ਸਿੱਕਮ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ

ਸਿੱਕਮ : ਇਹ ਭਾਰਤੀ ਗਣਤੰਤਰ ਦਾ 22ਵਾਂ ਰਾਜ ਹੈ ਜੋ ਪੂਰਬੀ ਹਿਮਾਲਾ ਵਿਚ ਸਥਿਤ ਹੈ। ਇਸਦੇ ਉੱਤਰ-ਪੂਰਬ ਵਿਚ ਤਿੱਬਤ ਅਤੇ ਦੱਖਣ-ਪੂਰਬ ਵਿਚ ਭੂਟਾਨ ਦਾ ਸੁਤੰਤਰ ਰਾਜ ਹੈ। ਇਸ ਦੀ ਪੱਛਮੀ ਹੱਦ ਨੇਪਾਲ ਦੇਸ਼ ਅਤੇ ਪੂਰਬੀ ਹੱਦ ਭਾਰਤ ਦੇ ਪੱਛਮੀ ਬੰਗਾਲ ਰਾਜ ਦੇ ਜ਼ਿਲ੍ਹਾ ਦਾਰਜੀਲਿੰਗ ਨਾਲ ਲਗਦੀ ਹੈ। ਇਸ ਰਾਜ ਦਾ ਖੇਤਰਫਲ 7299 ਵਰਗ ਕਿਲੋਮੀਟਰ ਹੈ ਅਤੇ ਗੰਗਟੋਕ ਇਥੋਂ ਦੀ ਰਾਜਧਾਨੀ ਹੈ।

          ਸਿੱਕਮ ਪਹਾੜੀ ਇਲਾਕਾ ਹੈ ਅਤੇ ਇਥੋਂ ਦੀਆਂ ਪਰਬਤ ਲੜੀਆਂ ਦਾ ਰੁਖ ਪੱਛਮ ਤੋਂ ਪੂਰਬ ਵੱਲ ਹੈ। ਸਿੱਕਮ ਅਤੇ ਤਿੱਬਤ ਵਿਚਕਾਰ ਹਿਮਾਲਾ ਪਰਬਤ ਦੀ ਉਚਾਈ ਕੁਦਰਤੀ ਹੱਦ ਦਾ ਕੰਮ ਦਿੰਤੀ ਹੈ। ਪ੍ਰਸਿੱਧ ਪਰਬਤ ਲੜੀਆਂ, ਸਿੰਗਾਲੀਲਾ ਅਤੇ ਚੋਲਾ ਸਿੱਕਮ ਨੂੰ ਨੇਪਾਲ ਤੇ ਭੂਟਾਨ ਤੋਂ ਨਿਖੇੜਦੀਆਂ ਹਨ। ਇਨ੍ਹਾਂ ਪਰਬਤ ਲੜੀਆਂ ਵਿਚਕਾਰ ਕਈ ਦੱਰੇ ਹਨ, ਜਿਨ੍ਹਾਂ ਵਿਚੋਂ ਤਾਂਗ ਕਰ ਲਾ (Tang Kar La 4876 ਮੀਟਰ), ਨਾਥੂ ਲਾ (Nathu La 4328 ਮੀਟਰ) ਅਤੇ ਜੈਲੇਪ ਲਾ (Jelep La 4386 ਮੀਟਰ) ਮੁੱਖ ਦੱਰੇ ਹਨ। ਸਿੱਕਮ ਰਾਜ ਦੀ ਢਲਾਣ ਦੱਖਣ-ਪੂਰਬ ਵਲ ਹੈ ਅਤੇ ਪਾਣੀ ਦਾ ਸਾਰਾ ਵਹਿਣ ਦਰਿਆ ਤੀਸਤਾ (Tista) ਵਿਚ ਜਾ ਰਲਦਾ ਹੈ। ਲਾਚੁੰਗ (Lachung), ਲਾਚਿਨ (Lachen), ਜ਼ੇਮੂ (Zemu), ਤਾਲੁੰਗ (Talung), ਰੋਂਗਨੀ (Rongni) ਅਤੇ ਰੰਗਪੂ (Rangpoo) ਇਥੋਂ ਦੀਆਂ ਨਦੀਆਂ ਹਨ। ਦਰਿਆ ਤੀਸਤਾ ਡੂੰਘੀਆਂ ਵਾਦੀਆਂ ਵਿਚੋਂ ਦੀ ਵਗਦਾ ਹੈ।

          ਅਸਲ ਵਿਚ ਸਿਕਮ ਨੂੰ ਦੋ ਕੁਦਤਰੀ ਹਿੱਸਿਆਂ-ਵਾਦੀਆਂ ਦਾ ਉੱਚਾ ਪਰਬਤੀ ਇਲਾਕਾ ਅਤੇ ਨੀਵਾ ਪੱਧਰਾ ਇਲਾਕਾ, ਵਿਚ ਵੰਡਿਆ ਜਾ ਸਕਦਾ ਹੈ। ਉੱਚੇ ਪਰਬਤੀ ਇਲਾਕਿਆਂ ਵਿਚ ਬਰਫ਼ ਨਾਲ ਢੱਕੀਆਂ ਚੋਟੀਆ ਹਨ। ਵਾਦੀਆਂ ਦੀ ਜਲਵਾਯੂ ਗਰਮ ਤੋਂ ਲੈ ਕੇ ਐਲਪਸ ਵਰਗੀ ਠੰਢੀ ਹੈ। ਨਵੰਬਰ ਤੋਂ ਜਨਵਰੀ ਤੀਕ ਇਥੇ ਵਰਖਾ ਨਾਂ-ਮਾਤਰ ਹੁੰਦੀ ਹੈ।

          ਇਥੋਂ ਦੇ ਲੋਕਾਂ ਦਾ ਮੁੱਖ ਪੇਸ਼ਾ ਖੇਤੀ ਬਾੜੀ ਹੈ। ਚਾਉਲ, ਮੱਕੀ, ਬਾਜਰਾ ਅਤੇ ਜੌਂ ਇਥੋਂ ਦੀਆਂ ਮੁੱਖ ਫ਼ਸਲਾਂ ਹਨ। ਇਲਾਇਚੀ, ਆਲੂ, ਨਿੰਬੂ, ਸੇਬ ਅਤੇ ਅਨਾਨਾਸ ਇਥੋਂ ਦੀਆਂ ਵਪਾਰਕ ਫ਼ਸਲਾਂ (Cash Crops) ਹਨ। ਸਿੱਕਮ ਦਾ ਲਗਭਗ ਤੀਜਾ ਹਿੱਸਾ ਜੰਗਲਾਤ ਅਧੀਨ ਹੈ। ਸਾਲ ਦਰਖਤ ਇਸਦੇ ਦੱਖਣੀ ਭਾਗ ਅਤੇ ਕੋਨ-ਦਰਖਤ (Conifers) ਉਤਰੀ ਭਾਗ ਵਿਚ ਵਧੇਰੇ ਮਿਲਦੇ ਹਨ। ਭੇਡਾਂ, ਬੱਕਰੀਆਂ ਅਤੇ ਯਾਕ ਇਸ ਰਾਜ ਦੇ ਮੁੱਖ ਪਸ਼ੂ ਹਨ। ਉੱਨ, ਖੱਲਾਂ ਅਤੇ ਹੱਡੀਆਂ ਕੱਚੇ ਮਾਲ ਵਜੋਂ ਰਾਜ ਦੇ ਉਦਯੋਗ ਨੂੰ ਪ੍ਰਫੁਲਤ ਕਰਦੀਆਂ ਹਨ।

          ਸਿੰਜਾਈ ਲਈ ਛੋਟੇ ਛੋਟੇ ਖੇਤਾਂ ਵਿਚ ਬੰਨ੍ਹ ਮਾਰਕੇ ਪਾਣੀ ਇਕੱਠਾ ਕਰ ਲਿਆ ਜਾਂਦਾ ਹੈ। ਇਸ ਤੋਂ ਇਲਾਵਾ ਪਹਾੜੀ ਨਾਲਿਆਂ ਵਿਚੋਂ ਕੂਲ੍ਹਾਂ ਕਟ ਕੇ ਵੀ ਸਿੰਜਾਈ ਕੀਤੀ ਜਾਂਦੀ ਹੈ। ਗੰਗਟੋਕ ਵਿਖੇ ਜਲ-ਬਿਜਲੀ ਪ੍ਰਾਜੈਕਟ ਲੱਗਾ ਹੋਇਆ ਹੈ।

          ਖਾਣਾਂ ਵਿਚੋਂ ਤਾਂਬਾ ਕੱਢਿਆ ਜਾਂਦਾ ਹੈ। ਵੱਡੀ ਖਾਣ ਪਚਿਖਨੀ (Pachikhani) ਵਿਖੇ ਹੈ। ਊਨੀ ਕਪੜਾ ਅਤੇ ਗਲੀਚੇ ਬੁਣਨੇ ਇਥੋਂ ਦੇ ਮਹੱਤਵਪੂਰਨ ਰਵਾਇਤੀ ਉਦਯੋਗ ਹਨ। ਇਸ ਤੋਂ ਇਲਾਵਾ ਇਥੇ ਫ਼ਲ ਸੁਰਖਿਅਤ ਰੱਖਣ ਲਈ ਇਕ ਫੈਕਟਰੀ ਅਤੇ ਸ਼ਰਾਬ ਦੇ ਕਾਰਖਾਨਾ ਲਗਿਆ ਹੋਇਆ ਹੈ।

          ਸਿੱਕਮ ਰਾਜ ਵਿਚ ਛੇਵੀਂ ਜਮਾਤ ਤੀਕ ਵਿਦਿਆ ਮੁਫ਼ਤ ਦਿਤੀ ਜਾਂਦੀ ਹੈ। ਇਥੇ ਪੜ੍ਹੇ ਲਿਖਿਆਂ ਦੀ ਪ੍ਰਤਿਸ਼ਤਤਾ 17.74 ਹੈ। ਇਥੇ 73 ਪ੍ਰਾਇਮਰੀ ਸਕੂਲ ਅਤੇ 29 ਸੈਕੰਡਰੀ ਸਕੂਲ ਹਨ।

          ਇਥੇ ਆਵਾਜਾਈ ਦੇ ਸਾਧਨਾਂ ਦੀ ਬਹੁਤ ਘਾਟ ਹੈ। ਪਰ ਭਾਰਤ ਤੋਂ ਤਿੱਬਤ ਦੇਸ਼ ਵਲ ਜਾਣ ਲਈ, ਸਭ ਤੋਂ ਆਸਾਨ ਰਸਤਾ ਸਿੱਕਮ ਵਿਚੋਂ ਦੀ ਲੰਘਦਾ ਹੈ। ਚੁੰਬੀ ਦੀ ਵਾਦੀ ਵਿਚੋਂ ਪ੍ਰਸਿੱਧ ‘ਤਿੱਬਤ ਰੋਡ’ ਲੰਘਦੀ ਹੈ।

          ਸਿੱਕਮ ਪਹਿਲਾਂ ਇਕ ਸੁਤੰਤਰ ਰਾਜ ਸੀ ਇਸਦੀ ਮੌਜੂਦਾ ਹੱਦਬੰਦੀ ਅੰਗਰੇਜ਼ ਸਰਕਾਰ ਨੇ ਕੀਤੀ ਸੀ। ਰਵਾਇਤ ਅਨੁਸਾਰ ਮੌਜੂਦਾ ਰਾਜਿਆਂ ਦੇ ਵੱਡੇ ਵਡੇਰੇ ਲ੍ਹਾਸਾ (Lihasa) ਦੇ ਨੇੜੇ ਰਹਿਣ ਵਾਲੇ ਤਿੱਬਤੀ ਵਾਸੀ ਹਨ। ‘ਲਾਲ ਟੋਪੀ’ ਵਾਲੇ ਬੋਧੀ ਫਿਰਕੇ ਨਾਲ ਸਬੰਧ ਹੋਣ ਕਾਰਨ, ਇਹ ਲੋਕ ਤਿੱਬਤ ਵਿਚੋਂ, ਮਜ਼੍ਹਬੀ ਜ਼ਬਰ ਕਰਕੇ ਨਿਕਲ ਆਏ। ਲਾਮਾ ਲੋਕਾਂ ਨੇ ਇਨ੍ਹਾਂ ਨੂੰ ਆਪਣੇ ਧਰਮ ਵਿਚ ਅਪਣਾ ਲਿਆ। ਇਸ ਸਮੇਂ ਇਨ੍ਹਾਂ ਦੇ ਮੁਖ ਮੱਠ-ਪੈਮੀਆਂਗਚੀ (Pemiongchi) ਅਤੇ ਤਾਸ਼ੀਦਿੰਗ (Tassiding) ਵਿਚ ਹਨ।

          ਨਮਗਿਆਲ ਖ਼ਾਨਦਾਨ, ਸਿੱਕਮ ਉੱਤੇ ਚੌਦ੍ਹਵੀਂ ਸਦੀ ਵਿਚ ਰਾਜ ਕਰਨ ਲਗ ਪਿਆ। ਸੰਨ 1642 ਵਿਚ ਫੁੰਟਸਗ ਨਮਗਿਆਲ (Phuntsog Namgyal) ਇਥੋਂ ਦਾ ਪਹਿਲਾ ਹਾਕਮ ਬਣਾਇਆ ਗਿਆ ਅਤੇ ਉਸ ਨੂੰ ਛੋਗਿਆਲ (Chogyal ਰੱਬੀ ਬਾਦਸ਼ਾਹ) ਦਾ ਖ਼ਿਤਾਬ ਦਿੱਤਾ ਗਿਆ।

          ਸੰਨ 1788 ਵਿਚ ਗੋਰਖਿਆਂ ਨੇ ਸਿੱਕਮ ਉੱਤੇ ਹੱਲਾ ਕਰਕੇ ਇਥੋਂ ਦੇ ਬਹੁਤ ਸਾਰੇ ਇਲਾਕੇ ਉਤੇ ਕਬਜ਼ਾ ਕਰ ਲਿਆ। ਸੰਨ 1792 ਵਿਚ ਗੋਰਖਿਆ ਨੇ ਫਿਰ ਹਮਲਾ ਕੀਤਾ ਪਰ ਚੀਨੀਆਂ ਦੀ ਮਦਦ ਨਾਲ ਤਿੱਬਤੀ ਲੋਕਾਂ ਨੇ ਉਨ੍ਹਾਂ ਨੂੰ ਇਥੋਂ ਭਜਾ ਦਿੱਤਾ। ਸੰਨ 1814 ਵਿਚ ਸਿੱਕਮ ਦੇ ਮਹਾਰਾਜੇ ਨੇ ਅੰਗਰੇਜ਼ ਸਰਕਾਰ ਨਾਲ ਸਮਝੌਤਾ ਕਰ ਲਿਆ। ਨੇਪਾਲ ਦੀ ਜੰਗ ਸਮੇਂ ਅੰਗਰੇਜ਼ਾਂ ਨੂੰ ਨੇਪਾਲ ਦਾ ਬਹੁਤ ਸਾਰਾ ਇਲਾਕਾ ਵੀ ਮਿਲ ਗਿਆ ਫਰਵਰੀ, 1835 ਵਿਚ ਦਾਰਜੀਲਿੰਗ ਅੰਗਰੇਜ਼ੀ ਰਾਜ ਵਿਚ ਸ਼ਾਮਲ ਕਰ ਲਿਆ ਗਿਆ ਅਤੇ ਇਸ ਦੇ ਬਦਲੇ ਮਹਾਰਾਜੇ ਨੂੰ 3000 ਰੁਪਏ ਸਾਲਾਨਾ ਪੈਨਸ਼ਨ ਦਿੱਤੀ ਗਈ। ਸੰਨ 1860 ਵਿਚ ਅੰਗਰੇਜ਼ ਸਰਕਾਰ ਨਾਲ ਝਗੜਾ ਹੋ ਜਾਣ ਕਾਰਨ, ਸਿੱਕਮ ਦੀ ਤਰਾਈ ਅਤੇ ਦਰਿਆ ਤੀਸਤਾ ਦੀ ਵਾਦੀ ਦਾ ਕੁਝ ਇਲਾਕਾ ਸਿਕੱਮ ਤੋਂ ਖੋਹ ਲਿਆ ਗਿਆ। ਸੰਨ 1889 ਵਿਚ ਅੰਗਰੇਜ਼ ਸਰਕਾਰ ਨੇ ਗੰਗਟੋਕ ਵਿਖੇ ਆਪਣਾ ਪੁਲੀਟੀਕਲ ਅਫ਼ਸਰ ਨਿਯੁਕਤ ਕਰ ਦਿੱਤਾ ਜੋ ਮਹਾਰਾਜੇ ਨੂੰ ਸਰਕਾਰੀ ਕੰਮ ਚਲਾਉਣ ਵਿਚ ਮਸ਼ਵਰੇ ਦਿੰਦਾ ਰਿਹਾ। ਸੰਨ 1910 ਦੇ ਸਮਝੌਤੇ ਅਧੀਨ ਸਿੱਕਮ ਨੂੰ ਅੰਦਰੂਨੀ ਖ਼ੁਦਮੁਖ਼ਤਾਰੀ ਦੇ ਦਿੱਤੀ।

          ਅਗਸਤ, 1947 ਵਿਚ ਭਾਰਤ ਆਜ਼ਾਦ ਹੋਣ ਮਗਰੋਂ ਸਿਕੱਮ ਤੋਂ ਅੰਗਰੇਜ਼ੀ ਅਧਿਕਾਰ ਖ਼ਤਮ ਹੋ ਗਿਆ। ਸੰਨ 1949 ਵਿਚ ਮਹਾਰਾਜਾ ਤਾਸੀ ਨਸਗਿਆਲ ਨੇ ਅੰਦਰੂਨੀ ਗੜਬੜ ਨੂੰ ਦਬਾਉਣ ਲਈ ਭਾਰਤ ਦੀ ਸਹਾਇਤਾ ਮੰਗੀ। ਭਾਰਤੀ ਫ਼ੌਜ ਗੰਗਟੋਕ ਭੇਜੀ ਗਈ ਅਤੇ ਇਕ ਭਾਰਤੀ ਆਈ. ਸੀ. ਐਸ. ਅਫ਼ਸਰ ਨੂੰ ਇਥੋਂ ਦਾ ਦੀਵਾਨ ਜਾ ਮੁੱਖ ਮੰਤਰੀ ਬਣਾਇਆ ਗਿਆ। 5 ਦਸੰਬਰ 1950 ਈ. ਨੂੰ ਸਿਕੱਮ ਅਤੇ ਭਾਰਤ ਵਿਚਕਾਰ ਸੰਧੀ ਕੀਤੀ ਗਈ ਜਿਸ ਅਨੁਸਾਰ ਸਿੱਕਮ ਭਾਰਤ ਦਾ ਪ੍ਰੇਟੈਕਟੋਰੇਟ ਬਣ ਗਿਆ। ਸਿੱਕਮ ਦੀ ਸੁਰੱਖਿਆ, ਬਦੇਸ਼ੀ ਮਾਮਲੇ ਅਤੇ ਸੰਚਾਰ ਭਾਰਤ ਸਰਕਾਰ ਅਧੀਨ ਆ ਗਏ। ਸੰਨ 1953 ਵਿਚ ਪੰਜ ਚੁਣੇ ਹੋਏ ਅਤੇ ਚਾਰ ਨਾਮਜ਼ਦ ਮੈਂਬਰਾਂ ਦੀ ਇਕ ਸਟੇਟ ਕੌਂਸਲ ਸਥਾਪਤ ਕੀਤੀ ਗਈ। ਚੁਣੇ ਹੋਏ ਮੈਂਬਰਾਂ ਵਿਚੋਂ ਦੋ ਮੈਂਬਰ ਮਹਾਰਾਜੇ ਦੇ ਨਿਤ ਦੇ ਪ੍ਰਬੰਧਕੀ ਕੰਮਾਂ ਵਿਚ ਉਸ ਦੀ ਸਹਾਇਤਾ ਕਰਦੇ ਸਨ।

          ਪਹਿਲੀ ਮਾਰਚ, 1975 ਨੂੰ ਇਹ ਭਾਰਤ ਦਾ ਸਹਿਯੋਗੀ ਰਾਜ ਬਣ ਗਿਆ। 10 ਅਪ੍ਰੈਲ, 1975 ਨੂੰ ਸਿੱਕਮ ਦੀ ਵਿਧਾਨ ਸਭਾ ਨੇ ਛੋਗਿਆਲ ਪ੍ਰਬੰਧ ਨੂੰ ਖ਼ਤਮ ਕਰਨ ਲਈ ਮਤਾ ਪਾਸ ਕੀਤਾ। 14 ਅਪ੍ਰੈਲ, 1975 ਨੂੰ ਸਿੱਕਮ ਦੇ ਲੋਕਾਂ ਨੇ ਬਹੁ-ਮਤ ਨਾਲ ਇਸ ਮੱਤੇ ਦਾ ਸਮਰਥਨ ਕੀਤਾ। 26 ਅਪ੍ਰੈਲ, 1975 ਨੂੰ ਭਾਰਤੀ ਸੰਸਦ ਨੇ ਸੰਵਿਧਾਨਕ (36ਵੀਂ ਤਰਮੀਮ) ਐਕਟ, 1975 ਪਾਸ ਕਰਕੇ, ਸਿੱਕਮ ਨੂੰ ਭਾਰਤੀ ਸੰਘ ਦਾ ਰਾਜ ਬਣਾ ਲਿਆ।

          ਸਿੱਕਮ ਦਾ ਰਾਜ-ਪ੍ਰਬੰਧ ਮੰਤਰੀ-ਮੰਡਲ ਦੁਆਰਾ ਚਲਾਇਆ ਜਾਂਦਾ ਹੈ। ਇਸ ਨੂੰ ਚਾਰ ਜ਼ਿਲ੍ਹਿਆਂ––ਪੂਰਬੀ (ਗੰਗਟੋਕ), ਉੱਤਰੀ (ਮੰਗਨ Mangan) ਦੱਖਣੀ (ਨਾਮਚੀ Namchi) ਅਤੇ ਪੱਛਮੀ (ਗਯਾਲਸ਼ਿੰਗ-Gyalshing) ਵਿਚ ਵੰਡਿਆ ਗਿਆ ਹੈ। ਸੰਨ 1971 ਦੀ ਮਰਦਮ ਸ਼ੁਮਾਰੀ ਅਨੁਸਾਰ ਸਿੱਕਮ ਵਿਚ 7 ਕਸਬੇ ਅਤੇ 15,735 ਪਿੰਡ ਹਨ।

          ਸਿੱਕਮ ਦੀ ਆਬਾਦੀ ਖਿੰਡਵੀਂ ਅਤੇ ਘਟ ਸੰਘਣੀ ਹੈ। ਸੰਨ 1971 ਵਿਚ ਇਥੋਂ ਦੀ ਵਸੋਂ 209,843 ਅਤੇ ਦੀ ਵਸੋਂ ਘਣਤਾ 29 ਵਿਅਕਤੀ ਪ੍ਰਤਿ ਵ. ਕਿ. ਮੀ. ਸੀ। ਇਥੇ 1000 ਮਰਦਾਂ ਪਿਛੇ ਪਿਛੇ 863 ਔਰਤਾਂ ਹਨ। ਵਸੋਂ ਦਾ ਵਧੇਰੇ ਭਾਗ ਨੇਪਾਲੀ ਲੋਕਾਂ ਦਾ ਹੈ। ਦੂਜੀਆਂ ਕੌਮਾਂ ਤਿੱਬਤੀ, ਭੂਟੀਏ ਅਤੇ ਲੇਪਚਾ ਹਨ। ਤਿੱਬਤੀ ਭਾਸ਼ਾ ਵਿਚ ਸਿੱਕਮ ਦੇ (ਵਾਦੀਆਂ ਦੇ ਵਾਸਨੀਕ) ਲੋਕਾਂ ਨੂੰ ‘ਰੋਂਗਵਾ’ ਅਤੇ ਨੀਵੇਂ ਇਲਾਕੇ ਦੇ ਵਸਨੀਕਾਂ ਨੂੰ ‘ਮੂਮਪਾ’ ਕਿਹਾ ਜਾਂਦਾ ਹੈ। ਲੇਪਚਾ ਲੋਕ ਇਥੋਂ ਦੇ ਸਭ ਤੋਂ ਪੁਰਾਣੇ ਵਾਸੀ ਹਨ ਅਤੇ ਉਹ ਹਿੰਦੀ-ਚੀਨੀ ਮੁੱਢ ਦੇ ਹਨ। ਇਥੋਂ ਦੇ ਵਧੇਰੇ ਲੋਕ ਬੁੱਧ-ਮਤ ਦੇ ਹਨ ਪਰ ਵੱਡੀ ਸੰਖਿਆ ਵਿਚ ਹਿੰਦੂ ਵੀ ਵਸਦੇ ਹਨ। ਇਨ੍ਹਾਂ ਤੋਂ ਇਲਾਵਾ ਇਥੇ ਇਸਾਈ ਅਤੇ ਮੁਸਲਮਾਨ ਵੀ ਰਹਿੰਦੇ ਹਨ। ਰਾਜ ਦੀਆਂ ਪ੍ਰਮੁਖ ਭਾਸ਼ਾਵਾਂ ਭੂਟੀਆ, ਨੇਪਾਲੀ, ਲੇਪਚਾ ਅਤੇ ਅੰਗਰੇਜ਼ੀ ਹਨ।

          ਹ. ਪੁ.––ਇੰਪ. ਗ. ਇੰਡ. 22 ; ਸਟੇਸਮੈਨ ਯੀਅਰ ਬੁਕ 1973-74; ਇੰਡੀਆ 1976


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2834, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-12-01, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.