ਸਿੱਖ ਕੈਲੰਡਰ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਿੱਖ ਕੈਲੰਡਰ : ਸਿੱਖ ਇਤਿਹਾਸ ਵਿਚਲੀਆਂ ਘਟਨਾਵਾਂ ਨੂੰ ਕਾਲਕ੍ਰਮਾਨੁਸਾਰ ਜਾਣਨ ਦੀ ਪ੍ਰਣਾਲੀ ਹੈ ਜਿਹੜੀ ਕਿ ਉੱਤਰ ਭਾਰਤ ਵਿਚ ਬਿਕਰਮੀ ਸੰਮਤ ਦੇ ਰੂਪ ਵਿਚ ਪ੍ਰਚਲਿਤ ਰਹੀ ਹੈ, ਭਾਵੇਂ ਕਿ ਬਾਕੀ ਪ੍ਰਣਾਲੀਆਂ ਜਿਵੇਂ ਮੁਸਲਿਮ-ਕਾਲ ਵਿਚ ਹਿਜਰੀ ਅਤੇ ਬ੍ਰਿਟਿਸ਼ ਦੇ ਇਥੇ ਆਉਣ ਤੇ ਕ੍ਰਿਸ਼ਚੀਅਨ ਪ੍ਰਣਾਲੀ ਵੀ ਕੁਝ ਇਕ ਇਤਿਹਾਸਕਾਰਾਂ (ਆਮ ਤੌਰ ਤੇ ਗੈਰ ਸਿੱਖਾਂ) ਦੁਆਰਾ ਵਰਤੀ ਜਾਂਦੀ ਰਹੀ ਹੈ। ਨਾਨਕਸ਼ਾਹੀ ਅਤੇ ਖ਼ਾਲਸਾ-ਕਾਲ ਪੂਰਨ ਤੌਰ ਤੇ ਸਿੱਖ ਧਰਮ ਦੀ ਉਪਜ ਹਨ ਅਤੇ ਸਾਲਾਂ ਨੂੰ ਛੱਡ ਕੇ ਬਿਕਰਮੀ ਪ੍ਰਣਾਲੀ ਨੂੰ ਮੰਨਦੇ ਹਨ। ਭਾਰਤ ਸਰਕਾਰ ਦੁਆਰਾ ਕੈਲੰਡਰ ਜੋ ਸਰਕਾਰੀ ਕੰਮਾਂ-ਕਾਜਾਂ ਲਈ ਅਪਨਾਇਆ ਗਿਆ ਹੈ ਬਹੁਤਾ ਪ੍ਰਚਲਿਤ ਨਹੀਂ ਹੋ ਸਕਿਆ।
ਵਿਉਂਤਪੱਤੀ ਦੀ ਦ੍ਰਿਸ਼ਟੀ ਤੋਂ ਸ਼ਬਦ ਕੈਲੰਡਰ ਰੋਮਨ ਕੈਲੰਡਰ ਦੇ ਮਹੀਨੇ ਦੇ ਪਹਿਲੇ ਦਿਨ ਲਈ ਲੈਟਿਨ ਭਾਸ਼ਾ ਦੇ ਸ਼ਬਦ ਕਲੀਂਡਸ ਜਾਂ ਕਲੇਡੰਸ ਅਤੇ ਕਲੈਂਡਰੀਅਮ ਤੋਂ ਬਣਿਆ ਹੈ; ਕਲੈਂਡਰੀਅਮ ਉਹ ਵਹੀਖਾਤਾ ਹੈ ਜਿਸ ਵਿਚ ਕਰਜ਼ਾ ਅਦਾਇਗੀ ਕਰਨ ਦੀ ਮਿਤੀ ਅੰਕਿਤ ਹੁੰਦੀ ਹੈ। ਇਹ ਸਮੇਂ ਦਾ ਦਿਨਾਂ, ਹਫ਼ਤਿਆਂ, ਮਹੀਨਿਆਂ ਵਿਚ ਵਰਗੀਕਰਨ ਕਰਨ ਦੀ ਇਕ ਵਿਧੀ ਹੈ। ਸੂਰਜੀ ਦਿਨ ਧਰਤੀ ਦੀ ਰੋਜ਼ਾਨਾ ਘੁੰਮਣ-ਗਤੀ ਤੋਂ ਨਿਸ਼ਚਿਤ ਕੀਤਾ ਜਾਂਦਾ ਹੈ ਅਤੇ ਚੰਦ ਦਾ ਮਹੀਨਾ ਧਰਤੀ ਦੁਆਲੇ ਚੰਦ ਦੀ ਪਰਕਰਮਾ ਤੋਂ ਮਾਪਿਆ ਜਾਂਦਾ ਹੈ; ਸੂਰਜੀ ਸਾਲ ਨੂੰ ਧਰਤੀ ਦੁਆਰਾ ਸੂਰਜ ਦੁਆਲੇ ਲਾਏ ਜਾਣ ਵਾਲੇ ਚੱਕਰਾਂ ਤੋਂ ਮਾਪਿਆ ਜਾਂਦਾ ਹੈ ਅਤੇ ਇਸ ਨੂੰ ਸਮੇਂ ਦੀ ਕੁਦਰਤੀ ਵੰਡ ਮੰਨਿਆ ਜਾਂਦਾ ਹੈ ਜਦੋਂ ਕਿ ਘੰਟਾ , ਹਫ਼ਤਾ ਅਤੇ ਮਹੀਨੇ ਪਰੰਪਰਾਗਤ ਵੰਡਾਂ ਹਨ। ਸਿੱਖ ਕੈਲੰਡਰ ਚੰਦ-ਸੂਰਜੀ (luni-solar) ਹੈ ਜਿਸ ਵਿਚ ਧਰਤੀ ਦੁਆਲੇ ਲਾਏ ਗਏ ਇਕ ਚੱਕਰ ਤੋਂ ਸਾਲ ਦਾ ਸਮਾਂ ਮੰਨਿਆ ਜਾਂਦਾ ਹੈ ਪਰੰਤੂ ਮਹੀਨੇ ਦੇ ਸੰਬੰਧ ਵਿਚ ਚੰਦਰਮਾ ਅਤ ਸੂਰਜ ਦੀਆਂ ਦੋਵੇਂ ਵੰਡਾਂ ਹੀ ਪ੍ਰਚਲਿਤ ਹਨ। ਹਫ਼ਤਾ ਵੀ ਪਰੰਪਰਿਕ ਹੈ ਅਰਥਾਤ ਸੱਤ ਦਿਨਾਂ ਦਾ ਹੈ। ਦਿਨ ਤੋਂ ਘਟ ਸਮੇਂ ਦੀਆਂ ਪਰੰਪਰਾਗਤ ਵੰਡਾਂ ਇਸ ਤਰ੍ਹਾਂ ਹਨ: ਜਮ ਜਾਂ ਪਹਿਰ (ਦਿਨ ਦਾ 1/8 ਹਿੱਸਾ), (ਘੜੀ ਪਹਿਰ ਦਾ 1/8) ਅਤੇ ਪਲ (ਘੜੀ ਦਾ 1/60)। ਅੱਜ-ਕੱਲ੍ਹ ਸੈਕੰਡ , ਮਿੰਟ ਘੰਟਿਆਂ ਦੀ ਵਰਤੋਂ ਆਮ ਤੌਰ ਤੇ ਜ਼ਿਆਦਾ ਕੀਤੀ ਜਾਂਦੀ ਹੈ।
ਬਿਕਰਮੀ ਸਮੇਂ ਦਾ ਅਰੰਭ ਉਜੈਨ ਦੇ ਰਾਜਾ ਵਿਕ੍ਰਮਾਦਿਤਯ (ਬਹੁਤੇ ਪੰਜਾਬੀਆਂ ਲਈ ਬਿਕਰਮਾਜੀਤ) ਤੋਂ ਹੋਇਆ ਮੰਨਿਆ ਜਾਂਦਾ ਹੈ ਜੋ ਸਮਰਾਟ ਚੰਦਰਗੁਪਤ II, ਵਿਕ੍ਰਮਾਦਿਤਯ (375-410) ਤੋਂ ਭਿੰਨ ਹੈ। ਇਹ ਈਸਾਈ ਯੁਗ ਤੋਂ 57 ਸਾਲ ਪਹਿਲਾਂ ਅਰੰਭ ਹੋਇਆ ਸੀ। ਇਸ ਨੂੰ ਮਾਲਵਾ ਸੰਮਤ ਵੀ ਕਿਹਾ ਜਾਂਦਾ ਹੈ। ਸੂਰਜੀ ਬਿਕਰਮੀ ਸਾਲ ਪਹਿਲੀ ਵਸਾਖ ਨੂੰ ਆਉਂਦਾ ਹੈ ਜਦੋਂ ਕਿ ਚੰਦਰਮਾ ਸਾਲ ਚੇਤ ਦੀ ਅਮਾਵਸ ਤੋਂ ਅਰੰਭ ਹੁੰਦਾ ਹੈ। ਕ੍ਰਮਵਾਰ ਮਹੀਨਿਆਂ ਦੇ ਨਾਂ ਹਨ ਚੇਤ, ਵਸਾਖ, ਜੇਠ , ਹਾੜ , ਸਾਵਣ , ਭਾਦੋਂ, ਅੱਸੂ , ਕੱਤਕ , ਮੱਘਰ , ਪੋਹ , ਮਾਘ ਅਤੇ ਫ਼ੱਗਣ। ਸੂਰਜੀ ਮਹੀਨਿਆਂ ਦੀਆਂ ਤਾਰੀਖਾਂ ਨੂੰ ਪਰਵਿਸ਼ਟੇ ਕਿਹਾ ਜਾਂਦਾ ਹੈ ਜੋ ਮਹੀਨੇ ਵਿਚ ਲਗਾਤਾਰ ਚਲਦੀਆਂ ਰਹਿੰਦੀਆਂ ਹਨ ਪਰੰਤੂ ਚੰਦਰਮੀ ਮਹੀਨਾ ਦੋ ਪੱਖਾਂ ਵਿਚ ਵੰਡਿਆ ਗਿਆ ਹੈ, ਹਨੇਰਾ (ਕ੍ਰਿਸ਼ਨ) ਪੱਖ ਅਤੇ ਚਾਨਣਾ (ਸ਼ੁਕਲ) ਪੱਖ। ਚੰਦਰਮੀ ਮਹੀਨਾ ਪੂਰਨਮਾਸ਼ੀ ਤੋਂ ਅਗਲੇ ਦਿਨ ਸ਼ੁਰੂ ਹੁੰਦਾ ਹੈ। ਪਹਿਲੇ ਅੱਧ ਜਾਂ ਪੱਖ ਦੀਆਂ ਤਾਰੀਖਾਂ (ਤਿਥੀ ਜਿਨ੍ਹਾਂ ਨੂੰ ਪੰਜਾਬੀ ਵਿਚ ਥਿਤ ਵੀ ਕਿਹਾ ਜਾਂਦਾ ਹੈ) ਲਈ ਸ਼ਬਦ ਵਦੀ ਵਰਤਿਆ ਜਾਂਦਾ ਹੈ ਜੋ 1 ਤੋਂ 14 ਜਾਂ 15 ਤਕ ਹੁੰਦੀਆਂ ਹਨ; ਦੂਸਰੇ ਅੱਧ ਜਾਂ ਪੱਖ ਦੀਆਂ ਤਾਰੀਖਾਂ ਨੂੰ ਸੁਦੀ ਕਿਹਾ ਜਾਂਦਾ ਹੈ। ਚੰਦਰਮੀ ਮਹੀਨੇ ਦੇ ਚੇਤ ਦਾ ਪਹਿਲਾ ਦਿਨ ਚੇਤਵਦੀ ਤੋਂ ਅਰੰਭ ਹੁੰਦਾ ਹੈ ਜਦੋਂ ਕਿ ਵੀਹਵਾਂ ਦਿਨ ਚੇਤ ਸੁਦੀ 5 ਜਾਂ 6 ਹੋਵੇਗਾ। ਸੂਰਜੀ ਬਿਕਰਮੀ ਸਾਲ ਦੇ 365 (ਚਾਰ ਸਾਲਾਂ ਦੇ ਚੱਕਰ ਵਿਚ ਤਿੰਨ ਸਾਲਾਂ ਲਈ 365 ਦਿਨ ਹੁੰਦੇ ਹਨ ਅਤੇ ਚੌਥੇ ਸਾਲ ਦੇ 366 ਦਿਨ ਹੁੰਦੇ ਹਨ) ਜਦੋਂ ਕਿ ਚੰਦਰਮੀ ਸਾਲ 11 ਦਿਨ ਛੋਟਾ ਹੁੰਦਾ ਹੈ ਕਿਉਂਕਿ ਚੰਦਰਮੀ ਮਹੀਨਾ ਜਾਂ ਚੰਦਰਮਾ ਦਾ ਧਰਤੀ ਦੁਆਲੇ ਚੱਕਰ ਲਾਉਣ ਦਾ ਸਮਾਂ ਲਗਪਗ 29-1/2 ਦਿਨਾਂ ਦਾ ਹੁੰਦਾ ਹੈ। ਤਿੰਨ ਸਾਲਾਂ ਵਿਚ ਇਕ ਮਹੀਨੇ ਦੇ ਪਏ ਖੱਪੇ ਨੂੰ ਪੂਰਨ ਲਈ ਚੰਦਰਮੀ ਮਹੀਨੇ ਨੂੰ ਲੌਂਦ ਜਾਂ ਅਧਿਕ (ਲੀਪ) ਸਾਲ ਦੇ ਤੌਰ ਤੇ ਹਰ ਤਿੰਨਾਂ ਸਾਲਾਂ ਬਾਦ ਦੁਹਰਾਇਆ ਜਾਂਦਾ ਹੈ ਤਾਂ ਕਿ ਚੰਦਰਮੀ ਅਤੇ ਸੂਰਜੀ ਸਾਲ ਇਕ ਦੂਸਰੇ ਤੋਂ ਜ਼ਿਆਦਾ ਦੂਰ ਨਾ ਹੋ ਜਾਣ। ਪੁਰਾਤਨ ਸਿੱਖ ਇਤਿਹਾਸਕਾਰਾਂ ਨੇ ਇਤਿਹਾਸਿਕ ਘਟਨਾਵਾਂ ਨੂੰ ਦਰਜ ਕਰਨ ਲਈ ਆਮ ਤੌਰ ਤੇ ਚੰਦਰਮੀ ਤਾਰੀਖਾਂ ਦੀ ਵਰਤੋਂ ਕੀਤੀ ਹੈ। ਜ਼ਿਆਦਾਤਰ ਸਿੱਖ ਤਿਉਹਾਰ ਜਿਵੇਂ ਕਿ ਜਨਮ, ਗੁਰਗੱਦੀ ਅਤੇ ਗੁਰੂਆਂ ਦੇ ਜੋਤੀ ਜੋਤ ਸਮਾਉਣ ਦੀਆਂ ਤਾਰੀਖਾਂ ਨੂੰ ਚੰਦਰਮੀ ਤਾਰੀਖਾਂ ਰਾਹੀਂ ਲਿਖਿਆ ਗਿਆ ਹੈ। ਫਿਰ ਵੀ ਸੂਰਜੀ ਮਹੀਨਿਆਂ ਦੀਆਂ ਤਾਰੀਖਾਂ ਨੂੰ ਸੂਰਜ ਦੇ ਰਾਸ਼ੀ ਮੰਡਲ (ਜੋ ਕਿ ਗਿਣਤੀ ਵਿਚ 12 ਹਨ) ਵਿਚ ਜਾਣ ਦੀ ਗਤੀ ਰਾਹੀਂ ਮਿਥਣਾ ਵੀ ਅਸਧਾਰਨ ਪ੍ਰਯੋਗ ਨਹੀਂ ਹੈ। ਉਦਾਹਰਨ ਦੇ ਤੌਰ ਤੇ ਸਿੱਖ ਹਰ ਸੂਰਜੀ ਮਹੀਨੇ ਦੇ ਪਹਿਲੇ ਮਹੀਨੇ ਦੇ ਪਹਿਲੇ ਦਿਨ ਨੂੰ ਸੰਗਰਾਂਦ (ਸੰਕਰਾਂਤੀ) ਮਨਾਉਂਦੇ ਹਨ। ਵਸਾਖੀ , ਲੋਹੜੀ ਅਤੇ ਮਾਘੀ ਦੇ ਪ੍ਰਸਿੱਧ ਤਿਉਹਾਰਾਂ ਨੂੰ ਸੂਰਜੀ ਤਾਰੀਖਾਂ ਅਨੁਸਾਰ ਮਨਾਇਆ ਜਾਂਦਾ ਹੈ। ਇਥੋਂ ਤਕ ਕਿ ਕੁਝ ਪ੍ਰਸਿੱਧ ਬਰਸੀਆਂ ਜਿਵੇਂ ਕਿ ਚਮਕੌਰ ਦੀ ਜੰਗ ਅਤੇ ਮੁਕਤਸਰ ਦੀ ਜੰਗ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਵੀ ਸੂਰਜੀ ਤਾਰੀਖਾਂ ਅਨੁਸਾਰ ਹੀ ਨੀਯਤ ਕੀਤੀਆਂ ਜਾਂਦੀਆਂ ਹਨ।
ਮੁਸਲਮਾਨ ਅਤੇ ਕੁਝ ਗੈਰ ਮੁਸਲਮਾਨ ਇਤਿਹਾਸਕਾਰਾਂ ਨੇ ਸਿੱਖ ਇਤਿਹਾਸ ਨਾਲ ਸੰਬੰਧਿਤ ਘਟਨਾਵਾਂ ਲਿਖਣ ਵੇਲੇ ਮੁਸਲਮਾਨੀ ਜਾਂ ਹਿਜਰੀ ਕੈਲੰਡਰ ਦੀ ਵਰਤੋਂ ਕੀਤੀ ਹੈ। ਇਹ ਕੈਲੰਡਰ ਪੈਗੰਬਰ ਮੁਹੰਮਦ ਦੇ ਈ. 622 ਵਿਚ ਮੱਕੇ ਤੋਂ ਮਦੀਨੇ ਹਿਜਰਤ ਕਰਨ ਦੇ ਸਮੇਂ ਤੋਂ ਪੈਦਾ ਹੋਇਆ ਦਰਅਸਲ ਚੰਦਰਮੀ ਕੈਲੰਡਰ ਹੈ ਕਿਉਂ ਕਿ ਇਸ ਦੇ ਦੋਵੇਂ ਹੀ ਮਹੀਨਾ ਅਤੇ ਸਾਲ, ਚੰਦਰਮਾ ਦੇ ਧਰਤੀ ਦੁਆਲੇ ਚੱਕਰ ਕੱਟਣ ਨਾਲ ਸੰਬੰਧਿਤ ਹਨ। ਇਸ ਚੱਕਰ ਕੱਟਣ ਵਿਚ ਜਿਤਨਾ ਸਮਾਂ ਲਗਦਾ ਹੈ ਉਸ ਨੂੰ ਮਹੀਨਾ ਕਹਿੰਦੇ ਹਨ ਅਤੇ ਸਾਲ ਵਿਚ 12 ਚੰਦਰਮੀ ਮਹੀਨੇ ਹੁੰਦੇ ਹਨ। ਮਹੀਨਾ ਵੀ ਕਿਸੇ ਖਾਸ ਦਿਨ ਤੋਂ ਸ਼ੁਰੂ ਨਹੀਂ ਹੁੰਦਾ ਸਗੋਂ ਨਵੇਂ ਚੰਦਰਮਾ ਦੇ ਦਿਖਾਈ ਦੇਣ ਤੇ ਨਿਰਭਰ ਕਰਦਾ ਹੈ ਜਿਹੜਾ ਵੱਖ-ਵੱਖ ਦੇਸ਼ਾਂ ਵਿਚ ਸ਼ਾਇਦ ਉਸੇ ਦਿਨ ਦਿਖਾਈ ਨਾ ਦੇਵੇ। ਇਸ ਪ੍ਰਣਾਲੀ ਵਿਚ ਦਿਨ ਸੂਰਜ ਛਿਪਣ ਤੋਂ ਸੂਰਜ ਛਿਪਣ ਤਕ ਮੰਨਿਆ ਜਾਂਦਾ ਹੈ। ਆਮ ਤੌਰ ਤੇ ਚੰਦਰਮੀ ਮਹੀਨੇ ਦੇ ਔਸਤਨ 29-1/2 ਦਿਨ ਹੁੰਦੇ ਹਨ; ਇਸ ਤਰ੍ਹਾਂ ਹਿਜਰੀ ਸਾਲ ਸੂਰਜੀ ਸਾਲ ਨਾਲੋਂ 11 ਦਿਨ ਛੋਟਾ ਹੁੰਦਾ ਹੈ ਅਤੇ ਇਹ ਅੰਤਰ 33 ਸਾਲਾਂ ਵਿਚ ਪੂਰਾ ਇਕ ਸਾਲ ਦੇ ਬਰਾਬਰ ਹੋ ਜਾਂਦਾ ਹੈ। ਹਿਜਰੀ ਸਾਲ ਮੁਹੱਰਮ ਦੀ ਪਹਿਲੀ ਤੋਂ ਸ਼ੁਰੂ ਹੁੰਦਾ ਹੈ। ਇਸ ਤੋਂ ਪਿੱਛੋਂ ਦੇ ਮਹੀਨੇ ਹਨ ਸਫਰ , ਰਬੀ ਉਲ-ਅੱਵਲ, ਰਬੀ ਉਸ-ਸਾਨੀ, ਜਮਾਦੀ ਉਲ-ਅੱਵਲ, ਜਮਾਦੀ ਉਸ-ਸਾਨੀ, ਰਜਬ, ਸ਼ਬਾਨ, ਰਮਜ਼ਾਨ, ਸ਼ੱਵਾਲ, ਜ਼ੀਕਦਹ, ਜ਼ੀ ਉਲ-ਹੱਜ।
ਫ਼ਸਲੀ (ਸ਼ਾਬਦਿਕ ਅਰਥ ਫ਼ਸਲ ਨਾਲ ਸੰਬੰਧਿਤ) ਕੈਲੰਡਰ ਨੂੰ ਮੁਗਲ ਬਾਦਸ਼ਾਹ ਅਕਬਰ ਨੇ ਈਸਵੀ 1573 ਵਿਚ ਮਾਲੀ ਸਹਾਇਤਾ ਨਾਲ ਸੰਬੰਧਿਤ ਕਾਗਜ਼ਾਤਾਂ ਵਿਚ ਵਰਤਣ ਲਈ ਸ਼ੁਰੂ ਕੀਤਾ ਸੀ। ਸਿੱਖ ਕਾਲ ਵਿਚ ਵੀ ਕਈ ਵਾਰ ਇਸ ਕੈਲੰਡਰ ਨੂੰ ਵਰਤਿਆ ਜਾਂਦਾ ਸੀ ਕਿਉਂਕਿ ਭਾਰਤ ਵਿਚ ਪਹਿਲਾਂ ਰਹੇ ਮੁਸਲਿਮ ਰਾਜ ਸਮੇਂ ਹਿਜਰੀ ਕੈਲੰਡਰ ਵਰਤਿਆ ਜਾਂਦਾ ਸੀ ਜਿਹੜਾ ਵਾਢ੍ਹੀ ਦੀ ਰੁੱਤ ਨਾਲ ਮੇਲ ਨਾ ਖਾਣ ਕਰਕੇ ਉਦੇਸ਼ ਦੀ ਪੂਰਤੀ ਨਹੀਂ ਕਰਦਾ ਸੀ। ਫ਼ਸਲੀ ਸਾਲ ਚੰਦਰਮੀ ਮਹੀਨੇ ਹਨ ਜਿਨ੍ਹਾਂ ਦੇ ਨਾਂ ਬਿਕਰਮੀ ਕੈਲੰਡਰ ਵਾਲੇ ਹਨ ਪਰੰਤੂ ਉਹਨਾਂ ਨੂੰ ਹਨੇਰੇ ਅਤੇ ਚਾਨਣੇ ਪੱਖਾਂ ਵਿਚ ਨਹੀਂ ਵੰਡਿਆ ਹੋਇਆ। ਇਹਨਾਂ ਨੂੰ ਸੂਰਜੀ ਸਾਲ ਨਾਲ ਮਿਲਾਉਣ ਲਈ ਇਕ ਮਾਹ ਇ-ਕਬੀਸਹ ਜਾਂ ਲੀਪ ਦਾ ਮਹੀਨਾ ਹਰ ਤੀਸਰੇ ਸਾਲ ਇਸ ਵਿਚ ਹੋਰ ਜੋੜਿਆ ਜਾਂਦਾ ਹੈ। ਸ਼ੁਰੂਆਤੀ ਸਮੇਂ ਵਿਚ ਫਸਲੀ ਸਾਲ ਦੀ ਗਿਣਤੀ ਹਿਜਰੀ ਸਾਲ ਨਾਲ ਮਿਲੀ ਹੋਈ ਸੀ। ਕੈਲੰਡਰ ਨੂੰ ਸ਼ੁਰੂ ਕਰਨ ਸਮੇਂ ਪਹਿਲੀ ਅਸੂ 1630 ਬਿਕਰਮੀ, 1 ਅਸੂ 980 ਫ਼ਸਲੀ ਬਣ ਗਿਆ ਕਿਉਂਕਿ 980 ਹਿਜਰੀ ਸਮੇਂ ਇਹ ਇਵੇਂ ਹੀ ਸੀ। ਪਰੰਤੂ ਇਹ ਇਕਸਾਰਤਾ ਜਿਆਦਾ ਦੇਰ ਨਾ ਚਲੀ ਕਿਉਂਕਿ ਹਿਜਰੀ ਸਾਲ ਫਸਲੀ ਸਾਲ ਨਾਲੋਂ 11 ਦਿਨ ਛੋਟਾ ਸੀ।
ਨਾਨਕ ਸ਼ਾਹੀ ਅਤੇ ਖ਼ਾਲਸਾ ਕੈਲੰਡਰ ਤਾਂ ਬਿਕਰਮੀ ਕੈਲੰਡਰ ਦੇ ਅਨੁਸਾਰੀ ਹੀ ਹਨ ਫ਼ਰਕ ਕੇਵਲ ਇਤਨਾ ਹੈ ਕਿ ਉਹਨਾਂ ਦਾ ਸਾਲ ਗੁਰੂ ਨਾਨਕ (1469 ਈ.) ਜਨਮ ਅਤੇ ਖ਼ਾਲਸਾ (1699 ਈ.) ਦੇ ਜਨਮ ਤੋਂ ਤਰਤੀਬਵਾਰ ਅਰੰਭ ਹੁੰਦੇ ਹਨ। ਨਾਨਕਸ਼ਾਹੀ ਸੰਮਤ ਕੱਤਕ ਦੀ ਪੂਰਨਮਾਸ਼ੀ ਤੋਂ ਅਰੰਭ ਹੁੰਦਾ ਹੈ (ਹਾਲਾਂਕਿ ਇਹ ਠੀਕ ਨਹੀਂ ਹੈ ਕਿਉਂਕਿ ਬਹੁਤੇ ਵਿਦਵਾਨ ਗੁਰੂ ਨਾਨਕ ਦਾ ਜਨਮ ਕੱਤਕ ਦੀ ਬਜਾਇ ਵਸਾਖ ਵਿਚ ਮੰਨਦੇ ਹਨ ਅਤੇ ਖ਼ਾਲਸਾ ਸੰਮਤ ਪਹਿਲੀ ਵਸਾਖ ਤੋਂ ਅਰੰਭ ਹੁੰਦਾ ਹੈ। ਪੰਜਾਬ ਵਿਚ ਬਰਤਾਨਵੀ ਰਾਜ ਦੇ ਅਰੰਭ ਹੋਣ ਤੋਂ ਅਤੇ ਉਸ ਤੋਂ ਵੀ ਪਹਿਲਾਂ ਪਛਮੀ ਦੇਸਾਂ ਦੇ ਲਿਖਾਰੀਆਂ ਵੱਲੋਂ ਸਿੱਖਾਂ ਦੇ ਵਰਨਨ ਸਮੇਂ ਈਸਵੀ ਕੈਲੰਡਰ ਜ਼ਿਆਦਾ ਵਰਤੋਂ ਵਿਚ ਆਉਂਦਾ ਸੀ। ਦਸੰਬਰ ਵਿਚ 25 ਦਸੰਬਰ ਨੂੰ ਜੀਸਸ (ਹਜ਼ਰਤ ਈਸਾ) ਦੇ ਜਨਮ ਤੋਂ ਪਿੱਛੋਂ ਪਹਿਲੀ ਜਨਵਰੀ ਤੋਂ ਈਸਵੀ ਸੰਨ ਅਰੰਭ ਹੁੰਦਾ ਹੈ। ਇਹ 46 ਈ. ਪੂ. ਵਿਚ ਜੂਲੀਅਸ ਸੀਜਰ ਦੁਆਰਾ ਅਰੰਭ ਕੀਤੇ ਗਏ ਜੂਲੀਅਨ ਕੈਲੰਡਰ ਦਾ ਅਨੁਸਰਨ ਕਰਦਾ ਹੈ। ਇਸ ਨੇ ਸਾਲ ਦੇ 365 ਅਤੇ ਹਰ ਚੌਥੇ ਸਾਲ ਦੇ 366 ਦਿਨ ਮੁਕਰਰ ਕੀਤੇ ਹਨ ਅਤੇ ਇਹ ਉਦੋਂ ਤਕ ਚਾਲੂ ਰਿਹਾ ਜਦੋਂ ਤਕ ਪੋਪ ਗਰੇਗਰੀ VIII (ਦੇਹਾਂਤ 1187) ਦੇ ਨਾਂ ਤੇ ਚਲੇ ਸੋਧੇ ਹੋਏ ਗ੍ਰੇਗੋਰੀਅਨ ਕੈਲੰਡਰ ਨੇ ਇਸ ਦੀ ਥਾਂ ਨਹੀਂ ਲੈ ਲਈ। ਇਸ ਕੀਤੇ ਹੋਏ ਸੁਧਾਰ ਨੇ ਨਵਾਂ ਨਿਯਮ ਲਾਗੂ ਕਰ ਦਿੱਤਾ ਜਿਸ ਅਨੁਸਾਰ ਹਰ ਸਾਲ ਜਿਹੜਾ 4 ਨਾਲ ਵੰਡਿਆ ਜਾ ਸਕਦਾ ਹੈ 366 ਦਿਨਾਂ ਦਾ ਲੀਪ-ਸਾਲ ਹੋਵੇਗਾ। ਸ਼ਤਾਬਦੀਆਂ ਦੇ ਉਹ ਸਾਲ ਲੀਪ-ਸਾਲ ਹੋਣਗੇ ਜਿਹੜੇ 400 ‘ਤੇ ਵੰਡੇ ਜਾ ਸਕਣਗੇ। ਬਰਤਾਨੀਆ ਨੇ ਗ੍ਰੇਗੋਰੀਅਨ ਕੈਲੰਡਰ ਨੂੰ ਸਤੰਬਰ 1752 ਵਿਚ ਅਪਨਾਇਆ ਜਿਸ ਕਾਰਨ ਦੋਵਾਂ ਕੈਲੰਡਰਾਂ ਦੇ ਸਮੇਂ ਦਾ ਅੰਤਰ 11 ਦਿਨਾਂ ਤਕ ਵਧ ਗਿਆ। ਇਸ ਨੂੰ ਠੀਕ ਕਰਨ ਲਈ ਬਰਤਾਨਵੀ ਸਰਕਾਰ ਨੇ 2 ਸਤੰਬਰ 1752 ਨੂੰ ਆਏ ਬੁੱਧਵਾਰ ਦੇ ਅਗਲੇ ਦਿਨ ਨੂੰ 14 ਸਤੰਬਰ 1752 ਦਾ ਵੀਰਵਾਰ ਐਲਾਨ ਕਰ ਦਿੱਤਾ। ਇਸ ਤਬਦੀਲੀ ਨਾਲ ਸਿੱਖ (ਬਿਕਰਮੀ) ਕੈਲੰਡਰ ਉਤੇ ਅਸਰ ਪਿਆ। ਉਦਾਹਰਨ ਦੇ ਤੌਰ ਤੇ 1 ਵਸਾਖ 1752 ਬਿਕਰਮੀ 29 ਮਾਰਚ 1752 ਨੂੰ ਆਇਆ ਜਦੋਂ ਕਿ ਇਸ ਤੋਂ ਅਗਲੀ ਵਸਾਖੀ 9 ਅਪ੍ਰੈਲ 1753 ਨੂੰ ਆਈ। ਦੋਵਾਂ ਪ੍ਰਣਾਲੀਆਂ, ਪੱਛਮੀ ਜਾਂ ਈਸਵੀ ਅਤੇ ਭਾਰਤੀ ਜਾਂ ਬਿਕਰਮੀ ਵਿਚ ਸੂਰਜੀ ਸਾਲ ਦੀ ਲੰਬਾਈ ਵਿਚ ਅਜੇ ਵੀ ਅੰਤਰ ਹੈ। ਗ੍ਰੇਗੋਰੀਅਨ ਨਿਯਮਾਂ ਅਨੁਸਾਰ ਸੂਰਜੀ ਸਾਲ 365 ਦਿਨ 5 ਘੰਟੇ 49 ਮਿੰਟ 46 ਸੈਕਿੰਡਾਂ ਦਾ ਹੈ ਜਦੋਂ ਭਾਰਤੀ ਸੂਰਜੀ ਸਾਲ ਪੁਰਾਤਨ ਖਗੋਲ ਵਿਗਿਆਨੀ ਆਰਯ ਭੱਟ (ਈ. 476-520) ਦੀ ਗਿਣਤੀ ਦੇ ਹਿਸਾਬ 365 ਦਿਨ 6 ਘੰਟੇ 12 ਮਿੰਟ 30 ਸੈਕਿੰਡ ਦਾ ਹੈ। 60.67 ਸਾਲਾਂ ਵਿਚ 23 ਮਿੰਟ ਅਤੇ 44 ਸੈਕਿੰਡਾਂ ਦਾ ਲਗਾਤਾਰ ਫਰਕ ਪੂਰਾ ਇਕ ਦਿਨ ਦੇ ਬਰਾਬਰ ਹੋ ਜਾਂਦਾ ਹੈ। ਕ੍ਰਿਸ਼ਚੀਅਨ ਸਾਲ ਛੋਟਾ ਹੋਣ ਕਰਕੇ ਹਰ 60 ਜਾਂ 61 ਸਾਲਾਂ ਪਿੱਛੋਂ ਬਿਕਰਮੀ ਸਾਲ ਦੇ ਦਿਨਾਂ ਨਾਲੋਂ ਇਕ ਦਿਨ ਵੱਧ ਹੁੰਦਾ ਜਾਂਦਾ ਹੈ। ਇਹੀ ਕਾਰਣ ਹੈ ਕਿ ਵਸਾਖੀ ਜੋ 9 ਅਪ੍ਰੈਲ 1753 ਨੂੰ ਆਈ ਸੀ 1853 ਵਿਚ 11 ਅਪ੍ਰੈਲ ਅਤੇ 1987 ਵਿਚ 14 ਅਪ੍ਰੈਲ ਨੂੰ ਆਈ। ਅਜੋਕੇ ਤਾਰਾ ਵਿਗਿਆਨ ਅਨੁਸਾਰ ਪੂਰੀ ਤਰ੍ਹਾਂ ਠੀਕ 365.2422 ਦਿਨਾਂ ਵਾਲੇ ਸਾਲ ਨਾਲੋਂ ਗ੍ਰੇਗੋਰੀਅਨ ਸਾਲ ਮਾਮੂਲੀ ਜਿਹਾ ਲੰਮਾ ਹੈ। .0003 ਦਿਨਾਂ ਦੇ ਅੰਤਰ ਨੂੰ ਠੀਕ ਕਰਨ ਲਈ ਮਿਲੀਨਰੀ ਸਾਲ (ਹਜ਼ਾਰਵੇਂ ਸਾਲ) ਜਿਵੇਂ ਈਸਵੀ. 4000, 8000, 12000 ਆਦਿ ਨੂੰ ਪੂਰੇ 365 ਦਿਨਾਂ ਦਾ ਮੰਨ ਲਿਆ ਜਾਵੇ ਅਤੇ ਗ੍ਰੇਗੋਰੀਅਨ ਕੈਲੰਡਰ ਅਨੁਸਾਰ ਲੀਪ ਦੇ ਸਾਲ ਨਾ ਮੰਨਿਆ ਜਾਵੇ।
ਲੇਖਕ : ਭ.ਸ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11168, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First