ਸ੍ਰੀਨਗਰ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸ੍ਰੀਨਗਰ : ਦਰਿਆ ਜੇਹਲਮ ਦੇ ਕੰਢੇ ਤੇ ਸਥਿਤ ਜੰਮੂ ਅਤੇ ਕਸ਼ਮੀਰ ਰਾਜ ਦੀ ਰਾਜਧਾਨੀ ਹੈ। ਇਹ ਸਮੁੰਦਰ ਤਲ ਤੋਂ 5250 ਫੁੱਟ ਦੀ ਉਚਾਈ ਤੇ ਸਥਿਤ ਹੈ। ਇਥੇ ਇਕ ਇਤਿਹਾਸਿਕ ਗੁਰਦੁਆਰਾ , ਗੁਰਦੁਆਰਾ ਛੇਵੀਂ ਪਾਤਸ਼ਾਹੀ ਸ਼ਹਿਰ ਦੇ ਉੱਤਰੀ ਹਿੱਸੇ ਵਿਚ ਹਰੀ ਪਰਬਤ ਕਿਲੇ ਦੇ ਕਾਠੀ ਦਰਵਾਜ਼ੇ ਦੇ ਨੇੜੇ ਸਥਾਪਿਤ ਹੈ। ਇਹ ਗੁਰਦੁਆਰਾ ਉਸ ਘਰ ਦੀ ਨਿਸ਼ਾਨਦੇਹੀ ਕਰਦਾ ਹੈ ਜਿੱਥੇ ਗੁਰੂ ਅਰਜਨ ਜੀ ਦੇ ਸਮੇਂ ਸਿੱਖ ਧਰਮ ਵਿਚ ਸ਼ਾਮਲ ਹੋਈ ਇਕ ਬਜ਼ੁਰਗ ਮਾਈ ਭਾਗਭਰੀ ਆਪਣੇ ਪੁੱਤਰ ਸੇਵਾ ਦਾਸ , ਜੋ ਆਪ ਵੀ ਗੁਰੂ ਜੀ ਦਾ ਸ਼ਰਧਾਲੂ ਸਿੱਖ ਸੀ , ਨਾਲ ਰਹਿੰਦੀ ਸੀ। ਇਸ ਗੁਰਦੁਆਰੇ ਦੀ ਅਜੋਕੀ ਇਮਾਰਤ 1970 ਵਿਚ ਉਸਾਰੀ ਗਈ ਸੀ। ਇਸ ਵਿਚ ਇਕ ਦੀਵਾਨ ਹਾਲ ਹੈ ਜਿਸ ਦੇ ਮੱਧ ਵਿਚ ਚੌਂਤਰੇ ਦੀ ਉਸਾਰੀ ਕਰਵਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਹੈ। ਇਸ ਗੁਰਦੁਆਰੇ ਦੇ ਸਾਮ੍ਹਣੇ ਪੁਰਾਣੇ ਖੂਹ ਬਾਰੇ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਸ ਖੂਹ ਦੀ ਖੁਦਾਈ ਗੁਰੂ ਹਰਗੋਬਿੰਦ ਜੀ ਨੇ ਆਪ ਕੀਤੀ ਸੀ। ਗੁਰਦੁਆਰਾ ਛੇਵੀਂ ਪਾਤਸ਼ਾਹੀ ਦਾ ਪ੍ਰਬੰਧ ਜੰਮੂ ਅਤੇ ਕਸ਼ਮੀਰ ਗੁਰਦੁਆਰਾ ਪ੍ਰਬੰਧਕ ਬੋਰਡ ਦੁਆਰਾ ਸਥਾਨਿਕ ਜ਼ਿਲਾ ਕਮੇਟੀ ਰਾਹੀਂ ਕੀਤਾ ਜਾ ਰਿਹਾ ਹੈ।
ਲੇਖਕ : ਗ.ਨ.ਸ. ਅਤੇ ਅਨੁ. ਜ.ਪ.ਕ.ਸੰ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1428, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਸ੍ਰੀਨਗਰ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ
ਸ੍ਰੀਨਗਰ : ਜ਼ਿਲ੍ਹਾ (ਜੰਮੂ ਅਤੇ ਕਸ਼ਮੀਰ)––ਇਸ ਜ਼ਿਲ੍ਹੇ ਦਾ ਕੁਲ ਰਕਬਾ 3,000 ਵ. ਕਿ. ਮੀ. ਅਤੇ ਆਬਾਦੀ 82,800,000 (1971) ਹੈ। ਇਥੇ 92 ਵੱਖ ਵੱਖ ਕਿਸਮ ਦੀਆਂ ਸਨੱਅਤਾਂ ਹਨ। ਜ਼ਿਲ੍ਹੇ ਦੀ ਆਮਦਨ ਦਾ ਮੁਖ ਸਾਧਨ ਸੈਲਾਨੀ ਹਨ।
ਸ਼ਹਿਰ––ਇਹ ਭਾਰਤ ਦੇ ਜੰਮੂ ਅਤੇ ਕਸ਼ਮੀਰ ਰਾਜ ਦੀ ਰਾਜਧਾਨੀ ਹੈ ਅਤੇ ਇਸੇ ਹੀ ਨਾਂ ਦੇ ਜ਼ਿਲ੍ਹੇ ਦਾ ਸਦਰ ਮੁਕਾਮ ਹੈ। ਇਹ ਸ਼ਹਿਰ ਜਿਹਲਮ ਦਰਿਆ ਦੇ ਕੰਢਿਆਂ ਤੇ 41.44 ਵ. ਕਿ. ਮੀ. ਖੇਤਰ ਵਿਚ ਸਮੁੰਦਰੀ ਤਲ ਤੋਂ 1,610 ਮੀਟਰ ਦੀ ਉੱਚਾਈ ਉੱਤੇ ਵੱਸਿਆ ਹੋਇਆ ਹੈ। ਕਹਾਵਤ ਅਨੁਸਾਰ ਸ੍ਰੀਨਗਰ ਸ਼ਹਿਰ ਤੀਜੀ ਪੂਰਬ ਸਦੀ ਵਿਚ ਅਸ਼ੋਕ ਨੇ ਵਸਾਇਆ ਸੀ। ਵਰਤਮਾਨ ਸ੍ਰੀਨਗਰ ਦੇ ਥਾਂ ਛੇਵੀਂ ਸਦੀ ਵਿਚ ਰਾਜੇ ਪਰਵਰ ਸੇਨ ਦੂਜੇ ਦਾ ਪੁਰਾਤਨ ਸ਼ਹਿਰ ਵਸਦਾ ਸੀ। ਕਲਹਨ ਆਪਣੀ ਇਤਿਹਾਸਕ ਲਿਖਤ ਵਿਚ ਲਿਖਦਾ ਹੈ ਕਿ ਪੁਰਾਣੇ ਸਮੇਂ ਇਥੇ ਅਸਮਾਨ ਛੁੰਹਦੇ ਮਹੱਲ ਸਨ।
ਇਸ ਪਿੱਛੋਂ ਮਿਰਜ਼ਾ ਹੈਦਰ ਅਤੇ ਅਬੁੱਲ ਫ਼ਜ਼ਲ ਵੀ ਚੀਲ ਦੀਆਂ ਬਣੀਆਂ ਪੰਜ ਮੰਜ਼ਲੀਆਂ ਇਮਾਰਤਾਂ ਦਾ ਜ਼ਿਕਰ ਕਰਕੇ ਹਨ ਸ਼ਹਿਰ ਦੋ ਪਹਾੜੀਆਂ ਦੇ ਵਿਚਕਾਰ ਸਥਿਤ ਹੈ। ਇਕ ਪਾਸੇ ਪਹਾੜੀ ‘ਸਾਰੀਕਾ’ ਹੈ ਜਿਸਨੂੰ ਹੁਣ ‘ਹਰੀ ਪਰਬਤ’ ਕਹਿੰਦੇ ਹਨ ਅਤੇ ਦੂਜੇ ਪਾਸੇ ਪਹਾੜੀ ‘ਗੋਪ’ ਹੈ ਜਿਸਨੂੰ ਹੁਣ ‘ਤਖ਼ਤ-ਇ-ਸੁਲੇਮਾਨ’ ਕਹਿੰਦੇ ਹਨ। ਹਰੀ ਪਰਬਤ ਉੱਤੇ ਆਧੁਨਿਕ ਸਮੇਂ ਦਾ ਬਣਿਆ ਕਿਲ੍ਹਾ ਹੈ ਜਿਸ ਦੀ ਚਾਰ-ਦੀਵਾਰੀ ਅਕਬਰ ਨੇ ਬਣਵਾਈ ਸੀ। ਤਖ਼ਤ-ਇ-ਸੁਲੇਮਾਨ ਦੀ ਸਭ ਤੋਂ ਉੱਚੀ ਚੋਟੀ ਸ਼ੰਕਰਚਾਰੀਆਂ ਨਾਂ ਨਾਲ ਜਾਣੀ ਜਾਂਦੀ ਹੈ ਅਤੇ ਇਥੇ ਹਿੰਦੂ ਸਮੇਂ ਦਾ ਇਕ ਸ਼ਿਵ-ਮੰਦਰ ਵੀ ਹੈ। ਸ੍ਰੀਨਗਰ ਸਮੇਂ ਸਮੇਂ ਹਿੰਦੂਆਂ, ਮੁਸਲਮਾਨਾਂ, ਸਿੱਖਾਂ ਅਤੇ ਅੰਗਰੇਜ਼ਾਂ ਅਧੀਨ ਰਿਹਾ ਹੈ ਅਤੇ ਇਸ ਲਈ ਇਥੇ ਇਨ੍ਹਾਂ ਸਾਰਿਆਂ ਲੋਕਾਂ ਦੀਆਂ ਨਿਸ਼ਾਨੀਆਂ ਮਿਲਦੀਆਂ ਹਨ। ਇਮਾਰਤਾਂ ਵਧੇਰੇ ਕਰਕੇ ਮੁਗਲਾਂ ਨਾਲ ਹੀ ਸਬੰਧਤ ਹਨ।
ਸ੍ਰੀਨਗਰ ਦਾ ਜਲਵਾਯੂ ਸਮੁੱਚੇ ਤੌਰ ਤੇ ਸ਼ੀਤ-ਊਸ਼ਣ ਅਤੇ ਰੂਮ ਸਾਗਰੀ ਕਿਸਮ ਦਾ ਹੀ ਰਹਿੰਦਾ ਹੈ। ਮੌਸਮ ਨੂੰ ਛੇ ਰੁੱਤਾਂ ਵਿਚ ਵੰਡਿਆ ਹੋਇਆ ਹੈ। ਅਗਸਤ ਇਥੋਂ ਦਾ ਸਭ ਤੋਂ ਗਰਮ (23.4˚ ਸੈਂ.) ਮਹੀਨਾ ਅਤੇ ਜਨਵਰੀ ਸਭ ਤੋਂ ਸਰਦ (1.6˚ ਸੈਂ.) ਮਹੀਨਾ ਹੈ। ਔਸਤ ਸਾਲਾਨਾ ਵਰਖਾ 66 ਸੈਂ. ਮੀ. ਹੈ। ਸਤੰਬਰ ਸਭ ਤੋਂ ਸੁਹਾਵਣਾ ਮਹੀਨਾ ਹੈ ਜਦੋਂ ਵਾਦੀ-ਏ-ਕਸ਼ਮੀਰ ਫੁੱਲਾਂ ਨਾਲ ਭਰਪੂਰ ਹੁੰਦੀ ਹੈ ਅਤੇ ਸੈਲਾਨੀਆਂ ਲਈ ਮੌਸਮ ਠੰਢਾ ਅਤੇ ਅਸਮਾਨ ਸਾਫ਼ ਮਿਲਦਾ ਹੈ। ਅੱਧ ਦਸੰਬਰ ਤੋਂ ਅੱਧ ਮਾਰਚ ਤੀਕ ਲਗਭਗ 70 ਦਿਨਾਂ ਲਈ ਸ਼੍ਰੀਨਗਰ ਵਿਚ ਕਹਿਰ ਦੀ ਸਰਦੀ ਪੈਂਦੀ ਹੈ ਅਤੇ ਤਾਪਮਾਨ ਅਕਸਰ ਸਿਫ਼ਰ ਰਹਿੰਦਾ ਹੈ।
ਸ੍ਰੀਨਗਰ ਕਸ਼ਮੀਰ ਦੀਆਂ ਸੈਰਗਾਹਾਂ ਦਾ ਕੇਂਦਰੀ ਸਥਾਨ ਹੈ ਅਤੇ ਆਪਣੀਆਂ ਝੀਲਾਂ, ਬਾਗਾਂ ਅਤੇ ਯਾਦਗੀਰੀ ਇਮਾਰਤਾਂ ਕਾਰਨ ਦਿਲ-ਖਿਚਵਾਂ ਸਥਾਨ ਹੈ। ਜਿਹਲਮ ਦਰਿਆ ਸ਼ਹਿਰ ਨੂੰ ਦੋ ਭਾਗਾਂ ਵਿਚ ਵੰਡਦਾ ਅਤੇ ਇਨ੍ਹਾਂ ਦੋਹਾਂ ਹਿੱਸਿਆਂ ਦਾ ਸੰਪਰਕ ਪੈਦਾ ਕਰਨ ਲਈ ਨੌਂ ਪੁਲ ਬਣਾਏ ਗਏ ਹਨ। ਸੈਲਾਨੀਆਂ ਦੀ ਰਿਹਾਇਸ਼ ਲਈ ਸਰਾਵਾਂ, ਹੋਟਲ ਅਤੇ ਸ਼ਿਕਾਰੇ (ਬੋਟ-ਹਾਊਸ) ਹਨ। ਦਰਿਆ ਦੇ ਦੋਵੇਂ ਕਿਨਾਰਿਆਂ ਦੇ ਨਾਲ ਨਾਲ ਸ਼ਿਕਾਰਿਆਂ ਦੀਆਂ ਕਤਾਰਾਂ ਰਾਮ ਮੁਨਸ਼ੀ ਬਾਗ਼ ਤੋਂ ਅਮੀਰ ਕਾਦਲ ਤਕ ਖੜੀਆਂ ਹਨ। ਡੱਨ ਝੀਲ ਵਿਚ ਸਦਾ ਹੀ ਸ਼ਿਕਾਰਿਆਂ ਦੀ ਰੌਣਕ ਵਿਖਾਈ ਦਿੰਦੀ ਹੈ। ਇਸ ਤੋਂ ਛੁੱਟ ਚਨਾਰ ਬਾਗ਼ ਵੀ ਵੇਖਣਯੋਗ ਹੈ।
ਸ਼ਹਿਰ ਦੀਆਂ ਬਹੁਤ ਸਾਰੀਆਂ ਇਮਾਰਤਾਂ ਵੀ ਵੇਖਣਯੋਗ ਹਨ। ਸ਼ੰਕਰਚਾਰੀਆਂ ਦੀ 320 ਮੀ. ਉੱਚੀ ਚੋਟੀ ਤੋਂ ਸ੍ਰੀਨਗਰ ਇਕ ਸੁਹਾਣਾ ਦ੍ਰਿਸ਼ ਪੇਸ਼ ਕਰਦਾ ਹੈ। ਦਰਿਆ ਦੇ ਖੱਬੇ ਕੰਢੇ ਸ਼ੇਰਗ੍ਰਹੀ ਦਾ ਸਥਾਨ ਹੈ ਜਿਥੇ ਡੋਗਰੇ ਹਾਕਮਾਂ ਦੇ ਨਿਵਾਸ ਸਥਾਨ ਹਨ। ਇਸ ਦੇ ਦੂਜੇ ਪਾਸੇ ਸ੍ਰੀਨਗਰ ਦਾ ਖ਼ੂਬਸੂਰਤ ਘਾਟ ‘ਬਸੰਤ ਬਾਗ਼’ ਹੈ। ਸ੍ਰੀਨਗਰ ਦੀਆਂ ਬਹੁਤੀਆਂ ਇਮਾਰਤਾਂ ਮੁਗ਼ਲਾਂ ਦੁਆਰਾ ਹਿੰਦੂਆਂ ਦੇ ਪੁਰਾਣੇ ਮੰਦਰਾਂ ਦੀ ਸਮੱਗਰੀ ਦੁਆਰਾ ਹੀ ਬਣੀਆਂ ਹਨ। ਸੱਜੇ ਕੰਢੇ ਦੇ ਹੇਠਾਂ ਕਸ਼ਮੀਰ ਦਾ ਪਵਿੱਤਰ ਅਸਥਾਨ ਸ਼ਾਹ ਹਮਦਾਨ ਦਾ ਖ਼ੂਬਸੂਰਤ ਮਕਬਰਾ ਹੈ। ਦਰਿਆ ਦੇ ਮੋੜ ਅਤੇ ਹਰੀ ਪਰਬਤ ਦੇ ਵਿਚਕਾਰ ਸੱਜੇ ਕੱਢੇ ਦੂਜੀ ਪਵਿੱਤਰ ਥਾਂ ਜਾਮਾ ਮਸਜਿਦ ਹੈ। ਇਹ ਵੀ ਸ਼ਹਿਨਸ਼ਾਹ ਜ਼ੈਨ-ਉਲ-ਆਬਿਦੀਨ ਨੇ ਹਿੰਦੂ ਮੰਦਰ ਦੀ ਥਾਂ ਤੇ ਹੀ ਬਣਾਈ ਸੀ। ਜਾਮਾ ਮਸਜਿਦ ਕਈ ਵੇਰ ਸੜੀ ਤੇ ਕਈ ਵੇਰ ਢਹੀ ਅਤੇ ਕਈ ਵੇਰ ਫਿਰ ਬਣੀ ਹੈ ਅਤੇ ਕਈ ਵੇਰ ਸ਼ਾਹ ਜਹਾਨ ਵੀ ਇਸਨੂੰ ਬਣਾ ਚੁੱਕਿਆ ਹੈ। ਸਿੱਖਾਂ ਨੇ ਇਹ ਤੇਈ ਸਾਲ ਬੰਦ ਕਰੀ ਰੱਖੀ ਪਰ ਇਨ੍ਹਾਂ ਦੇ ਹੀ ਮੁਸਲਮਾਨ ਗਵਰਨਰ ਸ਼ੇਖ਼ ਗੁਲਾਮ ਨੇ ਇਸ ਨੂੰ ਮੁੜ ਖੋਲ੍ਹ ਦਿੱਤਾ। ਇਹ ਥਾਂ ਬੋਧੀਆਂ ਅਤੇ ਹਿੰਦੂਆਂ ਲਈ ਵੀ ਧਾਰਮਕ ਮਹੱਤਤਾ ਰਖਦੀ ਹੈ। ਸ਼ਾਹ ਹਮਦਾਨ ਦੇ ਮਕਬਰੇ ਦੇ ਦੂਜੇ ਪਾਸੇ ਸ਼ਹਿਨਸ਼ਾਹ ਜਹਾਂਗੀਰ ਦੀ ਮਲਕਾ ਨੂਰਜਹਾਂ ਦੀ ਬਣਾਈ ਪੱਥਰ ਦੀ ਸੁੰਦਰ ਮਸਜਿਦ ਹੈ ਪਰ ਔਸਤ ਦੇ ਹੱਥਾਂ ਦੀ ਬਣੀ ਹੋਣ ਕਰਕੇ ਕਸ਼ਮੀਰੀਆਂ ਨੇ ਇਸਨੂੰ ਸਵੀਕਾਰ ਨਹੀਂ ਕੀਤਾ। ਇਨ੍ਹਾਂ ਤੋਂ ਇਲਾਵਾ ਮਖ਼ਦੂਮ ਸਾਹਿਬ, ਪੀਰ ਦਸਤਗੀਰ ਅਤੇ ਨਕਸ਼ਬੰਦੀ ਦੂਜੀਆਂ ਵੇਖਣਯੋਗ ਧਾਰਮਿਕ ਇਮਾਰਤਾਂ ਹਨ। ਝੀਲ ਡਲ ਦੇ ਕਿਨਾਰੇ ਹਜ਼ਰਤ ਬਲ ਮਸਜਿਦ ਹੈ ਜਿਥੇ ਹਜ਼ਰਤ ਮੁਹੰਮਦ ਸਾਹਿਬ ਦਾ ਇਕ ਵਾਲ (ਮੂਏ ਮੁਕੱਦਸ) ਹੈ। ਪਹਿਲੀ ਤੇ ਛੇਵੀਂ ਪਾਤਸ਼ਾਹੀ ਨਾਲ ਸਬੰਧਤ ਇਥੇ ਦੋ ਗੁਰਦੁਆਰੇ ਹਨ। 9 ਕਿ. ਮੀ. ਲੰਬੀ ਅਤੇ 6 ਕਿ. ਮੀ. ਚੌੜੀ ਕਸ਼ਮੀਰ ਦੀ ਸਭ ਤੋਂ ਵੱਡੀ ਝੀਲ ਡਲ ਵੀ ਸ਼ਹਿਰ ਦੇ ਨਜ਼ਦੀਕ ਹੀ ਹੈ। ਇਸ ਦੇ ਕਿਨਾਰੇ ਮੁਗ਼ਲ ਬਾਦਸ਼ਾਹਾਂ ਦੇ ਬਣਾਏ ਖ਼ੂਬਸੂਰਤ ਬਾਗ਼ ਚਸ਼ਮਾ ਸ਼ਾਹੀ, ਨਿਸ਼ਾਤ ਬਾਗ਼, ਸ਼ਾਲੀਮਾਰ ਬਾਗ਼ ਅਤੇ ਨਸੀਮ ਬਾਗ਼ ਹਨ।
ਸ੍ਰੀਨਗਰ ਵਿਖੇ ਇਕ ਯੂਨੀਵਰਸਿਟੀ, ਚਾਰ ਆਰਟਸ ਕਾਲਜ, ਇਕ ਮੈਡੀਕਲ ਤੇ ਇਕ ਇੰਜਨੀਅਰਿੰਗ ਕਾਲਜ, ਕਈ ਸਕੂਲ, ਹਸਪਤਾਲ, ਰੇਸ਼ਮੀ ਤੇ ਊਨੀ ਸਰਕਾਰੀ ਕਾਰਖ਼ਾਨੇ, ਪੇਪਰਮੈਸ਼ ਦੇ ਕੰਮ, ਕਾਲੀਨ ਬਣਾਉਣ, ਧਾਨ ਕੁੱਟਣ ਅਤੇ ਦਵਾਈਆਂ ਤਿਆਰ ਕਰਨ ਦੇ ਕਾਰਖ਼ਾਨੇ ਹਨ। ਇਨ੍ਹਾਂ ਤੋਂ ਇਲਾਵਾ ਇਥੇ ਪੱਟ, ਕਾਲੀਨ ਅਤੇ ਲਕੜੀ ਦੀ ਖੁਦਾਈ ਦਾ ਕੰਮ ਬਹੁਤ ਹੁੰਦਾ ਹੈ। ਇਥੋਂ ਦੇ ਸ਼ਾਲ ਜਗਤ ਪ੍ਰਸਿੱਧ ਹਨ।
ਆਬਾਦੀ––403,612 (1971)
34˚ 05' ਉ. ਵਿਥ.; 74˚ 50' ਪੂ. ਲੰਬ.
ਸ਼ਹਿਰ (ਉੱਤਰ ਪ੍ਰਦੇਸ਼)––ਇਹ ਉੱਤਰ ਪ੍ਰਦੇਸ਼ ਦੇ ਗੜ੍ਹਵਾਲ ਜ਼ਿਲ੍ਹੇ ਦਾ ਇਕ ਕਸਬਾ ਹੈ ਜੋ ਅਲਕ ਨੰਦਾ ਦਰਿਆ ਦੇ ਖੱਬੇ ਕੰਢੇ, ਸਮੁੰਦਰੀ ਸਤਹ ਤੋਂ 519 ਮੀਟਰ ਦੀ ਉੱਚਾਈ ਉੱਤੇ ਸਥਿਤ ਹੈ। ਪੁਰਾਣਾ ਕਸ਼ਬਾ ਸਤਾਰ੍ਹਵੀਂ ਸਦੀ ਵਿਚ ਵਸਾਇਆ ਸੀ ਜੋ ਗੜ੍ਹਵਾਲ ਦਾ ਸਦਰ ਮੁਕਾਮ ਰਿਹਾ ਪਰ 1894 ਈ. ਵਿਚ ਇਹ ਮੋਹਨਾ ਝੀਲ ਦੁਆਰਾ ਹੜ੍ਹ ਗਿਆ। ਨਵਾਂ ਕਸਬਾ ਇਕ ਉੱਚੀ ਥਾਂ ਬਣਾਇਆ ਗਿਆ ਹੈ। ਤੀਰਥਾਂ ਦੇ ਰਸਤੇ ਉੱਤੇ ਸਥਿਤ ਹੋਣ ਕਰਕੇ ਇਸਦੀ ਕਾਫ਼ੀ ਮਹੱਤਤਾ ਹੈ।
ਆਬਾਦੀ––5,568 (1971)
30˚ 13' ਉ. ਵਿਥ.; 78˚ 46' ਪੂ. ਲੰਬ.
ਹ. ਪੁ.––ਇੰਪ. ਗ. ਇੰਡ. 23 : 99.
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1132, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-03, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First