ਸੁਰ-ਯੰਤਰ ਸਰੋਤ :
ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼
ਸੁਰ-ਯੰਤਰ: ਸਾਹ ਨਲੀ (ਟਰੈਚੀਆ) ਦੇ ਉਪਰ ਅਤੇ ਘੰਡੀ ਦੀ ਅੰਦਰਲੀ ਬਣਤਰ ਵਿਚ ਮਨੁੱਖੀ ਬੁੱਲ੍ਹਾਂ ਦੀ ਸ਼ਕਲ ਵਾਲਾ ਇਕ ਯੰਤਰ ਟਿਕਿਆ ਹੋਇਆ ਹੁੰਦਾ ਹੈ। ਇਸ ਯੰਤਰ ਨੂੰ ਸੁਰ-ਯੰਤਰ ਕਿਹਾ ਜਾਂਦਾ ਹੈ। ਫੇਫੜਿਆਂ ਤੋਂ ਪੈਦਾ ਹੋਈ ਵਾਯੂਧਾਰਾ ਇਸ ਵਿਚੋਂ ਗੁਜ਼ਰਦੀ ਹੋਈ ਬਾਹਰ ਨਿਕਲਦੀ ਹੈ। ਜਦੋਂ ਵਾਯੂਧਾਰਾ ਇਸ ਯੰਤਰ ’ਤੇ ਅਸਰ-ਅੰਦਾਜ਼ ਹੁੰਦੀ ਹੈ ਤਾਂ ਤਿੰਨ ਪਰਕਾਰ ਦੀਆਂ ਧੁਨਾਤਮਕ ਸਥਿਤੀਆਂ ਪੈਦਾ ਹੁੰਦੀਆਂ ਹਨ, ਜਿਵੇਂ : ਘੋਸ਼ਤਾ, ਸੁਰ ਯੰਤਰੀ ਧੁਨੀਆਂ ਅਤੇ ਸੁਰ। ਸੁਰ-ਯੰਤਰ ਦੀ ਅੰਦਰਲੀ ਪੋਲ ਨੂੰ ਤਿੰਨ ਅਵਸਥਾਵਾਂ ਵਿਚ ਵੰਡਿਆ ਜਾਂਦਾ ਹੈ : (i) ਬੰਦ (ii) ਖੁੱਲ੍ਹੀ ਅਤੇ (iii) ਅਰਧ-ਖੁੱਲ੍ਹੀ। ਸੁਰ-ਯੰਤਰ ਦਾ ਅੰਦਰਲਾ ਪੋਲ ਮਾਸ ਦੀਆਂ ਝਿੱਲੀਆਂ ਨਾਲ ਬੰਦ ਹੁੰਦਾ ਤੇ ਖੁੱਲ੍ਹਦਾ ਹੈ। ਇਨ੍ਹਾਂ ਝਿੱਲੀਆਂ ਨੂੰ ਸੁਰ-ਤੰਦਾਂ ਕਿਹਾ ਜਾਂਦਾ ਹੈ। ਜਦੋਂ ਇਹ ਸੁਰ-ਤੰਦਾਂ ਪੂਰਨ ਰੂਪ ਵਿਚ ਬੰਦ ਹੁੰਦੀਆਂ ਹਨ ਤਾਂ ਹਵਾ ਦਾ ਵਹਾ ਰੁੱਕ ਜਾਂਦਾ ਹੈ ਪਰ ਜਦੋਂ ਇਹ ਪੂਰੀਆਂ ਖੁੱਲ੍ਹੀਆਂ ਹੁੰਦੀਆਂ ਹਨ ਤਾਂ ਹਵਾ ਦਾ ਵਹਾ ਬੇਰੋਕ ਚਲਦਾ ਰਹਿੰਦਾ ਹੈ। ਸੁਰ-ਤੰਦਾਂ ਦੀ ਤੀਜੀ ਸਥਿਤੀ ਭਾਸ਼ਾਈ ਧੁਨੀਆਂ ਵਿਚ ਘੋਸ਼ਤਾ ਦੇ ਲੱਛਣ ਨੂੰ ਸ਼ਾਮਲ ਕਰਦੀ ਹੈ। ਜਦੋਂ ਸੁਰ-ਤੰਦਾਂ ਬਹੁਤ ਨੇੜੇ ਹੁੰਦੀਆਂ ਹਨ ਤਾਂ ਉਸ ਅਵਸਥਾ ਵਿਚ ਪੈਦਾ ਹੋਈਆਂ ਧੁਨੀਆਂ ਨੂੰ ਸਘੋਸ਼ ਧੁਨੀਆਂ ਕਿਹਾ ਜਾਂਦਾ ਹੈ। ਪੰਜਾਬੀ ਵਿਚ (ਗ, ਜ, ਡ, ਦ, ਬ) ਸਘੋਸ਼ ਲੱਛਣਾਂ ਵਾਲੀਆਂ ਧੁਨੀਆਂ ਹਨ। ਸੁਰ-ਯੰਤਰ ਦੀ ਵਰਤੋਂ ਨਾਲ ਦੂਜੀ ਪਰਕਾਰ ਦੀ ਧੁਨਾਤਮਕ ਸਥਿਤੀ ਉਸ ਅਵਸਥਾ ਨੂੰ ਕਿਹਾ ਜਾਂਦਾ ਹੈ ਜਦੋਂ ਸੁਰ-ਤੰਦਾਂ ਵਿਚਲੀ ਥਾਂ ਤੋਂ ਕੋਈ ਖਾਸ ਧੁਨੀ ਵਰਗ ਪੈਦਾ ਹੋਵੇ। ਇਸ ਪਰਕਾਰ ਦੇ ਧੁਨੀ-ਵਰਗ ਨੂੰ ਸੁਰ-ਯੰਤਰ ਧੁਨੀਆਂ ਜਾਂ ਗਲੋਟਲ ਧੁਨੀਆਂ ਕਿਹਾ ਜਾਂਦਾ ਹੈ। ਪੰਜਾਬੀ ਵਿਚ (ਹ) ਧੁਨੀ ਇਸ ਵਰਗ ਦੀ ਧੁਨੀ ਹੈ। ਸੁਰ-ਯੰਤਰ ਦੀ ਵਰਤੋਂ ਨਾਲ ਤੀਜੀ ਪਰਕਾਰ ਦੀ ਧੁਨਾਤਮਕ ਸਥਿਤੀ ਨੂੰ ਸੁਰ ਕਿਹਾ ਜਾਂਦਾ ਹੈ। ਸੁਰ-ਤੰਦਾਂ ਦੀ ਕੰਪਣ ਨੂੰ ਪਿੱਚ ਕਿਹਾ ਜਾਂਦਾ ਹੈ। ਜਦੋਂ ਇਹ ਕੰਪਣ ਕਿਸੇ ਸ਼ਬਦ ਨੂੰ ਪਰਭਾਵਤ ਕਰੇ ਤਾਂ ਉਸ ਧੁਨਾਤਮਕ ਸਥਿਤੀ ਨੂੰ ਸੁਰ ਕਿਹਾ ਜਾਂਦਾ ਹੈ। ਸੁਰ-ਤੰਦਾਂ ਦੀ ਕੰਪਣ ਦਾ ਘੱਟਣਾ ਤੇ ਵਧਣਾ ਸ਼ਬਦ ਦੇ ਅਰਥਾਂ ਵਿਚ ਨਿਖੇੜ ਪੈਦਾ ਕਰਦਾ ਹੈ। ਇਸ ਕੰਪਣ ਦੇ ਅਧਾਰ ’ਤੇ ਸੁਰ ਦੇ ਪੈਟਰਨ ਬਣਦੇ ਹਨ। ਪੰਜਾਬੀ ਭਾਸ਼ਾ ਵਿਚ ਤਿੰਨ ਸੁਰਾਂ ਹਨ। ਇਹ ਤਿੰਨ ਸੁਰਾਂ ਸਘੋਸ਼ ਮਹਾਂ-ਪਰਾਣ ਧੁਨੀਆਂ ਦੀ ਥਾਂ ਲੈਂਦੀਆਂ ਹਨ ਕਿਉਂਕਿ ਪੰਜਾਬੀ ਵਿਚ (ਹਿੰਦੀ ਨੂੰ ਛੱਡ ਕੇ) ਸਘੋਸ਼ ਮਹਾਂ-ਪਰਾਣ (ਘ, ਝ, ਢ, ਧ, ਭ) ਧੁਨੀਆਂ ਅਲੋਪ ਹੋ ਚੁੱਕੀਆਂ ਹਨ।
ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 3499, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First