ਸਿੱਖ ਧਰਮ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਸਿੱਖ ਧਰਮ: ਵੇਖੋ ‘ਪੰਥ ’।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 28644, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਸਿੱਖ ਧਰਮ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਿੱਖ ਧਰਮ : ਦੁਨੀਆਂ ਦੇ ਪ੍ਰਮੁਖ ਧਰਮਾਂ ਵਿਚੋਂ ਸਭ ਤੋਂ ਛੋਟੀ ਉਮਰ ਦਾ ਧਰਮ ਹੈ ਅਤੇ ਇਸ ਦੇ ਮੂਲ ਸਿਧਾਂਤਾਂ ਅਨੁਸਾਰ ਪੂਰੇ ਤੌਰ ਤੇ ਇਕੇਸ਼ਵਰਵਾਦੀ ਧਰਮ ਹੈ। ਇਸ ਦਾ ਜਨਮ ਪੰਜਾਬ ਵਿਚ ਗੁਰੂ ਨਾਨਕ (1469-1539) ਦੇ ਇਲਹਾਮ (ਅਗੰਮੀ ਗਿਆਨ) ਨਾਲ ਹੋਇਆ। ਭਾਵੇਂ ਸ਼ਬਦਾਵਲੀ ਪੱਖੋਂ ਅਤੇ ਕੁਝ ਇਕ ਦਾਰਸ਼ਨਿਕ ਧਾਰਨਾਵਾਂ ਦੇ ਪੱਖੋਂ ਬਾਕੀ ਭਾਰਤ ਵਿਚ ਪੈਦਾ ਹੋਏ ਧਰਮਾਂ ਅਤੇ ਇਸਲਾਮ ਦੇ ਇਹ ਕਾਫੀ ਨੇੜੇ ਹੈ ਪਰੰਤੂ ਆਪਣੇ ਪ੍ਰਮੁਖ ਸਿਧਾਂਤਾਂ ਦੇ ਪੱਖੋਂ ਇਹ ਇਕ ਨਿਵੇਕਲਾ ਅਤੇ ਸੁਤੰਤਰ ਧਰਮ ਹੈ। ਸਿੱਖ ਧਰਮ ਦੇ ਨਿਵੇਕਲੇਪਨ ਦਾ ਸਪਸ਼ਟ ਰੂਪ ਅਰੰਭ ਤੋਂ ਹੀ ਗੁਰੂ ਨਾਨਕ ਬਾਣੀ ਵਿਚ ਪ੍ਰਗਟ ਹੋਇਆ ਹੈ। ਬਾਣੀ ਕੋਈ ਤਰਤੀਬਵਾਰ ਤਿਆਰ ਕੀਤਾ ਹੋਇਆ ਨਿਬੰਧ ਨਹੀਂ , ਸਗੋਂ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਗੁਰੂ ਨਾਨਕ ਦੀ ਬਾਣੀ ਵਿਚ ਇਹ ਨਿਵੇਕਲਾਪਨ ਵੱਖ-ਵੱਖ ਥਾਵਾਂ ਤੇ ਉਪਲਬਧ ਹੈ ਅਤੇ ਇਸੇ ਵਿਚਾਰ ਨੂੰ ਬਾਕੀ ਨੌਂ ਗੁਰੂ ਸਾਹਿਬਾਨ ਦੀਆਂ ਜੀਵਨੀਆਂ ਅਤੇ ਰਚਨਾਵਾਂ ਭਾਵ ਬਾਣੀ ਰਾਹੀਂ ਉਜਾਗਰ ਕੀਤਾ ਗਿਆ ਹੈ, ਅਤੇ ਸੋਲ੍ਹਵੀਂ ਸਦੀ ਦੇ ਅਖੀਰ ਤਥਾ ਸਤਾਰ੍ਹਵੀਂ ਸਦੀ ਦੇ ਅਰੰਭ ਦੇ ਸਿੱਖ ਵਿਦਵਾਨਾਂ ਦੀਆਂ ਵਿਆਖਿਆਤਮਿਕ ਰਚਨਾਵਾਂ ਵਿਚ ਇਸਦਾ ਵਰਨਨ ਉਪਲਬਧ ਹੈ। ਸਿੱਖ ਧਰਮ ਇਕ ਦਾਰਸ਼ਨਿਕ ਪੱਧਤੀ ਹੀ ਨਹੀਂ ਹੈ ਇਸਦਾ ਆਪਣਾ ਇਕ ਵੱਖਰਾ ਜੀਵਨ ਢੰਗ ਅਤੇ ਸਭਿਆਚਾਰਿਕ ਜੀਵਨ ਸ਼ੈਲੀ ਹੈ ਜੋ ਸ਼ਬਦ ‘ਸਿੱਖ ਪੰਥ` ਤੋਂ ਪ੍ਰਗਟ ਹੁੰਦੀ ਹੈ।

    ਵਿਓਤਪੱਤੀ ਪਖੋਂ ਸਿੱਖ ਸ਼ਬਦ ਸੰਸਕ੍ਰਿਤ ਸ਼ਿਸ਼ਯ ਤੋਂ ਨਿਕਲਿਆ ਹੈ ਜੋ ‘ਸ਼ਿਸ` ਜਾਂ ਸ਼ਾਸ` ਤੋਂ ਬਣਿਆ ਹੈ ਜਿਸਦਾ ਅਰਥ ਹੈ ਠੀਕ, ਸ਼ੁੱਧ , ਠੀਕ ਕਰਨਾ, ਗਿਆਨ ਪ੍ਰਦਾਨ ਕਰਨਾ, ਅਤੇ ਆਦੇਸ਼ ਦੇਣਾ। ਪਾਲੀ ਭਾਸ਼ਾ ਵਿਚ ਸ਼ਿਸ਼ਯ (ਇਕ ਵਿਦਿਆਰਥੀ, ਵਿਦਵਾਨ, ਅਤੇ ਅਨੁਯਾਈ) ਸਿੱਸ ਅਤੇ ਪਿਛੋਂ ਜਾ ਕੇ ‘ਸੇਖ` ਜਾਂ ਸੇੱਖਾ ਬਣ ਗਿਆ ਜਿਸਦਾ ਅਰਥ ਹੈ ਵਿਦਿਆਰਥੀ ਜਾਂ ਧਾਰਮਿਕ ਸਿਧਾਂਤਾਂ ਵਿਚ ਸਿਖਾਂਦਰੂ (ਸੰਸਕ੍ਰਿਤ ਸ਼ਿਕਸ਼ਾ ਅਤੇ ਪਾਲੀ ਵਿਚ ਸਿੱਖਾ)। ਪੰਜਾਬੀ ਵਿਚ ਇਹ ਸ਼ਬਦ ਸਿੱਖ ਹੈ ਜੋ ਹੁਣ ਸੰਸਾਰ ਪੱਧਰ ਤੇ ਗੁਰੂ ਨਾਨਕ ਦੇਵ ਜੀ ਦੇ ਅਤੇ ਉਹਨਾਂ ਦੇ ਨੌ ਗੱਦੀਨਸ਼ੀਨਾਂ ਦੀਆਂ ਸਿੱਖਿਆਵਾਂ ਜਿਹੜੀਆਂ ਧਾਰਮਿਕ ਗ੍ਰੰਥ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ ਦੇ ਅਨੁਯਾਈਆਂ ਵਜੋਂ ਜਾਣੇ ਜਾਂਦੇ ਹਨ। ਇਸ ਤਰ੍ਹਾਂ ਇਹਨਾਂ ਦੇ ਮੰਨਣ ਵਾਲੇ ਧਰਮ ਨੂੰ ‘ਸਿੱਖ ਧਰਮ` ਕਿਹਾ ਜਾਂਦਾ ਹੈ। ਸਿੱਖ ਸੰਸਾਰ ਵਿਚ ਹਰ ਥਾਂ ਫ਼ੈਲੇ ਹੋਏ ਹਨ ਅਤੇ ਇਹ ਵਿਸ਼ੇਸ਼ ਕਰਕੇ ਉੱਤਰੀ ਭਾਰਤ ਵਿਚ ਕਾਫ਼ੀ ਗਿਣਤੀ ਵਿਚ ਵੱਸੇ ਹੋਏ ਹਨ। 1991 ਦੀ ਜਨ ਗਣਨਾ ਅਨੁਸਾਰ ਭਾਰਤ ਵਿਚ ਸਿੱਖਾਂ ਦੀ ਕੁੱਲ ਗਿਣਤੀ ਇਕ ਕਰੋੜ ਸੱਤਰ ਲੱਖ ਹੈ ਜਿਸ ਵਿਚੋਂ 85 ਪ੍ਰਤੀਸ਼ਤ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਰਹਿੰਦੇ ਹਨ ਜਿਹੜਾ 1966 ਤਕ ਇਕ ਹੀ ਸੂਬਾ ਸੀ ਜਿਸ ਨੂੰ ਪੰਜਾਬ ਕਹਿੰਦੇ ਸਨ। ਪੰਜਾਬ ਦੇ ਮੌਜੂਦਾ ਰਾਜ ਅੰਦਰ ਜਿਸ ਵਿਚ ਇਹ ਇਕ ਕਰੋੜ ਵੀਹ ਲੱਖ ਹਨ ਇਹ 62.95 ਪ੍ਰਤੀਸ਼ਤ ਦੀ ਗਿਣਤੀ ਵਿਚ ਮੌਜੂਦ ਹਨ।

    ਸਿੱਖ ਧਰਮ ਵਿਚ ਸਭ ਤੋਂ ਪਹਿਲੀ ਤਾਰੀਖ਼ 1469 ਉਹ ਸਾਲ ਹੈ ਜਦੋਂ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ। ਉਹਨਾਂ ਦੇ ਪਰੰਪਰਾਗਤ ਜੀਵਨ ਬਿਰਤਾਂਤ ਜਨਮ ਸਾਖੀਆਂ ਮੁਤਾਬਿਕ, ਗੁਰੂ ਜੀ ਬਚਪਨ ਤੋਂ ਹੀ ਚਿੰਤਨਸ਼ੀਲ ਸਨ ਅਤੇ ਵੱਖ-ਵੱਖ ਫਿਰਕਿਆਂ ਦੇ ਸਾਧੂ ਸੰਤਾਂ ਦੀ ਸੰਗਤ ਕਰਨੀ ਪਸੰਦ ਕਰਦੇ ਸਨ। ਪੰਦਰ੍ਹਵੀਂ ਸਦੀ ਦੇ ਅੰਤ ਵਿਚ ਜਦੋਂ ਇਹਨਾਂ ਨੂੰ ਪਰਮਾਤਮਾ ਦੀ ਰਹਸਾਤਮਿਕ ਅਨੁਭੂਤੀ ਹੋਈ ਤਾਂ ਉਸ ਵੇਲੇ ਤਕ ਆਪ ਜੀ ਦੀ ਸ਼ਾਦੀ ਹੋ ਚੁੱਕੀ ਸੀ ਅਤੇ ਦੋ ਪੁੱਤਰਾਂ ਨੇ ਆਪ ਜੀ ਦੇ ਘਰ ਜਨਮ ਲਿਆ ਹੋਇਆ ਸੀ। ਇਸ ਪਰਮਾਤਮਾ ਨੂੰ ਆਪ ਨਿਰੰਕਾਰ ਕਹਿੰਦੇ ਸਨ। ਇਸ ਪਿੱਛੋਂ ਇਹਨਾਂ ਨੂੰ ਜਿਸ ‘ਸ਼ਬਦ` ਦਾ ਗਿਆਨ ਹੋਇਆ ਸੀ ਉਸ ਦਾ ਪ੍ਰਚਾਰ ਕਰਨ ਲਈ ਇਹ ਦੂਰ ਦੁਰਾਡੇ ਦੇਸਾਂ ਵਿਚ ਗਏ।

    ਗੁਰੂ ਨਾਨਕ ਦੇਵ ਜੀ ਅਨੁਸਾਰ ਪਰਮਾਤਮਾ ਇਕ ਹੈ ਅਤੇ ਇਕ ਹੀ ਪਰਮ ਸੱਚ ਹੈ। ਪਰਮਾਤਮਾ ਇਸ ਦੁਨੀਆਂ ਦਾ ਰਚਨਹਾਰ, ਸੰਭਾਲਣ ਵਾਲਾ, ਖ਼ਤਮ ਕਰਨ ਵਾਲਾ ਅਤੇ ਮਾਦਾ (ਪਦਾਰਥ) ਦੀ ਹੋਂਦ ਨੂੰ ਮੁੜ ਪੈਦਾ ਕਰਨ ਵਾਲਾ ਹੈ ਪਰੰਤੂ ਪਰਮਾਤਮਾ ਨੂੰ ਕੋਈ ਪੈਦਾ ਕਰਨ ਵਾਲਾ ਨਹੀਂ ਹੈ; ਉਹ ਅਜੂਨੀ ਹੈ ਅਤੇ ਉਸ ਦੀ ਹੋਂਦ ਆਪਣੇ ਆਪ ਤੋਂ ਹੀ ਹੈ ਭਾਵ ਉਹ ਸੈਭੰ ਹੈ। ਦਰਅਸਲ ਰਚਨਹਾਰ ਆਪਣੀ ਰਚਨਾ ਤੋਂ ਵੱਖ ਨਹੀਂ ਹੈ ਸਗੋਂ ਇਸ ਨਾਲ ਇਕ-ਮਿਕ ਹੈ। ਸਾਰੀ ਮਾਦਾ ਹੋਂਦ ਉਸ ਪਰਮਾਤਮਾ ਤੋਂ ਪੈਦਾ ਹੁੰਦੀ ਹੈ ਅਤੇ ਉਸੇ ਦਾ ਪ੍ਰਗਟਾਵਾ ਹੈ। ਇਸ ਦੀ ਦਿਸਣ ਵਾਲੀ ਭਿੰਨਤਾ ਦਾ ਇਹ ਅਰਥ ਨਹੀਂ ਕਿ ਉਹ ਇਕ ਸੰਪੂਰਨਤਾ ਨਹੀਂ ਹੈ। ਪਰਮਾਤਮਾ ਸਰਬੋਤਮ ਸੱਚ ਦੇ ਰੂਪ ਵਿਚ ਆਪਣੀ ਰਚਨਾ ਵਿਚ ਬਿਰਾਜਮਾਨ ਹੈ ਪਰੰਤੂ ਇਸ ਰਾਹੀਂ ਸੀਮਾਬੱਧ ਨਹੀਂ; ਪਰਮਾਤਮਾ ਇਸ ਤੋਂ ਪਰ੍ਹਾਂ ਵੀ ਹੈ; ਉਹ ਅਕਾਲ ਅਤੇ ਅਸੀਮ ਹੈ ਅਤੇ ਸਮੇਂ ਅਤੇ ਸਥਾਨ ਤੋਂ ਵੀ ਅੱਗੇ ਹੈ।

    ਸਿੱਖ ਧਰਮ ਗ੍ਰੰਥ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਰਬੋਤਮ ਸੱਚ ਪਰਮਾਤਮਾ ਦਾ ਸੰਕਲਪ ਕ੍ਰਿਆਸ਼ੀਲ ਅਤੇ ਜੀਵੰਤ ਹੀ ਨਹੀਂ ਹੈ ਸਗੋਂ ਕਈ ਅਨੇਕਤਾਵਾਂ ਜਿਵੇਂ ਨਿਰਗੁਣ ਅਤੇ ਸਰਗੁਣ, ਸਰਬਵਿਆਪਕਤਾ ਅਤੇ ਅਗੋਚਰਤਾ ਉਸ ਵਿਚ ਹੀ ਸਮਾਈਆਂ ਹੋਈਆਂ ਹਨ। ਉਹ ਪਰਮਾਤਮਾ ਨਿਰਗੁਣ ਭਾਵ ਗੁਣਾਂ ਤੋਂ ਪਰੇ ਹੈ ਪਰ ਫਿਰ ਵੀ ਉਹ ਸਰਗੁਣ ਭਾਵ ਗੁਣਾਂ ਨਾਲ ਭਰਪੂਰ ਵੀ ਹੈ ਕਿਉਂਕਿ ਪ੍ਰਗਟ ਰੂਪ ਵਿਚ ਇਹ ਸਾਰੇ ਗੁਣ ਉਸ ਪਰਮਾਤਮਾ ਦੇ ਹੀ ਹਨ। ਨਾਲ ਹੀ ਨਾਲ ਪਰਮਾਤਮਾ ਅੰਤਿਮ ਸੱਚਾਈ ਦੇ ਰੂਪ ਵਿਚ ਆਪਣੇ ਆਪ ਨੂੰ ਕਿਸੇ ਖਾਸ ਮੂਰਤ ਰੂਪ ਵਿਚ ਸੀਮਿਤ ਨਹੀਂ ਕਰਦਾ। ਸਿੱਖ ਧਰਮ ਸਾਫ਼ ਤੌਰ ਤੇ ਅਵਤਾਰਵਾਦ ਅਤੇ ਮੂਰਤੀ ਪੂਜਾ ਦਾ ਖੰਡਨ ਕਰਦਾ ਹੈ।

    ਗੁਰੂ ਸਾਹਿਬਾਨਾਂ ਲਈ ਪਰਮਾਤਮਾ ਇਕ ਸੁਸਪਸ਼ਟ ਹੋਂਦ ਸੀ। ਉਹ ਪਰਮਾਤਮਾ ਦੇ ਪ੍ਰੇਮ ਵਿਚ ਇਤਨੇ ਭਿੱਜੇ ਹੋਏ ਸਨ ਕਿ ਉਹ ਇਸ ਗੱਲ ਦੀ ਕਲਪਨਾ ਤਕ ਨਹੀਂ ਕਰਦੇ ਕਿ ਪਰਮਾਤਮਾ ਦੀ ਹੋਂਦ ਬਾਰੇ ਕੋਈ ਸ਼ਕ ਹੋ ਸਕਦਾ ਹੈ ਪਰ ਇਹ ਵੀ ਸੱਚਾਈ ਹੈ ਕਿ ਮਨੁੱਖ ਸਮੁੱਚੀ ਹੋਂਦ ਦਾ ਇਕ ਕਿਣਕਾ ਮਾਤਰ ਹੋਣ ਕਰਕੇ ਸਮੁੱਚੇ ਸੱਚ ਨੂੰ ਜਾਣਨ ਦੇ ਸਮਰੱਥ ਨਹੀਂ ਹੈ। ਸਮੁੱਚੇ ਸੱਚ ਦੇ ਰੂਪ ਵਿਚ ਪਰਮ ਤੱਤ ਨੂੰ ਜਾਣਿਆ ਨਹੀਂ ਜਾ ਸਕਦਾ। ਅੰਮ੍ਰਿਤ ਵੇਲੇ ਦੀ ਨਿਤਨੇਮ ਦੀਆਂ ਬਾਣੀਆਂ ਵਿਚੋਂ ਇਕ ਲੰਮੀ ਬਾਣੀ ‘ਜਪੁ` ਵਿਚ ਗੁਰੂ ਨਾਨਕ ਦੇਵ ਕਹਿੰਦੇ ਹਨ: ‘ਜੇ ਹਉ ਜਾਣਾ ਆਖਾ ਨਾਹੀ ਕਹਣਾ ਕਥਨੁ ਨ ਜਾਈ`।(ਗੁ.ਗ੍ਰੰ. 2) ਇਕ ਹੋਰ ਜਗ੍ਹਾ ਤੇ ਗੁਰੂ ਜੀ ਇਕ ਕਾਵਿਕ ਬਿੰਬ ਦੀ ਵਰਤੋਂ ਕਰਦੇ ਹੋਏ ਦਸਦੇ ਹਨ, “ਤੂ ਦਰੀਆਉ ਦਾਨਾ ਬੀਨਾ ਮੈਂ ਮਛੁਲੀ ਕੈਸੇ ਅੰਤੁ ਲਹਾ ।” (ਗੁ.ਗ੍ਰੰ.25)। ਫਿਰ ਵੀ ਵਿਅਕਤੀ ਪਰਮਾਤਮਾ ਰੂਪੀ ਅਸੀਮ ਰੋਸ਼ਨੀ ਦੀ ਇਕ ਛੋਟੀ ਜਿਹੀ ਕਿਰਨ ਹੈ ਜਿਹੜੀ ਹਮੇਸ਼ਾ ਲਈ ਇਸ ਸ੍ਰੋਤ ਨਾਲ ਜੁੜੀ ਹੋਈ ਹੈ ਅਤੇ ਇਸ ਤਰ੍ਹਾਂ ਭਾਵੇਂ ਅਸਪਸ਼ਟ ਰੂਪ ਵਿਚ ਹੀ ਸਹੀ ਇਹ ਉਸ ਦੀ ਹੋਂਦ ਨੂੰ ਮਹਿਸੂਸ ਕਰ ਸਕਦੀ ਹੈ ਅਤੇ ਜਾਣ ਸਕਦੀ ਹੈ। ਗੁਰੂ ਸਾਹਿਬਾਨ ਅਕਸਰ ਪਰਮਾਤਮਾ ਅਤੇ ਮਨੁੱਖ ਦੇ ਸੰਬੰਧ ਨੂੰ ਦਰਸਾਉਣ ਲਈ ਸੂਰਜ ਅਤੇ ਕਿਰਨ ਦੇ ਬਿੰਬ ਦੀ ਵਰਤੋਂ ਕਰਦੇ ਹਨ। ਗੁਰੂ ਜੀ ਆਤਮਾ ਨੂੰ ਇਕ ਕਿਰਨ ਦੇ ਤੌਰ ਤੇ ਪਰਵਾਨ ਕਰਦੇ ਹਨ ਜਿਸ ਰਾਹੀਂ ਪਰਮਾਤਮਾ ਜੀਵਾਂ ਵਿਚ ਵਿਅਕਤੀਗਤ ਰੂਪ ਵਿਚ ਵੱਸਦਾ ਹੈ। ਪਰਮਾਤਮਾ ਦਾ ਗਿਆਨ ਪ੍ਰਾਪਤ ਕਰਨ ਲਈ ਆਤਮਾ ਨੂੰ ਸੁਚੇਤ ਅਤੇ ਗਿਆਨਵਾਨ ਹੋਣਾ ਪਏਗਾ; ਇਹ ਗੁਰੂ ਦੀ ਅਗਵਾਈ ਵਿਚ ਨਿੱਜੀ ਯਤਨ ਨਾਲ ਸੰਭਵ ਹੈ ਪਰੰਤੂ ਇਸ ਤੋਂ ਇਲਾਵਾ ਇਹ ਪਰਮਾਤਮਾ ਦੀ ਮਿਹਰ ਨਦਰ ਜਾਂ ਕਰਮ(ਬਖ਼ਸ਼ਸ਼) ਰਾਹੀਂ ਪ੍ਰਾਪਤ ਕੀਤਾ ਜਾ ਸਕਦਾ ਹੈ। ਪਰਮਾਤਮਾ ਨੂੰ ਜਾਣਨਾ ਅਤੇ ਪਰਮਾਤਮਾ ਨਾਲ ਮੇਲ ਹੋਣਾ ਇਕ ਹੀ ਗੱਲ ਹੈ; ਉਸ ਨਾਲ ਇਕ-ਮਿਕ ਹੋਣਾ, ਵਿਅਕਤੀਗਤ ਆਤਮਾ ਨੂੰ ਪਰਮਾਤਮਾ ਵਿਚ ਅਭੇਦ ਕਰ ਲੈਣਾ , ਪਰਮਾਤਮਾ ਨੂੰ ਪਾਉਣਾ ਇਕ ਅਧਿਆਤਮਿਕ ਅਨੁਭਵ ਹੈ। ਇਹ ਰੱਬੀ ਇਲਹਾਮ ਹੈ ਜਿਹੜਾ ਅਨੁਭਵ ਅਤੇ ਦੈਵੀ ਬਖਸ਼ਸ਼ ਦੁਆਰਾ ਪ੍ਰਾਪਤ ਹੁੰਦਾ ਹੈ। ਕਿਸੇ ਕਿਸਮ ਦਾ ਤਰਕ-ਵਿਤਰਕ ਇਥੇ ਸਫ਼ਲ ਨਹੀਂ ਹੁੰਦਾ। ਕਿਉਂਕਿ ਕਿਸੇ ਇਕ ਵਿਚਾਰ ਦੇ ਵਿਰੁੱਧ ਹੋਰ ਤਰਕ ਪੇਸ਼ ਕੀਤਾ ਜਾ ਸਕਦਾ ਹੈ ਜਿਸਦਾ ਕੋਈ ਅੰਤ ਨਹੀਂ ਹੈ। ਇਸ ਲਈ ਸਾਧਕ ਲਈ ਜ਼ਰੂਰੀ ਹੈ ਕਿ ਉਹ ਨਿਮਰਤਾ ਨਾਲ ਅਰਦਾਸ ਕਰੇ ਅਤੇ ਸ਼ਰਧਾ ਨਾਲ ਉਸ ਪਰਮਾਤਮਾ ਦਾ ਸਿਮਰਨ ਕਰੇ ਜਾਂ ਸ਼ਬਦ ਦਾ ਧਿਆਨ ਧਰੇ। ਇਸ ਕਿਸਮ ਦੇ ਕਿਸੇ ਵੀ ਯਤਨ ਲਈ ਸਿੱਖ ਧਰਮ ਤਪੱਸਿਆ ਜਾਂ ਸੰਸਾਰ ਤਿਆਗ ਦੀ ਤਜਵੀਜ਼ ਨਹੀਂ ਕਰਦਾ। ਇਹ ਵਿਅਕਤੀ ਨੂੰ ਘਰਬਾਰੀ ਰਹਿੰਦਿਆਂ ਹੋਇਆਂ ਨਿਮਰਤਾ, ਅਰਦਾਸ, ਸ਼ਰਧਾ ਅਤੇ ਸਿਮਰਨ ਦਾ ਅਭਿਆਸ ਕਰਨ ਉਤੇ ਜ਼ੋਰ ਦਿੰਦਾ ਹੈ। ਸ੍ਰਿਸ਼ਟੀ ਨੂੰ ਝੂਠਾ ਸਮਝ ਕੇ ਤਿਆਗਣ ਦਾ ਅਰਥ ਪਰਮਾਤਮਾ ਦੇ ਕੀਤੇ ਕਾਰਜ ਨੂੰ ਝੁਠਲਾਉਣਾ ਹੈ।

    ਸਮੇਂ ਅਤੇ ਸਥਾਨ ਵਿਚ ਪੈਦਾ ਕੀਤੀ ਇਹ ਦੁਨੀਆਂ ਪਰਮਾਤਮਾ ਦੀ ਰਚਨਾ ਹੈ। ਇਹ ਸੰਸਾਰ ਅਸਲੀ ਹੈ ਸੱਚਾ ਹੈ ਕਿਉਂਕਿ ਉਹ ਪਰਮਾਤਮਾ ਆਪ ਸਤਿ ਹੈ। ਇਸ ਸਬੰਧ ਵਿਚ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ, ‘ਆਪਿ ਸਤਿ ਕੀਆ ਸਭੁ ਸਤਿ॥ ਤਿਸੁ ਪ੍ਰਭ ਤੇ ਸਗਲੀ ਉਤਪਤਿ॥` (ਗੁ.ਗ੍ਰੰ.294)। ਸਿੱਖ ਧਰਮ ਵਿਚ ਕਿਉਂ, ਕਦੋਂ ਅਤੇ ਕਿਵੇਂ ਸੰਸਾਰ ਹੋਂਦ ਵਿਚ ਆਇਆ ਨੂੰ ਤਰਕ ਦਾ ਵਿਸ਼ਾ ਨਹੀਂ ਬਣਾਇਆ ਗਿਆ ਅਤੇ ਨਾ ਹੀ ਤਰਕ ਵਿਤਰਕ ਨੂੰ ਇਤਿਹਾਸਿਕ ਅਤੇ ਵਿਗਿਆਨਿਕ ਖੋਜ ਦਾ ਵਿਸ਼ਾ ਬਣਾਇਆ ਗਿਆ ਹੈ। ਪਰਮਾਤਮਾ ਸੰਸਾਰ ਦੀ ਰਚਨਾ ਕਰਦਾ ਹੈ ਜਦੋਂ ਉਸਦੇ ਮਨ ਵਿਚ ਇਸ ਦੀ ਰਚਨਾ ਕਰਨ ਦੀ ਇੱਛਾ ਹੁੰਦੀ ਹੈ ਅਤੇ ਜਦੋਂ ਉਹ ਚਾਹੁੰਦਾ ਹੈ ਇਸਦਾ ਅੰਤ ਕਰ ਦਿੰਦਾ ਹੈ। ਗੁਰੂ ਅਰਜਨ ਦੇਵ ਜੀ ਅਗੇ ਫਿਰ ਦਸਦੇ ਹਨ ਕਰਤੇ ਕੀ ਮਿਤਿ ਨਾ ਜਾਨੈ ਕੀਆ॥ ਨਾਨਕ ਜੋ ਤਿਸੁ ਭਾਵੈ ਸੋ ਵਰਤੀਆ॥(ਗੁ.ਗ੍ਰੰ.285)। ਅਗੇ ਹੋਰ ਹੈ: ‘ਆਪਨ ਖੇਲੁ ਆਪਿ ਕਰਿ ਦੇਖੈ॥ ਖੇਲੁ ਸੰਕੋਚੈ ਤਉ ਨਾਨਕ ਏਕੈ॥(ਗੁ.ਗ੍ਰੰ. 292)। ਪਰਮਾਤਮਾ ਦੇ ਇਸ ਤਰ੍ਹਾਂ ਸੰਸਾਰ ਰਚਨ ਅਤੇ ਫਿਰ ਸਮੇਟ ਕੇ ਆਪਣੇ ਵਿਚ ਸਮੋ ਲੈਣ ਨੂੰ ਗੁਰੂ ਗੋਬਿੰਦ ਸਿੰਘ ਜੀ ਉਦਕਰਖ (ਸੰਸਕ੍ਰਿਤ ਉਤਕਰਸ਼ਣ) ਅਤੇ ਆਕਰਖ (ਸੰਸਕ੍ਰਿਤ ਆਕਰਸ਼ਨ) ਸ਼ਬਦਾਂ ਦੀ ਵਰਤੋਂ ਕਰਦੇ ਹਨ। ਗੁਰੂ ਜੀ ਫੁਰਮਾਉਂਦੇ ਹਨ ਕਿ ਜਦੋਂ ਪਰਮਾਤਮਾ ਨੇ ਚਾਹਿਆ ਤਾਂ ‘ਉਦਕਰਖ` ਰਾਹੀਂ ਸੰਸਾਰ ਦੀ ਰਚਨਾ ਕਰ ਦਿਤੀ ਅਤੇ ਜਦੋਂ ਉਸਨੇ ਚਾਹਿਆ ਤਾਂ ‘ਆਕਰਖ` ਰਾਹੀਂ ਸਾਰੀ ਰਚਨਾ ਉਸੇ ਪਰਮਾਤਮਾ ਵਿਚ ਸਮਾ ਗਈ (ਬੇਨਤੀ ਚਉਪਈ)। ਸੰਸਾਰ ਕਦੋਂ ਪੈਦਾ ਹੋਇਆ ਬਾਰੇ ਗੁਰੂ ਜੀ ਕਹਿੰਦੇ ਹਨ, ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ॥ ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ॥(ਗੁ.ਗ੍ਰੰ. 4)। ਇਕ ਹੋਰ ਜਗ੍ਹਾ ਗੁਰੂ ਨਾਨਕ ਦੇਵ ਜੀ ਮਾਰੂ ਸੋਲਹਿਆਂ ਵਿਚ ਸੰਸਾਰ ਰਚਨਾ ਤੋਂ ਪੂਰਵ ਦੀ ਸਥਿਤੀ ਦਾ ਬਿਆਨ ਕਰਦੇ ਹੋਏ ਦਸਦੇ ਹਨ:

    ਅਰਬਦ ਨਰਬਦ ਧੁੰਧੂਕਾਰਾ। ਧਰਣਿ ਨ ਗਗਨਾ ਹੁਕਮੁ ਅਪਾਰਾ॥

    ਨਾ ਦਿਨੁ ਰੈਨਿ ਨ ਚੰਦੁ ਨ ਸੂਰਜੁ ਸੁੰਨ ਸਮਾਧਿ ਲਗਾਇਦਾ॥1॥

    ਖਾਣੀ ਨ ਬਾਣੀ ਪਉਣ ਨ ਪਾਣੀ ।ਓਪਤਿ ਖਪਤਿ ਨ ਆਵਣ ਜਾਣੀ॥

    ਖੰਡ ਪਤਾਲ ਸਪਤ ਨਹੀਂ ਸਾਗਰ ਨਦੀ ਨ ਨੀਰੁ ਵਹਾਇਦਾ॥ ......

    ਆਪੇ ਆਪਿ ਉਪਾਇ ਵਿਗਸੈ ਆਪੇ ਕੀਮਤਿ ਪਾਇਦਾ...॥

    ਅੰਤ ਵਿਚ ਗੁਰੂ ਜੀ ਕਹਿੰਦੇ ਹਨ,

    ਤਾ ਕਾ ਅੰਤੁ ਨ ਜਾਣੈ ਕੋਈ॥ ਪੁਰੇ ਗੁਰ ਤੇ ਸੋਝੀ ਹੋਈ॥

      ਨਾਨਕ ਸਾਚਿ ਰਤੇ ਬਿਸਮਾਦੀ ਬਿਸਮ ਭਏ ਗੁਣ ਗਾਇਦਾ (ਗੁ.ਗ੍ਰੰ. 1035-36)

    ਪਰਮਾਤਮਾ ਦੁਆਰਾ ਰਚਿਆ ਹੋਇਆ ਇਹ ਸੰਸਾਰ ਮਾਇਆ ਨਹੀਂ ਹੈ। ਇਹ ਕੇਵਲ ਸੱਚਾ ਹੀ ਨਹੀਂ ਹੈ ਸਗੋਂ ਇਹ ਪਵਿੱਤਰ ਵੀ ਹੈ ਕਿਉਂਕਿ ਗੁਰੂ ਅੰਗਦ ਦੇਵ ਜੀ ਦੇ ਸ਼ਬਦਾਂ ਵਿਚ ਇਹ ਜਗੁ ਸਚੈ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ॥(ਗੁ.ਗ੍ਰੰ.463)।

    ਤੀਸਰੇ ਗੁਰੂ, ਗੁਰੂ ਅਮਰ ਦਾਸ ਜੀ ਇਸ ਸੰਸਾਰ ਨੂੰ ਪਰਮਾਤਮਾ ਨਾਲ ਇਕ-ਮਿਕ ਦਸਦੇ ਹਨ, ‘ਏਹੁ ਵਿਸੁ ਸੰਸਾਰੁ ਤੁਮ ਦੇਖਦੇ ਏਹ ਹਰਿ ਕਾ ਰੂਪੁ ਹੈ ਹਰਿ ਰੂਪੁ ਨਦਰੀ ਆਇਆ॥(ਗੁ.ਗ੍ਰੰ.922)। ਇਕ ਹੋਰ ਜਗ੍ਹਾ ਤੇ ਇਸ ਸੰਸਾਰ ਨੂੰ ਝੂਠਾ, ਧੋਖਾ , ਸੁਪਨਾ ਜਾਂ ਪਾਣੀ ਦਾ ਬੁਲਬੁਲਾ ਬਿਆਨਿਆ ਗਿਆ ਹੈ। ਇਸ ਦਿਸਦੇ ਵਿਰੋਧਾਭਾਸ ਨੂੰ ਸਤਿ (ਸੁੱਚਾ) ਅਤੇ ਅਸਤਿ (ਝੂਠਾ) ਨੂੰ ਦੋਹਰੇ ਅਰਥਾਂ ਵਿਚ ਪੇਸ਼ ਕਰਕੇ ਦੂਰ ਕੀਤਾ ਗਿਆ ਹੈ। ਸਤ ਦਾ ਅਰਥ ਸੱਚਾ, ਅਸਲੀ, ਵਾਸਤਵ, ਜਿਸਦੀ ਪੁਸ਼ਟੀ ਹੋ ਸਕੇ , ਅਸਲ ਜੋ ਅਸਤਿ, ਜਾਂ ਕਾਲਪਨਿਕ ਨਾ ਹੋਵੇ; ਇਸਦਾ ਅਰਥ ਨਿਰੰਤਰ, ਯਕੀਨਨ, ਸਪਸ਼ਟ, ਪੱਕਾ , ਜੋ ਅਬਦਲ ਹੋਵੇ ਵੀ ਕੀਤਾ ਗਿਆ ਹੈ। ਮਾਦਾ ਜਾਂ ਰਚੇ ਹੋਏ ਸੰਸਾਰ ਦੇ ਕੁਝ ਮੁੱਖ ਨਿਰਧਾਰਿਤ ਗੁਣ ਹਨ ਜਿਹੜੇ ਉਪਰ ਪਹਿਲਾਂ ਦੱਸੇ ਗਏ ਹਨ ਅਤੇ ਇਹ ਗੁਣ ਬਾਅਦ ਵਾਲੇ ਗੁਣਾਂ ਨਾਲ ਮੇਲ ਨਹੀਂ ਖਾਂਦੇ।ਕਿਉਂਕਿ ਇਹ ਕਾਲਪਨਿਕ ਨਹੀਂ ਹੈ ਇਸ ਲਈ ਇਹ ਸੱਚ ਹੈ ਅਤੇ ਦਰਅਸਲ ਇਹ ਪਰਮਾਤਮਾ ਦਾ ਹੀ ਪ੍ਰਤੀਬਿੰਬ ਹੈ। ਇਸ ਤਰ੍ਹਾਂ ਹੀ ਆਤਮਾਵਾਂ ਬ੍ਰਹਿਮੰਡੀ ਆਤਮਾ ਦਾ ਲਘੁ ਨਮੂਨਾ ਹਨ ਜੋ ਵਾਸਤਵ ਵਿਚ ਬ੍ਰਹਿਮੰਡ ਤੋਂ ਵੀ ਪਰ੍ਹਾਂ ਹੈ। ਪਰੰਤੂ ਸਰੀਰ ਜਿਹੜੇ ਇਹਨਾਂ ਆਤਮਾਵਾਂ ਅਤੇ ਪਰਮਾਤਮਾ ਦਾ ਨਿਵਾਸ ਅਸਥਾਨ ਹਨ ਛਿੰਨਭੰਗਰ, ਬਦਲਵੇਂ ਅਤੇ ਹਮੇਸ਼ਾਂ ਰੂਪ ਵਟਾਉਣ ਵਾਲੇ ਹਨ। ਇਹਨਾਂ ਅਰਥਾਂ ਵਿਚ ਗੁਰੂ ਨਾਨਕ ਦੇਵ ਜੀ ਇਸ ਸੰਸਾਰ ਵਿਚ ਰਹਿਣ ਵਾਲਿਆਂ ਅਤੇ ਸੰਸਾਰ ਨੂੰ ਅਤੇ ਮਨੁੱਖੀ ਸੰਬੰਧਾਂ ਨੂੰ ਝੂਠਾ ਦਸਦੇ ਹੋਏ ਕਹਿੰਦੇ ਹਨ, ‘ਕਿਸੁ ਨਾਲਿ ਕੀਚੈ ਦੋਸਤੀ ਸਭ ਜਗ ਚਲਣਹਾਰ॥`(ਗੁ.ਗ੍ਰੰ. 468)। ਸਿੱਖ ਧਰਮ ਦੇ ਗ੍ਰੰਥ, ਗੁਰੂ ਗ੍ਰੰਥ ਸਾਹਿਬ ਵਿਚ ਕਿਸੇ ਹੋਰ ਥਾਂ ਤੇ ਦੁਨੀਆਂ ਨੂੰ ਝੂਠ , ਧੋਖਾ, ਸੁਪਨਾ, ਪਾਣੀ ਦਾ ਬੁਲਬੁਲਾ, ਰੇਤ ਦੀ ਕੰਧ , ਭੱਜਣਹਾਰ ਕਿਹਾ ਗਿਆ ਹੈ। ਇਸ ਲਈ ਸਿੱਖ ਧਰਮ ਅਨੁਸਾਰ ਸੰਸਾਰ ਦਵੰਦਾਤਮਿਕ ਸੱਚ ਹੈ ਜੋ ਅੰਤਿਮ ਸੱਚ ਅਤੇ ਬੁੱਧ-ਸ਼ੰਕਰਾਚਾਰਯ ਦੀ ਮਾਇਆ ਦੇ ਸੰਕਲਪ ਦੇ ਵਿਚਕਾਰ ਸਥਿਤ ਬਿਆਨ ਕੀਤਾ ਗਿਆ ਹੈ।

    ਇਹ ਸੰਸਾਰ ਪਰਮਾਤਮਾ ਦੀ ਇੱਛਾ ਨਾਲ ਹੋਂਦ ਵਿਚ ਆਇਆ ਅਤੇ ਹਮੇਸ਼ਾਂ ਉਸਦੇ ਹੁਕਮ ਵਿਚ ਚੱਲ ਰਿਹਾ ਹੈ। ਹੁਕਮ ਫ਼ਾਰਸੀ ਦਾ ਸ਼ਬਦ ਹੈ ਜਿਸਦਾ ਅਰਥ ਹੁਕਮ, ਫ਼ੈਸਲਾ , ਨਿਯਮ , ਕਾਨੂੰਨ , ਕੰਟਰੋਲ , ਦਿਸ਼ਾ ਨਿਰਦੇਸ਼ਨ, ਹਸਤੀ , ਕਾਰਜ ਖੇਤਰ ਆਦਿ ਹੈ। ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਹੁਕਮ ਦੈਵੀ ਇੱਛਾ ਵੀ ਹੈ ਅਤੇ ਦੈਵੀ ਕਾਨੂੰਨ ਵੀ ਹੈ। ਦਰਅਸਲ ਦੈਵੀ ਕਾਨੂੰਨ ਦੈਵੀ ਇੱਛਾ ਤੋਂ ਪੈਦਾ ਹੁੰਦਾ ਹੈ। ਇਸ ਪਿੱਛੇ ਪਰਮਾਤਮਾ ਦਾ ਭੈਅ ਜਾਂ ਭਉ ਭਾਵ ਡਰ ਕੰਮ ਕਰਦਾ ਹੈ। ਗੁਰੂ ਨਾਨਕ ਦੇਵ ਜੀ ਅਨੁਸਾਰ ਸਾਰੀ ਕਾਇਨਾਤ ਉਸ ਭੈ ਅਧੀਨ ਕੰਮ ਕਰਦੀ ਹੈ (ਗੁ.ਗ੍ਰੰ. 464)। ਇਸੇ ਤਰ੍ਹਾਂ ਹੁਕਮ ਨਾਲ ਕੁਝ ਹੋਰ ਸਮਾਨਾਰਥੀ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ ਜਿਵੇਂ ਅਮਰ ਅਤੇ ਫ਼ੁਰਮਾਨ, ਭਾਣਾ ਅਤੇ ਰਜ਼ਾ ਅਤੇ ਕੁਦਰਤ (ਦੈਵੀ ਸ਼ਕਤੀ)। ਪਰੰਤੂ ਪਰਮਾਤਮਾ ਕੁਝ ਸੈਮੇਟਿਕ (ਸਾਮੀ) ਧਰਮਾਂ ਦੇ ਵਿਪਰੀਤ ਜੱਬਾਰ-ਜ਼ਾਲਮ ਜਾਂ ਦਮਨਕਾਰੀ ਨਹੀਂ ਹੈ ਜਾਂ ਗੱਹਾਰ (ਗੁੱਸੈਲਾ, ਬਦਲਾ ਲੈਣ ਵਾਲਾ) ਨਹੀਂ ਹੈ ਅਤੇ ਹੁਕਮ ਪਰਮਾਤਮਾ ਦੀ ਅੰਧੀ ਭਾਵੁਕਤਾ ਨਹੀਂ ਹੈ, ਇਸ ਨੂੰ ਨਿਯਮ ਅਤੇ ਨਿਆਂ ਰਾਹੀਂ ਨਿਯਮਿਤ ਕੀਤਾ ਗਿਆ ਹੈ। ਇਹ ਸੰਸਾਰ ਉਸਦੇ ਅਨੰਦ ਦਾ ਪ੍ਰਗਟਾਵਾ ਹੋਣ ਕਰਕੇ ਪਰਮਾਤਮਾ ਇਸ ਦਾ ਅਨੰਦ ਮਾਣਦਾ ਹੈ। ਪਰਮਾਤਮਾ ਦੈਵੀ ਨਿਆਂ ਪ੍ਰਦਾਨ ਕਰ ਰਿਹਾ ਹੈ ਪਰੰਤੂ ਇਸ ਨੂੰ ਉਸਦੀ ਮਿਹਰ ਅਤੇ ਨਦਰ ਰਾਹੀਂ ਸੁਖਾਵਾਂ ਬਣਾਇਆ ਗਿਆ ਹੈ। ਪਰਮਾਤਮਾ ਆਪਣੀ ਰਚਨਾ ਵੱਲ ਦਿਆਲੂ ਅਤੇ ਕਿਰਪਾਲੂ ਹੈ।

    ਪਰਮਾਤਮਾ ਦੀ ਰਚਨਾ ਇਕ ਢੇਰ ਰੂਪ ਨਹੀਂ ਹੈ। ਅਵਿਨਾਸ਼ੀ ਪਰਮਾਤਮਾ ਏਕੰਕਾਰ ਆਪਣਾ ਫੈਲਾਅ ਕਈ ਰੂਪਾਂ ਕਈ ਰੰਗਾਂ ਅਤੇ ਕਈ ਭੇਖਾਂ ਵਿਚ ਕਰਦਾ ਹੈ (ਗੁ.ਗ੍ਰੰ.284)। ਉਹ ਇਹਨਾਂ ਸਾਰੇ ਭਿੰਨ-ਭਿੰਨ ਜੀਵਾਂ ਵਿਚ ਬਿਰਾਜਮਾਨ ਹੈ ਅਤੇ ਉਹ ਉਸ ਹਰ ਆਤਮਾ ਵਿਚ ਬਿਰਾਜਮਾਨ ਹੋ ਕੇ ਸਰਬ ਵਿਆਪਕ ਹੈ। ਇੰਦਰੀਆਂ ਰਾਹੀਂ ਅਨੁਭਵ ਕਰ ਸਕਣ ਵਾਲੇ ਇਹਨਾਂ ਸਾਰੇ ਅਨੁਭਵੀ ਜੀਵਾਂ ਵਿਚ ਜੀਵਾਂ ਦੀ ਵਿਅਕਤੀਗਤ ਆਤਮਾ (ਜੀਵਾਤਮਾ) ਹੈ। ਇਸ ਲਈ ਜੀਵ , ਜੀਉ, ਅਤੇ ਜੀਓ ਸ਼ਬਦ ਸਿੱਖ ਧਰਮ ਗ੍ਰੰਥ ਗੁਰੂ ਗ੍ਰੰਥ ਸਾਹਿਬ ਵਿਚ ਵਰਤੇ ਗਏ ਹਨ। ਇਹ ਵਿਅਕਤੀਗਤ ਜੀਵਾਂ ਅਤੇ ਆਤਮਾ ਦੋਵਾਂ ਲਈ ਵਰਤੇ ਗਏ ਹਨ ਜਦੋਂ ਕਿ ਜੀਅ ਦੋਵੇਂ ਵਿਅਕਤੀਗਤ ਜੀਵ ਅਤੇ ਮਨ ਲਈ ਵਰਤੇ ਗਏ ਹਨ। ਜੀਵ ਪਰਮਾਤਮਾ ਦੇ ਹੁਕਮ ਨਾਲ ਅਰੂਪ ਆਤਮਾ ਦੇ ਕਿਸੇ ਸਰੀਰ ਨਾਲ ਇਕਮਿਕ ਹੋ ਜਾਣ ਨਾਲ ਜਨਮ ਲੈਂਦਾ ਹੈ। ਜੀਵ ਪਰਮਾਤਮਾ ਦਾ ਅੰਸ਼ ਹੋਣ ਕਰਕੇ ਅਮਰ ਹੈ ਪਰ ਸਰੀਰ ਸਮੇਂ ਅਤੇ ਸਥਾਨ ਨਾਲ ਸੰਬੰਧਿਤ ਹੋਣ ਕਰਕੇ ਛਿੰਨਭੰਗਰ ਅਤੇ ਅਸਥਾਈ ਹੈ ਅਤੇ ਵਾਧੇ , ਟੁੱਟ ਭੱਜ ਅਤੇ ਮੌਤ ਦੇ ਨਿਯਮਾਂ ਨਾਲ ਬੰਨ੍ਹਿਆ ਹੋਇਆ ਹੈ। ਜੀਵ ਦੀ ਮੌਤ ਹੋ ਜਾਂਦੀ ਹੈ ਜਦੋਂ ਜੀਵਾਤਮਾ ਜਾਂ ਵਿਅਕਤੀਗਤ ਆਤਮਾ ਆਪਣਾ ਅਸਥਾਈ ਸਰੀਰ ਤਿਆਗ ਦਿੰਦੀ ਹੈ। ਜਨਮ ਦੀ ਤਰ੍ਹਾਂ ਮੌਤ ਪਰਮਾਤਮਾ ਦੇ ਹੁਕਮ ਜਾਂ ਇੱਛਾ ਦੇ ਅਧੀਨ ਕੰਮ ਕਰਦੀ ਹੈ। ਹੁਕਮ ਜਨਮ ਅਤੇ ਮੌਤ ਦੋਵਾਂ ਉੱਤੇ ਲਾਗੂ ਹੁੰਦਾ ਹੈ ਪਰੰਤੂ ਇਥੇ ਇਹ ਮੁੱਢਲੇ ਰੂਪ ਵਿਚ ਕਰਮ ਦੇ ਰੂਪ ਵਿਚ ਲਾਗੂ ਹੁੰਦਾ ਹੈ ਜੋ ਕਾਰਨ-ਕਾਰਜ ਦੇ ਦੈਵੀ ਕਾਨੂੰਨ ਨਾਲ ਬੱਝਾ ਹੋਇਆ ਹੈ।

    ਸਿੱਖ ਧਰਮ ਕਰਮ ਸਿਧਾਂਤ ਅਤੇ ਆਵਾਗਵਨ ਵਿਚ ਵਿਸ਼ਵਾਸ ਰੱਖਦਾ ਹੈ ਪਰੰਤੂ ਇਸ ਅਨੁਸਾਰ ਸਵਰਗ ਅਤੇ ਨਰਕਾਂ ਦੀ ਕੇਵਲ ਚਿੰਨ੍ਹਾਤਮਿਕ ਮਹੱਤਤਾ ਹੀ ਹੈ। ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਵਿਚ ਆਇਆ ਹੈ ਕਰਮ ਦੇ ਤਿੰਨ ਅਰਥ ਹਨ। ਇਹ ਸੰਸਕ੍ਰਿਤ ਕਰਮਨ ਜਿਸਦੀ ਧਾਤੂ ਕ੍ਰੀ (ਕਰਨਾ, ਪੂਰਾ ਕਰਨਾ) ਹੈ ਦੇ ਰੂਪ ਵਿਚ ਇਸਦਾ ਅਰਥ ਹੈ ਕੋਈ ਕੰਮ ਕਾਰਜ, ਆਦਿ ਹੈ। ਇਸਦਾ ਅਰਥ ਕਿਸਮਤ , ਪੂਰਵ ਨਿਰਧਾਰਨ ਹੈ, ਜੋ ਕਿ ਮਨੁੱਖ ਦੇ ਕੰਮਾਂ ਦੇ ਫਲਸਰੂਪ ਸਾਮ੍ਹਣੇ ਆਉਂਦਾ ਹੈ। ਤੀਸਰਾ, ਇਹ ਅਰਬੀ ਭਾਸ਼ਾ ਦੇ ਸ਼ਬਦ ਕਰਮ ਤੋਂ ਹੈ ਜੋ ਨਦਰ ਦਾ ਸਮਅਰਥੀ ਹੈ ਜਿਸਦਾ ਅਰਥ ਮਿਹਰ ਕਿਰਪਾਲਤਾ ਅਤੇ ਖਿਮਾ ਹੈ। ਕਈ ਪੂਰਵੀ ਧਰਮਾਂ ਵਿਚ ਪ੍ਰਚਲਿਤ ਕਰਮ ਦੇ ਨਿਯਮ ਅਧੀਨ ਜੀਵਾਤਮਾ ਇਕ ਸਰੀਰ ਨੂੰ ਛੱਡ ਕੇ ਦੂਸਰੇ ਸਰੀਰ ਵਿਚ ਜਨਮ ਲੈਂਦੀ ਹੈ ਜਿਹੜਾ ਸਰੀਰ 84,00,000 ਜੂਨਾਂ ਵਿਚੋਂ ਕਿਸੇ ਦਾ ਵੀ ਹੋ ਸਕਦਾ ਹੈ। ਹੁਣ ਇਹ ਨਵਾਂ ਸਰੀਰ ਛਡੇ ਹੋਏ ਸਰੀਰ ਨਾਲੋਂ ਉੱਚੀ ਜਾਂ ਨੀਵੀਂ ਕਿਸਮ ਦਾ ਹੋਵੇਗਾ ਇਹ ਮਨੁੱਖ ਦੇ ਪਿਛਲੇ ਜਨਮਾਂ ਵਿਚ ਕੀਤੇ ਚੰਗੇ ਅਤੇ ਮਾੜੇ ਕੰਮਾਂ ਤੇ ਨਿਰਭਰ ਕਰਦਾ ਹੈ। ਇਹ ਮਨੁੱਖ ਦੇ ਕੀਤੇ ਚੰਗੇ ਕੰਮਾਂ ਤੇ ਜੋ ਉਸ ਨੇ ਪਿਛਲੇ ਜਨਮਾਂ ਵਿਚ ਕੀਤੇ ਹਨ ਖਾਸ ਕਰਕੇ ਮਨੁੱਖਾ ਜਨਮਾਂ ਵਿਚ ਕਿ ਪਰਮਾਤਮਾ ਦੀ ਨਦਰ ਮਿਹਰ ਜਾਂ ਬਖਸ਼ਸ਼ ਪ੍ਰਾਪਤ ਕਰਕੇ ਜੀਵਾਤਮਾ ਮੁਕਤੀ (ਸੰਸਕ੍ਰਿਤ ਮੋਕਸ਼) ਪ੍ਰਾਪਤ ਕਰਦਾ ਹੈ ਜਿਸਦਾ ਭਾਵ ਹੈ ਜਨਮ ਅਤੇ ਮਰਨ ਦੇ ਚੱਕਰ ਤੋਂ ਮੁਕਤੀ ਪ੍ਰਾਪਤ ਕਰਦਾ ਹੈ। ਜੀਵਾਤਮਾ ਜੋ ਕੇਵਲ ਇਕ ਬੂੰਦ ਹੈ ਆਖਰ ਨੂੰ ਅਥਾਹ ਸਮੁੰਦਰ ਭਾਵ ਪਰਮਾਤਮਾ ਨਾਲ ਜਾ ਮਿਲਦਾ ਹੈ ਅਤੇ ਉਸ ਨਾਲ ਅਭੇਦ ਹੋ ਜਾਂਦਾ ਹੈ। ਪਰੰਤੂ ਜਦੋਂ ਤਕ ਇਸ ਤਰ੍ਹਾਂ ਦੀ ਅਭੇਦਤਾ ਪੂਰਨ ਰੂਪ ਵਿਚ ਨਹੀਂ ਹੁੰਦੀ ਉਤਨੀ ਦੇਰ ਤਕ ਆਤਮਾ ਵੱਖ-ਵੱਖ ਸਥੂਲ ਸਰੀਰਾਂ ਵਿਚ ਵੱਖ-ਵੱਖ ਥਾਵਾਂ ਤੇ ਅਤੇ ਵੱਖ-ਵੱਖ ਜਾਤੀਆਂ ਜਾਂ ਨਸਲਾਂ ਵਿਚ ਘੁੰਮਦੀ ਹੋਈ ਆਵਾਗਵਨ ਦੇ ਚੱਕਰ ਵਿਚ ਪਈ ਰਹਿੰਦੀ ਹੈ।

    ਇਹਨਾਂ ਸਾਰੀਆਂ ਨਸਲਾਂ ਅਤੇ ਕਿਸਮਾਂ ਵਿਚੋਂ ਮਨੁੱਖ ਸਭ ਤੋਂ ਸਰਬੋਤਮ ਅਤੇ ਸਭ ਤੋਂ ਵੱਧ ਮਹੱਤਵਪੂਰਨ ਹੈ। ਗੁਰੂ ਅਰਜਨ ਦੇਵ ਜੀ ਦਸਦੇ ਹਨ- ਲਖ ਚਉਰਾਸੀਹ ਜੋਨਿ ਸਬਾਈ ਮਾਣਸ ਕਉ ਪ੍ਰਭਿ ਦੀਈ ਵਡਿਆਈ (ਗੁ.ਗ੍ਰੰ.1075) ਅਤੇ ਅੱਗੇ ਲਿਖਦੇ ਹਨ: ਅਵਰ ਜੋਨਿ ਤੇਰੀ ਪਨਿਹਾਰੀ॥ ਇਸੁ ਧਰਤੀ ਮਹਿ ਤੇਰੀ ਸਿਕਦਾਰੀ॥(ਗੁ.ਗ੍ਰੰ.374)। ਮਨੁੱਖ ਇਸ ਕਰਕੇ ਸਰਬੋਤਮ ਹੈ ਕਿਉਂਕਿ ਇਹ ਬੁਧੀਵਾਨ ਹੈ, ਛੇਤੀ ਗਲ ਸਮਝਦਾ ਹੈ, ਗਿਆਨਵਾਨ ਹੈ ਅਤੇ ਇਕ ਵਧੀਆ ਨੈਤਿਕ ਭਾਵ ਵਾਲਾ ਜੀਵ ਹੈ। ਇਸ ਲਈ ਮਨੁੱਖੀ ਜਨਮ ਹੀ ਮੋਕਸ਼ ਜਾਂ ਮੁਕਤੀ ਪ੍ਰਾਪਤੀ ਲਈ ਸਭ ਤੋਂ ਵਧੀਆ ਮੌਕਾ ਹੈ। ਇਹ ਬਹੁਤ ਸੁਨਹਿਰੀ ਅਵਸਰ ਹੈ ਜਦੋਂ ਮਨੁੱਖ ਜਾਂ ਜੀਵਾਤਮਾ ਪਰਮਾਤਮਾ ਨਾਲ ਅਭੇਦਤਾ ਪ੍ਰਾਪਤ ਕਰ ਸਕਦਾ ਹੈ। ਗੁਰੂ ਅਰਜਨ ਦੇਵ ਦੁਬਾਰਾ ਫਿਰ ਅੱਗੇ ਜਾ ਕੇ ਕਹਿੰਦੇ ਹਨ- ਭਈ ਪਰਾਪਤਿ ਮਾਨੁਖ ਦੇਹੁਰੀਆ॥ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ॥(ਗੁ.ਗ੍ਰੰ.378)। ਗੁਰੂ ਨਾਨਕ ਦੇਵ ਜੀ ਆਪਣੇ ਆਪ ਨੂੰ ਇਸ ਬਾਰੇ ਸੁਚੇਤ ਕਰਦੇ ਹਨ- ਸੁਣਿ ਸੁਣਿ ਸਿਖ ਹਮਾਰੀ॥ ਸੁਕ੍ਰਿਤੁ ਕੀਤਾ ਰਹਸੀ ਮੇਰੇ ਜੀਅੜੇ ਬਹੁੜਿ ਨ ਆਵੈ ਵਾਰੀ (ਗੁ.ਗ੍ਰੰ. 154)।

    ਗੁਰੂ ਨਾਨਕ ਦੇਵ ਜੀ ਦੇ ਅਨੁਸਾਰ ਮਨੁੱਖੀ ਜੀਵਨ ਦਾ ਅੰਤਿਮ ਉਦੇਸ਼ ਮੁਕਤੀ ਜਾਂ ਪਰਮਾਤਮਾ ਨਾਲ ਅਭੇਦਤਾ ਪ੍ਰਾਪਤ ਕਰਨਾ ਹੈ। ਸਰਬੋਤਮ ਗਿਆਨ ਸ਼ਕਤੀ, ਕਿਰਿਆਸ਼ਕਤੀ ਅਤੇ ਪ੍ਰਭਾਵਸ਼ਾਲੀ ਸ਼ਕਤੀਆਂ ਦੇ ਮਾਲਕ ਮਨੁੱਖੀ ਮਨ ਅੰਦਰ ਅਧਿਆਤਮਿਕ ਚਿਣਗ ਸਭ ਤੋਂ ਵਧ ਚਮਕਦੀ ਹੈ। ਹਉਮੈ ਮਨੁੱਖ ਦੇ ਅੰਦਰਲੀ ਦਿੱਬ ਚਿਨਗਾਰੀ ਨੂੰ ਮੱਧਮ ਕਰਦੀ ਹੈ ਅਤੇ ਉਸ ਦੇ ਅਸਲ ਸੱਚ ਨੂੰ ਪਛਾਣਨ ਦੀ ਰਾਹ ਵਿਚ ਬੰਧਨ ਬਣਦੀ ਹੈ। ਹਉਮੈ ਮਨੁੱਖ ਦੀ ਸਮਝ ਦੁਆਲੇ ਆਪਣੇ ਸੁਆਰਥ ਦੀ ਇਕ ਕੰਧ ਪੈਦਾ ਕਰ ਦਿੰਦੀ ਹੈ; ਉਸ ਨੂੰ ਮੂਲ ਸ੍ਰੋਤ ਨਾਲੋਂ ਵੱਖ ਕਰਦੀ ਹੈ ਅਤੇ ਉਸਦੇ ਅੰਦਰ ਅਗਿਆਨ ਪੈਦਾ ਕਰਦੀ ਹੈ।ਇਹ ਹਉਮੈ ਹੀ ਹੈ ਜਿਹੜੀ ਪੰਜ ਵਾਸਨਾਵਾਂ ਅਰਥਾਤ ਕਾਮ , ਕ੍ਰੋਧ , ਲੋਭ , ਮੋਹ ਅਤੇ ਅਹੰਕਾਰ ਨੂੰ ਵਧਾਈ ਜਾਂਦੀ ਹੈ। ਇਹਨਾਂ ਦੇ ਪ੍ਰਭਾਵ ਅਧੀਨ ਮਨੁੱਖ ਮਨਮੁਖ ਬਣ ਜਾਂਦਾ ਹੈ ਅਤੇ ਸਵੈ ਕੇਂਦਰਿਤ, ਸਵੈ ਇੱਛਤ, ਹਠ ਧਰਮੀ, ਅਤੇ ਉਪਦੇਸ਼ ਪ੍ਰਤੀ ਭਾਵਹੀਣ ਹੋ ਜਾਂਦਾ ਹੈ। ਉਸਦੀ ਮੁਕਤੀ ਇਸੇ ਗੱਲ ਵਿਚ ਹੀ ਹੈ ਕਿ ਉਹ ਹਉਮੈ ਤੇ ਕਾਬੂ ਪਾਏ ਅਤੇ ਆਪਣੀ ਸੱਚੀ ਆਤਮਾ ਨੂੰ ਪਛਾਣੇ ਜੋ ਸਦੀਵੀ ਨੂਰ ਦੀ ਚਿਣਗਾਰੀ ਹੈ। ਇਸ ਸੰਬੰਧ ਵਿਚ ਗੁਰੂ ਅਮਰਦਾਸ ਜੀ ਕਹਿੰਦੇ ਹਨ- ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥ ਅਤੇ ਇਸੇ ਸ਼ਬਦ ਵਿਚ ਅੱਗੇ ਜਾ ਕੇ ਪਛਾਨਣ ਲਈ ਰਸਤਾ ਵੀ ਦੱਸਦੇ ਹਨ: ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ॥ ਮੂਲੁ ਪਛਾਣਹਿ ਤਾਂ ਸਹੁ ਜਾਣਹਿ ਮਰਣ ਜੀਵਣ ਕੀ ਸੋਝੀ ਹੋਇ॥(ਗੁ. ਗ੍ਰੰ. 441)। ਸਾਧਕ ਨੂੰ ਗੁਰਮਤਿ ਅਨੁਸਾਰ ਜੀਵਨ ਜਿਉਣ ਦੀ ਹਿਦਾਇਤ ਹੈ ਅਤੇ ਇਕ ਮਨਮੁਖ ਨਾਲੋਂ ਗੁਰਮੁਖ ਹੋਣ ਲਈ ਉਪਦੇਸ਼ ਹੈ। ਸਿੱਖ ਧਰਮ ਵਿਚ ਗੁਰੂ ਦਾ ਅਰਥ ਹੈ ਪਰਮਾਤਮਾ ਤੋਂ ਇਲਾਵਾ ਦਸ ਸਿੱਖ ਗੁਰੂ, ਗੁਰੂ ਨਾਨਕ (1469-1539) ਤੋਂ ਗੁਰੂ ਗੋਬਿੰਦ ਸਿੰਘ (1666-1708) ਅਤੇ ਇਹਨਾਂ ਤੋਂ ਪਿੱਛੋਂ ‘ਸ਼ਬਦ` ਜੋ ਸਿੱਖਾਂ ਦੇ ਪਵਿੱਤਰ ਧਾਰਮਿਕ ਗ੍ਰੰਥ, ਗੁਰੂ ਗ੍ਰੰਥ ਸਾਹਿਬ ਵਿਚ ਹੈ। ਇਸ ਲਈ ਗੁਰਮਤਿ ਤੋਂ ਅਰਥ ਗੁਰੂ ਗ੍ਰੰਥ ਸਾਹਿਬ ਵਿਚ ਆਏ ਸਿਧਾਂਤ ਤੋਂ ਹੈ। ਗੁਰੂ ਪਰਮਾਤਮਾ ਦੀ ਅਵਾਜ਼ ਹੈ ਅਤੇ ਗੁਰੂ ਦਾ ਸ਼ਬਦ ਉਸਦੇ ਦੈਵੀ ਆਪੇ ਦਾ ਪ੍ਰਗਟਾਵਾ ਹੈ।

    ਗੁਰਮਤਿ ਅਨੁਸਾਰ, ਹਉਮੈ ਉੱਤੇ ਕਾਬੂ ਹੁਕਮ ਨੂੰ ਸਮਝ ਕੇ ਹੀ ਪਾਇਆ ਜਾ ਸਕਦਾ ਹੈ ਜੋ ਪਰਮਾਤਮਾ ਦੀ ਕਿਰਿਆਸ਼ੀਲਤਾ ਦਾ ਪ੍ਰਮੁਖ ਸਿਧਾਂਤ ਹੈ ਅਤੇ ਜੀਵਨ ਪੂਰੀ ਤਰ੍ਹਾਂ ਇਸ ਅਨੁਸਾਰ ਜਿਉਣ ਨਾਲ ਹੀ ਹਉਮੈ ਕਾਬੂ ਹੋ ਸਕਦੀ ਹੈ। ਇਹ ਗਿਆਨ ਰਸਮਾਂ ਰਿਵਾਜਾਂ ਰਾਹੀਂ ਪ੍ਰਾਪਤ ਨਹੀਂ ਹੁੰਦਾ ਅਤੇ ਨਾ ਹੀ ਇਹ ਵੱਡੇ-ਵੱਡੇ ਗ੍ਰੰਥਾਂ ਦੇ ਪੜ੍ਹਨ ਜਾਂ ਤਰਕ-ਵਿਤਰਕ ਕਰਨ ਨਾਲ ਪ੍ਰਾਪਤ ਹੁੰਦਾ ਹੈ। ਇਸ ਨੂੰ ਤਿਆਗ, ਤਪੱਸਿਆ ਅਤੇ ਸਾਧਨਾਵਾਂ ਰਾਹੀਂ ਵੀ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਸਿੱਖ ਧਰਮ ਵਿਚ ਗ੍ਰਹਿਸਤੀ ਜੀਵਨ ਜਿਉਣ ਦਾ ਉਪਦੇਸ਼ ਕੀਤਾ ਗਿਆ ਹੈ ਪਰੰਤੂ ਦੁਨੀਆਵੀ ਜੀਵਨ ਵਿਚ ਲੀਨ ਨਹੀਂ ਹੋ ਜਾਣਾ ਚਾਹੀਦਾ ਸਗੋਂ ਕੰਵਲ ਫੁੱਲ ਦੀ ਨਿਆਂਈ ਨਿਰਲੇਪ ਰਹਿਣਾ ਚਾਹੀਦਾ ਹੈ। ਪਰਮਾਤਮਾ ਵਿਚ ਸ਼ਰਧਾ ਰਖਣੀ ਹੀ ਅਸਲ ਸੱਚਾ ਪ੍ਰੇਮ ਹੈ। ਗੁਰੂ ਨਾਨਕ ਦੇਵ ਜੀ ਨੇ ਦ੍ਰਿੜ ਅਤੇ ਸੱਚਾ ਪ੍ਰੇਮ ਹੀ ਅਸਲੀ ਤੇ ਸਭ ਤੋਂ ਸੱਚਾ ਗੁਣ ਮੰਨਿਆ ਹੈ। ਪਰਮਾਤਮਾ ਦੇ ਪ੍ਰੇਮ ਦਾ ਭਾਵ ਹੈ ਹਮੇਸ਼ਾ ਸਿਮਰਨ ਵਿਚ ਲੀਨ ਬਣੇ ਰਹਿਣਾ ਭਾਵ ਲਗਾਤਾਰ ਪਰਮਾਤਮਾ ਦੇ ਨਾਮ ਨੂੰ ਯਾਦ ਰਖਣਾ; ਉਸਦੇ ਭੈਅ ਅਤੇ ਵਿਸਮਾਦ ਦੀ ਅਸੀਮਤਾ ਉੱਤੇ ਧਿਆਨ ਧਰਨਾ ਅਤੇ ਉਸ ਪਰਮਾਤਮਾ ਦੇ ਗੁਣਗਾਇਨ ਕਰਨਾ। ਅਜਿਹੀ ਪ੍ਰੇਮ ਭਰੀ ਸ਼ਰਧਾ ਮਨੁੱਖ ਨੂੰ ਹਉਮੈ ਤੋਂ ਰਹਿਤ ਕਰਦੀ ਹੈ ਅਤੇ ਮਨੁੱਖ ਜਨਮ, ਮਰਨ ਅਤੇ ਪੁਨਰ ਜਨਮ ਦੇ ਚੱਕਰ ਤੋਂ ਮੁਕਤੀ ਜਾਂ ਮੋਖ-ਦੁਆਰ ਪ੍ਰਾਪਤ ਕਰਦਾ ਹੈ। ਇਸਦੇ ਨਾਲ ਇਕ ਗ੍ਰਹਿਸਤੀ ਦੇ ਤੌਰ ਤੇ ਮਨੁੱਖ ਨੂੰ ਕਿਰਤ ਕਰਕੇ ਅਤੇ ਇਮਾਨਦਾਰ ਢੰਗ ਤਰੀਕੇ ਅਪਨਾ ਕੇ ਆਪਣਾ ਜੀਵਨ ਨਿਰਬਾਹ ਕਰਨਾ ਚਾਹੀਦਾ ਹੈ। ਤੀਸਰਾ ਗੁਣ ਹੈ ਦੂਸਰਿਆਂ ਵਿਚ ਵੰਡ ਕੇ ਛਕਣਾ। ਇਹਨਾਂ ਤੋਂ ਇਲਾਵਾ ਗੁਰੂ ਨਾਨਕ ਦੇਵ ਸੇਵਾ ਉੱਤੇ ਵਿਸ਼ੇਸ਼ ਜ਼ੋਰ ਦਿੰਦੇ ਹਨ। ਪੰਜਵੇਂ ਨਾਨਕ ਕਹਿੰਦੇ ਹਨ: ਸੇਵਾ ਕਰਤ ਹੋਇ ਨਿਹਕਾਮੀ॥ ਤਿਸ ਕਉ ਹੋਤ ਪਰਾਪਤਿ ਸੁਆਮੀ॥(ਗੁ.ਗ੍ਰੰ.286)। ਸ਼ੀਲ, ਸੰਜਮ, ਸੰਤੋਖ ਅਤੇ ਗਰੀਬੀ (ਨਿਮਰਤਾ) ਇਕ ਸਿੱਖ ਲਈ ਵਿਅਕਤੀਗਤ ਗੁਣ ਹਨ ਜਿਨ੍ਹਾਂ ਦੀ ਸਿੱਖ ਨੂੰ ਨਿਭਾਉਣ ਦੀ ਹਿਦਾਇਤ ਹੈ।

    ਸਮਾਜਿਕ ਪੱਧਰ ਤੇ ਗੁਰੂ ਨਾਨਕ ਦੇਵ ਜੀ ਨੇ ਸਾਰੇ ਮਨੁੱਖਾਂ ਦੀ ਬਰਾਬਰੀ ਦਾ ਪ੍ਰਚਾਰ ਕੀਤਾ। ਜਾਤ , ਧਰਮ, ਲਿੰਗ ਅਤੇ ਸੰਸਾਰਿਕ ਪਦਾਰਥਾਂ ਕਰਕੇ ਪਾਏ ਗਏ ਵਖਰੇਵਿਆਂ, ਭਿੰਨ-ਭੇਦਾਂ ਦਾ ਗੁਰੂ ਜੀ ਨੇ ਜ਼ੋਰਦਾਰ ਖੰਡਨ ਕੀਤਾ। ਮਨੁੱਖਤਾਵਾਦ , ਸੰਸਾਰਿਕ ਸਹਿਹੋਂਦ ਅਤੇ ਸੇਵਾ ਸਿੱਖਾਂ ਦੀ ਸਮਾਜਿਕ ਨੈਤਿਕਤਾ ਦੇ ਥੰਮ ਹਨ।

    ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਨੇ ਮੁੱਖ ਸੱਚਾਈਆਂ ਅਤੇ ਸਿਧਾਂਤਾਂ ਨੂੰ ਹੀ ਸਥਾਪਿਤ ਨਹੀਂ ਕੀਤਾ ਸਗੋਂ ਇਹ ਵੀ ਯਤਨ ਕੀਤਾ ਅਤੇ ਧਿਆਨ ਰੱਖਿਆ ਕਿ ਇਹ ਸਿੱਖਿਆਵਾਂ ਚਿਰ ਸਥਾਈ ਹੋਣ। ਜਿਥੇ ਵੀ ਗੁਰੂ ਨਾਨਕ ਦੇਵ ਗਏ ਉਹਨਾਂ ਨੇ ਆਪਣੇ ਅਨੁਯਾਈਆਂ ਨੂੰ ਸੰਗਤ ਵਿਚ ਜੁੜ ਬੈਠਣ ਦਾ ਧਰਮਸਾਲਾ ਬਣਾਉਣ ਅਤੇ ਲੋੜਵੰਦਾਂ ਲਈ ਲੰਗਰ ਤਿਆਰ ਕਰਨ ਦਾ ਉਪਦੇਸ਼ ਦਿੱਤਾ। ਆਪਣੀਆਂ ਉਦਾਸੀਆਂ ਦੇ ਅੰਤ ਤੇ ਉਹਨਾਂ ਨੇ ਆਪ ਕਰਤਾਰਪੁਰ ਵਿਖੇ ਦਰਿਆ ਰਾਵੀ ਦੇ ਸੱਜੇ ਕੰਢੇ ਤੇ ਇਕ ਅਜਿਹੀ ਸੰਗਤ ਸਥਾਪਿਤ ਕੀਤੀ। ਇਹ ਮੱਠਵਾਦੀ ਸੰਗਠਨ ਨਹੀਂ ਸੀ ਸਗੋਂ ਇਹ ਆਮ ਲੋਕਾਂ ਦੀ ਸੰਗਤ ਸੀ ਜੋ ਜੀਵਨ ਦੇ ਆਮ ਕੰਮਾਂ ਧੰਦਿਆਂ ਵਿਚ ਰੁੱਝੇ ਹੋਏ ਸਨ। ਅਰਦਾਸ ਲਈ ਇਹ ਇਕੱਠੇ ਹੁੰਦੇ ਸਨ ਅਤੇ ਇਕੱਠੇ ਬੈਠ ਕੇ ਸਾਂਝਾ ਲੰਗਰ ਛਕਦੇ ਸਨ ਜਿਸ ਵਿਚ ਜਾਤ-ਪਾਤ ਦਾ ਧਿਆਨ ਨਹੀਂ ਰੱਖਿਆ ਜਾਂਦਾ ਸੀ। ਆਪਣੇ ਕੰਮ ਨੂੰ ਅੱਗੇ ਤੋਰਨ ਲਈ ਉਹਨਾਂ ਨੇ ਆਪਣੇ ਇਕ ਸ਼ਰਧਾਵਾਨ ਸਿੱਖ ਭਾਈ ਲਹਿਣੇ ਨੂੰ ਆਪਣਾ ਵਾਰਸ ਨਿਯੁਕਤ ਕੀਤਾ ਜਿਸ ਦਾ ਨਾਂ ਬਦਲ ਕੇ ਉਹਨਾਂ ਆਪਣੇ ‘ਸਰੀਰ ਦਾ ਹਿੱਸਾ` (ਅੰਗਦ) ਰੱਖ ਦਿੱਤਾ ਅਤੇ ਜਿਸ ਨੂੰ ਉਹਨਾਂ ਨੇ ਇਕ ਕਿਤਾਬ ਵੀ ਦਿੱਤੀ ਜਿਸ ਵਿਚ ਉਹਨਾਂ ਦੀ ਬਾਣੀ ਅੰਕਿਤ ਸੀ। ਇਸ ਤਰ੍ਹਾਂ ਉਹਨਾਂ ਦੀ ਜੋਤ ਅਗਲੇ ਗੁਰੂ ਵਿਚ ਪ੍ਰਵੇਸ਼ ਕਰ ਗਈ ਤਾਂ ਕਿ ਸਿੱਖ ਇਹ ਵਿਸ਼ਵਾਸ ਕਰਨ ਕਿ ਸਾਰੇ ਗੁਰੂ ਅਧਿਆਤਮਿਕ ਤੌਰ ਤੇ ਇਕ ਹਨ ਜੋ ਗੁਰੂ ਨਾਨਕ ਦਾ ਇਲਹਾਮ ਲੈ ਕੇ ਆਏ ਹਨ ਅਤੇ ਉਹਨਾਂ ਦੇ ਉਪਦੇਸ਼ ਨੂੰ ਉਹ ਅੱਗੇ ਹੋਰ ਵਿਸਥਾਰ ਨਾਲ ਪ੍ਰਚਾਰ ਕਰ ਰਹੇ ਹਨ। ਲੋਕ ਇਹ ਵੀ ਵਿਸ਼ਵਾਸ ਕਰਨ ਕਿ ਉਹਨਾਂ ਨੇ ਗੁਰੂ ਨਾਨਕ ਦੁਆਰਾ ਸਥਾਪਿਤ ਸੰਗਤ ਅਤੇ ਪੰਗਤ ਦੀਆਂ ਸੰਸਥਾਵਾਂ ਨੂੰ ਅੱਗੇ ਹੋਰ ਵਧਾਇਆ ਅਤੇ ਪੱਕਾ ਕੀਤਾ ਹੈ। ਇਸ ਤਰ੍ਹਾਂ ਠੋਸ ਤਰੀਕੇ ਨਾਲ ਗੁਰੂ ਨਾਨਕ ਦੇ ਸਿੱਖ ਅੰਤ ਵਿਚ ਸਿੱਖ ਪੰਥ ਦੇ ਰੂਪ ਵਿਚ ਵਿਕਾਸਮਾਨ ਹੋ ਗਏ।

    ਗੁਰੂ ਅੰਗਦ ਜੀ (1504-52) ਨੇ ਸਿੱਖਾਂ ਵਿਚ ਗੁਰਮੁਖੀ ਲਿਪੀ ਨੂੰ ਪ੍ਰਚਲਿਤ ਕੀਤਾ ਅਤੇ ਗੁਰੂ ਅਮਰ ਦਾਸ (1479-1574) ਨੇ ਇਕ ਮਜ਼ਬੂਤ ਧਾਰਮਿਕ ਪ੍ਰਣਾਲੀ ਚਾਲੂ ਕੀਤੀ ਜੋ ਮੰਜੀਆਂ ਉੱਤੇ ਆਧਾਰਿਤ ਸੀ। ਉਹਨਾਂ ਨੇ ਸਿੱਖਾਂ ਲਈ ਗੋਇੰਦਵਾਲ ਵਿਖੇ ਨਿਯਮਿਤ ਰੂਪ ਵਿਚ ਜੋੜ ਮੇਲੇ ਕਰਨੇ ਅਰੰਭ ਕੀਤੇ ਜਿਹੜੇ ਉਹਨਾਂ ਦੀਆਂ ਯਾਤਰਾਵਾਂ ਦੇ ਵਿਸ਼ੇਸ਼ ਕੇਂਦਰ ਬਣ ਗਏ। ਗੁਰੂ ਰਾਮ ਦਾਸ (1534-81) ਜੀ ਨੇ ਇਕ ਹੋਰ ਕੇਂਦਰ ਅੰਮ੍ਰਿਤਸਰ ਦਾ ਸ਼ਹਿਰ ਵਸਾ ਕੇ ਸਥਾਪਿਤ ਕੀਤਾ ਜੋ ਹੁਣ ਸਿੱਖਾਂ ਦੀ ਧਾਰਮਿਕ ਰਾਜਧਾਨੀ ਹੈ। ਗੁਰੂ ਅਰਜਨ ਦੇਵ (1563-1606) ਦੇ ਸਮੇਂ ਸਿੱਖ ਧਰਮ ਹੋਰ ਜ਼ਿਆਦਾ ਮਜ਼ਬੂਤੀ ਨਾਲ ਸਥਾਪਿਤ ਹੋ ਗਿਆ। ਉਹਨਾਂ ਨੇ ਅੰਮ੍ਰਿਤਸਰ ਦੇ ਸਰੋਵਰ ਵਿਚਕਾਰ ਹਰਿਮੰਦਰ ਜਿਸ ਨੂੰ ਅੱਜ-ਕੱਲ੍ਹ ‘ਗੋਲਡਨ ਟੈਂਪਲ` (ਦਰਬਾਰ ਸਾਹਿਬ) ਕਹਿੰਦੇ ਹਨ ਉਸਾਰਿਆ। ਉਹਨਾਂ ਨੇ ਤਰਨ ਤਾਰਨ, ਕਰਤਾਰਪੁਰ ਅਤੇ ਸ੍ਰੀ ਹਰਗੋਬਿੰਦਪੁਰ ਆਦਿ ਨਵੇਂ ਸ਼ਹਿਰ ਵਸਾਏ ਅਤੇ ਦੂਰ ਦੁਰਾਡੇ ਜ਼ਿਲਿਆਂ ਵਿਚ ਪ੍ਰਚਾਰ ਹਿਤ ਮਸੰਦ ਨਿਯੁਕਤ ਕਰਕੇ ਮੰਜੀ ਪ੍ਰਣਾਲੀ ਨੂੰ ਮਜ਼ਬੂਤ ਕੀਤਾ।

    ਹੋਰ ਵੀ ਵਧ ਮਹੱਤਵਪੂਰਨ ਕੰਮ ਗੁਰੂ ਸਾਹਿਬਾਨਾਂ ਅਤੇ ਬਾਕੀ ਸੰਤਾਂ ਦੀ ਬਾਣੀ ਇਕੱਤਰ ਕਰਨਾ ਅਤੇ ਇਸ ਦਾ ਆਦਿ ਗ੍ਰੰਥ ਦੇ ਰੂਪ ਵਿਚ ਸੰਕਲਨ ਕਰਨਾ ਸੀ ਜਿਸ ਦਾ ਪ੍ਰਕਾਸ਼ ਉਹਨਾਂ ਨੇ ਹਰਿਮੰਦਰ ਵਿਚ ਕੀਤਾ। ਕੇਂਦਰੀ ਪੂਜਾ ਸਥਾਨ ਅਤੇ ਗੁਰੂ ਗ੍ਰੰਥ ਦੇ ਸਥਾਪਿਤ ਹੋ ਜਾਣ ਨਾਲ ਸਿੱਖਾਂ ਦੀ ਸਵੈ ਚੇਤੰਨਤਾ ਦੇ ਬਣਨ ਵਿਚ ਬਹੁਤ ਯੋਗਦਾਨ ਪਿਆ ਅਤੇ ਸਿੱਖ ਜੀਵਨ ਅਤੇ ਸਮਾਜ ਦੇ ਪ੍ਰਗਟੀਕਰਨ ਵਿਚ ਇਸ ਤੱਥ ਨੇ ਮਹੱਤਵਪੂਰਨ ਹਿੱਸਾ ਪਾਇਆ। ਹੁਣ ਸਿੱਖ ਇਕ ਵਿਲੱਖਣ ਕੌਮ ਸਨ ਅਤੇ ਇਹ ਤੱਥ ਦਿੱਲੀ ਦਰਬਾਰ ਦੇ ਵਾਰਸ ਦੇ ਗੁੱਸੇ ਦਾ ਸ਼ਿਕਾਰ ਹੋਣ ਲਈ ਕਾਫ਼ੀ ਸੀ। 1605 ਵਿਚ ਬਾਦਸ਼ਾਹ ਜਹਾਂਗੀਰ ਦੇ ਬਾਦਸ਼ਾਹ ਦੇ ਤੌਰ ਤੇ ਗੱਦੀ ਬੈਠਦੇ ਸਾਰ ਹੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ। ਸਿੱਖ ਧਰਮ ਦੇ ਇਤਿਹਾਸ ਵਿਚ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਇਕ ਪਹਿਲੀ ਮਹੱਤਵਪੂਰਨ ਘਟਨਾ ਸੀ ਜਿਸ ਨਾਲ ਸਿੱਖ ਕੌਮ ਜੰਗਜੂ ਰੂਪ ਅਖ਼ਤਿਆਰ ਕਰ ਗਈ। ਉਹਨਾਂ ਦੇ ਪੁੱਤਰ ਅਤੇ ਗੱਦੀ ਦੇ ਵਾਰਸ ਗੁਰੂ ਹਰਗੋਬਿੰਦ (1595-1644) ਨੇ ਮਾਲਾ ਅਤੇ ਹੋਰ ਸੰਤਾਂ ਵਾਲੇ ਪਹਿਰਾਵੇ ਪਹਿਨਣ ਦੀ ਬਜਾਏ, ਗੱਦੀ ਤੇ ਬੈਠਣ ਸਮੇਂ ਇਕ ਸਿਪਾਹੀ ਦਾ ਪਹਿਰਾਵਾ ਪਹਿਨਿਆ ਅਤੇ ਆਪਣੇ ਸਿੱਖਾਂ ਨੂੰ ਇਕ ਸਿਪਾਹੀ ਦੇ ਤੌਰ ਤੇ ਸਿੱਖਿਆ ਪ੍ਰਾਪਤ ਕਰਨ ਲਈ ਉਤਸ਼ਾਹਿਤ ਕੀਤਾ। ਇਹਨਾਂ ਨੇ ਮੀਰੀ ਅਤੇ ਪੀਰੀ ਦੇ ਸਿਧਾਂਤ ਨੂੰ ਲਾਗੂ ਕੀਤਾ ਜਿਸ ਦਾ ਭਾਵ ਦੁਨਿਆਵੀ ਸ਼ਕਤੀ ਨੂੰ ਅਧਿਆਤਮਿਕ ਵਿਸ਼ਵਾਸ ਅਤੇ ਸ਼ਰਧਾ ਨਾਲ ਮੇਲਣਾ ਸੀ। ਅਜੋਕੇ ਸਮੇਂ ਦੀ ਸ਼ਬਦਾਵਲੀ ਵਰਤੀ ਜਾਏ ਤਾਂ ਇਹਨਾਂ ਧਰਮ ਅਤੇ ਰਾਜਨੀਤੀ ਨੂੰ ਇਕੱਠਾ ਕਰ ਦਿੱਤਾ। ਇਸਦਾ ਇਹ ਭਾਵ ਨਹੀਂ ਹੈ ਕਿ ਪਹਿਲੇ ਗੁਰੂ ਸਾਹਿਬਾਨ ਆਪਣੇ ਆਲੇ-ਦੁਆਲੇ ਦੀਆਂ ਰਾਜਨੀਤਿਕ ਘਟਨਾਵਾਂ ਤੋਂ ਅਣਜਾਣ ਸਨ; ਸੰਸਾਰਿਕਤਾ ਅਤੇ ਪਰਾਭੌਤਿਕਤਾ ਦਾ ਮੇਲ ਗੁਰੂ ਨਾਨਕ ਜੀ ਦੀਆਂ ਸਿੱਖਿਆਵਾਂ ਵਿਚ ਧੁਰੋਂ ਹੀ ਸੀ। ਗੁਰੂ ਸਾਹਿਬਾਨ ਨੇ ਇਸ ਸੰਸਾਰ ਤੋਂ ਭੱਜਣ ਦੀ ਬਜਾਇ ਇਸ ਵਿਚ ਵਿਚਰ ਕੇ ਕ੍ਰਿਆਸ਼ੀਲ ਬਣੇ ਰਹਿਣ ਲਈ ਉਪਦੇਸ਼ ਦਿੱਤਾ। ਗੁਰੂ ਹਰਗੋਬਿੰਦ ਜੀ ਨੇ ਕੱਟੜਧਰਮੀ ਰਾਜ ਦੇ ਦਮਨ ਵਿਰੁੱਧ ਕੌਮ ਨੂੰ ਆਪਣੇ ਧਰਮ ਦੀ ਸਥਾਪਤੀ ਲਈ ਤਿਆਰ ਕੀਤਾ। ਉਹਨਾਂ ਦਾ ਕੰਮ ਉਹਨਾਂ ਦੇ ਪੂਰਵਜਾਂ ਦੀਆਂ ਸਿੱਖਿਆਵਾਂ ਰਾਹੀਂ ਪੈਦਾ ਹੋਈ ਚੇਤਨਤਾ ਨਾਲ ਹੋ ਗਿਆ ਸੀ। ਗੁਰੂ ਜੀ ਇਕ ਵੱਡੀ ਕ੍ਰਾਂਤੀ ਲਈ ਹਥਿਆਰ ਪੈਦਾ ਕਰਨ ਵਿਚ ਸਫਲ ਰਹੇ ਜਿਨ੍ਹਾਂ ਦੀ ਪਰਖ ਉਹਨਾਂ ਨੇ ਆਪਣੇ ਜੀਵਨ ਕਾਲ ਵਿਚ ਹੀ ਕੀਤੀ। ਉਹਨਾਂ ਦੇ ਵਾਰਸ, ਗੁਰੂ ਹਰ ਰਾਇ (1630-31) ਅਤੇ ਗੁਰੂ ਹਰ ਕ੍ਰਿਸ਼ਨ (1656-64) ਨੇ ਵੀ ਇਹੀ ਸ਼ੈਲੀ ਅਪਣਾਈ ਰਖੀ ਅਤੇ ਇਹਨਾਂ ਕੋਲ ਹਥਿਆਰਬੰਦ ਸਿੱਖ ਹਮੇਸ਼ਾਂ ਰਹਿੰਦੇ ਸਨ। ਭਾਵੇਂ ਕਿ ਇਹਨਾਂ ਨੂੰ ਦਰਬਾਰ ਵਿਚ ਬੁਲਾਇਆ ਗਿਆ ਸੀ ਫਿਰ ਵੀ ਸ਼ਾਸਕਾਂ ਨੇ ਜਿਆਦਾਤਰ ਇਹਨਾਂ ਨਾਲ ਸ਼ਾਂਤੀ ਦਾ ਮਾਹੌਲ ਸਿਰਜੀ ਰਖਿਆ। ਨੌਂਵੇਂ ਗੁਰੂ, ਗੁਰੂ ਤੇਗ਼ ਬਹਾਦਰ (1621-75) ਨੂੰ ਪੰਜਵੇਂ ਗੁਰੂ ਦੀ ਤਰ੍ਹਾਂ ਸ਼ਹਾਦਤ ਦੇਣੀ ਪਈ। ਉਹਨਾਂ ਨੇ ਵਿਅਕਤੀ ਦੀ ਧਾਰਮਿਕ ਅਜ਼ਾਦੀ ਲਈ ਆਪਣੀ ਕੁਰਬਾਨੀ ਦਿੱਤੀ। ਉਹਨਾਂ ਦੇ ਸੁਪੁੱਤਰ ਗੁਰੂ ਗੋਬਿੰਦ ਸਿੰਘ (1666-1708) ਨੇ ਜੰਗਜੂ ਖ਼ਾਲਸਾ ਸਾਜਿਆ ਜਿਹੜਾ ਆਪਾ ਸਮਰਪਣ ਕਰਨ ਵਾਲੇ ਸਿੱਖਾਂ ਦਾ ਸੰਗਠਨ ਸੀ ਜੋ ਜਾਤਪਾਤ ਵਿਚ ਵਿਸ਼ਵਾਸ ਨਹੀਂ ਰੱਖਦਾ ਸੀ ਅਤੇ ਜਿਨ੍ਹਾਂ ਨੂੰ ਹੁਣ ‘ਸਿੰਘ` ਕਿਹਾ ਜਾਂਦਾ ਸੀ। ਇਹ ਇਕ ਪਰਮਾਤਮਾ ਦੇ ਸ਼ਰਧਾਲੂ ਅਤੇ ਸ਼ਾਂਤੀ ਦੇ ਪੁਜਾਰੀ ਸਨ ਪਰੰਤੂ ਅਨਿਆਂ ਅਤੇ ਜ਼ੁਲਮ ਨਾਲ ਕਦੇ ਵੀ ਸਮਝੌਤਾ ਨਹੀਂ ਕਰਦੇ ਸਨ।

    ਸੇਵਾ, ਸਿੱਖਾਂ ਦਾ ਪ੍ਰਸੰਸਾਯੋਗ ਆਦਰਸ਼ ਰਿਹਾ ਹੈ। ਇਸ ਵਿਚ ਕੁਝ ਨ ਕੁਝ ਕੁਰਬਾਨੀ ਕਰਨੀ ਪੈਂਦੀ ਹੈ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨਾਲ ਇਹ ਸਿੱਖਾਂ ਲਈ ਇਕ ਆਦਰਸ਼ ਬਣ ਗਈ ਕਿਉਂਕਿ ਇਹ ਕਿਸੇ ਚੰਗੇ ਕੰਮ ਲਈ ਜੀਵਨ ਦੀ ਕੁਰਬਾਨੀ ਹੈ। ਸਚਾਈ ਦੀ ਰਾਖੀ ਲਈ ਲੜਦੇ ਹੋਏ ਸ਼ਹੀਦ ਹੋਣਾ ਸਿੱਖਾਂ ਦੀ ਇੱਛਾ ਦਾ ਪ੍ਰਤੀਕ ਬਣ ਗਿਆ। ਇਸ ਸੰਬੰਧ ਵਿਚ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ ਸੰਗੀਤਮਈ ਯਾਚਨਾ ਕਰਦੇ ਹਨ:

    ਦੇਹ ਸਿਵਾ ਬਰੁ ਮੋਹਿ ਇਹੈ ਸੁਭ ਕਰਮਨ ਤੇ ਕਬਹੁੰ ਨ ਟਰੋਂ॥

    ਨ ਡਰੋ ਅਰਿ ਸੋ ਜਬ ਜਾਇ ਲਰੋ ਨਿਸਚੈ ਕਰਿ ਅਪੁਨੀ ਜੀਤ ਕਰੋਂ॥

    ਅਰੁ ਸਿਖਹੋਂ ਆਪਨੇ ਹੀ ਮਨ ਕੋ ਇਹ ਲਾਲਚ ਹਉ ਗੁਨ ਤਉ ਉਚਰੋਂ॥

    ਜਬ ਆਵ ਕੀ ਅਉਧ ਨਿਦਾਨ ਬਨੈ ਅਤਿ ਹੀ ਰਨ ਮੈ ਤਬ ਜੂਝ ਮਰੋਂ॥

    ਗੁਰੂ ਗੋਬਿੰਦ ਸਿੰਘ ਨੇ ਸਿੱਖ ਸੰਗਤ ਨੂੰ ਖ਼ਾਲਸਾ ਪੰਥ ਵਿਚ ਤਬਦੀਲ ਕਰ ਦਿੱਤਾ ਅਤੇ ਇਸ ਨੂੰ ਰੂਪ ਅਤੇ ਆਤਮਿਕ ਪੱਖ ਤੋਂ ਇਕ ਵਖਰੀ ਹੋਂਦ ਪ੍ਰਦਾਨ ਕਰ ਦਿੱਤੀ। ਜੋਤੀ ਜੋਤ ਸਮਾਉਣ ਤੋਂ ਪਹਿਲਾਂ ਉਹਨਾਂ ਨੇ ਵਿਅਕਤੀ ਗੁਰੂ ਦੀ ਪਰੰਪਰਾ ਨੂੰ ਖ਼ਤਮ ਕਰ ਦਿੱਤਾ ਅਤੇ ਸਿੱਖ ਪੰਥ ਦੀ ਅਧਿਆਤਮਿਕ ਰਹਿਨੁਮਾਈ ਪਵਿੱਤਰ ਗ੍ਰੰਥ, ਗੁਰੂ ਗ੍ਰੰਥ ਸਾਹਿਬ ਨੂੰ ਪੱਕੇ ਤੌਰ ਤੇ ਦੇ ਦਿੱਤੀ ਅਤੇ ਸੰਸਾਰਿਕ ਰਹਿਨੁਮਾਈ ਪੰਥ ਨੂੰ ਦੇ ਦਿੱਤੀ ਜਿਸਨੇ ਗੁਰੂ ਗ੍ਰੰਥ ਦੀ ਅਗਵਾਈ ਵਿਚ ਭਵਿੱਖ ਵਿਚ ਆਪਣੀ ਹੋਂਦ ਹਸਤੀ ਨੂੰ ਕਾਇਮ ਰੱਖਣਾ ਹੈ। ਗੁਰੂ ਗ੍ਰੰਥ ਸਾਹਿਬ ਗੁਰੂ ਨਾਨਕ ਤੋਂ ਬਾਅਦ ਦੇ ਗੁਰੂ ਸਾਹਿਬਾਨ ਦੁਆਰਾ ਦਿੱਤੇ ਗਿਆਨ ਅਤੇ ਅਧਿਆਤਮਿਕ ਅਤੇ ਨੈਤਿਕ ਮੁੱਢਲੇ ਸਿਧਾਂਤਾਂ ਦੇ ਸਦੀਵੀ ਖਜ਼ਾਨੇ ਦੇ ਰੂਪ ਵਿਚ ਸਦਾ ਕਾਇਮ ਬਣਿਆ ਰਹਿਣ ਵਾਲਾ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਦੇ ਅੱਧੀ ਸਦੀ ਵਿਚ ਹੀ ਸਿੱਖ ਧਰਮ ਇਕ ਰਾਜਨੀਤਿਕ ਸ਼ਕਤੀ ਦੇ ਰੂਪ ਵਿਚ ਸਾਮ੍ਹਣੇ ਆਇਆ ਅਤੇ ਅਗਲੇ ਹੋਰ ਚਾਲ੍ਹੀ ਸਾਲਾਂ ਵਿਚ ਇਹ ਰਾਜ ਦਾ ਰੂਪ ਧਾਰਨ ਕਰ ਗਿਆ। ਇਸ ਪ੍ਰਕਿਰਿਆ ਰਾਹੀਂ ਗੁਜਰਨ ਸਮੇਂ ਸਿੱਖ ਪੰਥ ਨੂੰ ਸਭ ਤੋਂ ਵਧ ਰਾਜ-ਕ੍ਰੋਪੀ ਅਤੇ ਕਤਲੇਆਮਾਂ ਦਾ ਸਾਮ੍ਹਣਾ ਕਰਨਾ ਪਿਆ ਜਿਹੜਾ ਕਿ ਮਨੁੱਖੀ ਇਤਿਹਾਸ ਵਿਚ ਆਪਣੀ ਕਿਸਮ ਦਾ ਸੀ ।ਹੌਂਸਲਾ , ਨਿਡਰਤਾ ਅਤੇ ਸਵੈ ਵਿਸ਼ਵਾਸ ਜਿਸ ਨਾਲ ਸਿੱਖ ਪੰਥ ਨੇ ਇਸਦਾ ਮੁਕਾਬਲਾ ਕੀਤਾ, ਇਹ ਵੀ ਲਾਜਵਾਬ ਸੀ। ਅੰਤ ਵਿਚ ਉੱਤਰ-ਪੱਛਮੀ ਭਾਰਤ ਵਿਚ ਸਿੱਖਾਂ ਦਾ ਰਾਜ ਸਥਾਪਿਤ ਹੋ ਗਿਆ ਪਰੰਤੂ ਇਸ ਨਾਲ ਸਿਧਾਂਤਿਕ ਪਖੋਂ ਕੁਝ ਨੁਕਸਾਨ ਵੀ ਹੋ ਗਿਆ। ਸਿੱਖ ਸਿਧਾਂਤ ਕੋਈ ਇਕਹਰੀ ਵਿਦਵਤਾ ਦਾ ਨਿਯਮ ਨਹੀਂ ਹੈ ਸਗੋਂ ਇਹ ਸਿਧਾਂਤ ਗੁਰੂ ਗ੍ਰੰਥ ਸਾਹਿਬ ਵਿਚ ਅਤੇ ਪੰਥ ਦੀਆਂ ਪਰੰਪਰਾਗਤ ਸੰਸਥਾਵਾਂ ਵਿਚ ਖਿਲਰੇ ਪਏ ਹਨ। ਇਸ ਲਈ ਸਿਧਾਂਤਿਕ ਸ਼ੁੱਧਤਾ ਦੀ ਸੰਭਾਲ ਜ਼ਿਆਦਾਤਰ ਗੁਰੂ ਗ੍ਰੰਥ ਸਾਹਿਬ ਅਤੇ ਪਰੰਪਰਾ ਦੀ ਸਹੀ ਵਿਆਖਿਆ ਉੱਤੇ ਨਿਰਭਰ ਕਰਦੀ ਹੈ। ਬਦਕਿਸਮਤੀ ਨਾਲ ਗੜਬੜ ਵਾਲੀ ਅਠਾਰ੍ਹਵੀਂ ਸਦੀ ਵਿਚ ਜਦੋਂ ਕਿ ਖ਼ਾਲਸਾ ਆਪਣੀ ਹੋਂਦ ਨੂੰ ਬਰਕਰਾਰ ਰੱਖਣ ਲਈ ਅਤੇ ਪਿੱਛੋਂ ਜਿੱਤਾਂ ਅਤੇ ਰਾਜਨੀਤਿਕ ਪ੍ਰਬੰਧ ਕਰਨ ਲਈ ਪੂਰੀ ਤਰ੍ਹਾਂ ਯੁੱਧ ਵਿਚ ਫਸਿਆ ਹੋਇਆ ਸੀ ਤਾਂ ਧਰਮ ਸ਼ਾਸਤਰੀ ਮਾਮਲੇ ਉਦਾਸੀ ਅਤੇ ਨਿਰਮਲੇ ਸੰਤਾਂ ਦੇ ਹੱਥ ਆ ਗਏ ਜਿਨ੍ਹਾਂ ਉੱਤੇ ਹਿੰਦੂ ਪੰਡਤਾਊਪੁਣੇ ਦਾ ਗਹਿਰਾ ਪ੍ਰਭਾਵ ਸੀ। ਇਹਨਾਂ ਨੇ ਪੁਜਾਰੀਵਾਦ, ਕਰਮਕਾਂਡਵਾਦ ਅਤੇ ਜਿਸਦੀ ਸਿੱਖ ਧਰਮ ਵਿਚ ਪੂਰੀ ਤਰ੍ਹਾਂ ਮਨਾਹੀ ਕੀਤੀ ਗਈ ਕਈ ਥਾਂਵਾਂ ਤੇ ਮੂਰਤੀ ਪੂਜਾ ਵੀ ਲੈ ਆਂਦੀ। ਕੁਲੀਨਤੰਤਰ ਅਤੇ ਪਿੱਛੋਂ ਜਾ ਕੇ ਰਾਜਤੰਤਰ ਦੇ ਆਉਣ ਨਾਲ ਗਣਤਾਂਤਰਿਕ, ਪਰਜਾਤਾਂਤਰਿਕ ਸੰਸਥਾਵਾਂ ਜਿਵੇਂ ਕਿ ਸਰਬੱਤ ਖ਼ਾਲਸਾ , ਗੁਰਮਤਾ ਅਤੇ ਦਲ ਖ਼ਾਲਸਾ ਆਦਿ ਦਾ ਭੋਗ ਪਾ ਦਿੱਤਾ ਗਿਆ।

    ਬ੍ਰਿਟਿਸ਼ ਦੇ ਪੰਜਾਬ ਉੱਤੇ ਕਬਜ਼ਾ ਕਰਨ ਉਪਰੰਤ ਸਿੱਖ ਜਨਗਣਨਾ ਵਿਚ ਭਾਰੀ ਕਟੌਤੀ ਆਈ। ਸਿੱਖ ਸਿਧਾਂਤਾਂ ਦੀ ਸ਼ੁੱਧਤਾ ਦੀ ਸੰਭਾਲ ਲਈ ਸ਼ੁਰੂ ਵਿਚ ਦੋ ਯਤਨ ਕੀਤੇ ਗਏ ਜਿਨ੍ਹਾਂ ਵਿਚੋਂ ਇਕ ਬਾਬਾ ਦਿਆਲ (1783-1855) ਦੁਆਰਾ ਚਲਾਈ ਨਿਰੰਕਾਰੀ ਲਹਿਰ ਸੀ ਅਤੇ ਦੂਜੀ ਬਾਬਾ ਰਾਮ ਸਿੰਘ (1815-85) ਦੀ ਅਗਵਾਈ ਵਿਚ ਨਾਮਧਾਰੀ ਲਹਿਰ ਸੀ। ਹਕੀਕਤਨ ਪੁਨਰਜਾਗਰਤੀ 1873 ਵਿਚ ਸਿੰਘ ਸਭਾ ਲਹਿਰ ਦੇ ਅਰੰਭ ਹੋਣ ਨਾਲ ਪੈਦਾ ਹੋਈ। ਇਹ ਸਿੱਖ ਧਰਮ ਦੀਆਂ ਨੀਂਹਾਂ ਤਕ ਗਈ ਅਤੇ ਇਸ ਨੇ ਸਿੱਖ ਧਰਮ ਨੂੰ ਆਪਣੀ ਵਖਰੀ ਹੋਂਦ ਦੀ ਭਾਲ ਕਰਨ ਲਈ ਇਕ ਜੀਵੰਤ ਸ਼ਕਤੀ ਬਣਾ ਦਿੱਤਾ। ਇਸਨੇ ਸਿੱਖਾਂ ਲਈ ਅਜੋਕੀ ਖੋਜ ਦੇ ਦਰਵਾਜ਼ੇ ਖੋਲ੍ਹ ਦਿੱਤੇ ਅਤੇ ਹੁਣ ਇਹ ਵਿੱਦਿਅਕ ਅਤੇ ਸਾਹਿਤਿਕ ਸਰਗਰਮੀਆਂ ਵਿਚ ਤਕੜੇ ਹੋ ਕੇ ਲੱਗ ਗਏ। ਸਿੰਘ ਸਭਾ ਲਹਿਰ ਦੀ ਥਾਂ ਤੇ 1920 ਦੇ ਅਰੰਭ ਵਿਚ ਗੁਰਦੁਆਰਾ ਸੁਧਾਰ ਲਹਿਰ ਹੋਂਦ ਵਿਚ ਆਈ ਜਿਸਨੇ ਪੁਜਾਰੀ ਸ਼੍ਰੇਣੀ ਦੇ ਪ੍ਰਭਾਵ ਨੂੰ ਹਟਾ ਦਿੱਤਾ ਅਤੇ ਇਸਦੀ ਥਾਂ ਤੇ ਜਮਹੂਰੀ ਢੰਗ ਨਾਲ ਚੁਣੀ ਹੋਈ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਥਾਪਿਤ ਕੀਤੀ ਗਈ ਜਿਸਦਾ ਕੰਮ ਪੰਥ ਦੇ ਧਾਰਮਿਕ ਮਾਮਲਿਆਂ ਦੀ ਦੇਖ ਰੇਖ ਕਰਨੀ ਅਤੇ ਸਿੱਖ ਗੁਰਦੁਆਰਿਆਂ ਦਾ ਪ੍ਰਬੰਧ ਕਰਨਾ ਸੀ। ਰਾਜਨੀਤਿਕ ਅਗਵਾਈ ਲਈ ਜ਼ਿਆਦਾਤਰ ਸਿੱਖ ਪੰਥ ਸ਼੍ਰੋਮਣੀ ਅਕਾਲੀ ਦਲ ਵੱਲ ਹੀ ਦੇਖਦਾ ਸੀ। ਕੌਮੀ ਪੱਧਰ ਤੇ ਭਾਰਤ ਦੀ ਅਜ਼ਾਦੀ ਲਈ ਇਹ ਪੂਰੀ ਤਰ੍ਹਾਂ ਵਚਨਬੱਧ ਸਨ ਅਤੇ ਇਸ ਵਿਚ ਇਹਨਾਂ ਦੁਆਰਾ ਪਾਇਆ ਗਿਆ ਯੋਗਦਾਨ ਵੀ ਵਰਨਨਯੋਗ ਸੀ।

        1940 ਵਿਚ, ਭਾਰਤ ਦੇ ਮੁਸਲਮਾਨਾਂ ਨੇ ਭਾਰਤੀ ਮੁਸਲਿਮ ਲੀਗ ਰਾਹੀਂ ਆਪਣਾ ਵਖਰਾ ਦੇਸ ਪਾਕਿਸਤਾਨ ਬਣਾ ਲੈਣ ਲਈ ਯਤਨ ਕੀਤਾ ਜਿਸ ਵਿਚ ਮੁਸਲਮਾਨ ਵਸੋਂ ਵਾਲੇ ਇਲਾਕੇ ਹੀ ਭਾਰਤ ਵਿਚੋਂ ਲਏ ਜਾਣੇ ਸਨ। ਸਿੱਖ ਇਸ ਬਾਰੇ ਸੁਚੇਤ ਅਤੇ ਉਤਸ਼ਾਹਪੂਰਨ ਸਨ। ਪੰਜਾਬ ਜਿਹੜਾ ਉਹਨਾਂ ਦਾ ਆਪਣਾ ਘਰ ਸੀ ਇਕ ਮੁਸਲਮਾਨ ਬਹੁਗਿਣਤੀ ਵਾਲਾ ਸੂਬਾ ਸੀ। ਇਸਦੇ ਪਾਕਿਸਤਾਨ ਵਿਚ ਚਲੇ ਜਾਣ ਨਾਲ ਉਹਨਾਂ ਦੇ ਹਿੱਤਾਂ ਦਾ ਨੁਕਸਾਨ ਹੋਣਾ ਸੀ ਅਤੇ ਉਹਨਾਂ ਦੀ ਨਵੀਂ ਲੱਭੀ ਗਈ ਵਿਲੱਖਣ ਹੋਂਦ ਨੂੰ ਇਸ ਨਾਲ ਖਤਰਾ ਪੈਦਾ ਹੋ ਸਕਦਾ ਸੀ। ਸਿੱਖਾਂ ਨੇ ਆਪਣਾ ਅਜ਼ਾਦ ਦੇਸ ਬਣਾਉਣ ਦਾ ਜਤਨ ਕੀਤਾ ਪਰੰਤੂ ਇਹ ਇਕ ਤਾਂ ਗਿਣਤੀ ਵਿਚ ਘੱਟ ਸਨ (ਸਾਰੇ ਭਾਰਤ ਦੀ ਅਬਾਦੀ ਦੇ ਇਹ 1.47% ਸਨ ਅਤੇ 1941 ਦੀ ਜਨਗਣਨਾ ਅਨੁਸਾਰ ਪੰਜਾਬ ਵਿਚ 13% ਸਨ) ਅਤੇ ਬਹੁਤ ਘੱਟ ਗਿਣਤੀ ਵਿਚ ਹੋਣ ਦੇ ਨਾਲ ਇਧਰ-ਉਧਰ ਖਿੰਡੇ ਪੁੰਡੇ ਹੋਏ ਵੀ ਸਨ। ਇਸ ਲਈ ਇਹ ਆਪਣਾ ਵਖਰਾ ਦੇਸ਼ ਲੈਣ ਦਾ ਹੱਕ ਠੀਕ ਸਿੱਧ ਨਹੀਂ ਕਰ ਸਕਦੇ ਸਨ।

        1947 ਵਿਚ ਪੰਜਾਬ-ਵੰਡ ਨੇ ਸਿੱਖ ਅਬਾਦੀ ਨੂੰ ਦੋ ਹਿੱਸਿਆਂ ਵਿਚ ਵੰਡ ਦਿੱਤਾ ਜਿਸ ਨਾਲ ਸਿੱਖਾਂ ਨੂੰ ਕਾਫ਼ੀ ਧੱਕਾ ਲੱਗਾ। ਜਿਹੜੇ ਪਾਕਿਸਤਾਨ ਦੇ ਜ਼ਿਲਿਆਂ ਵਿਚ ਰਹਿ ਗਏ ਉਹਨਾਂ ਨੂੰ ਭਾਰਤੀ ਪੰਜਾਬ ਵੱਲ ਆਉਣਾ ਪਿਆ ਅਤੇ ਕੁਝ ਸਿੱਖ ਸਤਲੁਜ ਖੇਤਰ ਵਿਚ ਸਿੱਖ ਰਿਆਸਤਾਂ ਵਿਚ ਆ ਗਏ। ਪਰੰਤੂ ਇਹਨਾਂ ਦੇ ਜੱਦੀ ਗੁਣ ਨਿਡਰਤਾ ਅਤੇ ਹਿੰਮਤ ਕਰਕੇ ਇਹ ਛੇਤੀ ਹੀ ਅਜ਼ਾਦ ਭਾਰਤ ਵਿਚ ਮੁੜ ਵੱਸਣ ਵਿਚ ਪੂਰੀ ਤਰਾਂ ਸਫ਼ਲ ਹੋ ਗਏ ਪਰੰਤੂ ਇਹਨਾਂ ਵੱਲੋਂ ਬੜੀ ਮੁਸ਼ਕਿਲ ਅਤੇ ਹੁਸ਼ਿਆਰੀ ਨਾਲ ਸੰਭਾਲੀ ਹੋਈ ਪਛਾਣ ਅਤੇ ਇਹਨਾਂ ਦੇ ਸਭਿਆਚਾਰਿਕ ਵਿਰਸੇ ਬਾਰੇ ਇਥੇ ਵੀ ਸ਼ੱਕ ਅਤੇ ਗਲਤਫਹਿਮੀਆਂ ਪੈਦਾ ਹੋਣੀਆਂ ਸ਼ੁਰੂ ਹੋ ਗਈਆਂ। ਭਾਰਤ ਦੇ ਨਵੇਂ ਸੰਵਿਧਾਨ-ਘਾੜਿਆਂ ਨੇ ਇਹਨਾਂ ਨੂੰ ਘੱਟ ਗਿਣਤੀ ਦੇ ਤੌਰ ਤੇ ਵਿਸ਼ੇਸ਼ ਹੱਕ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਭਾਰੀ ਗਿਣਤੀ ਵਿਚ ਗੈਰ ਸਿੱਖ ਪੰਜਾਬੀਆਂ ਨੇ ਪੰਜਾਬੀ ਨੂੰ ਮਾਂ ਬੋਲੀ ਮੰਨਣੋਂ ਇਨਕਾਰ ਕਰ ਦਿੱਤਾ। ਨਤੀਜਾ ਇਹ ਹੋਇਆ ਕਿ ਜਦੋਂ ਕਿ ਸਾਰਾ ਭਾਰਤ ਭਾਸ਼ਾਈ-ਆਧਾਰ ਤੇ ਪੁਨਰਸੰਗਠਿਤ ਹੋਇਆ ਤਾਂ ਕੇਵਲ ਸਿੱਖਾਂ ਨੂੰ ਪੰਜਾਬੀ ਬੋਲਦਾ ਸੂਬਾ ਲੈਣ ਲਈ ਲੰਮਾ ਮੋਰਚਾ ਲਗਾਉਣਾ ਪਿਆ। ਭਾਸ਼ਾ ਕਿਸੇ ਵੀ ਸਭਿਆਚਾਰ ਦਾ ਸਭ ਤੋਂ ਮਹੱਤਵਪੂਰਨ ਤੱਤ ਹੋਣ ਕਰਕੇ ਸਿੱਖ ਇਸ ਪ੍ਰਤੀ ਬਹੁਤ ਸੰਵੇਦਨਸ਼ੀਲ ਹਨ।

    ਧਰਮ ਸ਼ਾਸਤਰੀ ਪੱਖ ਤੋਂ ਮੌਜੂਦਾ ਸਿੱਖ ਧਰਮ ਵਿਚ ਸਿੰਘ ਸਭਾ ਦੀ ਨਿਰੰਤਰਤਾ ਹੀ ਹੈ। ਜਦੋਂ ਕਿ ਇਸਨੇ ਇਕ ਪਾਸੇ ਤਾਂ ਆਪਣੀ ਸਿਧਾਂਤਿਕ ਏਕਤਾ ਬਣਾਈ ਰੱਖੀ ਹੈ ਅਤੇ ਆਪਣੀ ਮੂਲ ਤੱਤ-ਮੀਮਾਂਸਾ ਅਤੇ ਚਿੰਨ੍ਹਵਾਦ ਨੂੰ ਸੰਭਾਲਿਆ ਹੋਇਆ ਹੈ ਤਾਂ ਦੂਜੇ ਪਾਸੇ ਇਸਨੇ ਜੋ ਵਿਰਸੇ ਵਿਚ ਲਿਆ ਹੈ ਉਸ ਪ੍ਰਤੀ ਕਾਫ਼ੀ ਲਚਕ ਵੀ ਕਾਇਮ ਰੱਖੀ ਹੋਈ ਹੈ ਤਾਂ ਕਿ ਆਪਣੇ ਮੁੱਢਲੇ ਸਿਧਾਂਤਾਂ ਨੂੰ ਕਾਇਮ ਰੱਖਦੇ ਹੋਏ ਇਹ ਅਜੋਕੇ ਤਰੱਕੀ ਦੇ ਦੌਰ ਵਿਚ ਪਿੱਛੇ ਨਾ ਰਹਿ ਜਾਵੇ। ਆਪਣੇ ਘਟਨਾਪੂਰਨ ਇਤਿਹਾਸ ਬਾਰੇ ਸੁਚੇਤ ਰਹਿੰਦੇ ਹੋਏ ਇਸਦਾ ਦ੍ਰਿਸ਼ਟੀਕੋਣ ਨਿਸ਼ਚਿਤ ਤੌਰ ਤੇ ਅਗਾਂਹ ਵਧੂ ਹੈ। ਪਵਿੱਤਰ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖਾਂ ਦੀ ਨਿਰੰਤਰ ਅਧਿਆਤਮਿਕ ਸ਼ਕਤੀ ਹੈ ਅਤੇ ਇਕ ਜੀਵੰਤ ਗੁਰੂ ਦੇ ਤੌਰ ਤੇ ਇਸਦਾ ਸਤਿਕਾਰ ਕੀਤਾ ਜਾਂਦਾ ਹੈ। ਇਸਨੇ ਸਿੱਖਾਂ ਦੀ ਧਾਰਮਿਕ ਸ਼ੈਲੀ ਅਤੇ ਸਮਾਜਿਕ ਰੀਤੀ ਰਿਵਾਜਾਂ ਨੂੰ ਇਕ ਰੂਪ ਅਤੇ ਅਰਥ ਦਿੱਤਾ ਹੈ। ਇਹ ਇਹਨਾਂ ਦੀ ਮਾਨਸਿਕਤਾ ਦੇ ਕੇਂਦਰੀ ਬਿੰਦੂ ਦਾ ਮੁੱਖ ਭਾਗ ਹੈ ਅਤੇ ਇਹਨਾਂ ਦੀ ਸ਼ਰਧਾ ਅਤੇ ਸਾਧਨਾਂ ਨੂੰ ਨਿਯਮਿਤ ਕਰਨ ਵਾਲਾ ਸਿਧਾਂਤ ਹੈ। ਆਪਣੇ ਪਵਿੱਤਰ ਧਾਰਮਿਕ ਗ੍ਰੰਥ ਅਤੇ ਆਪਣੇ 500 ਸਾਲਾਂ ਪੁਰਾਤਨ ਇਤਿਹਾਸ ਰਾਹੀਂ ਇਹਨਾਂ ਨੇ ਆਪਣੇ ਧਾਰਮਿਕ ਵਿਰਸੇ ਨਾਲ ਪੀਡੀ ਸਾਂਝ ਬਣਾਈ ਹੋਈ ਹੈ। ਫਿਰ ਵੀ ਇਹਨਾਂ ਦੇ ਇਸ ਨਾਲ ਡੂੰਘੇ ਤੌਰ ਤੇ ਜੁੜਣ ਨਾਲ ਸਿੱਖ ਸੰਸਾਰ ਤੋਂ ਇਕ ਪਾਸੇ ਇਕੱਲੇ ਹੀ ਨਹੀਂ ਰਹਿ ਗਏ ਹਨ। ਇਹਨਾਂ ਦੇ ਧਰਮ ਦਾ ਇਕ ਵਿਸ਼ਾਲ ਮਨੁੱਖਤਾਵਾਦੀ ਆਧਾਰ ਹੈ। ਇਕੱਲੇ ਆਪਣੇ ਘਰਾਂ ਵਿਚ, ਅਤੇ ਸੰਗਤ ਰੂਪ ਵਿਚ ਇਕੱਠੇ ਆਪਣੇ ਗੁਰਦੁਆਰਿਆਂ ਅੰਦਰ, ਇਹ ਸਵੇਰੇ ਸ਼ਾਮ ਜਦੋਂ ਅਰਦਾਸ ਕਰਦੇ ਹਨ ਤਾਂ ਅਖ਼ੀਰ ਤੇ ਕਹਿੰਦੇ ਹਨ, ‘ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਕਾ ਭਲਾ ।`


ਲੇਖਕ : ਗ.ਸ.ਤ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 28527, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਸਿੱਖ ਧਰਮ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ

ਸਿੱਖ ਧਰਮ : ਮੁੱਖ ਸ਼ਬਦ––ਗੁਰ ਸ਼ਬਦ ਰਤਨਾਕਰ ਮਹਾਨ ਕੋਸ਼ (ਭਾਈ ਕਾਨ੍ਹ ਸਿੰਘ, ਨਾਭਾ) ਦੇ ਕਥਨ ਅਨੁਸਾਰ ਸਿੱਖ ਦਾ ਅਰਥ-ਭਾਵ ਹੈ “ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਨੁਗਾਮੀ, ਜਿਸ ਨੇ ਸਤਿਗੁਰੂ ਨਾਨਕ ਦੇਵ ਦਾ ਸਿੱਖ ਧਰਮ ਧਾਰਨ ਕੀਤਾ ਹੈ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਧਰਮ ਗ੍ਰੰਥ ਮੰਨਦਾ ਹੈ ਅਤੇ ਦਸ ਸਤਿਗੁਰਾਂ ਨੂੰ ਇਕ ਰੂਪ ਸਮਝਦਾ ਹੈ।” “ਗੁਰ ਸਤਿਗੁਰ ਕਾ ਜੋ ਸਿਖੁ ਅਖਾਏ––ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖੁ ਗੁਰੂ ਮਨਿ ਭਾਵੈ” (ਵਾਰ ਗਉੜੀ ਮਹਲਾ ੪) “ਆਪੁ ਛਡਿ ਸਦਾ ਰਹੈ ਪਰਣੈ ਗੁਰ ਬਿਨੁ ਅਵਰੁ ਨ ਜਾਣੈ ਕੋਏ” (ਰਾਮਕਲੀ ਮਹਲਾ ੩ ਅਨੰਦੁ), ਇਸ ਲਈ ਧਰਮ ਦੇ ਅਨੇਕ ਰਸਤਿਆਂ ਵਿਚੋਂ ਜੋ ਸ਼ਿਰੋਮਣੀ ਰਸਤਾ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤਕ ਦਸ ਗੁਰੂਆਂ ਨੇ ਦੱਸਿਆ ਹੈ, ਉਸ ਦਾ ਨਾਉ ‘ਸਿੱਖ ਧਰਮ’ ਹੈ।

          ਸਿੱਖ ਧਰਮ ਦਾ ਪ੍ਰਾਰੰਭ, ਪ੍ਰਚਾਰ ਤੇ ਪ੍ਰਸਾਰ––ਸਿੱਖ ਧਰਮ ਦੇ ਮੂਲਡ ਪ੍ਰਵਰਤਕ ਸ੍ਰੀ ਗੁਰੂ ਨਾਨਕ ਦੇਵ ਜੀ ਨੇ, ਜਿਨ੍ਹਾਂ ਦਾ ਸਮਾਂ ਸੰਨ 1469 ਤੋਂ ਲੈ ਕੇ ਸੰਨ 1539 ਈ. ਤਕ ਹੈ, ਜਨ-ਸਮਾਜ ਦੇ ਸੁਧਾਰ ਲਈ ਇਕ ਈਸ਼ਵਰਵਾਦ ਨੂੰ ਮੁੱਖ ਰੱਖ ਕੇ ਨਿਰੰਕਾਰ, ਪ੍ਰਭੂ ਉਪਾਸਨਾ ਦਾ ਪ੍ਰਚਾਰ ਕਰਕੇ ਹਰ ਪ੍ਰਕਾਰ ਦੇ ਭ੍ਰਮਾਂ-ਵਹਿਮਾਂ ਤੇ ਪੁਰਾਣਿਕ ਕਰਮਾਂ ਤੇ ਆਧਾਰਿਤ ਕਾਲਪਨਿਕ ਦੇਵਤਾਵਾਦ ਦਾ ਖੰਡਨ ਕੀਤਾ ਜਿਸ ਕਰਕੇ ਹਿੰਦੂਆਂ ਤੇ ਮੁਸਲਮਾਨਾਂ ਨੂੰ, ਜੋ ਉਸ ਸਮੇਂ ਵਾਧੂ ਜਿਹੇ ਮਜ਼ਹਬੀ ਝਗੜੇ ਛੇੜ ਕੇ ਪਰਸਪਰ ਗੁੱਥਮ ਗੁੱਥਾ ਹੁੰਦੇ ਰਹਿੰਦੇ ਸਨ “ਏਕੁ ਪਿਤਾ ਏਕਸ ਕੇ ਹਮ ਬਾਰਿਕ” ਬਣਨ ਲਈ ਕੌਮੀ ਏਕਤਾ ਦਾ ਰਾਹ ਦੱਸਿਆ। ਗੁਰੂ ਸਾਹਿਬ ਨੇ ਇਸੇ ਕਾਰਨ ਜਗਤ ਸੁਧਾਰ ਲਈ ਪੂਰਬ, ਪੱਛਮ, ਉੱਤਰ ਤੇ ਦੱਖਣ ਦੇ ਦੇਸ਼ਾਂ ਦੀ ਯਾਤ੍ਰਾ ਲਈ ਚਾਰ ਉਦਾਸੀਆਂ ਧਾਰਨ ਕੀਤੀਆਂ ਤੇ ਗੁਰੂ ਸਾਹਿਬ ਹਰਿਦਵਾਰ (ਗੰਗਾ), ਬਨਾਰਸ ਆਦਿ ਹਿੰਦੂ ਤੀਰਥਾਂ ਦੀ ਯਾਤਰਾ ਕਰਕੇ ਅਰਬ ਸਾਗਰ ਲੰਘ ਮੱਕੇ ਤੇ ਮਦੀਨੇ ਵੀ ਗਏ ਤੇ ਆਪਣੀ ਆਤਮਕ ਸ਼ਕਤੀ ਨਾਲ ਉਨ੍ਹਾਂ ਨੇ ਹਿੰਦੂਆਂ ਤੇ ਮੁਸਲਮਾਨਾਂ ਦੋਹਾਂ ਨੂੰ ਸਿੱਧੇ ਰਸਤੇ ਪਾਇਆ। ਬਿਨਾ ਕਿਸੇ ਜਾਤੀ ਵੱਲ ਵਿਤਕਰੇ ਦੇ ਸਰਬ ਸਾਂਝਾ ਗੁਰੂ ਕਾ ਲੰਗਰ ਚਲਾਕੇ ਇਕ ਸੰਗਤ ਤੇ ਪੰਗਤ ਦੀ ਰੀਤ ਚਲਾਈ, ਦਸਾਂ ਨਹੁੰਆਂ ਦੀ ਕਿਰਤ ਕਰਕੇ ਇਕ ਅਕਾਲ ਪੁਰਖ ਦੇ ਸਿਮਰਨ ਦਾ ਰਾਹ ਦੱਸਿਆ। ਸਿੱਖ ਧਰਮ ਦੇ ਪ੍ਰਚਾਰ ਦਾ ਕੇਂਦਰ ਉਨ੍ਹਾਂ ਨੇ ਕਰਤਾਰਪੁਰ (ਰਾਵੀ) ਥਾਪਿਆ। ਫੇਰ ਉਨ੍ਹਾਂ ਤੋਂ ਬਾਅਦ ਦੂਜੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ (ਜ਼ਿਲ੍ਹਾ ਅੰਮ੍ਰਿਤਸਰ) ਵਿਖੇ ਗੁਰ-ਇਤਿਹਾਸ ‘ਜਨਮ ਸਾਖੀ ਗੁਰੂ ਨਾਨਕ’ ਲਿਖਵਾਈ ਤੇ ਗੁਰੂ ਕੇ ਲੰਗਰ ਰਾਹੀਂ ਇਕ ਸੰਗਤ ਤੇ ਪੰਗਤ ਦੀ ਰਸਮ ਹੋਰ ਪਕੇਰੀ ਕੀਤੀ। ਤੀਜੇ ਗੁਰੂ ਅਮਰ ਦਾਸ ਜੀ ਨੇ ਗੋਇੰਦਵਾਲ ਵਿਖੇ ਗੁਰਮਤ ਦੇ ਪ੍ਰਚਾਰ ਲਈ ਦੇ ਸ਼ ਵਿਦੇਸ਼ ਵਿਚ ਬਾਈ ਮੰਜੀਆਂ ਕਾਇਮ ਕਰਕੇ ਸਿੱਖ ਧਰਮ ਨੂੰ ਵਧੇਰੇ ਫੈਲਾਇਆ। ਫੇਰ ਚੌਥੇ ਤੇ ਪੰਜਵੇ ਗੁਰੂ ਰਾਮ ਦਾਸ ਤੇ ਗੁਰੂ ਅਰਜਨ ਦੇਵ ਜੀ ਨੇ ਗੁਰਸਿੱਖੀ ਦੇ ਪੱਕੇ ਕੇਂਦਰ ਗੁਰੂ ਕਾ ਚੱਕ, ਅੰਮ੍ਰਿਤਸਰ ਤੇ ਤਰਨ ਤਾਰਨ ਕਾਇਮ ਕਰਕੇ ਸ੍ਰੀ ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ। ਗੁਰੂ ਅਰਜਨ ਦੇਵ ਜੀ ਨੇ ਸਾਰੇ ਗੁਰੂਆਂ ਦੀ ਪਵਿਤ੍ਰ ਬਾਣੀ ਦੇ ਸੰਗ੍ਰਿਹ ਵਜੋਂ ਸ੍ਰੀ ਆਦਿ ਗ੍ਰੰਥ ਜੀ ਦੀ ਬੀੜ ਤਿਆਰ ਕਰਵਾਈ। ਮੁਗ਼ਲ ਬਾਦਸ਼ਾਹ ਅਕਬਰ ਨੇ ਗੁਰੂ ਜੀ ਦੇ ਇਕ ਨੇਕ ਕੰਮ ਵਿਚ ਵਧੇਰੇ ਸਹਿਯੋਗ ਦਿੱਤਾ। ਅਕਬਰ ਤੋਂ ਬਾਅਦ ਉਸ ਦੇ ਪੁੱਤਰ ਮੁਗ਼ਲ ਬਾਦਸ਼ਾਹ ਜਹਾਂਗੀਰ ਦਾ ਕ੍ਰੋਧ ਵਧਿਆ ਤੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਇਕ ਵਾਧੂ ਜਿਹਾ ਬਹਾਨਾ ਬਣਾ ਕੇ ਲਾਹੌਰ ਬੁਲਾ ਕੇ ਸ਼ਹੀਦ ਕੀਤਾ ਗਿਆ। ਉਨ੍ਹਾਂ ਤੋਂ ਬਾਅਦ ਸਿੱਖ ਧਰਮ ਚੂੰਕਿ ਇਸ ਸਮੇਂ ਵਧੇਰੇ ਤਰੱਕੀ ਕਰ ਗਿਆ ਸੀ ਤੇ ਦੇਸ਼ ਵਿਦੇਸ਼ ਦੇ ਸਾਰੇ ਅਮੀਰ-ਗਰੀਬ ਇਸ ਪਾਸੇ ਝੁਕ ਰਹੇ ਸਨ, ਇਸ ਲਈ ਮੁਗ਼ਲ ਹਕੂਮਤ ਤਸ਼ੱਦਦ ਉੱਤੇ ਉਤਰੀ ਦੇਖ ਛੇਵੇਂ ਗੁਰੂ ਹਰਿਗੋਬਿੰਦ ਜੀ ਨੂੰ ਸ੍ਰੀ ਅੰਮ੍ਰਿਤਸਰ, ਸ੍ਰੀ ਹਰਿਗੋਬਿੰਦਪੁਰ, ਗੁਰੂ ਸਰ ਮਹਿਰਾਜ (ਮਾਲਵਾ) ਤੇ ਕਰਤਾਰਪੁਰ (ਜਲੰਧਰ) ਦੇ ਸਥਾਨ ਪਰ ਉਸ ਨਾਲ ਚਾਰ ਧਰਮ-ਯੁੱਧ ਕਰਨੇ ਪਏ ਤੇ ਇਨ੍ਹਾਂ ਯੁਧਾਂ ਦੇ ਨਤੀਜੇ ਵਜੋਂ ਅੰਤ ਅੰਮ੍ਰਿਤਸਰ ਦੀ ਥਾਵੇਂ ਦਰਿਆ ਸਤਲੁਜ ਲੰਘ ਰੋਪੜ ਦੇ ਲਾਗੇ ਕੀਰਤਪੁਰ ਰਿਹਾਇਸ਼ ਅਖਤਿਆਰ ਕਰਨੀ ਪਈ। ਸੋ ਇਸ ਕਾਰਨ ਸਿੱਖ ਪੰਥ ਵਿਚ ਸ਼ਾਂਤਮਈ ਦੀ ਥਾਵੇਂ ਬੀਰ ਰਸ ਨੇ ਪ੍ਰਵੇਸ਼ ਕੀਤਾ ਤੇ ਗੁਰੂ ਜੀ ਨੇ ਚਰਣਾਮ੍ਰਿਤ ਅਰਥਾਤ ਚਰਣ-ਪਾਹੁਲ ਦੀ ਮਰਯਾਦਾ, ਜੋ ਪਹਿਲਾਂ ਆਦਿ ਗੁਰੂ ਜੀ ਦੇ ਸਮੇਂ ਤੋਂ ਕੇਵਲ ਇਕੋ ਸਿੱਖ ਗੁਰੂ, ਜਾਂ ਮਹਾਨ ਵਿਅਕਤੀ ਦਿਆ ਕਰਦੇ ਸਨ ਇਕ ਦੀ ਥਾਂ ਪੰਜਾਂ ਸਿੱਖਾਂ ਰਾਹੀਂ ਦੇਣੀ ਸ਼ੁਰੂ ਕੀਤੀ। ਉਨ੍ਹਾਂ ਤੋਂ ਬਾਅਦ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਇ, ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿ ਕ੍ਰਿਸ਼ਨ ਨੇ ਕੀਰਤਪੁਰ ਰਹਿ ਕੇ, ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕੀਰਤਗੁਰ ਦੇ ਨੇੜੇ ਹੀ ਚੱਕ ਮਾਤਾ ਨਾਨਕੀ ਆਬਾਦ ਕਰਕੇ ਇਕ ਨਵਾਂ ਕੇਂਦਰ ਸਿੱਖ ਧਰਮ ਦਾ ਥਾਪਿਆ ਜਿਸ ਨੂੰ ਉਨ੍ਹਾਂ ਤੋਂ ਪਿਛੋਂ ਉਨ੍ਹਾਂ ਦੇ ਦਿੱਲੀ ਜਾਣ ਤੇ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਦੇ ਹੁਕਮ ਨਾਲ ਸ਼ਹੀਦ ਹੋਣ ਤੇ, ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਨਗਰੀ ਦਾ ਰੂਪ ਦਿੱਤਾ। ਉਥੇ ਹੀ ਤਖ਼ਤ ਕੇਸਗੜ੍ਹ ਦੇ ਸਥਾਨ ਪਰ ਪੰਜਾਂ ਪਿਆਰਿਆਂ ਰਾਹੀਂ ਖੰਡੇ ਦਾ ਅੰਮ੍ਰਿਤ ਛਕਾ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਤੇ ਸਮੁੱਚੇ ਸਿੱਖ ਪੰਥ ਨੂੰ ਖ਼ਾਲਸਾ ਪੰਥ ਦੀ ਸ਼ਕਲ ਵਿਚ ਪੱਕੇ ਤੌਰ ਤੇ ਬੀਰ ਰੱਸ ਦੇ ਰੰਗ ਵਿਚ ਰੰਗ ਦਿੱਤਾ। ਇਹ ਵਾਕਿਆ ਸੰਨ 1699 ਈ. ਦਾ ਹੈ। ਇਸ ਤੋਂ ਬਾਅਦ ਅਨੇਕ ਧਰਮ-ਯੁੱਧਾਂ ਵਿਚ ਅਦੁਤੀ ਵੀਰਤਾ ਦਿਖਾਂਉਂਦੇ ਹੋਏ ਸਰਬੰਦ ਦਾਨੀ ਸ੍ਰੀ ਦਸ਼ਮੇਸ਼ ਜੀ ਜਦ ਆਨੰਦਪੁਰ ਛੱਡ ਇਲਾਕਾ ਜੰਗਲ (ਮਾਲਵਾ) ਰਾਜਸਥਾਨ ਆਦਿ ਥੀਂ ਹੁੰਦੇ ਹੋਏ ਸੰਨ 1708 ਵਿਚ ਨੰਦੇੜ (ਦੱਖਣ) ਪਹੁੰਚੇ ਤਾਂ ਆਪਜੀ ਨੇ ਅੰਤ ਸਮਾਂ ਨੇੜੇ ਆਇਆ ਜਾਣ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਦੇ ਕੇ ਸਰਬ-ਸਾਂਝੀਵਾਲਤਾ ਦੀ ਇਕ ਅਜਿਹੀ ਮਿਸਾਲ ਕਾਇਮ ਕੀਤੀ ਜਿਸ ਦੇ ਮੁਕਾਬਲੇ ਦਾ ਉਦਾਹਰਣ ਸ਼ਾਇਦ ਹੀ ਦੁਨੀਆਂ ਦੇ ਕਿਸੇ ਸੁਪ੍ਰਸਿੱਧ ਆਗੂ ਦੇ ਜੀਵਨ ਵਿਚੋਂ ਮਿਲ ਸਕੇ।

          ਸ੍ਰੀ ਦਸ਼ਮੇਸ਼ ਦੇ ਇਤਿਹਾਸਕ ਸਥਾਨਾਂ ਵਿਚੋਂ ਉਨ੍ਹਾਂ ਦੀ ਜਨਮ ਭੂਮੀ ਸ੍ਰੀ ਹਰਿਮੰਦਰ ਪਟਨਾ ਸਾਹਿਬ, ਰਾਜ ਲੀਲਾ-ਭੂਮੀ ਤਖ਼ਤ ਸ੍ਰੀ ਕੇਸਗੜ੍ਹ (ਆਨੰਦਪੁਰ) ਤੇ ਦਮਦਮਾ ਸਾਹਿਬ (ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ) ਤੇ ਅੰਤਿਮ ਸਥਾਨ ਸ੍ਰੀ ਅਬਿਚਲ ਨਗਰ ਹਜੂਰ ਸਾਹਿਬ (ਨੰਦੇੜ-ਦੱਖਣ) ਨਾਮਕ ਚਾਰੇ ਕੇਂਦਰ ਸਿੱਖ ਧਰਮ ਦੇ ਪ੍ਰਮਾਣਿਕ ਤਖ਼ਤਾਂ ਦੀ ਹੈਸੀਅਤ ਰੱਖਦੇ ਹਨ। ਇਸ ਕਰਕੇ ਸ੍ਰੀ ਅਕਾਲ ਤਖ਼ਤ (ਅੰਮ੍ਰਿਤਸਰ) ਵਾਂਗ ਹੀ ਇਨ੍ਹਾਂ ਖ਼ਾਲਸਈ ਤਖ਼ਤਾਂ ਦੀ ਸਿੱਖ ਪੰਥ ਵਿਚ ਬੜੀ ਮਾਨਤਾ ਹੈ।

          ਸਿੱਖਾਂ ਦੀ ਮੁੱਢਲੀ ਰਹਿਤ ਮਰਯਾਦਾ ਤੇ ਉਸ ਵਿਚ ਪਰਿਵਰਤਨ––ਸਿੱਖਾਂ ਦੀ ਰਹਿਤ ਮਰਯਾਦਾ ਅਤੇ ਸੰਗਤ-ਪੰਗਤ ਸ਼ੁਰੂ ਤੋਂ ਇਕ ਸੀ ਤੇ ਸਾਰੇ ਸਿੱਖ ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ ਨਿੱਤ ਅੰਮ੍ਰਿਤ ਵੇਲੇ ਜਾਗਦੇ ਤੇ ਸ਼ੌਚ-ਇਸ਼ਨਾਨ ਤੋਂ ਫ਼ਾਰਿਗ ਹੋ ਕੇ ਧਰਮਸ਼ਾਲ (ਗੁਰਦੁਆਰੇ) ਜਾਂਦੇ ਅਤੇ ਸ਼ਰਧਾ ਭਾਵ ਸਹਿਤ ਨਾਮਬਾਣੀ ਦੇ ਕੀਰਤਨ ਆਦਿ ਵਿਚ ਸ਼ਾਮਲ ਹੁੰਦੇ ਸਨ :––

          (1) ਕੁਰਬਾਣੀ ਤਿੰਨਾ ਗੁਰਸਿਖਾਂ ਪਿੱਛਲ ਰਾਤੀਂ ਉਠਿ ਬਹੰਦੇ।

          ਕੁਰਬਾਣੀ ਤਿਨਾਂ ਗੁਰਸਿਖਾਂ ਅੰਮ੍ਰਿਤ ਵੇਲੇ ਸਰਿ ਨਾਵੰਦੇ,

          ਕੁਰਬਾਣੀ ਤਿਨਾਂ ਗੁਰਸਿਖਾਂ ਹੁਇ ਇਕ ਮਨਿ ਗੁਰ ਜਾਪੁ ਜਪੰਦੇ।

          ਕੁਰਬਾਣੀ ਤਿਨਾਂ ਗੁਰਸਿਖਾਂ ਸਾਧ ਸੰਗਤਿ ਚਲਿ ਜਾਇ ਜੁੜੰਦੇ।

          ਕੁਰਬਾਣੀ ਤਿਨਾਂ ਗੁਰਸਿਖਾਂ ਗੁਰਬਾਣੀ ਨਿਤਿ ਗਾਇ ਸੁਣੰਦੇ।

          ਕੁਰਬਾਣੀ ਤਿਨਾਂ ਗੁਰਸਿਖਾਂ ਮਨਿ ਮੇਲੀ ਕਰਿ ਮੇਲਿ ਮਿਲੰਦੇ।

          ਕੁਰਬਾਣੀ ਤਿਨਾਂ ਗੁਰਸਿਖਾਂ ਭਾਇ ਭਗਤਿ ਗੁਰਪੁਰਬ ਕਰੰਦੇ।

          ਗੁਰੂ ਸੇਵਾ ਫ਼ਲੁ ਸੁਫ਼ਲੁ ਫ਼ਲੰਦੇ ॥ ੨ ॥ (ਵਾਰ ੧੨)

          (2) ਮੁਥੈ ਟਿੱਕਾ ਲਾਲੁ ਨੀਸਾਣੁ ਸੁਹਾਇਆ॥

          ਪੈਰੀ ਪੈ ਗੁਰਸਿੱਖ ਪੈਰੀ ਪਾਇਆ ॥ ੫ ॥ ਵਾਰ ੨੦॥

          ਦੁੱਧ ਚਿੱਟੇ ਵਸਤ੍ਰ ਤੇ ਸੀਸ ਉੱਤੇ ਚਿੱਟੀ ਗੁਰਮੁਖੀ ਦਸਤਾਰ ਸਿੱਖਾਂ ਦਾ ਉਸ ਸਮੇਂ ਆਮ ਪਹਿਰਾਵਾ ਸੀ। ਸਿੱਖ ਇਸਤ੍ਰੀਆਂ ਵੀ ਸਾਦਾ ਪਹਿਰਾਵਾ ਪਹਿਨਦੀਆਂ ਤੇ ਗਹਿਣੇ ਗੱਟੇ ਤੋਂ ਪਰਹੇਜ਼ ਰਖਦੀਆਂ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸਮੇਂ ਤਕ ਸਿੱਖਾਂ ਦੀ ਇਹੋ ਰਹਿਣੀ-ਬਹਿਣੀ ਕਾਇਮ ਰਹੀ। ਅੱਧ ਵਿਚਕਾਰ ਵਾਧਾ ਸਿਰਫ਼ ਇਹ ਹੋਇਆ ਕਿ ਸਿੱਖ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਸਮੇਂ ਮੁਗ਼ਲ ਹਕੂਮਤ ਦਾ ਦ੍ਰੋਹ ਭਰਿਆ ਵਰਤਾਉ ਦੇਖ ਕੇ ਸ਼ਾਂਤਮਈ ਦੀ ਥਾਵੇਂ ਬੀਰ ਰਸ ਧਾਰਣ ਕਰਕੇ ਸਨੱਧਬੱਧ ਹੋਣ ਲੱਗ ਪਏ ਤੇ ਕਿਸੇ ਇਕ ਮਹਾਨ ਵਿਅੱਕਤੀ ਦੀ ਥਾਵੇਂ ਪੰਜਾਂ ਸਿੱਖਾਂ ਤੋਂ ਚਰਣ ਪਾਹੁਲ ਲੈਣ ਲੱਗੇ, ਜੋ ਇਨ੍ਹਾਂ ਦੀ ਸਿਪਾਹੀਆਨਾਂ ਜਿੰਦਗੀ ਦਾ ਮੁੱਢ ਸੀ।

          ਇਸ ਤੋਂ ਪਿਛੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਖੰਡੇ ਦਾ ਅਮ੍ਰਿਤ ਛਕਾ ਕੇ ਸਿੰਘ (ਖ਼ਾਲਸਾ) ਬਣਾ ਦਿੱਤਾ। ਜਿਸ ਕਰਕੇ ਹੋਰ ਗੁਰਮੁਖੀ ਰਹਿਤ ਦੇ ਨਾਲ ਪੰਜ ਕਕਾਰ-ਕੰਘਾ, ਕੱਛ, ਕੜਾ, ਕ੍ਰਿਪਾਨ ਤੇ ਕੇਸ ਇਨ੍ਹਾਂ ਦੀ ਰਹਿਤ ਬਹਿਤ ਦੇ ਖ਼ਾਸ ਅੰਗ ਬਣ ਗਏ ਤੇ ਸਫ਼ੈਦ ਪਹਿਰਾਵੇ ਦੀ ਥਾਂ ਨੀਲੇ ਰੰਗ ਦੇ ਫ਼ੌਜੀ ਪਹਿਰਾਵੇ ਨੇ ਲੈ ਲਈ, ਜਿਵੇਂ ਕਿ ਸ੍ਰੀ ਦਸ਼ਮੇਸ਼ ਦੇ ਦਰਬਾਰੀ ਕਵੀ ਭਾਈ ਗੁਰਦਾਸ (ਦੂਜੇ) ਨੇ ਆਪਣੀ ਇਕਤਾਲਵੀਂ ਵਾਰ ਇਸ ਵਿਚ ਬਾਰੇ ਸੰਖੇਪ ਨਾਲ ਲਿਖਿਆ ਹੈ :––

          ਗੁਰ ਗੋਬਿੰਦ ਸਿੰਘ ਪ੍ਰਗਟਿਓ ਦਸਵਾਂ ਅਵਤਾਰਾ।

          ਨਿੱਜ ਪੰਥ ਚਲਾਇਓ ਖਾਲਸਾ ਧਰਿ ਤੇਜ ਕਰਾਰਾ।

          ਸਿਰ ਕੇਸ ਧਾਰਿ ਕਰ ਖੜਗ ਕੋ ਸਭ ਦੁਸਟ ਪਛਾਰਾ।

          ਸਚ ਫਤੇ ਬੁਲਾਈ ਗੁਰੂ ਕੀ ਜੀਤਿਓ ਰਣ ਭਾਰਾ।

          ਯੌਂ ਉਪਜੇ ਸਿੰਘ ਭੁਜੰਗੀਏ ਨੀਲੰਬਰ ਧਾਰਾ।

          ਤਿਨ ਆਗੇ ਕੋਇ ਨਾ ਠਹਿਰਾਓ ਭਾਗੇ ਸਿਰਦਾਰਾ।

          ਤਹ ਰਾਜੇ ਸ਼ਾਹ ਅਮੀਰੜੇ ਹੋਏ ਸਭ ਛਾਰਾ ॥ ੧੫ ॥

          ਸਿੱਖ ਧਰਮ ਸ੍ਰੀ ਦਸ਼ਮੇਸ਼ ਤੋਂ ਪਿੱਛੋਂ––ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਕ ਪੁਰਖੀ ਗੁਰਿਆਈ ਦਾ ਸਿਲਸਿਲਾ ਤਾਂ ਖਤਮ ਕਰ ਦਿੱਤਾ ਤੇ ਸੰਨ 1708 ਵਿਚ ਜਦ ਉਹ ਜੋਤੀ ਜੋਤ ਸਮਾਏ ਤਾਂ ਪੰਜ ਸਿੰਘਾਂ ਦੀ ਮੌਜੂਦਗੀ ਵਿਚ ਦਮਦਮੀ ਬੀੜ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਦੇ ਦਿੱਤੀ ਤੇ ਇਸ ਤਰ੍ਹਾਂ ਗੁਰੂ-ਪੰਥ ਦੇ ਅਧੀਨ ਸਰਬ ਸੰਮਤੀ ਨਾਲ ਗੁਰਮਤੇ ਹੋਣ ਤੇ ਸਾਰੇ ਧਾਰਮਿਕ ਮਾਮਲੇ ਨਜਿੱਠੇ ਜਾਣ ਲਗ ਪਏ। ਫੇਰ ਸ੍ਰੀ ਦਸ਼ਮੇਸ਼ ਜੀ ਦੇ ਹੁਕਮ ਨਾਲ ਨੰਦੇੜ ਤੋਂ ਚਲਕੇ ਸੰਨ 1708 ਤੋਂ 1715 ਤਕ ਬਾਬਾ ਬੰਦਾ ਬਹਾਦਰ ਦੀ ਜੱਥੇਦਾਰੀ ਹੇਠ ਗੁਰੂ ਖ਼ਾਲਸੇ ਨੇ ਪੰਜਾਬ ਦੇ ਦੁਸ਼ਟ ਦੋਖੀਆਂ ਨੂੰ ਸੋਧਿਆ। ਇਸ ਮਗਰੋਂ ਸੰਨ 1716 ਤੋਂ 1746 ਈ. ਤਕ ਪੰਜਾਬ ਵਿਚੋਂ ਮੁਗਲੇਈ ਉਧੜਧੁੰਮੀ ਦੇ ਸਮੇਂ ਵਿਚ ਹੀ ਸਿੰਘ ਫ਼ੇਰ ਉੱਠੇ ਤੇ ਭਾਈ ਤਾਰਾ ਸਿੰਘ ਵਾਈਏਂ, ਭਾਈ ਮਨੀ ਸਿੰਘ, ਭਾਈ ਤਾਰੂ ਸਿੰਘ ਆਦਿ ਦੀ ਸ਼ਹੀਦੀ ਤੋਂ ਬਾਅਦ ਸਰਬੱਤ ਖਾਲਸੇ ਵਲੋਂ ਸਰਬ ਸਾਂਝੇ ਖ਼ਾਲਸਾ ਦਲ ਦੀ ਸਥਾਪਨਾ ਹੋਣ ਤੇ ਸੰਨ 1746 ਤੋਂ 1756 ਤਕ ਸਿੱਖਾਂ ਦੀਆਂ ਬਾਰਾਂ ਮਿਸਲਾਂ ਦਾ ਮੁੱਢ ਬੱਝਿਆ, ਜਿਨ੍ਹਾਂ ਨੇ ਮੁਗ਼ਲ ਹਕੂਮਤ ਦੇ ਨਾਲ ਹੀ ਨਾਦਰ ਸ਼ਾਹ ਤੋਂ ਬਾਅਦ ਅਹਿਮਦਸ਼ਾਹ ਦੁੱਰਾਨੀ ਨਾਲ ਬੜੀ ਕਰੜੀ ਟੱਕਰ ਲਈ ਤੇ ਫੇਰ 1762 ਦੇ ਘੱਲੂਘਾਰੇ ਤੋਂ ਬਾਅਦ 1764 ਵਿਚ ਹੀ ਸਿੰਘਾਂ ਨੇ ਪੰਜਾਬ ਉੱਤੇ ਦਰਿਆ ਅਟਕ ਤੋਂ ਦਰਿਆ ਜਮਨਾ ਤਕ ਪੂਰਾ ਪੂਰਾ ਦਬ ਦਬਾ ਜਮਾ ਲਿਆ। ਇਸੇ ਰੁਅਬਦਾਬ ਦਾ ਹੀ ਨਤੀਜਾ ਸੀ ਕਿ ਸੰਨ 1799 ਤਕ ਪੰਜਾਬ ਉੱਤੇ ਸਿੱਖ ਰਾਜ ਕਾਇਮ ਹੋ ਗਿਆ ਜਿਸ ਕਰਕੇ ਸ਼ੇਰਿ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੇ ਉਸਦੇ ਖ਼ਾਨਦਾਨ ਦੀ ਹਕੂਮਤ ਸੰਨ 1849 ਤਕ ਕਾਇਮ ਰਹੀ ਜੋ ਸੂਬਾ ਸਰਹੱਦ ਦੇ ਦਰਾ ਖ਼ੈਬਰ ਤਕ ਸੀ।

          ਸਿੱਖ ਸਮਾਜ ਸੁਧਾਰਿਕ ਲਹਿਰਾਂ––ਸੰਨ 1849 ਵਿਚ ਪੰਜਾਬੀਆਂ ਦੀ ਤੇ ਖ਼ਾਸ ਕਰਕੇ ਸਿੱਖਾਂ ਦੀ ਆਪਸੀ ਫੁਟ ਦੇ ਕਾਰਨ ਜੰਮੂ ਦੇ ਡੋਗਰਿਆਂ ਹੱਥੋਂ ਸਿੱਖ ਰਾਜ ਖ਼ਤਮ ਹੋਣ ਤੇ ਏਥੇ ਈਸਟ ਇੰਡੀਆ ਕੰਪਨੀ ਦੀ ਅਗਵਾਈ ਹੇਠ ਅੰਗ਼੍ਰੇਜ਼ੀ ਹਕੂਮਤ ਕਾਇਮ ਹੋ ਗਈ ਤੇ ਸਿੱਖ ਇਸ ਤਰ੍ਹਾਂ ਵਿਦੇਸ਼ੀ ਪ੍ਰਭਾਵ ਥੱਲੇ ਆਉਣ ਤੇ ਆਪਣੇ ਆਦਰਸ਼ ਤੋਂ ਡਿੱਗਣ ਲਗ ਪਏ। ਇਸ ਪੰਥਕ ਗਿਰਾਵਟ ਨੂੰ ਤੱਕ ਕੇ ਸੰਨ 1850 ਤੋਂ 1860 ਤਕ ਬਾਬਾ ਦਿਲਾਲ ਜੀ ਨੇ, ਜੋ ਕਿ ਪਿਸ਼ਾਵਰ ਦੇ ਵਸਨੀਕ ਸਨ, ਸਿੱਖਾਂ ਦੇ ਸੁਧਾਰ ਵਾਸਤੇ ਗੁਰੂ ਨਾਨਕ ਦੇ ਨਾਂ ਥੱਲੇ ਨਿਰੰਕਾਰੀ ਲਹਿਰ ਚਲਾਈ। ਇਹ ਲਹਿਰ ਚੂੰਕਿ ਸ਼ਾਂਤਮਈ ਢੰਗ ਨੂੰ ਅਪਣਾਉਂਦੀ ਸੀ ਇਸ ਲਈ ਇਸ ਸਮੇਂ ਅੰਗ੍ਰੇਜ਼ ਹਾਕਮਾਂ ਨੂੰ ਮੂੰਹ ਤੋੜ ਜਵਾਬ ਦੇਣ ਲਈ ਬਾਬਾ ਰਾਮ ਸਿੰਘ ਜੀ ਨੇ ਜੋ ਕਿ ਪਿੰਡ ਭੈਣੀ ਰਾਈਆਂ, ਜ਼ਿਲ੍ਹਾਂ ਲੁਧਿਆਣਾ ਦੇ ਵਸਨੀਕ ਸਨ ਤੇ ਖ਼ਾਲਸਾ ਦਰਬਾਰ ਲਾਹੌਰ ਦੇ ਫੌਜੀ ਸਿਪਾਹੀ ਰਹਿ ਚੁਕੇ ਸਨ, ਬੀਰ ਰਸ ਨਾਲ ਪ੍ਰੇਰਿਤ ਹੋ ਕੇ ਨਾਮਧਾਰੀ ਲਹਿਰ ਦਾ ਮੁੱਢ ਬੰਨ੍ਹਿਆ। ਇਹ ਲਹਿਰ ਅੰਗ੍ਰੇਜ਼ ਹਾਕਮਾਂ ਨੂੰ ਏਥੋਂ ਕੱਢਣ ਲਈ ਇਕ ਸਿੱਧਾ ਚੈਲਿੰਜ ਸੀ। ਇਸ ਲਈ ਅੰਗ੍ਰੇਜ਼ੀ ਹਕੂਮਤ ਦੇ ਗੁੱਸੇ ਦਾ ਨਜ਼ਲਾ ਬੜੀ ਤੇਜੀ ਨਾਲ ਨਾਮਧਾਰੀਆਂ ਉੱਤੇ ਅਜਿਹਾ ਝੜਿਆ ਕਿ ਸੰਨ 1872 ਵਿਚ ਬੁੱਚੜਬੱਧ ਦੇ ਬਹਾਨੇ 68 ਨਾਮਧਾਰੀਏ ਤੋਪਾਂ ਨਾਲ ਉਡਾਏ ਜਾਣ ਤੇ ਇਸ ਲਹਿਰ ਦੇ ਬਾਨੀ ਬਾਬਾ ਰਾਮ ਸਿੰਘ ਜੀ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਜਿਸ ਕਰਕੇ ਇਹ ਲਹਿਰ ਮੱਧਮ ਪੈ ਗਈ। ਮਹਾਨ ਕੋਸ਼ ਅਨੁਸਾਰ 49 ਨਾਮਧਾਰੀਏ ਤੋਪਾਂ ਨਾਲ ਉਡਾਏ ਗਏ ਅਤੇ 30 ਨੂੰ ਫ਼ਾਂਸੀ ਤੇ ਲਟਕਾ ਦਿੱਤਾ ਗਿਆ।

          ਇਸ ਤਰ੍ਹਾਂ ਨਾਮਧਾਰੀ ਲਹਿਰ ਦਾ ਜ਼ੋਰ ਘਟਣ ਤੇ ਇਸ ਤੋਂ ਅਗਲੇ ਸਾਲ ਸੰਨ 1873 ਵਿਚ ਕੁਝ ਅਗਾਂਹਵਧੂ ਸਿੱਖਾਂ ਨੇ, ਜਿਨ੍ਹਾਂ ਵਿਚ ਕੰਵਰ ਬਿਕ੍ਰਮ ਸਿੰਘ ਕਪੂਰਥਲਾ, ਸਰਦਾਰ ਠਾਕੁਰ ਸਿੰਘ ਸੰਧਾਵਾਲੀਆ ਆਦਿ ਪ੍ਰਮੁੱਖ ਸਨ, ਅੰਮ੍ਰਿਤਸਰੋਂ ਸਿੰਘ ਸਭਾ ਲਹਿਰ ਚਲਾਈ। ਇਸਦੇ ਫਲਸਰੂਪ ਸੰਨ 1873 ਵਿਚ ਸਿੰਘ ਸਭਾ ਅੰਮ੍ਰਿਤਸਰ, ਸੰਨ 1879 ਵਿਚ ਸਿੰਘ ਸਭਾ ਲਾਹੌਰ ਤੇ ਸੰਨ 1880 ਵਿਚ ਪੰਜਾਬ ਤੇ ਪੰਜਾਬੋਂ ਬਾਹਰ ਬਹੁਤੀਆਂ ਸਿੰਘ ਸਭਾਵਾਂ ਕਾਇਮ ਹੋਈਆਂ। ਸੰਨ 1883 ਵਿਚ ਇਨ੍ਹਾਂ ਸਿੰਘ ਸਭਾਵਾਂ ਦੀ ਏਕਤਾ ਲਈ ਸਰਬ ਸਾਂਝੀ ਸੰਸਥਾ ਖ਼ਾਲਸਾ ਦੀਵਾਨ, ਅੰਮ੍ਰਿਤਸਰ ਤੇ ਫੇਰ ਪਰਸਪਰ ਦੁਫੇੜੇ ਪੈਣ ਤੇ ਸੰਨ 1885 ਵਿਚ ਖਾਲਸਾ ਦੀਵਾਨ ਲਾਹੌਰ ਕਾਇਮ ਹੋਏ ਜਿਸ ਕਰਕੇ ਸਿੰਘ ਸਭਾ ਲਹਿਰ ਦਾ ਇਤਿਹਾਸ ਕਈ ਵੇਰ ਕਈ ਪ੍ਰਕਾਰ ਦੇ ਮੋੜ ਖਾਂਦਾ ਰਿਹਾ। ਆਖ਼ਰ ਸਿੰਘ ਸਭਾ ਲਹਿਰ ਦਾ ਕੰਮ ਇਸ ਦੇ ਕਈ ਮੋਢੀਆਂ ਸ੍ਰ. ਅਤਰ ਸਿੰਘ ਭਦੌੜੀਆ, ਗੁਰਮੁਖ ਸਿੰਘ ਆਦਿ ਦੇ ਸਦੀਵੀ ਵਿਛੋੜੇ ਦੇ ਜਾਣ ਕਾਰਨ ਢਿੱਲਾ ਪੈ ਗਿਆ। ਸਰਦਾਰ ਸੁੰਦਰ ਸਿੰਘ ਮਜੀਠਾ ਦੇ ਸੰਨ 1890 ਤੋਂ 1900 ਤਕ ਲਗਾਤਾਰ ਜਤਨਾਂ ਕਾਰਨ ਖ਼ਾਲਸਾ ਦੀਵਾਨ ਅੰਮ੍ਰਿਤਸਰ ਤੇ ਲਾਹੌਰ ਦੀ ਥਾਵੇਂ ਸੰਨ 1901 ਵਿਚ ਅੰਮ੍ਰਿਤਸਰ ਸਰਬ ਸ਼੍ਰੋਮਣੀ ਚੀਫ਼ ਖ਼ਾਲਸਾ ਦੀਵਾਨ ਦੀ ਨੀਂਹ ਰੱਖੀ ਗਈ। ਪਰ ਇਹ ਦੀਵਾਨ ਵੀ ਸਰਬ ਸ਼ਿਰੋਮਣੀ ਹੋਣ ਦੀ ਥਾਵੇਂ ਸ੍ਰ. ਸੁੰਦਰ ਸਿੰਘ ਜੀ ਮਜੀਠਾ, ਸ੍ਰ. ਤ੍ਰਿਲੋਚਨ ਸਿੰਘ ਆਦਿ ਦੀ ਪ੍ਰਧਾਨਵੀ ਕਾਰਨ ਸਿੱਧ ਰਈਸਾਂ (ਚੀਫ਼ਸ) ਜਾਂ ਸਰਮਾਏਦਾਰਾਂ ਦਾ ਦੀਵਾਨ ਮੰਨਿਆ ਗਿਆ, ਜਿਸ ਕਾਰਨ ਬਹੁਤੇ ਸਿੰਘਾਂ ਵਲੋਂ, ਬਗਾਵਤ ਹੋਣ ਤੇ ਸੰਨ 1905 ਵਿਚ ਬਾਬੂ ਤੇਜਾ ਸਿੰਘ ਦੀ ਅਗਵਾਈ ਹੇਠ ਪੰਚ ਖੰਡ (ਭਸੌੜ) ਦੇ ਸਥਾਨ ਪਰ ਪੰਚ ਖਾਲਸਾ ਦੀਵਾਨ, ਫੇਰ ਸੈਂਟਰਲ ਮਾਝਾ ਖਾਲਸਾ ਦੀਵਾਨ, ਅੰਮ੍ਰਿਤਸਰ ਤੇ ਗੜਗੱਜ ਅਕਾਲੀ ਦੀਵਾਨ ਤਰਨ ਤਾਰਨ ਦਾ ਮੁਢ ਬੰਨ੍ਹਿਆ ਗਿਆ। ਸੰਨ 1920 ਤੋਂ 1925 ਤਕ ਦੇ ਸਮੇਂ ਦੀ ਗੁਰਦੁਆਰਾ ਸੁਧਾਰ ਅਥਵਾ ਅਕਾਲੀ ਲਹਿਰ ਇਨ੍ਹਾਂ ਹੀ ਖਾਲਸਾ ਦੀਵਾਨਾਂ ਦੇ ਅਗਾਂਹਵਧੂ ਮੈਂਬਰਾਂ ਦੀਆਂ ਘਾਲਣਾ ਦਾ ਨਤੀਜਾ ਸੀ।

          ਫੇਰ ਅਕਾਲੀ ਲਹਿਰ ਤੋਂ ਬਾਅਦ ਕੁਝ ਚਿਰ ਤਾਂ ਸਿਖ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਦੇ ਅਧੀਨ ਸਰਬ-ਹਿੰਦ ਕੌਮੀ ਕਾਂਗ੍ਰਸ ਦੇ ਨਾਲ ਰਲਕੇ ਅੰਗ੍ਰੇਜ਼ੀ ਹਕੂਮਤ ਦੀ ਗ਼ੁਲਾਮੀ ਤੋਂ ਛੁਟਕਾਰੇ ਲਈ ਆਜ਼ਾਦੀ ਦੀ ਲੜਾਈ ਲੜਦੇ ਰਹੇ ਪਰ ਫੇਰ ਸੰਨ 1947 ਵਿਚ ਦੇਸ਼ ਦੀ ਆਜ਼ਾਦੀ ਸਮੇਂ ਪੰਜਾਬ ਦੇ ਬਟਵਾਰਾ ਹੋਣ ਸਾਰ ਫਿਰਕੂ ਲੋਕਾਂ ਵਲੋਂ ਪੰਜਾਬੀ ਜ਼ਬਾਨ ਦਾ ਝਗੜਾ ਸ਼ੁਰੂ ਹੋਣ ਤੇ ਆਪਣੇ ਸਭਿਆਚਾਰ ਦੀ ਰਖਵਾਲੀ ਲਈ ਸਿੰਘ ਪੰਜਾਬੀ ਸੂਬੇ ਦੀ ਕਾਇਮੀ ਲਈ ਸੰਨ 1950 ਤੋਂ 1965 ਤਕ ਲਗਾਤਾਰ ਜੱਦੋ-ਜਹਿਦ ਕਰਦੇ ਰਹੇ। ਅਖੀਰ 1 ਨਵੰਬਰ 1966 ਨੂੰ ਪੰਜਾਬ ਰਾਜ ਦਾ ਪੁਨਰ ਗਠਨ ਹੋਇਆ ਅਤੇ ਇਸ ਤਰ੍ਹਾਂ ਵਰਤਮਾਨ ਪੰਜਾਬ ਹੋਂਦ ਵਿਚ ਆਇਆ।

          ਗੁਰੂ ਨਾਨਕ ਸਰਬ ਸੰਪ੍ਰਦਾਵਾਂ ਤੇ ਸਿੱਖ––ਲਗਭਗ 17ਵੀਂ ਸਦੀ ਤੋਂ ਹੀ ਪਰਸਪਰ ਤੇ ਕੁਝ ਵਿਚਾਰਕ ਮੱਤਭੇਦਾਂ ਕਾਰਨ ਕਿਤਨੀਆਂ ਹੀ ਵੱਖੋ ਵੱਖ ਸੰਪ੍ਰਦਾਵਾਂ ਬਣ ਗਈਆਂ। ਇਨ੍ਹਾਂ ਸੰਸਥਾਵਾਂ ਵਿਚ ਕਈ ਇਕ ਆਰਥਿਕ ਉਲਝਣਾਂ ਵੀ ਸਨ। ਸਿੱਖ ਧਰਮ ਵਿਚ ਉਦਾਸੀ, ਮੀਣੇ, ਮਸੰਦ, ਧੀਰਮੱਲੀਏ, ਰਾਮਰਾਈਏ, ਬੰਦਈ, ਨਿਹੰਗ, ਨਿਰਮਲੇ, ਨਿਰੰਕਾਰੀ, ਨਾਮਧਾਰੀ, ਰਾਧਾ ਸਵਾਮੀ, ਸੁਥਰੇ ਸ਼ਾਹੀ, ਗੰਗੂ ਸ਼ਾਹੀ ਆਦਿ ਸੰਪ੍ਰਦਾਵਾਂ ਸ਼ਾਮਲ ਹਨ, ਜੋ ਪਹਿਲਾਂ ਨੌਂ ਗੁਰੂਆਂ ਤਕ ਸਾਧਾਰਨ ਤੌਰ ਤੇ ਸਿੱਖ ਧਰਮ ਅਤੇ ਫੇਰ ਖਾਲਸਾ ਪੰਥ ਦੀ ਉੱਨਤੀ ਦੇ ਰਾਹ ਵਿਚ ਅਨੇਕਾਂ ਪ੍ਰਕਾਰ ਦੀਆਂ ਔਕੜਾਂ ਖੜੀਆਂ ਕਰਕੇ ਰੋੜਾਂ ਬਣਦੀਆਂ ਰਹੀਆਂ। ਗੁਰਦੁਆਰਾ ਸੁਧਾਰ ਅਥਵਾ ਅਕਾਲੀ ਲਹਿਰ ਤੋਂ ਬਾਅਦ ਸੰਨ 1934 ਵਿਚ ਨਾਮਧਾਰੀ ਸੰਪ੍ਰਦਾਇ ਦੇ ਪ੍ਰਮੁਖ ਆਗੂ ਬਾਬਾ ਪ੍ਰਤਾਪ ਸਿੰਘ ਜੀ ਨੇ ਬੜਾ ਜਤਨ ਕਰਕੇ ਆਪਣੇ ਪ੍ਰਧਾਨ ਕੇਂਦਰ ਗੁਰਦੁਆਰਾ ਸ੍ਰੀ ਭੈਣੀ ਸਾਹਿਬ (ਲੁਧਿਆਣਾ) ਵਿਖੇ ਗੁਰੂ ਨਾਨਕ ਸਰਬ ਸੰਪ੍ਰਦਾਇ ਕਾਨਫੰਸ ਨਾਂ ਥੱਲੇ ਇਕ ਉਚੇਚਾ ਸਮਾਗਮ ਬੁਲਾਇਆ, ਜਿਸ ਵਿਚ ਉਪਰੋਕਤ ਸਾਰੀਆਂ ਹੀ ਸੰਪ੍ਰਦਾਵਾਂ ਦੇ ਆਗੂ ਸ਼ਾਮਲ ਹੋਏ ਤੇ ਤਿੰਨ ਦਿਨ ਲਗਾਤਾਰ ਬਹਿਸ ਮੁਬਾਹਸੇ ਹੋਣ ਤੇ ਗੁਰਮਤੇ ਸੋਧਣ ਦੇ ਬਾਵਜੂਦ ਵੀ ਪੰਥਕ ਏਕਤਾ ਨਾ ਹੋ ਸਕੀ ਤੇ ਇਹ ਪ੍ਰਯਤਨ ਨਿਸਫ਼ਲ ਹੀ ਰਿਹਾ। ਇਸ ਤੋਂ ਬਾਅਦ ਇਨ੍ਹਾਂ ਸਿੱਖ ਸੰਪ੍ਰਦਾਵਾਂ ਦੇ ਦਿਲੀ ਵਖੇਵਿਆਂ ਕਾਰਨ ਕਈ ਵੇਰ ਕੁਝ ਝਗੜੇ ਚਲਦੇ ਤੇ ਛੇਤੀ ਹੀ ਮਿਟਦੇ ਰਹੇ।

          ਸਿੱਖ ਧਰਮ ਦਾ ਭਵਿੱਖ––ਸਿੱਖ ਧਰਮ ਜਿਸ ਤਰ੍ਹਾਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਕ ਈਸ਼ਵਰਵਾਦ ਦੇ ਨੁਕਤਾ-ਨਿਗਾਹ ਤੋਂ ਸਾਰੇ ਸੰਸਾਰ ਦੇ ਧਾਰਮਿਕ ਵਖੇਵਿਆਂ ਨੂੰ ਦੂਰ ਕਰਨ ਲਈ ਸਰਬ ਸਾਂਝ ਨੂੰ ਮੁਖ ਰੱਖ ਕੇ ਕਾਇਮ ਕੀਤਾ ਸੀ। ਇਹ ਸਿੱਖ ਧਰਮ ਕਿਉਂਕਿ ਉਨ੍ਹਾਂ ਤੋਂ ਇਕ ਸਦੀ ਬਾਅਦ ਹੀ ਬੁੱਧ ਧਰਮ ਵਾਂਗੂ ਵੱਖੋ ਵੱਖ ਫਿਰਕੂ ਗੁੱਟ ਬੰਦੀਆਂ ਵਿਚ ਵੰਡਿਆ ਜਾਣਾ ਸ਼ੁਰੂ ਹੋ ਗਿਆ, ਇਸ ਲਈ ਸਿੱਖ ਧਰਮ ਦੇ ਅਸਲੀ ਅਸੂਲ ਜੋ ਅਧਿਆਤਮਵਾਦ ਜਾਂ ਰੂਹਾਨੀਅਤ ਨਾਲ ਗਹਿਰਾ ਸੰਬੰਧ ਰਖਦੇ ਸਨ, ਧੀਰੇ ਧੀਰੇ ਭੁਲਾਏ ਜਾਣ ਲਗ ਪਏ ਤੇ ਨਾਮ-ਬਾਣੀ ਦਾ ਪਿਆਰ ਘਟਣ ਤੇ ਉਹੋ ਥਾਂ ਫਿਰਕੂ ਗੁੱਟ-ਬੰਦੀਆਂ ਨੇ ਲੈ ਲਈ। ਇਸੇ ਕਾਰਨ ਸਿੱਖ ਰਹੁਰੀਤਾਂ ਤੇ ਪਹਿਰਾਵੇ ਵੀ ਬਦਲਣ ਲਗ ਪਏ ਅਤੇ ਪੁਰਾਣੀ ਗੁਰਮੁਖੀ ਪੱਗ ਅਥਵਾ ਦਸਤਾਰ ਦੀ ਥਾਵੇਂ ਚਿੱਟੀ ਪੱਗ਼, ਨੀਲੀ ਪੱਗ, ਕਾਲੀ ਪੱਗ, ਗੇਰੂ ਪੱਗ, ਲਾਲ ਪੱਗ, ਸਿਧੀ ਪੱਗ, ਟੇਢੀ ਪੱਗ ਆਦਿ ਸਿੱਖਾਂ ਦੀਆਂ ਅਨੇਕਾਂ ਪੱਗਾਂ ਅਨੇਕ ਰੂਪ ਵਿਚ ਦੇਖਣ ਵਿਚ ਆਉਂਦੀਆਂ ਹਨ। ਇਸੇ ਤਰ੍ਹਾਂ ਸਿੱਖ ਇਸਤ੍ਰੀਆਂ ਦੇ ਪਹਿਰਾਵੇ ਵੀ ਸਿਧੇ ਸਾਦੇ ਕੁੜਤੇ, ਪਾਜਾਮੇ, ਸਲਵਾਰ ਤੇ ਸਿਰਾਂ ਉਤੇ ਜੁੜੇ ਦੀ ਥਾਵੇਂ ਫ਼ੈਸ਼ਨਦਾਰ ਕੁੜਤੇ, ਪਾਜਾਮੇ, ਸਲਵਾਰ, ਜਾਨਕੀ ਜੂੜੇ, ਲਮਕਵੀਆਂ ਗੁੱਤਾਂ, ਕੰਨ ਤੇ ਨੱਕ ਪਾੜ ਕੇ ਅਨੇਕ ਪ੍ਰਕਾਰ ਦੇ ਗਹਿਣੇ ਗੱਟਿਆਂ ਨੇ ਲੈ ਲਈ ਹੈ। ਇਸ ਲਈ ਹਿੰਦੂ, ਮੁਸਲਮਾਨ ਤੇ ਸਿੱਖ ਔਰਤਾਂ ਦਾ ਪਰਸਪਰ ਦਾ ਕੋਈ ਫ਼ਰਕ ਬਾਕੀ ਨਹੀਂ ਰਹਿ ਗਿਆ ਜਾਪਦਾ। ਇਸ ਲਈ ਮੰਨਣਾ ਪੈਂਦਾ ਹੈ ਕਿ ਸਿੱਖ ਧਰਮ ਪ੍ਰਤੀ ਦਿਨ ਉਨਤੀ ਵਲ ਨਹੀਂ ਸਗੋਂ ਗਿਰਾਵਟ ਵਲ ਜਾ ਰਿਹਾ ਸਪੱਸ਼ਟ ਦਿਖਾਈ ਦੇ ਰਿਹਾ ਹੈ। ਯੂਰਪ ਤੇ ਅਮਰੀਕਾ ਵਿਚ ਇਸ ਸਮੇਂ ਵਧ ਰਹੀ ਸਿੱਖ ਧਰਮ ਦੀ ਲਹਿਰ ਨੂੰ ਦੇਖ ਕੇ ਆਸ ਬਝਦੀ ਹੈ ਕਿ ਸਿੱਖ ਧਰਮ ਵਿਦੇਸ਼ਾਂ ਵਿਚ ਚੋਖਾ ਵਧੇ ਫੁਲੇਗਾ।

          ਹ. ਪੁ.––ਸ੍ਰੀ ਗੁਰੂ ਗ੍ਰੰਥ ਸਾਹਿਬ (ਸ੍ਰੀ ਗੁਰੂ ਅਰਜਨ ਦੇਵ ਜੀ); ਜਨਮ ਸਾਖੀ ਗੁਰੂ ਨਾਨਕ (ਭਾਈ ਬਾਲਾ); ਜਨਮ ਸਾਖੀ ਪੁਰਾਤਨ (ਗੁਰੂ ਨਾਨਕ); ਜਨਮ ਸਾਖੀ ਗੁਰੂ ਨਾਨਕ (ਸੋਢੀ ਮਿਹਰਬਾਨ); ਜਨਮ ਸਾਖੀ ਗੁਰੂ ਨਾਨਕ (ਭਾਈ ਮਨੀ ਸਿੰਘ); ਵਾਰਾਂ ਗਿਆਨ ਰਤਨਾਵਲੀ (ਭਾਈ ਗੁਰਦਾਸ); ਕਥਿੱਤ ਸਵੱਯੇ (ਭਾਈ ਗੁਰਦਾਸ); ਸ੍ਰੀ ਦਸਮ ਗ੍ਰੰਥ (ਸ੍ਰੀ ਗੋਬਿੰਦ ਸਿੰਘ ਜੀ ਆਦਿ); ਗੁਰੂ ਬਿਲਾਸ ਪਾਤਸ਼ਾਹੀ ਛੇਵੀਂ (ਕਵੀ ਸੋਹਨ); ਗੁਰੂ ਬਿਲਾਸ ਪਾਤਸ਼ਾਹੀ ਦਸ਼ਵੀਂ (ਕਵੀ ਕੋਇਰ ਸਿੰਘ); ਗੁਰੂ ਬਿਲਾਸ ਪਾਤਸ਼ਾਹੀ ਦਸਵੀਂ (ਭਾਈ ਸੁਖਾ ਸਿੰਘ); ਗੁਰੂ ਰਤਨ ਮਾਲਾ ਸੌ ਸਾਖੀ (ਭਾਈ ਸਾਹਿਬ ਸਿੰਘ); ਸ੍ਰੀ ਗੁਰੂ ਸੋਭਾ (ਕਵੀ ਸੈਨਾਪਤਿ ਮਾਨ); ਬੰਸਾਵਲੀ ਨਾਮਾ ਦਸਾਂ ਪਾਤਸ਼ਾਹੀਆਂ ਦਾ (ਕੇਸਰ ਸਿੰਘ, ਛਿਬੇਰ); ਸ੍ਰੀ ਗੁਰੂ ਮਹਿਮਾ ਪ੍ਰਕਾਸ਼ (ਬਾਵਾ ਸਰੂਪ ਦਾਸ, ਭੱਲਾ); ਸ੍ਰੀ ਗੁਰੂ ਮਹਿਮਾ ਰਤਨਾਵਲੀ (ਬਾਬਾ ਤੋਲਾ ਸਿੰਘ, ਭੱਲਾ); ਸ੍ਰੀ ਗੁਰੂ ਮਹਿਮਾ ਪ੍ਰਕਾਸ਼ (ਭਾਈ ਮੋਤਾ ਸਿੰਘ, ਧੰਨੋਆਣੀਆਂ); ਸ੍ਰੀ ਗੁਰੂ ਪ੍ਰਤਾਪ ਸੂਰਜ (ਭਾਈ ਸੰਤੋਖ ਸਿੰਘ); ਸ੍ਰੀ ਗੁਰੂ ਨਾਨਕ ਪ੍ਰਕਾਸ਼ (ਭਾਈ ਸੰਤੋਖ ਸਿੰਘ); ਸ੍ਰੀ ਗੁਰੂ ਪੰਥ ਪ੍ਰਕਾਸ਼ (ਸ੍ਰ: ਰਤਨ ਸਿੰਘ ਭੰਗੂ); ਸ੍ਰੀ ਗੁਰੂ ਪੰਥ ਪ੍ਰਕਾਸ਼ (ਗਿਆਨੀ ਧਿਆਨ ਸਿੰਘ); ਤਵਾਰੀਖ ਗੁਰੂ ਖਾਲਸਾ (ਗਿਆਨੀ ਗਿਆਨ ਸਿੰਘ); ਸ੍ਰੀ ਗੁਰੂ ਪਦ ਪ੍ਰੇਮ ਪ੍ਰਕਾਸ਼ (ਬਾਬਾ ਸੁਮੇਰ ਸਿੰਘ ਪਟਨਾ); ਗੁਰੂ ਸ਼ਬਦ ਤਤਨਾਕਾਰ ਮਹਾਨ ਕੋਸ਼ (ਭਾਈ ਕਾਨ੍ਹ ਸਿੰਘ, ਨਾਭਾ); ਪੰਜਾਬ ਦੀਆਂ ਲਹਿਰਾਂ (ਸ਼ਮਸ਼ੇਰ ਸਿੰਘ ਅਸ਼ੋਕ); ਅਕਾਲੀ ਲਹਿਰ (ਗਿਆਨੀ ਪ੍ਰਤਾਪ ਸਿੰਘ, ਅੰਮ੍ਰਿਤਸਰ); ਅਕਾਲੀ ਮੋਰਚਿਆਂ ਦਾ ਇਤਿਹਾਸ (ਸੋਹਨ ਸਿੰਘ ਜੋਸ਼); ਸਿੱਖ ਰਹਿਤ ਮਰਯਾਦਾ, ਪ੍ਰਕਾਸ਼ਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ, 1978; ਅਕਾਲੀ ਪਤ੍ਰਿਕਾ, ਖ਼ਾਂਲਸਾ ਸਮਾਚਾਰ, ਰੋਜ਼ਾਨਾ ਅਜੀਤ, ਪੰਥ ਸੇਵਕ, ਖ਼ਾਲਸਾ ਸੇਵਕ; ਹਫ਼ਤਾਵਾਰ ਸਤਿਜੁਗ, ਰਸਾਲਾ, ਫੁਲਵਾੜੀ ਆਦਿ ਪਤ੍ਰ-ਪਤ੍ਰਿਕਾਵਾਂ


ਲੇਖਕ : ਸ਼ਮਸ਼ੇਰ ਸਿੰਘ ‘ਅਸ਼ੋਕ’,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 25683, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-12-01, ਹਵਾਲੇ/ਟਿੱਪਣੀਆਂ: no

ਸਿੱਖ ਧਰਮ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਸਿੱਖ ਧਰਮ  :  ਗੁਰ ਸ਼ਬਦ ਰਤਨਾਕਰ ਮਹਾਨ ਕੋਸ਼ (ਭਾਈ ਕਾਨ੍ਹ ਸਿੰਘ, ਨਾਭਾ) ਦੇ ਕਥਨ ਅਨੁਸਾਰ ਸਿੱਖ ਦਾ ਅਰਥ-ਭਾਵ ਹੈ ' ' ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਨੁਗਾਮੀ; ਜਿਸ ਨੇ ਸਤਿਗੁਰੂ ਨਾਨਕ ਦੇਵ ਦਾ ਸਿੱਖ ਧਰਮ ਧਾਰਨ ਕੀਤਾ ਹੈ; ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਧਰਮ ਗ੍ਰੰਥ ਮੰਨਦਾ ਹੈ ਅਤੇ ਦਸ ਸਤਿਗੁਰੂਾਂ ਨੂੰ ਇਕ ਰੂਪ ਸਮਝਦਾ ਹੈ। ਇਸ ਲਈ ਧਰਮ ਦੇ ਅਨੇਕ ਰਸਤਿਆਂ ਵਿਚੋਂ ਜੋ ਸ਼ਿਰੋਮਣੀ ਰਸਤਾ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤਕ ਦਸ ਗੁਰੂਆਂ ਨੇ ਦੱਸਿਆ ਹੈ, ਉਸ ਦਾ ਨਾਉਂ 'ਸਿੱਖ ਧਰਮ' ਹੈ।' '

ਸਿੱਖ ਧਰਮ ਦਾ ਪ੍ਰਾਰੰਭ, ਪ੍ਰਚਾਰ ਤੇ ਪ੍ਰਸਾਰ

ਸਿੱਖ ਧਰਮ ਦਾ ਪ੍ਰਾਰੰਭ, ਪ੍ਰਚਾਰ ਤੇ ਪ੍ਰਸਾਰ–––  ਸਿੱਖ ਧਰਮ ਦੇ ਮੂਲ ਪ੍ਰਵਰਤਕ ਸ੍ਰੀ ਗੁਰੂ ਨਾਨਕ ਦੇਵ ਜੀ ਨੇ (ਸੰਨ 1469 ਤੋਂ ਲੈ ਕੇ ਸੰਨ 1539 ਤਕ ) ਜਨ-ਸਮਾਜ ਦੇ ਸੁਧਾਰ ਲਈ ਇਕ ਈਸ਼ਵਰਵਾਦ ਨੂੰ ਮੁੱਖ ਦੱਸਦਿਆਂ ਨਿਰੰਕਾਰ, ਪ੍ਰਭੂ ਉਪਾਸਨਾ ਦਾ ਪ੍ਰਚਾਰ ਕਰ ਕੇ ਹਰ ਪ੍ਰਕਾਰ ਦੇ ਭਰਮਾਂ -ਵਹਿਮਾਂ ਤੇ ਪੌਰਾਣਿਕ ਕਰਮਾਂ ਤੇ ਆਧਾਰਿਤ ਕਾਲਪਨਿਕ ਦੇਵਤਾਵਾਦ ਦਾ ਖੰਡਨ ਕੀਤਾ ਜਿਸ ਕਰ ਕੇ ਹਿੰਦੂਆਂ ਤੇ ਮੁਸਲਮਾਨਾਂ ਨੂੰ ਜੋ ਉਸ ਸਮੇਂ ਮਜ਼ਹਬੀ ਝਗੜੇ ਛੇੜ ਕੇ ਪਰਸਪਰ ਗੁਥੱਮ ਗੁੱਥਾ ਹੁੰਦੇ ਰਹਿੰਦੇ ਸਨ ' ' ਏਕੁ ਪਿਤਾ ਏਕਸ ਕੇ ਹਮ ਬਾਰਿਕ' ' ਬਣਨ ਲਈ ਕੌਮੀ ਏਕਤਾ ਦਾ ਰਾਹ ਦੱਸਿਆ। ਗੁਰੂ ਸਾਹਿਬ ਨੇ ਜਗਤ ਸੁਧਾਰ ਲਈ ਪੂਰਬ, ਪੱਛਮ, ਉੱਤਰ ਤੇ ਦੱਖਣ ਦੇ ਦੇਸ਼ਾਂ ਦੀ ਯਾਤਰਾ ਲਈ ਚਾਰ ਉਦਾਸੀਆਂ ਧਾਰਨ ਕੀਤੀਆਂ। ਇਸੇ ਕਾਰਨ ਗੁਰੂ ਸਾਹਿਬ ਹਰਿਦੁਆਰ (ਗੰਗਾ), ਬਨਾਰਸ ਆਦਿ ਹਿੰਦੂ ਤੀਰਥਾਂ ਦੀ ਯਾਤਰਾ ਕਰ ਕੇ ਅਰਬ ਸਾਗਰ ਲੰਘ ਮੱਕੇ ਤੇ ਮਦੀਨੇ ਵੀ ਗਏ ਅਤੇ ਆਪਣੀ ਆਤਮਕ ਸ਼ਕਤੀ ਨਾਲ ਉਨ੍ਹਾਂ ਨੇ ਹਿੰਦੂਆਂ ਤੇ ਮੁਸਲਮਾਨਾਂ ਦੋਹਾਂ ਨੂੰ ਸਿੱਧੇ ਰਸਤੇ ਪਾਇਆ। ਬਿਨਾ ਕਿਸੇ ਜਾਤੀ ਦੇ ਵਿਤਕਰੇ ਦੇ ਸਰਬ ਸਾਂਝਾ ਗੁਰੂ ਦਾ ਲੰਗਰ ਚਲਾ ਕੇ ਦਸਾਂ ਨਹੁੰਆਂ ਦੀ ਕਿਰਤ ਕਰ ਕੇ ਇਕ ਅਕਾਲ ਪੁਰਖ ਦੇ ਸਿਮਰਨ ਦਾ ਰਾਹ ਦੱਸਿਆ। ਸਿੱਖ ਧਰਮ ਦੇ ਪ੍ਰਚਾਰ ਦਾ ਕੇਂਦਰ ਉਨ੍ਹਾਂ ਨੇ ਕਰਤਾਰਪੁਰ (ਰਾਵੀ ਦੇ ਕੰਢੇ ਤੇ) ਥਾਪਿਆ। ਫ਼ਿਰ ਉਨ੍ਹਾਂ ਤੋਂ ਬਾਅਦ ਦੂਜੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ (ਜ਼ਿਲ੍ਹਾ ਅੰਮ੍ਰਿਤਸਰ) ਵਿਖੇ ਗੁਰ-ਇਤਿਹਾਸ 'ਜਨਮ ਸਾਖੀ ਗੁਰੂ ਨਾਨਕ' ਲਿਖਵਾਈ ਤੇ ਗੁਰੂ ਕੇ ਲੰਗਰ ਦੀ ਪ੍ਰਥਾ ਜਾਰੀ ਰਖੀ। ਤੀਜੇ ਗੁਰੂ ਸ੍ਰੀ ਗੁਰੂ ਅਮਰ ਦਾਸ ਜੀ ਨੇ ਗੋਇੰਦਵਾਲ ਵਿਖੇ ਗੁਰਮਤਿ ਦੇ ਪ੍ਰਚਾਰ ਲਈ ਦੇਸ਼ ਬਦੇਸ਼ ਵਿਚ ਬਾਈ ਮੰਜੀਆਂ ਕਾਇਮ ਕਰ ਕੇ ਸਿੱਖ ਧਰਮ ਨੂੰ ਵਧੇਰੇ ਫੈਲਾਇਆ ਅਤੇ ਸੰਗਤ ਤੇ ਪੰਗਤ ਦੀ ਪ੍ਰਥਾ ਹੋਰ ਪਕੇਰੀ ਕੀਤੀ। ਫ਼ਿਰ ਚੌਥੇ ਤੇ ਪੰਜਵੇਂ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਤੇ ਗੁਰੂ ਅਰਜਨ ਦੇਵ ਜੀ ਨੇ ਗੁਰਸਿੱਖੀ ਦੇ ਕੇਂਦਰ ਗੁਰੂ ਕਾ ਚੱਕ (ਅੰਮ੍ਰਿਤਸਰ) ਅਤੇ ਤਰਨ ਤਾਰਨ ਕਾਇਮ ਕਰ ਕੇ ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ। ਗੁਰੂ ਅਰਜਨ ਦੇਵ ਜੀ ਨੇ ਸਾਰੇ ਗੁਰੂਆਂ ਦੀ ਪਵਿੱਤਰ ਬਾਣੀ ਦੇ ਸੰਗ੍ਰਹਿ ਵੱਜੋਂ ਸ੍ਰੀ ਆਦਿ ਗ੍ਰੰਥ ਜੀ ਦੀ ਬੀੜ ਤਿਆਰ ਕਰਵਾਈ। ਮੁਗ਼ਲ ਬਾਦਸ਼ਾਹ ਅਕਬਰ ਨੇ ਗੁਰੂ ਜੀ ਦੇ ਨੇਕ ਕੰਮਾਂ ਵਿਚ ਵਧੇਰੇ ਸਹਿਯੋਗ ਦਿੱਤਾ। ਅਕਬਰ ਤੋਂ ਬਾਅਦ ਉਸ ਦੇ ਪੁੱਤਰ ਮੁਗ਼ਲ ਬਾਦਸ਼ਾਹ ਜਹਾਂਗੀਰ ਦਾ ਕ੍ਰੋਧ ਵਧਿਆ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਇਕ ਵਾਧੂ ਜਿਹਾ ਬਹਾਨਾ ਬਣਾ ਕੇ ਲਾਹੌਰ ਬੁਲਾ ਕੇ ਸ਼ਹੀਦ ਕੀਤਾ ਗਿਆ। ਸਿੱਖ ਧਰਮ ਚੂੰਕਿ ਇਸ ਸਮੇਂ ਵਧੇਰੇ ਤਰੱਕੀ ਕਰ ਗਿਆ ਸੀ ਤੇ ਦੇਸ਼ ਬਦੇਸ਼ ਦੇ ਸਾਰੇ ਅਮੀਰ-ਗਰੀਬ ਇਸ ਪਾਸੇ ਝੁਕ ਰਹੇ ਸਨ, ਇਸ ਲਈ ਮੁਗ਼ਲ ਹਕੂਮਤ ਤਸ਼ੱਦਦ ਉੱਤੇ ਉਤਰ ਆਈ। ਇਹ ਦੇਖ ਕੇ ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਜੀ ਨੂੰ ਅੰਮ੍ਰਿਤਸਰ, ਸ੍ਰੀ ਹਰਿਗੋਬਿੰਦਪੁਰ, ਗੁਰੂਸਰ ਮਹਿਰਾਜ (ਮਾਲਵਾ) ਤੇ ਕਰਤਾਰਪੁਰ (ਜਲੰਧਰ) ਦੇ ਸਥਾਨ ਉੱਤੇ ਉਸ ਨਾਲ ਚਾਰ ਧਰਮ-ਯੁੱਧ ਕਰਨੇ ਪਏ। ਇਨ੍ਹਾਂ ਯੁੱਧਾਂ ਦੇ ਨਤੀਜੇ ਵੱਜੋਂ ਅੰਤ ਅੰਮ੍ਰਿਤਸਰ ਦੀ ਥਾਵੇਂ ਦਰਿਆ ਸਤਲੁਜ ਲੰਘ ਰੋਪੜ ਦੇ ਨੇੜੇ ਕੀਰਤਪੁਰ ਰਿਹਾਇਸ਼ ਅਖਤਿਆਰ ਕਰਨੀ ਪਈ। ਇਸ ਨਾਲ ਸਿੱਖ ਪੰਥ ਵਿਚ ਬੀਰ ਰਸ ਨੇ ਪ੍ਰਵੇਸ਼ ਕੀਤਾ। ਉਨ੍ਹਾਂ ਤੋਂ ਬਾਅਦ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਇ ਜੀ ਅਤੇ ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੇ ਕੀਰਤਪੁਰ ਰਹਿ ਕੇ, ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕੀਰਤਪੁਰ ਦੇ ਨੇੜੇ ਹੀ ਚੱਕ ਮਾਤਾ ਨਾਨਕੀ ਆਬਾਦ ਕਰ ਕੇ ਇਕ ਨਵਾਂ ਕੇਂਦਰ ਸਿੱਖ ਧਰਮ ਦਾ ਥਾਪਿਆ ਜਿਸ ਨੂੰ ਉਨ੍ਹਾਂ ਤੋਂ ਪਿੱਛੋਂ ਉਨ੍ਹਾਂ ਦੇ ਦਿੱਲੀ ਜਾਣ ਅਤੇ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਦੇ ਹੁਕਮ ਨਾਲ ਸ਼ਹੀਦ ਹੋਣ ਤੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਨਗਰੀ ਦਾ ਰੂਪ ਦਿੱਤਾ। ਉਥੇ ਹੀ ਤਖ਼ਤ ਕੇਸਗੜ੍ਹ ਦੇ ਸਥਾਨ ਤੇ 1699 ਈ. ਦੀ ਵਿਸਾਖੀ ਨੂੰ ਪੰਜਾਂ ਪਿਆਰਿਆਂ ਨੂੰ ਖੰਡੇ ਦਾ ਅੰਮ੍ਰਿਤ ਛਕਾ ਕੇ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਅਤੇ ਸਮੁੱਚੇ ਸਿੱਖ ਪੰਥ ਨੂੰ ਖ਼ਾਲਸਾ ਪੰਥ ਦੀ ਸ਼ਕਲ ਵਿਚ ਪੱਕੇ ਤੌਰ ਤੇ ਬੀਰ ਰਸ ਦੇ ਰੰਗ ਵਿਚ ਰੰਗ ਦਿੱਤਾ । ਇਸ ਤੋਂ ਬਾਅਦ ਅਨੇਕ ਧਰਮ-ਯੁੱਧਾਂ ਵਿਚ ਅਦੁਤੀ ਵੀਰਤਾ ਦਿਖਾਉਂਦੇ ਹੋਏ ਸਰਬੰਸ ਦਾਨੀ ਸ੍ਰੀ ਦਸਮੇਸ਼ ਜੀ ਜਦੇ ਆਨੰਦਪੁਰ ਛੱਡ ਕੇ ਜੰਗਲ ਦੇ ਇਲਾਕੇ (ਮਾਲਵਾ), ਰਾਜਸਥਾਨ ਆਦਿ ਤੋਂ ਹੁੰਦੇ ਹੋਏ 1708 ਈ. ਵਿਚ ਨੰਦੇੜ (ਦੱਖਣ) ਪਹੁੰਚੇ ਤਾਂ ਆਪ ਜੀ ਨੇ ਅੰਤ ਸਮਾਂ ਨੇੜੇ ਆਇਆ ਜਾਣ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਦੇ ਕੇ ਸਰਬ ਸਾਂਝੀਵਾਲਤਾ ਦੀ ਇਕ ਅਜਿਹੀ ਮਿਸਾਲ ਕਾਇਮ ਕੀਤੀ ਜਿਸ ਦੇ ਮੁਕਾਬਲੇ ਦੀ ਉਦਾਹਰਣ ਸ਼ਾਇਦ ਹੀ ਦੁਨੀਆ ਦੇ ਕਿਸੇ ਸੁਪ੍ਰਸਿੱਧ ਆਗੂ ਦੇ ਜੀਵਨ ਵਿਚੋਂ ਮਿਲ ਸਕੇ।

        ਸ੍ਰੀ ਦਸਮੇਸ਼ ਦੇ ਇਤਿਹਾਸਕ ਸਥਾਨਾਂ ਵਿਚੋਂ ਉਨ੍ਹਾਂ ਦੀ ਜਨਮ ਭੂਮੀ ਸ੍ਰੀ ਹਰਿਮੰਦਰ ਸਾਹਿਬ (ਪਟਨਾ ਸਾਹਿਬ), ਰਾਜ ਲੀਲਾ-ਭੂਮੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ (ਆਨੰਦਪੁਰ) ਤੇ ਦਮਦਮਾ ਸਾਹਿਬ (ਤਲਵੰਡੀ ਸਾਬੋ, ਜ਼ਿਲ੍ਹਾ ਬਠਿੰਡਾ) ਅਤੇ ਅੰਤਿਮ ਸਥਾਨ ਸ੍ਰੀ ਅਬਿਚਲ ਨਗਰ ਹਜ਼ੂਰ ਸਾਹਿਬ (ਨੰਦੇੜ-ਦੱਖਣ) ਨਾਮਕ ਚਾਰੇ ਕੇਂਦਰ ਸਿੱਖ ਧਰਮ ਦੇ ਪ੍ਰਮਾਣਿਕ ਤਖ਼ਤਾਂ ਦੀ ਹੈਸੀਅਤ ਰੱਖਦੇ ਹਨ ਅਤੇ ਸ੍ਰੀ ਅਕਾਲ ਤਖ਼ਤ (ਅੰਮ੍ਰਿਤਸਰ) ਵਾਂਗ ਹੀ ਇਨ੍ਹਾਂ ਖ਼ਾਲਸਾਈ ਤਖ਼ਤਾਂ ਦੀ ਸਿੱਖ ਪੰਥ ਵਿਚ ਬੜੀ ਮਾਨਤਾ ਹੈ।

ਸਿੱਖਾਂ ਦੀ ਮੁੱਢਲੀ ਰਹਿਤ ਮਰਯਾਦਾ ਤੇ ਉਸ ਵਿਚ ਪਰਿਵਰਤਨ

ਸਿੱਖਾਂ ਦੀ ਮੁੱਢਲੀ ਰਹਿਤ ਮਰਯਾਦਾ ਤੇ ਉਸ ਵਿਚ ਪਰਿਵਰਤਨ––ਸਿੱਖਾਂ ਦੀ ਰਹਿਤ ਮਰਯਾਦਾ ਅਤੇ ਸੰਗਤ-ਪੰਗਤ ਸ਼ੁਰੂ ਤੋਂ ਇਕ ਸੀ ਅਤੇ ਸਾਰੇ ਸਿੱਖ ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ ਨਿੱਤ ਅੰਮ੍ਰਿ਼ਤ ਵੇਲੇ ਜਾਗਦੇ ਤੇ ਸ਼ੌਚ-ਇਸ਼ਨਾਨ ਆਦਿ ਤੋਂ ਫ਼ਾਰਿਗ ਹੋ ਕੇ ਧਰਮਸਾਲ (ਗੁਰਦੁਆਰੇ) ਜਾਂਦੇ ਅਤੇ ਸ਼ਰਧਾ ਭਾਵ ਸਹਿਤ ਨਾਮਬਾਣੀ ਦੇ ਕੀਰਤਨ ਵਿਚ ਸ਼ਾਮਲ ਹੁੰਦੇ ਹਨ :–

        (1)  ਕੁਰਬਾਣੀ ਤਿਨਾਂ ਗੁਰਸਿਖਾਂ ਪਿਛਲ ਰਾਤੀ ਉਠਿ ਬਹੰਦੇ ।।

               ਕੁਰਬਾਣੀ ਤਿਨਾਂ ਗੁਰਸਿਖਾਂ ਅੰਮ੍ਰਿਤ ਵੇਲੈ ਸਰਿ ਨਾਵੰਦੇ ।।

               ਕੁਰਬਾਣੀ ਤਿਨਾਂ ਗੁਰਸਿਖਾਂ ਹੁਇ ਇਕ ਮਨਿ ਗੁਰ ਜਾਪੁ ਜਪੰਦੇ । ।

               ਕੁਰਬਾਣੀ ਤਿਨਾਂ ਗੁਰਸਿਖਾਂ ਸਾਧ ਸੰਗਤਿ ਚਲਿ ਜਾਇ ਜੁੜੰਦੇ।।

               ਕੁਰਬਾਨੀ ਤਿਨਾਂ ਗੁਰਸਿਖਾਂ ਗੁਰਬਾਣੀ ਨਿਤਿ ਗਾਇ ਸੁਣੰਦੇ।।

               ਕੁਰਬਾਣੀ ਤਿਨਾਂ ਗੁਰਸਿਖਾਂ ਮਨਿ ਮੇਲੀ ਕਰਿ ਮੇਲਿ ਮਿਲੰਦੇ । ।

               ਕੁਰਬਾਣੀ ਤਿਨਾਂ ਗੁਰਸਿਖਾਂ ਭਾਇ ਭਗਤਿ ਗੁਰਪੁਰਬ ਕਰੰਦੇ । । miss

               ਗੁਰੂ ਸੇਵਾ ਫਲੁ ਸਫਲੁ ਫਲੰਦੇ ।। ੨ ।। (ਵਾਰ 12)

        ਸੀਸ ਉੱਤੇ ਗੁਰਮਖੀ ਦਸਤਾਰ ਸਿੱਖਾਂ ਦਾ ਉਸ ਸਮੇਂ ਆਮ ਪਹਿਰਾਵਾ ਸੀ। ਸਿੱਖ ਇਸਤਰੀਆਂ ਵੀ ਸਾਦਾ ਪਹਿਰਾਵਾ ਪਹਿਨਦੀਆਂ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤਕ ਸਿੱਖਾਂ ਦੀ ਇਹੋ ਰਹਿਣੀ-ਬਹਿਣੀ ਕਾਇਮ ਰਹੀ। ਜਦੋਂ ਸਿੱਖ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਜੀ ਦੇ ਸਮੇਂ ਮੁਗ਼ਲ ਹਕੂਮਤ ਦਾ ਦ੍ਰੋਹ ਭਰਿਆ ਵਰਤਾਉ ਦੇਖ ਕੇ ਸ਼ਾਂਤਮਈ ਦੀ ਥਾਵੇਂ ਬੀਰ ਰਸ ਧਾਰਣ ਕਰ ਕੇ ਸਨੱਧਬੱਧ ਹੋਣ ਲਗ ਪਏ ਤਾਂ ਇਹ ਇਨ੍ਹਾਂ ਦੀ ਸਿਪਾਹੀਆਨਾ ਜਿੰਦਗੀ ਦਾ ਮੁੱਢ ਬਣ ਗਿਆ।

        ਇਸ ਤੋਂ ਪਿੱਛੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਖੰਡੇ ਦਾ ਅੰਮ੍ਰਿਤ ਛਕਾ ਕੇ ਸਿੰਘ (ਖ਼ਾਲਸਾ) ਬਣਾ ਦਿੱਤਾ ਜਿਸ ਕਰ ਕੇ ਹੋਰ ਗੁਰਮੁਖੀ ਰਹਿਤ ਦੇ ਨਾਲ ਪੰਜ ਕਕਾਰ-ਕੰਘਾ, ਕਛਹਿਰਾ, ਕੜਾ, ਕ੍ਰਿਪਾਨ ਤੇ ਕੇਸ ਇਨ੍ਹਾਂ ਦੀ ਰਹਿਤ ਬਹਿਤ ਦੇ ਖ਼ਾਸ ਅੰਗ ਬਣ ਗਏ ਤੇ ਸਫ਼ੇਦ ਪਹਿਰਾਵੇ ਦੀ ਥਾਂ ਨੀਲੇ ਰੰਗ ਦੇ ਫ਼ੌਜੀ ਪਹਿਰਾਵੇ ਨੇ ਲੈ ਲਈ ਜਿਵੇਂ ਕਿ ਸ੍ਰੀ ਦਸਮੇਸ਼ ਦੇ ਦਰਬਾਰੀ ਕਵੀ ਭਾਈ ਗੁਰਦਾਸ (ਦੂਜੇ) ਨੇ ਆਪਣੀ ਇਕਤਾਲਵੀਂ ਵਾਰ ਵਿਚ ਇਸ ਬਾਰੇ ਸੰਖੇਪ ਨਾਲ ਲਿਖਿਆ ਹੈ :–

                ਜਬ ਸਹਿਜੇ ਪ੍ਰਗਟੀਓ ਜਗਤ ਮੈਂ ਗੁਰੁ ਜਾਪ ਅਪਾਰਾ ।।

                ਯੌਂ ਉਪਜੇ ਸਿੰਘ ਭੁਜੰਗੀਏ ਨੀਲੰਬਰ ਧਾਰਾ ।।

ਸਿੱਖ ਧਰਮ ਸ੍ਰੀ ਦਸਮੇਸ਼ ਤੋਂ ਪਿੱਛੋਂ

ਸਿੱਖ ਧਰਮ ਸ੍ਰੀ ਦਸਮੇਸ਼ ਤੋਂ ਪਿੱਛੋਂ   – ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਕ ਪੁਰਖੀ ਗੁਰਿਆਈ ਦਾ ਸਿਲਸਿਲਾ ਖ਼ਤਮ ਕਰ ਦਿੱਤਾ ਤੇ 1708 ਈ. ਵਿਚ ਜਦ ਉਹ ਜੋਤੀ ਜੋਤ ਸਮਾਏ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਦੇ ਦਿੱਤੀ ਅਤੇ ਇਸ ਤਰ੍ਹਾਂ ਗੁਰੂ ਪੰਥ ਦੇ ਅਧੀਨ ਸਰਬ ਸੰਮਤੀ ਨਾਲ ਗੁਰਮਤੇ ਹੋਣ ਤੇ ਸਾਰੇ ਧਾਰਮਿਕ ਮਾਮਲੇ ਨਜਿੱਠੇ ਜਾਣ ਲਗ ਪਏ। ਫਿਰ ਸ੍ਰੀ ਦਸਮੇਸ਼ ਜੀ ਦੇ ਹੁਕਮ ਨਾਲ ਨੰਦੇੜ ਤੋਂ ਚਲ ਕੇ 1708 ਤੋਂ 1715 ਈ. ਤਕ ਬਾਬਾ ਬੰਦਾ ਬਹਾਦਰ ਦੀ ਜਥੇਦਾਰੀ ਹੇਠ ਗੁਰੂ ਖ਼ਾਲਸੇ ਨੇ ਪੰਜਾਬ ਦੇ ਦੁਸ਼ਟ ਦੋਖੀਆਂ ਨੂੰ ਸੋਧਿਆ। ਇਸ ਮਗਰੋਂ 1716 ਤੋਂ 1746ਈ. ਤਕ ਪੰਜਾਬ ਵਿਚੋਂ ਮੁਗ਼ਲਈ ਉਧੜਧੁੰਮੀ ਦੇ ਸਮੇਂ ਵਿਚ ਹੀ ਸਿੰਘ ਫਿਰ ਉੱਠੇ ਤੇ ਭਾਈ ਤਾਰਾ ਸਿੰਘ ਵਾਈਏਂ ਭਾਈ ਮਨੀ ਸਿੰਘ, ਭਾਈ ਤਾਰੂ ਸਿੰਘ ਆਦਿ ਦੀ ਸ਼ਹੀਦੀ ਤੋਂ ਬਾਅਦ ਸਰਬੱਤ ਖਾਲਸੇ ਵੱਲੋਂ ਸਰਬ ਸਾਂਝੇ ਖ਼ਾਲਸਾ ਦਲ ਦੀ ਸਥਾਪਨਾ ਹੋਣ ਤੇ 1746 ਤੋਂ 1756 ਈ. ਤਕ ਸਿੱਖਾਂ ਦੀਆਂ ਬਾਰਾਂ ਮਿਸਾਲਾਂ ਦਾ ਮੁੱਢ ਬੱਝਿਆ ਜਿਨ੍ਹਾਂ ਨੇ ਮੁਗ਼ਲ ਹਕੂਮਤ ਦੇ ਨਾਲ ਹੀ ਨਾਦਰ ਸ਼ਾਹ ਤੋਂ ਬਾਅਦ ਅਹਿਮਦਸ਼ਾਹ ਦੁਰਾਨੀ ਨਾਲ ਬੜੀ ਕਰੜੀ ਟੱਕਰ ਲਈ ਅਤੇ ਫਿਰ 1762 ਈ. ਦੇ ਘੱਲੂਘਾਰੇ ਤੋਂ ਬਾਅਦ 1764 ਈ. ਵਿਚ ਹੀ ਸਿੰਘਾਂ ਨੇ ਪੰਜਾਬ ਉੱਤੇ ਦਰਿਆ ਅਟਕ ਤੋਂ ਦਰਿਆ ਜਮਨਾ ਤਕ ਪੂਰਾ ਪੂਰਾ ਦਬਦਬਾ ਜਮਾ ਲਿਆ। ਇਸੇ ਰੋਅਬ ਦਾਬ ਦਾ ਹੀ ਨਤੀਜਾ ਸੀ ਕਿ 1799 ਈ. ਤਕ ਪੰਜਾਬ ਉੱਤੇ ਸਿੱਖ ਰਾਜ ਕਾਇਮ ਹੋ ਗਿਆ ਜਿਸ ਕਰ ਸ਼ੇਰਿ-ਪੰਜਾਬ ਮਹਾਰਾਜਾ ਰਣਜੀਤ ਸਿੰਘ ਤੇ ਉਸ ਦੇ ਖ਼ਾਨਦਾਨ ਦੀ ਹਕੂਮਤ 1849 ਈ. ਤਕ ਕਾਇਮ ਰਹੀ ਜੋ ਸੂਬਾ ਸਰਹੱਦ ਦੇ ਦੱਰਾ ਖ਼ੈਬਰ ਤਕ ਸੀ।

ਸਿੱਖ ਸਮਾਜ ਸੁਧਾਰਕ ਲਹਿਰਾਂ

ਸਿੱਖ ਸਮਾਜ ਸੁਧਾਰਕ ਲਹਿਰਾਂ –– ਸੰਨ 1849 ਵਿਚ ਪੰਜਾਬੀਆਂ ਦੇ ਤੇ ਖ਼ਾਸ ਕਰ ਕੇ ਸਿੱਖਾਂ ਦੀ ਆਪਸੀ ਫੁਟ ਦੇ ਕਾਰਨ ਜੰਮੂ ਦੇ ਡੋਗਰਿਆਂ ਹੱਥੋਂ ਸਿੱਖ ਰਾਜ ਖ਼ਤਮ ਹੋਣ ਤੇ ਇਥੇ ਈਸਟ ਇੰਡੀਆ ਕੰਪਨੀ ਦੀ ਅਗਵਾਈ ਹੇਠ ਅੰਗਰੇਜ਼ੀ ਹਕੂਮਤ ਕਾਇਮ ਹੋ ਗਈ ਅਤੇ ਸਿੱਖ ਇਸ ਤਰ੍ਹਾਂ ਬਦੇਸ਼ੀ ਪ੍ਰਭਾਵ ਥੱਲੇ ਆਉਣ ਲਗ ਪਏ। ਇਸ ਪੰਥਕ ਗਿਰਾਵਟ ਨੂੰ ਵੇਖ ਕੇ 1850 ਤੋਂ 1860 ਈ. ਤਕ ਬਾਬਾ ਦਿਆਲ ਜੀ ਨੇ ਜੋ ਕਿ ਪਿਸ਼ਾਵਰ ਦੇ ਵਸਨੀਕ ਸਨ; ਸਿੱਖਾਂ ਦੇ ਸੁਧਾਰ ਵਾਸਤੇ ਗੁਰੂ ਨਾਨਕ ਦੇਵ ਜੀ ਦੇ ਨਾਂ ਥੱਲੇ ਨਿਰੰਕਾਰੀ ਲਹਿਰ ਚਲਾਈ। ਇਹ ਲਹਿਰ ਚੂੰਕਿ ਸ਼ਾਂਤਮਈ ਹਾਕਮਾਂ ਨੂੰ ਮੂੰਹ ਤੋੜ ਜਵਾਬ ਦੇਣ ਲਈ ਬਾਬਾ ਰਾਮ ਸਿੰਘ ਜੀ ਨੇ ਜੋ ਕਿ ਪਿੰਡ ਭੈਣੀ ਰਾਈਆ (ਜ਼ਿਲ੍ਹਾ ਲੁਧਿਆਣਾ) ਦੇ ਵਸਨੀਕ ਸਨ ਤੇ ਖ਼ਾਲਸਾ ਦਰਬਾਰ, ਲਾਹੌਰ ਦੇ ਫ਼ੌਜੀ ਸਿਪਾਹੀ ਰਹਿ ਚੁਕੇ ਸਨ, ਬੀਰ ਰਸ ਨਾਲ ਪ੍ਰੇਰਿਤ ਹੋ ਕੇ ਨਾਮਧਾਰੀ ਲਹਿਰ ਦਾ ਮੁੱਢ ਬੰਨ੍ਹਿਆ। ਇਹ ਲਹਿਰ ਅੰਗਰੇਜ਼ ਹਕਮਾਂ ਨੂੰ ਇਥੋਂ ਕੱਢਣ ਲਈ ਇਕ ਸਿੱਧੀ ਚੁਣੌਤੀ ਸੀ। ਇਸ ਲਈ ਅੰਗਰੇਜ਼ੀ ਹਕੂਮਤ ਦੇ ਗੁੱਸੇ ਦਾ ਨਜ਼ਲਾ ਬੜੀ ਤੇਜ਼ੀ ਨਾਲ ਨਾਮਧਾਰੀਆਂ ਉੱਤੇ ਅਜਿਹਾ ਝੜਿਆ ਕਿ 1872ਈ. ਵਿਚ ਬੁੱਚੜਬੱਧ ਦੇ ਬਹਾਨੇ 68 ਨਾਮਧਾਰੀਏ ਤੋਪਾਂ ਨਾਲ ਉਡਾ ਦਿੱਤੇ ਗਏ ਤੇ ਇਸ ਲਹਿਰ ਤੇ ਬਾਨੀ ਬਾਬਾ ਰਾਮ ਸਿੰਘ ਜੀ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਜਿਸ ਕਰ ਕੇ ਇਹ ਲਹਿਰ ਮੱਧਮ ਪੈ ਗਈ। ਮਹਾਨ ਕੋਸ਼ ਅਨੁਸਾਰ 49 ਨਾਮਧਾਰੀਏ ਤੋਪਾਂ ਨਾਲ ਉਡਾਏ ਗਏ ਅਤੇ 30 ਨੂੰ ਫ਼ਾਂਸੀ ਤੇ ਲਟਕਾ ਦਿੱਤਾ ਗਿਆ।

        ਇਸ ਤਰ੍ਹਾਂ ਨਾਮਧਾਰੀ ਲਹਿਰ ਦਾ ਜ਼ੋਰ ਘਟਣ ਤੇ ਇਸ ਤੋਂ ਅਗਲੇ ਸਾਲ 1873 ਈ. ਵਿਚ ਕੁਝ ਅਗਾਂਹਵਧੂ ਸਿੱਖਾਂ ਨੇ ਜਿਨ੍ਹਾਂ ਵਿਚ ਕੰਵਰ ਬਿਕਰਮ ਸਿੰਘ ਕਪੂਰਥਲਾ, ਸਰਦਾਰ ਠਾਕੁਰ ਸਿੰਘ ਸੰਧਾਵਾਲੀਆ ਆਦਿ ਪ੍ਰਮੁੱਖ ਸਨ, ਅੰਮ੍ਰਿਤਸਰ ਤੋਂ ਸਿੰਘ ਸਭਾ ਲਹਿਰ ਚਲਾਈ। ਇਸ ਦੇ ਫਲਸਰੂਪ 1873 ਈ. ਵਿਚ ਸਿੰਘ ਸਭਾ, ਅੰਮ੍ਰਿਤਸਰ; 1879 ਈ. ਵਿਚ ਸਿੰਘ ਸਭਾ, ਲਾਹੌਰ ਤੇ 1880 ਈ. ਵਿਚ ਪੰਜਾਬ ਤੇ ਪੰਜਾਬੋਂ ਬਾਹਰ ਬਹੁਤੀਆਂ ਸਿੰਘ ਸਭਾਵਾਂ ਕਾਇਮ ਹੋਈਆਂ । ਸੰਨ 1883 ਵਿਚ ਇਨ੍ਹਾਂ ਸਿੰਘ ਸਭਾਵਾਂ ਦੀ ਏਕਤਾ ਲਈ ਸਰਬ ਸਾਂਝੀ ਸੰਸਥਾ ਖ਼ਾਲਸਾ ਦੀਵਾਨ, ਅੰਮ੍ਰਿਤਸਰ ਦੇ ਫੇਰ ਪਰਸਪਰ ਦੁਫੇੜ ਪੈਣ ਤੇ 1885 ਈ. ਵਿਚ ਖਾਲਸਾ ਦੀਵਾਨ, ਲਾਹੌਰ ਕਾਇਮ ਹੋਏ ਜਿਸ ਕਰ ਸਿੰਘ ਸਭਾ ਲਹਿਰ ਦਾ ਇਤਿਹਾਸ ਕਈ ਪ੍ਰਕਾਰ ਦੇ ਮੋੜ ਖਾਂਦਾ ਰਿਹਾ । ਆਖ਼ਿਰ ਸਿੰਘ ਸਭਾ ਲਹਿਰ ਦਾ ਕੰਮ ਇਸ ਦੇ ਕਈ ਮੋਢੀਆਂ ਸ੍ਰ. ਅਤਰ ਸਿੰਘ ਭਦੌੜੀਆ, ਗੁਰਮੁਖ ਸਿੰਘ ਆਦਿ ਦੇ ਸਦੀਵੀ ਵਿਛੋੜੇ ਦੇ ਜਾਣ ਕਾਰਨ ਢਿੱਲਾ ਪੈ ਗਿਆ। ਸਰਦਾਰ ਸੁੰਦਰ ਸਿੰਘ ਮਜੀਠੀਆ ਦੇ 1890 ਤੋਂ 1900 ਈ. ਤਕ ਦੇ ਲਗਾਤਾਰ ਯਤਨਾ ਕਾਰਨ ਖ਼ਾਲਸਾ ਦੀਵਾਨ, ਅੰਮ੍ਰਿਤਸਰ ਤੇ ਲਾਹੌਰ ਦੀ ਥਾਵੇਂ 1901 ਈ. ਵਿਚ ਅੰਮ੍ਰਿਤਸਰ ਸਰਬ ਸ਼੍ਰੋਮਣੀ ਚੀਫ ਖ਼ਾਲਸਾ ਦੀਵਾਨ ਦੀ ਨੀਂਹ ਰੱਖੀ ਗਈ ਪਰ ਇਹ ਦੀਵਾਨ ਦੀ ਸਰਬ ਸ਼੍ਰੋਮਣੀ ਹੋਣ ਦੀ ਥਾਵੇਂ ਸ. ਸੁੰਦਰ ਸਿੰਘ ਜੀ ਮਜੀਠੀਆ, ਸ. ਤ੍ਰਿਲੋਚਨ ਸਿੰਘ ਆਦਿ ਦੀ ਪ੍ਰਧਾਨਗੀ ਕਾਰਨ ਸਿੱਖ ਰਈਸਾਂ (ਚੀਫ਼ਸ) ਜਾਂ ਸਰਮਾਏਦਾਰਾਂ ਦਾ ਦੀਵਾਨ ਮੰਨਿਆ ਗਿਆ ਜਿਸ ਕਾਰਨ ਬਹੁਤੇ ਸਿੰਘਾਂ ਵੱਲੋਂ ਬਗ਼ਾਵਤ ਹੋਣ ਤੇ 1905 ਈ. ਵਿਚ ਬਾਬੂ ਤੇਜਾ ਸਿੰਘ ਦੀ ਅਗਵਾਈ ਹੇਟ ਪੰਚ ਖੰਡ (ਭਸੌੜ) ਦੇ ਸਥਾਨ ਤੇ ਪੰਚ ਖਾਲਸਾ ਦੀਵਾਨ, ਫਿਰ ਸੈਂਟਰਲ ਮਾਝਾ ਖਾਲਸਾ ਦੀਵਾਨ, ਅੰਮ੍ਰਿਤਸਰ ਤੇ ਗੜਗੱਜ ਅਕਾਲੀ ਦੀਵਾਨ, ਤਰਨਤਾਰਨ ਦਾ ਮੁੱਢ ਬੰਨ੍ਹਿਆ ਗਿਆ। ਸੰਨ 1920 ਤੋਂ 1925 ਤਕ ਦੇ ਸਮੇਂ ਦੀ ਗੁਰਦੁਆਰਾ ਸੁਧਾਰ ਅਥਵਾ ਅਕਾਲੀ ਲਹਿਰ ਇਨ੍ਹਾਂ ਹੀ ਖਾਲਸਾ ਦੀਵਾਨਾਂ ਦੇ ਅਗਾਂਹਵਧੂ ਮੈਂਬਰਾਂ ਦੀਆਂ ਘਾਲਣਾ ਦਾ ਨਤੀਜਾ ਸੀ।

        ਫਿਰ ਅਕਾਲੀ ਲਹਿਰ ਤੋਂ ਬਾਅਦ ਕੁਝ ਚਿਰ ਤਾਂ ਸਿਖ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਦੇ ਅਧੀਨ ਸਰਬ-ਹਿੰਦ ਕੌਮੀ ਕਾਂਗਰਸ ਦੇ ਨਾਲ ਰਲ ਕੇ ਅੰਗਰੇਜ਼ੀ ਹਕੂਮਤ ਦੀ ਗ਼ੁਲਾਮੀ ਤੋਂ ਛੁਟਕਾਰੇ ਲਈ ਆਜ਼ਾਦੀ ਦੀ ਲੜਾਈ ਲੜਦੇ ਰਹੇ ਪਰ 1947 ਈ. ਵਿਚ ਦੇਸ਼ ਦੀ ਆਜ਼ਾਦੀ ਸਮੇਂ ਪੰਜਾਬ ਦਾ ਬਟਵਾਰਾ ਹੋਣ ਉਪਰੰਤ ਪੰਜਾਬੀ ਜਬਾਨ ਦਾ ਝਗੜਾ ਸ਼ੁਰੂ ਹੋਣ ਤੇ ਆਪਣੇ ਸਭਿਆਚਾਰ ਦੀ ਰਖਵਾਲੀ ਲਈ ਸਿੰਘ, ਪੰਜਾਬੀ ਸੂਬੇ ਦੀ ਕਾਇਮੀ ਲਈ 1950 ਤੋਂ 1965 ਈ. ਤਕ ਲਗਾਤਾਰ ਜੱਦੋ-ਜਹਿਦ ਕਰਦੇ ਰਹੇ। ਅਖ਼ੀਰ 1 ਨਵੰਬਰ, 1966 ਨੂੰ ਪੰਜਾਬ ਰਾਜ ਦਾ ਪੁਨਰ ਗਠਨ ਹੋਇਆ ਅਤੇ ਇਸ ਤਰ੍ਹਾਂ ਵਰਤਮਾਨ ਪੰਜਾਬ ਹੋਂਦ ਵਿਚ ਆਇਆ।

ਗੁਰੂ ਨਾਨਕ ਸਰਬ ਸੰਪ੍ਰਦਾਵਾਂ ਤੇ ਸਿੱਖ

ਗੁਰੂ ਨਾਨਕ ਸਰਬ ਸੰਪ੍ਰਦਾਵਾਂ ਤੇ ਸਿੱਖ –– ਲਗਭਗ ਸਤਾਰ੍ਹਵੀਂ ਸਦੀ ਤੋਂ ਹੀ ਪਰਸਪਰ ਤੇ ਕੁਝ ਵਿਚਾਰਕ ਮੱਤਭੇਦਾਂ ਕਾਰਨ ਕਿੰਨੀਆਂ ਹੀ ਵਖੋ ਵੱਖ ਸੰਪ੍ਰਦਾਵਾਂ ਬਣ ਗਈਆਂ। ਇਨ੍ਹਾਂ ਸੰਸਥਾਵਾਂ ਵਿਚ ਕਈ ਆਰਥਿਕ ਉਲਝਣਾਂ ਵੀ ਸਨ। ਸਿੱਖ ਧਰਮ ਵਿਚ ਉਦਾਸੀ, ਮੀਣੇ, ਮਸੰਦ, ਧੀਰਮੱਲੀਏ, ਰਾਮਰਾਈਏ, ਬੰਦਈ, ਨਿਹੰਗ, ਨਿਰਮਲੇ, ਨਿਰੰਕਾਰੀ, ਨਾਮਧਾਰੀ, ਰਾਧਾ ਸੁਆਮੀ, ਸੁਥਰੇ ਸ਼ਾਹੀ, ਗੰਗੂ ਸ਼ਾਹੀ ਆਦਿ ਸੰਪ੍ਰਦਾਵਾਂ ਸ਼ਾਮਲ ਹਨ ਜੋ ਪਹਿਲਾਂ ਨੌ ਗੁਰੂਆਂ ਤਕ ਸਾਧਾਰਣ ਤੌਰ ਤੇ ਸਿੱਖ ਧਰਮ ਅਤੇ ਫਿਰ ਖ਼ਾਲਸਾ ਪੰਥ ਦੀ ਉੱਨਤੀ ਦੇ ਰਾਹ ਵਿਚ ਅਨੇਕਾਂ ਪ੍ਰਕਾਰ ਦੀਆਂ ਔਕੜਾਂ ਖੜੀਆਂ ਕਰ ਕੇ ਰੋੜਾ ਬਣਦੀਆਂ ਰਹੀਆਂ। ਗੁਰਦੁਆਰਾ ਸੁਧਾਰ ਅਥਵਾ ਅਕਾਲੀ ਲਹਿਰ ਤੋਂ ਬਾਅਦ 1934 ਈ. ਵਿਚ ਨਾਮਧਾਰੀ ਸੰਪ੍ਰਦਾਇ ਦੇ ਪ੍ਰਮੁੱਖ ਆਗੂ ਬਾਬਾ ਪ੍ਰਤਾਪ ਸਿੰਘ ਜੀ ਨੇ ਬੜਾ ਯਤਨ ਕਰ ਕੇ ਆਪਣੇ ਪ੍ਰਧਾਨ ਕੇਂਦਰ ਗੁਰਦੁਆਰਾ ਸ੍ਰੀ ਭੈਣੀ ਸਾਹਿਬ (ਲੁਧਿਆਣਾ) ਵਿਖੇ ਗੁਰੂ ਨਾਨਕ ਸਰਬ ਸੰਪ੍ਰਦਾਇ ਕਾਨਫਰੰਸ ਨਾਂ ਥੱਲੇ ਇਕ ਉਚੇਚਾ ਸਮਾਗਮ ਬੁਲਾਇਆ ਜਿਸ ਵਿਚ ਉਪਰੋਕਤ ਸਾਰੀਆਂ ਹੀ ਸੰਪ੍ਰਦਾਵਾਂ ਦੇ ਆਗੂ ਸ਼ਾਮਲ ਹੋਏ ਤੇ ਤਿੰਨ ਦਿਨ ਲਗਾਤਾਰ ਬਹਿਸ ਮੁਬਾਹਸੇ ਹੋਣ ਤੇ ਗੁਰਮਤੇ ਸੋਧਣ ਦੇ ਬਾਵਜੂਦ ਪੰਥਕ ਏਕਤਾ ਨਾ ਹੋ ਸਕੀ ਤੇ ਇਹ ਪ੍ਰਯਤਨ ਨਿਸਫਲ ਹੀ ਰਿਹਾ।

   


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 22499, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-17-01-01-43, ਹਵਾਲੇ/ਟਿੱਪਣੀਆਂ:

ਸਿੱਖ ਧਰਮ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ

ਸਿੱਖ ਧਰਮ : ਸਿੱਖ ਧਰਮ ਦੁਨੀਆ ਦੇ ਪ੍ਰਮੁਖ ਧਰਮਾਂ ਵਿੱਚੋਂ ਸਭ ਤੋਂ ਛੋਟੀ ਉਮਰ ਦਾ ਧਰਮ ਹੈ ਜਿਸ ਦੀ ਨੀਂਹ ਅੱਜ ਤੋਂ ਲਗਪਗ ਪੰਜ ਸਦੀਆਂ ਪਹਿਲਾਂ ਗੁਰੂ ਨਾਨਕ ਦੇਵ ਜੀ (1469-1539) ਨੇ ਰੱਖੀ। “ਸਿੱਖ” ਸ਼ਬਦ ਸੰਸਕ੍ਰਿਤ ਦੇ “ਸ਼ਿਸ਼” ਅਤੇ ਪਾਲੀ ਦੇ “ਸਿੱਖ” ਨਾਲ ਮਿਲਦਾ ਹੈ : ਇੱਕ ਸਿੱਖ (ਸ਼ਿਸ਼, ਚੇਲਾ ਆਦਿ) ਦੀ ਹੋਂਦ ਦੇ ਨਾਲ ਹੀ ਗੁਰੂ ਦੀ ਹੋਂਦ ਦਾ ਵਿਚਾਰ ਆਉਂਦਾ ਹੈ, ਇਸੇ ਕਰਕੇ ਸਿੱਖ ਧਰਮ ਵਿੱਚ ‘ਗੁਰੂ’ ਦਾ ਰੋਲ ਅਤੇ ਸਥਾਨ ਅਤਿ ਮਹੱਤਵਪੂਰਨ ਹੈ। ਬਾਕੀ ਧਰਮਾਂ ਨਾਲੋਂ ਬਾਅਦ ਵਿੱਚ ਹੋਂਦ ਵਿੱਚ ਆਇਆ ਹੋਣ ਕਰਕੇ ਹੀ ਸ਼ਾਇਦ ਇਹ ਧਰਮ ਮਾਨਵਤਾ ਦੀ ਧਾਰਮਿਕ ਚੇਤਨਤਾ ਦੇ ਵਿਕਾਸ ਦੀ ਸਭ ਤੋਂ ਅੰਤਲੀ ਸਟੇਜ ਨੂੰ ਦਰਸਾਉਂਦਾ ਹੈ। ਮੱਧਕਾਲੀਨ ਯੁੱਗ ਵਿੱਚ ਹੋਂਦ ਵਿੱਚ ਆਇਆ ਹੋਣ ਦੇ ਬਾਵਜੂਦ ਇਹ ਆਧੁਨਿਕ ਮਨੁੱਖ ਦੀਆਂ ਅਨੇਕਾਂ ਸਮੱਸਿਆਵਾਂ ਦੇ ਸਮਾਧਾਨ ਸੁਝਾਉਣ ਦਾ ਵੀ ਯਤਨ ਕਰਦਾ ਹੈ।

ਸਿੱਖ ਧਰਮ ਇੱਕ ਇਲਹਾਮੀ ਧਰਮ ਹੈ ਜਿਸ ਦਾ ਆਧਾਰ ਗੁਰੂ ਨਾਨਕ ਦੇਵ ਜੀ ਨੂੰ ਅਤੇ ਦੂਸਰੇ ਗੁਰੂ ਸਾਹਿਬਾਨ ਨੂੰ ਪ੍ਰਾਪਤ ਹੋਇਆ ਇਲਹਾਮ ਹੈ। ਸਿੱਖ ਪਰੰਪਰਾ ਅਨੁਸਾਰ ਗੁਰੂ ਨਾਨਕ ਦੇਵ ਜੀ ਨੂੰ ਨਿਰੰਕਾਰ ਬ੍ਰਹਮ ਪਾਸੋਂ ਸਿੱਧੇ ਰੂਪ ਵਿੱਚ ਇਲਹਾਮ ਦੀ ਪ੍ਰਾਪਤੀ ਹੋਈ ਅਤੇ ਇਲਹਾਮ ਪ੍ਰਾਪਤੀ ਉਪਰੰਤ ਜਦੋਂ ਗੁਰੂ ਨਾਨਕ ਦੇਵ ਜੀ ਦੀ ਬਿਰਤੀ ਖੁੱਲ੍ਹੀ ਤਾਂ ਉਹਨਾਂ ਨੇ ਜੋ ਪ੍ਰਥਮ ਸ਼ਬਦ ਉਚਾਰੇ ਉਹ ਸਨ: ਨਾ ਕੋ ਹਿੰਦੂ ਨਾ ਮੁਸਲਮਾਨ। ਭਾਵ ਇਹ ਹੈ ਕਿ ਹਿੰਦੂ, ਮੁਸਲਿਮ, ਆਦਿ ਅਲੱਗ-ਅਲੱਗ ਧਰਮਾਂ ਵਿੱਚ ਮਾਨਵਤਾ ਨੂੰ ਵੰਡਿਆ ਨਹੀਂ ਜਾ ਸਕਦਾ। ਮਾਨਵ ਤੱਤ ਰੂਪ ਵਿੱਚ ਪਰਮਾਤਮਾ ਦਾ ਰੂਪ ਹੈ ਅਤੇ ਆਤਮਿਕ ਤੌਰ ’ਤੇ ਉਹ ਪਰਮਾਤਮਾ ਨਾਲ ਵੀ ਅਤੇ ਬਾਕੀ ਮਾਨਵਤਾ ਨਾਲ ਵੀ ਜੁੜਿਆ ਹੋਇਆ ਹੈ। ਸਾਰੇ ਮਾਨਵ ਆਪਸ ਵਿੱਚ ਵੀ ਅਤੇ ਪਰਮਾਤਮਾ ਦੀ ਨਜ਼ਰ ਵਿੱਚ ਵੀ ਬਰਾਬਰ ਹਨ। ਏਕਤਾ ਅਤੇ ਸਮਾਨਤਾ ਦੇ ਇਸ ਸਿਧਾਂਤ ਵਿੱਚ ਇਸਤਰੀ-ਜਾਤੀ ਵੀ ਸ਼ਾਮਲ ਹੈ। ਸਿੱਖ ਧਰਮ ਲਿੰਗ ਦੇ ਆਧਾਰ ਤੇ ਜਾਂ ਹੋਰ ਕਿਸੇ ਵੀ ਆਧਾਰ ਤੇ ਕਿਸੇ ਨਾਲ ਵੀ ਕੋਈ ਵਿਤਕਰਾ ਨਹੀਂ ਕਰਦਾ।

ਸਿੱਖ ਧਰਮ ਵਿੱਚ ਗੁਰੂ ਨਾਨਕ ਦੇਵ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੀਕ ਦਸ ਗੁਰੂ ਸਾਹਿਬਾਨ ਅਤੇ ਉਪਰੰਤ ਗੁਰੂ ਸਾਹਿਬਾਨ ਦੀ ਬਾਣੀ (ਸ਼ਬਦ) ਨੂੰ ਗੁਰੂ ਦਾ ਰੁਤਬਾ ਹਾਸਲ ਹੈ। ਗੁਰੂ ਰਾਮਦਾਸ ਜੀ ਦਾ ਕਥਨ ਹੈ-‘ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅਮ੍ਰਿਤ ਸਾਰੇ।’ ਸਿੱਖ ਸੰਦਰਭ ਵਿੱਚ ਬਾਣੀ ਤੋਂ ਭਾਵ ਗੁਰੂ ਸਾਹਿਬਾਨ ਦੀ ਉਹ ਰਚਨਾ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਸਾਹਿਬਾਨ ਤੋਂ ਇਲਾਵਾ ਕਈ ਹੋਰ ਸੰਤਾਂ ਅਤੇ ਸੂਫ਼ੀਆਂ ਦੀ ਰਚਨਾ ਵੀ ਦਰਜ਼ ਹੈ। ਸਮੁੱਚੀ ਰਚਨਾ ਨੂੰ ਬਾਣੀ ਕਿਹਾ ਜਾਂਦਾ ਹੈ ਅਤੇ ਕਈ ਵਾਰ ਆਮ ਵਿਅਕਤੀ ਲਈ ਸਪਸ਼ਟ ਸੰਕੇਤ ਦੇਣ ਹਿਤ ਗੁਰੂ ਸਾਹਿਬਾਨ ਦੁਆਰਾ ਰਚੀ ਗਈ ਬਾਣੀ ਨੂੰ ਗੁਰਬਾਣੀ ਅਤੇ ਹੋਰ ਭਗਤਾਂ, ਆਦਿ ਦੁਆਰਾ ਰਚੀ ਬਾਣੀ ਨੂੰ ਭਗਤ ਬਾਣੀ ਵੀ ਕਿਹਾ ਜਾਂਦਾ ਹੈ। ਇਹ ਸਮਸਤ ਬਾਣੀ ਪਰਮਾਤਮਾ ਪਾਸੋਂ ਪ੍ਰਾਪਤ ਹੋਇਆ ਇਲਹਾਮ ਹੈ। ਗੁਰੂ ਨਾਨਕ ਦੇਵ ਜੀ ਆਪਣੀਆਂ ਰਚਨਾਵਾਂ ਬਾਰੇ ਕਹਿੰਦੇ ਹਨ-‘ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਹੀ ਗਿਆਨ ਵੇ ਲਾਲੋ।’ ਭਾਵ ਇਹ ਕਿ ਜਿਸ ਤਰ੍ਹਾਂ ਦਾ ਇਲਹਾਮ ਗੁਰੂ ਜੀ ਨੂੰ ਪਰਮਾਤਮਾ ਵੱਲੋਂ ਪ੍ਰਾਪਤ ਹੋਇਆ ਉਸ ਨੂੰ ਉਸੇ ਰੂਪ ਵਿੱਚ ਦੁਨਿਆਵੀ ਭਾਸ਼ਾ ਵਿੱਚ ਅਭਿਵਿਅਕਤ ਕਰ ਦਿੱਤਾ। ਇੰਞ ਭਾਵੇਂ ਬਾਣੀ ਵਿੱਚ ਦਰਜ਼ ਕਈ ਹਵਾਲੇ ਇਹ ਸਾਬਤ ਕਰਦੇ ਹਨ ਕਿ ਸਿੱਖ ਧਰਮ ਅੰਦਰ ਬਾਣੀ ਸ਼ਬਦ ਨੂੰ ਗੁਰੂ ਦਾ ਰੁਤਬਾ ਹਾਸਲ ਹੈ ਪਰੰਤੂ ਸ਼ਬਦ ਨੂੰ ਇਹ ਰੁਤਬਾ ਵਿਧੀ-ਬੱਧ ਰੂਪ ਵਿੱਚ ਗੁਰੂ ਗੋਬਿੰਦ ਸਿੰਘ ਨੇ ਦਿੱਤਾ। ਉਹਨਾਂ ਨੇ ਪਹਿਲਾਂ ਤਾਂ ਗੁਰੂ ਅਰਜਨ ਦੇਵ ਜੀ ਦੁਆਰਾ ਸੰਕਲਿਤ ਰੂਪ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਵੀ ਸੰਕਲਿਤ ਕੀਤਾ ਅਤੇ ਉਪਰੰਤ ਇਸ ਬੀੜ ਨੂੰ 1708 ਈ. ਵਿੱਚ ਨਾਦੇੜ ਵਿਖੇ ਗੁਰਗੱਦੀ ਦੇ ਦਿੱਤੀ। ਇਸ ਗੱਲ ਦਾ ਸਬੂਤ ਇੱਕ ਭੱਟ ਵਹੀ ਦੇ ਇੰਦਰਾਜ ਅਤੇ ਮਾਤਾ ਸੁੰਦਰੀ ਜੀ ਵੱਲੋਂ ਲਿਖੇ ਇੱਕ ਹੁਕਮਨਾਮੇ ਵਿੱਚੋਂ ਵੀ ਮਿਲਦਾ ਹੈ। ਸਿੱਖ ਧਰਮ ਅਤੇ ਪਰੰਪਰਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਰੁਤਬਾ ਇੱਕ ਜਿਊਂਦੇ-ਜਾਗਦੇ ਗੁਰੂ ਸਮਾਨ ਹੈ। ਉਹ ਉਹਨਾਂ ਦੇ ਵਿਸ਼ਵਾਸ ਦਾ ਕੇਂਦਰ ਹੈ ਪਰੰਤੂ ਪੂਜਾ ਦੀ ਵਸਤੂ ਨਹੀਂ। ਸਿੱਖ ਕੌਮ ਨੇ ਇਸ ਅੰਦਰ ਦਰਜ਼ ਸ਼ਬਦ/ਬਾਣੀ ਤੋਂ ਗਿਆਨ ਹਾਸਲ ਕਰਨਾ ਹੈ ਅਤੇ ਜੀਵਨ-ਪੰਧ ਵਿੱਚ ਅਗਵਾਈ ਲੈਣੀ ਹੈ। ਇਸ ਮੰਤਵ ਹਿਤ ਸ਼ਬਦ ਨੂੰ ਪੜ੍ਹਨਾ, ਸਮਝਣਾ ਅਤੇ ਜੀਵਨ ਵਿੱਚ ਅਮਲੀ ਰੂਪ ਦੇਣਾ ਜ਼ਰੂਰੀ ਹੈ। ਸਿੱਖਾਂ ਦੇ ਧਾਰਮਿਕ ਸਥਾਨਾਂ ਨੂੰ ਗੁਰਦੁਆਰਾ ਕਿਹਾ ਜਾਂਦਾ ਹੈ ਅਤੇ ਹਰ ਗੁਰਦੁਆਰੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਕੇਂਦਰੀ ਅਤੇ ਸਰਬ-ਉੱਚ ਸਥਾਨ ਹਾਸਲ ਹੈ। ਸਿੱਖ ਧਰਮ ਦੀ ਸਮਸਤ ਅਧਿਆਤਮਿਕ ਅਤੇ ਸਮਾਜਿਕ ਵਿਚਾਰਧਾਰਾ ਦਾ ਸ੍ਰੋਤ ਇਹੋ ਹੈ।

ਸਿੱਖ ਅਧਿਆਤਮਿਕਤਾ ਦਾ ਕੇਂਦਰੀ ਧੁਰਾ ਹੈ ਪਰਮਾਤਮਾ ਦੀ ਹੋਂਦ, ਪਰਮਾਤਮਾ ਦੀ ਏਕਤਾ ਅਤੇ ਪਰਮਾਤਮਾ ਦੇ ਇਸ ਬ੍ਰਹਿਮੰਡ ਦਾ ਕਰਤਾ ਹੋਣ ਵਿੱਚ ਵਿਸ਼ਵਾਸ। ਸਿੱਖ ਧਰਮ ਪਰਮਾਤਮਾ ਦੀ ਹੋਂਦ ਵਿੱਚ ਵਿਸ਼ਵਾਸ ਰੱਖਦਾ ਹੈ। ਉਹ ਇੱਕ ਹੈ। ਉਸ ਵਰਗਾ, ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਅਤੇ ਉਹ ਆਪ ਕਦੇ ਕਿਸੇ ਵੀ ਰੂਪ ਵਿੱਚ ਅਵਤਾਰ ਨਹੀਂ ਧਾਰਦਾ। ਉਹ ਨਿਰਾਕਾਰ ਹੈ ਅਤੇ ਨਿਰਗੁਣ ਹੈ, ਪਰੰਤੂ ਉਹ ਸਮਸਤ ਵਿਅਕਤ ਸੰਸਾਰ ਦਾ ਰਚੈਤਾ ਵੀ ਹੈ। ਉਹ ਆਪਣੀ ਰਚਨਾ ਅੰਦਰ ਵਿਦਮਾਨ ਹੈ ਅਤੇ ਇਸ ਪੱਖ ਤੋਂ ਉਹ ਸਾਕਾਰ ਅਤੇ ਸਰਗੁਣ ਹੋ ਨਿਬੜਦਾ ਹੈ। ਆਪਣੀ ਸਮਸਤ ਰਚਨਾ ਅੰਦਰ ਵਿਦਮਾਨਤਾ ਸਰੀਰਕ ਨਹੀਂ ਪਰੰਤੂ ਆਤਮਿਕ ਹੈ। ਪਰੰਤੂ ਸਮਸਤ ਰਚਨਾ ਵੀ ਉਸ ਨੂੰ ਆਪਣੇ ਅੰਦਰ ਸਮੁੱਚਾ ਸਮੋਅ ਨਹੀਂ ਸਕਦੀ; ਪਰਮਾਤਮਾ ਬੇਅੰਤ, ਅਥਾਹ ਹੈ। ਕਿਉਂਕਿ ਉਹ ਜੀਵ/ਵਸਤੂ ਦਾ ਕਰਤਾ ਹੈ ਅਤੇ ਉਸ ਨੂੰ ਨਾਸ਼ ਕਰ ਸਕਣ ਦੇ ਸਮਰਥ ਹੈ, ਇਸ ਲਈ ਉਸ ਦਾ ਨਾ ਤਾਂ ਕਿਸੇ ਨਾਲ ਵੈਰ ਹੈ ਅਤੇ ਨਾ ਹੀ ਉਸ ਨੂੰ ਕਿਸੇ ਦਾ ਭੈ ਹੈ। ਉਹ ਜਨਮ-ਮਰਨ ਦੇ ਬੰਧਨ ਤੋਂ ਮੁਕਤ ਹੈ ਅਤੇ ਕਦੇ ਕਿਸੇ ਵੀ ਰੂਪ ਵਿੱਚ ਜਨਮ ਲੈ ਲੈਂਦਾ। ਉਹ ਹਰ ਵਸਤੂ/ਜੀਵ ਦਾ ਰਚੈਤਾ ਹੈ, ਪਰੰਤੂ ਉਸ ਨੂੰ ਕਿਸੇ ਬਾਹਰੀ ਏਜੰਸੀ ਨੇ ਨਹੀਂ ਰਚਿਆ : ਉਹ ਸ੍ਵੈ-ਰਚਿਤ ਹੈ। ਸਿੱਖ ਵਿਚਾਰਧਾਰਾ ਅਨੁਸਾਰ ਅਜਿਹੇ ਪਰਮਾਤਮਾ ਨੂੰ ਸਿਰਫ਼ ਗੁਰੂ ਦੀ ਮਿਹਰ ਸਦਕਾ ਹੀ ਪਾਇਆ ਜਾ ਸਕਦਾ ਹੈ।

ਸਿੱਖ ਧਰਮ ਅਨੁਸਾਰ ਮਾਨਵ ਸਾਰੀ ਰਚਨਾ ਵਿੱਚੋਂ ਸ਼ਿਰੋਮਣੀ ਹੈ। ਸਿਰਫ਼ ਮਾਨਵ ਹੀ ਆਪਣੇ ਪਾਸ ਬਿਬੇਕ ਬੁੱਧ ਹੋਣ ਕਾਰਨ ਭਲੇ ਅਤੇ ਬੁਰੇ ਦੀ ਪਹਿਚਾਣ ਕਰ ਸਕਦਾ ਹੈ। ਮਾਨਵ ਦਾ ਸਰੀਰ ਪੰਜ ਤੱਤ ਦਾ ਬਣਿਆ ਹੈ ਅਤੇ ਇਸ ਪੰਜ ਤੱਤਾਂ ਦੇ ਪੁਤਲੇ ਅੰਦਰ ਪਰਮਾਤਮਾ ਨੇ ਇੱਕ ਛੇਵਾਂ ਤੱਤ ਗੁਪਤ ਰੱਖ ਦਿੱਤਾ ਹੈ। ਇਹ ਛੇਵਾਂ ਤੱਤ ਹੈ ਆਤਮਾ ਜੋ ਪਰਮਾਤਮਾ ਦਾ ਇੱਕ ਅੰਸ਼ ਹੈ। ਹਰ ਮਾਨਵ ਅੰਦਰ ਆਤਮਾ ਹੈ ਜਾਂ ਦੂਜੇ ਸ਼ਬਦਾਂ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਹਰ ਮਾਨਵ ਅੰਤਰ ਤੱਤ-ਰੂਪ ਵਿੱਚ ਪਰਮਾਤਮਾ ਮੌਜੂਦ ਹੈ। ਇਸ ਦਾ ਅਰਥ ਇਹ ਹੋਇਆ ਕਿ :

1.        ਮਨੁੱਖੀ ਸਰੀਰ ਅੰਦਰ ਪਰਮਾਤਮਾ ਦੀ ਹੋਂਦ ਹੋਣ ਕਾਰਨ ਇਹ ਸਰੀਰ ਵੀ ਪਵਿੱਤਰ ਹੈ। ਬਾਣੀ ਅਨੁਸਾਰ ਇਸ ਸਰੀਰ ਨੂੰ ਮੰਦਰ ਵੀ ਕਿਹਾ ਗਿਆ ਹੈ। ਕਿਉਂਕਿ ਸਰੀਰ ਅੰਦਰ ਪਰਮਾਤਮਾ ਮੌਜੂਦ ਹੈ, ਇਸ ਲਈ ਸਰੀਰ ਨੂੰ ਕਿਸੇ ਕਿਸਮ ਦਾ ਕਸ਼ਟ (ਵਰਤ, ਆਦਿ) ਦੇਣਾ ਯੋਗ ਨਹੀਂ।

2.       ਸਰੀਰ ਅੰਦਰ ਪਰਮਾਤਮਾ ਦੀ ਤੱਤ ਰੂਪ ਵਿੱਚ ਮੌਜੂਦਗੀ ਮਨੁੱਖ ਨੂੰ ਆਤਮਿਕ ਰੂਪ ਵਿੱਚ ਪਰਮਾਤਮਾ ਨਾਲ ਜੋੜਦੀ ਹੈ।

3.       ਕਿਉਂਕਿ ਸਾਰੇ ਜੀਵਾਂ ਅੰਦਰ ਪਰਮਾਤਮਾ ਦਾ ਅੰਸ਼ ਮੌਜੂਦ ਹੈ, ਇਸ ਲਈ ਸਾਰੇ ਮਨੁੱਖ ਬਰਾਬਰ ਹਨ। ਰਿਗਵੇਦ ਅਨੁਸਾਰ ਮਾਨਵ-ਜਾਤ ਬ੍ਰਹਮਾ ਦੇ ਵੱਖ-ਵੱਖ ਅੰਸ਼ਾਂ ਤੋਂ ਪੈਦਾ ਹੋਏ ਹੋਣ ਕਾਰਨ ਮਾਨਵ ਇੱਕ ਦੂਜੇ ਤੋਂ ਵੱਡੇ-ਛੋਟੇ ਹਨ ਪਰੰਤੂ ਸਿੱਖ ਧਰਮ ਅੰਦਰ ਇਹ ਵਿਚਾਰਧਾਰਾ ਮਾਨਵਤਾ ਦੀ ਸਮਾਨਤਾ ਉੱਪਰ ਬਲ ਦਿੰਦੀ ਹੈ।

4.       ਹਰ ਮਨੁੱਖ ਤੱਤ ਰੂਪ ਵਿੱਚ ਪਰਮਾਤਮਾ ਦਾ ਹੀ ਰੂਪ ਹੈ। ਇਸ ਲਈ ਹਰ ਜੀਵ ਮਾਨਵ ਨਾਲ ਪ੍ਰੇਮ ਅਤੇ ਸਤਿਕਾਰ ਸਹਿਤ ਪੇਸ਼ ਆਉਣਾ ਚਾਹੀਦਾ ਹੈ। ਕਿਸੇ ਵੀ ਮਾਨਵ ਨਾਲ ਕਿਸੇ ਪ੍ਰਕਾਰ ਦਾ ਦੁਰਵਿਹਾਰ ਜਾਂ ਚੋਟ ਪਹੁੰਚਾਉਣ ਤੋਂ ਭਾਵ ਹੈ ਪਰਮਾਤਮਾ ਪ੍ਰਤਿ ਦੁਰਵਿਹਾਰ ਜਾਂ ਚੋਟ ਪਹੁੰਚਾਉਣਾ।

ਇਸ ਸਿੱਖ ਧਰਮ ਦਾ ਪਰਮਾਤਮਾ ਦੀ ਏਕਤਾ ਅਤੇ ਕਰਤਾ ਹੋਣ ਵਾਲਾ ਸਿਧਾਂਤ ਸਿੱਖ ਸਮਾਜਿਕ ਦਰਸ਼ਨ ਦਾ ਆਧਾਰ ਬਣ ਜਾਂਦਾ ਹੈ। ਮਾਨਵੀ ਸਮਾਨਤਾ, ਪਰਸਪਰ, ਪ੍ਰੇਮ ਅਤੇ ਸਤਿਕਾਰ, ਪਰਉਪਕਾਰ ਦੀ ਭਾਵਨਾ, ਨਿਆਂ ਅਤੇ ਸੇਵਾ ਵਰਗੀਆਂ ਕਦਰਾਂ-ਕੀਮਤਾਂ ਉੱਪਰ ਸਿੱਖ ਸਮਾਜ ਉਸਰਦਾ ਹੈ। ਇਹਨਾਂ ਕੀਮਤਾਂ ਨੂੰ ਅਮਲੀ ਰੂਪ ਦੇਣ ਹਿਤ ਸਿੱਖ ਧਰਮ ਦੀਆਂ ਕਈ ਸੰਸਥਾਵਾਂ ਹੋਂਦ ਵਿੱਚ ਆਈਆਂ। ਸਭ ਤੋਂ ਪਹਿਲੀ ਅਜਿਹੀ ਸੰਸਥਾ ਸੀ ਸੰਗਤ : ਸਿੱਖ ਗੁਰੂਆਂ ਦੇ ਪੈਰੋਕਾਰ ਅਤੇ ਸਿੱਖ ਸਿਖਿਆਵਾਂ ਵਿੱਚ ਵਿਸ਼ਵਾਸ ਰੱਖਣ ਵਾਲੇ ਜਦੋਂ ਇੱਕ ਸਮੂਹ ਦੇ ਰੂਪ ਵਿੱਚ ਪਰਮਾਤਮਾ ਨੂੰ ਯਾਦ ਕਰਨ ਹਿਤ ਇਕੱਠੇ ਹੁੰਦੇ ਹਨ ਤਾਂ ਉਸ ਇਕੱਠ ਨੂੰ ਸੰਗਤ ਕਹਿੰਦੇ ਹਨ। ਸੰਗਤ ਵਿੱਚ ਸਾਰੇ ਬਰਾਬਰ ਹਨ ਅਤੇ ਕਿਸੇ ਨਾਲ ਕਿਸੇ ਵੀ ਆਧਾਰ ਤੇ ਕੋਈ ਵਿਤਕਰਾ ਨਹੀਂ ਕੀਤਾ ਜਾ ਸਕਦਾ। ਜਿਸ ਥਾਂ ਉੱਪਰ ਇਹ ਸੰਗਤ ਅਕਸਰ ਜਾਂ ਰੋਜ਼ਾਨਾ ਮਿਲ ਬੈਠ ਕੇ ਨਾਮ ਸਿਮਰਨ ਕਰਦੀ ਸੀ, ਉਸ ਨੂੰ ਪਹਿਲਾਂ ਧਰਮਸ਼ਾਲਾ ਕਿਹਾ ਕਰਦੇ ਸਨ ਪਰੰਤੂ ਗੁਰੂ ਹਰਿਗੋਬਿੰਦ ਸਮੇਂ ਤੋਂ ਧਰਮਸ਼ਾਲਾ ਨੂੰ ਗੁਰਦੁਆਰਾ ਕਿਹਾ ਜਾਣ ਲੱਗਾ। ਹਰ ਗੁਰਦੁਆਰੇ ਅੰਦਰ ਲੰਗਰ ਦਾ ਹੋਣਾ ਜ਼ਰੂਰੀ ਹੈ। ਲੰਗਰ ਵਿੱਚ ਹਰ ਕੋਈ ਬਿਨਾਂ ਕਿਸੇ ਭੇਦ-ਭਾਵ ਦੇ ਭੋਜਨ ਛਕ ਸਕਦਾ ਹੈ। ਪਰਸਪਰ ਪ੍ਰੇਮ, ਸੇਵਾ ਅਤੇ ਪਰਉਪਕਾਰ ਇਸੇ ਸਮਾਨਤਾ ਦੇ ਸਿਧਾਂਤ ਵਿੱਚੋਂ ਉਪਜੇ ਹਨ।

ਸਿੱਖ ਧਰਮ ਅਨੁਸਾਰ ਇਸ ਵਿਅਕਤ ਸੰਸਾਰ ਅੰਦਰ ਅਜਿਹੀ ਕੋਈ ਥਾਂ ਨਹੀਂ ਜਿੱਥੇ ਪਰਮਾਤਮਾ ਮੌਜੂਦ ਨਾ ਹੋਵੇ। ਪਰਮਾਤਮਾ ਨੂੰ ਸਰਬ-ਵਿਆਪਕ ਮੰਨਿਆ ਗਿਆ ਹੈ। ਕਿਉਂਕਿ ਪਰਮਾਤਮਾ ਹਰ ਥਾਂ ਮੌਜੂਦ ਹੈ, ਇਸ ਲਈ ਹਰ ਥਾਂ ਹੀ ਪਵਿੱਤਰ ਹੈ। ਦੂਸਰੇ ਪਰਮਾਤਮਾ ਨੂੰ ਪਾਉਣ ਲਈ ਇਸ ਸੰਸਾਰ ਨੂੰ ਤਿਆਗ ਕੇ ਜੰਗਲਾਂ-ਬੇਲਿਆਂ ਜਾਂ ਪਹਾੜਾਂ ਵਿੱਚ ਚਲੇ ਜਾਣਾ ਵੀ ਵਾਜਬ ਨਹੀਂ। ਫ਼ਰੀਦ ਜੀ ਦਾ ਕਥਨ ਹੈ:

ਫਰੀਦਾ ਜੰਗਲੁ ਜੰਗਲੁ ਕਿਆ ਭਵਹਿ ਵਣਿ ਕੰਡਾ ਮੋੜੇਹਿ॥

ਵਸੀ ਰਬੁ ਹਿਮਾਲੀਐ ਜੰਗਲੁ ਕਿਆ ਢੂਢੇਹਿ॥

ਪਰਮਾਤਮਾ ਦੀ ਹੋਂਦ ਨੂੰ ਸਿਰਫ਼ ਗੁਰਦੁਆਰੇ, ਅੰਦਰ ਜਾਂ ਮਸਜਿਦ ਦੀ ਹਦੂਦ ਤੱਕ ਹੀ ਸੀਮਿਤ ਕਰਨ ਦਾ ਯਤਨ ਵੀ ਬੇਅਰਥ ਹੈ। ਗੁਰਬਾਣੀ ਅਨੁਸਾਰ ਤਾਂ ਇਸ ਸੰਸਾਰ ਵਿੱਚ ਵਿਚਰਦਿਆਂ, ਇੱਥੋਂ ਦੀਆਂ ਪਰਵਾਰਿਕ ਅਤੇ ਸਮਾਜਿਕ ਜ਼ੁੰਮੇਵਾਰੀਆਂ ਨਿਭਾਉਂਦੇ ਹੋਏ ਪਰਮਾਤਮਾ ਦੀ ਪ੍ਰਾਪਤੀ ਸੰਭਵ ਹੈ :

ਹਸੰਦਿਆ ਖੇਲੰਦਿਆ ਪੈਨੰਦਿਆ

ਖਾਵੰਦਿਆ ਵਿਚੇ ਹੋਵੈ ਮੁਕਤਿ॥੨॥

ਸੋ ਮੁਕਤੀ ਦੀ ਪ੍ਰਾਪਤੀ ਲਈ ਜਾਂ ਪਰਮਾਤਮਾ ਦੀ ਪ੍ਰਾਪਤੀ ਲਈ ਸੰਸਾਰ ਦਾ ਤਿਆਗ ਕਰਨਾ ਅਤੇ ਸਾਧੂ ਭੇਖ ਅਪਣਾਉਣਾ ਜ਼ਰੂਰੀ ਨਹੀਂ। ਸਿੱਖ ਧਰਮ ਵਿੱਚ ਗ੍ਰਹਿਸਥ ਜੀਵਨ ਨੂੰ ਉੱਤਮ ਮੰਨਿਆ ਗਿਆ ਹੈ ਅਤੇ ਸੰਸਾਰ/ਪਰਵਾਰ ਤਿਆਗ ਕੇ ਸਾਧੂ ਬਣਨ ਦੀ ਆਲੋਚਨਾ ਕੀਤੀ ਗਈ ਹੈ।

ਗ੍ਰਹਿਸਥ ਜੀਵਨ ਨੂੰ ਪ੍ਰਮੁਖਤਾ ਦਿੱਤੇ ਜਾਣ ਦਾ ਇੱਕ ਅਸਰ ਇਹ ਵੀ ਹੋਇਆ ਕਿ ਸਮਾਜ ਅੰਦਰ ਇਸਤਰੀ ਦੀ ਸਥਿਤੀ ਪਹਿਲਾਂ ਨਾਲੋਂ ਵਧੇਰੇ ਸਨਮਾਨਯੋਗ ਹੋ ਗਈ। ਹਿੰਦੂ ਆਚਾਰੀਆ ਮਨੂੰ ਅਨੁਸਾਰ ਇਸਤਰੀ ਸਿਰਫ਼ ਭੋਗ ਦੀ ਵਸਤੂ ਸੀ। ਉਸ ਨੂੰ ਅਧਿਆਤਮਿਕ ਪ੍ਰਗਤੀ ਦੇ ਰਾਹ ਵਿੱਚ ਰੁਕਾਵਟ ਮੰਨਿਆ ਜਾਂਦਾ ਸੀ। ਸਿੱਖ ਧਰਮ ਨੇ ਮਰਦ ਅਤੇ ਇਸਤਰੀ ਵਿਚਕਾਰ ਕਿਸੇ ਕਿਸਮ ਦੇ ਵਿਤਕਰੇ ਨੂੰ ਸ੍ਵੀਕਾਰ ਨਹੀਂ ਕੀਤਾ। ਸਰੀਰਕ ਬਣਤਰ ਦੀਆਂ ਭਿੰਨਤਾਵਾਂ ਦੇ ਬਾਵਜੂਦ ਉਹ ਪਰਸਪਰ ਵੀ ਅਤੇ ਪਰਮਾਤਮਾ ਦੀ ਨਜ਼ਰ ਵਿੱਚ ਵੀ ਸਮਾਨ ਹਨ। ਸਿੱਖ ਧਰਮ ਅਤੇ ਪਰੰਪਰਾ ਵਿੱਚ ਇਸਤਰੀ ਨੂੰ ਹਰ ਤਰ੍ਹਾਂ ਦੇ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਕਾਰਜ ਕਰਨ ਦੀ ਖੁੱਲ੍ਹ ਹੈ। ਗੁਰੂ ਨਾਨਕ ਨੇ ਆਪਣੇ ਇੱਕ ਸ਼ਬਦ ਵਿੱਚ ਕਿਹਾ ਹੈ ਕਿ ਰਾਜਿਆਂ ਅਤੇ ਹੋਰ ਅਨੇਕ ਮਹਾਂਪੁਰਖਾਂ ਦੀ ਜਨਮ-ਦਾਤੀ ਔਰਤ ਨੂੰ ਘਟੀਆ ਕਹਿਣਾ ਅਯੋਗ ਹੈ :

ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥

ਸਿੱਖ ਧਰਮ ਅਨੁਸਾਰ ਮਨੁੱਖੀ ਜੀਵਨ ਦਾ ਅੰਤਿਮ ਉਦੇਸ਼ ਪਰਮਾਤਮਾ ਨਾਲ ਇਕਮਿਕਤਾ ਪ੍ਰਾਪਤ ਕਰਕੇ ਜਨਮ-ਮਰਨ ਦੇ ਚੱਕਰ ਤੋਂ ਛੁਟਕਾਰਾ ਹਾਸਲ ਕਰਨਾ ਹੈ। ਇਸ ਮੰਤਵ ਦੀ ਪ੍ਰਾਪਤੀ ਹਿਤ ਹਉਮੈਂ ਅਤੇ ਅਗਿਆਨ ਨੂੰ ਤਿਆਗ ਕੇ ਨਾਮ-ਸਿਮਰਨ ਕਰਨਾ ਜ਼ਰੂਰੀ ਹੈ। ਹਉਮੈਂ ਤੋਂ ਹੀ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਵਰਗੀਆਂ ਬੁਰਾਈਆਂ ਪੈਦਾ ਹੁੰਦੀਆਂ ਹਨ। ਨਾਮ-ਸਿਮਰਨ ਸਾਰੇ ਹੀ ਦੁੱਖਾਂ ਦਾ ਦਾਰੂ ਹੈ। ਇਸ ਨਾਲ ਹਉਮੈਂ ਦੂਰ ਹੁੰਦੀ ਹੈ, ਨਿਮਰਤਾ ਪੈਦਾ ਹੁੰਦੀ ਹੈ ਜੋ ਸਾਰੇ ਗੁਣਾਂ ਦਾ ਤੱਤ-ਸਾਰ ਹੈ। ਅਸਲ ਵਿੱਚ, ਸਿੱਖ ਧਰਮ ਵਿਦੇਹ-ਮੁਕਤੀ (ਮਰਨ ਉਪਰੰਤ ਜਨਮ-ਮਰਨ ਦੇ ਚੱਕਰ ਤੋਂ ਮੁਕਤੀ) ਨਾਲੋਂ ਜੀਵਨ-ਮੁਕਤੀ ਨੂੰ ਤਰਜੀਹ ਦਿੰਦਾ ਹੈ। ਜੀਵਨ-ਮੁਕਤ ਉਹ ਵਿਅਕਤੀ ਹੈ ਜੋ ਇਸ ਸੰਸਾਰ ਵਿੱਚ ਰਹਿੰਦਿਆਂ ਅਤੇ ਇੱਥੋਂ ਦੀਆਂ ਜ਼ੁੰਮੇਵਾਰੀਆਂ ਨਿਭਾਉਂਦਿਆਂ ਹੋਇਆਂ ਪਰਮਾਤਮਾ ਨਾਲ ਰਹੱਸਾਤਮਿਕ ਏਕਤਾ ਪ੍ਰਾਪਤ ਕਰ ਲੈਂਦਾ ਹੈ। ਅਜਿਹੇ ਵਿਅਕਤੀ ਨੂੰ ਗੁਰਮੁਖ, ਗਿਆਨੀ, ਬ੍ਰਹਮ-ਗਿਆਨੀ ਜੀਵਨ ਮੁਕਤ ਆਦਿ ਵੀ ਕਿਹਾ ਗਿਆ ਹੈ। ਅਜਿਹੇ ਵਿਅਕਤੀ ਇਸ ਸੰਸਾਰ ਵਿੱਚ ਵਿਚਰਦੇ ਹੋਏ ਨਿਜ ਨੂੰ ਪਰਮਾਤਮਾ ਵਰਗਾ ਅਤੇ ਸਮਾਜ/ਸੰਸਾਰ ਨੂੰ ਪ੍ਰਭੂ ਦੇ ਰਾਜ ਵਰਗਾ ਬਣਾ ਦਿੰਦੇ ਹਨ। ਇਹ ਜੀਵਨ-ਮੁਕਤ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਨ ਉਪਰੰਤ ਵਿਦੇਹ-ਮੁਕਤੀ ਵੀ ਹਾਸਲ ਕਰ ਲੈਂਦੇ ਹਨ।

ਭਾਵੇਂ ਸਿੱਖ ਧਰਮ ਮੱਧਕਾਲੀਨ ਯੁੱਗ ਦੀ ਪੈਦਾਵਾਰ ਹੈ, ਪਰੰਤੂ ਫਿਰ ਵੀ ਇਹ ਆਧੁਨਿਕ ਸਮਾਜ ਦੀਆਂ ਕਈ ਸਮੱਸਿਆਵਾਂ ਪ੍ਰਤਿ ਜਾਗਰੂਕ ਵੀ ਹੈ ਅਤੇ ਉਹਨਾਂ ਸਮੱਸਿਆਵਾਂ ਦਾ ਹੱਲ ਵੀ ਸੁਝਾਉਂਦਾ ਹੈ। ਉਦਾਹਰਨ ਦੇ ਲਈ ਅੱਜ ਆਵਾਜਾਈ ਅਤੇ ਸੰਚਾਰ ਦੇ ਸਾਧਨਾਂ ਵਿੱਚ ਹੋਈ ਕਰਾਮਾਤੀ ਤਰੱਕੀ ਨੇ ਸਮੁੱਚੇ ਜਗਤ ਨੂੰ ਇੱਕ ਪਿੰਡ ਵਾਂਗ ਬਣਾ ਦਿੱਤਾ ਹੈ। ਅੱਜ ਸਾਡਾ ਪੜੋਸੀ ਇੱਕ ਵੱਖਰੇ ਧਾਰਮਿਕ ਅਤੇ ਸੱਭਿਆਚਾਰ ਪਿਛੋਕੜ ਵਿੱਚੋਂ ਆਇਆ ਹੈ। ਅਸੀਂ ਹਰ ਰੋਜ਼ ਦੂਸਰੇ ਧਰਮਾਂ ਜਾਂ ਦੂਜੇ ਧਰਮ ਦੇ ਪੈਰੋਕਾਰਾਂ ਨਾਲ ਸੰਪਰਕ ਵਿੱਚ ਆਉਂਦੇ ਹਾਂ। ਆਧੁਨਿਕ ਧਰਮ-ਸ਼ਾਸਤਰੀਆਂ ਅਨੁਸਾਰ ਅੱਜ ਦੇ ਇਸ ਧਾਰਮਿਕ ਬਹੁਵਾਦ ਵਾਲੇ ਸਮਾਜ ਵਿੱਚ ਸ਼ਾਂਤਮਈ ਅਤੇ ਅਰਥ ਭਰਪੂਰ ਜੀਵਨ ਜਿਊਣ ਲਈ ਸਾਨੂੰ ਬਹੁਵਾਦੀ ਰਵੱਈਆ ਧਾਰਨ ਕਰਨ ਦੀ ਲੋੜ ਹੈ। ਸਿੱਖ ਧਰਮ ਬਹੁਵਾਦ ਨੂੰ ਸ੍ਵੀਕਾਰ ਕਰਦਾ ਹੈ ਅਤੇ ਦੂਸਰੇ ਧਰਮਾਂ ਅਤੇ ਪੈਗ਼ੰਬਰਾਂ ਨੂੰ ਲੋੜੀਂਦਾ ਸਤਿਕਾਰ ਦਿੰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਕਲਨ ਵੀ ਇਸ ਗੱਲ ਦਾ ਗਵਾਹ ਹੈ ਕਿ ਇਲਹਾਮ ਕਿਸੇ ਵਿਸ਼ੇਸ਼ ਧਰਮ, ਖੇਤਰ ਜਾਂ ਕੌਮ ਦੀ ਅਜ਼ਾਰੇਦਾਰੀ ਨਹੀਂ ਹੁੰਦਾ। ਅੰਤਰ-ਧਰਮ ਜਾਂ ਅੰਤਰ-ਜਾਤੀ ਮਸਲਿਆਂ ਨੂੰ ਵਿਵਾਦ ਦਾ ਵਿਸ਼ਾ ਨਾ ਬਣਾ ਕੇ ਸੰਵਾਦ ਰਾਹੀਂ ਹੱਲ ਕਰਨ ਦਾ ਸੁਝਾ ਵੀ ਦਿੱਤਾ ਗਿਆ ਹੈ :

ਜਬ ਲਗ ਦੁਨੀਆ ਰਹੀਐ

ਨਾਨਕ ਕਿਛੁ ਸੁਣੀਐ ਕਿਛੁ ਕਹੀਐ॥

ਗੁਰੂ ਗੋਬਿੰਦ ਸਿੰਘ ਦੁਆਰਾ 1699 ਈ. ਦੀ ਵਿਸਾਖੀ ਵਾਲੇ ਦਿਨ ਖ਼ਾਲਸਾ ਪੰਥ ਦੀ ਸਿਰਜਣਾ ਨੇ ਸਿੱਖ ਲਹਿਰ ਨੂੰ ਇੱਕ ਨਵਾਂ ਮੋੜ ਦਿੱਤਾ। ਖ਼ਾਲਸਾ ਪੰਥ ਸਿੱਖ ਗੁਰੂ ਸਾਹਿਬਾਨ ਦੀ ਸੋਚ ਦੇ ਆਦਰਸ਼ ਸਮਾਜ ਦਾ ਇੱਕ ਨਮੂਨਾ ਹੈ। ਇਸ ਵਿੱਚ ਜਾਤ-ਪਾਤ, ਊਚ-ਨੀਚ ਦਾ ਕੋਈ ਵਿਤਕਰਾ ਨਹੀਂ। ਸਭ ਸਮਾਨ ਹਨ। ਗੁਰੂ ਅਤੇ ਸਿੱਖ ਵਿਚਕਾਰਲਾ ਫ਼ਰਕ ਵੀ ਮਿਟਾ ਦਿੱਤਾ ਗਿਆ ਹੈ। ਗ਼ਰੀਬ ਦੀ ਰੱਖਿਆ ਅਤੇ ਜਰਵਾਣੇ ਦੀ ਭੱਖਿਆ ਖ਼ਾਲਸੇ ਦਾ ਧਰਮ ਹੈ। ਇਸ ਮੰਤਵ ਹਿਤ ਪੰਜ ਕਕਾਰਾਂ ਵਿੱਚੋਂ ਇੱਕ ਕਕਾਰ ਕ੍ਰਿਪਾਨ ਕਰਾਰ ਦਿੱਤੀ ਗਈ। ਕਿਰਤ ਕਰਨਾ, ਨਾਮ ਜਪਣਾ, ਅਤੇ ਵੰਡ ਛਕਣਾ ਹਰ ਸਿੱਖ ਲਈ ਇੱਕ ਅਹਿਮ ਨਿਯਮ ਨਿਰਧਾਰਿਤ ਕੀਤਾ ਗਿਆ।


ਲੇਖਕ : ਧਰਮ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ , ਹੁਣ ਤੱਕ ਵੇਖਿਆ ਗਿਆ : 18713, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2019-03-20-12-13-07, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.