ਸੁੱਕਰਚੱਕੀਆ ਮਿਸਲ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੁੱਕਰਚੱਕੀਆ ਮਿਸਲ : ਅਜੋਕੇ ਪਾਕਿਸਤਾਨ ਦੇ ਗੁਜਰਾਂਵਾਲਾ ਜ਼ਿਲਾ ਦੇ ਪਿੰਡ ਸੁੱਕਰਚੱਕ ਦੇ ਨਾਂ ਤੇ ਬਣੀ ਹੈ ਕਿਉਂਕਿ ਇਸਦਾ ਬਾਨੀ ਇਸ ਪਿੰਡ ਦਾ ਵਸਨੀਕ ਸੀ। ਇਹ ਮਿਸਲ ਅਠਾਰ੍ਹਵੀਂ ਸਦੀ ਦੇ ਬਾਰਾਂ ਸਿੱਖ ਸ਼ਾਸਕ ਕਬੀਲਿਆਂ ਵਿਚੋਂ ਸਭ ਤੋਂ ਵਧ ਮਹੱਤਵਪੂਰਨ ਬਣ ਗਈ ਸੀ। ਕਿਹਾ ਜਾਂਦਾ ਹੈ ਕਿ ਇਸ ਪਿੰਡ ਦੇ ਇਕ ਜ਼ਿਮੀਂਦਾਰ ਦੇਸੂ ਨੂੰ ਗੁਰੂ ਗੋਬਿੰਦ ਸਿੰਘ ਨੇ ਅੰਮ੍ਰਿਤ ਛਕਾਇਆ ਸੀ; ਅੰਮ੍ਰਿਤ ਛਕਣ ਉਪਰੰਤ ਉਸ ਦਾ ਨਾਂ ਬੁੱਢਾ ਸਿੰਘ ਰਖਿਆ ਗਿਆ। ਬੁੱਢਾ ਸਿੰਘ ਨੇ ਸੁੱਕਰਚੱਕੀਆ ਮਿਸਲ ਦੀ ਖੁਸ਼ਹਾਲੀ ਦੀ ਨੀਂਹ ਰੱਖੀ। ਬਹਾਦਰੀ ਤੇ ਲੁੱਟ ਮਾਰ ਦੇ ਉਸ ਸਮੇਂ ਵਿਚ ਉਸ ਦੀ ਦਲੇਰੀ ਅਤੇ ਸਹਿਨਸ਼ੀਲਤਾ ਨੇ ਉਸ ਨੂੰ ਪ੍ਰਸਿੱਧ ਕਰ ਦਿੱਤਾ। ਉਸਦੇ ਨਾਲ ਉਸਦੀ ਡੱਬ-ਖੜੱਬੀ ਘੋੜੀ ਦੇਸਾਂ ਵੀ ਪ੍ਰਸਿੱਧ ਹੋ ਗਈ। ਇਹ ਦੋਵੇਂ ਇਕੱਠੇ ਪੰਜਾਬ ਦੇ ਮੈਦਾਨਾਂ ਦੇ ਆਰ-ਪਾਰ ਜਾਂਦੇ ਅਤੇ ਕਈ ਵਾਰੀ ਹੜ੍ਹ ਆਏ ਦਰਿਆਵਾਂ ਵਿਚੋਂ ਲੰਘਦੇ ਹੁੰਦੇ ਸਨ ਅਤੇ ਇਸ ਤਰ੍ਹਾਂ ਅਨਿੱਖੜ ਹੋਣ ਕਰਕੇ ਇਕੱਠਿਆ ਨੂੰ ‘ਦੇਸਾਂ ਬੁੱਢਾ ਸਿੰਘ` ਕਿਹਾ ਜਾਂਦਾ ਸੀ। ਜਦੋਂ 1718 ਵਿਚ ਬੁੱਢਾ ਸਿੰਘ ਅਕਾਲ ਚਲਾਣਾ ਕਰ ਗਿਆ ਤਾਂ ਉਸ ਸਮੇਂ ਉਸ ਦੇ ਸਰੀਰ ਉੱਤੇ ਨੇਜੇ, ਤਲਵਾਰ ਅਤੇ ਬੰਦੂਕ ਦੇ ਚਾਲੀ ਜ਼ਖਮਾਂ ਦੇ ਨਿਸ਼ਾਨ ਸਨ। ਉਹ ਆਪਣੇ ਲੜਕਿਆਂ ਲਈ ਕੁਝ ਪਿੰਡ ਛੱਡ ਗਿਆ ਜਿਨ੍ਹਾਂ ਨੂੰ ਉਹ ਆਪਣੇ ਕਹਿ ਸਕਦੇ ਸਨ ਅਤੇ ਕਈ ਹੋਰ ਪਿੰਡ ਸਨ ਜਿਹੜੇ ਰਾਖੀ ਕਰਨ ਬਦਲੇ ਉਹਨਾਂ ਨੂੰ ਬੱਧੀ ਰਕਮ ਦਿੰਦੇ ਸਨ। ਬੁੱਢਾ ਸਿੰਘ ਦੇ ਪੁੱਤਰ ਨੌਧ ਸਿੰਘ ਨੇ ਸੁੱਕਰਚੱਕ ਪਿੰਡ ਦੀ ਕਿਲੇਬੰਦੀ ਕੀਤੀ ਅਤੇ ਇਕ ਜੱਥਾ ਤਿਆਰ ਕੀਤਾ ਜਿਸਨੂੰ ਸੁੱਕਰਚੱਕੀਏ ਕਿਹਾ ਜਾਂਦਾ ਸੀ। ਸੁੱਕਰਚੱਕੀਆਂ ਨੇ ਹੋਰ ਮਿਸਲਾਂ ਨਾਲ ਜੋੜਮੇਲ ਕਰ ਲਿਆ ਅਤੇ ਅਹਮਦ ਸ਼ਾਹ ਦੁੱਰਾਨੀ ਨਾਲ ਝੜਪਾਂ ਵਿਚ ਉਲਝ ਗਏ। ਜਦੋਂ ਅਫ਼ਗਾਨ ਵਾਪਸ ਪਰਤੇ ਤਾਂ ਉਹਨਾਂ ਨੇ ਰਾਵੀ ਅਤੇ ਜੇਹਲਮ ਦੇ ਇਲਾਕੇ ਵਿਚਾਲੇ ਜ਼ਮੀਨ ਉੱਤੇ ਕਬਜ਼ਾ ਕਰ ਲਿਆ। ਨੌਧ ਸਿੰਘ, 1752 ਵਿਚ ਹੋਈ ਲੜਾਈ ਵਿਚ ਮਾਰਿਆ ਗਿਆ। ਨੌਧ ਸਿੰਘ ਦੇ ਚਾਰ ਪੁੱਤਰਾਂ ਵਿਚ ਸਭ ਤੋਂ ਵੱਡੇ ਚੜ੍ਹਤ ਸਿੰਘ ਨੇ ਆਪਣਾ ਹੈਡਕੁਆਰਟਰ ਸੁੱਕਰਚੱਕ ਤੋਂ ਬਦਲ ਕੇ ਗੁਜਰਾਂਵਾਲਾ ਬਣਾ ਲਿਆ ਅਤੇ ਕਸਬੇ ਦੇ ਲਾਗੇ ਚਾਰੇ ਪਾਸੇ ਮੋਰਚੇਦਾਰ ਕੰਧ ਬਣਾ ਲਈ। ਲਾਹੌਰ ਦਾ ਅਫ਼ਗਾਨ ਗਵਰਨਰ ਚੜ੍ਹਤ ਸਿੰਘ ਨੂੰ ਫੜ੍ਹਨ ਲਈ ਆਇਆ ਪਰੰਤੂ ਸਰਦਾਰ ਨੇ ਉਸ ਨੂੰ ਖਦੇੜ ਦਿੱਤਾ ਅਤੇ ਵਾਪਸ ਪਰਤਣ ਲਈ ਮਜਬੂਰ ਕਰ ਦਿੱਤਾ। ਉਹ ਪਿੱਛੇ ਬੰਦੂਕਾਂ ਅਤੇ ਅਨਾਜ ਦਾ ਭੰਡਾਰ ਛੱਡ ਕੇ ਭੱਜ ਗਿਆ। ਚੜ੍ਹਤ ਸਿੰਘ ਨੇ ਵਜ਼ੀਰਾਬਾਦ , ਐਮਨਾਬਾਦ ਅਤੇ ਰੋਹਤਾਸ ਦੇ ਕਸਬਿਆਂ ਤੇ ਕਬਜ਼ਾ ਕਰਕੇ ਆਪਣਾ ਇਲਾਕਾ ਵਧਾ ਲਿਆ ਪਰੰਤੂ ਜਦੋਂ ਅਹਮਦ ਸ਼ਾਹ ਦੁੱਰਾਨੀ ਦੁਬਾਰਾ ਅਫ਼ਗਾਨਿਸਤਾਨ ਤੋਂ ਹਮਲਾ ਕਰਨ ਲਈ ਆਇਆ ਤਾਂ ਇਹ ਜੰਗਲਾਂ ਵਿਚ ਜਾ ਵੜਿਆ। ਦੁੱਰਾਨੀ ਨੇ ਇਸ ਦੀ ਜਾਇਦਾਦ ਲੁੱਟ ਲਈ ਅਤੇ ਗੁਜਰਾਂਵਾਲੇ ਦੀ ਕਿਲੇਬੰਦੀ ਤੋੜ ਦਿੱਤੀ। ਚੜ੍ਹਤ ਸਿੰਘ ਨੇ ਅਫ਼ਗਾਨਾਂ ਦੀ ਵਾਪਸੀ ਤੇ ਉਹਨਾਂ ਦਾ ਪਿੱਛਾ ਕਰਕੇ ਉਹਨਾਂ ਤੋਂ ਬਦਲਾ ਲਿਆ ਅਤੇ ਉਹਨਾਂ ਦਾ ਮਾਲ-ਅਸਬਾਬ ਲੁੱਟ ਲਿਆ। ਇਸਨੇ ਗੁਜਰਾਂਵਾਲਾ ਦੇ ਲਾਗੇ ਚਾਰੇ ਪਾਸੇ ਮੋਰਚੇਦਾਰ ਕੰਧ ਬਣਾ ਲਈ ਅਤੇ ਨੇੜੇ ਦੇ ਇਲਾਕੇ ਉੱਤੇ ਮੁੜ ਕਬਜ਼ਾ ਕਰ ਲਿਆ। ਇਸਦਾ ਅਖ਼ੀਰਲਾ ਹਮਲਾ 1770 ਵਿਚ ਜੰਮੂ ਉੱਤੇ ਸੀ ਜਿੱਥੇ ਅਫ਼ਗਾਨਾਂ ਦੇ ਹਮਲੇ ਤੋਂ ਬਚਣ ਲਈ ਪੰਜਾਬ ਦੇ ਅਮੀਰ ਪਰਵਾਰਾਂ ਨੇ ਸ਼ਰਨ ਲਈ ਹੋਈ ਸੀ। ਭੰਗੀਆਂ ਨੇ ਇਸਦੇ ਜੰਮੂ ਨੂੰ ਲੁੱਟਣ ਦੇ ਅਧਿਕਾਰ ਨੂੰ ਵੰਗਾਰਿਆ ਅਤੇ ਇਸ ਤਰ੍ਹਾਂ ਦੇ ਹਮਲਿਆਂ ਵਿਚੋਂ ਇਕ ਵਿਚ ਚੜ੍ਹਤ ਸਿੰਘ ਆਪਣੀ ਬੰਦੂਕ ਚੱਲਣ ਕਰਕੇ ਜ਼ਖਮੀ ਹੋ ਕੇ ਅਕਾਲ ਚਲਾਣਾ ਕਰ ਗਿਆ।

    ਚੜ੍ਹਤ ਸਿੰਘ ਦਾ ਛੋਟਾ ਪੁੱਤਰ ਮਹਾਂ ਸਿੰਘ ਆਪਣੇ ਪਿਤਾ ਦਾ ਵਾਰਸ ਬਣਿਆ। ਇਸਦੀ ਸ਼ਾਦੀ ਜੀਂਦ ਦੇ ਮੁਖੀ ਗਜਪਤ ਸਿੰਘ ਦੀ ਧੀ ਨਾਲ ਹੋਈ ਜਿਸ ਨਾਲ ਮਿਸਲ ਸਰਦਾਰਾਂ ਵਿਚ ਇਸਦੀ ਸਥਿਤੀ ਮਜਬੂਤ ਹੋ ਗਈ। ਗੁਜਰਾਂਵਾਲਾ ਕਸਬੇ ਦੀ ਚਾਰਦੀਵਾਰੀ ਅੰਦਰ ਇਸ ਨੇ ਇਕ ਗੜ੍ਹੀ ਬਣਾਈ ਜਿਸ ਦਾ ਨਾਂ ਇਸਨੇ ਗੜ੍ਹੀ ਮਹਾਂ ਸਿੰਘ ਰੱਖਿਆ। ਇਸਨੇ ਆਪਣੇ ਘੋੜਸਵਾਰਾਂ ਦੀ ਗਿਣਤੀ ਵਧਾ ਕੇ 6,000 ਕਰ ਦਿੱਤੀ ਅਤੇ ਆਪਣਾ ਇਲਾਕਾ ਵਧਾਉਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ। ਇਸਨੇ ਚੱਠਿਆਂ ਦੇ ਇਕ ਮੁਸਲਮਾਨ ਕਬੀਲੇ ਤੋਂ ਰਸੂਲ ਨਗਰ ਖੋਹ ਲਿਆ ਅਤੇ ਪਿੰਡ ਭੱਟੀਆਂ, ਸਾਹੀਵਾਲ, ਈਸਾਖ਼ੇਲ ਅਤੇ ਝੰਗ ਉੱਤੇ ਵੀ ਕਬਜ਼ਾ ਕਰ ਲਿਆ। 1782 ਵਿਚ, ਇਹ ਜੰਮੂ ਵੱਲ ਵਧਿਆ ਜਿਸ ਦਾ ਡੋਗਰਾ ਸ਼ਾਸਕ, ਸ਼ਹਿਰ ਨਿਵਾਸੀਆਂ ਨੂੰ ਉਸਦੇ ਰਹਿਮ ਤੇ ਛੱਡ ਕੇ ਭੱਜ ਗਿਆ। ਜੰਮੂ ਦੀ ਲੁੱਟ ਨਾਲ ਮਹਾਂ ਸਿੰਘ ਨੇ ਸੁੱਕਰਚੱਕੀਆ ਮਿਸਲ ਨੂੰ ਇਕ ਮਾਮੂਲੀ ਮਿਸਲ ਤੋਂ ਉੱਪਰ ਚੁੱਕ ਕੇ ਮੋਹਰੀ ਮਿਸਲਾਂ ਵਿਚ ਲਿਆ ਖੜਾ ਕਰ ਦਿੱਤਾ।

    ਮਹਾਂ ਸਿੰਘ 1790 ਵਿਚ ਮਰ ਗਿਆ। ਇਸ ਦੀ ਮੌਤ ਤੇ ਇਸ ਦਾ 10 ਸਾਲਾਂ ਦਾ ਪੁੱਤਰ ਰਣਜੀਤ ਸਿੰਘ ਸੁੱਕਰਚੱਕੀਆ ਮਿਸਲ ਦਾ ਮੁਖੀ ਬਣ ਗਿਆ। ਲੜਕੇ ਰਣਜੀਤ ਸਿੰਘ ਨੇ ਆਪਣੇ ਬਜ਼ੁਰਗਾਂ ਤੋਂ ਪੰਜਾਬ ਦੇ ਉੱਤਰ-ਪੱਛਮ ਵਿਚ ਇਕ ਖਾਸੀ ਤਕੜੀ ਜਾਇਦਾਦ ਵਿਰਸੇ ਵਿਚ ਪ੍ਰਾਪਤ ਕੀਤੀ ਅਤੇ ਨਿਧੜਕ ਘੋੜਿਆਂ ਦਾ ਰਸਾਲਾ, ਤੋਪਚੀ ਅਤੇ ਆਪਣੇ ਰਾਜ ਨੂੰ ਵਧਾਉਣ ਦੀ ਅਸੀਮ ਇੱਛਾ ਵੀ ਪ੍ਰਾਪਤ ਕੀਤੀ। ਕੁਝ ਅਰਸੇ ਵਿਚ ਹੀ ਇਸਨੇ ਸਤਲੁਜ ਦੇ ਉੱਤਰ ਵਿਚ ਮਿਸਲਾਂ ਖਤਮ ਕਰ ਦਿੱਤੀਆਂ ਅਤੇ ਪੰਜਾਬ ਦਾ ਸ਼ਕਤੀਸ਼ਾਲੀ ਸ਼ਾਸਕ ਬਣ ਗਿਆ।  


ਲੇਖਕ : ਹ.ਰ.ਗ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3749, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.