ਸਿੰਧੀ ਸਿੱਖ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਸਿੰਧੀ ਸਿੱਖ: ਸਿੰਧ ਪ੍ਰਾਂਤ ਵਿਚ ਨਿਵਾਸ ਕਰਨ ਵਾਲੇ ਜਾਂ ਉਸ ਪ੍ਰਾਂਤ ਨਾਲ ਸੰਬੰਧਿਤ ਗੁਰੂ ਨਾਨਕ ਨਾਮ-ਲੇਵਾ ਵਿਅਕਤੀਆਂ ਨੂੰ ਆਮ ਤੌਰ ’ਤੇ ‘ਸਿੰਧੀ ਸਿੱਖ’ ਕਿਹਾ ਜਾਂਦਾ ਹੈ। ਇਹ ਲੋਕ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਉਨ੍ਹਾਂ ਦੇ ਮਤ ਦੇ ਧਾਰਣੀ ਹੋ ਗਏ ਸਨ। ਗੁਰੂ ਜੀ ਉਦਾਸੀਆਂ ਦੌਰਾਨ ਉਥੇ ਗਏ ਸਨ। ਪਰ ਗੁਰੂ ਨਾਨਕ ਦੇਵ ਜੀ ਦੀ ਧਰਮ-ਸਾਧਨਾ ਦਾ ਵਿਵਸਥਿਤ ਪ੍ਰਚਾਰ ਉਨ੍ਹਾਂ ਦੇ ਸੁਪੁੱਤਰ ਬਾਬਾ ਸ੍ਰੀਚੰਦ (ਵੇਖੋ) ਨੇ ਕੀਤਾ ਅਤੇ ਕਈ ਧਰਮਸ਼ਾਲਾਵਾਂ ਕਾਇਮ ਕੀਤੀਆਂ। ਬਾਦ ਵਿਚ ਉਦਾਸੀ ਸੰਪ੍ਰਦਾਇ ਦੇ ਅਨੇਕ ਸਾਧਾਂ ਨੇ ਸਿੰਧ ਪ੍ਰਾਂਤ ਵਿਚ ਆਪਣੇ ਕਈ ਡੇਰੇ ਕਾਇਮ ਕੀਤੇ। ਸੱਖਰ ਦੇ ਨੇੜੇ ਸਿੰਧ ਨਦੀ ਦੇ ਇਕ ਟਾਪੂ ਵਿਚ ਸਥਿਤ ਸਾਧੁਬੇਲਾ ਮੀਹਾਂ ਸ਼ਾਹੀ ਸ਼ਾਖਾ ਦੇ ਇਕ ਉਦਾਸੀ ਸਾਧ ਬਾਬਾ ਬਨਖੰਡੀ ਨੇ ਸੰਨ 1823 ਈ. ਵਿਚ ਸਥਾਪਿਤ ਕੀਤਾ ਸੀ ਜੋ ਹੁਣ ਇਕ ਮਹੱਤਵਪੂਰਣ ਤੀਰਥ ਵਜੋਂ ਪ੍ਰਸਿੱਧ ਹੋ ਚੁਕਿਆ ਹੈ। ਗੁਰੂ ਨਾਨਕ-ਵੰਸ਼ਜ ਬਾਬਾ ਗੁਰੂਪਤ ਨੇ ਸਿੰਧ ਪ੍ਰਦੇਸ਼ ਵਿਚ ‘ਜਗਿਆਸੂ ’ (ਵੇਖੋ) ਨਾਂ ਦੀ ਇਕ ਉਪ-ਸੰਪ੍ਰਦਾਇ ਵੀ ਪ੍ਰਚਲਿਤ ਕੀਤੀ। ਉਦਾਸੀ ਸਾਧ ਬਾਬਾ ਸਰੂਪ ਦਾਸ ਨੇ ਸ਼ਿਕਾਰਪੁਰ ਨਗਰ ਵਿਚ ਗੁਰੂ ਨਾਨਕ ਦੇਵ ਜੀ ਦੀ ਧਰਮ- ਸਾਧਨਾ ਦਾ ਕੇਂਦਰ ਸਥਾਪਿਤ ਕੀਤਾ।

            ਉਦਾਸੀ ਸਾਧਾਂ ਤੋਂ ਇਲਾਵਾ ਨਿਰਮਲ ਸੰਤਾਂ ਨੇ ਸਿੰਧ ਵਿਚ ਸਿੱਖੀ ਦਾ ਬਹੁਤ ਪ੍ਰਚਾਰ ਕੀਤਾ ਅਤੇ ਅਨੇਕ ਡੇਰੇ ਸਥਾਪਿਤ ਕੀਤੇ। ਉਥੇ ਪ੍ਰਚਾਰ ਕਰਨ ਵਾਲਿਆਂ ਵਿਚ ਮਹੰਤ ਬੁੱਢਾ ਸਿੰਘ , ਸੰਤ ਗੁਲਾਬ ਸਿੰਘ , ਸੰਤ ਪ੍ਰੀਤਮ ਸਿੰਘ ਆਦਿ ਦੇ ਨਾਂ ਵਿਸ਼ੇਸ਼ ਉਲੇਖਯੋਗ ਹਨ। ਇਨ੍ਹਾਂ ਨੇ ਉਥੇ ਕਈ ਗੁਰਦੁਆਰੇ ਕਾਇਮ ਕੀਤੇ। ਸਿੰਘ ਸਭਾ ਲਹਿਰ ਵਾਲਿਆਂ ਨੇ ਵੀ ਸਿੰਧ ਵਿਚ ਸਿੱਖੀ ਦਾ ਬਹੁਤ ਪ੍ਰਚਾਰ ਕੀਤਾ। ਚੀਫ਼ ਖ਼ਾਲਸਾ ਦੀਵਾਨ ਵਾਲੇ ਵੀ ਇਸ ਕਰਮ ਵਲ ਬਹੁਤ ਰੁਚਿਤ ਰਹੇ। ਸੰਤ ਅਤਰ ਸਿੰਘ ਮਸਤੂਆਣੇ ਵਾਲੇ, ਭਾਈ ਅਰਜਨ ਸਿੰਘ ਬਾਗੜੀਆਂ ਵਾਲੇ ਅਤੇ ਸ. ਹਰਬੰਸ ਸਿੰਘ ਅਟਾਰੀ ਵਾਲੇ ਨੇ ਵੀ ਉਥੇ ਕਈ ਵਾਰ ਜਾ ਕੇ ਸਿੱਖੀ ਦਾ ਪ੍ਰਚਾਰ ਕੀਤਾ। ਇਨ੍ਹਾਂ ਤੋਂ ਇਲਾਵਾ ਸਿੰਧੀ ਸਿੱਖਾਂ ਨੇ ਖ਼ੁਦ ਵੀ ਸਿੱਖੀ ਦੇ ਪ੍ਰਚਾਰ ਵਿਚ ਬਹੁਤ ਦਿਲਚਸਪੀ ਵਿਖਾਈ। ਇਸ ਸੰਬੰਧ ਵਿਚ ਸਾਧੂ ਟੀ.ਐਲ.ਵਾਸਵਾਨੀ, ਦਾਦਾ ਚੇਲਾਰਾਮ ਆਦਿ ਸਾਧਕਾਂ ਦੇ ਨਾਂ ਖ਼ਾਸ ਤੌਰ’ਤੇ ਜ਼ਿਕਰਯੋਗ ਹਨ। ਇਨ੍ਹਾਂ ਤੋਂ ਇਲਾਵਾ ਦੇਸ਼-ਵੰਡ ਤੋਂ ਪਹਿਲਾਂ ਹਰ ਸਾਲ ਕਥਾਕਾਰ, ਪ੍ਰਚਾਰਕ ਅਤੇ ਕੀਰਤਨੀ ਸਿੱਖ ਸਿੰਧ ਪ੍ਰਾਂਤ ਵਲ ਪ੍ਰਚਾਰ ਲਈ ਜਾਂਦੇ ਰਹਿੰਦੇ ਸਨ। ਸਿੰਧੀ ਲੋਕ ਮੁਖ ਤੌਰ’ਤੇ ਸਹਿਜਧਾਰੀ ਹਨ, ਪਰ ਵਿਰਲੇ ਵਿਰਲੇ ਸਿੰਘ ਵੀ ਸਜ ਗਏ ਹਨ।

            ਦੇਸ਼ ਦੀ ਸੁਤੰਤਰਤਾ ਤੋਂ ਬਾਦ ਬਹੁਤੇ ਸਿੰਧੀ ਹਿੰਦੁਸਤਾਨ ਵਲ ਆ ਗਏ ਅਤੇ ਅਧਿਕਤਰ ਮਹਾਰਾਸ਼ਟਰ ਦੇ ਬੰਬਈ ਨਗਰ ਵਿਚ ਵਸ ਗਏ। ਇਸ ਤੋਂ ਇਲਾਵਾ ਪੂਨਾ , ਹੈਦਰਾਬਾਦ ਆਦਿ ਨਗਰਾਂ ਵਿਚ ਵੀ ਇਨ੍ਹਾਂ ਦਾ ਕਾਫ਼ੀ ਵਪਾਰ ਹੈ। ਪਿਛੇ ਰਹੇ ਸਿੰਧੀ ਅਜੇ ਵੀ ਗੁਰੂ ਗ੍ਰੰਥ ਸਾਹਿਬ ਵਿਚ ਵਿਸ਼ਵਾਸ ਰਖਦੇ ਹਨ ਅਤੇ ਅਕਸਰ ਗੁਰਪੁਰਬਾਂ ਉਤੇ ਨਨਕਾਣਾ ਸਾਹਿਬ ਅਤੇ ਪੰਜਾ ਸਾਹਿਬ ਨਾਂ ਦੇ ਗੁਰੂ-ਧਾਮਾਂ ਵਿਚ ਬੜੇ ਚਾਉ ਨਾਲ ਸ਼ਰਕਤ ਕਰਦੇ ਹਨ। ਲਿੰਗਰ ਦਾ ਅਧਿਕਤਰ ਪ੍ਰਬੰਧ ਇਨ੍ਹਾਂ ਦੁਆਰਾ ਕੀਤਾ ਜਾਂਦਾ ਹੈ।

            ਭਾਰਤ ਵਿਚ ਆਏ ਸਿੰਧੀਆਂ ਵਿਚੋਂ ਦਾਦਾ ਚੇਲਾਰਾਮ ਦਿੱਲੀ ਵਿਚ ਆ ਵਸੇ ਅਤੇ ‘ਨਿਜ ਥਾਉਂ’ ਨਾਂ ਦਾ ਆਪਣਾ ਆਸ਼੍ਰਮ ਪੂਸਾ ਰੋਡ ਦਿੱਲੀ ਉਤੇ ਸਥਾਪਿਤ ਕੀਤਾ। ਦਾਦਾ ਜੀ ਦੇ ਦੇਹਾਂਤ ਤੋਂ ਬਾਦ ਇਨ੍ਹਾਂ ਦੀ ਪੁੱਤਰੀ ਕਮਲਾ ਨੇ ਪ੍ਰਚਾਰ ਦੀ ਸੇਵਾ ਸੰਭਾਲੀ ਅਤੇ ਹੁਣ ਦਾਦਾ ਜੀ ਦਾ ਪੁੱਤਰ ਲਛਮਣ ਚੇਲਾ ਰਾਮ ਗੁਰੂ ਨਾਨਕ ਮਤ ਦੇ ਪ੍ਰਚਾਰ ਵਿਚ ਰੁਚਿਤ ਹੈ। ਇਸ ਨੇ ਗੁਰੂ ਗ੍ਰੰਥ ਸਾਹਿਬ ਦੇ ਸਿੰਧੀ ਅਤੇ ਹਿੰਦੀ ਵਿਚ ਖ਼ੁਦ ਟੀਕੇ ਤਿਆਰ ਕੀਤੇ ਹਨ ਅਤੇ ਦੇਸ਼ ਦੀਆਂ ਹੋਰ ਪ੍ਰਮੁਖ ਭਾਸ਼ਾਵਾਂ ਵਿਚ ਟੀਕੇ ਕਰਾਉਣ ਦੇ ਉਦਮ ਵਿਚ ਰੁਝਿਆ ਹੋਇਆ ਹੈ। ਇਸ ਨੇ ਹਿਮਾਚਲ ਪ੍ਰਦੇਸ਼ ਵਿਚ ਸੋਲਨ ਦੇ ਨੇੜੇ ਸਪਰੂਨ ਵਿਚ ਦਾਦਾ ਚੇਲਾ ਰਾਮ ਆਸ਼੍ਰਮ ਵੀ ਸਥਾਪਿਤ ਕੀਤਾ ਹੈ।

            ਭਾਰਤ ਵਿਚ ਆ ਵਸੇ ਸਿੰਧੀ ਸ਼ੁਰੂ ਵਿਚ ਤਾਂ ਸਿੱਖ ਧਰਮ ਦੇ ਬਹੁਤ ਨੇੜੇ ਰਹੇ ਅਤੇ ਕਈ ਗੁਰਦੁਆਰੇ ਵੀ ਕਾਇਮ ਕੀਤੇ, ਪਰ ਹੌਲੀ ਹੌਲੀ ਇਹ ਲੋਕ ਗੁਰੂ ਗ੍ਰੰਥ ਸਾਹਿਬ ਪ੍ਰਤਿ ਆਪਣੀ ਪੂਰੀ ਆਸਥਾ ਪ੍ਰਗਟ ਕਰਦੇ ਹੋਏ ਵੀ ਸਿੱਖੀ ਤੋਂ ਦੂਰ ਜਾ ਰਹੇ ਹਨ। ਇਹ ਆਪਣੇ ਗੁਰੂ-ਧਾਮਾਂ ਨੂੰ ਗੁਰਦੁਆਰਿਆਂ ਦੀ ਥਾਂ ਮੰਦਿਰ ਅਥਵਾ ਆਸ਼੍ਰਮ ਅਖਵਾ ਕੇ ਸੰਤੁਸ਼ਟ ਹਨ ਕਿਉਂਕਿ ਸੁਭਾ ਵਜੋਂ ਇਹ ਲੋਕ ਸਾਊ ਅਤੇ ਸ਼ਾਂਤ ਹਨ। ਇਹ ਸਿੱਖ ਅਧਿਆਤਮਿਕਤਾ ਵਿਚ ਵਿਸ਼ਵਾਸ ਰਖਦੇ ਹਨ ਪਰ ਕਟੜਪੁਣੇ ਤੋਂ ਦੂਰ ਭਜਦੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਨਾਲ ਅਤੇ ਉਸ ਤੋਂ ਬਾਦ ਇਸ ਸੰਸਥਾ ਵਿਚ ਰਾਜਨੀਤੀ ਦੇ ਪ੍ਰਵੇਸ਼ ਨਾਲ ਇਹ ਆਪਣੇ ਗੁਰਦੁਆਰਿਆਂ (ਧਰਮ-ਧਾਮਾਂ) ਨੂੰ ਗ਼ੈਰ-ਮਹਿਫੂਜ਼ ਸਮਝਣ ਲਗ ਗਏ ਹਨ। ਦੂਜੇ , ਸਿੱਖ ਧਰਮੀਆਂ ਵਿਚ ਵਿਕਸਿਤ ਹੋ ਰਹੇ ਕਟੜਪੁਣੇ ਅਤੇ ਰੀਤੀਵਾਦ ਤੋਂ ਇਹ ਬਹੁਤ ਘਬਰਾਉਂਦੇ ਹਨ। ਵੋਟਾਂ ਦੇ ਮਸਲੇ ਨੂੰ ਲੈ ਕੇ ਸਹਿਜਧਾਰੀ ਸਿੱਖਾਂ ਨੂੰ ਪੰਥ ਤੋਂ ਦੂਰ ਰਖਣ ਦੀ ਪ੍ਰਵ੍ਰਿਤੀ ਨੇ ਵੀ ਇਨ੍ਹਾਂ ਨੂੰ ਸਿੱਖੀ ਤੋਂ ਕਿਨਾਰਾ ਕਰਨ ਲਈ ਤਿਆਰ ਕੀਤਾ ਹੈ। ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਿਵਸਥਾ ਤੋਂ ਭਾਵੇਂ ਦੂਰ ਹੁੰਦੇ ਜਾ ਰਹੇ ਹਨ ਪਰ ਨਿਰਮਲੇ ਅਤੇ ਉਦਾਸੀ ਸੰਪ੍ਰਦਾਵਾਂ ਦੇ ਬਹੁਤ ਨੇੜੇ ਹੋ ਕੇ ਵਿਚਰ ਰਹੇ ਹਨ। ਇਨ੍ਹਾਂ ਸੰਪ੍ਰਦਾਵਾਂ ਵਲੋਂ ਚਲਾਏ ਸਕੂਲਾਂ ਅਤੇ ਸਮਾਜ-ਸੇਵਾ-ਮੁਖੀ ਕਾਰਜਾਂ ਵਿਚ ਸਿੰਧੀ ਸਿੱਖ ਖੁਲ੍ਹ ਕੇ ਦਾਨ ਦਿੰਦੇ ਹਨ। ਵੱਡੇ ਵੱਡੇ ਧਨਾਢ ਸਿੰਧੀ ਸਿੱਖ ਘਰਾਂ ਵਿਚ ਪ੍ਰਕਾਸ਼ ਕਰਦੇ ਹਨ। ਬੱਚਿਆਂ ਦਾ ਨਾਂ ਗੁਰੂ ਗ੍ਰੰਥ ਸਾਹਿਬ ਤੋਂ ਵਾਕ ਲੈਣ ਦੀ ਮਰਯਾਦਾ ਅਨੁਸਾਰ ਰਖਦੇ ਹਨ ਅਤੇ ਵਿਆਹ-ਸ਼ਾਦੀਆਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਆਨੰਦ ਰੀਤੀ ਨਾਲ ਕਰਦੇ ਹਨ। ਵਿਦੇਸ਼ਾਂ ਵਿਚ ਵੀ ਕਈ ਗੁਰਦੁਆਰੇ ਇਨ੍ਹਾਂ ਨੇ ਬਣਵਾਏ ਹੋਏ ਹਨ। ਗੁਰੂ-ਘਰ ਨਾਲ ਇਨ੍ਹਾਂ ਦਾ ਅਸੀਮ ਪ੍ਰੇਮ ਹੈ।

            ਸਿੱਖ ਪੰਥ ਵਿਚ ਚਲ ਰਹੀ ਕਟੜਪਣੇ ਦੀ ਹਵਾ ਜੇ ਚਲਦੀ ਰਹੀ ਅਤੇ ਸਹਿਜਧਾਰੀਆਂ ਨੂੰ ਅਸਿੱਖ ਘੋਸ਼ਿਤ ਕਰਦੀ ਰਹੀ ਤਾਂ ਪੰਥ ਦਾ ਇਕ ਵੱਡਾ ਹਿੱਸਾ ਇਸ ਨਾਲੋਂ ਨਿਖੜ ਜਾਵੇਗਾ ਅਤੇ ਇਸ ਦਾ ਅਸਰ ਕੌਮ ਦੇ ਵਿਕਾਸ ਉਤੇ ਪੈ ਕੇ ਗੰਭੀਰ ਸਿੱਟੇ ਕਢੇਗਾ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1730, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.