ਸੁੱਘ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ

ਸੁੱਘ (Sugh) : ਇਹ ਹਰਿਆਣਾ ਰਾਜ (ਭਾਰਤ) ਦੇ ਜ਼ਿਲ੍ਹਾ ਅੰਬਾਲਾ ਦੀ ਤਹਿਸੀਲ ਜਗਾਧਰੀ ਵਿਚ ਜਮਨਾ ਦੇ ਪੁਰਾਣੇ ਵਹਿਣ ਵਿਚ ਸਥਿਤ ਇਕ ਪਿੰਡ ਹੈ। ਇਸ ਦਾ ਪੁਰਾਣਾ ਨਾਂ ਸਰੁਘਨ ਹੈ। ਚੀਨੀ ਯਾਤਰੀ ਹਿਊਨਸਾਂਗ ਅਨੁਸਾਰ ਸਰੁਘਨ ਨਾਮੀ ਕਸਬਾ ਸਾਢੇ ਤਿੰਨ ਵਰਗ ਮੀਲ ਖੇਤਰਫਲ ਵਿਚ ਵਸਦਾ ਸੀ। ਇਹ ਥਾਂ ਬੁੱਧ ਤੇ ਹਿੰਦੂ ਧਰਮਾਂ ਦਾ ਸਿੱਖਿਆ ਅਤੇ ਸਾਹਿਤ ਦਾ ਕੇਂਦਰ ਸੀ। ਇਸਦੇ ਉੱਤਰ ਵਿਚ ਪਹਾੜ ਅਤੇ ਪੂਰਬ ਵਿਚ ਗੰਗਾ ਨਦੀ ਸੀ। ਜਮਨਾ ਨਦੀ ਇਸ ਦੇ ਨਾਲ ਦੀ ਵਹਿੰਦੀ ਸੀ। ਕਨਿੰਘਮ ਆਪਣੀ ਪੁਰਾਤਤਵ ਰਿਪੋਟ ਵਿਚ ਲਿਖਦਾ ਹੈ ਕਿ ਇਹ ਕਸਬਾ ਇਕ ਤਿਕੋਣੀ ਸ਼ਕਲ ਦੇ ਪਹਾੜੀ ਹਿੱਸੇ ਉੱਤੇ ਵਾਕਿਆ ਸੀ। ਇਸ ਨੂੰ ਤਿੰਨ ਪਾਸਿਆਂ ਤੋਂ ਪੁਰਾਤਨ ਜਮਨਾ ਨਦੀ ਨੇ ਘੇਰਿਆ ਹੋਇਆ ਸੀ। ਇਹ ਨਦੀ ਹੁਣ ਪੱਛਮੀ ਜਮਨਾ ਨਹਿਰ ਬਣੀ ਹੋਈ ਹੈ। ਉੱਤਰ ਅਤੇ ਪੱਛਮ ਵੱਲੋਂ ਇਹ ਕਸਬਾ ਪਹਾੜਾਂ ਨਾਲ ਘਿਰਿਆ ਹੋਇਆ ਸੀ। ਇਸ ਦੇ ਸਾਰੇ ਪਾਸੇ ਕਿਲ੍ਹੇ ਬਣੇ ਹੋਏ ਸਨ। ਹਰੇਕ ਕਿਲ੍ਹਾ ਡੇਢ ਹਜ਼ਾਰ ਫੁੱਟ ਅਤੇ ਇਕ ਹਜ਼ਾਰ ਫੁੱਟ ਚੌੜਾ ਸੀ। ਜਨਰਲ ਕਨਿੰਘਮ ਇਹ ਵੀ ਲਿਖਦਾ ਹੈ ਕਿ ਇਸ ਥਾਂ ਤੋਂ ਮਿਲੇ ਸਿੱਕਿਆਂ ਦੇ ਆਧਾਰ ਤੇ ਭਰੋਸੇ ਨਾਲ ਕਿਹਾ ਜਾ ਸਕਦਾ ਹੈ ਕਿ ਸਰੁਘਨ ਕਸਬਾ ਮੁਸਲਮਾਨਾਂ ਦੇ ਹਮਲੇ ਤਕ ਆਬਾਦ ਸੀ। ਉਸ ਸਮੇਂ ਸੁੱਘ ਨਾਂ ਦਾ ਇਕ ਛੋਟਾ ਜਿਹਾ ਪਿੰਡ ਪੱਛਮ ਵੱਲ ਸੀ ਅਤੇ ਬੂੜੀਆਂ ਪਿੰਡ ਦਿਆਲਗੜ੍ਹ ਦੇ ਉੱਤਰ ਵਿਚ ਸੀ।

          30° 9' ਉ. ਵਿਥ.; 77° 23' ਪੂ. ਲੰਬ.

          ਹ. ਪੁ.––ਇੰਪ. ਗ. ਇੰਡ. 23:115


ਲੇਖਕ : ਰਾਓ ਉੱਤਮ ਸਿੰਘ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 7916, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-01-07, ਹਵਾਲੇ/ਟਿੱਪਣੀਆਂ: no

ਸੁੱਘ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਸੁੱਘ  :  ਇਹ ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਦੀ ਜਗਾਧਰੀ ਤਹਿਸੀਲ ਦਾ ਇਕ ਪਿੰਡ ਹੈ ਜਿਹੜਾ ਜਮਨਾ ਦੇ ਪੁਰਾਣੇ ਵਹਿਣ ਉਤੇ ਸਥਿਤ ਹੈ। ਇਸ ਦਾ ਪੁਰਾਣਾ ਨਾਂ ਸਰੁਘਨ ਸੀ। ਚੀਨੀ ਯਾਤਰੀ ਹਿਊਨਸਾਂਗ ਦੀ ਭਾਤਰ ਯਾਤਰਾ ਦੇ ਵਰਣਨ ਵਿਚ ਵੀ ਇਸ ਥਾਂ ਦਾ ਜ਼ਿਕਰ ਆਉਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਇਸ ਥਾਂ ਬੁੱਧ ਅਤੇ ਹਿੰਦੂ ਧਰਮਾਂ ਦਾ ਪ੍ਰਸਿੱਧ ਸਾਹਿਤ ਅਤੇ ਸਿੱਖਿਆ ਕੇਂਦਰ ਵੀ ਸੀ। ਕਨਿੰਘਮ ਨੇ ਵੀ ਆਪਣੀ ਪੁਰਾਂਤੱਤਵ ਰਿਪੋਟ ਵਿਚ ਇਸ ਕਸਬੇ ਦੀ ਤਿਕੋਨੀ ਸ਼ਕਲ ਦਾ ਵਰਣਨ ਕੀਤਾ ਹੈ। ਉਸ ਸਮੇਂ ਇਹ ਕਸਬਾ ਉੱਤਰ ਅਤੇ ਪੱਛਮ ਵੱਲੋਂ ਪਹਾੜਾਂ ਨਾਲ ਘਿਰਿਆ ਹੋਇਆ ਸੀ। ਇਸ ਦੇ ਸਾਰੇ ਪਾਸਿਆਂ ਤੇ ਕਿਲੇ ਬਣੇ ਹੋਏ ਸਨ। ਹਰੇਕ ਕਿਲਾ ਡੇਢ ਹਜ਼ਾਰ ਫੁੱਟ ਲੰਬਾ ਅਤੇ ਇਕ ਹਜ਼ਾਰ ਫੁੱਟ ਚੌੜਾ ਸੀ। ਕਨਿੰਘਮ ਅਨੁਸਾਰ ਇਸ ਥਾਂ ਤੋਂ ਮਿਲੇ ਸਿੱਕਿਆਂ ਤੋਂ ਪਤਾ ਲਗਦਾ ਹੈ ਕਿ ਸਰੁਘਨ ਕਸਬਾ ਮੁਸਲਮਾਨਾਂ ਦੇ ਹਮਲੇ ਤਕ ਆਬਾਦ ਸੀ।

        ਸਥਿਤੀ – 30º 9' ਉ. ਵਿਥ. ; 77º 23' ਪੂ. ਲੰਬ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 7339, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-18-12-51-55, ਹਵਾਲੇ/ਟਿੱਪਣੀਆਂ: ਹ. ਪੁ. –ਇੰਪ. ਗ. ਇੰਡ. 23:115

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.