ਸੂਫ਼ੀ-ਕਾਵਿ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸੂਫ਼ੀ-ਕਾਵਿ : ਸੂਫ਼ੀ-ਕਾਵਿ ਮੱਧ-ਕਾਲ ਦੇ ਪੰਜਾਬੀ ਸਾਹਿਤ ਦੀ ਗੌਰਵਮਈ ਧਾਰਾ ਹੈ। ਇਸ ਕਾਵਿ ਧਾਰਾ ਦੀ ਮੁਢਲੀ ਪਛਾਣ ਸੂਫ਼ੀ ਮਤ ਜਾਂ ਸੂਫ਼ੀਵਾਦ ਦੇ ਹਵਾਲੇ ਨਾਲ ਹੁੰਦੀ ਹੈ। ਇਹ ਗੱਲ ਇਸ ਧਾਰਾ ਨਾਲ ਜੁੜੇ ਹੋਏ ‘ਸੂਫ਼ੀ` ਸ਼ਬਦ ਤੋਂ ਹੀ ਸਪਸ਼ਟ ਹੋ ਜਾਂਦੀ ਹੈ। ਸੱਚ ਤਾਂ ਇਹ ਹੈ ਕਿ ਇਸ ਧਾਰਾ ਦੇ ਸਮੂਹ ਕਵੀ ਮੂਲ ਰੂਪ ਵਿੱਚ ਸੂਫ਼ੀ ਸਾਧਕ ਜਾਂ ਫ਼ਕੀਰ ਹੋਏ ਹਨ ਅਤੇ ਉਹਨਾਂ ਨੇ ਸੂਫ਼ੀ ਵਿਚਾਰਧਾਰਾ ਨੂੰ ਹੀ ਆਪਣੇ ਸ਼ਾਇਰਾਨਾ ਕਲਾਮ ਦਾ ਆਧਾਰ ਬਣਾਇਆ ਹੈ।

     ‘ਸੂਫ਼` ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸਦਾ ਅਰਥ ਹੈ-ਉੱਨ। ਪੁਰਾਣੇ ਸਮੇਂ ਵਿੱਚ ਇਸਲਾਮ ਧਰਮ ਨੂੰ ਮੰਨਣ ਵਾਲੇ ਫ਼ਕੀਰ ਅਤੇ ਦਰਵੇਸ਼ ਕਾਲੀ ਉੱਨ ਦਾ ਲਿਬਾਸ ਪਹਿਨਦੇ ਸਨ ਜਿਸਨੂੰ ਸਾਦਗੀ, ਫ਼ਕੀਰੀ ਅਤੇ ਪਵਿੱਤਰਤਾ ਦਾ ਚਿੰਨ੍ਹ ਸਮਝਿਆ ਜਾਂਦਾ ਸੀ। ਆਖਿਆ ਜਾਂਦਾ ਹੈ ਕਿ ਇਸਲਾਮ ਧਰਮ ਦੇ ਬਾਨੀ ਹਜ਼ਰਤ ਮੁਹੰਮਦ ਸਾਹਿਬ ਦਾ ਪਹਿਰਾਵਾ ਵੀ ਸੂਫ਼ ਦਾ ਹੀ ਸੀ। ਇਸ ਤਰ੍ਹਾਂ ਸੂਫ਼ੀਆਨਾ ਲਿਬਾਸ ਮੁਸਲਿਮ ਸੂਫ਼ੀ ਫ਼ਕੀਰਾਂ/ਦਰਵੇਸ਼ਾਂ ਦਾ ਪਛਾਣ- ਚਿੰਨ੍ਹ ਬਣ ਗਿਆ। ਪਰ ਸੂਫ਼ੀਵਾਦ ਸਿਰਫ਼ ਪਹਿਰਾਵਾ ਨਹੀਂ। ਇਹ ਇੱਕ ਖ਼ਾਸ ਕਿਸਮ ਦਾ ਰੂਹਾਨੀ ਫ਼ਲਸਫ਼ਾ ਹੈ ਜਿਸਨੂੰ ਤਸੱਵੁਫ਼ ਆਖਿਆ ਜਾਂਦਾ ਹੈ। ਇਹ ਸਮੁੱਚੀ ਹੋਂਦ ਦੀ ਏਕਤਾ (ਵਹਿਦਤ-ਉਲ-ਵਜੂਦ) ਦਾ ਸਿਧਾਂਤ ਪੇਸ਼ ਕਰਦਾ ਹੈ ਅਤੇ ਬੰਦੇ ਅਤੇ ਖ਼ੁਦਾ ਦੀ ਅਭੇਦਤਾ ਉੱਤੇ ਬਲ ਦਿੰਦਾ ਹੈ। ਇਸੇ ਲਈ ਸੂਫ਼ੀਵਾਦ ਨੂੰ ਇਸਲਾਮ ਦੀ ਰਹੱਸਵਾਦੀ ਵਿਆਖਿਆ ਵੀ ਆਖਿਆ ਜਾਂਦਾ ਹੈ। ਪ੍ਰਸਿੱਧ ਇਤਿਹਾਸਕਾਰ ਤਾਰਾ ਚੰਦ ਨੇ ਆਪਣੀ ਪੁਸਤਕ Influence of Islam on Indian Culture ਵਿੱਚ ਸੂਫ਼ੀਵਾਦ ਦੀ ਵਿਆਖਿਆ ਕਰਦਿਆਂ ਲਿਖਿਆ ਹੈ:

      ਸੂਫ਼ੀਵਾਦ ਸੱਚਮੁੱਚ ਇੱਕ ਤੀਬਰ ਭਗਤੀ ਵਾਲਾ ਮਤ ਸੀ, ਇਸ਼ਕ ਜਿਸਦਾ ਵਲਵਲਾ, ਕਵਿਤਾ, ਸੰਗੀਤ ਤੇ ਨਾਚ ਜਿਸਦੀ ਉਪਾਸਨਾ, ਅਤੇ ਰੱਬ ਨਾਲ ਅਭੇਦਤਾ ਜਿਸਦਾ ਆਦਰਸ਼ ਸੀ।

     ਭਾਰਤ ਵਿੱਚ ਸੂਫ਼ੀ ਫ਼ਕੀਰਾਂ ਦਾ ਪ੍ਰਵੇਸ਼ ਹਮਲਾਵਰਾਂ ਦੀਆਂ ਧਾੜਵੀ ਮੁਹਿੰਮਾਂ ਦੇ ਨਾਲ-ਨਾਲ ਹੋਇਆ। ਇਹਨਾਂ ਦੀਆਂ ਕੋਸ਼ਿਸ਼ਾਂ ਨਾਲ ਹੌਲੀ-ਹੌਲੀ ਪੰਜਾਬ, ਸਿੰਧ ਅਤੇ ਭਾਰਤ ਦੇ ਹੋਰਨਾਂ ਇਲਾਕਿਆਂ ਵਿੱਚ ਸੂਫ਼ੀ ਮਤ ਦੇ ਪ੍ਰਚਾਰ- ਕੇਂਦਰ ਸਥਾਪਿਤ ਹੋ ਗਏ। ਗਿਆਰ੍ਹਵੀਂ ਸਦੀ ਵਿੱਚ ਅਜਿਹੀ ਹੀ ਇੱਕ ਧਾੜਵੀ ਮੁਹਿੰਮ ਦੌਰਾਨ ਗ਼ਜ਼ਨੀ ਦਾ ਇੱਕ ਪ੍ਰਸਿੱਧ ਸੂਫ਼ੀ ਦਰਵੇਸ਼, ਸ਼ੇਖ਼ ਅਲੀ ਮਖ਼ਦੂਮ ਹੁਜਵੀਰੀ, ਪੰਜਾਬ ਆਇਆ। ਉਸ ਨੇ ਲੋਕਾਂ ਵਿੱਚ ਸੂਫ਼ੀਮਤ ਦਾ ਪ੍ਰਚਾਰ ਕਰਨ ਲਈ ਲਾਹੌਰ ਨੂੰ ਆਪਣਾ ਟਿਕਾਣਾ ਬਣਾ ਲਿਆ। ਉਹ ਦਾਤਾ ਗੰਜ ਬਖ਼ਸ਼ ਦੇ ਨਾਂ ਨਾਲ ਪ੍ਰਸਿੱਧ ਹੋਇਆ।

     ਦਾਤਾ ਗੰਜ ਬਖ਼ਸ਼ ਤੋਂ ਤਕਰੀਬਨ ਸੌ ਸਾਲ ਮਗਰੋਂ ਪੰਜਾਬ ਦੀ ਧਰਤੀ ਉੱਤੇ ਇੱਕ ਹੋਰ ਉੱਘੇ ਸੂਫ਼ੀ ਸੰਤ, ਬਾਬਾ ਸ਼ੇਖ਼ ਫ਼ਰੀਦ ਦਾ ਆਗਮਨ ਹੋਇਆ। ਸ਼ੇਖ਼ ਫ਼ਰੀਦ ਦਾ ਪੂਰਾ ਨਾਮ ਸ਼ੇਖ਼ ਫ਼ਰੀਦਉੱਦੀਨ ਮਸਊਦ ਗੰਜ਼ਿ-ਸ਼ਕਰ ਸੀ। ਇਹਨਾਂ ਦਾ ਜਨਮ 1173 ਨੂੰ ਪੱਛਮੀ ਪੰਜਾਬ (ਪਾਕਿਸਤਾਨ) ਦੇ ਪਿੰਡ ਖੋਤਵਾਲ ਵਿੱਚ ਹੋਇਆ। ਉਸ ਸਮੇਂ ਇਹ ਪਿੰਡ ਸੂਬਾ ਮੁਲਤਾਨ ਵਿੱਚ ਪੈਂਦਾ ਸੀ। ਸ਼ੇਖ਼ ਫ਼ਰੀਦ ਨੇ ਆਪਣੇ ਵੇਲੇ ਦੇ ਪ੍ਰਸਿੱਧ ਸੂਫ਼ੀ ਫ਼ਕੀਰਾਂ ਖ਼ਵਾਜਾ ਬਖ਼ਤਿਆਰ ਕਾਕੀ ਅਤੇ ਮੋਇਨਉੱਦੀਨ ਚਿਸ਼ਤੀ ਪਾਸੋਂ ਰੂਹਾਨੀ ਤਾਲੀਮ ਹਾਸਲ ਕੀਤੀ ਅਤੇ ਬਾਅਦ ਵਿੱਚ ਚਿਸ਼ਤੀ ਸੰਪਰਦਾਇ ਦੇ ਮੁਖੀ ਬਣੇ। ਇਹਨਾਂ ਨੇ ਆਪਣੇ ਪ੍ਰਚਾਰ ਦਾ ਕੇਂਦਰ ਅਜੋਧਨ (ਪਾਕਪਟਨ) ਨੂੰ ਬਣਾਇਆ ਅਤੇ ਫ਼ਾਰਸੀ ਤੋਂ ਇਲਾਵਾ ਲੋਕ ਬੋਲੀ (ਪੰਜਾਬੀ) ਵਿੱਚ ਵੀ ਆਪਣੇ ਸ਼ਾਇਰਾਨਾ ਕਲਾਮ ਦੀ ਰਚਨਾ ਕੀਤੀ। ਸ਼ੇਖ਼ ਫ਼ਰੀਦ ਦੀ ਰਚਨਾ ਗੁਰੂ ਗ੍ਰੰਥ ਸਾਹਿਬ ਵਿੱਚ ਮਿਲਦੀ ਹੈ ਜਿਸ ਵਿੱਚ ਇਹਨਾਂ ਦੇ 112 ਸਲੋਕ ਅਤੇ 4 ਸ਼ਬਦ ਸ਼ਾਮਲ ਹਨ। ਇਸ ਤਰ੍ਹਾਂ ਪੰਜਾਬੀ ਵਿੱਚ ਸੂਫ਼ੀ-ਕਾਵਿ ਧਾਰਾ ਦਾ ਮੁੱਢ ਬੱਝਦਾ ਹੈ।

     ਸ਼ੇਖ਼ ਫ਼ਰੀਦ ਦੀ ਰਚਨਾ ਵਿੱਚ ਰੱਬੀ ਪਿਆਰ ਦੇ ਨਾਲ-ਨਾਲ ਸ਼ਰ੍ਹਾ ਦੇ ਨੇਮਾਂ ਦੀ ਪਾਬੰਦੀ ਉੱਤੇ ਵੀ ਬਲ ਦਿੱਤਾ ਗਿਆ ਹੈ। ਪਰ ਉਹ ਰੂਹਾਨੀਅਤ ਤੋਂ ਸੱਖਣੀ ਕੇਵਲ, ਦਿਖਾਵੇ ਦੀ ਫ਼ਕੀਰੀ ਦਾ ਵਿਰੋਧ ਕਰਦੇ ਹਨ ਅਤੇ ਰੱਬੀ ਇਸ਼ਕ ਨੂੰ ਵੀ ਓਨਾ ਹੀ ਮਹੱਤਵ ਦਿੰਦੇ ਹਨ। ਉਹਨਾਂ ਨੇ ਆਮ ਲੋਕਾਈ ਦੇ ਮਨ ਵਿੱਚ ਧਰਮ ਦੀ ਸੱਚੀ ਭਾਵਨਾ ਜਗਾਈ ਅਤੇ ਮਨੁੱਖੀ ਏਕਤਾ ਅਤੇ ਸਮਾਨਤਾ ਉੱਤੇ ਬਲ ਦਿੱਤਾ।

ਬੋਲੀਐ ਸਚੁ ਧਰਮੁ ਝੂਠੁ ਨਾ ਬੋਲੀਐ।

            ਜੋ ਗੁਰ ਦਸੈ ਵਾਟ ਮੁਰੀਦਾ ਜੋਲੀਐ।

     ਇਸ ਤੋਂ ਇਲਾਵਾ ਉਹਨਾਂ ਨੇ ਕਲਾਮ ਵਿੱਚ ਮਨੁੱਖੀ ਹੋਂਦ ਅਤੇ ਜਗਤ ਦੀ ਨਾਸ਼ਮਾਨਤਾ, ਰੂਹ ਦੇ ਰੱਬ ਤੋਂ ਵਿਛੋੜੇ (ਬਿਰਹਾ) ਅਤੇ ਦੁੱਖ ਦਾ ਤਿੱਖਾ ਅਹਿਸਾਸ ਮੂਰਤੀਮਾਨ ਹੁੰਦਾ ਹੈ। ਮਿਸਾਲ ਵਜੋਂ ਕੁਝ ਪੰਕਤੀਆਂ ਪੇਸ਼ ਹਨ :

ਫ਼ਰੀਦਾ ਕੋਠੇ ਮੰਡਪ ਮਾੜੀਆ ਉਸਾਰਦੇ ਭੀ ਗਏ॥

ਕੂੜਾ ਸਉਦਾ ਕਰਿ ਗਏ ਗੋਰੀ ਆਇ ਪਏ॥

ਰਤੇ ਇਸ਼ਕ ਖੁਦਾਇ ਰੰਗਿ ਦੀਦਾਰ ਕੇ॥

ਵਿਸਰਿਆ ਜਿਨ੍ ਨਾਮੁ ਤੇ ਭੁਇ ਭਾਰੁ ਥੀਏ॥

ਬਿਰਹਾ ਬਿਰਹਾ ਆਖੀਐ ਬਿਰਹਾ ਤੂ ਸੁਲਤਾਨੁ॥

            ਫ਼ਰੀਦਾ ਜਿਤੁ ਤਨਿ ਬਿਰਹੁ ਨ ਉਪਜੈ ਸੋ ਤਨੁ ਜਾਣੁ ਮਸਾਨੁ॥

     ਸ਼ੇਖ਼ ਫ਼ਰੀਦ ਤੋਂ ਬਾਅਦ ਪੰਜਾਬੀ ਸੂਫ਼ੀ-ਕਾਵਿ ਧਾਰਾ ਨੂੰ ਪ੍ਰਫੁਲਿਤ ਕਰਨ ਵਿੱਚ ਸ਼ਾਹ ਹੁਸੈਨ, ਸੁਲਤਾਨ ਬਾਹੂ, ਸ਼ਾਹ ਸ਼ਰਫ਼, ਬੁਲ੍ਹੇਸ਼ਾਹ, ਅਲੀ ਹੈਦਰ, ਫ਼ਰਦ ਫ਼ਕੀਰ ਅਤੇ ਖ਼ਵਾਜਾ ਗ਼ੁਲਾਮ ਫ਼ਰੀਦ ਵਰਗੇ ਸ਼ਾਇਰਾਂ ਨੇ ਵਡਮੁੱਲਾ ਯੋਗਦਾਨ ਪਾਇਆ। ਇਸ ਕਾਵਿ ਧਾਰਾ ਦੇ ਵਿਕਾਸ ਵਿੱਚ ਮੁੱਖ ਤੌਰ `ਤੇ ਤਿੰਨ ਪੜਾਅ ਦ੍ਰਿਸ਼ਟੀਗੋਚਰ ਹੁੰਦੇ ਹਨ। ਇਸ ਵਿਕਾਸ ਦੀ ਯਾਤਰਾ ਸ਼ਰੀਅਤ ਤੋਂ ਤਰੀਕਤ ਵੱਲ ਨੂੰ ਹੈ। ਸ਼ੇਖ਼ ਫ਼ਰੀਦ ਪਹਿਲੇ ਪੜਾਅ ਦੇ ਸ਼ਾਇਰ ਹਨ।

     ਦੂਸਰੇ ਪੜਾਅ ਦਾ ਪ੍ਰਮੁੱਖ ਸ਼ਾਇਰ ਸ਼ਾਹ ਹੁਸੈਨ ਹੈ। ਸ਼ੇਖ਼ ਫ਼ਰੀਦ ਵਾਂਗ ਸ਼ਾਹ ਹੁਸੈਨ ਵੀ ਸੰਸਾਰ ਦੀ ਨਾਸਮਾਨਤਾ ਅਤੇ ਮਨੁੱਖ ਦੇ ਰੱਬ ਨਾਲੋਂ ਵਿਛੋੜੇ ਦੀ ਗੱਲ ਕਰਦਾ ਹੈ-

ਦਰਦ ਵਿਛੋੜੇ ਦਾ ਹਾਲ, ਨੀ ਮੈਂ ਕੈਨੂੰ ਆਖਾਂ।

            ਬਿਰਹੁੰ ਪਿਆ ਸਾਡੇ ਖ਼ਿਆਲ, ਨੀ ਮੈਂ ਕੈਨੂੰ ਆਖਾਂ।

     ਉਸ ਦੇ ਕਲਾਮ ਵਿੱਚ ਸ਼ਰ੍ਹਾ ਨੂੰ ਬਹੁਤਾ ਮਹੱਤਵ ਨਹੀਂ ਦਿੱਤਾ ਗਿਆ ਸਗੋਂ ਇਸ਼ਕ ਦੇ ਸੰਕਲਪ ਦਾ ਪ੍ਰਗਟਾਵਾ ਵਧੇਰੇ ਦ੍ਰਿੜ੍ਹਤਾ ਨਾਲ ਕੀਤਾ ਗਿਆ ਹੈ। ਸ਼ਾਹ ਹੁਸੈਨ ਦੀ ਸ਼ਾਇਰੀ ਵਿੱਚ ਲੋਕ-ਗੀਤਾਂ ਵਰਗੀ ਸਾਦਗੀ ਅਤੇ ਰਵਾਨੀ ਹੈ। ਉਹ ਪੰਜਾਬੀ ਸਮਾਜ, ਸੱਭਿਆਚਾਰ ਅਤੇ ਲੋਕ-ਜੀਵਨ ਵਿੱਚੋਂ ਬਿੰਬ ਅਤੇ ਪ੍ਰਤੀਕ ਲੈ ਕੇ ਆਪਣੇ ਰੂਹਾਨੀ ਕਲਾਮ ਦੀ ਰਚਨਾ ਕਰਦਾ ਹੈ। ਉਹ ਹੀਰ-ਰਾਂਝੇ ਦੀ ਪ੍ਰਸਿੱਧ ਪ੍ਰੀਤ ਕਹਾਣੀ ਦੇ ਪਾਤਰਾਂ ਨੂੰ ਇਸ਼ਕ ਹਕੀਕੀ ਦੇ ਪ੍ਰਗਟਾਵੇ ਦਾ ਪ੍ਰਤੀਕ ਬਣਾ ਦਿੰਦਾ ਹੈ। ਮਿਸਾਲ ਵਜੋਂ ਕੁਝ ਪੰਕਤੀਆਂ ਪੇਸ਼ ਹਨ :

ਰਾਂਝਣ ਰਾਂਝਣ ਮੈਨੂੰ ਸਭ ਕੋਈ ਆਖੋ,

ਹੀਰ ਨਾ ਆਖੋ ਕੋਈ,

            ਮਾਹੀ ਮਾਹੀ ਕੂਕਦੀ ਮੈਂ ਆਪੇ ਰਾਂਝਣ ਹੋਈ।

     ਇਸੇ ਤਰ੍ਹਾਂ ਹੀ ਇਸ ਪੜਾਅ ਦਾ ਇੱਕ ਹੋਰ ਸ਼ਾਇਰ ਹੈ-ਸੁਲਤਾਨ ਬਾਹੂ। ਉਸ ਨੇ ਵੀ ਰੱਬੀ ਪਿਆਰ ਨੂੰ ਹੀ ਰੂਹਾਨੀ ਪ੍ਰਾਪਤੀ ਦਾ ਮੂਲ ਆਧਾਰ ਮੰਨਿਆ ਹੈ ਅਤੇ ਦਿਖਾਵੇ ਦੀ ਧਾਰਮਿਕਤਾ ਦਾ ਵਿਰੋਧ ਕੀਤਾ ਹੈ। ਰੱਬੀ ਪਿਆਰ ਤੋਂ ਸੱਖਣੇ ਈਮਾਨ ਵਾਲਿਆਂ ਉੱਤੇ ਵਿਅੰਗ ਕਸਦਾ ਹੋਇਆ ਉਹ ਆਖਦਾ ਹੈ :

ਈਮਾਨ ਸਲਾਮਤ ਹਰ ਕੋਈ ਮੰਗੇ ,

ਇਸ਼ਕ ਸਲਾਮਤ ਕੋਈ ਹੂ।

ਮੰਗਣ ਈਮਾਨ ਸ਼ਰਮਾਵਣ ਇਸ਼ਕੋਂ,

ਦਿਲ ਵਿੱਚ ਹੈਰਤ ਹੋਈ ਹੂ।

ਜਿਸ ਮੰਜ਼ਿਲ `ਤੇ ਇਸ਼ਕ ਪੁਚਾਵੇ,

ਈਮਾਨੇ ਖ਼ਬਰ ਨਾ ਕੋਈ ਹੂ।

ਮੇਰਾ ਇਸ਼ਕ ਸਲਾਮਤ ਰੱਖੀਂ ਬਾਹੂ,

            ਈਮਾਨੇ ਦਿਆਂ ਧਰੋਹੀ ਹੂ।

     ਬੁੱਲ੍ਹੇਸ਼ਾਹ ਦੇ ਨਾਲ ਪੰਜਾਬੀ ਸੂਫ਼ੀ ਸ਼ਾਇਰੀ ਦਾ ਤੀਸਰਾ ਪੜਾਅ ਸਾਮ੍ਹਣੇ ਆਉਂਦਾ ਹੈ। ਉਹ ਸ਼ਰ੍ਹਾ ਦੇ ਨੇਮਾਂ ਦੀ ਪਾਬੰਦੀ ਨੂੰ ਕੋਈ ਮਹੱਤਵ ਨਹੀਂ ਦਿੰਦਾ ਸਗੋਂ ਇਸ਼ਕ- ਹਕੀਕੀ ਨੂੰ ਹੀ ਰੂਹਾਨੀ ਪ੍ਰਾਪਤੀ ਦਾ ਇੱਕੋ-ਇੱਕ ਮਾਧਿਅਮ ਸਮਝਦਾ ਹੈ। ਇਸੇ ਲਈ ਹੀ ਬੁੱਲ੍ਹੇਸ਼ਾਹ ਨੂੰ ਇਸਲਾਮ ਦੇ ਕੱਟੜਪੰਥੀਆਂ ਦੇ ਵਿਰੋਧ ਦਾ ਸਾਮ੍ਹਣਾ ਕਰਨਾ ਪਿਆ। ਇਸ ਗੱਲ ਦਾ ਪ੍ਰਗਟਾਵਾ ਉਸ ਨੇ ਆਪਣੇ ਨਵੇਕਲੇ ਅੰਦਾਜ਼ ਵਿੱਚ ਕੀਤਾ ਹੈ:

ਬੁਲ੍ਹਿਆ ਤੈਨੂੰ ਕਾਫ਼ਰ ਕਾਫ਼ਰ ਆਖਦੇ,

ਤੂੰ ਆਖੋ ਆਖੋ ਆਖ।

ਜਾਂ ਮੈਂ ਸਬਕ ਇਸ਼ਕ ਦਾ ਪੜ੍ਹਿਆ,

            ਮਸਜਿਦ ਕੋਲੋਂ ਜੀਉੜਾ ਡਰਿਆ।

     ਅਸਲ ਵਿੱਚ ਬੁੱਲ੍ਹੇਸ਼ਾਹ ਬੰਦੇ ਅਤੇ ਖ਼ੁਦਾ ਦੀ ਰੂਹਾਨੀ ਏਕਤਾ ਦਾ ਹਾਮੀ ਹੈ ਅਤੇ ਧਾਰਮਿਕ ਵੈਰ ਵਿਰੋਧ ਦਾ ਖੰਡਨ ਕਰਦਾ ਹੈ। ਉਹ ਉਦਾਰ ਮਾਨਵਵਾਦੀ ਦ੍ਰਿਸ਼ਟੀ ਦਾ ਧਾਰਨੀ ਹੈ ਅਤੇ ਮਨੁੱਖੀ ਭਾਈਚਾਰੇ ਨੂੰ ਫ਼ਿਰਕੂ ਆਧਾਰ ਉੱਤੇ ਵੰਡਣ ਵਾਲੀਆਂ ਹਰ ਤਰ੍ਹਾਂ ਦੀਆਂ ਰਸਮਾਂ-ਰੀਤਾਂ ਦਾ ਵਿਰੋਧ ਕਰਦਾ ਹੈ। ਇਸ ਤਰ੍ਹਾਂ ਬੁੱਲ੍ਹੇਸ਼ਾਹ ਦੀ ਰਚਨਾ ਵਿੱਚ ਵਹਿਦਤ-ਉਲ-ਵਜੂਦ ਅਤੇ ਤਸੱਵੁਫ਼ ਦਾ ਸਿਖਰ ਦ੍ਰਿਸ਼ਟੀਗੋਚਰ ਹੁੰਦਾ ਹੈ। ਇਸੇ ਭਾਵਨਾ ਦਾ ਪ੍ਰਗਟਾਵਾ ਕਰਦਿਆਂ ਉਹ ਮਸਤੀ ਦੇ ਆਲਮ ਵਿੱਚ ਕੂਕ ਉੱਠਦਾ ਹੈ :

ਬੁਲ੍ਹਾ ਕੀ ਜਾਣਾਂ ਮੈਂ ਕੌਣ,

ਨਾ ਮੈਂ ਮੋਮਨ ਵਿੱਚ ਮਸੀਤਾਂ,

ਨਾ ਮੈਂ ਵਿੱਚ ਕੁਫ਼ਰ ਦੀਆਂ ਰੀਤਾਂ,

ਨਾ ਮੈਂ ਪਾਕਾਂ ਵਿੱਚ ਪਲੀਤਾਂ,

            ਨਾ ਮੈਂ ਮੂਸਾ ਨਾ ਫ਼ਰਔਨ।

     ਸੂਫ਼ੀ-ਧਾਰਾ ਦੇ ਸਮੂਹ ਪੰਜਾਬੀ ਸ਼ਾਇਰਾਂ ਨੇ ਆਪਣੇ ਕਲਾਮ ਵਿੱਚ ਇਸੇ ਕਿਸਮ ਦੀਆਂ ਉਦਾਰ ਮਾਨਵਵਾਦੀ ਕਦਰਾਂ-ਕੀਮਤਾਂ ਦਾ ਪ੍ਰਗਟਾਵਾ ਕੀਤਾ ਹੈ। ਭਾਵੇਂ ਉਹਨਾਂ ਦੇ ਕਾਵਿ-ਅਨੁਭਵ ਦਾ ਮੂਲ ਸਰੋਕਾਰ ਰੂਹਾਨੀਅਤ ਨਾਲ ਹੈ ਪਰ ਉਸ ਦੀ ਰਚਨਾ ਵਿੱਚ ਸਧਾਰਨ ਲੋਕਾਈ ਦਾ ਦੁੱਖ-ਦਰਦ ਸੁਹਿਰਦਤਾ ਨਾਲ ਮੂਰਤੀਮਾਨ ਹੁੰਦਾ ਹੈ। ਇਸ ਮੰਤਵ ਲਈ ਕੁਝ ਚੋਣਵੀਆਂ ਕਾਵਿ-ਪੰਕਤੀਆਂ ਪੇਸ਼ ਹਨ :

ਫਰੀਦਾ ਮੈ ਜਾਨਿਆ ਦੁਖੁ ਮੁਝ ਕੂ ਦੁਖੁ ਸਬਾਇਐ ਜਗਿ॥

ਊਚੇ ਚੜਿ ਕੈ ਦੇਖਿਆ ਤਾਂ ਘਰਿ ਘਰਿ ਏਹਾ ਅਗਿ॥

 

ਮੈਂ ਕੁਸੁੰਭੜਾ ਚੁਣ ਚੁਣ ਹਾਰੀ।

ਏਸ ਕੁਸੁੰਭੇ ਦੇ ਕੰਡੇ ਭਲੇਰੇ,

ਅੜ ਅੜ ਚੁਨਰੀ ਪਾੜੀ।

ਓਸ ਕੁਸੁੰਭੇ ਦਾ ਹਾਕਮ ਕਰੜਾ,

            ਜ਼ਾਲਮ ਹੈ ਪਟਵਾਰੀ।

     ਪੰਜਾਬੀ ਸੂਫ਼ੀ-ਕਾਵਿ ਦੀ ਉਘੜਵੀਂ ਵਿਸ਼ੇਸ਼ਤਾ ਇਹ ਹੈ ਕਿ ਇਸ ਨਾਲ ਸੰਬੰਧਿਤ ਸ਼ਾਇਰਾਂ ਨੇ ਪੰਜਾਬੀ ਸਮਾਜ, ਸੱਭਿਆਚਾਰ ਅਤੇ ਇੱਥੋਂ ਦੀਆਂ ਲੋਕਧਾਰਾਈ ਰਵਾਇਤਾਂ ਨਾਲ ਡੂੰਘਾ ਸਰੋਕਾਰ ਜੋੜਿਆ ਹੈ। ਇਹ ਗੱਲ ਇਸ ਧਾਰਾ ਦੀ ਬਿੰਬਾਵਲੀ ਅਤੇ ਇਸਦੇ ਪ੍ਰਤੀਕ-ਵਿਧਾਨ ਤੋਂ ਭਲੀ-ਭਾਂਤ ਜ਼ਾਹਰ ਹੋ ਜਾਂਦੀ ਹੈ। ਇਸ ਧਾਰਾ ਦੇ ਸ਼ਾਇਰਾਂ ਨੇ ਮੁੱਖ ਤੌਰ `ਤੇ ਲੋਕ-ਪ੍ਰਸਿੱਧ ਕਾਵਿ-ਰੂਪਾਂ ਅਤੇ ਛੰਦਾਂ ਦੀ ਵਰਤੋਂ ਕੀਤੀ ਹੈ। ਮਿਸਾਲ ਵਜੋਂ ਉਸ ਨੇ ਆਪਣੇ ਕਲਾਮ ਵਿੱਚ ਸਲੋਕ, ਦੋਹੜੇ, ਬਾਰਾਂਮਾਹ, ਸੀਹਰਫੀ ਅਤੇ ਕਾਫ਼ੀ ਦੀ ਵਰਤੋਂ ਕੀਤੀ ਹੈ ਜੋ ਲੋਕਾਂ ਦੇ ਹਰਮਨ ਪਿਆਰੇ ਕਾਵਿ-ਰੂਪ ਹਨ।

ਸੂਫ਼ੀ-ਕਾਵਿ ਦੀ ਸਭ ਤੋਂ ਵੱਡੀ ਦੇਣ ਇਹ ਹੈ ਇਸਨੇ ਗੁਰਬਾਣੀ ਅਤੇ ਭਗਤ ਬਾਣੀ ਦੇ ਨਾਲ, ਰਲ ਕੇ ਸਰਬ- ਸਾਂਝੇ ਪੰਜਾਬੀ ਸੱਭਿਆਚਾਰ ਨੂੰ ਵਿਕਸਿਤ ਕਰਨ ਵਿੱਚ ਵਡਮੁੱਲਾ ਯੋਗਦਾਨ ਪਾਇਆ ਹੈ। ਇਹਨਾਂ ਸ਼ਾਇਰਾਂ ਦੇ ਰੂਹਾਨੀ ਅਰਥਾਂ ਦੀ ਸੋਝੀ ਪ੍ਰਦਾਨ ਕੀਤੀ ਹੈ ਅਤੇ ਧਾਰਮਿਕ ਵੈਰ-ਵਿਰੋਧ ਦੀ ਥਾਵੇਂ ਅਮਨ-ਸ਼ਾਂਤੀ ਅਤੇ ਇਨਸਾਨੀ- ਦੋਸਤੀ ਦਾ ਮਾਹੌਲ ਸਿਰਜਣ ਦੀ ਚੇਸ਼ਟਾ ਕੀਤੀ ਹੈ।


ਲੇਖਕ : ਜਗਬੀਰ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 19664, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ

Bht vadiya uprala hai punjabi maa boli lai


Balpreet Singh, ( 2019/10/16 02:4825)

ਧੰਨਵਾਦ


Aninderjit Dhaliwal, ( 2020/12/27 04:4059)

ਬਹੁਤ ਵਧੀਆ ਤਰੀਕੇ ਨਾਲ਼ ਜਾਣਕਰੀ ਦਿੱਤੀ ਗਈ ਹੈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ


RAVI SINGH, ( 2021/04/11 11:0643)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.