ਸਿੰਘ ਸਾਗਰ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਿੰਘ ਸਾਗਰ : ਵੀਰ ਸਿੰਘ ਬਲ ਦੀ ਰਚਨਾ ਹੈ ਜਿਸ ਵਿਚ ਗੁਰੂ ਗੋਬਿੰਦ ਸਿੰਘ ਦੇ ਜੀਵਨ ਦਾ ਕਾਵਿਕ ਬਿਰਤਾਂਤ ਹੈ। ਲੇਖਕ, ਜਿਸਦੇ ਜੀਵਨ ਬਾਰੇ ਜਿਆਦਾ ਜਾਣਕਾਰੀ ਉਪਲਬਧ ਨਹੀਂ ਹੈ ਅਠਾਰ੍ਹਵੀਂ ਸਦੀ ਦੇ ਅਖ਼ੀਰ ਵਿਚ ਭਾਈ ਬਖ਼ਤ ਸਿੰਘ ਦੇ ਘਰ ਪੈਦਾ ਹੋਇਆ ਸੀ। ਇਹ ਮਹਾਰਾਜਾ ਕਰਮ ਸਿੰਘ (1797-1845) ਦੇ ਦਰਬਾਰ ਵਿਚ ਕਵੀ ਸੀ ਅਤੇ ਇਸਨੇ ਕਈ ਕਿਤਾਬਾਂ ਲਿਖੀਆਂ ਸਨ ਜਿਨ੍ਹਾਂ ਵਿਚ ਹਨ: ਕਿੱਸਾ ਹੀਰ ਰਾਂਝਾ , ਬਾਰਾ ਮਾਹਾ, ਗੁਰ ਕੀਰਤ ਪ੍ਰਕਾਸ਼ , ਗੋਪੀ ਚੰਦ ਵੈਰਾਗ ਸ਼ਤਕ, ਸੁਧਾ ਸਿੰਧੂ ਰਾਮਾਯਣ। ਸਿੰਘ ਸਾਗਰ ਦੀ ਰਚਨਾ 1884 ਬਿਕਰਮੀ/ ਈ.1827 ਵਿਚ ਪਟਿਆਲੇ ਹੋਈ ਸੀ। ਇਸ ਰਚਨਾ ਦੇ ਦੋ ਖਰੜੇ ਉਪਲਬਧ ਹਨ ਅਤੇ ਇਹਨਾਂ ਵਿਚੋਂ ਇਕ ਪਟਿਆਲਾ ਵਿਖੇ ਮੋਤੀ ਬਾਗ ਮਹਿਲ ਵਿਚ ਸੁਰੱਖਿਅਤ ਰੱਖਿਆ ਹੋਇਆ ਹੈ ਜਿਸਨੂੰ ਪੰਜਾਬੀ ਯੂਨੀਵਰਸਿਟੀ ਨੇ 1986 ਵਿਚ ਛਾਪ ਦਿੱਤਾ ਹੈ। ਇਹ ਪੁਸਤਕ ਲੇਖਕ ਦੇ ਗੁਰ ਕੀਰਤ ਪ੍ਰਕਾਸ਼ ਦਾ ਅਖੀਰਲਾ ਹਿੱਸਾ ਹੈ ਜਿਸ ਵਿਚ ਪਹਿਲੇ ਨੌਂ ਸਿੱਖ ਗੁਰੂ ਸਾਹਿਬਾਨ ਦੀਆਂ ਜੀਵਨੀਆਂ ਲਿਖੀਆਂ ਗਈਆਂ ਹਨ। ਸਿੰਘ ਸਾਗਰ ਮੁੱਖ ਤੌਰ ਤੇ ਬਚਿਤ੍ਰ ਨਾਟਕ , ਸ੍ਰੀ ਗੁਰ ਸੋਭਾ ਅਤੇ ਸੁਖਾ ਸਿੰਘ ਦੇ ਗੁਰ ਬਿਲਾਸ ਦਸਵੀਂ ਪਾਤਸ਼ਾਹੀ ਤੇ ਆਧਾਰਿਤ ਹੈ। ਇਸ ਨੂੰ ਚੌਦ੍ਹਾਂ ਹਿੱਸਿਆਂ ਜਾਂ ‘ਤਰੰਗਾਂ` ਵਿਚ ਵੰਡਿਆ ਹੋਇਆ ਹੈ। ਹਰ ਤਰੰਗ ਵਿਚ ਗੁਰੂ ਦੇ ਜੀਵਨ ਦੀ ਕਿਸੇ ਖਾਸ ਘਟਨਾ ਦਾ ਜ਼ਿਕਰ ਹੈ। ਪਹਿਲੇ ਤਰੰਗ ਵਿਚ ਗੁਰੂ ਗੋਬਿੰਦ ਸਿੰਘ ਦੇ ਜਨਮ ਦਾ ਜ਼ਿਕਰ ਹੈ ਅਤੇ ਦੂਸਰੇ ਦੋ ਤਰੰਗਾਂ ਵਿਚ ਗੁਰੂ ਜੀ ਦੀ ਲਖਨੌਰ ਰਾਹੀਂ (2) ਅਤੇ ਮਾਖੋਵਾਲ (3) ਰਾਹੀਂ ਯਾਤਰਾ ਦਾ ਵਰਨਨ ਹੈ। ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਦਾ ਚੌਥੇ (4) ਤਰੰਗ ਵਿਚ ਜ਼ਿਕਰ ਕੀਤਾ ਗਿਆ ਹੈ: ਜਿਸ ਤੋਂ ਅੱਗੇ ਗੁਰੂ ਦਰਬਾਰ ਦੀ ਸ਼ਾਨ ਸ਼ੌਕਤ ਦਾ ਜ਼ਿਕਰ ਹੈ (5), ਮਸੰਦਾਂ ਨੂੰ ਸਜ਼ਾ (6) ਗੁਰੂ ਜੀ ਦੇ ਪਾਉਂਟਾ ਸਾਹਿਬ ਆਉਣ ਦਾ ਜ਼ਿਕਰ (7) ਅਤੇ ਉਹਨਾਂ ਦੇ ਅਨੰਦਪੁਰ ਵਾਪਸ ਪਰਤਣ ਦਾ (8) ਵਿਸਤ੍ਰਿਤ ਵਰਨਨ ਕੀਤਾ ਗਿਆ ਹੈ। ਅਗਲੇ ਪੰਜ ਤਰੰਗਾਂ ਵਿਚ ਵੱਖ-ਵੱਖ ਜੰਗਾਂ ਆਦਿ ਜਿਵੇਂ ਨਦੌਣ (9), ਹੁਸੈਨੀ (10), ਚਮਕੌਰ ਸਾਹਿਬ (11-12) ਅਤੇ ਮੁਕਤਸਰ (13) ਦਾ ਵਰਨਨ ਮਿਲਦਾ ਹੈ। ਅਖੀਰਲੇ ਤਰੰਗ ਵਿਚ ਗੁਰੂ ਜੀ ਦੇ ਦੱਖਣ ਵੱਲ ਜਾਣ ਅਤੇ ਨੰਦੇੜ ਆਉਣ ਦਾ ਵਰਨਨ ਹੈ। ਘਟਨਾਵਾਂ ਦੀ ਚੋਣ ਕਰਨ ਵੇਲੇ ਕਵੀ ਨੇ ਕਈ ਮਹੱਤਵਪੂਰਨ ਘਟਨਾਵਾਂ ਨੂੰ ਗ਼ਲਤੀ ਨਾਲ ਛੱਡ ਦਿੱਤਾ ਹੈ, ਕਿਉਂਕਿ ਇਸਦਾ ਮੁੱਖ ਉਦੇਸ਼ ਗੁਰੂ ਜੀ ਦੀ ਫ਼ੌਜੀ ਸ਼ਕਤੀ ਅਤੇ ਬਹਾਦਰੀ ਦੇ ਗੁਣਾਂ ਨੂੰ ਉਜਾਗਰ ਕਰਨਾ ਸੀ। ਇਸ ਕਵਿਤਾ ਦਾ ਮੁੱਖ ਵਿਸ਼ਾ ਬੀਰ ਰਸ ਹੈ ਜਿਸ ਲਈ ਕਈ ਹੋਰ ਵਿਸ਼ੇ ਵੀ ਇਸ ਨੂੰ ਸ਼ਕਤੀ ਪ੍ਰਦਾਨ ਕਰਨ ਲਈ ਵਰਨਨ ਕੀਤੇ ਗਏ ਹਨ। ਦੋਹਾ ਅਤੇ ਚੌਪਈ ਛੰਦਾਂ ਦੀ ਬਹੁਤ ਜ਼ਿਆਦਾ ਵਰਤੋਂ ਕੀਤੀ ਗਈ ਹੈ। ਕੁਝ ਹੋਰ ਛੰਦ ਜੋ ਵਰਤੇ ਗਏ ਹਨ ਉਹ ਹਨ, ਰਸਾਵਲ, ਭੁਜੰਗ, ਭੁਜੰਗ ਪ੍ਰਯਾਤ, ਪਾਧੜੀ, ਅੜਿੱਲ, ਸਵੈੱਯਾ, ਸੋਰਠਾ, ਝੂਲਣਾ, ਰਵਾਲ, ਸੰਖ-ਨਾਰੀ, ਮਧੁਭਾਰ, ਵਿਜਯਾ, ਮਨੋਹਰ, ਤੋਟਕ, ਕਬਿੱਤ ਅਤੇ ਤਿਲਕਾ। ਇਸ ਰਚਨਾ ਦੀ ਭਾਸ਼ਾ ਬ੍ਰਜ ਹੈ ਜਿਹੜੀ ਪੰਜਾਬੀ ਸ਼ਬਦਾਵਲੀ ਦਾ ਮਿਸ਼ਰਣ ਹੈ। ਅਰਬੀ ਅਤੇ ਫ਼ਾਰਸੀ ਸ਼ਬਦ ਵੀ ਮੂਲ ਰੂਪ ਵਿਚ ਵਰਤੇ ਗਏ ਹਨ।ਰੋਜ਼ਾਨਾ ਜੀਵਨ ਵਿਚੋਂ ਸ਼ਬਦ ਲਏ ਗਏ ਕਵਿਤਾ ਦੀ ਸ਼ੋਭਾ ਵਧਾਉਂਦੇ ਹਨ।
ਲੇਖਕ : ਰ.ਸ.ਜ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1717, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First