ਸੋਢੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੋਢੀ [ਨਿਪੁ] ਖੱਤਰੀਆਂ ਦੀ ਇੱਕ ਗੋਤ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7552, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸੋਢੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੋਢੀ. ਦੇਖੋ, ਸਨਉਢ ਅਤੇ ਸਨਉਢੀ. ਵਿਚਿਤ੍ਰ ਨਾਟਕ ਅਨੁਸਾਰ ਸੋਢੀ ਲਵ (ਲਊ) ਦੀ ਔਲਾਦ ਹਨ ਅਤੇ ਵੇਦੀ ਕੁਸ਼ ਦੀ. ਦੇਖੋ, ਕੁਸੀ ਅਤੇ ਵੇਦੀ. “ਤਾਂਤੇ ਪੁਤ੍ਰ ਪੌਤ੍ਰ ਹ੍ਵੈ ਆਏ। ਤੇ ਸੋਢੀ ਸਭ ਜਗਤ ਕਹਾਏ॥”(ਵਿਚਿਤ੍ਰ) ਸੋਢੀ ਗੋਤ ਹੁਣ ਛੋਟੇ ਸਰੀਣਾਂ ਵਿੱਚ ਗਿਣੀਦਾ ਹੈ. ਸ਼੍ਰੀ ਗੁਰੂ ਰਾਮਦਾਸ ਜੀ ਦਾ ਜਨਮ ਇਸੇ ਜਾਤਿ ਅੰਦਰ ਹੋਇਆ ਹੈ. ਦੇਖੋ, ਖਤ੍ਰੀ ੩.
ਸੋਢੀ ਗੋਤ ਦੇ ਖਤ੍ਰੀਆਂ ਵਿੱਚੋਂ “ਸਾਹਿਬਜ਼ਾਦੇ ਸੋਢੀ” ਕੇਵਲ ਸ਼੍ਰੀ ਗੁਰੂ ਰਾਮਦਾਸ ਜੀ ਦੀ ਸੰਤਾਨ ਦੇ ਹਨ, ਜਿਨ੍ਹਾਂ ਵਿੱਚੋਂ ਪ੍ਰਿਥੀ ਚੰਦ ਜੀ ਦੀ ਵੰਸ਼ ਦੇ ਛੋਟੇ ਮੇਲ ਦੇ ਸੋਢੀ ਕਹੇ ਜਾਂਦੇ ਹਨ, ਅਰ ਸੂਰਜ ਮੱਲ ਜੀ ਦੀ ਔਲਾਦ ਦੇ ਵਡੇ ਮੇਲ ਦੇ ਸੋਢੀ ਸੱਦੀਦੇ ਹਨ. ਪ੍ਰਧਾਨ ਸ਼ਾਖ ਸੋਢੀਆਂ ਦੀ ਆਨੰਦਪੁਰ ਦੀ ਗੱਦੀ ਹੈ, ਜਿਸ ਦਾ ਵੰਸ਼ਵ੍ਰਿ ਇਉਂ ਹੈ-
ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ
।
ਸੂਰਜਮੱਲ ਜੀ
।
ਦੀਪਚੰਦ ਜੀ
।
ਸ਼੍ਯਾਮ ਸਿੰਘ ਜੀ
।
ਨਾਹਰ ਸਿੰਘ ਜੀ
।
ਸੁਰਜਨ ਸਿੰਘ ਜੀ
।
ਦੀਵਾਨ ਸਿੰਘ ਜੀ
।
ਬ੍ਰਿਜਇੰਦ੍ਰ ਸਿੰਘ ਜੀ
।
ਰਾਮ ਨਰਾਯਨ ਸਿੰਘ ਜੀ
।
ਟਿੱਕਾ ਜਗਤਾਰ ਸਿੰਘ ਜੀ
ਸ਼੍ਯਾਮ ਸਿੰਘ ਜੀ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅਮ੍ਰਿਤ ਛਕਾਇਆ. ਜਿਸ ਖੰਡੇ ਨਾਲ ਅਮ੍ਰਿਤ ਤਿਆਰ ਕੀਤਾ, ਅਰ ਜੋ ਸ਼੍ਰੀ ਸਾਹਿਬ ਉਸ ਵੇਲੇ ਸ਼੍ਯਾਮ ਸਿੰਘ ਜੀ ਨੂੰ ਪਹਿਰਾਇਆ ਗਿਆ ਸੀ, ਉਹ ਟਿੱਕਾ ਸਾਹਿਬ ਰਈਸ ਆਨੰਦਪੁਰ ਪਾਸ ਹਨ। ੨ ਵਿ—ਸੋਢ੍ਰਿ. ਸਹਾਰਨ ਵਾਲਾ. “ਮਹਾਂ ਸਸਤ੍ਰ ਸੋਢੀ ਮਹਾ ਲੋਹ ਪੂਰੰ.” (ਰਾਮਾਵ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7422, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no
ਸੋਢੀ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੋਢੀ : ਸਰੀਨ ਖੱਤਰੀਆਂ ਦਾ ਇਕ ਗੋਤ ਜਿਸਨੇ ਸਿੱਖਾਂ ਵਿਚ ਅਸਧਾਰਨ ਮਾਣ-ਸਤਿਕਾਰ ਪ੍ਰਾਪਤ ਕੀਤਾ ਹੈ ਕਿਉਂਕਿ ਸੱਤ ਸਿੱਖ ਗੁਰੂ ਸਾਹਿਬਾਨ- ਗੁਰੂ ਰਾਮ ਦਾਸ ਜੀ ਤੋਂ ਲੈ ਕੇ ਦਸਵੇਂ ਗੁਰੂ ਜੀ ਤਕ ਇਸੇ ਗੋਤ ਨਾਲ ਸੰਬੰਧਿਤ ਸਨ। ਗੁਰੂ ਰਾਮ ਦਾਸ ਜੀ ਦੇ ਵੰਸ਼ਜਾਂ ਨੂੰ ‘ਸੋਢੀ ਸਾਹਿਬਜ਼ਾਦੇ` ਬੜੇ ਸਤਿਕਾਰ ਨਾਲ ਕਿਹਾ ਜਾਂਦਾ ਹੈ। ਗੁਰੂ ਰਾਮ ਦਾਸ ਜੀ ਨੇ ਆਪਣੇ ਛੋਟੇ ਸੁਪੁੱਤਰ ਅਰਜਨ ਦੇਵ ਜੀ ਨੂੰ ਗੁਰੂ ਥਾਪਿਆ। ਆਪਣੇ ਅਧਿਕਾਰਾਂ ਨਾਲ ਅਨਿਆਂ ਹੋਇਆ ਸਮਝ ਕੇ ਅਤੇ ਦੁਖੀ ਹੋ ਕੇ ਗੁਰੂ ਰਾਮ ਦਾਸ ਜੀ ਦੇ ਵੱਡੇ ਪੁੱਤਰ ਪ੍ਰਿਥੀ ਚੰਦ ਨੇ ਆਪਣੇ ਆਪ ਨੂੰ ਅਸਲੀ ਗੁਰੂ ਐਲਾਨ ਕਰ ਦਿੱਤਾ ਅਤੇ ਆਪਣੀ ਇਕ ਵੱਖਰੀ ਸੰਪਰਦਾਇ ਕਾਇਮ ਕਰ ਲਈ ਜਿਸ ਨੂੰ ਸਿੱਖਾਂ ਦੀ ਮੁੱਖ ਧਾਰਾ ਵਾਲੇ ਮੀਣਾ (ਘਟੀਆ, ਨੀਂਵੇਂ) ਕਹਿੰਦੇ ਹਨ। ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਦੇ ਉਤਰਾਧਿਕਾਰੀਆਂ ਨੂੰ ਵੱਡੇ ਮੇਲ ਦੇ ਸੋਢੀ ਸਾਹਿਬਜ਼ਾਦੇ ਕਿਹਾ ਜਾਣ ਲੱਗਾ ਅਤੇ ਪ੍ਰਿਥੀ ਚੰਦ ਦੇ ਉਤਰਾਧਿਕਾਰੀਆਂ ਨੂੰ ਛੋਟੇ ਮੇਲ ਦੇ ਸੋਢੀ ਕਿਹਾ ਜਾਣ ਲੱਗਾ। ਗੁਰੂ ਗੋਬਿੰਦ ਸਿੰਘ ਨੇ ਵਿਅਕਤੀਗਤ ਗੁਰਗੱਦੀ ਖ਼ਤਮ ਕਰ ਦਿੱਤੀ ਪਰੰਤੂ ਫਿਰ ਵੀ ਇਸ ਬੰਸ ਦੇ ਲੋਕਾਂ ਦਾ ਸਤਿਕਾਰ ਬਣਿਆ ਰਿਹਾ। ਵੱਡੇ ਮੇਲ ਦੇ ਸੋਢੀਆਂ ਦੇ ਮੁੱਖ ਅਸਥਾਨ ਰੋਪੜ ਜ਼ਿਲੇ ਵਿਚ ਅਨੰਦਪੁਰ ਸਾਹਿਬ ਹਨ ਅਤੇ ਜਲੰਧਰ ਜ਼ਿਲੇ ਵਿਚ ਕਰਤਾਰਪੁਰ ਵਿਖੇ ਹਨ ਅਤੇ ਛੋਟੇ ਮੇਲ ਦੇ ਸੋਢੀਆਂ ਦੇ ਅਸਥਾਨ ਗੱਦੀਆਂ ਗੁਰੂ ਹਰ ਸਹਾਇ, ਕੋਠਾ ਗੁਰੂ , ਢਿੱਲਵਾਂ ਅਤੇ ਮੁਕਤਸਰ ਸਾਰੇ ਦੇ ਸਾਰੇ ਮਾਲਵਾ ਖੇਤਰ ਵਿਚ ਹਨ।
ਸੋਢੀਆਂ ਦੀ ਉਤਪੱਤੀ ਬਾਰੇ ਕਈ ਕਥਾ ਕਹਾਣੀਆਂ ਪ੍ਰਚਲਿਤ ਹਨ। ਇਹਨਾਂ ਵਿਚੋਂ ਗੁਰੂ ਗੋਬਿੰਦ ਸਿੰਘ ਦੀ ਇਕ ਮੰਨੀ ਜਾਂਦੀ ਰਚਨਾ ਬਚਿਤ੍ਰ ਨਾਟਕ ਨੇ ਸਭ ਤੋਂ ਵੱਧ ਪ੍ਰਸਿੱਧੀ ਪ੍ਰਾਪਤ ਕੀਤੀ ਹੈ। ਇਸ ਅਨੁਸਾਰ ਸੋਢੀ ਲਵ ਦੀ ਬੰਸ ਵਿਚੋਂ ਹਨ ਜੋ ਸ੍ਰੀ ਰਾਮ ਚੰਦਰ ਦੇ ਪੁੱਤਰਾਂ ਵਿਚੋਂ ਇਕ ਸੀ। ਦੂਸਰੇ ਪਾਸੇ ਇਕੋ ਜਿਨੇ ਸਤਿਕਾਰਿਤ ਬੇਦੀ ਬੰਸ ਹੈ ਜਿਹੜਾ ਕਿ ਰਾਮ ਜੀ ਦੇ ਦੂਜੇ ਪੁੱਤਰ ਕੁਸ਼ ਦਾ ਬੰਸ ਸੀ ਅਤੇ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਇਸੇ ਬੇਦੀ ਬੰਸ ਨਾਲ ਸੰਬੰਧਿਤ ਸਨ। ਬਚਿਤ੍ਰ ਨਾਟਕ ਅੰਦਰ ਅੰਕਿਤ ਹੈ ਕਿ ਪੁਰਾਤਨ ਸਮੇਂ ਅੰਦਰ ਲਵ ਅਤੇ ਕੁਸ਼ ਦੇ ਉਤਰਾਧਿਕਾਰੀਆਂ ਵਿਚਕਾਰ ਜੰਗ ਹੋਈ। ਕੁਸ਼ ਦੇ ਉਤਰਾਧਿਕਾਰੀ ਬੁਰੀ ਤਰ੍ਹਾਂ ਹਾਰ ਗਏ ਅਤੇ ਸਾਰੇ ਦੇ ਸਾਰਿਆਂ ਨੇ ਕਾਸ਼ੀ ਜਾ ਕੇ ਸ਼ਰਨ ਲਈ। ਇਥੇ ਇਹਨਾਂ ਨੇ ਵੇਦਾਂ ਦੀ ਪੜ੍ਹਾਈ ਕੀਤੀ ਅਤੇ ਬੇਦੀਆਂ ਦੇ ਤੌਰ ਤੇ ਪ੍ਰਸਿੱਧ ਹੋਏ। ਕੁਝ ਸਮਾਂ ਪਿੱਛੋਂ ਲਵ ਦੇ ਵਾਰਸ ਵੀ ਸਨੌਢ ਵੱਲ ਚਲੇ ਗਏ। ਇਹ ਉਹ ਇਲਾਕਾ ਹੈ ਜਿਹੜਾ ਪੱਛਮ ਵਿਚ ਅਮਰਕੋਟ ਤੇ ਪੂਰਬ ਵੱਲ ਮਥੁਰਾ- ਭਰਤਪੁਰ ਤਕ ਫ਼ੈਲਿਆ ਹੋਇਆ ਹੈ। ਪਰਵਾਰ ਦੇ ਮੁਖੀ ਨੇ ਸਨੌਢ ਦੇ ਰਾਜੇ ਦੀ ਇਕਲੌਤੀ ਧੀ ਨਾਲ ਸ਼ਾਦੀ ਕਰ ਲਈ। ਇਹਨਾਂ ਦਾ ਪੁੱਤਰ ਸੋਢੀ ਰਾਇ ਸੀ ਅਤੇ ਇਹਨਾਂ ਦੀ ਸੰਤਾਨ ਨੂੰ ਸੋਢੀ ਕਿਹਾ ਜਾਣ ਲੱਗਾ ਜਿਨ੍ਹਾਂ ਨੇ ਕਾਫ਼ੀ ਲੰਮੇ ਸਮੇਂ ਤਕ ਸਨੌਢ ਦੇਸ ਉਪਰ ਰਾਜ ਕੀਤਾ। ਕਈ ਪੁਸ਼ਤਾਂ ਪਿੱਛੋਂ ਸੋਢੀਆਂ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਕਾਸ਼ੀ ਦੇ ਪ੍ਰਸਿੱਧ ਬੇਦੀ ਵਿਦਵਾਨ ਇਹਨਾਂ ਦੇ ਰਿਸ਼ਤੇਦਾਰ ਅਤੇ ਭਾਈ ਬੰਧ ਹੀ ਸਨ। ਇਹਨਾਂ ਨੇ ਉਹਨਾਂ ਨੂੰ ਸਨੌਢ ਬੁਲਾਇਆ ਅਤੇ ਇਕ ਜਨਤਿਕ ਸਮਾਗਮ ਵਿਚ ਸਨਮਾਨਿਤ ਕੀਤਾ। ਵਿਦਵਾਨ ਬੇਦੀਆਂ ਨੇ ਵੇਦਾਂ ਦਾ ਪਾਠ ਕੀਤਾ ਅਤੇ ਸੋਢੀਆਂ ਨੂੰ ਪਵਿੱਤਰ ਮੰਤਰਾਂ ਦੀ ਰਹਸਾਤਮਿਕ ਵਿਆਖਿਆ ਕਰਕੇ ਸਮਝਾਈ। ਸੋਢੀ ਇਸ ਨਵੇਂ ਆਤਮਿਕ ਗਿਆਨ ਨੂੰ ਪ੍ਰਾਪਤ ਕਰਕੇ ਏਨੇਂ ਪ੍ਰਭਾਵਿਤ ਹੋਏ ਕਿ ਇਹ ਦੁਨਿਆਵੀ ਵਸਤਾਂ ਦਾ ਮੋਹ ਭੁਲਾ ਬੈਠੇ ਅਤੇ ਇਹਨਾਂ ਨੇ ਤਪ ਕਰਨ ਲਈ ਸੰਸਾਰ ਨੂੰ ਤਿਆਗ ਕੇ ਬਨਾਂ ਵਿਖੇ ਚਲੇ ਜਾਣ ਦਾ ਫ਼ੈਸਲਾ ਕਰ ਲਿਆ। ਇਹਨਾਂ ਨੇ ਇਹ ਕਹਿ ਕੇ ਰਾਜ ਭਾਗ ਬੇਦੀਆਂ ਨੂੰ ਛੱਡ ਦਿੱਤਾ ਕਿ “ਅਸੀਂ ਬਾਅਦ ਵਿਚ ਤੁਹਾਡੇ ਤੋਂ ਰਾਜਭਾਗ ਲੈ ਲਵਾਂਗੇ”। ਦੰਤ ਕਥਾ ਅਨੁਸਾਰ ਇਹੀ ਕਾਰਨ ਹੈ ਕਿ ਬੇਦੀ ਗੁਰੂ ਨਾਨਕ ਦੇਵ ਜੀ ਤੋਂ ਸੋਢੀ ਗੁਰੂ ਰਾਮ ਦਾਸ ਨੂੰ ਸੱਚੀ ਪਾਤਸ਼ਾਹੀ ਪ੍ਰਾਪਤ ਹੋਈ ਅਤੇ ਅੱਗੇ ਉਹਨਾਂ ਦੇ ਵਾਰਸਾਂ ਨੂੰ ਮਿਲੀ।
ਲੇਖਕ : ਸ.ਸ.ਵ.ਸ. ਅਨੁ: ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7334, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਸੋਢੀ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਸੋਢੀ (ਗੁ.। ਪੰਜਾਬੀ) ਖੱਤ੍ਰੀਆਂ* ਦੀ ਇਕ ਜਾਤ। ਯਥਾ-‘ਕੁਲਿ ਸੋਢੀ ਗੁਰ ਰਾਮਦਾਸ ਤਨੁ ਧਰਮ ਧੁਜਾ ਅਰਜੁਨੁ ਹਰਿ ਭਗਤਾ’।
----------
* ਸਨੇਢ ਦੇਸ਼ ਵਾਲੇ ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 7334, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਸੋਢੀ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਸੋਢੀ : ਬਚਿੱਤਰ ਨਾਟਕ ਵਿਚ ਇਸ ਗੱਲ ਦਾ ਵਰਣਨ ਮਿਲਦਾ ਹੈ ਕਿ ਸੋਢੀ, ਭਗਵਾਨ ਸ੍ਰੀ ਰਾਮ ਚੰਦਰ ਦੇ ਸਪੁੱਤਰ ਲਵ (ਲਉ) ਦੇ ਬੰਸ ਵਿਚੋਂ ਹਨ ਅਤੇ ਸ੍ਰੀ ਗੁਰੂ ਰਾਮ ਦਾਸ ਜੀ ਵੀ ਸੋਢੀ ਸਨ। ਹੁਣ ਸੋਢੀਆਂ ਦੀ ਗਿਣਤੀ ਛੋਟੇ ਸਰੀਨਾਂ ਵਿਚ ਕੀਤੀ ਜਾਂਦੀ ਹੈ ਗੁਰੂ ਸਾਹਿਬ ਦੀ ਸੰਤਾਨ ਵਿਚੋਂ ਸ੍ਰੀ ਪ੍ਰਿਥੀ ਚੰਦ ਦੀ ਆਲ ਔਲਾਦ ਨੂੰ ਛੋਟੇ ਮੇਲ ਦੇ ਸੋਢੀ ਅਤੇ ਸ੍ਰੀ ਸੂਰਜ ਮੱਲ ਜੀ ਦੀ ਔਲਾਦ ਨੂੰ ਵੱਡੇ ਸੋਢੀ ਕਹਿ ਦਿੱਤਾ ਜਾਂਦਾ ਹੈ । ਮੁੱਖ ਸ਼ਾਖ਼ ਸੋਢੀਆਂ ਦੀ ਅਨੰਦਪੁਰ ਸਾਹਿਬ ਦੀ ਗੱਦੀ ਹੈ ਜਿਸ ਦੇ ਸਬੰਧ ਵਿਚ ਬੰਸਾਵਲੀ ਇਸ ਪ੍ਰਕਾਰ ਮਿਲਦੀ ਹੈ –
ਸ੍ਰੀ ਗੁਰੂ ਹਰਿਗੋਬਿੰਦ ਜੀ
ਸੂਰਜ ਮੱਲ ਜੀ
ਦੀਪ ਚੰਦ ਜੀ
ਸ਼ਿਆਮ ਸਿੰਘ ਜੀ
ਨਾਹਰ ਸਿੰਘ ਜੀ
ਸੁਰਜਨ ਸਿੰਘ ਜੀ
ਦੀਵਾਨ ਸਿੰਘ ਜੀ
ਬ੍ਰਜਿੰਦਰ ਸਿੰਘ ਜੀ
ਰਾਮ ਨਰਾਇਣ ਸਿੰਘ ਜੀ
ਟਿੱਕਾ ਜਗਤਾਰ ਸਿੰਘ ਜੀ
ਸ਼ਿਆਮ ਸਿੰਘ ਜੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਛਕਿਆ ਸੀ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3857, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-04-01-02-07, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. : 232
ਸੋਢੀ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸੋਢੀ, ਪੁਲਿੰਗ : ਖੱਤਰੀਆਂ ਦੀ ਇੱਕ ਜਾਤ, ਇਸ ਜਾਤ ਦਾ ਆਦਮੀ
–ਸੋਢੀ ਸਟਾਫ਼, ਪੁਲਿੰਗ : ਸਾਊ, ਸ਼ਰੀਫ਼ ਆਦਮੀ, ਰਈਸ, ਵੱਡਾ ਆਦਮੀ
–ਸੋਢੀ ਸਾਹਬਜ਼ਾਦੇ, ਪੁਲਿੰਗ : ਗੁਰੂ ਰਾਮਦਾਸ ਜੀ ਕੁਲ ਦੇ ਸੋਢੀ
–ਸੋਢੀ ਪਾਤਸ਼ਾਹ, ਪੁਲਿੰਗ : ਗੁਰੂ ਰਾਮ ਦਾਸ ਜੀ, ਗੁਰੂ ਗੋਬਿੰਦ ਸਿੰਘ ਜੀ
–ਸੋਢੀ ਰਾਏ, ਪੁਲਿੰਗ : ਸੋਢੀ ਵੰਸ਼ ਦਾ ਮੁਖੀਆ ਜਿਸ ਤੋਂ ਇਹ ਗੋਤ ਚੱਲਿਆ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1632, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-26-10-52-32, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First