ਸੁੰਨ ਸਮਾਧਿ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਸੁੰਨ ਸਮਾਧਿ: ਪਰਮ-ਸੱਤਾ ਲਈ ਮੱਧ-ਯੁਗ ਦੇ ਸੰਤਾਂ ਅਤੇ ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰਾਂ ਨੇ ‘ਸੁੰਨਸ਼ਬਦ ਦੀ ਵਰਤੋਂ ਕੀਤੀ ਹੈ। ਇਸ ਸ਼ਬਦ ਦੇ ਅਧਿਆਤਮਿਕ ਪਿਛੋਕੜ ਦਾ ਸੰਬੰਧ ਬੌਧ-ਮਤ ਨਾਲ ਹੈ। ਪਹਿਲੀ ਜਾਂ ਦੂਜੀ ਸਦੀ ਦੇ ਸ਼ੁਰੂ ਵਿਚ ਬੌਧ-ਮਤ ਦੇ ਦਾਰਸ਼ਨਿਕ ਵਿਆਖਿਆ- ਕਾਰ ਨਾਗਾਰਜੁਨ ਨੇ ‘ਮਧੑਮਕ-ਕਾਰਿਕਾ’ ਵਿਚ ਸੁੰਨਵਾਦ (ਸ਼ੂਨੑਯਵਾਦ) ਦੀ ਸਥਾਪਨਾ ਕੀਤੀ ਸੀ। ‘ਸੁੰਨ’ (ਸ਼ੂਨੑਯ) ਦੇ ਅਰਥ ਅਤੇ ਸਰੂਪ ਨੂੰ ਸਪੱਸ਼ਟ ਕਰਦਿਆਂ ਆਚਾਰਯ ਨਾਗਾਰਜੁਨ ਨੇ ਦਸਿਆ ਹੈ ਕਿ ਸੁੰਨ ਤੱਤ੍ਵ ਅਪਰ ਪ੍ਰਤੱਖ, ਸ਼ਾਂਤ, ਪ੍ਰਪੰਚਾਂ ਦੁਆਰਾ ਅਪ੍ਰਪੰਚਿਤ, ਨਿਰਵਿਕਲਪ ਅਤੇ ਅਨਾਨਾਰਥ ਹੁੰਦਾ ਹੈ (‘ਮਧੑਯਮਕ ਸ਼ਾਸਤ੍ਰ’ 18/9)। ਇਸ ਦੇ ਲੱਛਣ ਦਸਦੇ ਹੋਇਆਂ ਆਚਾਰਯ ਨੇ ਕਿਹਾ ਹੈ ਕਿ ਉਹ ਨ ਸਤ ਹੈ, ਨ ਅਸਤ ਹੈ, ਨ ਸਤ ਅਤੇ ਅਸਤ ਦੋਵੇਂ ਹੈ ਅਤੇ ਨ ਇਨ੍ਹਾਂ ਦੋਹਾਂ ਤੋਂ ਭਿੰਨ ਹੈ। ਇਹ ਅਸਲੋਂ ਉਪਰੋਕਤ ਚੌਹਾਂ ਵਰਗਾਂ ਤੋਂ ਵਿਲੱਖਣ ਤੱਤ੍ਵ ਹੈ।

            ਨਾਗਾਰਜੁਨ ਤੋਂ ਬਾਦ ਆਰਯਦੇਵ, ਸ਼ਾਂਤਿਦੇਵ ਅਤੇ ਸ਼ਾਂਤਕੑਸ਼ਿਤ ਨਾਂ ਦੇ ਆਚਾਰਯਾਂ ਨੇ ਇਸ ਮਤ ਨੂੰ ਅਧਿਕ ਵਿਸਤਾਰ ਨਾਲ ਸਮਝਾਉਣ ਦਾ ਯਤਨ ਕੀਤਾ ਹੈ। ‘ਵਿਗ੍ਰਹ ਵੑਯਾਵਰੑਤਿਨੀ ਕਾਰਿਕਾ’ ਵਿਚ ਸੁੰਨ ਬਾਰੇ ਕਿਹਾ ਗਿਆ ਹੈ ਕਿ ਜੋ ਸੁੰਨ ਨੂੰ ਸਮਝ ਲੈਂਦਾ ਹੈ, ਉਹ ਸਭ ਕੁਝ ਸਮਝ ਲੈਂਦਾ ਹੈ ਅਤੇ ਜੋ ਸੁੰਨ ਨੂੰ ਨਹੀਂ ਸਮਝ ਸਕਦਾ, ਉਹ ਕਿਸੇ ਨੂੰ ਵੀ ਨਹੀਂ ਸਮਝ ਸਕਦਾ। ਨਾਗਾਰਜੁਨ ਨੇ ਸੁੰਨ ਨੂੰ ‘ਨਿਰਵਾਣ’ ਦਾ ਸਮਾਨਾਰਥਕ ਵੀ ਮੰਨਿਆ ਹੈ। ਬਾਦ ਦੇ ਮਾਧਮਿਕ ਸ਼ਾਖਾ ਦੇ ਆਚਾਰਯਾਂ ਨੇ ਸੁੰਨ ਨੂੰ ਆਸਤਿਕਤਾ ਦੀ ਸੀਮਾ ਤਕ ਖਿਚਿਆ ਹੈ। ਉਨ੍ਹਾਂ ਅਨੁਸਾਰ ਸਤਿ ਦੋ ਪ੍ਰਕਾਰ ਦਾ ਹੈ ਭ੍ਰਮਕ ਅਤੇ ਪਰਮਾਰਥਿਕ। ਪ੍ਰਗਿਆ ਤੋਂ ਪੈਦਾ ਹੋਇਆ ਵਾਸਤਵਿਕ ਸਤਿ ਹੀ ਪਰਮਾਰਥਿਕ ਸਤਿ ਹੈ ਅਤੇ ਇਹੀ ‘ਸੁੰਨ’ ਹੈ। ਪਰਮਾਰਥਿਕ ਸਤਿ ਅਥਵਾ ‘ਸੁੰਨ’ ਸਾਰਿਆਂ ਧਰਮਾਂ ਤੋਂ ਰਹਿਤ ਅਤੇ ਨਿਰ-ਸ੍ਵਭਾਵ ਹੈ। ਇਹ ਸ਼ਰੀਰ, ਮਨ , ਬਚਨ ਦੁਆਰਾ ਅਗੋਚਰ ਹੈ। ਸ਼ਬਦਾਂ ਦੁਆਰਾ ਇਸ ਦਾ ਉਚਾਰਣ ਅਤੇ ਵਰਣਨ ਨਹੀਂ ਕੀਤਾ ਜਾ ਸਕਦਾ। ਸ੍ਵ-ਅਨੁਭੂਤੀ ਦੁਆਰਾ ਗਿਆਨੀਆਂ ਨੂੰ ਇਸ ਦਾ ਅਨੁਭਵ ਹੁੰਦਾ ਹੈ। ਇਸ ਤਰ੍ਹਾਂ ਇਸ ਦਾ ਸਰੂਪ ਆਸਤਿਕਾਂ ਦੇ ਬ੍ਰਹਮ ਨਾਲ ਕਾਫ਼ੀ ਮਿਲਦਾ-ਜੁਲਦਾ ਹੈ। ਮਹਾਯਾਨੀਆਂ ਲਈ ਇਹ ਮਹਾਸੁਖ ਦਾ ਵਾਚਕ ਵੀ ਹੈ।

            ਉਪਰੋਕਤ ਦੇ ਮੁਕਾਬਲੇ ਹੀਨਯਾਨੀਆਂ ਨੇ ‘ਸੁੰਨ’ ਦਾ ਅਰਥ ਪੂਰਣ-ਅਭਾਵ ਰੂਪ ਵਿਚ ਲਿਆ ਹੈ। ਉਨ੍ਹਾਂ ਅਨੁਸਾਰ ਸੰਸਾਰ ਵਿਅਕਤਿਤਵ ਰਹਿਤ ਹੈ। ਇਸ ਲਈ ਉਸ ਨੂੰ ‘ਸੁੰਨ’ ਕਿਹਾ ਜਾਂਦਾ ਹੈ। ਡਾ. ਗੋਬਿੰਦ ਤ੍ਰਿਗੁਣਾਇਤ ‘ਹਿੰਦੀ ਕੀ ਨਿਰਗੁਣ ਕਾਵਿਧਾਰਾ ਔਰ ਉਸ ਕੀ ਦਾਰਸ਼ਨਿਕ ਪ੍ਰਿਸ਼ਰਭੂਮਿ’ ਅਨੁਸਾਰ ਹੀਨਯਾਨੀਆਂ ਦਾ ਅਭਾਵਰੂਪ ਸੁੰਨ ਅਤੇ ਮਹਾਯਾਨੀਆਂ ਦਾ ਦ੍ਵੈਤ-ਅਦ੍ਵੈਤ-ਵਿਲੱਖਣ ਰੂਪ ਸੁੰਨ ਬੌਧ-ਤਾਂਤ੍ਰਿਕਾਂ ਵਿਚ ਨਿਸਚਿਤ ਰੂਪ ਵਿਚ ਪਰਮਾਰਥ-ਤੱਤ੍ਵ ਰੂਪੀ ਸੁੰਨ ਦੇ ਅਰਥ ਵਿਚ ਵਰਤਿਆ ਗਿਆ ਹੈ। ਪਰੰਤੂ ਇਸ ਰੂਪ ਵਿਚ ਸਵੀਕਾਰ ਕਰਨ ਦੇ ਬਾਵਜੂਦ ਉਸ ਉਤੇ ਦ੍ਵੈਤ-ਅਦ੍ਵੈਤ-ਵਿਲੱਖਣ ਅਤੇ ਮਹਾਸੁਖ ਦੀ ਛਾਪ ਕਾਇਮ ਹੈ। ਸਿੱਧਾਂ ਨੇ ‘ਸੁੰਨ’ ਨੂੰ ਬੌਧੀਆਂ ਦੇ ਕੑਸ਼ਣਿਕ ਅਰਥ ਵਿਚ ਵੀ ਲਿਆ ਹੈ। ਬਾਦ ਦੇ ਸਿੱਧਾਂ ਨੇ ਇਸ ਦੇ ਅਰਥ ਦਾ ਹੋਰ ਵੀ ਵਿਕਾਸ ਕੀਤਾ ਹੈ। ਮਹਾਯਾਨੀਆਂ ਅਨੁਸਾਰ ਇਸ ਦਾ ਸਰੂਪ ਆਸਤਿਕ ਅਭਾਵ ਵਾਲਾ ਹੈ ਅਤੇ ਹੀਨਯਾਨੀਆਂ ਅਨੁਸਾਰ ਨਾਸਤਿਕ ਅਭਾਵ ਵਾਲਾ, ਪਰ ਤਾਂਤ੍ਰਿਕਾਂ ਬੌਧੀਆਂ ਵਿਚ ਇਸ ਦਾ ਸਰੂਪ ਪੂਰੀ ਆਸਤਿਕਤਾ ਵਾਲਾ ਹੁੰਦਾ ਗਿਆ ਹੈ। ਨਾਥਾਂ ਨੇ ਵੀ ਇਸ ਨੂੰ ਅਪਣਾਇਆ ਅਤੇ ਇਸ ਨੂੰ ਨਵੇਂ ਅਰਥਾਂ ਵਿਚ ਵਰਤਿਆ, ਜਿਵੇਂ ਬ੍ਰਹਮ-ਰੰਧ੍ਰ, ਦੇਸ਼-ਕਾਲ ਪਰਿਛਿੰਨ ਬ੍ਰਹਮ, ਸੁਖਮਨਾ ਨਾੜੀ , ਅਨਾਹਦ ਚਕ੍ਰ , ਸਮਾਧੀ ਆਦਿ।

            ਨਿਰਗੁਣਵਾਦੀ ਸਾਧਕਾਂ ਵਿਚੋਂ ਸਭ ਤੋਂ ਪਹਿਲਾਂ ਸੰਤ ਕਬੀਰ ਨੇ ‘ਸੁੰਨ’ ਦੀ ਵਰਤੋਂ ਕੀਤੀ ਅਤੇ ਉਸ ਦੀ ਨੁਹਾਰ ਨਾਥ-ਪੰਥੀਆਂ ਅਤੇ ਸਿੱਧਾਂ ਅਨੁਸਾਰ ਰਖੀ ਅਤੇ ਨਾਲ ਨਾਲ ਭਾਵ ਰੂਪ ਬ੍ਰਹਮ ਲਈ ਵੀ ਇਸ ਸ਼ਬਦ ਨੂੰ ਵਰਤ ਲਿਆ। ਇਸ ਲਈ ਸੰਤ ਕਬੀਰ ਦਾ ਸੁੰਨ-ਵਾਦ ਬੌਧੀਆਂ ਤੋਂ ਕੁਝ ਭਿੰਨ ਹੈ। ਇਹ ਯੋਗੀਆਂ ਅਤੇ ਸਿੱਧਾਂ ਤੋਂ ਪ੍ਰਭਾਵਿਤ ਹੁੰਦਾ ਹੋਇਆ ਵੀ ਇਕ ਸੱਚੇ ਸ਼ਰਧਾਲੂ ਅਤੇ ਆਸਤਿਕ ਭਗਤ ਦਾ ਸੁੰਨਵਾਦ ਹੈ। ਇਸ ਨੂੰ ਅਦ੍ਵੈਤਵਾਦੀਆਂ ਦੇ ਬ੍ਰਹਮਵਾਦ ਅਥਵਾ ਅਦ੍ਵੈਤ-ਤੱਤ੍ਵ ਦਾ ਭਾਵਾਤਮਕ ਪ੍ਰਤਿਰੂਪ ਕਿਹਾ ਜਾ ਸਕਦਾ ਹੈ। ਸੰਤ ਕਬੀਰ ਤੋਂ ਬਾਦ ਗੁਰੂ ਨਾਨਕ ਦੇਵ ਜੀ ਨੇ ਇਸ ਸ਼ਬਦ ਨੂੰ ਵਰਤਿਆ। ਇਸ ਨੂੰ ਨਿਰਗੁਣ ਬ੍ਰਹਮ ਦਾ ਵਾਚਕ ਵੀ ਕਿਹਾ ਜਾ ਸਕਦਾ ਹੈ। ਉਨ੍ਹਾਂ ਅਨੁਸਾਰ ਸੁੰਨ ਸਭ ਦੇ ਅੰਦਰ ਅਤੇ ਬਾਹਰ ਅਤੇ ਤ੍ਰਿਭਵਣ ਵਿਚ ਵਿਆਪਤ ਹੈ। ਇਸ ਨੂੰ ਵਿਅਕਤੀ ਚੌਥੇ ਪਦ (ਸਹਿਜ-ਅਵਸਥਾ) ਦੁਆਰਾ ਜਾਣ ਕੇ ਪਾਪ-ਪੁੰਨ ਦੇ ਪ੍ਰਭਾਵ ਤੋਂ ਮੁਕਤ ਹੋ ਜਾਂਦਾ ਹੈ— ਅੰਤਰਿ ਸੁੰਨੰ ਬਾਹਰਿ ਸੁੰਨੰ ਤ੍ਰਿਭਵਣ ਸੁੰਨਮਸੁੰਨੰ ਚਉਥੈ ਸੁੰਨੈ ਜੋ ਨਰੁ ਜਾਣੈ ਤਾ ਕਉ ਪਾਪੁ ਪੁੰਨੰ (ਗੁ.ਗ੍ਰੰ.943)। ‘ਹਠਯੋਗ-ਪ੍ਰਦੀਪਿਕਾ’ ਵਿਚ ਵੀ ਇਸ ਭਾਵ ਦੇ ਨੇੜੇ-ਤੇੜੇ ਦਾ ਇਕ ਸ਼ਲੋਕ ਮਿਲਦਾ ਹੈ— ਅੰਤ: ਸ਼ੂਨੑਯੋ ਬਹਿ: ਸ਼ੂਨੑਯ: ਸ਼ੂਨੑਯ: ਕੁੰਭ ਇਵਾਂਬਰੇ ਅੰਤ: ਪੂਰਣੋ ਬਹਿ: ਪੂਰਣ: ਪੂਰਣ: ਕੁੰਭ ਇਵਾਰਣਵੇ (4/56)। ਮਾਰੂ ਰਾਗ ਦੇ ਸੋਲਹਿਆਂ (17/1-13) ਵਿਚ ਗੁਰੂ ਨਾਨਕ ਦੇਵ ਜੀ ਨੇ ਬ੍ਰਹਮ ਦੇ ਉਸ ਰੂਪ ਨੂੰ ‘ਸੁੰਨ’ ਮੰਨਿਆ ਹੈ ਜੋ ਸ੍ਰਿਸ਼ਟੀ ਤੋਂ ਪਹਿਲਾਂ ਨਿਰਵਿਕਲਪ ਅਵਸਥਾ ਵਾਲਾ ਸੀ ਅਤੇ ਜਿਸ ਤੋਂ ਪਵਨ, ਸ੍ਰਿਸ਼ਟੀ ਆਦਿ ਦੀ ਉਤਪੱਤੀ ਹੋਈ; ਬ੍ਰਹਮਾ, ਵਿਸ਼ਣੂ ਅਤੇ ਮਹੇਸ਼ ਪੈਦਾ ਹੋਏ। ਜਿਸ ਨੇ ਗਿਆਨ-ਇੰਦ੍ਰੀਆਂ, ਮਨ ਅਤੇ ਬੁੱਧੀ ਵਰਗੇ ਸੱਤ ਸਰੋਵਰਾਂ ਦੀ ਸਥਾਪਨਾ ਕੀਤੀ, ਪ੍ਰਿਥਵੀ ਅਤੇ ਆਕਾਸ਼ ਦੀ ਰਚਨਾ ਕੀਤੀ, ਰਾਤ ਅਤੇ ਦਿਨ ਬਣਾਏ; ਦੁਖਾਂ ਅਤੇ ਸੁਖਾਂ ਦੀ ਰਚਨਾ ਕੀਤੀ। ਇਸ ਪ੍ਰਕਾਰ ਦੇ ਸੁੰਨ ਦਾ ਭੇਦ ਗੁਰੂ ਦੁਆਰਾ ਪ੍ਰਾਪਤ ਕੀਤਾ ਜਾ ਸਕਦਾ ਹੈ ਅਤੇ ਜੋ ਇਹ ਭੇਦ ਪਾ ਲੈਂਦਾ ਹੈ ਉਸ ਨੂੰ ਕੋਈ ਸੰਸਾਰਿਕ ਰੋਗ ਪਰੇਸ਼ਾਨ ਨਹੀਂ ਕਰਦਾ— ਸਤਿਗੁਰ ਤੇ ਪਾਏ ਵੀਚਾਰਾ ਸੁੰਨ ਸਮਾਧਿ ਸਚੇ ਘਰ ਬਾਰਾ ਨਾਨਕ ਨਿਰਮਲ ਨਾਦੁ ਸਬਦ ਧੁਨਿ ਸਚੁ ਰਾਮੈ ਨਾਮਿ ਸਮਾਇਦਾ (ਗੁ.ਗ੍ਰੰ.1038)।

            ਗੁਰੂ ਨਾਨਕ ਦੇਵ ਜੀ ਨੇ ਸੁੰਨ-ਸਮਾਧੀ ਨੂੰ ਵੀ ਸਪੱਸ਼ਟ ਕੀਤਾ ਹੈ ਕਿ ਇਹ ਉਹ ਅਵਸਥਾ ਹੈ ਜਿਸ ਵਿਚ ਕੋਈ ਭਾਗਵਾਨ ਹੀ ਲਿਵ ਲਗਾਉਂਦੇ ਹਨ ਅਤੇ ਕੇਵਲ ਨਾਮ ਰੂਪੀ ਸ਼ਬਦ ਉਤੇ ਹੀ ਵਿਚਾਰ ਕਰਦੇ ਹਨ। ਉਹ ਸਰਵ- ਅਭਾਵ ਦੀ ਅਵਸਥਾ ਹੈ। ਉਸ ਵਿਚ ਕੇਵਲ ਕਰਤਾਰ ਹੀ ਹੁੰਦਾ ਹੈ ਬਾਕੀ ਸਭ ਕੁਝ ਉਹ ਆਪ ਹੀ ਹੈ, ਉਸੇ ਤੋਂ ਸਭ ਕੁਝ ਉਤਪੰਨ ਹੁੰਦਾ ਹੈ — ਸੁੰਨ ਸਮਾਧਿ ਰਹਹਿ ਲਿਵ ਲਾਗੇ ਏਕਾ ਏਕੀ ਸਬਦੁ ਬੀਚਾਰ ਜਲੁ ਥਲੁ ਧਰਣਿ ਗਗਨੁ ਤਹ ਨਾਹੀ ਆਪੇ ਆਪੁ ਕੀਆ ਕਰਤਾਰ (ਗੁ.ਗ੍ਰੰ.503)। ਉਪਰੋਕਤ ਤੱਥਾਂ ਤੋਂ ਸਪੱਸ਼ਟ ਹੈ ਕਿ ਗੁਰੂ ਨਾਨਕ ਦੇਵ ਜੀ ਨੇ ‘ਸੁੰਨ’ ਨੂੰ ਨਿਰਗੁਣ ਬ੍ਰਹਮ ਅਤੇ ਨਿਰਵਿਕਲਪ ਅਫੁਰ ਅਵਸਥਾ ਲਈ ਵਰਤਿਆ ਹੈ। ਇਸ ਤਰ੍ਹਾਂ ਸੁੰਨ ਆਪਣੇ ਪਿਛੋਕੜ ਨਾਲ ਸੰਬੰਧ ਰਖਦੇ ਹੋਇਆਂ ਵੀ ਨਿਰਗੁਣ ਬ੍ਰਹਮ ਦੇ ਵਾਚਕ ਵਜੋਂ ਵਰਤਿਆ ਗਿਆ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2215, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਸੁੰਨ ਸਮਾਧਿ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਸੁੰਨ ਸਮਾਧਿ (ਵਿਸ਼ੇਖ਼ਣ ਵਿਸ਼ੇਖ਼। ਸੰਸਕ੍ਰਿਤ ਸ਼ੂਨ। ਸਮਾਧਿ) ਅਫੁਰ ਸਮਾਧੀ , ਨਿਰਵਿਕਲਪ ਸਮਾਧੀ। ਯਥਾ-‘ਸੁੰਨ ਸਮਾਧਿ ਅਨਹਤ ਤਹ ਨਾਦ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 2213, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.