ਸਿੱਖ ਨਿਸ਼ਾਨ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਿੱਖ ਨਿਸ਼ਾਨ : ਆਮ ਤੌਰ ਤੇ ਚੱਕਰ ਅਤੇ ਖੰਡਾ ਜਾਣਿਆ ਜਾਂਦਾ ਹੈ ਅਤੇ ਸਿੱਖ ਧਰਮ ਦੀ ਪਹਿਚਾਣ ਚਿੰਨ ਵਜੋਂ ਇਸ ਨੂੰ ਵਰਤਿਆ ਜਾਂਦਾ ਹੈ। ਇਸ ਵਿਚ ਦੋ ਧਾਰਾ ਖੰਡਾ, ਲੋਹੇ ਦਾ ਚਕ੍ਰ ਅਤੇ ਦੋਹੇਂ ਪਾਸੇ ਕ੍ਰਿਪਾਨਾਂ ਦਾ ਇਕ ਜੋੜਾ ਹੁੰਦਾ ਹੈ। ਖੰਡਾ ਸਿੱਧਾ ਵਿਚਕਾਰ ਹੁੰਦਾ ਹੈ। ਚੱਕਰ ਇਸ ਨੂੰ ਘੇਰੇ ਵਿਚ ਰਖਦਾ ਹੈ ਅਤੇ ਥੱਲੇ ਦੇ ਪਾਸੇ ਮੁੱਠ ਤਕ ਹੁੰਦਾ ਹੈ ਜਦੋਂ ਕਿ ਖੰਡੇ ਦੀ ਨੋਕ ਥੋੜ੍ਹੀ ਜਿਹੀ ਬਾਹਰ ਨਿਕਲੀ ਹੁੰਦੀ ਹੈ। ਕ੍ਰਿਪਾਨਾਂ ਚੱਕਰ ਦੇ ਦੋਵੇਂ ਪਾਸੇ ਹੁੰਦੀਆਂ ਹਨ ਅਤੇ ਉਹਨਾਂ ਦੀ ਧਾਰ ਬਾਹਰ ਵਾਲੇ ਪਾਸੇ ਨੂੰ ਅਤੇ ਉਹਨਾਂ ਦੀਆਂ ਮੁੱਠਾਂ ਖੰਡੇ ਦੀ ਮੁੱਠ ਦੇ ਉੱਪਰ ਇਕ ਦੂਸਰੇ ਦੇ ਉੱਪਰ ਸਥਿਤ ਹੁੰਦੀਆਂ ਹਨ। ਇਸ ਚਿਤ੍ਰ ਨੂੰ ਸਿੱਖ ਨਿਸ਼ਾਨ ਸਾਹਿਬ ਕਿਹਾ ਜਾਂਦਾ ਹੈ, ਚਿੱਠੀ-ਪੈਡਾਂ ਤੇ ਛਾਪਿਆ ਜਾਂਦਾ ਹੈ, ਪੁਸਤਕਾਂ ਦੇ ਸਿਰਲੇਖਾਂ ਅਤੇ ਪੋਸਟਰਾਂ ਤੇ ਵੀ ਤਥਾ ਪੱਗਾਂ ਤੇ ਬੈਜ ਦੇ ਤੌਰ ਤੇ ਵੀ ਵਰਤਿਆ ਜਾਂਦਾ ਹੈ।
ਨਿਸਚਿਤ ਰੂਪ ਵਿਚ ਚੱਕਰ ਅਤੇ ਖੰਡਾ ਪ੍ਰਤੀਕ ਵਜੋਂ ਪਹਿਲਾਂ ਕਦੋਂ ਵਰਤਿਆ ਗਿਆ ਇਸ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ। ਆਮ ਤੌਰ ਤੇ ਇਸ ਨੂੰ ਗੁਰੂ ਹਰਗੋਬਿੰਦ (1595-1644) ਦੁਆਰਾ ਅਕਾਲ ਤਖ਼ਤ ਨੂੰ ਸਥਾਪਿਤ ਕਰਨ ਨਾਲ ਸੰਬੰਧਿਤ ਕੀਤਾ ਜਾਂਦਾ ਹੈ ਅਤੇ ਇਹ ਵੀ ਮੰਨਿਆ ਜਾਂਦਾ ਹੈ ਕਿ ਉਹਨਾਂ ਨੇ ਹੀ ਸਿੱਖ ਝੰਡੇ ਨੂੰ ਨਿਸਚਿਤ ਰੂਪ ਦਿੱਤਾ ਅਤੇ ਮੀਰੀ ਪੀਰੀ ਦੀ ਪ੍ਰਤਿਨਿਧਤਾ ਕਰਨ ਵਾਲੀਆਂ ਦੋ ਕ੍ਰਿਪਾਨਾਂ ਧਾਰਨ ਕੀਤੀਆਂ ਜਾਂ ਫਿਰ ਗੁਰੂ ਗੋਬਿੰਦ ਸਿੰਘ (1666-1708) ਜੀ ਦੇ ਸਮੇਂ ਨਾਲ ਇਸ ਨੂੰ ਜੋੜਿਆ ਜਾਂਦਾ ਹੈ ਜਿਨ੍ਹਾਂ ਨੇ ਸਰਬ ਸ਼ਕਤੀਮਾਨ ਪਰਮਾਤਮਾ ਨਾਂ ਲਈ ਸਰਬਲੋਹ ਸ਼ਬਦ ਦੀ ਰਚਨਾ ਕੀਤੀ ਅਤੇ ਜਿਨ੍ਹਾਂ ਨੇ ਖੰਡੇ ਦੀ ਪਾਹੁਲ ਰਸਮ ਖ਼ਾਲਸਾ ਭਾਈਚਾਰੇ ਵਿਚ ਸ਼ਾਮਲ ਹੋਣ ਲਈ ਅਰੰਭ ਕੀਤੀ ਸੀ ।
ਸਿੱਖ ਨਿਸ਼ਾਨ ਦਾ ਦੋਹਰਾ ਮਹੱਤਵ ਹੈ। ਉਪਰਲੀ ਪੱਧਰ ਤੇ ਇਹ 17 ਵੀਂ ਸਦੀ ਵਿਚ ਪ੍ਰਯੋਗ ਵਿਚ ਲਿਆਂਦੇ ਜਾ ਰਹੇ ਸ਼ਸਤਰ ਹੀ ਹਨ। ਖੰਡਾ ਆਮ ਤੌਰ ਤੇ ਸਿੱਧੀ , ਭਾਰੀ ਅਤੇ ਪੱਧਰੀ ਉਹ ਤਲਵਾਰ ਹੈ ਜਿਸਦੇ ਦੋਵੇਂ ਪਾਸਿਆਂ ਦੀ ਧਾਰ ਨੂੰ ਤਿੱਖਾ ਕੀਤਾ ਹੋਇਆ ਹੁੰਦਾ ਹੈ ਅਤੇ ਇਕ ਨੁਕੀਲੀ ਨੋਕ ਦੇ ਨਾਲ ਇਹ ਮੱਧ ਵਿਚ ਥੋੜਾ ਜਿਹਾ ਪਤਲਾ ਹੁੰਦਾ ਹੈ। ਗੁਰਦੁਆਰਿਆਂ ਵਿਚ ਅੰਮ੍ਰਿਤ ਅਤੇ ਪਾਹੁਲ ਤਿਆਰ ਕਰਨ ਲਈ ਇਕ ਫੁੱਟ ਲੰਮੇ ਖੰਡੇ ਦਾ ਪ੍ਰਯੋਗ ਦਰਅਸਲ ਤਿੰਨ-ਚਾਰ ਫੁੱਟ ਲੰਮੇ ਸ਼ਸਤਰ ਦਾ ਸਹੀ ਅੰਦਾਜਾ ਨਹੀਂ ਦੇ ਸਕਦਾ ਜਿਹੜਾ ਕਿ ਕੁਝ ਮਾਮਲਿਆਂ ਵਿਚ ਇਤਨਾ ਭਾਰੀ ਵੀ ਹੁੰਦਾ ਹੈ ਕਿ ਉਸਨੂੰ ਦੋਹਾਂ ਹੱਥਾਂ ਨਾਲ ਚਲਾਇਆ ਜਾਂਦਾ ਹੈ। ਕ੍ਰਿਪਾਨ ਜਿਵੇਂ ਕਿ ਹੁਣ ਵੀ ਹੈ ਥੋੜ੍ਹੀ ਜਿਹੀ ਛੋਟੀ ਅਤੇ ਹਲਕੀ ਹੁੰਦੀ ਹੈ। ਚੱਕਰ (ਚਕ੍ਰ) ਉਹ ਤਿੱਖਾ ਅਤੇ ਮਾਰੂ ਕਿਨਾਰਿਆਂ ਵਾਲਾ ਸ਼ਸਤਰ ਹੈ ਜਿਸ ਨੂੰ ਕੁਸ਼ਲ ਬਹਾਦਰਾਂ ਦੁਆਰਾ ਚਲਾਇਆ ਜਾਂਦਾ ਹੈ। ਖੰਡੇ ਨੂੰ ਅੱਜ ਕੱਲ੍ਹ ਆਮ ਤੌਰ ਤੇ ਗੁਰਦੁਆਰਿਆਂ ਦੀਆਂ ਇਮਾਰਤਾਂ ਦੇ ਗੁੰਬਦਾਂ ਉੱਤੇ ਆਮ ਤੌਰ ਤੇ ਨਿਸ਼ਾਨ ਸਾਹਿਬ ਦੀ ਸਿੱਖਰ ਤੇ ਵੀ ਦੇਖਿਆ ਜਾ ਸਕਦਾ ਹੈ ਜਦੋਂ ਕਿ ਕ੍ਰਿਪਾਨਾਂ ਅਤੇ ਚੱਕਰਾਂ ਨੂੰ ਅੰਮ੍ਰਿਤਧਾਰੀ ਜਾਂ ਨਿਹੰਗ ਸਿੰਘਾਂ ਦੁਆਰਾ ਸਰੀਰ ਤੇ ਧਾਰਨ ਕੀਤਾ ਜਾਂਦਾ ਹੈ।
ਸਿੱਖਾਂ ਲਈ ਚੱਕਰ ਅਤੇ ਖੰਡਾ ਨਿਸ਼ਾਨ ਦਾ ਇਤਿਹਾਸਿਕ ਮਹੱਤਵ ਵਾਲਾ ਪ੍ਰਤੀਕਾਤਮਿਕ ਅਰਥ ਹੈ। ਸਿੱਖ ਧਰਮ ਏਕੇਸ਼ਵਰਵਾਦੀ ਧਰਮ ਹੈ। ਮੱਧ ਵਿਚ ਖੰਡੇ ਦਾ ਸਿੱਧਾ ਖੜ੍ਹੇ ਹੋਣਾ ਪਰਮਾਤਮਾ ਦੇ ਸਰਬ-ਸ਼ਕਤੀਮਾਨਤਾ ਅਤੇ ਇਕਤਾ ਦਾ ਪ੍ਰਤੀਕ ਹੈ ਜਿਹੜਾ ਕਿ ਸੰਤਾਂ ਮਹਾਤਮਾਵਾਂ ਲਈ ਅੰਤਿਮ ਉਦੇਸ਼ ਹੈ। ਇਸਦੇ ਦੋ ਤਿੱਖੇ ਕਿਨਾਰੇ ਪਰਮਾਤਮਾ ਦੇ ਸਿਪਾਹੀਆਂ ਦੇ ਜੀਵਨ ਦੇ ਅਧਿਆਤਮਿਕ ਅਤੇ ਸੰਸਾਰਿਕ ਪੱਖਾਂ ਦੀ ਪ੍ਰਤੀਨਿਧਤਾ ਕਰਦੇ ਹਨ। ਇਹ ਉਹਨਾਂ ਦੀ ਜੀਵਨ ਪ੍ਰਤੀ ਦ੍ਰਿੜ ਇੱਛਾ ਸ਼ਕਤੀ ਅਤੇ ਧਰਮ ਦੀ ਸੇਵਾ ਵਿਚ ਮਰ ਮਿੱਟਣ ਦੀ ਤਤਪਰਤਾ ਵੱਲ ਵੀ ਸੰਕੇਤ ਕਰਦੇ ਹਨ। ਇਸੇ ਤਰ੍ਹਾਂ ਕ੍ਰਿਪਾਨਾਂ ਦਾ ਜੋੜਾ ਗੁਰੂ ਹਰਗੋਬਿੰਦ ਜੀ ਦੀਆਂ ਪਹਿਨੀਆਂ ਹੋਈਆਂ ਦੋ ਕ੍ਰਿਪਾਨਾਂ ਦੀ ਯਾਦ ਦਿਵਾਉਂਦਾ ਹੈ। ਜਿਨ੍ਹਾਂ ਵਿਚੋਂ ਇਕ ਮੀਰੀ ਦੀ ਤੇ ਇਕ ਪੀਰੀ ਅਰਥਾਤ ਦੇਗ , ਭਗਤੀ , ਅਧਿਆਤਮਿਕ ਸ਼ਕਤੀ, ਦਾਨ ਅਤੇ ਸ਼ਰਧਾ ਦੀ ਹੈ। ਚੱਕਰ (ਚਕ੍ਰ) ਪੁਰਾਤਨ ਭਾਰਤੀ ਪ੍ਰਤੀਕਾਂ ਵਿਚੋਂ ਇਕ ਪ੍ਰਾਚੀਨ ਪ੍ਰਤੀਕ ਹੈ ਜਿਹੜਾ ਧਰਮ ਦੀ ਚਹੁਮੁੱਖਤਾ ਦਾ ਪ੍ਰਤੀਨਿਧੀ ਹੈ; ਧਰਮ ਦੀ ਵਿਆਖਿਆ ਸੱਚ , ਸ਼ਰਧਾ, ਕਰਤੱਵ, ਇਕ ਚਿੰਤਨ ਪੱਧਤੀ ਅਤੇ ਅਭਿਆਸ ਆਦਿ ਦੇ ਰੂਪ ਵਿਚ ਕੀਤੀ ਗਈ ਹੈ। ਚਕ੍ਰ ਨੂੰ ਜਨਮ, ਮਰਨ ਅਤੇ ਪੁਨਰ ਜਨਮ ਦੇ ਚੱਕਰ ਦੇ ਰੂਪ ਵਿਚ ਹੀ ਸਮਝਿਆ ਜਾਂਦਾ ਹੈ। ਭਾਰਤੀ ਚਿੰਤਨ ਦੀ ਪਰੰਪਰਾ ਵਿਚ ਸਮੇਂ ਨੂੰ ਵੀ ਕਾਲਚਕ੍ਰ ਦੇ ਰੂਪ ਵਿਚ ਮੰਨਿਆ ਗਿਆ ਹੈ ਅਤੇ ਸਥਾਨ ਅਥਵਾ ਖਲਾਅ ਨੂੰ ਕਈ ਪਰਤਾਂ ਵਿਚ ਸਮਝਿਆ ਗਿਆ ਹੈ। ਇਹਨਾਂ ਸਾਰਿਆਂ ਨੂੰ ਇਕੱਠੇ ਰੱਖ ਕੇ ਜੇਕਰ ਵੇਖਿਆ ਜਾਵੇ ਤਾਂ ਚੱਕਰ ਅਤੇ ਖੰਡੇ ਦੇ ਨਿਸ਼ਾਨ ਨੂੰ ਇਸ ਤਰਾਂ ਸਮਝਿਆ ਜਾ ਸਕਦਾ ਹੈ ਕਿ ਸਰਬ ਸ਼ਕਤੀਮਾਨ ਪਰਮਾਤਮਾ ਸਮੇਂ ਅਤੇ ਸਥਾਨ ਦੇ ਚਕ੍ਰ ਤੋਂ ਵੀ ਪਰਾਂ ਰਹਿਣ ਵਾਲਾ ਹੈ ਅਤੇ ਧਾਰਮਿਕਤਾ ਅਤੇ ਸੰਸਰਾਕਿਤਾ ਦੀਆਂ ਦੋ ਕ੍ਰਿਪਾਨਾਂ ਵਾਲਾ ਹੋ ਕੇ ਫਿਰ ਵੀ ਧੁਰ ਅੰਦਰ ਇਕ ਹੀ ਬਣਿਆ ਰਹਿਣ ਵਾਲਾ ਹੈ। ਸਿੱਖ ਧਰਮ ਭਾਵੇਂ ਡੂੰਘੇ ਤੌਰ ਤੇ ਅਧਿਆਤਮਿਕਤਾ ਅਤੇ ਸ਼ਰਧਾ ਦਾ ਸਮੁੱਚ ਹੈ ਪਰੰਤੂ ਇਹ ਧਰਮ ਕੇਵਲ ਪਾਰਲੌਕਿਕਤਾ ਵਾਲਾ ਹੀ ਧਰਮ ਨਹੀਂ ਹੈ। ਇਸ ਵਿਚ ਸਮਾਜਿਕ ਪ੍ਰਤੀਬੱਧਤਾ ਓਨੀ ਹੀ ਅਵਸ਼ੱਕ ਹੈ ਜਿਨਾਂ ਅਵਸ਼ੱਕ ਧਾਰਮਿਕ ਅਨੁਭਵ ਹੁੰਦਾ ਹੈ। ਸਿੱਖ ਨਿਸ਼ਾਨ ਬਹੁਤ ਹੀ ਉਚਿੱਤ ਢੰਗ ਨਾਲ ਗੁਰੂ ਸਾਹਿਬਾਨ ਦੀ ਫ਼ਿਲਾਸਫ਼ੀ ਵਿਚ ਸਥਿਤ ਮੀਰੀ ਅਤੇ ਪੀਰੀ, ਸ਼ਕਤੀ ਅਤੇ ਭਗਤੀ, ਦੇਗ ਅਤੇ ਤੇਗ , ਸੰਤ ਅਤੇ ਸਿਪਾਹੀ ਦੀ ਸੂਰਬੀਰਤਾ ਦਾ ਪ੍ਰਤੀਕ ਹੈ।
ਲੇਖਕ : ਮ.ਗ.ਸ. ਅਤੇ ਅਨੁ. ਅ.ਜ.ਕ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1220, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First