ਸੂਲੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੂਲੀ (ਨਾਂ,ਇ) ਫਾਹਾ ਦੇਣ ਲਈ ਗੱਡੀ ਥੰਮ੍ਹੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8457, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸੂਲੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੂਲੀ ਸੰਗ੍ਯਾ—ਸਲੀਬ. ਸ਼ੂਲਾ2. “ਜਿਉ ਤਸਕਰ ਉਪਰਿ ਸੂਲਿ.” (ਵਾਰ ਗਉ ੨ ਮ: ੫) ੨ ਚਿੰਤਾ. ਫਿਕਰ. “ਖਾਵਣ ਸੰਦੜੈ ਸੂਲਿ.” (ਵਾਰ ਗਉ ੨ ਮ: ੫) ੩ ਦੁੱਖ. ਪੀੜਾ. “ਪੜਹਿ ਦੋਜਕ ਕੈ ਸੂਲਿ.” (ਵਾਰ ਗਉ ੨ ਮ: ੫) ੪ ਸੰ. शूलिन्. ਵਿ—ਤ੍ਰਿਸੂਲਧਾਰੀ। ੫ ਸੰਗ੍ਯਾ—ਸ਼ਿਵ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8402, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸੂਲੀ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ

ਸੂਲੀ : ਇਹ ਲੋਹੇ ਜਾਂ ਲੱਕੜੀ ਦਾ ਨੁਕੀਲਾ ਡੰਡਾ ਜਾਂ ਇਸ ਤਰ੍ਹਾਂ ਦੀ ਕੋਈ ਹੋਰ ਚੀਜ਼ ਹੁੰਦੀ ਸੀ, ਜਿਸ ਉੱਤੇ ਬਿਠਾ ਕੇ ਲਿਟਾ ਕੇ ਜਾਂ ਕਿੱਲਾਂ ਨਾਲ ਗੱਡ ਕੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਸੀ। ਮੌਤ ਦੀ ਸਜ਼ਾ ਦੇਣ ਲਈ ਸੂਲੀ ਦੀ ਵਰਤੋਂ ਬਹੁਤ ਪੁਰਾਣੇ ਸਮਿਆਂ ਤੋਂ ਪ੍ਰਚਲਤ ਸੀ। ਕੁਝ ਇਤਿਹਾਸਕਾਰਾਂ ਦਾ ਵਿਚਾਰ ਇਹ ਹੈ ਕਿ ਯੂਨਾਨ ਅਤੇ ਰੋਮ ਵਿਚ ਘੋਰ ਅਪਰਾਧੀਆਂ ਨੂੰ ਮੌਤ ਦੀ ਸਜ਼ਾ ਦੇਣ ਲਈ ਸੂਲੀ ਦੀ ਵਰਤੋਂ ਕੀਤੀ ਜਾਂਦੀ ਸੀ। ਉਨ੍ਹਾਂ ਨੇ ਇਹ ਤਰੀਕਾ ਸ਼ਾਇਦ ਕਾਰਥਿਜੀਅਨਾਂ ਤੋਂ ਲਿਆ ਸੀ, ਜਿਹੜੇ ਕਿ ਬੜੇ ਜ਼ਾਲਮ ਸਨ।

          ਰਿਗਵੇਦ ਅਤੇ ਯਜੁਰਵੇਦ ਦੇ ਅਧਿਐਨ ਤੋਂ ਪਤਾ ਲਗਦਾ ਹੈ ਕਿ ਪੁਰਾਣੇ ਸਮਿਆਂ ਵਿਚ ਹਿੰਦੂਆਂ ਵਿਚ ਸੂਲੀ ਦੀ ਸਜ਼ਾ ਦੇਣ ਦਾ ਰਿਵਾਜ ਨਹੀਂ ਸੀ। ਮੈਗਸਥਨੀਜ਼, ਜੋ ਸੀਲਿਊਕਸ ਵੱਲੋਂ ਚੰਦਰਗੁਪਤ ਮੋਰੀਆ ਦੇ ਦਰਬਾਰ ਵਿਚ 302 ਈ. ਪੂ. ਤੋਂ 291 ਈ. ਪੂ. ਤਕ ਰਿਹਾ, ਬੱਧ ਜਾਂ ਕਤਲ ਦਾ ਜ਼ਿਕਰ ਕਰਦਾ ਹੈ, ਪਰ ਇਹ ਸਪਸ਼ਟ ਨਹੀਂ ਕਿ ਬੱਧ ਲਈ ਕਿਹੜਾ ਤਰੀਕਾ ਵਰਤਿਆ ਜਾਂਦਾ ਸੀ। ਉਸਨੇ ‘ਇੰਡੀਕਾ’ ਵਿਚ ਲਿਖਿਆ ਹੈ ਕਿ ਚੋਰੀ, ਡਾਕਾ, ਬਦਚਲਣੀ ਵਰਗੇ ਖ਼ਤਰਨਾਕ ਜੁਰਮਾਂ ਦੀ ਸਜ਼ਾ ਹੱਥ ਪੈਰ ਕਟ ਦੇਣਾ ਜਾਂ ਮੌਤ ਦੀ ਸਜ਼ਾ ਸੀ। ਇਨ੍ਹਾਂ ਸਖ਼ਤ ਸਜ਼ਾਵਾਂ ਦੇ ਕਾਰਨ ਜੁਰਮ ਬਹੁਤ ਘੱਟ ਹੁੰਦੇ ਸਨ। ਫ਼ਾਹੀਆਨ, ਜੋ 402 ਈ. ਤੋਂ 414 ਈ. ਤਕ ਹਿੰਦੁਸਤਾਨ ਵਿਚ ਰਿਹਾ, ਲਿਖਦਾ ਹੈ ਕਿ ਕਾਨੂੰਨ ਨਰਮ ਸਨ ਅਤੇ ਮੌਤ ਦੀ ਸਜ਼ਾ ਦਾ ਕਿਤੇ ਜ਼ਿਕਰ ਨਹੀਂ ਕਰਦਾ। ਇਸੇ ਪ੍ਰਕਾਰ ਹਿਊਨਸਾਂਗ ਨੇ ਵੀ ਸੂਲੀ ਬਾਰੇ ਕੋਈ ਜ਼ਿਕਰ ਨਹੀਂ ਕੀਤਾ।

          ਇਕ ਅਰਬ ਯਾਤਰੀ ਸੁਲੇਮਾਨ ਤਾਜਰ 237 ਹਿਜਰੀ ਵਿਚ ਹਿੰਦੁਸਤਾਨ ਆਇਆ ਸੀ। ਉਹ ਆਪਣੇ ਸਫ਼ਰਨਾਮੇ ਵਿਚ ਲਿਖਦਾ ਹੈ ਕਿ ਹਿੰਦ ਵਿਚ ਬਦਕਾਰੀ ਦੀ ਸਜ਼ਾ ਦੋਹਾਂ ਮੁਜਰਮਾਂ ਦਾ ਕਤਲ ਅਤੇ ਚੋਰੀ ਦੀ ਸਜ਼ਾ ਵੀ ਮੌਤ ਸੀ। ਇਸਦਾ ਤਰੀਕਾ ਇਹ ਸੀ ਕਿ ਮੁਜਰਮ ਨੂੰ ਇਕ ਨੋਕਦਾਰ ਲੱਕੜੀ ਉੱਤੇ ਬਿਠਾ ਦਿੱਤਾ ਜਾਂਦਾ ਸੀ ਅਤੇ ਨੋਕ ਹੇਠਾਂ ਤੋਂ ਹਲਕ ਤੱਕ ਚਲੀ ਜਾਂਦੀ ਸੀ।

          ਅਬੂਰੀਹਾਨ ਅਲਬੈਰੂਨੀ (ਮੌਤ 1048) ਮਹਿਮੂਦ ਗ਼ਜ਼ਨਵੀ ਨਾਲ ਹਿੰਦੁਸਤਾਨ ਆਇਆ ਸੀ। ਉਸਨੇ ਲਿਖਿਆ ਹੈ ਕਿ ਕਾਨੂੰਨ ਬਹੁਤ ਸਖ਼ਤ ਸਨ। ਹੱਥ-ਪੈਰ ਕੱਟਣ ਅਤੇ ਮੌਤ ਦੀ ਸਜ਼ਾ ਆਮ ਸੀ। ਉਸਨੇ ਸੂਲੀ ਦੀ ਸਜ਼ਾ ਬਾਰੇ ਕੋਈ ਜ਼ਿਕਰ ਨਹੀਂ ਕੀਤਾ।

          ਇਬਨ ਬਤੂਤਾ 1333 ਤੋਂ 1342 ਈ. ਤਕ ਹਿੰਦੁਸਤਾਨ ਵਿਚ ਰਿਹਾ। ਉਸਨੇ ਆਪਣੇ ਸਫ਼ਰਨਾਮੇ ਵਿਚ ਮੁਹੰਮਦ ਤੁਗ਼ਲਕ ਦੀਆਂ ਸਖ਼ਤੀਆਂ ਅਤੇ ਖ਼ਤਰਨਾਕ ਸਜ਼ਾਵਾਂ ਦਾ ਜ਼ਿਕਰ ਕੀਤਾ ਹੈ। ਉਹ ਲਿਖਦਾ ਹੈ ਕਿ ਉਸ ਸਮੇਂ ਹਾਥੀਆਂ ਦੇ ਪੈਰਾਂ ਹੇਠ ਕੁਚਲਣ ਜਾਂ ਸੂਲੀ ਤੇ ਲਟਕਾਉਣ ਦੀ ਸਜ਼ਾ ਆਮ ਸੀ।

          ਸੂਲੀ ਦੇ ਨਿਸ਼ਾਨ ਨੂੰ ਅੱਜ ਕਲ੍ਹ ਈਸਾਈ ਜਗਤ ਵਿਚ ਵਿਸ਼ੇਸ਼ ਮਹੱਤਤਾ ਦਿੱਤੀ ਜਾਂਦੀ ਹੈ। ਭਾਵੇਂ ਹਜ਼ਰਤ ਈਸਾ ਨੂੰ ਸੂਲੀ ਤੇ ਲਟਕਾਏ ਜਾਣ ਤੋਂ ਮਗਰੋਂ ਸੂਲੀ ਨੇ ਬਹੁਤ ਮਹੱਤਤਾ ਪ੍ਰਾਪਤ ਕੀਤੀ, ਪਰ ਇਸ ਨਿਸ਼ਾਨ ਦੀ ਵਰਤੋਂ ਇਕ ਧਾਰਮਕ ਨਿਸ਼ਾਨ ਦੇ ਤੌਰ ਤੇ ਪਹਿਲਾਂ ਵੀ ਪ੍ਰਚਲਤ ਸੀ। ਉਸ ਸਮੇਂ ਸੂਲੀ ਦੇ ਨਿਸ਼ਾਨ ਦੋ ਕਿਸਮਾਂ ਦੇ ਹੁੰਦੇ ਸਨ। ਸੂਲੀ ਦਾ ਨਿਸ਼ਾਨ ਅੰਗਰੇਜ਼ੀ ਅੱਖਰ T ਦੀ ਸ਼ਕਲ ਦਾ ਹੁੰਦਾ ਸੀ ਜਾਂ ਇਹ ਨਿਸ਼ਾਨ ਸਵਾਸਤਿਕਾ 卐 ਦਾ ਹੁੰਦਾ ਸੀ। T ਦੀ ਸ਼ਕਲ ਦਾ ਨਿਸ਼ਾਨ ਮਿਸਰ ਅਤੇ ਸੀਰੀਆ ਵਿਚ ਆਮ ਮਿਲਦਾ ਹੈ। ਸਵਾਸਤਿਕਾ ਦੇ ਨਿਸ਼ਾਨ ਦੀ ਵਰਤੋਂ ਹਿੰਦੁਸਤਾਨ ਅਤੇ ਚੀਨ ਵਿਚ ਈਸਾ ਤੋਂ ਬਹੁਤ ਪਹਿਲਾਂ ਹੁੰਦੀ ਸੀ। ਹਜ਼ਰਤ ਈਸਾ ਦੇ ਸਲੀਬ ਤੇ ਚੜ੍ਹਨ ਤੋਂ ਬਾਅਦ ਈਸਾਈ ਜਗਤ ਵਿਚ ਸੂਲੀ ਦਾ ਨਿਸ਼ਾਨ ਬਹੁਤ ਮਹੱਤਵ ਧਾਰਨ ਕਰ ਗਿਆ। ਰੋਮਨ ਸ਼ਹਿਨਸ਼ਾਹ ਕਾਨਸਟੈਨਟਾਈਨ ਨੇ ਇਸ ਨੂੰ ਈਸਾਈ ਧਰਮ ਦਾ ਨਿਸ਼ਾਨ ਕਰਾਰ ਦਿੱਤਾ।

          ਸੇਂਟ ਅਗਸਟੀਨ ਨੇ ਲਿਖਿਆ ਹੈ ਕਿ ਧਾਰਮਕ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਸੂਲੀ ਦਾ ਨਿਸ਼ਾਨ ਬਣਾਉਣਾ ਚਾਹੀਦਾ ਹੈ। ਯੂਨਾਨੀ ਅਤੇ ਲਾਤੀਨੀ ਰੋਮਨ ਕੈਥੋਲਿਕ ਧਰਮ ਦੀਆਂ ਸਰਵਿਸ ਬੁੱਕਾਂ ਵਿਚ ਸੂਲੀ ਦੇ ਨਿਸ਼ਾਨ ਦੀ ਵਰਤੋਂ ਥਾਂ ਥਾਂ ਮਿਲਦੀ ਹੈ। ਕਈ ਯੂਨਾਨੀ ਮੁਲਕਾਂ ਦੇ ਕੌਮੀ ਝੰਡਿਆਂ ਉੱਤੇ ਸੂਲੀ ਦਾ ਨਿਸ਼ਾਨ ਮਿਲਦਾ ਹੈ। ਯੂਨੀਅਨ ਜੈਕ ਤਿੰਨ ਸਲੀਬਾਂ ਦਾ ਮੇਲ ਹੈ। ਮੱਧ ਯੁੱਗ ਦੇ ਕਈ ਸਰਦਾਰਾਂ ਦੀਆਂ ਸੰਜੋਆਂ ਉੱਤੇ ਵੀ ਕਰਾਸ ਦਾ ਨਿਸ਼ਾਨ ਹੁੰਦਾ ਸੀ। ਕਈ ਈਸਾਈ ਬਾਦਸ਼ਾਹਾਂ ਅਤੇ ਰਾਣੀਆਂ ਦੇ ਗਲੇ ਦੇ ਜ਼ੇਵਰਾਂ ਉੱਤੇ ਅਤੇ ਬਿਸ਼ਪਾਂ ਦੇ ਚੋਗਿਆਂ ਉੱਤੇ ਵੀ ਕਰਾਸ ਦਾ ਨਿਸ਼ਾਨ ਬਣਵਾਇਆ ਜਾਂਦਾ ਸੀ।

          ਹ. ਪੁ.––ਐਨ. ਬ੍ਰਿ. 6; ਹਿਸਟਰੀ ਆਫ਼ ਮੀ. ਇੰ.; ਐਨ. ਰਿ. ਐਥਿ.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 6887, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-01-07, ਹਵਾਲੇ/ਟਿੱਪਣੀਆਂ: no

ਸੂਲੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੂਲੀ, ਇਸਤਰੀ ਲਿੰਗ : ੧.  ਟੀ ਸਕੇਅਰ ਦੀ ਸ਼ਕਲ ਦੀ ਲੱਕੜੀ ਦਾ ਇੱਕ ਢਾਂਚਾ ਜਿਸ ਤੇ ਮੁਜਰਮਾਂ ਨੂੰ ਹੱਥਾਂ ਪੈਰਾਂ ਵਿੱਚ ਕਿੱਲ ਠੋਕ ਕੇ ਲਟਕਾ ਦਿੱਤਾ ਜਾਂਦਾ ਸੀ ਤੇ ਇੰਜ ਉਨ੍ਹਾਂ ਦੀ ਸਹਿਕ ਸਹਿਕ ਕੇ ਜਾਨ ਨਿਕਲਦੀ ਸੀ, ਫਾਹੇ ਦੇਣ ਵਾਲੀ ਥੰਮ੍ਹੀ, ਠਾਹ; ੨. ਇੱਕ ਬੂਟਾ (ਕ੍ਰਿਤ ਭਾਈ ਬਿਸ਼ਨਦਾਸ ਪੁਰੀ)

–ਸੂਲੀ ਚੜ੍ਹਨਾ, ਮੁਹਾਵਰਾ : ੧.  ਫਾਹੇ ਲਗਣਾ;੨. ਤਕਲੀਫ਼ ਵਾਲਾ ਕੰਮ ਸਿਰ ਲੈਣਾ

–ਸੂਲੀ ਚੜ੍ਹੇ ਹੋਣਾ, ਮੁਹਾਵਰਾ : ਬਹੁਤ ਤੰਗੀ ਮੰਨਣਾ, ਤਕਲੀਫ਼ ਵੱਸ ਪਏ ਹੋਣਾ

–ਸੂਲੀ ਚਾੜ੍ਹਨਾ; ਮੁਹਾਵਰਾ : ਫਾਹੇ ਲਾਉਣਾ, ਤਕਲੀਫ਼ ਦੇ ਮੂੰਹ ਦੇਣਾ

–ਸੂਲੀ ਤੇ ਚੜ੍ਹਾਉਣਾ, ਮੁਹਾਵਰਾ : ਸੂਲੀ ਦੀ ਸਜ਼ਾ ਦੇਣਾ, ਬਹੁਤ ਦੁੱਖ ਦੇਣਾ

–ਜਾਨ ਸੂਲੀ ਤੇ ਟੰਗੀ ਹੋਣਾ, ਮੁਹਾਵਰਾ : ਬਹੁਤ ਤੰਗੀ ਵਿੱਚ ਹੋਣਾ, ਚਿੰਤਾ ਲਗੀ ਹੋਣਾ

–ਨੀਂਦ ਸੂਲੀ ਤੇ ਭੀ ਆ ਜਾਂਦੀ ਹੈ, ਅਖੌਤ : ਨੀਂਦ ਦਾ ਗਲਬਾ ਬੜਾ ਜੋਰਾਵਰ ਹੈ। ਨਿਹੈਤ ਤਕਲੀਫ਼ ਦੀ ਹਾਲਤ ਵਿੱਚ ਵੀ ਇਹ ਆਉਣੋਂ ਨਹੀਂ ਰਹਿੰਦੀ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2850, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-16-01-07-52, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ

ਬਲਕਾਰ ਸਿੰਘ


Balkar y, ( 2024/11/26 07:5016)

ਬਲਕਾਰ ਸਿੰਘ


Balkar y, ( 2024/11/26 07:5033)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.