) ਦਿੱਤਾ ਹੈ, ਪਰ ਕੁਝ ਕਵੀਆਂ ਨੇ ਆਪਣੀ ਕ੍ਰਿਤ ਨੂੰ ਹੋਰ ਮਨਮੋਹਣੀ ਬਣਾਉਣ ਲਈ ਇਹਨਾਂ ਦੇ ਨਾਂਵਾਂ ਨਾਲ ਵੱਖੋ-ਵੱਖਰੇ ਵਿਸ਼ੇਸ਼ਣ ਲਗਾ ਦਿੱਤੇ ਹਨ : ਜਿਵੇਂ ‘ਆਲ੍ਹਾ ਸਿਹਰਾ’, ‘ਅਖ਼ੀਰ ਸਿਹਰਾ’, ‘ਸੁਭਾਗ ਸਿਹਰਾ’, ‘ਸਿਹਰੇ ਦੀ ਮਹਿਕ’, ‘ਗੋਬਿੰਦ ਸਿਹਰਾ’, ‘ਘੜੀਏ ਸ਼ਗਨਾਂ ਦੀਏ’, ‘ਚਮਤਕਾਰ ਸਿਹਰਾ’, ‘ਚਾਂਦ ਸਿਹਰਾ’, ‘ਤਰਨ ਸਿਹਰਾ’, ‘ਤਿੱਲੇਦਾਰ ਸਿਹਰਾ’, ‘ਤੋਹਫ਼ੇਦਾਰ ਸਿਹਰਾ’, ‘ਪਿਆਰ ਦੀਆਂ ਲੜੀਆਂ’, ‘ਹਾਸਰਸ ਸਿਹਰਾ’ ਅਤੇ ‘ਬਿਊਟੀਫੁੱਲ ਸਿਹਰਾ’ ਆਦਿ। ਇਸ ਤਰ੍ਹਾਂ ਲਾੜੇ ਲਈ ਵੀ ਕਈ ਵਿਸ਼ੇਸ਼ਣ ਵਰਤੇ ਹਨ; ਜਿਵੇਂ ‘ਅੱਖਾਂ ਦਾ ਤਾਰਾ’, ‘ਅਪਟੂਡੇਟ’, ‘ਮਤਵਾਲਾ’, ‘ਸਿਹਰੇ ਵਾਲੜਾ’, ‘ਸੋਹਣਾ’, ‘ਹੀਰਾ’, ‘ਕਰਮਾਂਵਾਲਾ’, ‘ਚੰਨ’, ‘ਨੀਂਗਰ’, ‘ਨੌਂ-ਨਿਹਾਲ’, ‘ਬਰਖ਼ੁਰਦਾਰ’, ‘ਰਾਜ ਦੁਲਾਰਾ’, ‘ਲਾਲ’, ‘ਲਾਡਲਾ’ ਅਤੇ ‘ਲਾਲ-ਲਡਿੱਕੜਾ’, ਆਦਿ।
ਉਪਰੋਕਤ ਵੱਖਰੀ ਬਣਤਰ ਸਦਕਾ ਪੂਰਬੀ ਪੰਜਾਬ ਦੇ ਸਿਹਰੇ ਇੱਕ ਸੁਤੰਤਰ ਸਾਹਿਤ ਵਿਧਾ ‘ਸਿਹਰਾ’ ਵਜੋਂ ਪੰਜਾਬੀ ਸਾਹਿਤ ਜਗਤ ਵਿੱਚ ਪ੍ਰਵਾਨ ਹੋਏ। ਪੱਛਮੀ ਪੰਜਾਬ ਦੇ ਸਿਹਰਿਆਂ ਵਿੱਚ ਅੱਲਾ ਦੇ ਨਾਂ ਲੈ ਕੇ ਹੀ ਸਿਹਰਾ ਅਰੰਭ ਕਰ ਦਿੱਤਾ ਜਾਂਦਾ ਹੈ। ਉਹਨਾਂ ਸਿਹਰਿਆਂ ਵਿੱਚ ਲੜਕੇ-ਲੜਕੀ, ਉਹਨਾਂ ਦੇ ਪਿਤਾ ਅਤੇ ਸ਼ਹਿਰ ਦਾ ਨਾਂ ਨਹੀਂ ਦੱਸਿਆ ਜਾਂਦਾ ਅਤੇ ਨਾ ਹੀ ਵਿਆਹ ਦੀ ਤਾਰੀਖ਼ ਦੱਸੀ ਜਾਂਦੀ ਹੈ। ਕਿਸੇ-ਕਿਸੇ ਸਿਹਰੇ ਵਿੱਚ ਲੜਕੇ ਅਤੇ ਉਸ ਦੇ ਪਿਤਾ ਦਾ ਨਾਂ ਦੱਸ ਕੇ ਮੁਹੱਲੇ ਦਾ ਨਾਂ ਦੱਸ ਦਿੱਤਾ ਜਾਂਦਾ ਹੈ। ਏਧਰਲੇ ਸਿਹਰਿਆਂ ਨਾਲੋਂ ਓਧਰਲੇ ਸਿਹਰਿਆਂ ਦੀ ਇੱਕ ਵੱਖਰਤਾ ਹੋਰ ਵੀ ਹੈ, ਉਹ ਇਹ ਕਿ ਓਧਰਲੇ ਕਈ ਸਿਹਰਿਆਂ ਦੇ ਅਰੰਭ ਵਿੱਚ ਲਾੜੇ ਦੀ ਫੋਟੋ ਅਤੇ ਅਖੀਰ ਵਿੱਚ ਸਿਹਰਾ ਲਿਖਣ ਵਾਲੇ ਦੀ ਫੋਟੋ ਲਗਾਈ ਜਾਂਦੀ ਰਹੀ ਹੈ।
ਸੀਮਤ ਵਿਸ਼ੇ-ਵਸਤੂ ਵਾਲੀ ਰਚਨਾ ਹੋਣ ਕਾਰਨ ਸਿਹਰਾ-ਕਾਵਿ ਵਿੱਚ ਵਿਸ਼ੇ ਦਾ ਦੁਹਰਾਉ ਹੋਣਾ ਸੁਭਾਵਿਕ ਹੈ। ਇੱਕ ਵਿਸ਼ੇ ਨੂੰ ਬਾਰ-ਬਾਰ ਬੋਲਣ ਜਾਂ ਲਿਖਣ ਨਾਲ ਸ੍ਰੋਤਿਆਂ ਨੂੰ ਕੀਲਣਾ ਭਾਵੇਂ ਮੁਸ਼ਕਲ ਹੈ, ਪਰ ਫਿਰ ਵੀ ਸਿਹਰਾਕਾਰਾਂ ਨੇ ਆਪੋ-ਆਪਣੀ ਕਾਵਿ-ਕਲਾ ਰਾਹੀਂ ਸ੍ਰੋਤਿਆਂ ਦੇ ਸੁਹਜ-ਸੁਆਦ ਨੂੰ ਕਾਇਮ ਰੱਖਣ ਦੀ ਪੂਰੀ ਕੋਸ਼ਿਸ਼ ਕੀਤੀ। ਪੰਜਾਬੀ ਵਿੱਚ ਬਹੁਤ ਸਾਰੇ ਸ਼ਾਇਰਾਂ/ ਕਵੀਆਂ ਨੇ ਸਿਹਰਿਆਂ ਦੀ ਰਚਨਾ ਕੀਤੀ, ਜਿਨ੍ਹਾਂ ਵਿੱਚ ਧੰਨਾ ਸਿੰਘ ਰੰਗੀਲਾ, ਚਮਨ ਲਾਲ ਸ਼ੁਗਲ, ਸੁਰਜੀਤ ਰਾਮਪੁਰੀ, ਇੰਦਰਜੀਤ ਹਸਨਪੁਰੀ, ਸੁਰਜੀਤ ਸਿੰਘ ਮਰਜਾਰਾ, ਬਲਬੀਰ ਸਿੰਘ ਸੈਣੀ, ਰਤਨ ਸਿੰਘ, ਸਤਵੰਤ ਕੈਂਥ ਅਤੇ ਕੁਝ ਪੇਸ਼ੇਵਰ ਸ਼ਾਇਰਾਂ ਦੇ ਨਾਂ ਲਏ ਜਾ ਸਕਦੇ ਹਨ। ਪੰਜਾਬੀ ਦੇ ਕਈ ਸਿਹਰੇ ਦੇਵਨਾਗਰੀ ਤੇ ਸ਼ਾਹਮੁਖੀ ਲਿਪੀ ਵਿੱਚ ਵੀ ਮਿਲਦੇ ਹਨ। ਅਜੋਕੇ ਮਸ਼ੀਨੀ ਯੁੱਗ ਵਿੱਚ ਸਿਹਰਿਆਂ ਦਾ ਦੌਰ ਕਾਫ਼ੀ ਹੱਦ ਤੱਕ ਸਿਮਟ ਕੇ ਰਹਿ ਗਿਆ ਹੈ।
ਲੇਖਕ : ਰਾਜਵੰਤ ਕੌਰ ਪੰਜਾਬੀ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 16809, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no
ਸਿਹਰਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਿਹਰਾ (ਨਾਂ,ਪੁ) 1 ਵਿਆਹ ਸਮੇਂ ਵਰ (ਲਾੜੇ) ਦੇ ਮੱਥੇ ਉੱਤੇ ਬੰਨ੍ਹਿਆ ਜਾਣ ਵਾਲਾ ਸੁਨਹਿਰੀ/ ਰੁਪਹਿਰੀ ਤਿੱਲੇ ਦੀਆਂ ਤਾਰਾਂ ਜਾਂ ਫੁੱਲਾਂ ਨਾਲ ਬਣਾਈਆਂ ਲੜੀਆਂ ਦਾ ਮੁਕਟ 2 ਵਿਆਹ ਸਮੇਂ ਲਾੜੇ ਦੀ ਉਸਤਤ ਵਿੱਚ ਪੜ੍ਹਿਆ ਜਾਣ ਵਾਲਾ ਗੀਤ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 16805, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਸਿਹਰਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਿਹਰਾ [ਨਾਂਪੁ] ਵਿਆਹ ਵਾਲ਼ੇ ਦਿਨ ਲਾੜੇ ਦੀ ਪੱਗ ਉੱਤੇ ਬੰਨ੍ਹੀਆਂ ਚਮਕੀਲੀਆਂ ਤਾਰਾਂ ਦਾ ਸਮੂਹ; ਲਾੜੇ ਅਤੇ ਉਸ ਦੇ ਪਰਵਾਰ ਦੀ ਸਿਫ਼ਤ ਵਿੱਚ ਗਾਇਆ ਗੀਤ; ਨੇਕਨਾਮੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 16798, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸਿਹਰਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਿਹਰਾ. ਸ਼ਿਰਹਾਰ.ਦੇਖੋ, ਸੇਹਰਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 16555, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no
ਸਿਹਰਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸਿਹਰਾ, ਪੁਲਿੰਗ : ੧. ਸੁਨਹਿਰੀ ਜਾਂ ਰੁਪਹਿਰੀ ਤਿੱਲੇ ਦੀਆਂ ਜਾਂ ਫੁੱਲਾਂ ਦੀਆਂ ਲੜੀਆਂ ਜੋ ਵਿਆਹ ਵੇਲੇ ਲਾੜੇ ਦੇ ਸਿਰ ਤੇ ਬੰਨ੍ਹਦੇ ਹਨ (ਲਾਗੂ ਕਿਰਿਆ : ਬੰਨ੍ਹਣਾ); ੨. ਕਵਿਤਾ ਜੋ ਸਿਹਰਾ ਬੰਨ੍ਹਣ ਸਮੇ ਪੜ੍ਹੀ ਜਾਂਦੀ ਹੈ (ਲਾਗੂ ਕਿਰਿਆ : ਗਾਉਣਾ, ਪੜ੍ਹਨਾ, ਲਿਖਣਾ) ੩. (ਸਿੱਖ) ਫੁੱਲਾਂ ਦੀ ਮਾਲਾ ਜੋ ਦਰਬਾਰ ਸਾਹਿਬ ਚੜ੍ਹਾਈ ਜਾਂਦੀ ਹੈ, ਹਾਰ
–ਸਿਹਰਾ ਸਿਰ ਹੋਣਾ, ਮੁਹਾਵਰਾ : ਕਿਸੇ ਕੰਮ ਦੇ ਭਲੀ ਪਰਕਾਰ ਸਿਰੇ ਚੜ੍ਹ ਜਾਣ ਦੀ ਨੇਕ ਨਾਮੀ ਦਾ ਹੱਕਦਾਰ ਹੋਣਾ
–ਸਿਹਰਾ ਬੰਦੀ, ਇਸਤਰੀ ਲਿੰਗ : ਸਿਹਰਾ ਬੰਨ੍ਹਣ ਦੀ ਰਸਮ
–ਸਿਹਰਾ ਬੰਨ੍ਹਾਈ, ਇਸਤਰੀ ਲਿੰਗ : ਸਿਹਰਾ ਬੰਨ੍ਹਣ ਦਾ ਲਾਗ
–ਸਿਹਰਾ ਲੈਣਾ, ਮੁਹਾਵਰਾ : ਨੇਕ ਨਾਮੀ ਖਟਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3870, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-17-01-35-48, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First