ਸੂਫੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੂਫੀ. ਫ਼ੀ. ਅ਼ਰਬੀ ਸੂਫ ਪਦ ਦਾ ਅਰਥ ਪਵਿਤ੍ਰਤਾ ਅਤੇ ਉਂਨ ਹੈ. ਜੋ ਕੰਬਲ ਅਥਵਾ ਕੰਬਲ ਦੀ ਖਫਨੀ ਪਹਿਰੇ ਉਹ ਸੂਫੀ ਹੈ। ੨ ਜੋ ਪਵਿਤ੍ਰਾਤਮਾ ਹੋਵੇ ਉਹ ਸੂਫੀ ਹੈ। ੩ ਯੂਨਾਨੀ “ਸੋਫੀਆ” ਪਦ ਗਿਆਨ ਬੋਧਕ ਹੈ ਜੋ ਗਿਆਨੀ ਹੋਵੇ ਉਹ ਸੂਫੀ ਹੈ। ੪ ਮੁਸਲਮਾਨਾਂ ਦਾ ਇੱਕ ਫਿਰਕਾ ਸੂਫੀ ਅਥਵਾ ਸੂਫਈ ਅਖਾਉਂਦਾ ਹੈ ਜੋ ਵੇਦਾਂਤ ਅਤੇ ਇਸਲਾਮ ਦੇ ਮੇਲ ਤੋਂ ਉਪਜਿਆ ਹੈ. ਇਸ ਮਤ ਦਾ ਪ੍ਰਚਾਰਕ ਬਹਾਉੱਦੀਨ ਸਾਮ ਹੈ, ਜੋ ਈਸਵੀ ਤੇਰਵੀਂ ਸਦੀ ਦੇ ਆਰੰਭ ਵਿੱਚ ਹੋਇਆ ਹੈ. ਸੂਫੀਆਂ ਦੇ ਨੇਮ ਇਹ ਹਨ—
ੳ. ਖ਼ੁਦਾ ਸਭ ਵਿੱਚ ਹੈ ਅਰ ਖ਼ੁਦਾ ਵਿੱਚ ਸਭ ਕੁਝ ਹੈ.
ਅ. ਮਜਹਬ ਮੁਕਤਿ ਦਾ ਸਾਖ੍ਯਾਤ ਸਾਧਨ ਨਹੀਂ, ਕੇਵਲ ਜੀਵਨਯਾਤ੍ਰਾ ਦਾ ਤਰੀਕਾ ਹੈ.
ੲ. ਖ਼ੁਦਾ ਦੀ ਰ ਵਿੱਚ ਸਾਰੀ ਰਚਨਾ ਹੈ, ਉਸ ਦੀ ਪ੍ਰੇਰਣਾ ਬਿਨਾ ਆਦਮੀ ਕੁਝ ਨਹੀਂ ਕਰ ਸਕਦਾ.
ਸ. ਜੀਵਾਤਮਾ ਦੇਹ ਤੋਂ ਪਹਿਲਾਂ ਸੀ, ਅਰ ਕਰਣੀ ਦੇ ਪ੍ਰਭਾਵ ਖ਼ੁਦਾ ਵਿੱਚ ਸਮਾਵੇਗਾ.
ਹ. ਪੂਰੇ ਗੁਰੂ ਦੀ ਕ੍ਰਿਪਾ ਨਾਲ ਖ਼ੁਦਾ ਦੇ ਸਿਮਰਣ ਵਿੱਚ ਲੀਨ ਰਹਿਣ ਤੋਂ ਅਭੇਦਤਾ ਪ੍ਰਾਪਤ ਹੁੰਦੀ ਹੈ.
ਜਿਸ ਤਰ੍ਹਾਂ ਵੇਦਾਂਤੀਆਂ ਨੇ ਸੱਤ ਭੂਮਿਕਾਂ ਮੰਨੀਆਂ ਹਨ, ਉਸੇ ਤਰ੍ਹਾਂ ਸੂਫੀ, ਪਰਮਪਦ ਦੇ ਸਫਰ ਦੀਆਂ ਚਾਰ ਮੰਜਲਾਂ ਕਲਪਦੇ ਹਨ ਅਰ ਮੁਸਾਫਿਰ ਜਿਗ੍ਯਾਸੂ ਨੂੰ “ਸਾਲਿਕ” ਆਖਦੇ ਹਨ.
ਪਹਿਲੀ ਮੰਜਿਲ “ਨਾਸੂਤ” (ਇਨਸਾਨੀਯਤ) ਹੈ, ਜਿਸ ਵਿੱਚ ਸ਼ਰੀਅਤ ਅਨੁਸਾਰ ਚਲਣਾ ਜਰੂਰੀ ਹੈ.
ਦੂਜੀ ਮੰਜਿਲ “ਮਲਕੂਤ” (ਫਰਿਸ਼ਤਾ ਖ਼ਸਲਤ) ਹੈ, ਜਿਸ ਵਿੱਚ “ਤਰੀਕਤ” ਅਰਥਾਤ ਮੁਰਸ਼ਿਦ ਦੇ ਦੱਸੇ ਤਰੀਕੇ ਅਨੁਸਾਰ ਚੱਲਣਾ ਹੈ.
ਤੀਜੀ ਮੰਜਿਲ “ਜਬਰੂਤ” (ਸ਼ਕਤਿ) ਹੈ, ਜਿਸ ਵਿੱਚ “ਮਾਰਫਤ” (ਗ੍ਯਾਨ ਬਲ) ਦੀ ਪ੍ਰਾਪਤੀ ਹੁੰਦੀ ਹੈ.
ਚੌਥੀ ਮੰਜਲ “ਫਨਾ” (ਅਭਾਵ) ਹੈ, ਜਿਸ ਵਿੱਚ “ਹਕੀਕਤ” (ਸਤ੍ਯ ਸਰੂਪ) ਦੀ ਪ੍ਰਾਪਤੀ ਹੋਣ ਕਰਕੇ ਸਭ ਕਲਪਿਤ ਵਸਤੂਆਂ ਦਾ ਅਭਾਵ ਹੋ ਕੇ “ਵਸਲ” (ਮਿਲਾਪ) ਹੁੰਦਾ ਹੈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14549, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no
ਸੂਫੀ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸੂਫੀ, ਅਰਬੀ / ਪੁਲਿੰਗ : ਸੂਫ਼ੀ ਮਤ ਦਾ ਅਨੁਸਾਰੀ ਜੋ ਪ੍ਰੇਮ ਨੂੰ ਹੀ ਰੱਬ ਦੇ ਮਿਲਣ ਦਾ ਸਾਧਨ ਮੰਨਦਾ ਹੈ
–ਸੂਫੀਆਨਾ, ਵਿਸ਼ੇਸ਼ਣ : ੧. ਸੂਫੀਆ ਦੇ ਸਾਈਆਂ ਵਰਗਾ, ਜੋ ਸ਼ੋਖ ਨਹੀਂ, ਜੋ ਭੜਕੀਲਾ ਨਹੀਂ;੨. ਸੂਫਿਆਨਾ, ਸਾਦਾ, ਭੜਕ ਤੋਂ ਬਗ਼ੈਰ; ੩. ਰਹੱਸਮਈ
–ਸੂਫ਼ੀ ਮਤ, ਪੁਲਿੰਗ : ਮੁਸਲਮਾਨ ਸਾਈਂ ਲੋਕਾਂ ਦਾ ਇੱਕ ਫਿਰਕਾ ਜੋ ਕਾਲੇ ਕੱਪੜੇ ਪਹਿਨਦੇ ਹਨ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3833, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-15-04-50-52, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First