ਸੁਜਾਨ ਸਿੰਘ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਸੁਜਾਨ ਸਿੰਘ (1909–1993): ਪ੍ਰਸਿੱਧ ਪੰਜਾਬੀ ਕਹਾਣੀਕਾਰ ਸੁਜਾਨ ਸਿੰਘ ਪੂਰੀ ਤਰ੍ਹਾਂ ਯਥਾਰਥਵਾਦੀ, ਸਮਾਜਵਾਦੀ ਵਿਚਾਰਧਾਰਾ ਨੂੰ ਪ੍ਰਣਾਇਆ ਹੋਇਆ ਸੀ। ਉਸ ਦੀਆਂ ਕਹਾਣੀਆਂ ਦੇ ਵਿਸ਼ੇ ਨਿਰੋਲ ਸਮਾਜਿਕ ਹਨ। ਉਸ ਨੇ ਸਮਾਜ ਵਿੱਚ ਵਿਆਪਕ ਦੁੱਖਾਂ-ਦਰਦਾਂ ਨੂੰ ਬੜੀ ਨੀਝ ਨਾਲ ਚਿਤਰਿਆ। ਇਹ ਸਮਾਜਿਕ ਪੀੜ ਉਸ ਦੇ ਨਿੱਜੀ ਦੁੱਖਾਂ ਦਾ ਹੀ ਅਗਲੇਰਾ ਵਿਸਤਾਰ ਸੀ।
ਸੁਜਾਨ ਸਿੰਘ ਦਾ ਜਨਮ, ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਨਾਂ ਦੇ ਨਗਰ ਵਿੱਚ ਹਕੀਮ ਸਿੰਘ ਦੇ ਘਰ 29 ਜੁਲਾਈ 1909 ਨੂੰ ਹੋਇਆ। ਉਸ ਦੇ ਨਾਨਾ ਜੀ ਦੇ ਘਰ ਕੋਈ ਪੁੱਤਰ ਨਾ ਹੋਣ ਕਰ ਕੇ ਉਹਨਾਂ ਨੇ ਤਿੰਨ ਮਹੀਨਿਆਂ ਦੇ ਸੁਜਾਨ ਸਿੰਘ ਨੂੰ ਗੋਦ ਲਿਆ ਪੁੱਤਰ ਬਣਾ ਲਿਆ। ਨਾਨਾ ਜੀ ਕਲਕੱਤੇ ਵਿੱਚ ਅਮੀਰ ਠੇਕੇਦਾਰ ਸਨ। ਸੁਜਾਨ ਸਿੰਘ ਦਾ ਬਚਪਨ ਮਹਾਂਕਵੀ ਟੈਗੋਰ ਦੇ ਦੇਸ਼ ਬੰਗਾਲ ਵਿੱਚ ਬੀਤਿਆ ਜਿਸ ਦੀ ਪ੍ਰਾਕਿਰਤਕ ਸੁੰਦਰਤਾ ਦਾ ਜ਼ਿਕਰ ਉਸ ਦੀਆਂ ਕਹਾਣੀਆਂ ਵਿੱਚ ਝਲਕਦਾ ਹੈ। ਨਾਨਾ ਜੀ ਆਪ ਤਾਂ ਅਨਪੜ੍ਹ ਸਨ ਪਰ ਸੁਜਾਨ ਸਿੰਘ ਦੇ ਪੜ੍ਹਨ ਲਈ ਨਵੀਆਂ-ਨਵੀਆਂ ਵਿਸ਼ੇਸ਼ਕਰ ਧਾਰਮਿਕ ਪੁਸਤਕਾਂ ਲਿਆ ਕੇ ਦਿੰਦੇ। ਬਚਪਨ ਵਿੱਚ ਪੜ੍ਹੀਆਂ ਕਿਤਾਬਾਂ ਵਿਚਲੀ ਸਾਹਿਤਿਕਤਾ ਅਤੇ ਸੰਗੀਤਿਕ, ਰੁਮਾਂਸਮਈ ਬੰਗਾਲੀ ਜਨ-ਜੀਵਨ ਦੇ ਸੁਹਜ ਸਦਕਾ ਉਹ ਕਹਾਣੀਕਾਰ ਬਣ ਗਿਆ। ਬੰਗਾਲੀ ਵਾਤਾਵਰਨ ਉਸ ਦੀ ‘ਆਤਮਾ ਦੀ ਸ਼ਾਂਤੀ` ਅਤੇ ‘ਡੇਢ ਆਦਮੀ` ਕਹਾਣੀਆਂ ਵਿੱਚ ਪੇਸ਼ ਹੋਇਆ ਹੈ। ਨਾਨਾ ਜੀ ਦੀ ਬੇਵਕਤ ਮੌਤ ਤੋਂ ਬਾਅਦ ਨਾਨੀ ਨੇ ਬੜੀ ਤੰਗੀ-ਤੁਰਸ਼ੀ ਨਾਲ ਸੁਜਾਨ ਸਿੰਘ ਨੂੰ ਬੀ.ਏ. ਅਤੇ ਗਿਆਨੀ ਪਾਸ ਕਰਵਾ ਦਿੱਤੀ। ਖਾਲਸਾ ਕਾਲਜ ਵਿੱਚ ਪੜ੍ਹਦਿਆਂ ਉਸ ਨੇ ਇੱਕ ਲੇਖ ‘ਤਵਿਆਂ ਵਾਲਾ ਵਾਜਾ` ਲਿਖਿਆ ਅਤੇ ਇਸ ਤੋਂ ਜਲਦੀ ਹੀ ਬਾਅਦ ਵਿੱਚ ਇੱਕ ਕਹਾਣੀ ‘ਭੁਲੇਖਾ` ਲਿਖੀ ਜੋ ਲਿਖਾਰੀ ਰਸਾਲੇ ਵਿੱਚ ਸ.ਸ. ਅਮੋਲ ਨੇ ਛਾਪੀ ਅਤੇ ਪ੍ਰਸੰਸਾ ਕਰ ਕੇ ਸੁਜਾਨ ਸਿੰਘ ਅੰਦਰਲੀ ਕਹਾਣੀ ਕਲਾ ਨੂੰ ਜਾਗ੍ਰਿਤ ਕਰ ਦਿੱਤਾ।
ਨਾਨੀ ਦੀ ਮਮਤਾ ਭਾਵਨਾ ਨੇ ਸੁਜਾਨ ਸਿੰਘ ਨੂੰ ਛੋਟੀ ਉਮਰੇ ਵਿਆਹ ਬੰਧਨ ਵਿੱਚ ਬੰਨ੍ਹ ਦਿੱਤਾ ਜਿਸ ਕਰ ਕੇ ਉਸ ਨੂੰ ਪੜ੍ਹਾਈ ਛੱਡ ਕੇ ਰੁਜ਼ਗਾਰ ਦੀ ਖ਼ਾਤਰ ਛੋਟੀਆਂ ਮੋਟੀਆਂ ਨੌਕਰੀਆਂ ਕਰਨੀਆਂ ਪਈਆਂ। ਇਹਨਾਂ ਨੌਕਰੀਆਂ ਨੇ ਉਸ ਨੂੰ ਮਜ਼ਦੂਰ ਦੀ ਹਾਲਤ ਅਤੇ ਮਜ਼ਦੂਰ ਮਾਲਕ ਦੇ ਰਿਸ਼ਤੇ ਨੂੰ ਸਮਝਣ ਦਾ ਅਵਸਰ ਦਿੱਤਾ। ਉਹ ਨਾ ਕੇਵਲ ਹੇਠਲੀ ਸ਼੍ਰੇਣੀ ਵਿੱਚੋਂ ਸੀ ਸਗੋਂ ਉਹ ਇਸ ਵਰਗ ਦਾ ਬੁਲਾਰਾ ਵੀ ਬਣਿਆ। ਜੀਵਨ ਵਿੱਚ ਬਹੁਤ ਸਾਰੀਆਂ ਤਲਖ਼ ਹਕੀਕਤਾਂ ਨਾਲ ਵਾਹ ਪਿਆ। ਕਈ ਕਿੱਤੇ ਬਦਲੇ। ਉਸ ਦੀ ਬਹੁ-ਚਰਚਿਤ ਅਤੇ ਬੜੀ ਪੁਖਤਾ ਕਹਾਣੀ ‘ਕੁਲਫ਼ੀ` ਇਸੇ ਅਨੁਭਵ ਦੀ ਦੇਣ ਹੈ। ‘ਰੱਬ ਦੀ ਮੌਤ` ਅਤੇ ‘ਸਿੱਟਾ` ਕਹਾਣੀਆਂ ਉਸ ਦੇ ਕਿਰਸਾਣ ਮਜ਼ਦੂਰ ਸ਼ੋਸ਼ਣ ਦੀ ਪੇਸ਼ਕਾਰੀ ਕਰਦੀਆਂ ਹਨ।
ਟੀਚਰ ਟ੍ਰੇਨਿੰਗ ਕਰ ਕੇ ਉਹ ਸਕੂਲ ਅਧਿਆਪਕ ਬਣ ਗਿਆ ਅਤੇ ਆਰਥਿਕ ਪੱਖੋਂ ਸ਼ਾਂਤਮਈ ਜੀਵਨ ਬਤੀਤ ਕਰਨ ਲੱਗਾ। ਇਸ ਸਮੇਂ ਉਸ ਨੇ ਵਿਸ਼ਵ ਪੱਧਰ ਦਾ ਸਾਹਿਤ ਪੜ੍ਹਿਆ। ਉਸ ਦੀ ਸਮਾਜਵਾਦੀ ਦ੍ਰਿਸ਼ਟੀ ਹੋਰ ਵੀ ਸਾਫ਼ ਅਤੇ ਪਰਿਪੱਕ ਹੋ ਗਈ। ਜਦੋਂ ਤੱਕ ਉਸ ਨੇ ਐਮ.ਏ. ਪਾਸ ਕੀਤੀ ਓਦੋਂ ਉਹ ਸਕੂਲ ਹੈੱਡਮਾਸਟਰ ਬਣ ਚੁਕਿਆ ਸੀ। ਐਮ.ਏ. ਪਾਸ ਕਰ ਕੇ ਉਹ ਕਾਲਜ ਵਿੱਚ ਪੜ੍ਹਾਉਣ ਦੇ ਯੋਗ ਹੋ ਗਿਆ ਸੀ। ਕਾਲਜ ਅਧਿਆਪਕ ਬਣਨ ਦੇ ਸ਼ੌਕ ਕਾਰਨ ਉਸ ਨੇ ਵੱਧ ਤਨਖ਼ਾਹ ਵਾਲੀ ਹੈੱਡਮਾਸਟਰ ਦੀ ਨੌਕਰੀ ਛੱਡ ਕੇ ਉਸ ਨਾਲੋਂ ਘੱਟ ਤਨਖ਼ਾਹ ਵਾਲੀ ਕਾਲਜ ਲੈਕਚਰਾਰ ਦੀ ਨੌਕਰੀ ਪ੍ਰਵਾਨ ਕਰ ਲਈ। ਅਧਿਆਪਨ ਕਾਰਜ ਨੇ ਉਸ ਦੇ ਆਦਰਸ਼ਵਾਦ ਦੀਆਂ ਨੀਹਾਂ ਹੋਰ ਵੀ ਮਜ਼ਬੂਤ ਕਰ ਦਿੱਤੀਆਂ। ਉਸ ਨੇ ਫਿਰ ਕਲਾ ਅਤੇ ਵਿਸ਼ੇ ਦੇ ਪੱਖ ਤੋਂ ਉੱਚ ਪਾਏ ਦੀਆਂ ਕਹਾਣੀਆਂ ਲਿਖੀਆਂ। ਕਾਲਜ ਅਧਿਆਪਨ ਕਰਦਿਆਂ ਉਹ ਕਾਲਜ ਦੇ ਪ੍ਰਿੰਸੀਪਲ ਦੇ ਅਹੁਦੇ ਤੱਕ ਅੱਪੜ ਗਿਆ। ਗੁਰੂ ਨਾਨਕ ਕਾਲਜ ਗੁਰਦਾਸਪੁਰ ਤੋਂ ਪ੍ਰਿੰਸੀਪਲ ਦੇ ਅਹੁਦੇ ਤੋਂ ਸੇਵਾ ਮੁਕਤ ਹੋ ਕੇ ਧਾਰੀਵਾਲ ਵਿਖੇ ਲੜਕੀਆਂ ਦੇ ਕਾਲਜ ਦੀ ਸਥਾਪਨਾ ਕੀਤੀ।
ਸੁਜਾਨ ਸਿੰਘ ਦੀ ਸਮੁੱਚੀ ਕਹਾਣੀ ਰਚਨਾ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ। ਪਹਿਲਾ ਪੜਾਅ ਉਸ ਦਾ ਪਹਿਲਾ ਕਹਾਣੀ ਸੰਗ੍ਰਹਿ ਦੁੱਖ-ਸੁੱਖ ਹੈ। ਇਸ ਵਿੱਚ ਉਸ ਦੀ ਸਮਾਜ ਪ੍ਰਤਿ ਯਥਾਰਥਿਕ ਦ੍ਰਿਸ਼ਟੀ ਪ੍ਰਧਾਨ ਹੈ। ਉਹ ਦੁੱਖੀ ਹੁੰਦਾ, ਖਪਦਾ, ਕ੍ਰਿਝਦਾ ਹੈ ਅਤੇ ਪਾਠਕਾਂ ਨੂੰ ਮੱਤਾਂ ਦਿੰਦਾ ਹੈ। ਦੂਜੇ ਕਹਾਣੀ ਸੰਗ੍ਰਹਿ ਦੁੱਖ ਸੁੱਖ ਤੋਂ ਪਿਛੋਂ ਨਾਲ ਉਸ ਦੀ ਕਹਾਣੀ ਯਾਤਰਾ ਦਾ ਦੂਜਾ ਪੜਾਅ ਸ਼ੁਰੂ ਹੁੰਦਾ ਹੈ। ਇਸ ਪੱਧਰ ਤੇ ਉਸ ਨੂੰ ਹਿਤਾਂ ਦੇ ਸੁਆਰਥ ਦਾ ਗਿਆਨ ਹੁੰਦਾ ਹੈ ਅਤੇ ਉਹ ਫ਼ੈਸਲਾ ਕਰਨ ਦੇ ਯੋਗ ਹੁੰਦਾ ਹੈ ਕਿ ਉਸ ਨੂੰ ਕਿਹੜੇ ਹਿਤਾਂ ਦੀ ਸੇਵਾ ਲਈ ਕਿੱਥੇ ਅਤੇ ਕੀ ਕੰਮ ਕਰਨੇ ਚਾਹੀਦੇ ਹਨ। ਤੀਜੇ ਪੜਾਅ ਵਿੱਚ ਉਸ ਦੇ ਕਹਾਣੀ ਸੰਗ੍ਰਹਿ ਨਰਕਾਂ ਦੇ ਦੇਵਤੇ, ਸਭ ਰੰਗ, ਮਨੁੱਖ ਤੇ ਪਸ਼ੂ ਅਤੇ ਨਵਾਂ ਰੰਗ ਹਨ। ਇਸ ਦੌਰ ਵਿੱਚ ਉਸ ਨੂੰ ਇਸ ਹਕੀਕਤ ਦਾ ਪਤਾ ਲੱਗ ਜਾਂਦਾ ਹੈ ਕਿ ਸਾਡੇ ਸਮਾਜ ਵਿੱਚ ਅਸਲੀ ਉਪਜਾਊ ਸ਼ਕਤੀਆਂ ਕਿਹੜੀਆਂ ਹਨ ਅਤੇ ਕੌਣ ਉਹਨਾਂ ਦੀ ਕਿਰਤ ਦਾ ਲਾਭ ਉਠਾ ਰਿਹਾ ਹੈ। ਪੈਦਾਵਾਰ ਦੇ ਸਾਰੇ ਸਾਧਨਾਂ ਉਪਰ ਸਰਮਾਏਦਾਰ ਦਾ ਕਬਜ਼ਾ ਹੈ ਅਤੇ ਕਾਮੇ, ਕਿਰਸਾਣ, ਮਜ਼ਦੂਰ ਉਸ ਦੀ ਲੁੱਟ ਦਾ ਸ਼ਿਕਾਰ ਬਣੇ ਹੋਏ ਹਨ। ਉਸ ਅਨੁਸਾਰ ਲੁਟਿਆ ਜਾ ਰਿਹਾ ਵਰਗ ਕਮਜ਼ੋਰ ਹੋਣ ਦੇ ਨਾਲ-ਨਾਲ ਡਰਪੋਕ ਵੀ ਹੈ। ਆਪਸੀ ਏਕਤਾ ਨਾ ਹੋਣ ਕਰ ਕੇ ਹੀ ਉਹ ਲੁਟਿਆ ਜਾ ਰਿਹਾ ਹੈ। ਮਜ਼ਦੂਰਾਂ ਦੇ ਹਿਤ ਸਾਂਝੇ ਹਨ ਪਰ ਉਹਨਾਂ ਨੂੰ ਇਸ ਸੋਝੀ ਵੱਲੋਂ ਭਟਕਾਅ ਦਿੱਤਾ ਜਾਂਦਾ ਹੈ ‘ਕਪੂਰ ਤੇ ਮਜ਼ਦੂਰ`।
ਦੇਸ ਦੀ ਵੰਡ ਸਮੇਂ ਵਾਪਰੇ ਖ਼ੂਨੀ ਦੰਗੇ-ਫ਼ਸਾਦਾਂ ਨੇ ਲਗਪਗ ਹਰ ਕਲਾਕਾਰ ਨੂੰ ਝੰਜੋੜਿਆ ਹੈ। ਸੁਜਾਨ ਸਿੰਘ ਨੇ ਵੀ ਫਿਰਕੂ ਫਸਾਦਾਂ ਸੰਬੰਧੀ ਕਹਾਣੀਆਂ ਲਿਖੀਆਂ। ‘ਗੂ ਮਾਤਾ` ਕਹਾਣੀ ਵਿੱਚ ਉਸ ਨੇ ਵੰਡ ਦੇ ਕਾਰਨ ਦੱਸਦਿਆਂ ਸੋਝੀ ਕਰਾਈ ਹੈ ਕਿ ਹਿੰਦੂ, ਮੁਸਲਮਾਨ, ਸਿੱਖ ਸਾਰਿਆਂ ਨੂੰ ਹੀ ਵਿਦੇਸ਼ੀ ਹੁਕਮਰਾਨ ਨੇ ਮੂਰਖ ਬਣਾਇਆ ਸੀ। ‘ਮੁਗਲ ਖਾਲਸਾ` ਮਨੁੱਖੀ ਚਰਿੱਤਰ ਦਾ ਹਮਦਰਦ ਪੱਖ ਵਿਖਾਉਂਦੀ ਕਹਾਣੀ ਹੈ। ‘ਮਨੁੱਖ ਤੇ ਪਸ਼ੂ` ਵਿੱਚ ਉਸ ਨੇ ਅੰਨ੍ਹੇ ਧਾਰਮਿਕ ਜਨੂੰਨ ਨੂੰ ਪੇਸ਼ ਕੀਤਾ ਹੈ ਜਿਸ ਵਿੱਚ ਇੱਕ ਜਥੇਦਾਰ, ਇੱਕ ਲੋਕ-ਪੱਖੀ ਵਰਕਰ ਨੂੰ ਜੀਪ ਹੇਠ ਕੁਚਲ ਕੇ ਮਾਰ ਦਿੰਦਾ ਹੈ। ‘ਖੁਸ਼ੀ ਦਾ ਦਿਨ` ਅਤੇ ‘ਪਹੁ ਫੁੱਟ ਪਈ` ਕਹਾਣੀਆਂ ਵਿੱਚ ਸੁਜਾਨ ਸਿੰਘ ਨੇ ਮਨੁੱਖ ਵਿਚਲੀ ਇਨਸਾਨੀਅਤ ਨੂੰ ਚਿਤਰਿਆ ਹੈ।
ਸੁਜਾਨ ਸਿੰਘ ਦੀਆਂ ਕਹਾਣੀਆਂ ਦੱਸਦੀਆਂ ਹਨ ਕਿ ਕੇਵਲ ਗ਼ਰੀਬ ਵਰਗ ਹੀ ਲੁੱਟ ਦਾ ਸ਼ਿਕਾਰ ਨਹੀਂ ਔਰਤ ਉਸ ਤੋਂ ਵੀ ਵੱਧ ਲੁੱਟੀ ਜਾ ਰਹੀ ਹੈ। ਲੋਟੂ ਵਰਗ ਨੇ ਤਾਂ ਉਸ ਨੂੰ ਲੁੱਟਣਾ ਹੀ ਹੈ ਇੱਥੋਂ ਤੱਕ ਕਿ ਲੁੱਟੇ ਜਾ ਰਹੇ ਵਰਗ ਦਾ ਮਰਦ ਵੀ ਔਰਤ ਦੀ ਲੁੱਟ ਕਰਨ ਤੋਂ ਬਾਜ ਨਹੀਂ ਆਉਂਦਾ। ਉਸ ਨੇ ਔਰਤ ਨਾਲ ਹੋ ਰਹੇ ਇਸ ਅਨਿਆਂ ਪ੍ਰਤਿ ਹਮਦਰਦੀ ਵਿਖਾਈ ਹੈ।
ਔਰਤ ਕਿਉਂਕਿ ਆਰਥਿਕ ਪੱਖੋਂ ਮਰਦ ਉਪਰ ਨਿਰਭਰ ਹੈ ਇਸ ਲਈ ਜ਼ੁਲਮ ਦੀ ਦੋਹਰੀ ਮਾਰ ਝੱਲ ਰਹੀ ਹੈ। ‘ਭੀਸ਼ਮ ਤਪਸਿਆ`, ‘ਪਛਾਣ`, ‘ਡੇਢ ਆਦਮੀ`, ‘ਐਕਸੀਡੈਂਟ`, ‘ਸਵਰਗ ਦੀ ਝਲਕ` ਸੁਜਾਨ ਸਿੰਘ ਦੀਆਂ ਅਜਿਹੀਆਂ ਕਹਾਣੀਆਂ ਹਨ ਜਿਨ੍ਹਾਂ ਵਿੱਚ ਔਰਤ ਪ੍ਰਤਿ ਹਮਦਰਦੀ ਪ੍ਰਗਟਾਈ ਗਈ ਹੈ। ਉਹ ਇੱਕ ਸੁਲਝਿਆ ਹੋਇਆ ਇਨਸਾਨ ਸੀ। ਔਰਤ ਪ੍ਰਤਿ ਉਸ ਦਾ ਦ੍ਰਿਸ਼ਟੀਕੋਣ ਸਾਊ, ਕੋਮਲ ਅਤੇ ਨਿਰਮਲ ਹੈ। ਉਸ ਦੀਆਂ ਕਹਾਣੀਆਂ ਵਿੱਚ ਚਿਤਰਿਆ ਔਰਤ ਦਾ ਰੂਪ ਪਵਿੱਤਰ ਹੈ।
ਸੁਜਾਨ ਸਿੰਘ ਦਾ ਵਿਚਾਰਧਾਰਕ ਦ੍ਰਿਸ਼ਟੀਕੋਣ ਆਮ ਸਧਾਰਨ ਲੋਕਾਂ ਦੇ ਦੁੱਖਾਂ ਦੇ ਕਾਰਨਾਂ ਨੂੰ ਜਾਣਨ ਨਾਲ ਪਰਿਪੱਕ ਹੁੰਦਾ ਹੈ ਅਤੇ ਬਾਅਦ ਵਿੱਚ ਉਹ ਸੁਚੇਤ ਪੱਧਰ `ਤੇ ਸਮਾਜਵਾਦੀ, ਪ੍ਰਗਤੀਵਾਦੀ ਵਿਚਾਰਾਂ ਦਾ ਪੁਰਜ਼ੋਰ ਅਪੀਲ ਸਹਿਤ ਸਮਰਥਨ ਕਰਦਾ ਰਿਹਾ।
ਸੁਜਾਨ ਸਿੰਘ ਇੱਕ ਸੁਹਿਰਦ, ਮਿਠਬੋਲੜਾ, ਮਿਲਾਪੜਾ, ਹੱਸ-ਮੁਖ, ਧੀਰਜਵਾਨ ਅਤੇ ਵਿਚਾਰਵਾਨ ਵਿਅਕਤੀ ਸੀ। ਉਹ ਅੰਗਰੇਜ਼ੀ, ਪੰਜਾਬੀ, ਹਿੰਦੀ, ਉਰਦੂ ਅਤੇ ਬੰਗਲਾ ਭਾਸ਼ਾਵਾਂ ਦਾ ਜਾਣਕਾਰ ਸੀ। ਉਸ ਦੀਆਂ ਕਹਾਣੀਆਂ ਪੰਜਾਬੀ ਤੋਂ ਬਿਨਾਂ ਹੋਰ ਭਾਸ਼ਾਵਾਂ ਵਿੱਚ ਵੀ ਛਪੀਆਂ ਹਨ। ਉਸ ਨੇ ਅੱਠ ਕਹਾਣੀ-ਸੰਗ੍ਰਹਿ ਪ੍ਰਕਾਸ਼ਿਤ ਕਰਵਾਏ ਜੋ ਇਸ ਪ੍ਰਕਾਰ ਹਨ : ਦੁੱਖ-ਸੁੱਖ (1941), ਦੁੱਖ-ਸੁੱਖ ਤੋਂ ਪਿਛੋਂ (1946), ਸਭ ਰੰਗ (1951), ਨਰਕਾਂ ਦੇ ਦੇਵਤੇ (1952), ਮਨੁੱਖ ਤੇ ਪਸ਼ੂ (1952), ਡੇਢ ਆਦਮੀ (1955), ਸਵਾਲ-ਜਵਾਬ (1962), ਸ਼ਹਿਰ ਤੇ ਗ੍ਰਾਂ (1985)। ਇਹਨਾਂ ਤੋਂ ਬਿਨਾਂ ਕੁਝ ਲੇਖ ਵੀ ਲਿਖੇ।
ਲੇਖਕ : ਗੁਰਦੇਵ ਸਿੰਘ ਚੰਦੀ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 14053, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no
ਸੁਜਾਨ ਸਿੰਘ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੁਜਾਨ ਸਿੰਘ : ਅੰਮ੍ਰਿਤਸਰ ਜ਼ਿਲੇ ਦੇ ਧਿਆਨਪੁਰ ਪਿੰਡ ਦੇ ਵਸਨੀਕ ਅਮਰੀਕ ਸਿੰਘ ਦਾ ਪੁੱਤਰ ਸੀ ਅਤੇ ਇਹ ਡੱਲੇਵਾਲੀਆ ਮਿਸਲ ਨਾਲ ਸੰਬੰਧਿਤ ਸੀ। ਇਹ ਉਹਨਾਂ ਵਿਅਕਤੀਆਂ ਵਿਚੋਂ ਇਕ ਸੀ ਜਿਹੜਾ 1764 ਵਿਚ ਕਸਬੇ ਸਿਰਹਿੰਦ ਦੇ ਸਿੱਖਾਂ ਦੇ ਕਬਜ਼ੇ ਵਿਚ ਆਉਣ ਸਮੇਂ ਸਿਰਹਿੰਦ ਦੇ ਬਟਵਾਰੇ ਵਿਚ ਸ਼ਾਮਲ ਸੀ। ਇਸ ਨੇ ਆਪਣੇ ਦੋ ਭਰਾਵਾਂ ਮਾਨ ਸਿੰਘ ਅਤੇ ਦਾਨ ਸਿੰਘ ਨਾਲ ਸਤਲੁਜ ਦੇ ਦੱਖਣ ਵਿਚ ਸਥਿਤ ਧਰਮਕੋਟ ਅਤੇ ਮਾੜੀ ਦੇ ਪਰਗਣਿਆਂ ਉੱਤੇ ਕਬਜ਼ਾ ਕਰ ਲਿਆ ਸੀ। ਸੁਜਾਨ ਸਿੰਘ ਦੇ ਵਾਰਸਾਂ ਕੋਲ ਸ਼ਾਹਕੋਟ ਵਿਖੇ ਕਾਫ਼ੀ ਲੰਮੇ ਸਮੇਂ ਤਕ ਜਗੀਰਾਂ ਰਹੀਆਂ ਸਨ।
ਲੇਖਕ : ਗ.ਸ.ਨ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13300, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਸੁਜਾਨ ਸਿੰਘ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਸੁਜਾਨ ਸਿੰਘ : ਪੰਜਾਬੀ ਦੇ ਇਸ ਪ੍ਰਸਿੱਧ ਕਹਾਣੀਕਾਰ ਦਾ ਜਨਮ 29 ਜੁਲਾਈ, 1909 ਨੂੰ ਡੇਰਾ ਬਾਬਾ ਨਾਨਕ (ਜ਼ਿਲ੍ਹਾ ਗੁਰਦਾਸਪੁਰ) ਵਿਖੇ ਸ. ਬੂਟਾ ਸਿੰਘ ਦੇ ਘਰ ਹੋਇਆ ਪਰ ਇਹ ਆਪਣੇ ਨਾਨੇ ਸ. ਹਾਕਮ ਸਿੰਘ ਜੋ ਪਿੰਡ ਭਾਗੀ ਨੰਗਲ (ਜ਼ਿਲ੍ਹਾ ਗੁਰਦਾਸਪੁਰ) ਦੇ ਵਸਨੀਕ ਸਨ, ਕੋਲ ਪਲਿਆ।
ਇਸ ਨੇ ਆਪਣੀ ਮੁੱਢਲੀ ਵਿਦਿਆ ਇਕ ਸਨਾਤਨ ਧਰਮ ਸਕੂਲ ਤੋਂ ਸ਼ੁਰੂ ਕਰ ਕੇ ਐਫ. ਏ. ਹਿੰਦੂ ਕਾਲਜ ਤੋਂ ਅਤੇ ਸੰਨ 1932 ਵਿਚ ਬੀ. ਏ. ਖ਼ਾਲਸਾ ਕਾਲਜ ਤੋਂ ਕੀਤੀ। ਸੰਨ 1944 ਵਿਚ ਐਮ. ਏ. ਵੀ ਕੀਤੀ ਅਤੇ 1957 ਈ. ਵਿਚ ਪੰਜਾਬੀ ਦੀ ਐਮ. ਏ. ਕੀਤੀ। ਇਸ ਦਾ ਵਿਆਹ ਬੀ.ਏ. ਵਿਚ ਪੜ੍ਹਦੇ ਸਮੇਂ ਹੀ ਹੋ ਗਿਆ ਸੀ।
ਸੰਨ 1932 ਵਿਚ ਲਾਇਡ ਬੈਂਕ, ਅੰਮ੍ਰਿਤਸਰ ਵਿਚ ਕੁਝ ਚਿਰ ਲਈ ਗੁਦਾਮ ਕੀਪਰੀ ਕੀਤੀ। ਸੰਨ 1939 ਵਿਚ ਗਿਆਨੀ ਲਾਲ ਸਿੰਘ ਨੇ ਸੁਜਾਨ ਸਿੰਘ ਨੂੰ ਗੁਜਰਾਂਵਾਲਾ (ਪਾਕਿਸਤਾਨ) ਲਿਜਾ ਕੇ ਗਿਆਨੀ ਦੀ ਜਮਾਤ ਪੜ੍ਹਾਉਣ ਲਾ ਦਿੱਤਾ। ਸੰਨ 1941 ਵਿਚ ਖ਼ਾਲਸਾ ਹਾਈ ਸਕੂਲ, ਕੋਇਟੇ (ਪਾਕਿਸਤਾਨ) ਵਿਚ ਅਧਿਆਪਕ ਰਿਹਾ। ਸੰਨ 1944 ਵਿਚ ਦੁਬਾਰਾ ਖ਼ਾਲਸਾ ਹਾਈ ਸਕੂਲ, ਅੰਮ੍ਰਿਤਸਰ ਵਿਚ ਮਾਸਟਰ ਰਿਹਾ। ਸੰਨ 1949-54 ਤਕ ਬਾਬਾ ਸੋਹਣ ਸਿੰਘ ਭਕਨਾ ਜਨਤਾ ਹਾਈ ਸਕੂਲ ਵਿਖੇ ਹੈੱਡ ਮਾਸਟਰ ਰਿਹਾ। ਸੰਨ 1959 ਤੋਂ 1963 ਤਕ ਇਹ ਮਾਤਾ ਗੁਜਰੀ ਕਾਲਜ, ਸਰਹਿੰਦ (ਹੁਣ ਫ਼ਤਹਿਗੜ੍ਹ ਸਾਹਿਬ) ਵਿਚ ਪੰਜਾਬੀ ਲੈਕਚਰਾਰ, ਸੀਨੀਅਰ ਲੈਕਚਰਾਰ ਤੇ ਫਿਰ ਪ੍ਰਿੰਸੀਪਲ ਰਿਹਾ। ਸੰਨ 1969-70 ਵਿਚ ਲਾਲਾ ਲਾਜਪਤ ਰਾਏ ਕਾਲਜ, ਢੁੱਡੀਕੇ ਅਤੇ 1970 ਈ. ਦੇ ਅਖ਼ੀਰ ਵਿਚ ਗੁਰੂ ਨਾਨਕ ਕਾਲਜ, ਗੁਰਦਾਸਪੁਰ ਦਾ ਫਾਊਂਡਰ ਪ੍ਰਿੰਸੀਪਲ ਰਹਿ ਕੇ ਇਸੇ ਹੀ ਕਾਲਜ ਤੋਂ 1974 ਈ. ਵਿਚ ਸੇਵਾ ਨਿਵਿਰਤ ਹੋਇਆ।
ਸੁਜਾਨ ਸਿੰਘ ਨੂੰ ਸਾਹਿਤਕ ਮੱਸ ਸੇਵਾ ਰਾਮ ਵਫ਼ਾ ਤੋਂ ਲੱਗੀ ਜੋ ਸਟੇਜਾਂ ਤੇ ਗਾਉਣ ਵਾਸਤੇ ਕਬਿਤ ਤੇ ਬੈਂਤ ਲਿਖਦਾ ਸੀ। ਪਹਿਲੀ ਕਹਾਣੀ 'ਭੁਲੇਖਾ' 1935 ਈ. ਵਿਚ ਪ੍ਰਿੰਸੀਪਲ ਸ. ਅਮੋਲ ਦੇ ਮਾਸਕ ਪੱਤਰ 'ਲਿਖਾਰੀ' ਵਿਚ ਛਪੀ। ਇਸ ਦੀਆਂ ਮੁੱਖ ਰਚਨਾਵਾਂ ਇਸ ਪ੍ਰਕਾਰ ਹਨ :
ਕਹਾਣੀ ਸੰਗ੍ਰਹਿ – ਦੁੱਖ ਸੁੱਖ (1941); ਦੁੱਖ ਸੁੱਖ ਤੋਂ ਪਿੱਛੋਂ (1946); ਮਨੁੱਖ ਤੇ ਪਸ਼ੂ (1952); ਸਭ ਰੰਗ (1951-52); ਨਰਕਾਂ ਦੇ ਦੇਵਤੇ (1955); ਨਵਾਂ ਰੰਗ (1955); ਡੇਢ ਆਦਮੀ ਤੇ ਹੋਰ ਕਹਾਣੀਆਂ (1958); ਸਵਾਲ ਜਵਾਬ (1962); ਅਮਰਗੁਰ ਰਿਸ਼ਮਾਂ (1979); ਚੋਣਵੀਆਂ ਕਹਾਣੀਆਂ ਦੇ ਸੰਗ੍ਰਹਿ-ਲਾਲੀ ਤੇ ਹਰਿਆਲੀ, ਮੋਤੀਆਂ ਦੀ ਮਾਲਾ (1971); ਪੱਤਣ ਤੇ ਸਰਾਂ (1972); ਸੱਤ ਸੁਰਾਂ (1975);
ਵਾਰਤਕ – ਖੁੰਬਾਂ ਦਾ ਸ਼ਿਕਾਰ (1971); ਕਲਗੀ ਦੀਆਂ ਅਣੀਆਂ; ਜੰਮੂ ਜੀ ਤੁਸੀਂ ਬੜੇ ਰਾਅ (1977);
ਕਵਿਤਾ – ਪੰਜਾਬੀ ਕਵਿਤਾ (1940); ਸਾਂਝਾ ਕਾਵਿ-ਸੰਗ੍ਰਹਿ ਤ੍ਰਿਬੇਣੀ (1942);
ਸੰਪਾਦਨਾ – ਧਰਤੀ ਦੇ ਲਾਲ (1961) ਨਿਖਰੇ ਤਾਰੇ।
ਸੁਜਾਨ ਸਿੰਘ ਵੱਖ ਵੱਖ ਸੰਸਥਾਵਾਂ ਜਿਵੇਂ ਕਿ ਕੇਂਦਰੀ ਪੰਜਾਬੀ ਲੇਖ ਸਭਾ, ਸਾਹਿਤ ਅਕਾਦਮੀ, ਪੰਜਾਬੀ ਸਾਹਿਤ ਅਕਦਾਮੀ ਦਾ ਫੈਲੋ ਅਤੇ ਪ੍ਰਗਤੀਵਾਦੀ ਲੇਖਕਾਂ ਦੀ ਕੌਮੀ ਪ੍ਰੀਜ਼ੀਡੀਅਮ ਨਾਲ ਸਬੰਧਤ ਰਿਹਾ। ਸੰਨ 1987 ਵਿਚ ਦੋ ਸਾਲ ਲਈ ਕੇਂਦਰੀ ਪੰਜਾਬੀ ਲੇਖਕ ਸਭਾ, ਪੰਜਾਬ ਦਾ ਸਰਬ ਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ।
ਸੁਜਾਨ ਸਿੰਘ ਨੇ ਕਈ ਇਨਾਮ ਵੀ ਪ੍ਰਾਪਤ ਕੀਤੇ। ਪੁਸਤਕ 'ਸਵਾਲ-ਜਵਾਬ' ਲਈ ਡਾ. ਅਵਤਾਰ ਸਿੰਘ ਐਵਾਰਡ, 'ਖੁੰਬਾਂ ਦਾ ਸ਼ਿਕਾਰ' ਲਈ ਭਾਸ਼ਾ ਵਿਭਾਗ, ਪੰਜਾਬ ਦਾ ਐਵਾਰਡ, ਸਾਹਿਤਕ ਸੇਵਾ ਲਈ 'ਸਰਦਾਰ ਕਰਤਾਰ ਸਿੰਘ ਧਾਲੀਵਾਲ ਐਵਾਰਡ' 'ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਵੱਲੋਂ ਅਤੇ ਦੁਬਾਰਾ ਸਮੁੱਚੀ ਸਾਹਿਤਕ ਸੇਵਾ ਵਾਸਤੇ ਇੰਟਰਨੈਸ਼ਨਲ ਪੰਜਾਬੀ ਲਿਟਰੇਰੀ ਟਰਸਟ, ਕੈਨੇਡਾ ਵੱਲੋਂ 'ਮਨਜੀਤ ਯਾਦਗਾਰੀ ਐਵਾਰਡ ' ਦਿੱਤਾ ਗਿਆ। ਸੰਨ 1985 ਵਿਚ ਸਾਹਿਤ ਅਕਾਦਮੀ ਐਵਾਰਡ ਪੁਸਤਕ 'ਸ਼ਹਿਰ ਤੇ ਗਰਾਂ' ਲਈ ਮਿਲਿਆ। ਇਸ ਨੂੰ ਭਾਸ਼ਾ ਵਿਭਾਗ, ਪੰਜਾਬ ਵੱਲੋਂ ਸ਼੍ਰੋਮਣੀ ਸਾਹਿਤਕਾਰ ਵੱਜੋਂ 1971 ਈ. ਵਿਚ ਸਨਮਾਨਿਆ ਗਿਆ ਸੀ।
ਸੁਜਾਨ ਸਿੰਘ ਮਾਰਕਸਵਾਦੀ ਸਿੱਧਾਂਤ ਦਾ ਪੈਰੋਕਾਰ ਪ੍ਰਗਤੀਵਾਦੀ ਪ੍ਰਤੀਬੱਧ ਕਹਾਣੀਕਾਰ ਸੀ ਅਤੇ ਇਸ ਦੀਆਂ ਕਹਾਣੀਆਂ ਵਿਚਲਾ ਯਥਾਰਥਵਾਦ ਉਪਰਲੀ ਸਤ੍ਹਾ ਦਾ ਨਾ ਹੋ ਕੇ ਡੂੰਘਾਈ ਤਕ ਦਾ ਹੈ। ਇਸ ਦੀਆਂ ਕਹਾਣੀਆਂ ਦੱਬੇ ਕੁਚਲੇ ਲੋਕਾਂ ਦਾ ਸਿਰਫ਼ ਚਿਤਰਣ ਹੀ ਨਹੀਂ ਕਰਦੀਆਂ ਸਗੋਂ ਉਨ੍ਹਾਂ ਦੀ ਲੁਕਵੀਂ ਸ਼ਕਤੀ ਦਾ ਵੀ ਨਿਡਰਤਾ ਨਾਲ ਜ਼ਿਕਰ ਕਰਦੀਆਂ ਹਨ। ਇਸ ਦੀਆਂ ਕਹਾਣੀਆਂ ਦਾ ਰੰਗ ਵੱਖਰਾ ਹੈ ਜੋ ਹੋਰ ਕਿਸੇ ਵੀ ਕਹਾਣੀਕਾਰ ਨਾਲ ਮੇਲ ਨਹੀਂ ਖਾਂਦਾ।
21 ਅਪ੍ਰੈਲ, 1993 ਨੂੰ ਇਸ ਦਾ ਦੇਹਾਂਤ ਹੋ ਗਿਆ।
ਲੇਖਕ : ਕਸ਼ਮੀਰ ਸਿੰਘ ਪੰਨੂੰ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 9177, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-18-12-57-14, ਹਵਾਲੇ/ਟਿੱਪਣੀਆਂ: ਹ. ਪੁ. –ਸੁਜਾਨ ਸਿੰਘ ਦੀ ਸਾਹਿਤ ਕਲਾ : 6-7 –ਡਾ ਕੁਲਬੀਰ ਸਿੰਘ ਕਾਂਗ: 36; ਸੁਜਾਨ ਸਿੰਘ ਦੀ ਕਹਾਣੀ ਕਲਾ-ਬਿਕਰਮ ਸਿੰਘ
ਵਿਚਾਰ / ਸੁਝਾਅ
Please Login First