ਸੁਤੰਤਰ ਭਾਵਾਂਸ਼ ਸਰੋਤ :
ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼
ਸੁਤੰਤਰ ਭਾਵਾਂਸ਼: ਇਹ ਸੰਕਲਪ ਭਾਵਾਂਸ਼-ਵਿਉਂਤ ਵਿਚ ਵਰਤਿਆ ਜਾਂਦਾ ਹੈ। ਭਾਵਾਂਸ਼, ਵਿਆਕਰਨ ਦੀ ਛੋਟੀ ਤੋਂ ਛੋਟੀ ਇਕਾਈ ਹੈ। ਇਹ ਇਕਾਈ ਅਰਥਪੂਰਨ ਹੁੰਦੀ ਹੈ। ਭਾਵਾਂਸ਼ ਨੂੰ ਅੱਗੋਂ ਵੰਡਿਆ ਨਹੀਂ ਜਾ ਸਕਦਾ। ਸ਼ਬਦ ਦੀ ਬਣਤਰ ਦੋ ਪਰਕਾਰ ਦੀ ਹੁੰਦੀ ਹੈ : ਇਕ-ਭਾਵਾਂਸ਼ੀ ਅਤੇ ਬਹੁ-ਭਾਵਾਂਸ਼ੀ। ਇਕ-ਭਾਵਾਂਸ਼ੀ ਸ਼ਬਦਾਂ ਦੀ ਬਣਤਰ ਵਿਚ ਇਕੋ ਭਾਵਾਂਸ਼ ਵਿਚਰਦਾ ਹੈ ਅਤੇ ਬਹੁ-ਭਾਵਾਂਸ਼ੀ ਸ਼ਬਦਾਂ ਦੀ ਬਣਤਰ ਵਿਚ ਇਕ ਤੋਂ ਵਧੇਰੇ ਭਾਵਾਂਸ਼ ਵਿਚਰਦੇ ਹਨ। ਭਾਵਾਂਸ਼ ਅੱਗੋਂ ਦੋ ਪਰਕਾਰ ਦੇ ਹੁੰਦੇ ਹਨ (i) ਸੁਤੰਤਰ ਅਤੇ (ii) ਬੰਧੇਜੀ। ਸੁਤੰਤਰ ਭਾਵਾਂਸ਼ ਸ਼ਬਦ ਵਾਂਗ ਵਿਚਰ ਸਕਦੇ ਹਨ ਪਰ ਬੰਧੇਜੀ ਭਾਵਾਂਸ਼ ਸ਼ਬਦ ਵਾਂਗ ਨਹੀਂ ਵਿਚਰ ਸਕਦੇ ਜਿਵੇਂ : ‘ਟੁੱਟ’ ਸੁਤੰਤਰ ਭਾਵਾਂਸ਼ ਹੈ। ਇਹ ਸੁਤੰਤਰ ਸ਼ਬਦ ਵਜੋਂ ਵਿਚਰਦਾ ਹੈ ਪਰ ‘ਅਟੁੱਟ’ ਵਿਚ ‘ਅ-’ ਬੰਧੇਜੀ ਭਾਵਾਂਸ਼ ਹੈ ਜੋ ਇਕੱਲੇ ਤੌਰ ’ਤੇ ਨਹੀਂ ਵਿਚਰ ਸਕਦਾ। ਇਕ ਬਹੁ-ਭਾਵਾਂਸ਼ੀ ਸ਼ਬਦ ਵਿਚ ਸੁਤੰਤਰ ਭਾਵਾਂਸ਼ ਨੂੰ ‘ਧਾਤੂ’ ਜਾਂ ਸੁਤੰਤਰ ਤੌਰ ’ਤੇ ਵਿਚਰਨ ਵਾਲੇ ਨੂੰ ‘ਸ਼ਬਦ’ ਕਿਹਾ ਜਾਂਦਾ ਹੈ। ਸੁਤੰਤਰ ਭਾਵਾਂਸ਼ ਅੱਗੋਂ ਦੋ ਪਰਕਾਰ ਦੇ ਹਨ : (i) ਕੋਸ਼ਗਤ (ii) ਸਬੰਧਗਤ। ਕੋਸ਼ਗਤ ਭਾਵਾਂਸ਼ ਵਿਚ ਉਨ੍ਹਾਂ ਸ਼ਬਦ ਰੂਪਾਂ ਨੂੰ ਰੱਖਿਆ ਜਾਂਦਾ ਹੈ ਜੋ ਧਾਤੂ ਰੂਪ ਵਿਚ ਵਿਚਰਦੇ ਹਨ ਇਨ੍ਹਾਂ ਦੀ ਲਿਸਟ ਵਿਚ ਮੁੱਖ ਸ਼ਬਦ-ਸ਼ਰੇਣੀਆਂ ਦੇ ਮੂਲ ਰੂਪਾਂ ਨੂੰ ਲਿਆ ਜਾਂਦਾ ਹੈ, ਜਿਵੇਂ : ਘਰ, ਕਰ, ਕਦ, ਸਫੈਦ, ਉਹ ਆਦਿ। ਦੂਜੇ ਪਾਸੇ ਸਬੰਧਗਤ ਰੂਪਾਂ ਲਈ ਗੋਣ ਸ਼ਬਦ-ਸ਼ਰੇਣੀਆਂ ਦੇ ਮੂਲ ਰੂਪਾਂ ਨੂੰ ਰੱਖਿਆ ਜਾਂਦਾ ਹੈ ਜਿਵੇਂ : ਪਰ, ਤਾਂ, ਜੇ, ਕਿਉਂਕਿ, ਤੋਂ, ਨੇ, ਨੂੰ, ਦਾ ਆਦਿ। ਇਹ ਰੂਪ ਗੈਰ-ਧਾਤੂ ਰੂਪ ਹਨ।
ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 2411, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First