ਸੁਲਹੀ ਖ਼ਾਨ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੁਲਹੀ ਖ਼ਾਨ ਇੱਕ ਪਠਾਣ, ਜੋ ਜਹਾਂਗੀਰ ਬਾਦਸ਼ਾਹ ਦਾ ਅਹਿਲਕਾਰ ਸੀ. ਇਹ ਪ੍ਰਿਥੀ ਚੰਦ ਜੀ ਦਾ ਮਿਤ੍ਰ ਹੋਣ ਕਰਕੇ ਅਕਾਰਣ ਹੀ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਕਲੇਸ਼ ਦੇਣਾ ਚਾਹੁੰਦਾ ਸੀ, ਪਰ ਗੁਰੂ ਦੇ ਕੋਠੇ ਪ੍ਰਿਥੀਚੰਦ ਜੀ ਨੂੰ ਮਿਲਣ ਗਿਆ ਤੱਤੇ ਆਵੇ ਵਿੱਚ ਧਸਕੇ ਭੁੜਥਾ ਹੋ ਗਿਆ. “ਸੁਲਹੀ ਹੋਇ ਮੂਆ ਨਾਪਾਕ.” (ਬਿਲਾ ਮ: ੫) ਦੇਖੋ, ਕੋਠਾ ਗੁਰੂ ਕਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2766, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no
ਸੁਲਹੀ ਖ਼ਾਨ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਸੁਲਹੀ ਖ਼ਾਨ: ਇਹ ਪਠਾਣ ਜੋ ਜਹਾਂਗੀਰ ਬਾਦਸ਼ਾਹ ਦੇ ਰਾਜ-ਕਾਲ ਵੇਲੇ ਲਾਹੌਰ ਵਿਚ ਅਹਿਲਕਾਰ ਸੀ। ਗੁਰੂ ਅਰਜਨ ਦੇਵ ਜੀ ਦਾ ਵੱਡਾ ਭਰਾ ਪ੍ਰਿਥੀਚੰਦ ਗੁਰੂ-ਗੱਦੀ ਨ ਮਿਲਣ ਕਾਰਣ ਗੁਰੂ ਸਾਹਿਬ ਨਾਲ ਨਾਰਾਜ਼ ਸੀ ਅਤੇ ਉਨ੍ਹਾਂ ਨੂੰ ਹਾਨੀ ਪਹੁੰਚਾਣ ਲਈ ਸਦਾ ਗੋਂਦਾਂ ਗੁੰਦਦਾ ਰਹਿੰਦਾ ਸੀ। ਉਸ ਨੇ ਲਾਹੌਰ ਦੇ ਕਈ ਮੁਗ਼ਲ ਅਧਿਕਾਰੀਆਂ ਨੂੰ ਵੀ ਨਾਲ ਗੰਢ ਲਿਆ ਸੀ। ਉਨ੍ਹਾਂ ਅਧਿਕਾਰੀਆਂ ਵਿਚ ਸੁਲਹੀ ਖ਼ਾਨ ਵੀ ਸ਼ਾਮਲ ਸੀ। ਇਕ ਵਾਰ ਉਹ ਪ੍ਰਿਥੀ ਚੰਦ ਕੋਲ , ਉਸ ਦੇ ਨਵੇਂ ਵਸਾਏ ਪਿੰਡ ‘ਕੋਠਾ ਗੁਰੂ ਕਾ ’ (ਜ਼ਿਲਾ ਬਠਿੰਡਾ), ਵਿਚ ਕਿਸੇ ਮੰਦੀ ਮਨਸੂਬਾਬੰਦੀ ਲਈ ਗਿਆ। ਉਹ ਆਪਣੀ ਦਾੜ੍ਹੀ ਉਤੇ ਹੱਥ ਫੇਰਦੇ ਹੋਇਆਂ ਪ੍ਰਣ ਕਰਕੇ ਚਲਿਆ ਸੀ ਕਿ ਗੁਰੂ ਅਰਜਨ ਦੇਵ ਜੀ ਨੂੰ ਗੁਰੂ-ਗੱਦੀ ਤੋਂ ਉਤਾਰ ਕੇ ਪ੍ਰਿਥੀਚੰਦ ਨੂੰ ਗੁਰੂ ਬਣਾ ਕੇ ਆਵੇਗਾ। ਪਰ ਪਿੰਡ ਦੇ ਨੇੜੇ ਹੀ ਇਕ ਇੱਟਾਂ ਦਾ ਆਵਾ ਭਖ ਰਿਹਾ ਸੀ। ਕਿਸੇ ਕਾਰਣ ਘੋੜਾ ਤ੍ਰਬਕਿਆ ਅਤੇ ਸੁਲਹੀ ਖ਼ਾਨ ਉਸ ਆਵੇ ਵਿਚ ਧਸ ਕੇ ਭਸਮ ਹੋ ਗਿਆ। ਇਸ ਘਟਨਾ ਵਲ ਗੁਰੂ ਜੀ ਨੇ ਸੰਕੇਤ ਕੀਤਾ ਹੈ — ਸੁਲਹੀ ਤੇ ਨਾਰਾਇਣ ਰਾਖੁ। ਸੁਲਹੀ ਕਾ ਹਾਥੁ ਕਹੀ ਨ ਪਹੁਚੈ ਸੁਲਹੀ ਹੋਇ ਮੂਆ ਨਾਪਾਕੁ। (ਗੁ.ਗ੍ਰੰ.825)। ‘ਨਾਪਾਕ’ ਸ਼ਬਦ ਇਸ ਲਈ ਵਰਤਿਆ ਗਿਆ ਹੈ ਕਿ ਮੁਸਲਮਾਨ ਲੋਕ ਮੁਰਦਾ ਦਬਦੇ ਹਨ, ਸਾੜਦੇ ਨਹੀਂ। ਜੋ ਮੁਸਲਮਾਨ ਸੜ ਕੇ ਮਰੇ , ਉਸ ਨੂੰ ਅਪਵਿੱਤਰ ਮੰਨਿਆ ਜਾਂਦਾ ਹੈ।
ਗੁਰੂ ਅਰਜਨ ਦੇਵ ਜੀ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਗ਼ਰੀਬਾਂ ਉਤੇ ਜੋ ਜ਼ੁਲਮ ਕਰਨ ਲਈ ਦਾੜ੍ਹੀ ਉਤੇ ਹੱਥ ਫੇਰ ਕੇ ਪ੍ਰਣ ਕਰਦੇ ਹਨ, ਉਨ੍ਹਾਂ ਦੀ ਦਾੜ੍ਹੀ ਅਗਨੀ ਵਿਚ ਸੜਦੀ ਹੈ— ਗ਼ਰੀਬਾਂ ਉਪਰਿ ਜਿ ਖਿੰਜੈ ਦਾੜੀ। ਪਾਰਬ੍ਰਹਮਿ ਸਾ ਆਗਨਿ ਮਹਿ ਸਾੜੀ। (ਗੁ.ਗ੍ਰੰ.199)।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2611, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਸੁਲਹੀ ਖ਼ਾਨ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੁਲਹੀ ਖ਼ਾਨ : ਇਕ ਮੁਗ਼ਲ ਦਰਬਾਰੀ ਜਿਸ ਨਾਲ ਬਾਬਾ ਪ੍ਰਿਥੀ ਚੰਦ ਨੇ ਇਸ ਖ਼ਿਆਲ ਨਾਲ ਮਿੱਤਰਤਾ ਬਣਾਈ ਸੀ ਤਾਂ ਕਿ ਇਸ ਦੇ ਪਿਤਾ ਗੁਰੂ ਰਾਮਦਾਸ ਜੀ ਵੱਲੋਂ ਆਪਣੇ ਛੋਟੇ ਪੁੱਤਰ ਗੁਰੂ ਅਰਜਨ ਦੇਵ ਨੂੰ ਗੁਰਗੱਦੀ ਤੇ ਨਿਯੁਕਤ ਕਰ ਦੇਣ ਦੇ ਖਿਲਾਫ਼ ਅਤੇ ਗੁਰੂ ਵਿਰਾਸਤ ਦੇ ਦਾਹਵੇਦਾਰ ਵਜੋਂ ਆਪਣਾ ਹੱਕ ਲੈਣ ਲਈ ਸਰਕਾਰੀ ਸਰਪ੍ਰਸਤੀ ਹਾਸਲ ਕੀਤੀ ਜਾ ਸਕੇ। ਤਿੰਨਾਂ ਭਰਾਵਾਂ ਵਿਚੋਂ ਵੱਡੇ ਪ੍ਰਿਥੀ ਚੰਦ ਨੇ ਮਾਲਵਾ ਖੇਤਰ ਵਿਚ ਇਕ ਨਵਾਂ ਪਿੰਡ ਕੋਠਾ ਗੁਰੂ ਵਸਾਇਆ ਅਤੇ ਸੁਲਹੀ ਖ਼ਾਨ ਨੂੰ ਆਪਣੇ ਕੋਲ ਆਉਣ ਦਾ ਸੱਦਾ ਦਿੱਤਾ। ਸੁਲਹੀ ਖ਼ਾਨ ਆਇਆ ਅਤੇ ਦੋਹਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਮਾਰ ਮੁਕਾਉਣ ਦੀ ਵਿਉਂਤ ਬਣਾਈ। ਜਦੋਂ ਪ੍ਰਿਥੀ ਚੰਦ ਸੁਲਹੀ ਖ਼ਾਨ ਨੂੰ ਆਪਣੀਆਂ ਇਮਾਰਤਾਂ ਬਣਾਉਣ ਲਈ ਲਗਾਏ ਭੱਠਿਆਂ ਨੂੰ ਵਿਖਾ ਰਿਹਾ ਸੀ ਤਾਂ ਸੁਲਹੀ ਖ਼ਾਨ ਦਾ ਘੋੜਾ ਅਚਾਨਕ ਤ੍ਰਭਕ ਕੇ ਇਕ ਭੱਠੇ ਉਪਰ ਚੜ੍ਹ ਗਿਆ ਅਤੇ ਮਿੱਟੀ ਕੱਚੀ ਹੋਣ ਕਾਰਨ ਭੱਠੇ ਅੰਦਰ ਧਸ ਗਿਆ। ਇਸ ਤੋਂ ਪਹਿਲਾਂ ਕਿ ਪ੍ਰਿਥੀ ਚੰਦ ਇਸ ਨੂੰ ਬਚਾਉਣ ਲਈ ਸੋਚਦਾ ਸੁਲਹੀ ਖ਼ਾਨ ਅੱਗ ਦੀ ਲਪੇਟ ਵਿਚ ਆ ਗਿਆ ਅਤੇ ਸੜ ਮੋਇਆ ਜਿਹੜਾ ਕਿ ਇਸਲਾਮੀ ਵਿਸ਼ਵਾਸ ਅਨੁਸਾਰ ਇਕ ਅਪਵਿੱਤਰ ਅੰਤ ਹੈ। ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਅਰਜਨ ਦੇਵ ਦੁਆਰਾ ਉਚਾਰਨ ਕੀਤੇ ਸ਼ਬਦ ਹਨ ਜਿਨ੍ਹਾਂ ਵਿਚ ਸੁਲਹੀ ਖ਼ਾਨ ਦੇ ਹੋਏ ਅੰਤ ਦਾ ਸੰਕੇਤ ਹੈ।
ਲੇਖਕ : ਤ.ਸ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2610, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਸੁਲਹੀ ਖ਼ਾਨ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਸੁਲਹੀ ਖ਼ਾਨ : ਇਹ ਇਕ ਪਠਾਣ ਸੀ ਜੋ ਮੁਗ਼ਲ ਬਾਦਸ਼ਾਹ ਜਹਾਂਗੀਰ ਦਾ ਸ਼ਾਹੀ ਅਹਿਲਕਾਰ ਸੀ। ਬਾਬਾ ਪ੍ਰਿਥੀ ਚੰਦ ਨਾਲ ਮਿਤ੍ਰਤਾ ਹੋਣ ਕਰ ਕੇ ਇਹ ਗੁਰੂ ਅਰਜਨ ਦੇਵ ਜੀ ਨਾਲ ਈਰਖਾ ਕਰਦਾ ਸੀ। ਬਾਬਾ ਪ੍ਰਿਥੀ ਚੰਦ ਨੇ ਗੁਰਗੱਦੀ ਪ੍ਰਾਪਤ ਕਰਨ ਲਈ ਇਸ ਦੀ ਸਹਾਇਤਾ ਲਈ ਪਰ ਉਸ ਦੀ ਵਿਉਂਤ ਸਿਰੇ ਨਾ ਚੜ੍ਹ ਸਕੀ। ਸੁਲਹੀ ਖ਼ਾਨ ਜਦੋਂ ਬਠਿੰਡਾ ਜ਼ਿਲ੍ਹੇ ਵਿਚ ਗੁਰੂ ਕੇ ਕੋਠੇ ਇਸ ਮੰਤਵ ਦੀ ਪੂਰਤੀ ਲਈ ਬਾਬਾ ਪ੍ਰਿਥੀ ਚੰਦ ਨੂੰ ਮਿਲਣ ਲਈ ਗਿਆ ਤਾਂ ਇਹ ਤੱਤੇ ਆਵੇ ਵਿਚ ਡਿੱਗ ਪਿਆ ਤੇ ਉਥੇ ਹੀ ਸੜ ਕੇ ਮਰ ਗਿਆ। ਗੁਰੂ ਗ੍ਰੰਥ ਸਾਹਿਬ ਵਿਚ ਇਸ ਬਾਰੇ ਹਵਾਲਾ ਮਿਲਦਾ ਹੈ–
ਸੁਲਹੀ ਤੇ ਨਾਰਾਇਣ ਰਾਖੁ ।।
ਸੁਲਹੀ ਕਾ ਹਾਥੁ ਕਹੀ ਨ ਪਹੁਚੈ
ਸੁਲਹੀ ਹੋਇ ਮੂਆ ਨਾਪਾਕੁ ।।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1631, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-04-10-54-05, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ.; ਵਿ. ਕੋ; ਤ. ਗੁ. ਖਾ. ; ਗੁ. ਪ੍ਰ. ਸੂ. ਗ੍ਰੰ.
ਵਿਚਾਰ / ਸੁਝਾਅ
Please Login First