ਸੋਹਨ ਲਾਲ ਸੂਰੀ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੋਹਨ ਲਾਲ ਸੂਰੀ : ਲਾਹੌਰ ਕਚਹਿਰੀਆਂ ਵਿਚ ਵਕੀਲ ਸੀ ਜਿਹੜਾ ਆਪਣੀ ਇਕ ਵੱਡ ਅਕਾਰੀ ਮਹੱਤਵਪੂਰਨ ਫ਼ਾਰਸੀ ਰਚਨਾ ਉਮਦਾਤ ਉਤ-ਤਵਾਰੀਖ਼ ਕਾਰਨ ਪ੍ਰਸਿੱਧ ਹੈ। ਇਹ ਰਚਨਾ ਸਿੱਖ ਰਾਜ ਸਮੇਂ ਦਾ ਇਤਿਹਾਸ ਹੈ। ਇਹ ਰਚਨਾ ਪੰਜ ਭਾਗਾਂ (ਦਫਤਰਾਂ) ਵਿਚ ਹੈ। ਸੋਹਨ ਲਾਲ ਸੂਰੀ ਦੇ ਮੁੱਢਲੇ ਜੀਵਨ ਬਾਰੇ ਬਹੁਤ ਘੱਟ ਜਾਣਕਾਰੀ ਪ੍ਰਾਪਤ ਹੈ। ਕੇਵਲ ਇੰਨਾ ਜਾਣਿਆ ਜਾਂਦਾ ਹੈ ਕਿ ਇਹ ਸਰਦਾਰ ਚੜ੍ਹਤ ਸਿੰਘ ਅਤੇ ਸਰਦਾਰ ਮਹਾਂ ਸਿੰਘ ਸੁੱਕਰਚੱਕੀਆ ਮਿਸਲ ਦੇ ਅਧੀਨ ਕੰਮ ਕਰਦੇ ਕਲਰਕ ਲਾਲਾ ਗਣਪਤ ਰਾਇ ਦਾ ਸੁਪੁੱਤਰ ਸੀ। ਗਣਪਤ ਰਾਇ ਨੇ ਆਪਣੇ ਸਮੇਂ ਦੀਆਂ ਮਹੱਤਵਪੂਰਨ ਘਟਨਾਵਾਂ ਦਾ ਰਿਕਾਰਡ ਸਾਂਭ ਰੱਖਿਆ ਸੀ ਅਤੇ 1811 ਦੇ ਲਾਗੇ-ਚਾਗੇ ਇਹ ਰਿਕਾਰਡ ਉਸ ਨੇ ਆਪਣੇ ਪੁੱਤਰ ਨੂੰ ਸੌਂਪ ਕੇ ਉਸ ਨੂੰ ਇਹ ਕਿਹਾ ਕਿ ਉਹ ਪੰਜਾਬ ਦੇ ਇਤਿਹਾਸ ਨੂੰ ਲਿਖਣ ਦਾ ਕੰਮ ਜਾਰੀ ਰੱਖੇ। ਲਾਲਾ ਸੋਹਨ ਲਾਲ ਦੇ ਆਪਣੇ ਬਿਆਨ ਮੁਤਾਬਿਕ ਇਹ ਫ਼ਾਰਸੀ, ਅਰਬੀ , ਹਿਸਾਬ, ਜੋਤਸ਼ ਵਿੱਦਿਆ ਅਤੇ ਗਣਿਤ ਵਿਗਿਆਨ ਵਿਚ ਮਾਹਰ ਸੀ। ਇਸ ਨੂੰ ਇਤਿਹਾਸ ਲਿਖਣ ਦਾ ਸ਼ੌਕ ਆਪਣੇ ਪਿਤਾ ਤੋਂ ਇਲਾਵਾ ਸੁਜਾਨ ਰਾਇ ਭੰਡਾਰੀ ਦੀ ਪੁਸਤਕ ਖ਼ੁਲਾਸਾਤ ਉਤ-ਤਵਾਰੀਖ਼ ਤੋਂ ਹੋਇਆ ਜਿਸ ਵਿਚ ਦਸਵੀਂ ਅਤੇ ਗਿਆਰ੍ਹਵੀਂ ਸਦੀ ਦੇ ਹਿੰਦੂਸ਼ਾਹੀ ਸ਼ਾਸਕਾਂ ਤੋਂ ਲੈ ਕੇ 1704 ਤਕ ਔਰੰਗਜ਼ੇਬ ਦੇ ਸਮੇਂ ਤਕ ਦਾ ਇਤਿਹਾਸ ਹੈ। ਸੋਹਨ ਲਾਲ ਸੂਰੀ ਸੁਜਾਨ ਰਾਇ ਭੰਡਾਰੀ ਦਾ ਆਭਾਰ ਮੰਨਦਾ ਹੋਇਆ ਇਕ ਹੋਰ ਗੱਲ ਦਾ ਜ਼ਿਕਰ ਕਰਦਾ ਹੈ ਜਿਸ ਨੇ ਉਸ ਨੂੰ ਇਤਿਹਾਸ ਲਿਖਣ ਲਈ ਪ੍ਰੇਰਿਆ। ਉਮਦਾਤ ਉਤ-ਤਵਾਰੀਖ਼ ਦੇ ਪਹਿਲੇ ਅਧਿਆਇ (ਦਫ਼ਤਰ) ਦੇ ਅਰੰਭ ਵਿਚ ਹੀ ਇਸ ਨੇ ਆਪਣੇ ਆਪ ਨੂੰ ‘ਤੀਜੇ ਪੁਰਖ` ਵਜੋਂ ਦਸਿਆ ਹੈ: “ਦਰਅਸਲ ਇਸ ਸ਼ੁੱਭ ਅਤੇ ਮਹੱਤਵਪੂਰਨ ਕਾਰਜ ਦੇ ਸੰਕਲਨ ਦਾ ਕੰਮ ਇਸਨੇ ਇਸ ਕਰਕੇ ਅਰੰਭ ਕੀਤਾ ਕਿਉਂਕਿ ਸਲਤਨਤ ਦੇ ਸਮੇਂ ਤੋਂ ਹੀ ਅਜਿਹੇ ਕੰਮ ਨੂੰ ਕਰਨਾ ਪੜ੍ਹੇ ਲਿਖੇ ਹੋਣ ਅਤੇ ਯੋਗ ਹੋਣ ਦਾ ਸਬੂਤ ਮੰਨਿਆ ਜਾਂਦਾ ਸੀ, ਜਿਸ ਕਰਕੇ ਮਨੁੱਖ ਆਮ ਲੋਕਾਂ ਨਾਲੋਂ ਵੱਖਰਾ ਇਕ ਵਿਦਵਾਨ ਮੰਨਿਆ ਜਾਂਦਾ ਸੀ। ਪੜ੍ਹੇ ਲਿਖੇ ਵਿਦਵਾਨਾਂ ਨੂੰ ਸਮੇਂ ਦੇ ਸ਼ਾਸਕਾਂ ਤੋਂ ਯੋਗ ਮਾਨਤਾ ਅਤੇ ਹੌਂਸਲਾ ਮਿਲਦਾ ਸੀ।” ਇਸ ਵਡ-ਅਕਾਰੀ ਤਵਾਰੀਖ਼ ਦੇ ਖਰੜੇ ਦੇ ਸੋਹਣੀ ਲਿਖਾਈ ਵਾਲੇ (ਸ਼ਿਕਸਤਾ) ਫ਼ਾਰਸੀ ਦੇ 7000 ਪੰਨੇ ਹਨ ਅਤੇ ਇਸ ਵਿਚ 1469 ਵਿਚ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਲੈ ਕੇ 1849 ਵਿਚ ਪੰਜਾਬ ਦੇ ਅੰਗਰੇਜ਼ੀ ਰਾਜ ਨਾਲ ਮਿਲਾਉਣ ਤਕ ਦਾ ਸਮਾਂ ਅੰਕਿਤ ਹੈ। ਇਸ ਦੇ ਸ੍ਰੋਤ ਲੇਖਕ ਦੀ ਸਮਕਾਲੀ ਘਟਨਾਵਾਂ ਦੀਆਂ ਜਾਣਕਾਰੀਆਂ ਹਨ। ਪਿਤਾ ਦੀਆਂ ਟਿੱਪਣੀਆਂ ਜਿਹੜੀਆਂ ਉਸ ਨੇ ਇਸ ਨੂੰ ਦਿੱਤੀਆਂ ਸਨ ਅਤੇ ਇਸ ਵਿਸ਼ੇ ਨਾਲ ਸੰਬੰਧਿਤ ਇਤਿਹਾਸਿਕ ਅਤੇ ਹੋਰ ਉਸ ਸਮੇਂ ਉਪਲਬਧ ਸਮੱਗਰੀ ਇਸ ਦੇ ਲਿਖਣ ਵਿਚ ਵਰਤੀ ਗਈ ਹੈ।

    ਆਪਣੀ ਸ਼ਾਹਕਾਰ ਰਚਨਾ ਉਮਦਾਤ ਉਤ-ਤਵਾਰੀਖ਼ ਤੋਂ ਇਲਾਵਾ ਸੋਹਨ ਲਾਲ ਸੂਰੀ ਨੇ ਇਬਰਤ ਨਾਮਹ ਲਿਖਿਆ ਜਿਸ ਦਾ ਸ਼ਾਬਦਿਕ ਅਰਥ ਹੈ ‘ਇਕ ਅਜਿਹੀ ਰਚਨਾ ਹੈ ਜਿਹੜੀ ਉਪਦੇਸ਼ਾਤਮਿਕ ਹੈ`। ਇਹ ਮਹਾਰਾਜਾ ਸ਼ੇਰ ਸਿੰਘ , ਰਾਜਾ ਧਿਆਨ ਸਿੰਘ ਅਤੇ ਸੰਧਾਵਾਲੀਆ ਸਰਦਾਰਾਂ ਅਤੇ ਉਹਨਾਂ ਦੇ ਸਹਾਇਕਾਂ ਦਾ ਸਤੰਬਰ 1843 ਵਿਚ ਹੋਏ ਦੁਖਦਾਈ ਕਤਲਾਂ ਦਾ ਕਵਿਤਾ ਵਿਚ ਵਰਨਨ ਹੈ। ਇਸ ਦੀ ਇਕ ਹੋਰ ਰਚਨਾ ਦਾ ਸਿਰਲੇਖ ਹੈ ਸੀਲੈਕਸ਼ਨਜ ਫਰਾਮ ਦਫ਼ਤਰ II, ਜੋ ਸਿਰਲੇਖ ਨਾਲ ਮੇਲ ਨਾ ਖਾਣ ਕਾਰਨ ਭਰਮ ਪੈਦਾ ਕਰਦੀ ਹੈ। ਦਰਅਸਲ ਇਸ ਖਰੜੇ ਵਿਚ ਇਸਦੇ ਦਰਬਾਰੀਆਂ, ਰਾਜਿਆਂ, ਦੀਵਾਨਾਂ, ਵਿਦਵਾਨਾਂ, ਸੰਤਾਂ , 1831 ਵਿਚ ਰਹਿ ਰਹੇ ਤਪੱਸਵੀਆਂ ਦਾ ਜ਼ਿਕਰ ਹੈ; 1836 ਤਕ ਲੇਖਕ ਦੇ ਪਰਵਾਰ ਦਾ ਕੁਰਸੀਨਾਮਾ, ਇਸ ਦੇ ਪਿਤਾ ਦੀ ਮੌਤ ਤੇ ਦਾਹ ਸੰਸਕਾਰ ਦਾ ਜ਼ਿਕਰ, ਸਤਲੁਜ ਪਾਰ ਦੇ ਮੁਖੀਆਂ ਦਾ ਜ਼ਿਕਰ, ਅੰਗਰੇਜ਼ੀ ਸੰਸਥਾਵਾਂ ਦਾ ਵਰਨਨ, ਲੇਖਕ ਦੀ ਲੁਧਿਆਣੇ ਵਿਖੇ ਬ੍ਰਿਟਿਸ਼ ਰਾਜਨੀਤਿਕ ਏਜੰਟ ਕੈਪਟਨ ਵੇਡ ਪਿੱਛੋਂ ਕਰਨਲ ਸਰ ਕਲੋਡ ਮਾਰਟਿਨ ਵੇਡ ਨਾਲ ਮਿਲਣੀ ਦਾ ਸੰਖੇਪ ਵਰਨਨ ਅਤੇ ਕਈ ਚਿੱਠੀਆਂ ਅਤੇ ਪ੍ਰਮਾਣ-ਪੱਤਰਾਂ ਦੀਆਂ ਕਾਪੀਆਂ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਇਸ ਨੇ ਹਿਸਾਬ ਜੋਤਸ਼ ਵਿੱਦਿਆ ਅਤੇ ਜੁਮੈਟਰੀ ਉੱਤੇ ਕਈ ਨਿਬੰਧ ਲਿਖੇ ਸਨ। ਮਹਾਰਾਜਾ ਦੇ ਸਤਿਕਾਰਿਤ ਮੰਤ੍ਰੀ ਫ਼ਕੀਰ ਅਜ਼ੀਜ਼ ਉਦ-ਦੀਨ ਨੇ ਕੈਪਟਨ ਵੇਡ ਨਾਲ ਸੋਹਨ ਲਾਲ ਦੀ ਜਾਣ ਪਛਾਣ ਸਿੱਖ ਦਰਬਾਰ ਦੇ ਇਤਿਹਾਸਕਾਰ ਦੇ ਤੌਰ ਤੇ ਕਰਵਾਈ ਸੀ। ਕੈਪਟਨ ਵੇਡ ਦੀ ਬੇਨਤੀ ਕਰਨ ਤੇ ਮਹਾਰਾਜੇ ਨੇ ਸੋਹਨ ਲਾਲ ਨੂੰ ਲੁਧਿਆਣੇ ਜਾਣ ਦੀ ਆਗਿਆ ਦਿੱਤੀ ਜਿੱਥੇ ਹਫ਼ਤੇ ਵਿਚ ਦੋ ਵਾਰ ਇਹ ਆਪਣੇ ਮੇਜ਼ਬਾਨ ਨੂੰ ਉਮਦਾਤ ਉਤ-ਤਵਾਰੀਖ਼ ਤੋਂ ਪੜ੍ਹ ਕੇ ਸੁਣਾਇਆ ਕਰਦਾ ਸੀ। ਇਸ ਨੇ ਇਸ ਰਚਨਾ ਦੀ ਕਾਪੀ ਕੈਪਟਨ ਵੇਡ ਨੂੰ ਦਿੱਤੀ ਜਿਹੜੀ ਕਿ ਹੁਣ ਵੀ ਰਾਇਲ ਏਸ਼ੀਐਟਿਕ ਸੁਸਾਇਟੀ ਲਾਇਬ੍ਰੇਰੀ, ਲੰਦਨ ਵਿਚ ਸੰਭਾਲ ਕੇ ਰੱਖੀ ਹੋਈ ਹੈ।

        1849 ਵਿਚ ਪੰਜਾਬ ਨੂੰ ਬ੍ਰਿਟਿਸ਼ ਨਾਲ ਮਿਲਾਉਣ ਉਪਰੰਤ ਲਾਲਾ ਸੋਹਨ ਲਾਲ ਸੂਰੀ ਨੂੰ ਅੰਮ੍ਰਿਤਸਰ ਜ਼ਿਲੇ ਵਿਚ ਮਾਂਗਾ ਪਿੰਡ ਵਿਚ 1000/-ਰੁਪਏ ਸਲਾਨਾ ਦੀ ਜਗੀਰ ਦਿੱਤੀ ਗਈ ਸੀ ਜਿਥੇ ਸ਼ਾਇਦ ਇਹ ਜਾ ਕੇ ਰਹਿਣ ਲੱਗ ਪਿਆ ਸੀ ਅਤੇ ਆਪਣੇ ਬਾਕੀ ਰਹਿੰਦੇ ਦਿਨ ਇਥੇ ਹੀ ਬਿਤਾਏ ਸੀ।


ਲੇਖਕ : ਵ.ਸ.ਸ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1727, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.