ਸੂਰਜ ਮੱਲ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੂਰਜ ਮੱਲ : ਗੁਰੂ ਹਰਗੋਬਿੰਦ ਜੀ ਦੇ ਸੁਪੁੱਤਰ ਸਨ ਜੋ 9 ਜੂਨ 1617 ਨੂੰ ਅੰਮ੍ਰਿਤਸਰ ਵਿਖੇ ਮਾਤਾ ਮਹਾ ਦੇਵੀ ਮਰਵਾਹੀ ਦੀ ਕੁਖੋਂ ਜਨਮੇਂ ਸਨ। ਪੰਜਾਬ ਦੇ ਅਜੋਕੇ ਜਲੰਧਰ ਜ਼ਿਲੇ ਵਿਚ ਕਰਤਾਰਪੁਰ ਨਿਵਾਸੀ ਭਾਈ ਪ੍ਰੇਮ ਚੰਦ ਦੀ ਸੁਪੁੱਤਰੀ ਖੇਮ ਕੌਰ ਨਾਲ ਇਹਨਾਂ ਦੀ ਸ਼ਾਦੀ 23 ਅਪ੍ਰੈਲ 1629 ਨੂੰ ਹੋਈ ਸੀ। ਇਹਨਾਂ ਦੇ ਘਰ 1633 ਵਿਚ ਦੀਪ ਚੰਦ ਨਾਂ ਦਾ ਪੁੱਤਰ ਪੈਦਾ ਹੋਇਆ। 1645 ਵਿਚ ਇਹਨਾਂ ਦੀ ਮਾਂ ਮਾਤਾ ਮਰਵਾਹੀ ਦੇ ਚਲਾਣਾ ਕਰਨ ਉਪਰੰਤ ਸੂਰਜ ਮੱਲ ਅਕਾਲ ਚਲਾਣਾ ਕਰ ਗਏ। ਦੀਪ ਚੰਦ ਦੇ ਦੋ ਪੁੱਤਰ ਸਨ; ਗੁਲਾਬ ਰਾਇ (ਜਨਮ 1660) ਅਤੇ ਸ਼ਿਆਮ ਚੰਦ (ਜਨਮ 1662) ਜਿਨ੍ਹਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਅਤੇ ਕ੍ਰਮਵਾਰ ਗੁਲਾਬ ਸਿੰਘ ਅਤੇ ਸ਼ਿਆਮ ਸਿੰਘ ਬਣ ਗਏ। ਅਨੰਦਪੁਰ ਦੇ ਸੋਢੀ , ਸ਼ਿਆਮ ਸਿੰਘ ਦੇ ਉਤਰਾਧਿਕਾਰੀ ਹਨ।
ਲੇਖਕ : ਮ.ਗ.ਸ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2451, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਸੂਰਜ ਮੱਲ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ
ਸੂਰਜ ਮੱਲ : ਸੂਰਜ ਮੱਲ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਸਪੁੱਤਰ ਸੀ, ਜਿਸਦਾ ਜਨਮ ਮਾਤਾ ਮਹਾਂਦੇਵੀ ਦੀ ਕੁੱਖੋਂ (1717 ਈ.) ਸੰਮਤ 1674 ਵਿਚ ਅੰਮ੍ਰਿਤਸਰ ਵਿਖੇ ਹੋਇਆ। ਇਸ ਦੀ ਸ਼ਾਦੀ ਕਰਤਾਰਪੁਰ ਵਿਖੇ ਪ੍ਰੇਮ ਚੰਦ ਸਿਲੀ ਖੱਤਰੀ ਦੀ ਸਪੁੱਤਰੀ ਖੇਮ ਕੌਰ ਨਾਲ ਹੋਈ, ਜਿਸਦੀ ਕੁੱਖੋਂ ਸੰਮਤ 1690 ਵਿਚ ਦੀਪ ਚੰਦ ਦਾ ਜਨਮ ਹੋਇਆ। ਇਸੇ ਦੀਪ ਚੰਦ ਦੇ ਪੁੱਤਰ ਗੁਲਾਬ ਰਾਇ ਤੇ ਸ਼ਿਆਮ ਚੰਦ ਹੋਏ, ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਪਾਨ ਕਰਕੇ ਗੁਲਾਬ ਸਿੰਘ ਤੇ ਸ਼ਿਆਮ ਸਿੰਘ ਅਖਵਾਏ। ਗੁਲਾਬ ਸਿੰਘ ਦੇ ਸੰਤਾਨ ਨਹੀਂ ਸੀ। ਹੁਣ ਵਾਲੇ ਆਨੰਦਪੁਰ ਦੇ ਸੋਢੀ ਸ. ਸ਼ਿਆਮ ਸਿੰਘ ਦੀ ਬੰਸ ਵਿਚੋਂ ਹੀ ਹਨ ਤੇ ਸਿੱਖਾਂ ਵਿਚ ਇਨ੍ਹਾਂ ਦਾ ਚੰਗਾ ਆਦਰ-ਮਾਣ ਹੈ। ਸ. ਸ਼ਿਆਮ ਸਿੰਘ ਦਾ ਪੁੱਤਰ ਸ. ਨਾਹਰ ਸਿੰਘ ਤੇ ਪੋਤਰਾ ਸ. ਸੁਰਜਨ ਸਿੰਘ ਚੰਗੇ ਪ੍ਰਤਾਪੀ ਪੁਰਖ ਹੋਏ ਹਨ, ਜਿਨ੍ਹਾਂ ਤੇਗ਼ ਦੇ ਬਲ ਨਾਲ ਸੋਢੀ ਬੰਸ ਦੀ ਸ਼ਾਨ ਨੂੰ ਕਾਇਮ ਰਖਿਆ।
ਹ. ਪੁ.––ਮ. ਕੋ.
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1743, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-01-07, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First