ਸ੍ਰੀ ਗੁਰੂ ਗ੍ਰੰਥ ਸਾਹਿਬ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸ੍ਰੀ ਗੁਰੂ ਗ੍ਰੰਥ ਸਾਹਿਬ (ਗੁਰੂ=ਅਧਿਆਤਮਿਕ ਮਾਰਗ ਦਰਸ਼ਕ; ਗ੍ਰੰਥ=ਗ੍ਰੰਥ ਅਥਵਾ ਜਿਲਦ; ਸਾਹਿਬ=ਇਕ ਸਤਿਕਾਰਪੂਰਨ ਸ਼ਬਦ ਹੈ ਜਿਹੜਾ ਮਾਲਕ ਨੂੰ ਦਰਸਾਉਂਦਾ ਹੈ): ਉਹ ਨਾਂ ਹੈ ਜਿਸ ਰਾਹੀਂ ਸਿੱਖਾਂ ਦੇ ਪਵਿੱਤਰ ਗ੍ਰੰਥ ਨੂੰ ਆਮ ਤੌਰ ਤੇ ਜਾਣਿਆ ਜਾਂਦਾ ਹੈ। ਇਹ ਪਵਿੱਤਰ ਪਦਿਆਂ ਦਾ ਇਕ ਵੱਡਆਕਾਰੀ ਸੰਗ੍ਰਹਿ ਹੈ ਜਿਸ ਵਿਚ ਦਸ ਗੁਰੂ ਸਾਹਿਬਾਨਾਂ ਵਿਚੋਂ 6 ਦੀਆਂ ਅਤੇ ਕੁਝ ਸਮਕਾਲੀ ਸੰਤਾਂ , ਭਗਤਾਂ ਦੀਆਂ ਰਚਨਾਵਾਂ ਹਨ। ਇਸ ਦੇ ਪੈਰੋਕਾਰ ਇਸ ਗ੍ਰੰਥ ਨੂੰ ਸ਼ਬਦ ਦਾ ਅਵਤਾਰ ਮੰਨਦੇ ਹਨ ਅਤੇ ਦਸ ਇਤਿਹਾਸਿਕ ਗੁਰੂ ਸਾਹਿਬ-ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਤਕ ਦੀ ਅਧਿਆਤਮਿਕ ਸ਼ਕਤੀ ਦਾ ਅਤੇ ਹਾਜ਼ਰੀ ਦਾ ਪ੍ਰਗਟ ਰੂਪ ਜਾਣਦੇ ਹਨ। ਇਹ ਵਿਸ਼ਾਲ ਸੰਗ੍ਰਹਿ ਗੁਰੂ ਅਰਜਨ ਦੇਵ (1563-1606) ਨੇ ਤਿਆਰ ਕੀਤਾ ਸੀ। ਅਰੰਭ ਵਿਚ ਇਸ ਨੂੰ ਪੋਥੀ , ਪੋਥੀ ਸਾਹਿਬ, ਸਨਮਾਨਯੋਗ ਗ੍ਰੰਥ ਵਜੋਂ ਜਾਣਿਆ ਜਾਂਦਾ ਸੀ। ਇਸ ਦਾ ਬਹੁਤ ਹੀ ਉੱਚਾ ਮਾਨ ਸਨਮਾਨ ਕੀਤਾ ਜਾਂਦਾ ਸੀ। ਗੁਰੂ ਨੇ ਆਪ ਇਸ ਪੋਥੀ ਸਾਹਿਬ ਬਾਰੇ ਕਿਹਾ ਹੈ: ਪੋਥੀ ਪਰਮੇਸਰੁ ਕਾ ਥਾਨੁ॥(ਗੁ. ਗ੍ਰੰ. 1226); ਇਸ ਨੂੰ ਗ੍ਰੰਥ ਸਾਹਿਬ ਵੀ ਕਿਹਾ ਜਾਂਦਾ ਸੀ। ਗੁਰੂ ਗੋਬਿੰਦ ਸਿੰਘ ਨੇ ਵਿਅਕਤੀਗਤ ਗੁਰੂ ਸਾਹਿਬਾਨ ਦੀ ਪਰੰਪਰਾ ਨੂੰ ਸਮਾਪਤ ਕਰਕੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਸ਼ਬਦ ਇਸ ਗ੍ਰੰਥ ਨਾਲ ਅਗੇਤਰ ਦੇ ਤੌਰ ਤੇ ਜੋੜ ਦਿੱਤਾ ਅਤੇ ਗ੍ਰੰਥ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਦੀ ਪਦਵੀ ਦੇ ਦਿੱਤੀ ਗਈ ਸੀ। ਗੁਰੂ ਸਾਹਿਬਾਨ ਪਹਿਲਾਂ ਹੀ ਸ਼ਬਦ ਨੂੰ ਗੁਰੂ ਕਹਿ ਚੁੱਕੇ ਸਨ (ਗੁ.ਗ੍ਰੰ:943)। ਗੁਰੂ ਅਮਰਦਾਸ ਜੀ ਨੇ ਆਪਣੀ ਬਾਣੀ ਵਿਚ ਇਹ ਐਲਾਨ ਹੀ ਕਰ ਦਿੱਤਾ ਸੀ ਕਿ ਮੁਕਤੀ ਪ੍ਰਾਪਤ ਕਰਨ ਲਈ ਗੁਰੂ ਦੇ ਦਰਸ਼ਨਾਂ ਨਾਲੋਂ ਵੀ ਵੱਧ ਸ਼ਬਦ ਤੇ ਧਿਆਨ ਲਾਉਣਾ ਗੁਣਕਾਰੀ ਹੈ।(ਗੁ.ਗ੍ਰੰ.594)। ਸਮਾਂ ਬੀਤਣ ਨਾਲ ਇਸ ਪਵਿੱਤਰ ਗ੍ਰੰਥ ਨੂੰ ਉਹ ਸਨਮਾਨ ਦਿੱਤਾ ਗਿਆ ਹੈ ਜਿਹੜਾ ਕਿ ਜੀਵਿਤ ਗੁਰੂ ਸਾਹਿਬਾਨ ਨੂੰ ਦਿੱਤਾ ਜਾਂਦਾ ਰਿਹਾ ਹੈ। ਸਿੱਖਾਂ ਦੇ ਕਿਸੇ ਵੀ ਇਕੱਠ ਨੂੰ ਸਹੀ ਅਰਥਾਂ ਵਿਚ ਸੰਗਤ ਨਹੀਂ ਕਿਹਾ ਜਾ ਸਕਦਾ ਜਦੋਂ ਤਕ ਉੱਥੇ ਇਹ ਪਵਿੱਤਰ ਗ੍ਰੰਥ ਪ੍ਰਕਾਸ਼ਮਾਨ ਨਾ ਹੋਵੇ। ਇਹ ਪਵਿੱਤਰ ਗ੍ਰੰਥ ਭਾਵੇਂ ਪ੍ਰਕਾਸ਼ ਕੀਤਾ ਹੋਇਆ ਹੋਵੇ ਅਥਵਾ ਪ੍ਰਕਾਸ਼ ਨਾ ਕੀਤਾ ਹੋਇਆ ਹੋਵੇ ਅਤੇ ਜਿੱਥੇ ਵੀ ਹੋਵੇ ਇਸ ਨੂੰ ਓਨਾ ਹੀ ਸਤਿਕਾਰ ਦਿੱਤਾ ਜਾਂਦਾ ਹੈ ਜਿਨਾਂ ਜੀਵਿਤ ਗੁਰੂ ਸਾਹਿਬਾਨ ਨੂੰ ਦਿੱਤਾ ਜਾਂਦਾ ਰਿਹਾ ਹੈ। ਸਿੱਖਾਂ ਦੇ ਸਾਰੇ ਕੰਮਾਂ ਅਤੇ ਰਸਮਾਂ ਰਿਵਾਜਾਂ ਦਾ ਕੇਂਦਰ ਇਹ ਪਵਿੱਤਰ ਗ੍ਰੰਥ ਹੀ ਹੈ।

    ਗੁਰੂ ਗ੍ਰੰਥ ਸਾਹਿਬ ਜਿਸ ਦੇ ਆਦਿ ਗ੍ਰੰਥ , ਸ੍ਰੀ ਆਦਿ ਗ੍ਰੰਥ ਅਥਵਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਆਦਿ ਹੋਰ ਵੀ ਸਿਰਲੇਖ ਹਨ; ਅੱਜ ਦੇ ਸਮੇਂ ਵਿਚ ਸਿੱਖਾਂ ਲਈ ਜੀਵਿਤ ਗੁਰੂ ਹਨ। ਪ੍ਰਗਟਾਵਿਆਂ ਵਿਚ ਮੂਲ ਸ਼ਬਦ ਨੂੰ ਗ੍ਰੰਥ ਕਿਹਾ ਗਿਆ ਹੈ ਜਿਸਦਾ ਅਰਥ ਹੈ ਇਕ ਪਵਿੱਤਰ ਸੰਗ੍ਰਹਿ; ਸਾਹਿਬ ਅਤੇ ਸ੍ਰੀ ਆਦਰ ਸੂਚਕ ਹਨ ਅਤੇ ਗੁਰੂ ਇਸ ਗ੍ਰੰਥ ਦੇ ਗੁਰਗੱਦੀ ਤੇ ਸਥਾਪਿਤ ਹੋਣ ਦੇ ਉਤਰਾਧਿਕਾਰ ਦੇ ਦਰਜੇ ਵੱਲ ਸੰਕੇਤ ਕਰਦਾ ਹੈ। ਆਦਿ ਦਾ ਸ਼ਾਬਦਿਕ ਅਰਥ ਮੂਲ, ਪਹਿਲਾ ਜਾਂ ਪ੍ਰਮੁੱਖ, ਜਿਹੜਾ ਇਸ ਨੂੰ ਸਿੱਖਾਂ ਦੇ ਹੋਰ ਪਵਿੱਤਰ ਗ੍ਰੰਥਾਂ ਤੋਂ ਜਿਵੇਂ ਕਿ ਦਸਮ ਗ੍ਰੰਥ ਜਿਸ ਵਿਚ ਦਸਵੇਂ ਗੁਰੂ ਦੀਆਂ ਰਚਨਾਵਾਂ ਹਨ ਤੋਂ ਵੱਖ ਕਰਦਾ ਹੈ। ਗ੍ਰਾਮੀਣ ਬੋਲੀ ਵਿਚ ਇਕ ਬਹੁਤ ਹੀ ਸਰਲ ਅਤੇ ਸਪਸ਼ਟ ਰੂਪ ਵਿਚ ਇਸ ਨੂੰ ਦਰਬਾਰ ਸਾਹਿਬ ਵੀ ਕਿਹਾ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਦੇ ਯੋਗਦਾਨੀ ਵੱਖਰੀਆਂ ਵੱਖਰੀਆਂ ਸ਼੍ਰੇਣੀਆਂ ਅਤੇ ਵਿਸ਼ਵਾਸਾਂ ਦੀ ਪਿੱਠਭੂਮੀ ਤੋਂ ਆਏ ਸਨ ਅਤੇ ਉਹਨਾਂ ਵਿਚ ਹਿੰਦੂ , ਮੁਸਲਿਮ (ਅਖੌਤੀ) ਨੀਵੀਆਂ ਜਾਤਾਂ ਅਤੇ (ਅਖੌਤੀ) ਉੱਚੀਆਂ ਜਾਤਾਂ ਵਾਲੇ ਲੋਕ ਸ਼ਾਮਲ ਸਨ।

    ਜਿਵੇਂ ਇਸ ਵਿਚ ਰਾਗਾਂ ਅਤੇ ਤਾਲਾਂ ਦੀ ਭਿੰਨਤਾ ਹੈ ਉਸੇ ਤਰਾਂ ਹੀ ਇਸ ਦੇ ਯੋਗਦਾਨੀ ਵੀ ਭਿੰਨ-ਭਿੰਨ ਪ੍ਰਕਾਰ ਦੇ ਸਨ। ਇਸ ਦਾ ਸੰਪੂਰਨ ਪਾਠ ਅਨੇਕਾਂ ਪ੍ਰਕਾਰ ਦੇ ਕਾਵਿ ਰੂਪਾਂ ਵਿਚ ਤਿਆਰ ਕੀਤਾ ਗਿਆ ਹੈ। ਇਸ ਵਿਚ 31 ਵੱਖਰੇ ਵੱਖਰੇ ਰਾਗ ਵਰਤੇ ਗਏ ਹਨ। ਇਹਨਾਂ ਸਾਰੇ ਰਾਗਾਂ ਨੂੰ ਪਦਿਆਂ, ਅਸ਼ਟਪਦੀਆਂ , ਛੰਦਾਂ ਅਤੇ ਲੰਮੀਆਂ ਰਚਨਾਵਾਂ ਜਿਵੇਂ ਕਿ ਵਾਰਾਂ ਆਦਿ ਨੂੰ ਰਚਨਾਕਾਰਾਂ ਦੇ ਕ੍ਰਮ ਵਿਚ ਰਖਿਆ ਗਿਆ ਹੈ। 1430 ਪੰਨਿਆਂ ਦੀ ਇਸ ਮਾਨਕ ਬੀੜ ਜਿਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਮਾਨਤਾ ਦਿੱਤੀ ਹੋਈ ਹੈ ਦਾ ਤੱਤਕਰਾ ਕ੍ਰਮ ਇਸ ਪ੍ਰਕਾਰ ਹੈ: ਨਿਤਨੇਮ ਵਾਲਾ ਭਾਗ (1-13), ਸ੍ਰੀ ਰਾਗ (14-93), ਮਾਝ (94-150), ਗਉੜੀ (151-346), ਆਸਾ (347-488), ਗੂਜਰੀ (489-526), ਦੇਵਗੰਧਾਰੀ (527-536), ਬਿਹਾਗੜਾ (537-556), ਵਡਹੰਸ (557-594), ਸੋਰਠਿ (595-659), ਧਨਾਸਰੀ (660-695), ਜੈਤਸਰੀ (696-710), ਟੋਡੀ (711-718), ਬੈਰਾੜੀ (719-720), ਤਿਲੰਗ (721-727), ਸੂਹੀ (728-794), ਬਿਲਾਵਲ (795-858), ਗੌਂਡ (859-875), ਰਾਮਕਲੀ (876-974), ਨਟ ਨਾਰਾਇਨ (975-983), ਮਾਲੀ ਗਉੜਾ (984-988), ਮਾਰੂ (989-1106), ਤੁਖਾਰੀ (1107-1117), ਕੇਦਾਰਾ (1118-1124), ਭੈਰਉ (1125-1167), ਬਸੰਤ (1168-1196), ਸਾਰੰਗ (1197-1253), ਮਲਾਰ (1254-1293), ਕਾਨੜਾ (1294-1318), ਕਲਿਆਨ (1319-1326), ਪ੍ਰਭਾਤੀ (1327-1351), ਜੈਜਾਵੰਤੀ (1352-1353) ਸਲੋਕ ਸਹਸਕ੍ਰਿਤੀ (1353-1360), ਗਾਥਾ , ਫੁਨਹੇ ਅਤੇ ਚਉਬੋਲੇ (1360-1364), ਸਲੋਕ ਕਬੀਰ (1364-1377), ਸਲੋਕ ਫਰੀਦ (1377-1384), ਸਵਯੇ (1385-1409), ਸਲੋਕ ਵਾਰਾਂ ਤੇ ਵਧੀਕ (1410-1429), ਮੁੰਦਾਵਣੀ ਅਤੇ ਰਾਗ ਮਾਲਾ (1429-1430)।

    ਗੁਰੂ ਅਰਜਨ ਦੇਵ ਜੀ ਦੇ ਸਮੇਂ ਤੋਂ ਪਹਿਲਾਂ ਵੀ ਗੁਰੂ ਸਾਹਿਬਾਨ ਦੇ ਪਵਿੱਤਰ ਵਾਕਾਂ ਵਾਲੀਆਂ ਗੁਰਮੁਖੀ ਅੱਖਰਾਂ ਵਿਚ ਪੋਥੀਆਂ ਮੌਜੂਦ ਸਨ। ਭਾਈ ਗੁਰਦਾਸ ਦੀ ਵਾਰ (1.32) ਦੀ ਇਕ ਪੰਗਤੀ ਇਹ ਦੱਸਦੀ ਹੈ ਕਿ ਆਪਣੀਆਂ ਉਦਾਸੀਆਂ ਦੌਰਾਨ ਗੁਰੂ ਨਾਨਕ ਦੇਵ ਜੀ ਕੋਲ ਇਕ ਪੁਸਤਕ ਸੀ ਜੋ ਸਪਸ਼ਟ ਰੂਪ ਵਿਚ ਉਹਨਾਂ ਦੀਆਂ ਆਪਣੀਆਂ ਰਚਨਾਵਾਂ ਵਾਲੀ ਪੁਸਤਿਕਾ ਸੀ। ਪੁਰਾਤਨ ਜਨਮ ਸਾਖੀ ਅਨੁਸਾਰ ਉਹਨਾਂ ਨੇ ਅਜਿਹੀ ਹੀ ਇਕ ਹੱਥ ਲਿਖਤ ਗੁਰੂ ਅੰਗਦ ਦੇਵ ਜੀ ਨੂੰ ਆਪਣਾ ਅਧਿਆਤਮਿਕ ਉਤਰਾਧਿਕਾਰੀ ਥਾਪਣ ਵੇਲੇ ਦਿੱਤੀ ਸੀ। ਗੁਰੂ ਗ੍ਰੰਥ ਸਾਹਿਬ ਦੇ ਸੰਕਲਨ ਤੋਂ ਪਹਿਲਾਂ ਦੇ ਸ਼ਬਦਾਂ ਦੇ ਦੋ ਸੰਗ੍ਰਹਿ ਅੱਜ ਤਕ ਵੀ ਮੌਜੂਦ ਹਨ। ਇਹ ਗੁਰੂ ਅਮਰਦਾਸ ਜੀ ਦੇ ਬੰਸ ਦੇ ਕੋਲ ਹਨ। ਬੰਸਾਵਲੀ ਵਿਚੋਂ ਇਕ ਪਰਵਾਰ ਪਟਿਆਲੇ ਰਹਿੰਦਾ ਸੀ ਅਤੇ ਕੁਝ ਹੀ ਸਮਾਂ ਪਹਿਲਾਂ ਸ਼ਿਵਾਲਿਕ ਦੇ ਪਿੰਜੌਰ ਵਿਖੇ ਚਲਾ ਗਿਆ ਹੈ ਅਤੇ ਜਿਹੜੀ ਪੋਥੀ ਉਹਨਾਂ ਨੂੰ ਵਿਰਸੇ ਵਿਚ ਮਿਲੀ ਹੈ ਉਸ ਦੇ ਹਰ ਮਹੀਨੇ ਦੀ ਪੁੰਨਿਆਂ ਸਵੇਰੇ ਵੇਲੇ ਸ਼ਰਧਾਲੂਆਂ ਨੂੰ ਦਰਸ਼ਨ ਕਰਵਾਏ ਜਾਂਦੇ ਹਨ। ਉਹਨਾਂ ਦੇ ਸ਼ਰੀਕੇ ਵਿਚ ਜਿਸ ਇਕ ਪਰਵਾਰ ਕੋਲ ਦੂਸਰੀ ਪੋਥੀ ਹੈ ਉਹ ਪੰਜਾਬ ਦੇ ਹੁਸ਼ਿਆਰਪੁਰ ਜ਼ਿਲੇ ਦੇ ਦਾਰਾਪੁਰ ਪਿੰਡ ਵਿਚ ਰਹਿੰਦਾ ਹੈ।

 ਬਾਣੀ ਅਥਵਾ ਧੁਰੋਂ ਆਏ ਸ਼ਬਦ ਦਾ ਸਿੱਖਾਂ ਨੇ ਉਸ ਵੇਲੇ ਵੀ ਬਹੁਤ ਸਤਿਕਾਰ ਕੀਤਾ ਜਦੋਂ ਇਸ ਪਵਿੱਤਰ ਗ੍ਰੰਥ ਦਾ ਅਜੇ ਸੰਗ੍ਰਹਿ ਨਹੀਂ ਹੋਇਆ ਸੀ। ਇਸ ਦਾ ਦਰਜਾ ਗੁਰੂ ਦੇ ਤੁੱਲ ਹੀ ਮੰਨਿਆ ਗਿਆ ਸੀ। ‘ਬਾਣੀ ਗੁਰੂ ਗੁਰੂ ਹੈ ਬਾਣੀ` ਗੁਰੂ ਰਾਮਦਾਸ ਦਾ ਰਾਗ ਨਟ ਨਾਰਾਇਨ(ਗੁ. ਗ੍ਰੰ.982) ਵਿਚ ਫੁਰਮਾਨ ਹੈ। ਬਾਣੀ ਦੈਵੀ ਸਤਿ ਦਾ ਪ੍ਰਗਟਾਵਾ ਸੀ; ਇਹ ਪਰਮਾਤਮਾ ਦੀ ਅਵਾਜ਼ ਸੀ- ਜਿਵੇਂ ਕਿ ਗੁਰੂ ਨਾਨਕ ਨੇ ਗੁਰੂ ਗ੍ਰੰਥ ਵਿਚ ਕਿਹਾ ਹੈ ਇਹ ਪਰਮਾਤਮਾ ਦਾ ਆਪਣਾ ਸ਼ਬਦ ਸੀ। ਗੁਰੂ ਅਮਰਦਾਸ (ਗੁ.ਗ੍ਰੰ. 515) ਵੀ ਦਸਦੇ ਹਨ:

    ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ॥

          ਪਵਿੱਤਰ ਗ੍ਰੰਥ ਦੇ ਸੰਕਲਨ ਦੀ ਇਸ ਮਹੱਤਵਪੂਰਨ ਘਟਨਾ ਦਾ ਸਿੱਖ ਇਤਿਹਾਸ ਵਿਚ ਆਮ ਤੌਰ ਤੇ ਬਹੁਤ ਹੀ ਸੰਖੇਪ ਸ਼ਬਦਾਂ ਵਿਚ ਵਰਨਨ ਕੀਤਾ ਜਾਂਦਾ ਹੈ। ਜਿਆਦਾਤਰ ਸ੍ਰੋਤਾਂ ਤੋਂ ਅਸੀਂ ਇਹੋ ਜਾਣਦੇ ਹਾਂ ਕਿ ਇਸ ਪਵਿੱਤਰ ਗ੍ਰੰਥ ਨੂੰ ਗੁਰੂ ਅਰਜਨ ਦੇਵ (1563-1606) ਨੇ ਤਿਆਰ ਕੀਤਾ ਅਤੇ ਇਸ ਦੀ ਪਹਿਲੀ ਬੀੜ ਨੂੰ ਸੁੰਦਰ ਲਿਖਾਈ ਵਿਚ ਭਾਈ ਗੁਰਦਾਸ ਨੇ ਗੁਰੂ ਜੀ ਦੇ ਮੁਖ ਤੋਂ ਸੁਣਕੇ ਲਿਖਿਆ। ਇਸ ਦੀ ਯੋਜਨਾਬੰਦੀ , ਬਿਉਰਿਆਂ ਪ੍ਰਤੀ ਵਰਤੀ ਗਈ ਬਰੀਕਬੀਨੀ ਅਤੇ ਇਸ ਲਈ ਕੀਤੀ ਗਈ ਕਰੜੀ ਘਾਲਣਾ ਨੂੰ ਅਸਪਸ਼ਟ ਹੀ ਰਹਿਣ ਦਿੱਤਾ ਗਿਆ ਹੈ। ਇਕ ਪ੍ਰਾਚੀਨ ਰਚਨਾ ਗੁਰਬਿਲਾਸ ਛੇਵੀਂ ਪਾਤਸ਼ਾਹੀ ਕੁਝ ਵਿਸਤਾਰਪੂਰਨ ਸੂਚਨਾ ਇਸ ਬਾਰੇ ਵਿਚ ਦਿੰਦੀ ਹੈ। 1718 ਵਿਚ ਲਿਖੀ ਗਈ ਇਹ ਰਚਨਾ, ਦਰਅਸਲ ਸਭ ਤੋਂ ਪ੍ਰਾਚੀਨ ਸ੍ਰੋਤ ਹੈ। ਇਹ ਭਾਵੇਂ ਇਸ ਦੀਆਂ ਤਕਨੀਕੀ ਅਤੇ ਸਾਹਿਤਿਕ ਬਰੀਕੀਆਂ ਵਿਚ ਨਹੀਂ ਪੈਂਦੀ ਪਰੰਤੂ ਫਿਰ ਵੀ ਇਸ ਪਵਿੱਤਰ ਬੀੜ ਦੀ ਲਿਪੀਬੱਧਤਾ ਦੇ ਅਰੰਭ ਤੋਂ ਲੈ ਕੇ ਨਵੇਂ ਬਣੇ ਹਰਿਮੰਦਰ ਸਾਹਿਬ ਵਿਚ ਇਸ ਦੀ ਸਥਾਪਨਾ ਤਕ ਦੀ ਪ੍ਰਕਿਰਿਆ ਦਾ ਵਰਨਨ ਕਰਦੀ ਹੈ।

    ਇਸ ਤੱਥ ਨੂੰ ਕਿ ਗੁਰੂ ਅਰਜਨ ਦੇਵ ਜੀ ਨੇ ਇਹ ਕਾਰਜ ਕਿਉਂ ਅਰੰਭਿਆ, ਵਖਰੇ ਵਖਰੇ ਢੰਗਾਂ ਨਾਲ ਬਿਆਨ ਕੀਤਾ ਗਿਆ ਹੈ। ਇਕ ਆਮ ਤੌਰ ਤੇ ਮੰਨੀ ਗਈ ਇਹ ਧਾਰਨਾ ਹੈ ਕਿ ਗੁਰੂ ਸਾਹਿਬਾਨ ਦੀਆਂ ਰਚਨਾਵਾਂ ਨੂੰ ਇਕ ਪ੍ਰਮਾਣਿਕ ਗ੍ਰੰਥ ਦੇ ਰੂਪ ਵਿਚ ਸੂਤਰਬੱਧ ਕਰਨ ਪਿੱਛੇ ਇਹ ਚਿੰਤਨ ਸੀ ਕਿ ਇਹਨਾਂ ਰਚਨਾਵਾਂ ਵਿਚ ਝਗੜਾਲੂ ਗਰੁਪਾਂ ਅਤੇ ਹੋਰਨਾਂ ਵੱਲੋਂ ਰਲਾ ਪਾਉਣ ਦੀਆਂ ਸੰਭਾਵਨਾਵਾਂ ਨੂੰ ਰੋਕਣਾ ਚਾਹੀਦਾ ਹੈ। ਮਹਿਮਾ ਪ੍ਰਕਾਸ਼ (1776) ਅਨੁਸਾਰ ਗੁਰੂ ਅਰਜਨ ਦੇਵ ਇਹ ਕਹਿ ਕੇ ਇਸ ਕਾਰਜ ਵਿਚ ਰੁੱਝ ਗਏ ਕਿ ‘ਜਿਵੇਂ ਸੰਸਾਰ ਵਿਚ ਪੰਥ ਪ੍ਰਗਟ ਹੋ ਗਿਆ ਹੈ ਇਸੇ ਤਰ੍ਹਾਂ ਹੀ ਗ੍ਰੰਥ ਵੀ ਅਵੱਸ਼ ਹੋਣਾ ਚਾਹੀਦਾ ਹੈ`।ਪਵਿੱਤਰ ਪ੍ਰਮਾਣਿਕ ਸਿਧਾਂਤਾਂ ਨੂੰ ਇਕੱਤਰ ਕਰਕੇ ਗੁਰੂ ਅਰਜਨ ਦੇਵ ਜੀ ਉਹਨਾਂ ਨੂੰ ਮੁਹਰਬੰਦ ਕਰਨਾ ਲੋਚਦੇ ਸਨ। ਇਹਨਾਂ ਨੇ ਹੀ ਪ੍ਰੇਰਨਾ ਦਾ ਸਦੀਵੀ ਸ੍ਰੋਤ ਅਤੇ ਕੌਮ ਲਈ ਸਵੈ-ਸੰਭਾਲ ਦਾ ਸਾਧਨ ਬਣਨਾ ਸੀ।

    ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਨੂੰ ਸੱਦ ਭੇਜਿਆ ਅਤੇ ਉਹਨਾਂ ਨੂੰ ਪਵਿੱਤਰ ਪਦੇ ਇਕੱਠਾ ਕਰਨ ਦੀ ਆਪਣੀ ਇੱਛਾ ਦੱਸੀ। ਪੂਰਵਵਰਤੀ ਗੁਰੂ ਸਾਹਿਬਾਨ ਦੀਆਂ ਬਾਣੀਆਂ ਇਕੱਤਰ ਕਰਨ ਅਤੇ ਉਹਨਾਂ ਨੂੰ ਭੇਜਣ ਦਾ ਕੰਮ ਕਰਨ ਲਈ ਪੈਰੋਕਾਰਾਂ ਨੂੰ ਸੰਦੇਸ਼ੇ ਭੇਜ ਦਿੱਤੇ ਗਏ।

    ਗੁਰੂ ਅਮਰਦਾਸ ਜੀ ਦੇ ਸੁਪੁੱਤਰ ਬਾਬਾ ਮੋਹਨ ਕੋਲ ਆਪਣੇ ਪਿਤਾ ਤੋਂ ਪ੍ਰਾਪਤ ਕੀਤਾ ਪਦਿਆਂ ਦੇ ਸੰਗ੍ਰਹਿ ਦਾ ਖਰੜਾ ਮੌਜੂਦ ਸੀ। ਇਹਨਾਂ ਪੋਥੀਆਂ ਨੂੰ ਲੈ ਆਉਣ ਲਈ ਭਾਈ ਗੁਰਦਾਸ ਗੋਇੰਦਵਾਲ ਗਏ ਪਰ ਬਾਬਾ ਮੋਹਨ ਨੇ ਉਹਨਾਂ ਨੂੰ ਮਿਲਣੋਂ ਇਨਕਾਰ ਕਰ ਦਿੱਤਾ। ਗੁਰੂ ਨਾਨਕ ਦੇਵ ਜੀ ਦੇ ਸਮਿਆਂ ਦੇ ਸਭ ਤੋਂ ਬਜ਼ੁਰਗ ਅਤੇ ਸਿੱਖਾਂ ਵਿਚ ਸਭ ਤੋਂ ਵਧ ਸਤਕਾਰਿਤ ਬਾਬਾ ਬੁੱਢਾ ਜੀ ਨੂੰ ਵੀ ਇਸੇ ਤਰ੍ਹਾਂ ਦਰਵਾਜ਼ੇ ਤੋਂ ਹੀ ਵਾਪਸ ਮੋੜ ਦਿੱਤਾ ਗਿਆ। ਫਿਰ ਗੁਰੂ ਅਰਜਨ ਦੇਵ ਜੀ ਆਪ ਖ਼ੁਦ ਗਏ। ਉਹ ਮੋਹਨ ਜੀ ਦੇ ਚੁਬਾਰੇ ਦੇ ਥੱਲੇ ਗਲੀ ਵਿਚ ਹੀ ਬੈਠ ਗਏ ਅਤੇ ਤੰਬੂਰੇ ਨਾਲ ਪ੍ਰੇਮ ਭਰੇ ਸ਼ਬਦਾਂ ਦਾ ਗਾਇਨ ਕਰਨ ਲੱਗ ਪਏ। ਸ਼ਬਦ ਸੁਣ ਕੇ ਮੋਹਨ ਜੀ ਬੇਬਸ ਹੋ ਉਠੇ। ਪਉੜੀਆਂ ਉਤਰ ਕੇ ਉਹ ਥੱਲੇ ਆਏ ਅਤੇ ਪੋਥੀਆਂ ਗੁਰੂ ਜੀ ਨੂੰ ਭੇਟ ਕਰ ਦਿੱਤੀਆਂ। ਗੁਰਬਿਲਾਸ ਅਨੁਸਾਰ ਪੋਥੀਆਂ ਨੂੰ ਕੀਮਤੀ ਜੜਾਊ ਪਾਲਕੀ ਵਿਚ ਸਜਾ ਕੇ ਸਿੱਖਾਂ ਨੇ ਮੋਢਿਆਂ ਤੇ ਚੁੱਕਿਆ ਅਤੇ ਗੁਰੂ ਅਰਜਨ ਦੇਵ ਜੀ ਨੰਗੇ ਪੈਰੀਂ ਪਿੱਛੇ ਪਿੱਛੇ ਤੁਰਦੇ ਰਹੇ। ਉਹਨਾਂ ਨੇ ਇਹ ਕਹਿੰਦਿਆਂ ਹੋਇਆਂ ਆਪਣੇ ਘੋੜੇ ਤੇ ਚੜ੍ਹਨੋਂ ਇਨਕਾਰ ਕਰ ਦਿੱਤਾ ਕਿ ਇਹ ਪੋਥੀਆਂ ਉਹਨਾਂ ਦੇ ਪੂਰਬਲੇ ਚਾਰ ਗੁਰੂ ਸਾਹਿਬਾਨ ਦੀ ਆਤਮਾ ਹਨ, ਉਹਨਾਂ ਦਾ ਪ੍ਰਕਾਸ਼ ਹਨ।

    ਇਹ ਸ਼ੋਭਾ ਯਾਤਰਾ ਗੁਰੂ ਅੰਗਦ ਦੇਵ ਜੀ ਦੇ ਅਸਥਾਨ ਤੇ ਸ਼ਰਧਾ ਭੇਟ ਕਰਨ ਲਈ ਖਡੂਰ ਸਾਹਿਬ ਵਿਖੇ ਰੁਕੀ। ਅੰਮ੍ਰਿਤਸਰ ਤੋਂ ਦੋ ਕੋਹ ਬਾਹਰਵਾਰ ਗੁਰੂ ਅਰਜਨ ਦੇਵ ਜੀ ਦੇ ਛੋਟੇ ਜਿਹੇ ਸਾਹਿਬਜ਼ਾਦੇ ਹਰਗੋਬਿੰਦ ਨੇ ਭਾਰੀ ਗਿਣਤੀ ਵਿਚ ਸਿੱਖਾਂ ਨਾਲ ਇਸ ਦਾ ਸੁਆਗਤ ਕੀਤਾ। ਉਹ ਪਿਤਾ ਦੇ ਚਰਨਾਂ ਵਿਚ ਝੁਕੇ ਅਤੇ ਪੋਥੀਆਂ ਦੇ ਸਾਮ੍ਹਣੇ ਫੁੱਲ ਭੇਟ ਕੀਤੇ। ਹੁਣ ਪਾਲਕੀ ਨੂੰ ਗੁਰੂ ਅਰਜਨ, ਹਰਗੋਬਿੰਦ,ਭਾਈ ਗੁਰਦਾਸ ਅਤੇ ਭਾਈ ਬੁੱਢਾ ਜੀ ਨੇ ਚੁੱਕ ਲਿਆ ਅਤੇ ਸ਼ਹਿਨਾਈਆਂ ਢੋਲ ਵਜਾਉਂਦੇ ਸੰਗੀਤਕਾਰਾਂ ਦੇ ਪਿੱਛੇ ਇਹ ਸਾਰੇ ਅੰਮ੍ਰਿਤਸਰ ਵੱਲ ਨੂੰ ਤੁਰ ਪਏ। ਅੰਮ੍ਰਿਤਸਰ ਪੁੱਜ ਕੇ ਗੁਰੂ ਅਰਜਨ ਦੇਵ ਧੰਨਵਾਦ ਵਜੋਂ ਪਹਿਲਾਂ ਕੜਾਹ ਪ੍ਰਸਾਦ ਭੇਟ ਕਰਨ ਲਈ ਹਰਿਮੰਦਰ ਸਾਹਿਬ ਗਏ।

      ਗੁਰਬਿਲਾਸ ਅਨੁਸਾਰ ਹੀ ਗੁਰੂ ਅਰਜਨ ਦੇਵ ਜੀ ਨੇ ਸ਼ਹਿਰ ਦੇ ਬਾਹਰ ਸੰਘਣੇ ਜੰਗਲ ਵਿਚ ਇਕ ਸੋਹਣਾ ਜਿਹਾ ਅਸਥਾਨ ਚੁਣਿਆ। ਪੱਤਿਆਂ ਦੀ ਛਾਂ ਉਥੇ ਇੰਨੀ ਸੰਘਣੀ ਸੀ ਕਿ ਚੰਦ ਦੀਆਂ ਕਿਰਨਾਂ ਵੀ ਉਹਨਾਂ ਨੂੰ ਪਾਰ ਨਹੀਂ ਕਰ ਸਕਦੀਆਂ ਸਨ। ਇਹ ‘ਪੰਚਵਟੀ` ਵਾਂਗ ਹੀ ਸ਼ਾਂਤ ਅਤੇ ਰਮਣੀਕ ਸੀ। ਉਸ ਸੁਹਾਵਣੇ ਚੌਗਿਰਦੇ ਵਿਚ ਇਕ ਤੰਬੂ ਲਾ ਲਿਆ ਗਿਆ ਅਤੇ ਇਥੇ ਗੁਰੂ ਅਰਜਨ ਦੇਵ ਅਤੇ ਭਾਈ ਗੁਰਦਾਸ ਨੇ ਪਵਿੱਤਰ ਬੀੜ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ।

    ਗ੍ਰੰਥ ਤਿਆਰ ਕਰਨਾ ਕੋਈ ਸੌਖਾ ਕੰਮ ਨਹੀਂ ਸੀ; ਇਸ ਵਿਚ ਲਗਾਤਾਰ ਮਿਹਨਤ ਅਤੇ ਸਖਤ ਬੌਧਿਕ ਅਨੁਸ਼ਾਸਨ ਦੀ ਲੋੜ ਸੀ। ਲਿਖਤਾਂ ਦੇ ਵੱਡੇ ਭੰਡਾਰ ਵਿਚੋਂ ਚੋਣ ਕੀਤੀ ਜਾਣੀ ਜ਼ਰੂਰੀ ਸੀ। ਚਾਰ ਗੁਰੂ ਸਾਹਿਬਾਨ ਦੀਆਂ ਰਚਨਾਵਾਂ ਅਤੇ ਇਕ ਦੁਰਲਭ ਅਧਿਆਤਮਿਕ ਅੰਤਰ-ਦ੍ਰਿਸ਼ਟੀ ਵਾਲੇ ਗੁਰੂ ਅਰਜਨ ਦੇਵ ਜੀ ਦੀਆਂ ਆਪਣੀਆਂ ਰਚਨਾਵਾਂ ਤੋਂ ਇਲਾਵਾ ਹਿੰਦੂ ਅਤੇ ਮੁਸਲਮਾਨ, ਸੰਤਾਂ ਭਗਤਾਂ ਦੇ ਕਲਾਮ ਅਤੇ ਸ਼ਬਦ ਵੀ ਉਥੇ ਸਨ। ਪ੍ਰਮਾਣਿਕ ਰਚਨਾਵਾਂ ਨੂੰ ਕੱਚੀਆਂ ਤੇ ਹਲਕੀਆਂ ਰਚਨਾਵਾਂ ਤੋਂ ਵੱਖ ਵੀ ਕੀਤਾ ਜਾਣਾ ਸੀ। ਉਸ ਤੋਂ ਬਾਅਦ ਚੁਣੀਆਂ ਹੋਈਆਂ ਰਚਨਾਵਾਂ ਨੂੰ ਢੁਕਵੇਂ ਰਾਗਾਂ ਦੇ ਅੰਤਰਗਤ ਲਿਖਿਆ ਜਾਣਾ ਸੀ ਅਤੇ ਇਹਨਾਂ ਲਿਖਤਾਂ ਨੂੰ ਇਕ ਬਹੁਤ ਹੀ ਸੂਖਮ ਢੰਗ ਨਾਲ ਅਪਨਾਏ ਗਏ ਸਿਲਸਿਲੇ ਵਿਚ ਅੰਕਿਤ ਕੀਤਾ ਜਾਣਾ ਸੀ।

    ਗੁਰੂ ਅਰਜਨ ਦੇਵ ਜੀ ਨੇ ਇਸ ਕੰਮ ਨੂੰ ਅਦੁੱਤੀ ਸੁਨਿਸ਼ਚਿਤਤਾ ਨਾਲ ਨਿਭਾਇਆ। ਉਹਨਾਂ ਨੇ ਇਹਨਾਂ ਸ਼ਬਦਾਂ ਨੂੰ ਤੀਹ ਵੱਖਰੇ ਵੱਖਰੇ ਰਾਗਾਂ ਵਿਚ ਅੰਕਿਤ ਕੀਤਾ। ਰਚਨਾਵਾਂ ਨੂੰ ਦਰਜ ਕਰਨ ਲਈ ਵੀ ਇਕ ਨਿਸ਼ਚਿਤ ਢੰਗ ਅਪਨਾਇਆ ਗਿਆ। ਸਭ ਤੋਂ ਪਹਿਲਾਂ ਕ੍ਰਮ ਅਨੁਸਾਰ ਗੁਰੂ ਸਾਹਿਬਾਨ ਦੇ ਸ਼ਬਦ ਰਖੇ ਗਏ, ਫਿਰ ਅਸ਼ਟਪਦੀਆਂ, ਛੰਦ, ਵਾਰਾਂ ਅਤੇ ਹੋਰ ਕਾਵਿ ਰੂਪਾਂ ਨੂੰ ਰਖਿਆ ਗਿਆ। ਹਰ ਭਾਗ ਵਿਚ ਗੁਰੂ ਸਾਹਿਬਾਨ ਦੀਆਂ ਰਚਨਾਵਾਂ ਤੋਂ ਬਾਅਦ ਉਸੇ ਹੀ ਢੰਗ ਨਾਲ ਭਗਤਾਂ ਦੀਆਂ ਰਚਨਾਵਾਂ ਵੀ ਦਰਜ ਕੀਤੀਆਂ ਗਈਆਂ। ਲਿਖਣ ਵਾਸਤੇ ਗੁਰਮੁਖੀ ਲਿਪੀ ਦਾ ਪ੍ਰਯੋਗ ਕੀਤਾ ਗਿਆ।

    ਭਾਈ ਗੁਰਦਾਸ ਦੀ ਗਵਾਹੀ ਦੇ ਅਨੁਸਾਰ ਇਸ ਸਾਰੇ ਪਾਠ ਦੀ ਲਿਖਾਈ ਭਾਦੋਂ ਵਦੀ ਏਕਮ 1661/1 ਅਗਸਤ 1604 ਨੂੰ ਪੂਰੀ ਹੋ ਗਈ ਸੀ। ਤਤਕਰੇ ਦੇ ਉਪਰ ਉਹਨਾਂ ਨੇ ਦਰਜ ਕੀਤਾ: “ਸੰਮਤ 1661 ਮਿਤੀ ਭਾਦੋਂ ਵਦੀ ਏਕਮ ਪੋਥੀ ਲਿਖਿ ਪਹੁੰਚੇ ਅਰਥਾਤ ਭਾਦੋਂ ਵਦੀ ਏਕਮ 1661 ਨੂੰ ਉਹ ਉਥੋਂ ਤਕ ਪੁੱਜ ਗਏ ਸਨ ਜਿਥੇ ਗ੍ਰੰਥ ਦੀ ਲਿਖਾਈ ਨੂੰ ਪੂਰਨ ਕਰਕੇ ਤਤਕਰਾ ਲਿਖਿਆ ਜਾਣਾ ਸੀ”। ਤਤਕਰੇ ਵਿਚ ਹਰ ਸ਼ਬਦ ਦਾ ਪਹਿਲਾ ਅੱਖਰ ਦੇਣਾ ਅਤੇ ਪੰਨੇ ਅੰਕਿਤ ਕਰਨਾ ਆਪਣੇ ਆਪ ਵਿਚ ਵਿਦਵਤਾ ਪੂਰਨ ਸੂਖਮਤਾ ਵਾਲੇ ਕੰਮ ਦਾ ਕ੍ਰਿਸ਼ਮਾ ਸੀ। ਅਧਿਆਤਮਿਕ ਅੰਤਰ-ਦ੍ਰਿਸ਼ਟੀ ਵਾਲੇ ਪਰ ਕਾਰਜ ਵਿਧੀ ਦੀ ਰੂਪ ਰੇਖਾ ਪ੍ਰਤੀ ਪੂਰੇ ਸਜਗ ਰਹਿਣ ਵਾਲੇ ਇਕ ਮਹਾਨ ਵਿਅਕਤੀ ਨੇ ਇਕ ਅਜਿਹੇ ਗ੍ਰੰਥ ਦੀ ਰਚਨਾ ਕਰ ਦਿੱਤੀ ਜਿਹੜਾ ਰਹੱਸਵਾਦਿਤਾ ਦੀਆਂ ਉਚਾਈਆਂ ਵਾਲਾ ਅਤੇ ਪ੍ਰਬੰਧਾਤਮਿਕਤਾ ਵੱਲੋਂ ਵੀ ਉੱਚੇ ਦਰਜੇ ਦਾ ਸੀ। ਇਸ ਦਾ ਆਕਾਰ ਵਿਸ਼ਾਲ ਸੀ ਜਿਸ ਵਿਚ ਪਹਿਲੇ ਪੰਜ ਗੁਰੂ ਸਾਹਿਬਾਨ, 15 ਭਗਤਾਂ ਅਤੇ ਭਾਰਤ ਦੇ ਵੱਖਰੇ ਵੱਖਰੇ ਹਿੱਸਿਆਂ ਦੇ ਸੂਫੀਆਂ ਜਿਵੇਂ ਕਿ ਸ਼ੇਖ ਫਰੀਦ , ਕਬੀਰ ਅਤੇ ਰਵਿਦਾਸ ਆਦਿ ਦੇ ਲਗਭਗ 7000 ਸ਼ਬਦ ਸ਼ਾਮਿਲ ਸਨ। ਇਸ ਪਵਿੱਤਰ ਗ੍ਰੰਥ ਦੇ 974 ਪਤਰੇ ਜਾਂ 1948 ਪੰਨੇ 12"× 8" ਆਕਾਰ ਦੇ ਸਨ। ਇਹਨਾਂ ਵਿਚੋਂ ਉਹਨਾਂ ਰਾਗਾਂ ਵਿਚ ਅਜਿਹੇ ਕਈ ਪੰਨੇ ਖਾਲੀ ਛੱਡੇ ਗਏ ਸਨ ਜਿਨ੍ਹਾਂ ਵਿਚ ਨਿਸ਼ਚਿਤ ਕੀਤੇ ਹੋਏ ਪੱਤਰਿਆਂ ਨੂੰ ਭਰਨ ਲਈ ਕਾਫ਼ੀ ਸ਼ਬਦ ਨਹੀਂ ਸਨ। ਇਸ ਅਦਭੁਤ ਮਿਹਨਤ ਵਾਲੀ ਥਾਂ ਨੂੰ ਅੱਜ-ਕੱਲ੍ਹ ਗੁਰਦੁਆਰਾ ਰਾਮਸਰ ਕਿਹਾ ਜਾਂਦਾ ਹੈ।

    ਗ੍ਰੰਥ ਸਾਹਿਬ ਦੀ ਸੰਪੂਰਨਤਾ ਨੂੰ ਗੁਰਬਿਲਾਸ ਦੇ ਅਨੁਸਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਅਤੇ ਧੰਨਵਾਦ ਵਜੋਂ ਬਹੁਤ ਭਾਰੀ ਮਾਤਰਾ ਵਿਚ ਕੜਾਹ ਪ੍ਰਸਾਦਿ ਤਿਆਰ ਕੀਤਾ ਗਿਆ ਸੀ। ਇਸ ਪਵਿੱਤਰ ਗ੍ਰੰਥ ਦੇ ਦਰਸ਼ਨ ਕਰਨ ਲਈ ਭਾਰੀ ਗਿਣਤੀ ਵਿਚ ਸਿੱਖ ਆਏ ਸਨ। ਇਸ ਦੇ ਦਰਸ਼ਨ ਕਰਕੇ ਉਹ ਮਨਾਂ ਵਿਚ ਖੁਸ਼ ਸਨ ਅਤੇ ਉਹਨਾਂ ਨੇ ਸਿਰ ਝੁਕਾ ਕੇ ਆਪਣਾ ਸਤਿਕਾਰ ਪ੍ਰਗਟ ਕੀਤਾ ਸੀ। ਪੱਛਮੀ ਪੰਜਾਬ ਦੇ ਮਾਂਗਟ ਪਿੰਡ ਦਾ ਇਕ ਭਾਈ ਬੰਨੋ ਵੀ ਆਪਣੇ ਸਾਥੀ ਸਿੱਖਾਂ ਨਾਲ ਉੱਥੇ ਦਰਸ਼ਨਾਂ ਲਈ ਆਇਆ ਸੀ। ਗੁਰੂ ਅਰਜਨ ਦੇਵ ਨੇ ਸ਼ਰਧਾਲੂ ਸਿੱਖ ਵਜੋਂ ਜਾਣੇ ਜਾਂਦੇ ਭਾਈ ਬੰਨੋ ਨੂੰ ਆਦੇਸ਼ ਦਿੱਤਾ ਕਿ ਉਹ ਲਾਹੌਰ ਜਾਵੇ ਅਤੇ ਗ੍ਰੰਥ ਦੀ ਜਿਲਦਬੰਦੀ ਕਰਾ ਲਿਆਵੇ। ਬੰਨੋ ਨੇ ਗ੍ਰੰਥ ਸਾਹਿਬ ਨੂੰ ਪਹਿਲਾਂ ਮਾਂਗਟ ਵਿਖੇ ਸਿੱਖਾਂ ਦੇ ਦਰਸ਼ਨਾਂ ਲਈ ਲਿਜਾਉਣ ਦੀ ਗੁਰੂ ਸਾਹਿਬ ਤੋਂ ਆਗਿਆ ਮੰਗੀ। ਗੁਰੂ ਜੀ ਨੇ ਆਗਿਆ ਦੇ ਦਿੱਤੀ ਤੇ ਨਾਲ ਹੀ ਨਾਲ ਉਸ ਨੂੰ ਇਹ ਵੀ ਕਿਹਾ ਕਿ ਉਹ ਮਾਂਗਟ ਵਿਖੇ ਅਥਵਾ ਹੋਰ ਕਿਸੇ ਅਸਥਾਨ ਤੇ ਇਕ ਰਾਤ ਤੋਂ ਵੱਧ ਨਾ ਰੁਕੇ

    ਜਿਵੇਂ ਹੀ ਬੰਨੋ ਅੰਮ੍ਰਿਤਸਰ ਤੋਂ ਚਲਿਆ ਉਸਦੇ ਮਨ ਵਿਚ ਪਵਿੱਤਰ ਗ੍ਰੰਥ ਦਾ ਇਕ ਉਤਾਰਾ ਹੋਰ ਕਰ ਲੈਣ ਦਾ ਵਿਚਾਰ ਬਣ ਗਿਆ। ਉਸ ਨੇ ਮਨ ਨੂੰ ਸਮਝਾਇਆ ਕਿ ਮੂਲ ਲਿਖਤ ਗੁਰੂ ਸਾਹਿਬ ਕੋਲ ਹੀ ਰਹੇਗੀ ਪਰ ਸੰਗਤ ਵਾਸਤੇ ਵੀ ਇਕ ਵਾਧੂ ਉਤਾਰੇ ਦੀ ਲੋੜ ਹੈ। ਗੁਰੂ ਜੀ ਦਾ ਇਹ ਆਦੇਸ਼ ਸੀ ਕਿ ਉਹ ਕਿਸੇ ਇਕ ਜਗ੍ਹਾ ਤੇ ਇਕ ਰਾਤ ਤੋਂ ਵੱਧ ਨਾ ਰੁਕੇ ਪਰੰਤੂ ਉਹਨਾਂ ਨੇ ਰਾਹ ਵਿਚ ਲੱਗਣ ਵਾਲੇ ਸਮੇਂ ਦੇ ਬਾਰੇ ਤਾਂ ਕੁਝ ਵੀ ਨਹੀਂ ਕਿਹਾ ਸੀ। ਇਸ ਲਈ ਉਸਨੇ ਆਪਣੀ ਯੋਜਨਾ ਅਨੁਸਾਰ ਇਕ ਸਿੱਖ ਨੂੰ ਕਾਗਜ਼ ਖਰੀਦਣ ਲਈ ਭੇਜ ਦਿੱਤਾ। ਆਪਣੇ ਸਾਥੀਆਂ ਨੂੰ ਉਸਨੇ ਕਹਿ ਦਿੱਤਾ ਕਿ ਉਹ ਆਰਾਮ ਨਾਲ 5 ਮੀਲ ਪ੍ਰਤੀ ਦਿਨ ਦੇ ਹਿਸਾਬ ਨਾਲ ਚੱਲਣ। ਇਸ ਤਰ੍ਹਾਂ ਬਚੇ ਹੋਏ ਸਮੇਂ ਨੂੰ ਉਹਨਾਂ ਨੇ ਗ੍ਰੰਥ ਸਾਹਿਬ ਦੇ ਪਾਠ ਲਿਖ ਲੈਣ ਲਈ ਇਸਤੇਮਾਲ ਕੀਤਾ। ਸਿੱਖਾਂ ਨੇ ਪਿਆਰ ਤੇ ਸ਼ਰਧਾ ਨਾਲ ਲਿਖਾਈ ਕੀਤੀ ਅਤੇ ਦਿਨ-ਰਾਤ ਦੀ ਪਰਵਾਹ ਕੀਤੇ ਬਿਨਾਂ ਆਪਣੀ ਜ਼ਿੰਮੇਦਾਰੀ ਨੂੰ ਨਿਭਾਇਆ। ਜਦੋਂ ਤਕ ਉਹ ਲਾਹੌਰ ਪਹੁੰਚੇ ਤਾਂ ਉਤਾਰਾ ਵੀ ਤਿਆਰ ਹੋ ਚੁੱਕਾ ਸੀ ਪਰੰਤੂ ਬੰਨੋ ਨੇ ਕੁਝ ਕੱਚੀ ਬਾਣੀ ਦੇ ਪਾਠ ਵੀ ਇਸ ਵਿਚ ਸ਼ਾਮਲ ਕਰ ਦਿੱਤੇ। ਉਸਨੇ ਦੋਵਾਂ ਬੀੜਾ ਦੀ ਜਿਲਦਬੰਦੀ ਕਰਵਾਈ ਅਤੇ ਜਿੰਨੀ ਛੇਤੀ ਹੋ ਸਕਦਾ ਸੀ ਵਾਪਸ ਅੰਮ੍ਰਿਤਸਰ ਆ ਪਹੁੰਚਿਆ।

    ਅੰਮ੍ਰਿਤਸਰ ਵਿਖੇ ਭਾਈ ਬੰਨੋ ਦਾ ਪੂਰੇ ਮਾਣ-ਸਨਮਾਨ ਨਾਲ ਸੁਆਗਤ ਕੀਤਾ ਗਿਆ ਪਰੰਤੂ ਇਕ ਦੀ ਥਾਂ ਦੋ ਬੀੜਾਂ ਵੇਖਕੇ ਗੁਰੂ ਜੀ ਬਹੁਤ ਹੀ ਹੈਰਾਨ ਹੋਏ। ਭਾਈ ਬੰਨੋ ਨੇ ਸਭ ਕੁਝ ਸੱਚੋ ਸੱਚ ਦੱਸ ਦਿੱਤਾ: ‘ਹੇ ਮੇਰੇ ਮਾਲਕ, ਅਜਿਹਾ ਕੁਝ ਵੀ ਨਹੀਂ ਹੈ ਜੋ ਤੁਹਾਡੇ ਤੋਂ ਲੁੱਕਿਆ ਹੋਵੇ। ਇਹ ਦੂਜਾ ਉਤਾਰਾ ਮੈਂ ਸੰਗਤ ਲਈ ਤਿਆਰ ਕਰਵਾਇਆ ਹੈ`। ਪਰੰਤੂ ਗੁਰੂ ਜੀ ਨੇ ਕੇਵਲ ਭਾਈ ਗੁਰਦਾਸ ਦੀ ਹੱਥ-ਲਿਖਿਤ ਬੀੜ ਨੂੰ ਹੀ ਸਵੀਕਾਰ ਕੀਤਾ। ਉਹਨਾਂ ਨੇ ਸਿੱਖਾਂ ਨੂੰ ਕਿਹਾ ਕਿ ਉਹ ‘ਗ੍ਰੰਥ` ਨੂੰ ਗੁਰੂ ਤੁੱਲ ਸਮਝਣ ਅਤੇ ਦੋਵਾਂ ਵਿਚ ਕੋਈ ਭੇਦ ਨਾ ਮੰਨਣ। “ਜਿਹੜਾ ਗੁਰੂ ਦੇ ਦਰਸ਼ਨ ਕਰਨਾ ਚਾਹੇ ਉਹ ‘ਗ੍ਰੰਥ` ਦੇ ਦਰਸ਼ਨ ਕਰ ਲਵੇ। ਜਿਸਨੂੰ ਗੁਰੂ ਦੇ ਸ਼ਬਦ (ਉਪਦੇਸ਼) ਦੀ ਕਾਮਨਾ ਹੋਵੇ ਉਹ ਪਿਆਰ ਅਤੇ ਧਿਆਨ ਨਾਲ ‘ਗ੍ਰੰਥ` ਦਾ ਪਾਠ ਕਰੇ।``

    ਗੁਰੂ ਅਰਜਨ ਦੇਵ ਜੀ ਨੇ ਸਿੱਖਾਂ ਨੂੰ ਪੁੱਛਿਆ ਕਿ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਿੱਥੇ ਕੀਤਾ ਜਾਏ। ਭਾਈ ਬੁੱਢਾ ਜੀ ਨੇ ਕਿਹਾ, ‘ਹੇ ਮਾਲਕ, ਤੁਸੀਂ ਅੰਤਰਯਾਮੀ ਹੋ, ਪਰ ਹਰਿਮੰਦਰ ਸਾਹਿਬ ਤੋਂ ਵੱਧ ਢੁਕਵਾਂ ਅਸਥਾਨ ਹੋਰ ਕੋਈ ਨਹੀਂ``। ਗੁਰੂ ਇਹਨਾਂ ਸ਼ਬਦਾਂ ਨੂੰ ਸੁਣ ਕੇ ਉਸੇ ਤਰ੍ਹਾਂ ਪ੍ਰਸੰਨ ਹੋਏ “ਜਿਵੇਂ ਕਿਸੇ ਨੇ ਨਵੇਂ ਚੰਦਰਮੇ ਨੂੰ ਵੇਖ ਲਿਆ ਹੋਵੇ।`` ਉਹਨਾਂ ਨੇ ਹਰਿਮੰਦਰ ਦੀ ਉਪਮਾ ਵਿਚ ਸ਼ਬਦ ਉਚਾਰਨ ਕੀਤਾ: “ਤਿੰਨਾਂ ਲੋਕਾਂ ਵਿਚ ਇਸ ਜਿਹਾ ਹੋਰ ਕੁਝ ਨਹੀਂ ਹੈ। ਹਰਿਮੰਦਰ ਇਕ ਅਜਿਹਾ ਜਹਾਜ ਹੈ ਜਿਹੜਾ ਭਵਸਾਗਰ ਵਿਚੋਂ ਲੋਕਾਂ ਨੂੰ ਜੇਤੂ ਹਾਲਤ ਵਿਚ ਪਾਰ ਉਤਾਰਨ ਦਾ ਸਾਧਨ ਹੈ। ਇਹ ਹਰ ਦਿਨ ਨਵੇਂ ਖੇੜੇ ਨਾਲ ਭਰਪੂਰ ਹੁੰਦਾ ਹੈ। ਇਸ ਦਾ ਦਰਸ਼ਨ ਸਾਰੇ ਪਾਪਾਂ ਨੂੰ ਮਿਟਾਉਣ ਵਾਲਾ ਹੈ``।

    ਉਹ ਰਾਤ ਰਾਮਸਰ ਵਿਖੇ ਹੀ ਬਤੀਤ ਕਰਨ ਦਾ ਅਤੇ ਸਵੇਰੇ ਅੰਮ੍ਰਿਤਸਰ ਜਾਣ ਦਾ ਫ਼ੈਸਲਾ ਕੀਤਾ ਗਿਆ। ਚੰਦੋਏ ਥੱਲੇ ਇਕ ਚੌਂਕੀ ਤੇ ਗ੍ਰੰਥ ਸਾਹਿਬ ਜੀ ਨੂੰ ਟਿਕਾ ਦਿੱਤਾ ਗਿਆ ਅਤੇ ਗੁਰੂ ਸਮੇਤ ਸਿੱਖ ਜ਼ਮੀਨ ਉੱਤੇ ਹੀ ਸੁੱਤੇ

    ਗ੍ਰੰਥ ਸਾਹਿਬ ਦਾ ਕਾਰਜ-ਭਾਰ ਸੰਭਾਲਣ ਲਈ ਇਕ ਸਿੱਖ ਦੀ ਲੋੜ ਸੀ। ਗੁਰਬਿਲਾਸ ਅਨੁਸਾਰ ਗੁਰੂ ਅਰਜਨ ਦੇਵ ਇਸ ਸਮੱਸਿਆ ਬਾਰੇ ਸੋਚਦੇ ਹੋਏ ਸਾਰੀ ਰਾਤ ਜਾਗਦੇ ਰਹੇ। ਅੰਤ ਵਿਚ ਉਹਨਾਂ ਦੀ ਚੋਣ ਭਾਈ ਬੁੱਢਾ ਜੀ ਤੇ ਆ ਟਿਕੀ ਕਿਉਂਕਿ ਉਹਨਾਂ ਦੀ ਸ਼ਰਧਾ ਭਾਵਨਾ ਦੀ ਹਰ ਕੋਈ ਪ੍ਰਸੰਸਾ ਕਰਦਾ ਸੀ। ਜਦੋਂ ਇਹ ਸਾਰੇ ਉੱਠੇ ਤਾਂ ਗੁਰੂ ਅਤੇ ਸਿੱਖਾਂ ਨੇ ਰਾਮਸਰ ਵਿਚ ਇਸ਼ਨਾਨ ਕੀਤਾ। ਗੁਰੂ ਜੀ ਨੇ ਆਪਣੇ ਨਿਤਨੇਮ ਅਨੁਸਾਰ ਸਿਮਰਨ ਦਾ ਅਭਿਆਸ ਕੀਤਾ ਅਤੇ ਪਹੁ ਫੁਟਾਲੇ ਨਾਲ ਸਾਰੀ ਸੰਗਤ ਨੇ ਹਰਿਮੰਦਰ ਸਾਹਿਬ ਵੱਲ ਚਾਲੇ ਪਾ ਦਿੱਤੇ। ਭਾਈ ਬੁੱਢਾ ਜੀ ਨੇ ਪਵਿੱਤਰ ਗ੍ਰੰਥ ਸਾਹਿਬ ਨੂੰ ਸਿਰ ਤੇ ਚੁੱਕਿਆ ਅਤੇ ਗੁਰੂ ਅਰਜਨ ਦੇਵ ਜੀ ਚੌਰ ਕਰਦੇ ਹੋਏ ਪਿੱਛੇ ਪਿੱਛੇ ਚਲ ਪਏ। ਰਾਗੀ ਸ਼ਬਦ-ਕੀਰਤਨ ਕਰ ਰਹੇ ਸਨ। ਇਸ ਤਰ੍ਹਾਂ ਇਹ ਸਾਰੇ ਹਰਿਮੰਦਰ ਸਾਹਿਬ ਵਿਖੇ ਪੁੱਜ ਗਏ। ਵਿਧੀਵਤ ਰੂਪ ਵਿਚ ਹਰਿਮੰਦਰ ਸਾਹਿਬ ਦੇ ਕੇਂਦਰ ਵਿਚ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ। ਉਸ ਦਿਨ ਭਾਦੋਂ ਸੁਦੀ 1, 1661 ਬਿਕਰਮੀ/16 ਅਗਸਤ 1604 ਸੀ। ਭਾਈ ਬੁੱਢਾ ਜੀ ਨੇ ਸਤਿਕਾਰ ਸਹਿਤ ਇਲਾਹੀ ਵਾਕ ਦਾ ਹੁਕਮ ਵਜੋਂ ਉਚਾਰਨ ਕੀਤਾ ਅਤੇ ਗੁਰੂ ਅਰਜਨ ਦੇਵ ਜੀ ਭਾਈ ਬੁੱਢਾ ਜੀ ਦੇ ਪਿੱਛੇ ਹਾਜ਼ਰੀ ਵਿਚ ਖੜ੍ਹੇ ਰਹੇ। ਇਸ ਅਵਸਰ ਤੇ ਰੱਬੀ ਵਾਕ ਦੇ ਤੌਰ ਤੇ ਇਹ ਸ਼ਬਦ ਪੜਿਆ ਗਿਆ:

    ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ॥

    ਧਰਤਿ ਸੁਹਾਵੀ ਤਾਲੁ ਸੁਹਾਵਾ ਵਿਚਿ ਅੰਮ੍ਰਿਤ ਜਲੁ ਛਾਇਆ ਰਾਮ॥

    ਅੰਮ੍ਰਿਤ ਜਲੁ ਛਾਇਆ ਪੂਰਨ ਸਾਜੁ ਕਰਾਇਆ ਸਗਲ ਮਨੋਰਥ ਪੂਰੇ॥

    ਜੈ ਜੈ ਕਾਰੁ ਭਇਆ ਜਗ ਅੰਤਰਿ ਲਾਥੇ ਸਗਲ ਵਿਸੂਰੇ॥

    ਪੂਰਨ ਪੁਰਖ ਅਚੁਤ ਅਬਿਨਾਸੀ ਜਸੁ ਵੇਦ ਪੁਰਾਣੀ ਗਾਇਆ॥

    ਅਪਨਾ ਬਿਰਦੁ ਰਖਿਆ ਪਰਮੇਸਰਿ ਨਾਨਕ ਨਾਮੁ ਧਿਆਇਆ॥੧॥(ਗੁ.ਗ੍ਰੰ. 783)

    ਗੁਰੂ ਅਰਜਨ ਦੇਵ ਜੀ ਨੇ ਨਿਰਦੇਸ਼ ਦਿੱਤਾ ਕਿ ਦਿਨ ਦੇ ਸਮੇਂ ਗ੍ਰੰਥ ਸਾਹਿਬ ਹਰਿਮੰਦਰ ਸਾਹਿਬ ਵਿਚ ਰਹਿਣਗੇ ਅਤੇ ਰਾਤ ਸਮੇਂ ਸੋਹਿਲਾ-ਪਾਠ ਪਿੱਛੋਂ ਪਵਿੱਤਰ ਬੀੜ ਗੁਰੂ-ਕਾ-ਮਹਿਲ ਵਿਖੇ ਉਸ ਅਸਥਾਨ ਤੇ ਲੈ ਜਾਈ ਜਾਣੀ ਚਾਹੀਦੀ ਹੈ ਜਿਹੜਾ ਅਸਥਾਨ ਉਹਨਾਂ ਨੇ ਆਪਣੇ ਲਈ ਬਣਾਇਆ ਸੀ। ਜਦੋਂ ਸ਼ਾਮ ਦੇ ਦੋ ਪਹਿਰ ਹੋ ਗਏ ਤਾਂ ਭਾਈ ਬੁੱਢਾ ਜੀ ਨੇ ਸੋਹਿਲੇ ਦੇ ਪਾਠ ਤੋਂ ਬਾਅਦ ਸਮਾਪਤੀ ਦੀ ਅਰਦਾਸ ਕੀਤੀ। ਰੇਸ਼ਮੀ ਬਸਤਰਾਂ ਵਿਚ ਲਪੇਟ ਕੇ ਗ੍ਰੰਥ ਸਾਹਿਬ ਦਾ ਸੁਖਾਸਨ ਕੀਤਾ ਗਿਆ। ਭਾਈ ਬੁੱਢਾ ਜੀ ਨੇ ਗ੍ਰੰਥ ਸਾਹਿਬ ਨੂੰ ਸਿਰ ਤੇ ਚੁੱਕਿਆ ਅਤੇ ਗੁਰੂ ਅਰਜਨ ਦੇਵ ਜੀ ਵਲੋਂ ਦੱਸੇ ਗਏ ਅਸਥਾਨ ਵੱਲ ਨੂੰ ਲੈ ਗਏ। ਸ਼ਬਦ ਗਾਇਨ ਕਰਦੇ ਹੋਏ ਗੁਰੂ ਆਪ ਸੰਗਤ ਦੇ ਅੱਗੇ ਅੱਗੇ ਸਨ। ਗ੍ਰੰਥ ਸਾਹਿਬ ਨੂੰ ਨਿਸਚਿਤ ਚੌਕੀ ਤੇ ਬਿਰਾਜਮਾਨ ਕਰ ਦਿੱਤਾ ਗਿਆ ਅਤੇ ਗੁਰੂ ਜੀ ਨਾਲ ਹੀ ਧਰਤੀ ਤੇ ਸੌਂ ਗਏ। ਰੋਜ ਸਵੇਰੇ ਅੰਮ੍ਰਿਤ ਵੇਲੇ ਸਰੋਵਰ ਵਿਚ ਦਿਸਦੇ ਤਾਰਿਆਂ ਦੀ ਰੋਸ਼ਨੀ ਵਿਚ ਪਵਿੱਤਰ ਗ੍ਰੰਥ ਸਾਹਿਬ ਨੂੰ ਹਰਿਮੰਦਰ ਸਾਹਿਬ ਵਿਖੇ ਲਿਆਇਆ ਜਾਂਦਾ ਹੈ ਅਤੇ ਰਾਤ ਨੂੰ ਆਰਾਮ ਕਰਨ ਹਿੱਤ ਅੱਜ-ਕੱਲ੍ਹ ਸ੍ਰੀ ਅਕਾਲ ਤਖ਼ਤ ਦੇ ਇਕ ਕਮਰੇ ਵਿਚ ਲਿਜਾਇਆ ਜਾਂਦਾ ਹੈ। ਇਹ ਪਰੰਪਰਾ ਅੱਜ ਦੇ ਦਿਨ ਤਕ ਕਾਇਮ ਹੈ ਪਰੰਤੂ ਬੀੜ ਹੁਣ ਉਹੋ ਨਹੀਂ ਹੈ। ਉਹ ਮੂਲ ਬੀੜ ਉਸ ਵੇਲੇ ਕਰਤਾਰਪੁਰ ਲੈ ਜਾਈ ਗਈ ਜਦੋਂ ਗੁਰੂ ਅਰਜਨ ਦੇਵ ਜੀ ਦੇ ਉਤਰਾਧਿਕਾਰੀ ਗੁਰੂ ਹਰਗੋਬਿੰਦ 1634 ਵਿਚ ਅੰਮ੍ਰਿਤਸਰ ਤੋਂ ਚਲੇ ਗਏ ਸਨ। ਉਥੇ ਹੀ ਇਹ ਬੀੜ ਉਹਨਾਂ ਦੇ ਪੋਤੇ ਧੀਰਮੱਲ ਦੇ ਕਬਜ਼ੇ ਵਿਚ ਆ ਗਈ। ਉਦੋਂ ਤੋਂ ਅੱਜ ਤਕ ਇਹ ਉਸੇ ਪਰਵਾਰ ਕੋਲ ਹੈ।

    ਸਿੱਖ ਪਰੰਪਰਾ ਵਿਚ ਗੁਰੂ ਸ਼ਬਦ ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤਕ ਦਸਾਂ ਗੁਰੂਆਂ ਲਈ ਹੀ ਵਰਤਿਆ ਜਾਂਦਾ ਹੈ ਅਤੇ ਇਸ ਦਾ ਪ੍ਰਯੋਗ ਹੋਰ ਕਿਸੇ ਲਈ ਨਹੀਂ ਕੀਤਾ ਜਾਂਦਾ। ਹੁਣ ਗੁਰੂ ਦੀ ਇਹ ਪਦਵੀ ਤੇ ਗੁਰੂ ਗ੍ਰੰਥ ਸਾਹਿਬ ਹਨ। 1708 ਵਿਚ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਇਹ ਪਦਵੀ ਗ੍ਰੰਥ ਸਾਹਿਬ ਨੂੰ ਗੁਰੂ ਗੋਬਿੰਦ ਸਿੰਘ ਨੇ ਦਿੱਤੀ ਸੀ। ਕੋਈ ਵੀ ਜੀਵਿਤ ਵਿਅਕਤੀ ਚਾਹੇ ਉਹ ਕਿੰਨਾ ਹੀ ਪਵਿੱਤਰ ਅਤੇ ਸਤਿਕਾਰਯੋਗ ਕਿਉਂ ਨਾ ਹੋਵੇ ਇਸ ਪਦ ਦਾ ਅਧਿਕਾਰੀ ਨਹੀਂ ਹੈ। ਸਿੱਖਾਂ ਲਈ ਗੁਰੂ ਉਹ ਪਵਿੱਤਰ ਸ਼ਖਸੀਅਤ ਅਤੇ ਪੈਗੰਬਰ ਹੈ ਜਿਸਨੂੰ ਪਰਮਾਤਮਾ ਨੇ ਸਿੱਧੇ ਤੌਰ ਤੇ ਅਧਿਕਾਰ ਦਿੱਤਾ ਹੈ। ਦਸ ਗੁਰੂ ਅਜਿਹੇ ਹੀ ਗੁਰੂ ਹਨ ਅਤੇ ਗੁਰੂ ਗ੍ਰੰਥ ਸਾਹਿਬ ਉਹਨਾਂ ਦੀ ਸਦੀਵੀ ਪ੍ਰਗਟ ਦੇਹ ਹੈ।

        1699 ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪ੍ਰਗਟ ਕੀਤਾ ਅਤੇ 1708 ਵਿਚ ਸਿੱਖ ਪੰਥ ਦੇ ਵਿਕਾਸ ਵਿਚ ਉਦੋਂ ਇਕ ਨਵੀਂ ਅਤੇ ਸਥਾਈ ਵਿਸ਼ੇਸ਼ਤਾ ਜੋੜ ਦਿੱਤੀ ਜਦੋਂ ਉਹਨਾਂ ਨੇ ਪਵਿੱਤਰ ਗ੍ਰੰਥ ਸਾਹਿਬ ਨੂੰ ‘ਗੁਰੂ` ਸਥਾਪਿਤ ਕਰ ਦਿੱਤਾ। ਭੱਟ ਵਹੀ ਤਲੌਡਾ ਪਰਗਨਾ ਜੀਂਦ ਵਿਚ ਇਸ ਘਟਨਾ ਦਾ ਵੇਰਵਾ ਇਸ ਪ੍ਰਕਾਰ ਹੈ:

    “ਗੁਰੂ ਗੋਬਿੰਦ ਸਿੰਘ ਮਹਲ ਦਸਮਾਂ ਬੇਟਾ ਗੁਰੂ ਤੇਗ ਬਹਾਦਰ ਕਾ ਪੋਤਾ ਗੁਰੂ ਹਰਗੋਬਿੰਦ ਦੀ ਕਾ ਪੜਪੋਤਾ ਗੁਰੂ ਅਰਜਨ ਜੀ ਕਾ ਬੰਸ ਗੁਰੂ ਰਾਮਦਾਸ ਜੀ ਕਾ ਸੂਰਜਬੰਸੀ ਗੋਸਲ ਗੋਤਰ ਸੋਢੀ ਖਤਰੀ ਬਾਸੀ ਅਨੰਦਪੁਰ ਪਰਗਨਾ ਕਹਿਲੂਰ ਮੁਕਾਮ ਨਾਂਦੇੜ ਤਟ ਗੋਦਾਵਰੀ ਦੇਸ ਦੱਖਨ ਸੰਮਤ ਸਤਾਰਾਂ ਸੈ ਪੈਂਸਠ ਕਾਰਤਿਕ ਮਾਸ ਕੀ ਚਉਥ ਸ਼ੁਕਲ ਪੱਖੇ ਬੁਧਵਾਰ ਕੇ ਦਿਨਹੁ ਭਾਈ ਦਇਆ ਸਿੰਘ ਸੇ ਬਚਨ ਹੋਯਾ ਸ੍ਰੀ ਗ੍ਰੰਥ ਸਾਹਿਬ ਲੈ ਆਓ ਬਚਨ ਪਾਇ ਦਯਾ ਸਿੰਘ ਸ੍ਰੀ ਗ੍ਰੰਥ ਸਾਹਿਬ ਲੈ ਆਯੇ ਗੁਰੂ ਜੀ ਨੇ ਪਾਂਚ ਪੈਸੇ ਨਾਰਿਅਲ ਆਗੇ ਭੇਟਾ ਰਖਾ ਮਾਥਾ ਟੇਕਾ ਸਰਬੱਤ ਸੰਗਤ ਸੇ ਕਹਾ ਮੇਰਾ ਹੁਕਮ ਹੈ ਮੇਰੀ ਜਗਹ ਸ੍ਰੀ ਗ੍ਰੰਥ ਜੀ ਕੋ ਜਾਨਣਾ ਜੋ ਸਿਖ ਜਾਣੇਗਾ ਤਿਸ ਕੀ ਘਾਲ ਥਾਏਂ ਪਏਗੀ ਗੁਰੂ ਤਿਸ ਕੀ ਬਹੁੜੀ ਕਰੇਗਾ ਸਤ ਕਰ ਮਾਨਣਾ।

    ਇਸ ਤੱਥ ਦੀ ਖੋਜ ਕਰਨ ਵਾਲੇ ਗਿਆਨੀ ਗਰਜਾ ਸਿੰਘ ਅਨੁਸਾਰ ਇਸ ਇੰਦਰਾਜ ਦਾ ਲੇਖਕ ਭੱਟ ਨਰਬੁਦ ਸਿੰਘ ਸੀ ਜਿਹੜਾ ਉਸ ਸਮੇਂ ਨਾਂਦੇੜ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸੀ।

    ਇਕ ਦ੍ਰਿੜ ਖੋਜੀ ਗਿਆਨੀ ਗਰਜਾ ਸਿੰਘ (1904-77) ਦੁਆਰਾ ਲਭੀਆਂ ਗਈਆਂ ਭੱਟ ਵਹੀਆਂ ਸਿੱਖ ਇਤਿਹਾਸ ਲਈ ਇਕ ਨਵਾਂ ਸੂਚਨਾ ਸ੍ਰੋਤ ਹਨ। ਪਿਤਾ ਪੁਰਖੀ ਤੌਰ ਤੇ ਭੱਟ ਉਸਤਤਕਾਰ, ਪਰਵਾਰਿਕ ਸ਼ਜਰਾਕਾਰ ਅਥਵਾ ਪਰਵਾਰਿਕ ਗੁਣਗਾਨ ਕਰਨ ਵਾਲੇ ਹੁੰਦੇ ਸਨ। ਅਜਿਹੇ ਭੱਟਾਂ ਦੇ ਇਕ ਸਮੂਹ ਦੀ ਭੱਟ ਭਿੱਖਾ ਨੇ ਗੁਰੂ ਅਰਜਨ ਦੇਵ ਨਾਲ ਜਾਣ ਪਛਾਣ ਕਰਾਈ ਸੀ। ਭਿੱਖਾ ਆਪ ਖ਼ੁਦ ਗੁਰੂ ਅਮਰਦਾਸ ਜੀ ਦੇ ਸਮੇਂ ਚੇਲਾ ਬਣ ਗਿਆ ਸੀ। ਭਾਈ ਗੁਰਦਾਸ (ਵਾਰ 11.21) ਅਨੁਸਾਰ ਅਤੇ ਭਾਈ ਮਨੀ ਸਿੰਘ ਦੀ ਸਿੱਖਾਂ ਦੀ ਭਗਤਮਾਲਾ ਅਨੁਸਾਰ ਉਹ ਪਹਿਲਾਂ ਵੀ ਸੁਲਤਾਨਪੁਰ ਲੋਧੀ ਦੀ ਸੰਗਤ ਨਾਲ ਗੁਰੂ ਅਰਜਨ ਦੇਵ ਦੇ ਦਰਸ਼ਨਾਂ ਨੂੰ ਆਇਆ ਸੀ। ਇਹਨਾਂ ਵਿਚੋਂ ਜਿਹੜੇ ਸਿੱਖੀ ਦੇ ਦਾਇਰੇ ਵਿਚ ਆ ਗਏ ਉਹਨਾਂ ਨੇ ਗੁਰੂ ਜੋਤ ਦੇ ਸਨਮਾਨ ਵਿਚ ਰਚਨਾਵਾਂ ਦਾ ਉਚਾਰਨ ਕੀਤਾ ਸੀ ਜਿਨ੍ਹਾਂ ਨੂੰ ਗੁਰੂ ਅਰਜਨ ਦੇਵ ਨੇ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕਰ ਲਿਆ ਸੀ।

    ਇਹਨਾਂ ਭੱਟਾਂ ਨੇ ਆਪਣੀਆਂ ਵਹੀਆਂ ਵਿਚ ਗੁਰੂਆਂ ਅਤੇ ਗੁਰੂ ਪਰਵਾਰਾਂ ਦੀਆਂ ਘਟਨਾਵਾਂ ਨੂੰ ਵੀ ਦਰਜ ਕੀਤਾ ਸੀ। ਇਹਨਾਂ ਵਿਚੋਂ ਕੁਝ ਵਹੀਆਂ ਨੂੰ ਅੱਜ ਤਕ ਵੀ ਸੰਭਾਲਿਆ ਹੋਇਆ ਹੈ ਅਤੇ ਖਾਸ ਤੌਰ ਤੇ ਹਰਿਆਣਾ ਦੇ ਜੀਂਦ ਜਿਲੇ ਵਿਚ ਕਰਸਿੰਧੂ ਪਿੰਡ ਵਿਖੇ ਵੀ ਅਜਿਹੀਆਂ ਵਹੀਆਂ ਮੌਜੂਦ ਹਨ। ਜਿਸ ਲਿਪੀ ਵਿਚ ਇਹ ਲਿਖੀਆਂ ਗਈਆਂ ਹਨ ਉਸਨੂੰ ਭਟਾਕਸ਼ਰੀ ਕਹਿੰਦੇ ਹਨ ਜੋ ਲੰਡੇ ਅਤੇ ਮਹਾਜਨੀ ਵਰਗੀ ਹੈ। ਗਿਆਨੀ ਗਰਜਾ ਸਿੰਘ ਹੀ ਇਕ ਅਜਿਹਾ ਵਿਦਵਾਨ ਸੀ ਜਿਸਨੇ ਇਸ ਉੱਤੇ ਕੰਮ ਕੀਤਾ ਸੀ।

    ਭੱਟ ਵਹੀਆਂ ਤੋਂ ਪ੍ਰਾਪਤ ਕੀਤੀ ਗਰਜਾ ਸਿੰਘ ਦੀ ਇਸ ਨਵੀਂ ਗਵਾਹੀ ਤੋਂ ਇਲਾਵਾ ਇਕ ਹੋਰ ਸਮਕਾਲੀ ਦਸਤਾਵੇਜ਼ ਹੈ ਜਿਹੜਾ ਇਸ ਤੱਥ ਨੂੰ ਪ੍ਰਮਾਣਿਤ ਕਰਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਨੂੰ ਹੀ ਅਜਿਹਾ ਅਧਿਕਾਰ ਦਿੱਤਾ ਗਿਆ ਸੀ। ਇਹ ਇਕ ਚਿੱਠੀ ਹੈ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਮਹਿਲ ਮਾਤਾ ਸੁੰਦਰੀ ਜੀ ਦੇ ਹਵਾਲੇ ਨਾਲ ਲਿਖੀ ਗਈ ਹੈ। ਇਹ ਚਿੱਠੀ ਅਜੋਕੇ ਬਠਿੰਡਾ ਜ਼ਿਲੇ ਦੇ ਭਾਈ ਰੂਪਾ ਪਿੰਡ ਦੇ ਭਾਈ ਚੇਤ ਸਿੰਘ ਕੋਲ ਹੈ ਜਿਸਦੇ ਪੂਰਵਜਾਂ ਨੂੰ ਇਹ ਲਿਖੀ ਗਈ ਸੀ। ਇਹ ਇਸ ਪ੍ਰਕਾਰ ਹੈ:

    ਇਕ ਓਅੰਕਾਰ ਵਾਹਗੁਰੂ ਜੀ ਕੀ ਫ਼ਤਿਹ, ਸ੍ਰੀ ਅਕਾਲ ਪੁਰਖ ਜੀ ਕਾ ਖ਼ਾਲਸਾ ਯਕ ਰੰਗ ਜਿਨਾਂ ਦਿਠੀਆ ਵਾਹਗੁਰੂ ਜੀ ਚਿਤ ਆਵੇ। ਭਾਈ ਸਾਹਿਬ ਦਾਨ ਸਿੰਘ ਜੀ ਭਾਈ ਦੁਨੀ ਸਿੰਘ ਜੀ ਭਾਈ ਜਗਤ ਸਿੰਘ ਜੀ ਭਾਈ ਗੁਰਬਖ਼ਸ ਸਿੰਘ ਜੀ ਉਗਰ ਸਿੰਘ ਜੀ ਭਾਈ ਰਾਮ ਸਿੰਘ ਜੀ ਸਰਬੱਤ ਖ਼ਾਲਸਾ ਵਾਹਗੁਰੂ ਅਕਾਲ ਪੁਰਖ ਜੀ ਕਾ ਪਾਸੇ ਲਿਖਤਮ ਗੁਲਾਮ ਖ਼ਾਲਸਾ ਜੀ ਕਾ ਕਾਨ੍ਹ ਸਿੰਘ ਨਿਵਲ ਸਿੰਘ ਮੂਲ ਸਿੰਘ ਜੀ ਸੁਜਾਨ ਸਿੰਘ ਗਜਾ ਸਿੰਘ ਮਹਾਂ ਸਿੰਘ ਸਰਬੱਤ ਖ਼ਾਲਸਾ ਵਾਹਗੁਰੂ ਅਕਾਲ ਪੁਰਖ ਕਾ ਵਾਹਗੁਰੂ ਜੀ ਕੀ ਫ਼ਤਿਹ ਵਾਚਨੀ ਖ਼ੁਸ਼ਾ ਕਰਨਾ ਜੀ ਵਾਹਗੁਰੂ ਅਕਾਲ ਪੁਰਖ਼ ਜੀ ਹਰ ਦਮ ਚਿਤ ਆਵੈ ਸੁਖ ਹੋਏ ਖ਼ਾਲਸਾ ਜੀ ਕਾ ਬੋਲਬਾਲਾ ਹੋਇ ਅਰਦਾਸ ਤੁਸਾਡੀ ਮਾਰਫ਼ਤ ਭਾਈ ਦੁਲਚਾ ਸਿੰਘ ਕੇ ਹਥ ਪਹੁਤੀ ਪੜ੍ਹਕੇ ਖ਼ਾਲਸਾ ਜੀ ਬਹੁਤ ਖ਼ੁਸ਼ਵਕਤ ਹੋਯਾ ਤੁਸਾਡੀ ਬਾਬ ਖ਼ਾਲਸਾ ਜੀ ਦਯਾਲ ਹੋਯਾ ਹੈ ਹਥ ਜੋੜ ਕੈ ਜੋ ਰਖਯਾ ਹੋਵੇ। “ਜੋ ਜਨੁ ਹਰਿਕਾ ਸੇਵਕੋ ਹਰਿ ਤਿਸਕੇ ਕਾਮਿ”। ਗੁਰੂ ਗੁਰੂ ਜਪਨਾ ਵਾਹਗੁਰੂ ਅੰਗ ਸੰਗ ਹੈ ਫ਼ਜਲ ਕਰਕੈ ਰਖਿਆ ਹੋਵੇਗੀ ਖ਼ਾਲਸਾਜੀ ਭਾਈ ਕਾਨ੍ਹ ਸਿੰਘ ਜੀ ਕਉ ਮਾਤਾ ਸਾਹਿਬ ਜੀ ਨੇ ਗੁਮਾਸਤਾਗੀਰੀ ਅੰਮ੍ਰਿਤਸਰ ਜੀ ਕੀ ਮੁਕਰਰ ਕੀਤੀ ਹੈ ਖ਼ਾਲਸਾ ਜੀ ਨੇ ਗੁਰਮਤਾ ਕਰਕੇ ਹਰਿਮੰਦਰ ਅਤੇ ਬਾਗ਼ ਦੀ ਮੁਰੰਮਤ , ਇਮਾਰਤ ਕਾ ਕਾਮ ਸ਼ੁਰੂ ਕੀਤਾ ਹੈ ਸ੍ਰੀ ਮਾਤਾ ਸਾਹਿਬ ਜੀ ਨੇ ਲਿਖਾ ਹੈ ਕਿ ਵਾਹਗੁਰੂ ਅਕਾਲ ਪੁਰਖ ਜੀ ਕੀ ਨਗਰੀ ਹੈ ਲੰਗਰ ਜਰੂਰ ਕਰਣਾ---ਖ਼ਾਲਸਾ ਸ੍ਰੀ ਵਾਹਗੁਰੂ ਜੀ ਕਾ ਸੁਚੇਤ ਬਿਬੇਕ ਬੁਧ ਚਾਹੀਏ ਜੋ ਸਿਵਾਇ ਅਕਾਲ ਪੁਰਖ ਦੂਜੇ ਨੋ ਜਾਨੈ ਨਾਹੀ ਦਸਮ ਪਾਤਸ਼ਾਹੀਆਂ ਤਕ ਜਾਮੈ ਪੈਧੇ ਯਾਰਵੀਂ ਬਾਰਵੀਂ ਬੰਦਾ ਚੌਬੰਦਾ ਅਜਿਤਾ ਵਗੈਰੇ ਤੇ ਐਤਕਾਦ ਲੇਇ ਆਵਣਾ ਹਤਿਯਾ ਹੈ। ਹੋਰ ਹਤਿਯਾ ਗੁਰੂ ਜਪਨ ਨਾਲ ਦੂਰ ਹੋਸਨ, ਪਰ ਇਹ ਹਤਿਯਾ ਗੁਨਹ ਬਕਸ਼ੀਐਗਾ ਨਹੀਂ ਜੋ ਮਨਮੁਖ ਕੇ ਜਾਮੇ ਉਪਰ ਐਤਕਾਦ ਕਰੇਂਗੇ , ‘ਮੁਖ ਮੋਹਿ ਫੇਰਿਐ ਮੁਖ ਮੋਹਿ ਜੂਠਾ ਹੋਇ`। ਖ਼ਾਲਸਾ ਜੀ ਤੁਸਾਂ ਸਿਵਾਇ ਅਕਾਲ ਦੂਜੇ ਨੋ ਮਾਨਣਾ ਨਾਹਿ। ਸਬਦ ਦਸਵੀਂ ਪਾਤਸ਼ਾਹੀ ਜੀ ਤਕ ਖੋਜਨਾ, “ਸਬਦ ਖੋਜਿ ਇਹੁ ਘਰੁ ਲਹੈ ਨਾਨਕ ਤਾ ਕਾ ਦਾਸੁ”। ਗੁਰੂ ਕਾ ਨਿਵਾਸ ਸਬਦ ਵਿਚ ਹੈ। “ਗੁਰੂ ਮਹਿ ਆਪ ਸਮੋਇ ਸਬਦ ਵਰਤਾਇਯਾ।” ਜੀਆਂ ਅੰਦਰ ਜੀਉ ਸਬਦ ਹੈ ਜਿਤ ਸਹੁ ਮਿਲਾਵਾ ਹੋਇ``। ਵਾਹਗੁਰੂ ਜੀ ਕੀ ਫ਼ਤਿਹ। ਭਾਈ ਮੇਹਰ ਸਿੰਘ ਟਹਲੀਆ ਭਾਈ ਬੂਲੇ ਕਾ ਪੱਤਰ ਕੇ ਖਸਮਾਨੇ ਵਿਚ ਰਹਿਣਾ ਗੁਰੂ ਨਾਲ ਗੰਢ ਪੈਸੀ

                                    ੴ ਵਾਹਿਗੁਰੂ ਜੀ ਕੀ ਫ਼ਤਿਹ

    ਇਸ ਪੱਤਰ ਤੋਂ ਇਹ ਸਪਸ਼ਟ ਹੈ ਕਿ ਗੁਰੂ ਗੋਬਿੰਦ ਸਿੰਘ ਤੋਂ ਬਾਅਦ ਕਿਵੇਂ ਸਿੱਖ ਵਿਸ਼ਵਾਸ ਕਰਦੇ ਸਨ ਕਿ ਗੁਰੂ ਪਦ ਸ਼ਬਦ ਕੋਲ ਅਰਥਾਤ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਵਿਚ ਆ ਪਹੁੰਚਾ ਹੈ। ਦਸ ਗੁਰੂ ਸਾਹਿਬਾਨ ਤੋਂ ਬਾਅਦ ਸਿੱਖਾਂ ਦੁਆਰਾ ਕਿਸੇ ਵੀ ਮਨੁੱਖੀ ਸਰੀਰ ਵਾਲੇ ਨੂੰ ਗੁਰੂ ਨਹੀਂ ਮੰਨਿਆ ਜਾਣਾ ਹੈ। ਬੰਦਾ ਸਿੰਘ ਦੇ ਅਥਵਾ ਅਜੀਤ ਸਿੰਘ ਦੇ ਜਿਹੜੇ ਕੁਝ ਪੈਰੋਕਾਰ ਆਪਣੇ ਆਗੂ ਨੂੰ ਗੁਰੂ ਕਹਿ ਰਹੇ ਸਨ, ਘਾਤਕ ਪਾਪ ਕਰ ਰਹੇ ਸਨ। ਇਹ ਪੱਤਰ ਦਸਦਾ ਹੈ ਕਿ ਬਾਕੀ ਸਾਰੇ ਪਾਪਾਂ ਦੀ ਮਾਫ਼ੀ ਗੁਰੂ ਦੇ ਨਾਮ ਸਿਮਰਨ ਨਾਲ ਮਿਲ ਸਕਦੀ ਹੈ ਪਰੰਤੂ ਦਸ ਗੁਰੂ ਸਾਹਿਬਾਨ ਤੋਂ ਬਾਅਦ ਮਨੁੱਖੀ ਗੁਰੂ ਨੂੰ ਮੰਨਣ ਦੇ ਪਾਪ ਦੀ ਮਾਫ਼ੀ ਨਹੀਂ ਮਿਲ ਸਕਦੀ।

    ਕਈ ਹੋਰ ਪ੍ਰਾਚੀਨ ਸਿੱਖ ਦਸਤਾਵੇਜ਼ ਵੀ ਇਸ ਤੱਥ ਦੀ ਪੁਸ਼ਟੀ ਕਰਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਗੁਰ ਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ ਸੀ। ਉਦਾਹਰਨ ਵਜੋਂ ਗੁਰੂ ਸਾਹਿਬਾਨ ਦੀ ਸ਼ਾਨ ਵਿਚ ਸ਼ੁੱਧ ਫ਼ਾਰਸੀ ਵਿਚ ਕਾਵਿ ਦੀ ਰਚਨਾ ਕਰਨ ਵਾਲੇ ਸਿੱਖ ਭਾਈ ਨੰਦ ਲਾਲ ਦਾ ਰਹਿਤਨਾਮਾ ਅਜ ਤਕ ਯਾਦ ਕੀਤਾ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਸਮਾਉਣ ਵੇਲੇ ਭਾਈ ਨੰਦ ਲਾਲ ਨਾਂਦੇੜ ਵਿਖੇ ਬਾਦਸ਼ਾਹ ਦੇ ਕੈਂਪ ਵਿਚ ਇਕ ਮੰਤਰੀ ਵਜੋਂ ਉਸ ਦੇ ਨਾਲ ਸਨ। ਭਾਈ ਜੀ ਨੇ ਗੁਰੂ ਸਾਹਿਬ ਦੇ ਆਖਰੀ ਵਾਕ ਆਪਣੇ ਰਹਿਤਨਾਮੇ ਵਿਚ ਇਸ ਪ੍ਰਕਾਰ ਦਰਜ ਕੀਤੇ ਹਨ: ਜਿਹੜਾ ਗੁਰੂ ਦੇ ਦਰਸ਼ਨ ਕਰਨਾ ਚਾਹੇ ਉਹ ‘ਗ੍ਰੰਥ` ਵਿਚ ਕਰੇ। ਜਿਹੜਾ ਉਹਨਾਂ ਨਾਲ ਵਾਰਤਾਲਾਪ ਕਰਨਾ ਚਾਹੇ ਉਹ ‘ਗ੍ਰੰਥ` ਦੀਆਂ ਸਿੱਖਿਆਂਵਾਂ ਦਾ ਪਠਨ ਕਰੇ ਅਤੇ ਉਹਨਾਂ ਤੇ ਚਿੰਤਨ ਕਰੇ। ਜਿਹੜਾ ਉਹਨਾਂ ਦੇ ਸ਼ਬਦਾਂ ਨੂੰ ਸੁਣਨਾ ਚਾਹੁੰਦਾ ਹੈ ਉਸਨੂੰ ਪੂਰਨ ਭਾਵਨਾ ਨਾਲ ‘ਗ੍ਰੰਥ` ਦਾ ਪਾਠ ਕਰਨਾ ਜਾਂ ਕੀਤਾ ਜਾ ਰਿਹਾ ਪਾਠ ਸੁਣਨਾ ਚਾਹੀਦਾ ਹੈ।

    ਗੁਰੂ ਦੇ ਸਿੱਖਾਂ ਵਿਚੋਂ ਇਕ ਹੋਰ ਭਾਈ ਪ੍ਰਹਲਾਦ ਸਿੰਘ ਆਪਣੇ ਰਹਿਤਨਾਮੇ ਵਿਚ ਗੁਰੂ ਦੇ ਆਦੇਸ਼ ਨੂੰ ਅੰਕਿਤ ਕਰਦਾ ਹੈ: ਅਕਾਲ ਪੁਰਖ ਦੇ ਹੁਕਮ ਨਾਲ ਖ਼ਾਲਸਾ ਪ੍ਰਗਟ ਕੀਤਾ ਗਿਆ ਹੈ। ਸਾਰੇ ਸਿੱਖਾਂ ਵਾਸਤੇ ਮੇਰਾ ਇਹ ਆਦੇਸ਼ ਹੈ: ਤੁਸੀਂ ਗ੍ਰੰਥ ਨੂੰ ਹੀ ਗੁਰੂ ਮੰਨੋਗੇ।

    ਗੁਰਬਿਲਾਸ ਪਾਤਸ਼ਾਹੀ 10 (ਕੁਇਰ ਸਿੰਘ; ਲਿਖਤ 1751) ਵਿਚ ਗੁਰੂ ਜੀ ਨੂੰ ਇਹ ਕਹਿੰਦੇ ਹੋਏ ਦਸਿਆ ਗਿਆ ਹੈ: “ਵਿਅਕਤੀ ਗੁਰੂ ਨੂੰ ਗੱਦੀ(ਤਿਲਕ) ਦੇਣ ਦਾ ਸਮਾਂ ਹੁਣ ਨਹੀਂ ਰਹਿ ਗਿਆ ਹੈ; ਮੈਂ ਕਿਸੇ ਦੇ ਮੱਥੇ ਤੇ ਟਿੱਕਾ ਨਹੀਂ ਲਾਵਾਂਗਾ। ਸਾਰੀ ਸੰਗਤ ਹੁਣ ਖ਼ਾਲਸਾ ਹੋ ਚੁਕੀ ਹੈ; ਇਹ ਹੁਣ ਸਿੱਧੀ ਪਰਮਾਤਮਾ ਦੀ ਸ਼ਰਨ ਵਿਚ ਹੈ ਅਤੇ ਸ਼ਬਦ ਵਿਚ ਲੀਨ ਹੋ ਚੁਕੀ ਹੈ। ਜਿਹੜਾ ਇਹ ਵਿਸ਼ਵਾਸ ਕਰਦਾ ਹੈ ਉਹ ਸ੍ਰੇਸ਼ਠ ਸਿੱਖ ਹੈ।-----ਉਸਨੂੰ ਗੁਰੂ ਗ੍ਰੰਥ ਉਤੇ ਹੀ ਭਰੋਸਾ ਕਰਨਾ ਚਾਹੀਦਾ ਹੈ ਅਤੇ ਆਪਦੀ ਅਰਾਧਨਾ ਦੀ ਸੇਧ ਕਿਸੇ ਹੋਰ ਪਾਸੇ ਨਹੀਂ ਲਾਉਣੀ ਚਾਹੀਦੀ। ਗੁਰੂ ਉਸ ਦੇ ਸਾਰੇ ਮਨੋਰਥ ਪੂਰੇ ਕਰੇਗਾ; ਸਾਰੀ ਦੁਬਿਧਾ ਨੂੰ ਤਿਆਗ ਕੇ ਉਸ ਨੂੰ ਇਹ ਵਿਸ਼ਵਾਸ ਕਰਨਾ ਚਾਹੀਦਾ ਹੈ।

    ਦੇਵ ਰਾਜ ਸ਼ਰਮਾ ਦਾ ਸੰਸਕ੍ਰਿਤ ਵਿਚ ਲਿਖਿਆ ਹੋਇਆ ਪ੍ਰਾਚੀਨ ਖਰੜਾ ਨਾਨਕਚੰਦਰੋਦਯਮਹਾਂਕਾਵਿਯਮ ਇਕ ਅਜਿਹਾ ਹੋਰ ਪ੍ਰਮਾਣਿਕ ਸਬੂਤ ਹੈ ਜਿਸ ਨੂੰ ਪੇਸ਼ ਕੀਤਾ ਜਾ ਸਕਦਾ ਹੈ। ਇਸ ਮਹਾਂਕਾਵਿ ਨੂੰ ਥੋੜਾ ਸਮਾਂ ਪਹਿਲਾਂ ਹੀ ਸੰਸਕ੍ਰਿਤ ਯੂਨੀਵਰਸਿਟੀ, ਵਾਰਾਨਸੀ ਨੇ ਪ੍ਰਕਾਸ਼ਿਤ ਕੀਤਾ ਹੈ। ਇਸ ਵਿਚ ਗੁਰੂ ਗੋਬਿੰਦ ਸਿੰਘ ਜੀ ਦਾ ਉਹ ਐਲਾਨ ਦਰਜ ਹੈ ਕਿ ਉਹਨਾਂ ਤੋਂ ਬਾਅਦ ਗ੍ਰੰਥ ਹੀ ਗੁਰੂ ਹੋਵੇਗਾ। “ਗੁਰੂ ਜੀ ਦੇ ਅੰਤਿਮ ਸਮੇਂ ਨੰਦ ਲਾਲ ਅੱਗੇ ਆਏ ਅਤੇ ਉਹਨਾਂ ਨੇ ਇਹ ਸਵਾਲ ਪੁੱਛਿਆ: “ਸਾਡੇ ਪ੍ਰਵਚਨ ਕਿਸ ਪ੍ਰਤੀ ਹੋਣਗੇ"। ਗੁਰੂ ਜੀ ਨੇ ਉੱਤਰ ਦਿੱਤਾ, “ਗ੍ਰੰਥ ਜਿਹੜਾ ਕਿ ਗੁਰੂ ਦਾ ਹੀ ਸਿਧਾਂਤ ਹੈ ਤੁਹਾਡਾ ਮਾਰਗ ਦਰਸ਼ਕ ਹੋਵੇਗਾ। ਤੁਹਾਨੂੰ ਇਸਦੇ ਹੀ ਦਰਸ਼ਨ ਕਰਨੇ ਚਾਹੀਦੇ ਹਨ; ਤੁਹਾਨੂੰ ਇਸੇ ਦਾ ਹੀ ਸਤਿਕਾਰ ਕਰਨਾ ਚਾਹੀਦਾ ਹੈ; ਇਹੋ ਹੀ ਹੈ ਜਿਸ ਪ੍ਰਤੀ ਤੁਹਾਡੇ ਪ੍ਰਵਚਨ ਹੋਣੇ ਚਾਹੀਦੇ ਹਨ”।

    ਇਸ ਨੁਕਤੇ ਤੇ ਕੁਝ ਜ਼ਿਆਦਾ ਹੀ ਜੋਰ ਇਸ ਲਈ ਦਿੱਤਾ ਗਿਆ ਹੈ ਕਿਉਂਕਿ ਇਸ ਤੇ ਕਈ ਵਾਰੀ ਨੁਕਤਾਚੀਨੀ ਹੋ ਚੁੱਕੀ ਹੈ। ਕਈ ਸਿੱਖ ਜਿਹੜੇ ਅਜੇ ਵੀ ਮਨੁੱਖੀ ਗੁਰੂ ਨੂੰ ਮਾਨਤਾ ਦਿੰਦੇ ਹਨ ਇਸ ਪ੍ਰਤੀ ਪ੍ਰਮਾਣਿਕ ਗਵਾਹੀ ਮੰਗਦੇ ਹਨ ਜਿਸ ਵਿਚ ਇਹ ਦੱਸਿਆ ਗਿਆ ਹੋਵੇ ਕਿ ਗੁਰੂ ਗੋਬਿੰਦ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਉਤਰਾਧਿਕਾਰੀ ਥਾਪਿਆ ਹੈ। ਕੋਈ ਵੀ ਪੁਰਾਣੀ ਗਵਾਹੀ ਪੇਸ਼ ਨਹੀਂ ਕੀਤੀ ਜਾ ਸਕਦੀ ਜਦੋਂ ਤਕ ਭੱਟ ਵਹੀ ਦੇ ਇੰਦਰਾਜ ਨੂੰ ਉਸ ਵਿਚ ਸ਼ਾਮਲ ਨਾ ਕੀਤਾ ਜਾਵੇ। ਪਰੰਤੂ ਲਿਖਿਤ ਅਥਵਾ ਮੌਖਿਕ ਪਰੰਪਰਾ ਦੀ ਗਵਾਹੀ ਇਸ ਤੱਥ ਦੀ ਹਾਮੀ ਭਰਦੀ ਹੈ। ਸਿੱਖ ਧਰਮ ਦੇ ਚਿੰਤਨ ਵਿਚ ਅਜਿਹਾ ਵੇਰਵਾ ਹੀ ਪ੍ਰਾਪਤ ਹੋਇਆ ਹੈ। ਜੇਕਰ ਕੋਈ ਗਿਆਰ੍ਹਵਾਂ ਸ਼ੁਰੂ ਹੁੰਦਾ ਤਾਂ ਇਤਿਹਾਸ ਦੇ ਪੰਨਿਆਂ ਤੋਂ ਉਸਦਾ ਨਾਂ ਮਿਟਾਇਆ ਨਹੀਂ ਜਾ ਸਕਦਾ ਸੀ। ਗੁਰੂ ਗੋਬਿਦ ਸਿੰਘ ਨੇ ਮਨੁੱਖੀ ਗੁਰੂਆਂ ਦੀ ਪਰੰਪਰਾ ਨੂੰ ਸਮਾਪਤ ਕਰਕੇ ਪਵਿੱਤਰ ਸ਼ਬਦ (ਗੁਰੂ ਗ੍ਰੰਥ ਸਾਹਿਬ) ਨੂੰ ਹੀ ਗੁਰੂ ਐਲਾਨਿਆ ਸੀ।

    ਗੁਰੂ ਗ੍ਰੰਥ ਸਾਹਿਬ ਦੇ ਨਾਲ ਨਾਲ ਹੁਣ ਖ਼ਾਲਸਾ ਗੁਰੂ ਦਾ ਪਰਤੱਖ ਸਰੀਰ ਸੀ।‘ਖ਼ਾਲਸਾ` ਸ਼ਬਦ ਅਰਬੀ ਦੇ ਖ਼ਾਲਿਸ ਤੋਂ ਬਣਿਆ ਹੈ ਜਿਸਦਾ ਅਰਥ ‘ਸ਼ੁੱਧ` ਅਥਵਾ ਨਿਰਮਲ ਹੈ। ਗੁਰੂ ਗੋਬਿੰਦ ਸਿੰਘ ਨੇ ਇਸ ਸ਼ਬਦ ਨੂੰ ਤਕਨੀਕੀ ਅਤੇ ਪ੍ਰਤੀਕਾਤਮਿਕ ਰੂਪ ਵਿਚ ਵਰਤਿਆ ਹੈ। ਮੁਗਲ-ਕਾਲ ਵਿਚ ਖ਼ਾਲਸਾ ਦਾ ਅਰਥ ਉਹ ਜ਼ਮੀਨ ਅਥਵਾ ਖੇਤਰ ਸੀ ਜਿਹੜਾ ਸਿੱਧਾ ਬਾਦਸ਼ਾਹ ਕੋਲ ਹੁੰਦਾ ਸੀ। ਜਿਵੇਂ ਕਿ ਇਕ ਸਮਕਾਲੀ ਕਵੀ ਭਾਈ ਗੁਰਦਾਸ ਦੂਜਾ ਕਹਿੰਦਾ ਹੈ ਕਿ ਗੁਰੂ ਨੇ ਸੰਗਤ ਨੂੰ ਖ਼ਾਲਸਾ ਵਿਚ ਤਬਦੀਲ ਕਰ ਦਿੱਤਾ ਸੀ- ਸੰਗਤਿ ਕੀਨੀ ਖਾਲਸਾ ਮਨਮੁਖੀ ਦੁਹੇਲਾ। ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ। ਏਸੇ ਨੁਕਤੇ ਤੇ ਗੁਰੂ ਗੋਬਿੰਦ ਸਿੰਘ ਦੇ ਸਮਕਾਲੀ ਕਵੀ ਸੈਨਾਪਤ ਦੇ ਸ੍ਰੀ ਗੁਰ ਸੋਭਾ ਦੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਨਾਮਿਆਂ ਦੀ ਗਵਾਹੀ ਸਾਡੇ ਕੋਲ ਮੌਜੂਦ ਹੈ। ਸ੍ਰੀ ਗੁਰ ਸੋਭਾ ਅਨੁਸਾਰ:

    ਘਟਨਾ ਤੋਂ ਇਕ ਦਿਨ ਪਹਿਲਾਂ ਅਰਥਾਤ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸਿੱਖ ਇਕੱਤਰ ਹੋ ਗਏ ਅਤੇ ਪੁੱਛਣ ਲਗੇ : “ਸੁਆਮੀ ਹੁਣ ਕਿਹੜਾ ਸਰੀਰ ਧਾਰਨ ਕਰੋਗੇ?” ਗੁਰੂ ਜੀ ਨੇ ਉਸ ਸਮੇਂ ਉੱਤਰ ਦਿੱਤਾ: “ਤੁਸੀਂ ਮੈਨੂੰ ਖ਼ਾਲਸਾ ਵਿਚ ਵੇਖੋਗੇ; ਮੇਰਾ ਸਾਰਾ ਹਿਤ ਖ਼ਾਲਸਾ ਨਾਲ ਹੀ ਹੈ; ਮੈਂ ਆਪਣਾ ਸਰੀਰ ਖ਼ਾਲਸਾ ਨੂੰ ਬਖ਼ਸ਼ ਦਿੱਤਾ ਹੈ”।

    ਫੱਗਣ 4, 1756 ਬਿਕਰਮੀ /1 ਫਰਵਰੀ 1700, ਦੇ ਪੱਟਨ ਫ਼ਰੀਦ(ਅਜੋਕਾ ਪਾਕ ਪਟਨ) ਦੀ ਸੰਗਤ ਦੇ ਨਾਂ ਜਾਰੀ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮਨਾਮਾ ‘ਸੰਗਤ` ਨੂੰ “ਮੇਰਾ ਆਪਣਾ ਖ਼ਾਲਸਾ” ਸੰਬੋਧਿਤ ਕਰਦਾ ਹੈ। ਹੁਕਮਨਾਮੇ ਗੁਰੂ ਸਾਹਿਬਾਨ ਵਲੋਂ ਲਿਖੇ ਗਏ ਉਹ ਪੱਤਰ ਹਨ ਜਿਹੜੇ ਦੇਸ਼ ਦੇ ਵੱਖ ਵੱਖ ਹਿੱਸਿਆਂ ਦੀਆਂ ਸੰਗਤਾਂ ਦੇ ਨਾਂ ਭੇਜੇ ਗਏ ਹਨ। ਉਹਨਾਂ ਵਿਚੋਂ ਕੁਝ ਪਿਛਲੇ ਸਾਲਾਂ ਵਿਚ ਹੀ ਖੋਜੇ ਗਏ ਹਨ ਅਤੇ ਉਹਨਾਂ ਦੇ ਦੋ ਸੰਗ੍ਰਹਿ-ਇਕ ਡਾ. ਗੰਡਾ ਸਿੰਘ ਅਤੇ ਦੂਸਰਾ ਸ਼ਮਸ਼ੇਰ ਸਿੰਘ ਅਸ਼ੋਕ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ) ਵੱਲੋਂ ਛਾਪੇ ਗਏ ਹਨ। ਇਹਨਾਂ ਦੋਹਾਂ ਸੰਕਲਨਾਂ ਵਿਚ ਬਹੁਤੇ ਹੁਕਮਨਾਮੇ ਸਾਂਝੇ ਹਨ। ਇਹ ਹੁਕਮਨਾਮੇ ਗੁਰੂ ਸਾਹਿਬਾਨ ਦੀਆਂ ਜੀਵਨੀਆਂ ਬਾਰੇ ਅਤੇ ਦੂਰ ਦੁਰਾਡੇ ਵਸਦੇ ਸਿੱਖਾਂ ਬਾਰੇ ਕੀਮਤੀ ਸ੍ਰੋਤ ਹਨ।

    ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਦੇ ਸਮੇਂ ਤੋਂ ਹੀ ਸਿੱਖਾਂ ਦਾ ਇਹ ਦ੍ਰਿੜ ਨਿਸ਼ਚਾ ਰਿਹਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਸਦੀਵੀ ਗੁਰੂ ਹਨ। ਸਿੱਖਾਂ ਦੀ ਹੋਂਦ ਨੂੰ ਗੈਰ ਕਾਨੂੰਨੀ ਐਲਾਨੇ ਜਾਣ ਅਤੇ ਸੁਰੱਖਿਆ ਲਈ ਜੰਗਲਾਂ ਅਤੇ ਪਹਾੜਾਂ ਵਲ ਚਲੇ ਜਾਣ ਦੇ ਕਠਿਨਾਈਆਂ ਭਰੇ ਖਾਨਾਬਦੋਸ਼ੀ ਦੇ ਸਮੇਂ ਤੋਂ ਹੀ ਸਿੱਖਾਂ ਦੀ ਸਭ ਤੋਂ ਕੀਮਤੀ ਦੌਲਤ ਜਿਸਦੀ ਹਿਫ਼ਾਜਤ ਕਰਨਾ ਉਹ ਜਾਨ ਵਾਰ ਕੇ ਵੀ ਸਭ ਤੋਂ ਜ਼ਰੂਰੀ ਸਮਝਦੇ ਸਨ, ਸ੍ਰੀ ਗੁਰੂ ਗ੍ਰੰਥ ਸਾਹਿਬ ਸੀ। ਇਹ ਪਵਿੱਤਰ ਗ੍ਰੰਥ ਹੀ ਉਹਨਾਂ ਲਈ ਇਕਲੌਤਾ ਸੰਦਰਭ ਗ੍ਰੰਥ ਸੀ ਅਤੇ ਹੋਰ ਕਿਸੇ ਨੂੰ ਮਾਨਤਾ ਉਹ ਨਹੀਂ ਦਿੰਦੇ ਸਨ। ਪ੍ਰਾਚੀਨ ਪੰਥ ਪ੍ਰਕਾਸ਼ ਅਨੁਸਾਰ: “ਹੇ ਗੁਰੂ ਗ੍ਰੰਥ ਸਾਹਿਬ ਤੁਹਾਡੀ ਹੋਂਦ ਹੀ ਸਤਿ ਹੈ। ਸਿੱਖ ਸੰਗਤ ਨੂੰ ਸੱਚੀ ਸੇਧ ਪ੍ਰਦਾਨ ਕਰੋ।” ਅਕਾਲ ਤਖ਼ਤ ਸਾਹਿਬ ਤੇ ਇਕੱਤਰ ਹੋਏ ਸਿੱਖ ਕਸੂਰ ਦੇ ਪਠਾਨੀ ਕਿਲੇ ਤੇ ਹੱਲਾ ਕਰਨ ਤੋਂ ਪਹਿਲਾਂ ਇਸੇ ਤਰ੍ਹਾਂ ਸ੍ਰੀ ਗੁਰੂ ਨੂੰ ਸੰਬੋਧਨ ਕਰਦੇ ਸਨ। ਖ਼ਾਲਸਾ ਦੇ ਨਾਂ ਤੇ ਪ੍ਰਭੂਸੱਤਾ ਸਥਾਪਿਤ ਕਰਨ ਵਾਲੇ ਰਣਜੀਤ ਸਿੰਘ ਦੇ ਸਮੇਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਅਕਤੀਗਤ ਨਿਰਮਲਤਾ ਅਤੇ ਦਰਬਾਰ ਦੇ ਕਾਇਦੇ ਕਾਨੂੰਨਾਂ ਦਾ ਕੇਂਦਰ ਬਣ ਗਿਆ। ਸਮਕਾਲੀ ਗਵਾਹੀਆਂ ਅਨੁਸਾਰ ਰਣਜੀਤ ਸਿੰਘ ਦਿਨ ਦਾ ਅਰੰਭ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਮੱਥਾ ਟੇਕ ਕੇ ਕਰਦਾ ਸੀ। ਖ਼ੁਸ਼ੀ ਦੇ ਮੌਕਿਆਂ ਤੇ ਉਹ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਲਈ ਅੰਮ੍ਰਿਤਸਰ ਦੀ ਯਾਤਰਾ ਕਰਦਾ ਸੀ। ਆਮ ਤੌਰ ਤੇ ਸਾਰੇ ਸਿੱਖਾਂ ਲਈ ਗੁਰੂ ਗ੍ਰੰਥ ਸਾਹਿਬ ਸੰਪੂਰਨ ਧਾਰਮਿਕਤਾ ਦਾ ਇਕੋ ਇਕ ਕੇਂਦਰ ਬਿੰਦੂ ਸੀ ਅਤੇ ਦਰਅਸਲ ਮਨੁੱਖੀ ਜਾਮੇ ਜਾਂ ਪ੍ਰਤੀਕ ਵਜੋਂ ਹੋਰ ਕੋਈ ਹੈ ਵੀ ਨਹੀਂ ਸੀ।

    ਵਿਅਕਤੀਗਤ ਗੁਰੂਤਾ ਦੇ ਸਿਧਾਂਤ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਹੀ ਸਮਾਪਤ ਕਰ ਦਿੱਤਾ ਸੀ ਅਤੇ ਸਦੀਵੀ ਤੌਰ ਤੇ ਉਤਰਾਧਿਕਾਰ ਗੁਰੂ ਗ੍ਰੰਥ ਸਾਹਿਬ ਵਿਚ ਸਮਾਹਿਤ ਕਰ ਦਿੱਤਾ ਗਿਆ ਸੀ। ਸਿੱਖ ਪੰਥ ਦੇ ਇਤਿਹਾਸ ਵਿਚ ਇਹ ਬਹੁਤ ਹੀ ਮਹੱਤਵਪੂਰਨ ਘਟਨਾ ਸੀ।

    ਪਵਿੱਤਰ ਗ੍ਰੰਥ ਸਾਹਿਬ ਦੇ ਸਰਬ ਅਧਿਕਾਰੀ ਹੋਣ ਦੇ ਧਾਰਮਿਕ ਅਤੇ ਸਮਾਜਿਕ ਪੱਖੋਂ ਸਿੱਟੇ ਸਮਰੱਥਾਵਾਨ ਸਨ। ਗੁਰੂ ਗ੍ਰੰਥ ਸਾਹਿਬ ਗੁਰੂ ਹੋ ਗਏ ਅਤੇ ਉਹਨਾਂ ਨੂੰ ਦਿੱਬ ਸਤਿਕਾਰ ਦਿੱਤਾ ਜਾਣ ਲਗਾ। ‘ਗ੍ਰੰਥ` ਨੂੰ ਅਗੰਮੀ ਗਿਆਨ ਧਰਤੀ ਤੇ ਲੈ ਆਉਣ ਦਾ ਸਾਧਨ ਮੰਨਿਆ ਜਾਣ ਲਗ ਪਿਆ। ਸਿੱਖਾਂ ਵਾਸਤੇ ਇਹ ਅਧਿਆਤਮਿਕ ਅਤੇ ਇਤਿਹਾਸਿਕ ਪ੍ਰਭੂਤਾ ਦੀ ਸਦੀਵੀ ਹੋਂਦ ਬਣ ਗਿਆ। ਉਹਨਾਂ ਨੇ ਆਪਣਾ ਧਰਮ ਇਸ ਤੇ ਆਧਾਰਿਤ ਕਰ ਲਿਆ। ਇਸ ਰਾਹੀਂ ਉਹ ਇਸ ਯੋਗ ਬਣੇ ਕੇ ਉਹ ਆਪਣੇ ਧਰਮ ਨੂੰ ਹੋਰ ਸੰਪੂਰਨਤਾ ਅਤੇ ਸਪਸ਼ਟਤਾ ਵਿਚ ਵੇਖ ਸਕਣ। ਬਾਅਦ ਵਿਚ ਸਿੱਖ ਜੀਵਨ ਵਿਚ ਜੋ ਵੀ ਹੋ ਗੁਜ਼ਰਿਆ, ਗੁਰੂ ਗ੍ਰੰਥ ਸਾਹਿਬ ਉਸ ਸਭ ਦਾ ਕੇਂਦਰ ਬਿੰਦੂ ਸੀ। ਉਹਨਾਂ ਦੀ ਮੌਖਿਕ ਪਰੰਪਰਾ ਦਾ ਸ੍ਰੋਤ ਇਹੀ ਸੀ ਅਤੇ ਇਸ ਨੇ ਹੀ ਉਹਨਾਂ ਦੇ ਬੌਧਿਕ ਅਤੇ ਸਭਿਆਚਾਰਿਕ ਪਰਿਵੇਸ਼ ਨੂੰ ਰੂਪ ਰੇਖਾ ਪ੍ਰਦਾਨ ਕੀਤੀ। ਜੀਵਨ ਦੇ ਸਿੱਖ ਸੰਕਲਪ ਨੂੰ ਵੀ ਇਸੇ ਗ੍ਰੰਥ ਨੇ ਆਕਾਰ ਦਿੱਤਾ ਅਤੇ ਇਸੇ ਤੋਂ ਹੀ ਸਿੱਖ ਕੌਮ ਦੇ ਆਦਰਸ਼ , ਸੰਸਥਾਵਾਂ ਅਤੇ ਰਹੁਰੀਤਾਂ ਨੇ ਅਰਥ ਪ੍ਰਾਪਤ ਕੀਤੇ। ਕੌਮ ਦੀ ਇਕਮੁਠਤਾ ਅਤੇ ਸਦੀਵਤਾ ਦੀ ਗਰੰਟੀ ਦੇਣ ਦੀ ਭੂਮਿਕਾ ਵੀ ਇਸ ਨੇ ਅਦਾ ਕੀਤੀ ਅਤੇ ਇਸੇ ਗ੍ਰੰਥ ਦੀ ਭੂਮਿਕਾ ਇਤਿਹਾਸ ਦੇ ਮੋੜਾਂ ਨੂੰ ਨਿਰਧਾਰਿਤ ਕਰਨ ਲਈ ਵੀ ਬਹੁਤ ਮਹੱਤਵਪੂਰਨ ਸੀ।

    ਇਸ ਪਵਿੱਤਰ ਗ੍ਰੰਥ ਵਿਚਲੇ ਸ਼ਬਦ ਨੂੰ ਗੁਰੂ ਸਾਹਿਬਾਨ ਅਤੇ ਉਹਨਾਂ ਦੇ ਪੈਰੋਕਾਰਾਂ ਨੇ ਦੈਵੀ ਮੂਲ ਦਾ ਮੰਨ ਕੇ ਇਸ ਦਾ ਸਦਾ ਸਤਿਕਾਰ ਕੀਤਾ। ਸ਼ਬਦ ਨੂੰ ਪ੍ਰਗਟ ਕਰਨ ਵਾਲਾ ਗੁਰੂ ਸੀ ਅਤੇ ਇਕ ਦਿਨ ਇਸ ਸ਼ਬਦ ਨੇ ਹੀ ਗੁਰੂ ਦਾ ਅਸਥਾਨ ਲੈਣਾ ਸੀ। ਵਿਅਕਤੀਗਤ ਗੁਰੂਆਂ ਦੀ ਪਰੰਪਰਾ ਹਮੇਸ਼ਾ ਵਾਸਤੇ ਨਹੀਂ ਬਣੀ ਰਹਿਣੀ ਸੀ ਅਤੇ ਇਹ ਅਵਸ਼ਕ ਰੂਪ ਵਿਚ ਹੋਣ ਵਾਲੀ ਘਟਨਾ ਉਸ ਵੇਲੇ ਘਟੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਉਤਰਾਧਿਕਾਰੀ ਐਲਾਨ ਕਰ ਦਿੱਤਾ।ਇਹ ਸ਼ਬਦ ਰਾਹੀਂ ਹੀ ਹੋ ਸਕਦਾ ਸੀ ਕਿ ਗੁਰਗੱਦੀ ਨੂੰ ਸਦਾ ਲਈ ਕਾਇਮ ਰੱਖਿਆ ਜਾ ਸਕੇ। ਇਸ ਉਦੇਸ਼ ਨੂੰ ਗੁਰੂ ਗੋਬਿੰਦ ਸਿੰਘ ਨੇ ਆਪਣੀ ਅੰਤਰ-ਦ੍ਰਿਸ਼ਟੀ ਨਾਲ ਉਸ ਵੇਲੇ ਪ੍ਰਾਪਤ ਕਰ ਲਿਆ ਜਦੋਂ ਉਹਨਾਂ ਨੇ ਆਪਣੇ ਤੋਂ ਬਾਅਦ ਗ੍ਰੰਥ ਸਾਹਿਬ ਨੂੰ ਗੁਰੂ ਹੋਣ ਦਾ ਐਲਾਨ ਕਰ ਦਿੱਤਾ। ਆਉਣ ਵਾਲੇ ਸਾਰੇ ਸਮਿਆਂ ਲਈ ਗ੍ਰੰਥ ਸਾਹਿਬ ਸਿੱਖਾਂ ਲਈ ਗੁਰੂ ਬਣ ਗਏ।

      ਜਿਸ ਦਿਨ ਤੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਉਤਰਾਧਿਕਾਰ ਗੁਰੂ ਗ੍ਰੰਥ ਵਿਚ ਸਥਾਪਿਤ ਕਰ ਦਿੱਤਾ। ਗੁਰੂ ਗ੍ਰੰਥ ਨੂੰ ਉਸੇ ਤਰ੍ਹਾਂ ਦਾ ਹੀ ਸਨਮਾਨ ਦਿੱਤਾ ਜਾਂਦਾ ਹੈ ਜਿਸ ਤਰ੍ਹਾਂ ਦਾ ਖ਼ੁਦ ਗੁਰੂ ਜੀ ਨੂੰ ਦਿੱਤਾ ਜਾਂਦਾ ਸੀ। ਇਹੀ ਸਿੱਖ ਭਗਤੀ ਦਾ ਕੇਂਦਰ ਬਿੰਦੂ ਹੈ। ਸਿੱਖ ਗੁਰਦੁਆਰਿਆਂ ਵਿਚ ਸਨਮਾਨ ਦਾ ਕੇਂਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਹੈ: ਗੁਰਦੁਆਰਾ ਦਰਅਸਲ ਉਹ ਧਾਰਮਿਕ ਅਸਥਾਨ ਹੈ ਜਿਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਬਿਰਾਜਮਾਨ ਹੁੰਦੇ ਹਨ। ਗੁਰਦੁਆਰੇ ਵਿਚ ਕੋਈ ਵੀ ਮੂਰਤੀ ਰੱਖਣ ਦੀ ਆਗਿਆ ਨਹੀਂ ਹੈ ਅਤੇ ਅੰਮ੍ਰਿਤ ਵੇਲੇ ਅਰਦਾਸ ਤੋਂ ਬਾਅਦ ਵਿਧੀ ਪੂਰਵਕ ਪਵਿੱਤਰ ਗ੍ਰੰਥ ਦਾ ਪ੍ਰਕਾਸ਼ ਕੀਤਾ ਜਾਂਦਾ ਹੈ। ਇਕ ਚੰਦੋਏ ਦੇ ਥੱਲੇ ਇਕ ਉੱਚੇ ਅਸਥਾਨ ਤੇ ਰੇਸ਼ਮੀ ਜਾਂ ਹੋਰ ਬਸਤਰਾਂ ਵਿਚ ਸੁਸ਼ੋਭਿਤ ਗੁਰੂ ਗ੍ਰੰਥ ਸਾਹਿਬ ਨੂੰ ਬਿਰਾਜਮਾਨ ਕੀਤਾ ਜਾਂਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਸੰਗਤ ਵੀ ਬੈਠ ਜਾਂਦੀ ਹੈ ਅਤੇ ਉੱਥੇ ਹਾਜ਼ਰ ਵਿਅਕਤੀਆਂ ਵਿਚੋਂ ਕੋਈ ਵੀ ਵਿਅਕਤੀ ਹੱਥ ਵਿਚ ਚੌਰ ਲੈ ਕੇ ਸ਼ਰਧਾ ਪੂਰਵਕ ਚੌਰ ਕਰਦਾ ਹੋਇਆ ਗੁਰੂ ਸਾਹਿਬ ਦੀ ਹਾਜ਼ਰੀ ਵਿਚ ਬੈਠਦਾ ਹੈ। ਰਾਗੀ ਜਥਿਆਂ ਵੱਲੋਂ ਸ਼ਬਦ ਗਾਇਨ ਚਲਦਾ ਰਹਿੰਦਾ ਹੈ। ਸਾਰਾ ਸਮਾਂ ਸ਼ਰਧਾਲੂ ਆਉਂਦੇ ਰਹਿੰਦੇ ਹਨ ਅਤੇ ਗੁਰੂ ਗ੍ਰੰਥ ਸਾਹਿਬ ਅਗੇ ਮੱਥਾ ਟੇਕ ਕੇ ਸਾਮ੍ਹਣੇ ਜ਼ਮੀਨ ਤੇ ਬੈਠ ਜਾਂਦੇ ਹਨ। ਗ੍ਰੰਥੀ ਜਾਂ ਹੋਰ ਕੋਈ ਪੜ੍ਹਿਆ ਲਿਖਿਆ ਵਿਅਕਤੀ ਜਿਹੜਾ ਕਿ ਗੁਰੂ ਗ੍ਰੰਥ ਸਾਹਿਬ ਦੇ ਪਿੱਛੇ ਬੈਠਾ ਹੁੰਦਾ ਹੈ ਇਕ ਸ਼ਬਦ ਪੜ੍ਹਦਾ ਹੈ ਅਤੇ ਸਰੋਤਿਆਂ ਲਈ ਉਸਦੀ ਵਿਆਖਿਆ ਕਰਦਾ ਹੈ। ਇਸ ਕਾਰਜ ਤੋਂ ਬਾਅਦ ਸਾਰੀ ਸੰਗਤ ਸਨਮਾਨ ਪੂਰਵਕ ਹਥ ਜੋੜ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਖਲੋ ਜਾਂਦੀ ਹੈ ਅਤੇ ਇਕ ਵਿਅਕਤੀ ਅਰਦਾਸ ਕਰਦਾ ਹੈ। ਸ਼ਾਮ ਦੀ ਸੇਵਾ ਉਪਰੰਤ ਫਿਰ ਇਕ ਛੋਟੀ ਅਰਦਾਸ ਤੋਂ ਬਾਅਦ ਪਵਿੱਤਰ ਗੁਰੂ ਗ੍ਰੰਥ ਸਾਹਿਬ ਨੂੰ ਰਾਤ ਭਰ ਲਈ ਸੰਤੋਖ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਹੀ ਕੁਝ ਸਿੱਖ ਘਰਾਂ ਵਿਚ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਕਰਨ ਹਿੱਤ ਰਖੇ ਜਾਂਦੇ ਹਨ ਜਿੱਥੇ ਉਹਨਾਂ ਲਈ ਇਕ ਵੱਖਰਾ ਕਮਰਾ ਨਿਰਧਾਰਿਤ ਕੀਤਾ ਹੁੰਦਾ ਹੈ। ਉਥੇ ਵੀ ਉਸੇ ਤਰ੍ਹਾਂ ਹੀ ਸਵੇਰੇ ਪ੍ਰਕਾਸ਼ ਕੀਤਾ ਜਾਂਦਾ ਹੈ ਅਤੇ ਸ਼ਾਮ ਨੂੰ ਸੰਤੋਖ ਦੇਣ ਦੀ ਰਸਮ ਕਰ ਦਿੱਤੀ ਜਾਂਦੀ ਹੈ। ਦਿਨ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਇਸਤਰੀਆਂ, ਪੁਰਸ਼ (ਅਤੇ ਬੱਚੇ) ਉਸ ਕਮਰੇ ਵਿਚ ਜਾਂਦੇ ਹਨ ਜਿਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ ਅਤੇ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰਕੇ ਅਚਨਚੇਤੀ ਢੰਗ ਨਾਲ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਵੀ ਪੰਨਾ ਸਾਮ੍ਹਣੇ ਆ ਜਾਵੇ ਅਤੇ ਜਿਸ ਵੀ ਸ਼ਬਦ ਤੇ ਨਜ਼ਰ ਜਾ ਪਵੇ ਉਸਨੂੰ ਵਾਕ ਅਥਵਾ ਹੁਕਮ ਵਜੋਂ ਪੜ੍ਹਿਆ ਜਾਂਦਾ ਹੈ(ਅੱਜ-ਕਲ੍ਹ ਰਹਿਤ ਮਰਯਾਦਾ ਅਨੁਸਾਰ ਖੱਬੇ ਪਾਸੇ ਦੇ ਪੰਨੇ ਤੇ ਸਭ ਤੋਂ ਉਪਰ ਸ਼ੁਰੂ ਹੋਣ ਵਾਲੇ ਸ਼ਬਦ ਅਤੇ ਜੇ ਉਹ ਸ਼ਬਦ ਉਸ ਤੋਂ ਪਹਿਲੇ ਪੰਨੇ ਤੋਂ ਸ਼ੁਰੂ ਹੁੰਦਾ ਹੈ ਤਾਂ ਉਥੋਂ ਵਾਕ ਲੈਣ ਦੀ ਪਰੰਪਰਾ ਹੈ)। ਗੁਟਕਿਆਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਉਹ ਬਾਣੀਆਂ ਲੈ ਕੇ ਛਾਪੀਆਂ ਜਾਂਦੀਆਂ ਹਨ ਜਿਹੜੀਆਂ ਸਿੱਖ ਲਈ ਨਿਤਨੇਮ ਅਤੇ ਅਰਦਾਸ ਦੀਆਂ ਰਚਨਾਵਾਂ ਹਨ।

    ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਦਾ ਵੀ ਇਕ ਸੁੰਦਰ ਰਿਵਾਜ ਬਣ ਗਿਆ ਹੈ। ਅਜਿਹਾ ਪਾਠ 48 ਘੰਟੇ ਵਿਚ ਪੂਰਾ ਕੀਤਾ ਜਾਂਦਾ ਹੈ। ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 1430 ਪੰਨਿਆਂ ਦਾ ਪਾਠ ਇਕ ਨਿਰੰਤਰਤਾ ਵਿਚ ਕੀਤਾ ਜਾਂਦਾ ਹੈ। ਇਕ ਪਲ ਲਈ ਵੀ ਰੁਕਣ ਤੋਂ ਬਿਨਾਂ ਇਹ ਪਾਠ ਦਿਨ-ਰਾਤ ਚਲਦਾ ਰਹਿਣਾ ਚਾਹੀਦਾ ਹੈ। ਆਪਣੀ ਆਪਣੀ ਵਾਰੀ (ਰੌਲ) ਲੈਣ ਵਾਲੇ ਪਾਠੀ ਸਿੰਘਾਂ ਨੂੰ ਇਹ ਸੁਨਿਸ਼ਚਿਤ ਕਰਨਾ ਬਣ ਜਾਂਦਾ ਹੈ ਕਿ ਪਾਠ ਵਿਚ ਕੋਈ ਵੀ ਰੁਕਾਵਟ ਨਾ ਪਵੇ। ਨਿਸ਼ਚਿਤ ਸਮਿਆਂ ਵਿਚ ਜਦੋਂ ਪਾਠੀਆਂ ਦੀ ਬਦਲੀ ਹੁੰਦੀ ਹੈ ਤਾਂ ਨਵਾਂ ਆਉਣ ਵਾਲਾ ਪਾਠੀ ਪਾਠ ਕਰਨ ਵਾਲੇ ਪਾਠੀ ਦੀ ਪੰਗਤੀ ਨੂੰ ਬੋਲ ਕੇ ਪਾਠ ਸ਼ੁਰੂ ਕਰ ਦਿੰਦਾ ਹੈ। ਸੰਪੂਰਨ ਅਖੰਡਪਾਠ ਦਾ ਇਹ ਸਿਲਸਿਲਾ ਕਦੋਂ ਤੋਂ ਸ਼ੁਰੂ ਹੋਇਆ ਇਸ ਬਾਰੇ ਕੁਝ ਪੱਕਾ ਪਤਾ ਨਹੀਂ ਲਗਦਾ ਪਰ ਕੁਝ ਅਨੁਮਾਨਾਂ ਅਨੁਸਾਰ ਇਹ ਕਾਰਜ 18ਵੀਂ ਸਦੀ ਦੇ ਉਹਨਾਂ ਬਿਖੜੇ ਦਿਨਾਂ ਵਿਚ ਸ਼ੁਰੂ ਹੋਇਆ ਜਿਨ੍ਹਾਂ ਵਿਚ ਸਿੱਖਾਂ ਤੇ ਹੋ ਰਹੇ ਅਤਿਆਚਾਰਾਂ ਨੇ ਉਹਨਾਂ ਨੂੰ ਦੂਰ ਦੁਰਾਡੀ ਥਾਵਾਂ ਤੇ ਖਿੰਡਾ ਦਿੱਤਾ ਸੀ। ਉਹਨਾਂ ਅਨਿਸ਼ਚਿਤ ਸਮਿਆਂ ਵਿਚ ਪਵਿੱਤਰ ਗ੍ਰੰਥ ਦੇ ਪਾਠ ਨੂੰ ਲਗਾਤਾਰ ਪੜ੍ਹ ਕੇ ਪੂਰਾ ਕਰਨ ਦੀ ਪਰੰਪਰਾ ਸ਼ੁਰੂ ਹੋਈ ਮੰਨੀ ਜਾਂਦੀ ਹੈ।

    ਸਿੱਖ ਕੈਲੰਡਰ ਦੇ ਮਹੱਤਵਪੂਰਨ ਦਿਨਾਂ ਉੱਤੇ ਗੁਰਦੁਆਰਿਆਂ ਵਿਚ ਅਖੰਡ ਪਾਠ ਕੀਤੇ ਜਾਂਦੇ ਹਨ। ਸਿੱਖ ਪਰਵਾਰਾਂ ਵਿਚ ਰਹੁਰੀਤਾਂ ਨੂੰ ਮਨਾਉਂਦੇ ਸਮੇਂ ਵੀ ਅਖੰਡ ਪਾਠ ਕੇਂਦਰ ਬਿੰਦੂ ਹੁੰਦੇ ਹਨ। ਉਹਨਾਂ ਦੋ ਦਿਨਾਂ ਅਤੇ ਦੋ ਰਾਤਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਣ ਦੇ ਨਾਲ ਘਰ ਪਵਿੱਤਰਤਾ ਨਾਲ ਭਰ ਉਠਦੇ ਹਨ। ਪ੍ਰਕਾਸ਼ ਅਸਥਾਨ ਵਾਲੇ ਕਮਰੇ ਨੂੰ ਵਿਸ਼ੇਸ਼ ਤੌਰ ਤੇ ਸਾਫ਼ ਕੀਤਾ ਜਾਂਦਾ ਹੈ ਅਤੇ ਉੱਥੇ ਪਾਠ ਕੀਤਾ ਜਾਂਦਾ ਹੈ। ਇਸ ਪਵਿੱਤਰਤਾ ਤੋਂ ਇਲਾਵਾ ਅਜਿਹਾ ਪਾਠ ਸਰੋਤਿਆਂ ਲਈ ਸੰਪੂਰਨ ਗੁਰੂ ਗ੍ਰੰਥ ਸਾਹਿਬ ਦਾ ਪਾਠ ਉਪਲਬਧ ਕਰਵਾ ਦਿੰਦਾ ਹੈ। ਸੁਣਨ ਵਾਲੇ ਆਪਣੀ ਇੱਛਾ ਅਨੁਸਾਰ ਆਉਂਦੇ ਹਨ ਅਤੇ ਆਪਣੀ ਇੱਛਾ ਅਨੁਸਾਰ ਹੀ ਜਾਂਦੇ ਰਹਿੰਦੇ ਹਨ। ਇਸ ਤਰ੍ਹਾਂ ਉਹ ਵੱਖ ਵੱਖ ਸਮਿਆਂ ਤੇ ਬਾਣੀ ਦੇ ਵੱਖ ਵੱਖ ਹਿੱਸਿਆਂ ਨੂੰ ਸੁਣਨ ਦੇ ਸਮਰੱਥ ਬਣੇ ਰਹਿ ਸਕਦੇ ਹਨ। ਇਹਨਾਂ ਪਾਠਾਂ ਤੋਂ ਬਿਨਾਂ ਗੁਰੂ ਗ੍ਰੰਥ ਸਾਹਿਬ ਦਾ ਆਪਣੀ ਸੰਪੂਰਨਤਾ ਵਿਚ ਪਾਠ ਆਮ ਵਿਅਕਤੀਆਂ ਦੀ ਪਹੁੰਚ ਤੋਂ ਦੂਰ ਹੀ ਬਣਿਆ ਰਹਿੰਦਾ ਹੈ ਅਤੇ ਉਹ ਕੇਵਲ ਨਿਤਨੇਮ ਦੀਆਂ ਬਾਣੀਆਂ ਤਕ ਹੀ ਸੀਮਿਤ ਰਹਿੰਦੇ ਹਨ। ਪਰਵਾਰਾਂ ਵਿਚ ਅਕਾਲ ਚਲਾਣਿਆਂ ਦੇ ਸਮੇਂ ਸਾਰੇ ਪਰਵਾਰ ਨੂੰ ਇਹਨਾਂ ਪਾਠਾਂ ਵਿਚੋਂ ਮਨ ਦੀ ਸ਼ਾਂਤੀ ਪ੍ਰਾਪਤ ਹੁੰਦੀ ਹੈ। ਮਰਨ ਤੋਂ ਬਾਅਦ ਹੋਣ ਵਾਲੀਆਂ ਰਹੁਰੀਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਨਾਲ ਹੀ ਪੂਰੀਆਂ ਹੁੰਦੀਆਂ ਹਨ ਅਤੇ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਹੀ ਵਿਛੜੀ ਹੋਈ ਆਤਮਾ ਵਾਸਤੇ ਅਰਦਾਸਾਂ ਕੀਤੀਆਂ ਜਾਂਦੀਆਂ ਹਨ।

    ਅਖੰਡ ਪਾਠ ਕਰਨ ਦੇ ਵੀ ਕਈ ਪ੍ਰਕਾਰ ਹਨ। ਸਭ ਤੋਂ ਆਮ ਤਰੀਕਾ ਸਪਤਾਹਿਕ ਪਾਠ ਦਾ ਹੈ ਜਿਸ ਵਿਚ ਥੋੜ੍ਹਾ ਥੋੜ੍ਹਾ ਸਮਾਂ ਪਾ ਕੇ ਪਾਠ ਦਾ ਉਚਾਰਨ ਕੀਤਾ ਜਾਂਦਾ ਹੈ ਅਤੇ ਇਸ ਨੂੰ ਇਕ ਸਪਤਾਹ ਵਿਚ ਪੂਰਾ ਕਰ ਲਿਆ ਜਾਂਦਾ ਹੈ। ਸਹਿਜ ਪਾਠ ਹੋਰ ਵੀ ਲੰਮਾ ਸਮਾਂ, ਕਈ ਮਹੀਨੇ ਵੀ ਲੈ ਸਕਦਾ ਹੈ। ਅਤੀ ਅਖੰਡ ਪਾਠ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪੂਰਨ ਪਾਠ ਕਿਸੇ ਵੀ ਪ੍ਰਕਾਰ ਦੀ ਰੁਕਾਵਟ ਤੋਂ ਬਿਨਾਂ ਇਕੱਲੇ ਵਿਅਕਤੀ ਦੁਆਰਾ ਕੀਤਾ ਜਾਂਦਾ ਹੈ। ਇਹਨਾਂ ਪਾਠਾਂ ਵਿਚ ਗੁਰੂ ਗ੍ਰੰਥ ਸਾਹਿਬ ਦਾ ਕੇਵਲ ਪਾਠ ਹੀ ਨਹੀਂ ਹੁੰਦਾ ਸਗੋਂ ਸੁਰ ਲੈਅ ਵਿਚ ਪਾਠ ਕੀਤਾ ਜਾਂਦਾ ਹੈ। ਅਜਿਹਾ ਪਾਠ ਬਾਣੀ ਦੇ ਕਾਵਿ ਗੁਣ ਨੂੰ ਸਪਸ਼ਟਤਾ ਨਾਲ ਸਾਮ੍ਹਣੇ ਲਿਆਂਉਂਦਾ ਹੈ ਅਤੇ ਪਦਿਆਂ ਦੀ ਪਕੜ ਬਣਾਉਣ ਵਾਲੀ ਸ਼ਕਤੀ ਸਰੋਤੇ ਨੂੰ ਕੀਲ ਲੈਂਦੀ ਹੈ।ਪਰੰਤੂ ਬਾਣੀ ਦਾ ਪਾਠ ਭੂੰਜੇ ਸਾਮ੍ਹਣੇ ਸ਼ਰਧਾਪੂਰਵਕ ਬੈਠ ਕੇ ਸ਼ਾਂਤ ਵਾਤਾਵਰਨ ਵਿਚ ਸੁਣਨਾ ਚਾਹੀਦਾ ਹੈ।

    ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਧਿਆਤਮਿਕਤਾ ਦੀ ਕੁੰਜੀ ਹੈ। ਇਹ ਕੇਵਲ ਦਾਰਸ਼ਨਿਕ, ਨੈਤਿਕ ਅਤੇ ਮਾਨਸਿਕ ਹੀ ਨਹੀਂ ਹੈ ਸਗੋਂ ਇਕ ਸ਼ੁੱਧ ਸ਼ਰਧਾ ਭਾਵਨਾ ਦੀ ਬਾਣੀ ਹੈ। ਇਹ ਬਾਣੀ ਕਿਸੇ ਸਮਾਜਿਕ ਮਰਯਾਦਾ ਦਾ ਨਿਰਧਾਰਨ ਨਹੀਂ ਕਰਦੀ ਪਰ ਫਿਰ ਵੀ ਇਹ ਸਾਰੇ ਸਿੱਖ ਜੀਵਨ ਢੰਗ ਅਤੇ ਸਿੱਖ ਭਗਤੀ ਦਾ ਆਧਾਰ ਹੈ। ਇਹ ਸਿੱਖ ਮਾਨਤਾਵਾਂ ਦਾ ਜੀਉਂਦਾ ਜਾਗਦਾ ਸਰੂਪ ਹੈ ਅਤੇ ਗੁਰੂ ਸਾਹਿਬਾਨ ਦੁਆਰਾ ਦੱਸੇ ਹੋਏ ਅਧਿਆਤਮਿਕ ਅਤੇ ਨੈਤਿਕ ਮਾਰਗ ਦੀ ਸਰਬਉੱਚ ਮਾਰਗ ਦਰਸ਼ਕ ਹੈ। ਇਕਸੁਰਤਾ ਵਿਚ ਜੋ ਕੁਝ ਵੀ ਹੈ ਉਹ ਇਸ ਨੂੰ ਸਵੀਕਾਰ ਕਰਦੀ ਹੈ ਅਤੇ ਜੋ ਕੁਝ ਵੀ ਬੇਸੁਰਾ , ਬੇਜੋੜ ਹੈ ਉਸਨੂੰ ਰੱਦ ਕਰਦੀ ਹੈ। ਸਿੱਖ ਸਿਧਾਂਤਾਂ ਨਾਲ ਸੰਬੰਧਿਤ ਮਾਰਗ ਦਰਸ਼ਨ ਇਸੇ ਤੋਂ ਲਿਆ ਜਾਂਦਾ ਹੈ।

    ਵਿਅਕਤੀਗਤ ਸਿੱਖ ਵੀ ਅਤੇ ਸਾਰਾ ਸਿੱਖ ਪੰਥ ਕਿਸੇ ਭੀੜ ਦੇ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਆਸਰੇ ਵੱਲ ਹੀ ਵੇਖਦਾ ਹੈ। 1763 ਵਿਚ ਸਿੱਖਾਂ ਦੇ ਸਾਮ੍ਹਣੇ ਇਹ ਪ੍ਰਸ਼ਨ ਸੀ ਕਿ ਸਿੱਖਾਂ ਕੋਲ ਮਦਦ ਦੀ ਆਸ ਨਾਲ ਸ੍ਰੀ ਅਕਾਲ ਤਖ਼ਤ ਉੱਤੇ ਪਹੁੰਚੇ ਇਕ ਬੇਸਹਾਰਾ ਬ੍ਰਾਹਮਣ ਦੀ ਮਦਦ ਕਿਵੇਂ ਕੀਤੀ ਜਾਏ ਅਤੇ ਉਸਦੀ ਪਤਨੀ ਨੂੰ ਜਬਰਦਸਤੀ ਚੁੱਕ ਕੇ ਲੈ ਜਾਣ ਵਾਲੇ ਪਠਾਣਾਂ ਦੇ ਗੜ ਕਸੂਰ ਉੱਤੇ ਹਮਲਾ ਕੀਤਾ ਜਾਏ ਜਾਂ ਨਾ ਕੀਤਾ ਜਾਏ। ਜਿਵੇਂ ਕਿ ਪ੍ਰਾਚੀਨ ਪੰਥ ਪ੍ਰਕਾਸ਼ ਵਿਚ ਦਰਜ ਹੈ, ਅੰਤ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਮਾਰਗ ਨਿਰਦੇਸ਼ ਲੈਣ ਦਾ ਫ਼ੈਸਲਾ ਕੀਤਾ ਗਿਆ। ਗੁਰਦੁਆਰਾ ਲਹਿਰ ਦੇ ਮੁੱਢਲੇ ਦਿਨਾਂ ਦੀਆਂ ਘਟਨਾਵਾਂ ਵਿਚ ਸਿੱਖ ਧਰਮ ਅਸਥਾਨਾਂ ਦੇ ਪ੍ਰਬੰਧ ਦੇ ਸੁਧਾਰਾਂ ਦੀ ਗੱਲ ਵੀ ਅਜਿਹੇ ਤੱਥ ਦੀ ਯਾਦ ਦਵਾਉਂਦੀ ਹੈ। 12 ਅਕਤੂਰ 1920 ਨੂੰ ਅੰਮ੍ਰਿਤਸਰ ਦੇ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸਰਪ੍ਰਸਤੀ ਹੇਠ ਜਲਿਆਂ ਵਾਲੇ ਬਾਗ ਵਿਖੇ ਸਿੱਖ ਪਛੜੀਆਂ ਜਾਤੀਆਂ ਦੀ ਇਕ ਮੀਟਿੰਗ ਕੀਤੀ ਗਈ ਸੀ। ਅਗਲੀ ਸਵੇਰ ਉਹਨਾਂ ਵਿਚੋਂ ਕੁਝ ਇਕ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਲਿਜਾਇਆ ਗਿਆ ਪਰੰਤੂ ਪ੍ਰਬੰਧਕ ਗ੍ਰੰਥੀਆਂ ਨੇ ਉਹਨਾਂ ਵਲੋਂ ਲਿਆਂਦੇ ਗਏ ਕੜਾਹ ਪ੍ਰਸਾਦਿ ਨੂੰ ਨਾ-ਮਨਜੂਰ ਕਰ ਦਿੱਤਾ ਅਤੇ ਉਹਨਾਂ ਲਈ ਅਰਦਾਸ ਕਰਨ ਤੋਂ ਵੀ ਇਨਕਾਰ ਕਰ ਦਿੱਤਾ। ਸਿੱਖ ਸਿਧਾਂਤਾਂ ਦੇ ਬਿਲਕੁਲ ਹੀ ਉਲਟ ਜਾਣ ਵਾਲੀ ਇਸ ਘਟਨਾ ਨੇ ਇਸ ਵਿਤਕਰੇ ਪ੍ਰਤੀ ਵਿਰੋਧ ਖੁਲ੍ਹੇਆਮ ਪ੍ਰਗਟ ਕੀਤਾ ਗਿਆ। ਅਖੀਰ ਇਕ ਸਮਝੌਤਾ ਹੋਇਆ ਅਤੇ ਗੁਰੂ ਦਾ ਦਿਸ਼ਾ ਨਿਰਦੇਸ਼ ਲੈਣ ਦਾ ਫ਼ੈਸਲਾ ਕੀਤਾ ਗਿਆ।

    ਪਰੰਪਰਾ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਅਚਨਚੇਤੀ ਪੰਨਾ ਸਾਮ੍ਹਣੇ ਆਉਣ ਤੇ ਪੰਨੇ ਦਾ ਪਹਿਲਾ ਪਦਾ ਇਸ ਪ੍ਰਕਾਰ ਸੀ:-

    ਨਿਗੁਣਿਆ ਨੋ ਆਪੇ ਬਖਸਿ ਲਏ ਭਾਈ ਸਤਿਗੁਰ ਕੀ ਸੇਵਾ ਲਾਇ॥(ਗੁ.ਗ੍ਰੰ. ਪੰਨਾ 638)

    ਗੁਰੂ ਦਾ ਫ਼ੈਸਲਾ ਸਪਸ਼ਟ ਰੂਪ ਵਿਚ ਉਹਨਾਂ ਦੇ ਹੱਕ ਵਿਚ ਸੀ ਜਿਨ੍ਹਾਂ ਨੂੰ ਗ੍ਰੰਥੀ ਸਿੰਘਾਂ ਨੇ ਪੰਥ ਦਾ ਪੂਰਾ ਮੈਂਬਰ ਮੰਨਣ ਤੋਂ ਇਨਕਾਰ ਕੀਤਾ ਹੋਇਆ ਸੀ। ਸੁਧਾਰਵਾਦੀ ਸਿੱਖਾਂ ਲਈ ਇਹ ਇਕ ਜਿੱਤ ਸੀ। ਲਿਆਂਦੇ ਹੋਏ ਕੜਾਹ ਪ੍ਰਸਾਦਿ ਨੂੰ ਸਵੀਕਾਰ ਕੀਤਾ ਗਿਆ ਅਤੇ ਉਸ ਨੂੰ ਸੰਗਤ ਵਿਚ ਵਰਤਾਇਆ ਗਿਆ।

    ਇਕੱਲੇ ਅਥਵਾ ਸਮੂਹਾਂ ਵਿਚ ਆਪਣੇ ਘਰਾਂ ਵਿਚ ਜਾਂ ਧਰਮ ਅਸਥਾਨਾਂ ਵਿਚ ਸੰਗਤ ਰੂਪ ਵਿਚ ਸਿੱਖ ਆਪਣੀ ਸਵੇਰ ਦੀ ਅਤੇ ਸ਼ਾਮ ਦੇ ਨਿਤਨੇਮ ਅਥਵਾ ਕਿਸੇ ਹੋਰ ਸਮੇਂ ਕਿਸੇ ਵਿਅਕਤੀਗਤ ਰਹੁਰੀਤ ਨੂੰ ਅਰਦਾਸ ਨਾਲ ਸਮਾਪਤ ਕਰਦੇ ਹਨ। ਅਰਦਾਸ ਤੋਂ ਬਾਅਦ ਹੇਠ ਲਿਖੇ ਪਦਿਆਂ ਨੂੰ ਬੋਲਿਆ ਜਾਂਦਾ ਹੈ:

    ਆਗਿਯਾ ਭਈ ਅਕਾਲ ਕੀ ਤਭੀ ਚਲਾਯੋ ਪੰਥ।

    ਸਭ ਸਿੱਖਨ ਕਉ ਹੁਕਮ ਹੈ ਗੁਰੂ ਮਾਨਿਓ ਗ੍ਰੰਥ।

    ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹਿ।

    ਜੋ ਪ੍ਰਭੁ ਕਉ ਮਿਲਿਬੋ ਚਹੈ ਖੋਜ ਸਬਦ ਮੈਂ ਲੇਹਿ।

    ਸਿੱਖ ਜੀਵਨ ਜਾਚ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਰੁਤਬਾ ਅਤੇ ਮਹੱਤਵ ਉਪਰੋਕਤ ਅਨੁਸਾਰ ਮੰਨਿਆ ਜਾਂਦਾ ਹੈ।

    ਵੈਦਿਕ ਰਿਚਾਵਾਂ ਅਤੇ ਸਾਮਗਾਨ ਵਿਚ ਮਨੁੱਖਤਾ ਦੇ ਧਾਰਮਿਕ ਕਾਵਿ ਦੀ ਸ਼ੁਰੂਆਤ ਮੰਨੀ ਜਾਂਦੀ ਹੈ। ਵੇਦ ਸੰਸਾਰ ਦੇ ਪ੍ਰਾਚੀਨਤਮ ਗ੍ਰੰਥ ਮੰਨੇ ਜਾਂਦੇ ਹਨ। ਪ੍ਰਾਚੀਨ ਬੌਧਿਕਤਾ ਅਤੇ ਮਨੁੱਖੀ ਮਨ ਦੇ ਮੁੱਢਲੇ ਚਿੰਤਨ ਦਾ ਉਹ ਭੰਡਾਰ ਹਨ। ਰਿਗਵੇਦ ਦੀਆਂ ਰਿਚਾਵਾਂ 1500-1000 ਪੂ.ਈ. ਤਕ ਪ੍ਰਾਚੀਨ ਹਨ। ਉਸੇ ਹੀ ਕਾਲ ਚੱਕਰ ਦਾ ਇਕ ਹੋਰ ਗ੍ਰੰਥ ਸਾਮਵੇਦ ਛੰਦ ਬੱਧ ਰਚਨਾਵਾਂ ਦਾ ਪਾਠ ਹੈ। ਪ੍ਰਾਚੀਨ ਵੈਦਿਕ ਵਿਦਵਾਨਾਂ ਨੇ ਵੈਦਿਕ ਸਿੱਖਿਆ ਦੇਣ ਵਾਲੀ ਇਕ ਹੋਰ ਸ਼ਾਖਾ ‘ਛੰਤ` ਅਰਥਾਤ ਛੰਦ ਬੱਧ ਰਚਨਾ ਦਾ ਕਾਵਿਸ਼ਾਸਤਰ ਅਥਵਾ ਵਿਗਿਆਨ ਵਿਕਸਿਤ ਕੀਤਾ। ਪ੍ਰਾਚੀਨ ਧਾਰਮਿਕ ਸਾਹਿਤ ਦਾ ਕਾਫੀ ਵੱਡਾ ਭਾਗ ਪਦਾਂ ਵਿਚ ਹੈ ਜਿਨ੍ਹਾਂ ਨੂੰ ਯਾਦ ਰੱਖਣਾ ਅਤੇ ਬੋਲਣਾ ਅਸਾਨ ਹੁੰਦਾ ਹੈ। ਪਵਿੱਤਰ ਪਾਠਾਂ ਨੂੰ ਯਾਦ ਰੱਖਣ ਦੀ ਪਰੰਪਰਾ ਪ੍ਰਾਚੀਨ ਭਾਰਤ ਵਿਚ ਬੜੀ ਲਗਨ ਨਾਲ ਵਿਕਸਿਤ ਕੀਤੀ ਗਈ ਸੀ। ਵੈਦਿਕ ਰਿਸ਼ੀਆਂ ਵਾਂਗ ਹੀ ਜੈਨ ਅਤੇ ਬੌਧ ਭਿਖੂ ਕਵੀਆਂ ਨੇ ਵੀ ਕਾਫੀ ਮਾਤਰਾ ਵਿਚ ਧਾਰਮਿਕ ਕਾਵਿ ਦੀ ਰਚਨਾ ਕੀਤੀ ਸੀ। ਜਿਹੜੇ ਸੰਸਕ੍ਰਿਤ ਕਾਵਿ ਸ਼ਾਸਤਰ ਅਨੁਸਾਰ ਪਦਰਚਨਾ ਕਰਦੇ ਸਨ ਉਹਨਾਂ ਨੇ ਕਈ ਵੱਖਰੇ ਵੱਖਰੇ ਆਧਾਰਾਂ ਤੇ ਕਾਵਿ ਨੂੰ ਤਿੰਨ ਹਿੱਸਿਆਂ-ਗੱਦ, ਪਦ ਅਤੇ ਗੱਦ ਪਦ ਦਾ ਮਿਸ਼ਰਨ ‘ਮਿਸ਼ਰ` ਵਿਚ ਵੰਡਿਆ ਹੋਇਆ ਸੀ। ਸੰਸਕ੍ਰਿਤ ਕਾਵਿ ਸ਼ਾਸਤਰ ਦੇ ਵਿਦਵਾਨ ਇਹ ਮੰਨਦੇ ਸਨ ਕਿ ਕਵਿਤਾ ਨੂੰ ਪਦਾਂ ਵਿਚ ਲਿਖਿਆ ਜਾਣਾ ਜ਼ਰੂਰੀ ਨਹੀਂ ਹੈ। ਮੁਕਤਕ ਸ਼ੈਲੀ ਵਿਚ ਮਹਾਂਕਾਵਿ ਪਦ ਵਿਚ ਰਚੀ ਕਵਿਤਾ ਦਾ ਇਕ ਉਦਾਹਰਨ ਹੈ। ਵਰਨਨਾਤਮਿਕ ਕਥਾ ਨੂੰ ‘ਮਿਸ਼ਰ` ਪ੍ਰਕਾਰ ਮੰਨਿਆ ਗਿਆ ਹੈ। ਅਲੰਕਾਰ ਯੁਕਤ ਕਾਵਿ ਦੀ ਰਚਨਾ ਸੰਸਕ੍ਰਿਤ, ਪਾਲੀ, ਪ੍ਰਾਕ੍ਰਿਤ ਅਤੇ ਅਪਭ੍ਰੰਸ਼ ਬਹੁਤ ਵੱਡੀ ਮਾਤਰਾ ਵਿਚ ਕੀਤੀ ਗਈ ਸੀ।

    ਬਾਅਦ ਦੇ ਸੰਤ ਕਵੀਆਂ ਦੇ ਸਮੇਂ ਵਿਚ ਭਗਤੀ ਸਾਹਿਤ ਵਿਚ ਕਈ ਨਵੀਆਂ ਪਰੰਪਰਾਵਾਂ ਹੋਂਦ ਵਿਚ ਆਈਆਂ। ਕਾਵਿ ਦੇ ਇਹਨਾਂ ਨਵੇਂ ਰੂਪਾਂ ਦਾ ਪ੍ਰਚਲਨ ਮੱਧਯੁਗੀ ਭਾਰਤ ਵਿਚ ਕਾਫ਼ੀ ਮਾਤਰਾ ਵਿਚ ਹੋਇਆ। ਇਹ ਧਾਰਮਿਕ ਕਾਵਿ ਅਪਭ੍ਰੰਸ਼, ਬ੍ਰਿਜਭਾਸ਼ਾ, ਅਵਧੀ, ਬੰਗਾਲੀ, ਗੁਜਰਾਤੀ, ਮਰਾਠੀ ਅਤੇ ਪੰਜਾਬੀ ਆਦਿ ਕਈ ਭਾਸ਼ਾਵਾਂ ਵਿਚ ਲਿਖੇ ਗਏ। ਇਹਨਾਂ ਰਚਨਾਵਾਂ ਨੂੰ ਦੇਣ ਵਾਲੇ ਸੰਸਕ੍ਰਿਤ ਰਚਨਾਵਾਂ ਦੀਆਂ ਬਰੀਕੀਆਂ ਵਿਚ ਕੋਈ ਸੁਸਿੱਖਿਅਤ ਪੇਸ਼ੇਵਰ ਕਵੀ ਨਹੀਂ ਸਨ। ਇਹਨਾਂ ਦਾ ਮੁੱਖ ਉਦੇਸ਼ ਪਰਮਾਤਮਾ ਦੀ ਮਹਾਨਤਾ ਦਾ ਗੁਣਗਾਨ ਅਤੇ ਨੈਤਿਕ ਗੁਣਾਂ ਨੂੰ ਮਜਬੂਤੀ ਪ੍ਰਦਾਨ ਕਰਨਾ ਸੀ। ਕਦੀ ਕਦੀ ਇਹ ਤਤਕਾਲੀਨ ਧਾਰਮਿਕ ਅਤੇ ਸਮਾਜਿਕ ਬੁਰਾਈਆਂ ਦੀ ਕਰੜੀ ਆਲੋਚਨਾ ਵੀ ਕਰਦੇ ਸਨ। ਇਹਨਾਂ ਦੇ ਪਦੇ ਵਿਦਵਾਨਾਂ ਦੇ ਨਾਲ ਨਾਲ ਅਨਪੜ੍ਹਾਂ ਲਈ ਵੀ ਅਤੇ ਪੁਰਸ਼ਾਂ ਦੇ ਨਾਲ ਨਾਲ ਇਸਤਰੀਆਂ ਨੂੰ ਵੀ ਸੰਬੋਧਿਤ ਹੁੰਦੇ ਸਨ। ਇਹਨਾਂ ਦੀ ਭਾਸ਼ਾ ਲੋਕਾਂ ਦੇ ਹਰ ਹਿੱਸੇ ਦੁਆਰਾ ਅਸਾਨੀ ਨਾਲ ਸਮਝ ਲਈ ਜਾਂਦੀ ਸੀ।

    ਸੰਤਾਂ ਅਤੇ ਭਗਤਾਂ ਨੇ ਤੁੱਕ ਤੁਕਾਂਤ ਦੇ ‘ਪਿੰਗਲ` ਦੇ ਬੰਧਨਾਂ ਨੂੰ ਪਰ੍ਹੇ ਸੁੱਟ ਦਿੱਤਾ ਸੀ। ਉਹਨਾਂ ਨੇ ਆਪਣੇ ਹਿਰਦੇ ਦੀਆਂ ਭਾਵਨਾਵਾਂ ਨੂੰ ਕਵਿਤਾ ਦੇ ਲੋਕ ਰੂਪਾਂ ਰਾਹੀਂ ਪ੍ਰਗਟ ਕੀਤਾ ਅਤੇ ਉਹਨਾਂ ਨੂੰ ਸੰਗੀਤਾਮਿਕਤਾ ਪ੍ਰਦਾਨ ਕੀਤੀ। ਇਹ ਆਪਣੇ ਸ਼ਬਦਾਂ ਦਾ ਗਾਇਨ ਕਰਦੇ ਸੀ ਅਤੇ ਲੋਕ ਇਹਨਾਂ ਦੇ ਨਾਲ ਹੀ ਗਾਉਂਦੇ ਅਤੇ ਨਿਰਤ ਕਰਦੇ ਸਨ। ਆਪਣੀ ਆਤਮਾ ਦੀਆਂ ਭਾਵਨਾਵਾਂ ਨੂੰ ਸੁਭਾਵਿਕ ਰੂਪ ਵਿਚ ਬਾਹਰ ਕਢਦੇ ਹੋਏ ਉਹ ਸੰਗੀਤ ਦੀਆਂ ਸ਼ਾਸਤਰੀ ਅਤੇ ਦੇਸੀ, ਲੋਕ ਮੁੱਖੀ ਧੁਨਾਂ ਦੀ ਪਾਲਣਾ ਵੀ ਕਰ ਲੈਂਦੇ ਸਨ। ਲੋਕ-ਮੁਖੀ ਧੁਨਾਂ ਵਿਚ ਗਾਉਂਦੇ ਹੋਏ ਕੁਝ ਮਾਤਰਾਵਾਂ ਨੂੰ ਸਹਿਜੇ ਹੀ ਛਡਿਆ ਜਾ ਸਕਦਾ ਹੁੰਦਾ ਹੈ ਅਤੇ ਇਹਨਾਂ ਕਵੀਆਂ ਵਾਸਤੇ ਵੀ ਭਾਰਤੀ ਪਿੰਗਲ ਸ਼ਾਸਤਰ ਦਾ ਪਾਲਣ ਕਰਦੇ ਹੋਏ ਵੱਖਰੇ ਵੱਖਰੇ ਪ੍ਰਕਾਰ ਦੇ ਛੰਦਾਂ ਵਿਚ ਮਾਤਰਾਵਾਂ ਦੀ ਗਿਣਤੀ ਮਿਣਤੀ ਦਾ ਪੂਰਾ ਧਿਆਨ ਰਖਣਾ ਬਿਲਕੁਲ ਹੀ ਜ਼ਰੂਰੀ ਨਹੀਂ ਹੁੰਦਾ ਸੀ। ਭਗਤੀ ਕਾਲ ਦੀ ਕਵਿਤਾ ਉਦਾਰਵਾਦੀ , ਸੁਤੰਤਰ ਅਤੇ ਛੰਦ ਵਿਧਾਨ ਨੂੰ ਸ਼ਾਸਤਰੀ ਤਰੀਕੇ ਨਾਲ ਮੰਨਣ ਵਾਲੀ ਸੀ। ਇਹ ਕਾਵਿ ਉਹਨਾਂ ਸਾਧੂਜਨਾਂ ਅਤੇ ਫ਼ਕੀਰਾਂ ਦਾ ਸੀ ਜਿਨ੍ਹਾਂ ਕੋਲ ਵਿਦਵਾਨਾਂ ਵਾਂਗੂੰ ਕੋਈ ਸਿੱਖਿਆ ਤਾਂ ਨਹੀਂ ਸੀ ਪਰੰਤੂ ਉਹਨਾਂ ਕੋਲ ਅਧਿਆਤਮਿਕ ਅਤੇ ਰਹੱਸਵਾਦੀ ਅਨੁਭੂਤੀ ਹੁੰਦੀ ਸੀ। ਉਹਨਾਂ ਨੇ ਪਰਮ ਤੱਤ ਦਾ ਸਾਖਿਆਤਕਾਰ ਕੀਤਾ ਹੁੰਦਾ ਸੀ ਅਤੇ ਉਹ ਖੁੱਲ੍ਹੇ ਡੁਲ੍ਹੇ ਸੁਭਾਅ ਦੇ ਸੱਚੇ ਅਤੇ ਵਰੋਸਾਏ ਹੋਏ ਹੁੰਦੇ ਸਨ।

    ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਿੱਬਤਾ ਭਰਪੂਰ ਬਾਣੀਕਾਰ ਆਪਣੇ ਉਦੇਸ਼ ਬਾਰੇ, ਆਪਣੀ ਸਮਰੱਥਾ ਬਾਰੇ ਅਤੇ ਆਪਣੇ ਬਾਣੀਕਾਰ ਹੋਣ ਦੇ ਸਨਮਾਨ ਪ੍ਰਤੀ ਪੂਰੇ ਚੇਤੰਨ ਸਨ।ਕਬੀਰ ਕਹਿੰਦੇ ਹਨ ਕਿ ਲੋਕ ਤਾਂ ਭਾਵੇਂ ਮੇਰੇ ਕਹੇ ਹੋਏ ਨੂੰ ਗੀਤ ਹੀ ਸਮਝਣ ਪਰੰਤੂ ਦਰਅਸਲ ਇਹ ਪਰਮਪੁਰਖ ਪਰਮਾਤਮਾ ਬਾਰੇ ਮੇਰੇ ਵੀਚਾਰ ਹਨ (ਗੁ.ਗ੍ਰੰ.335)। ਗੁਰੂ ਨਾਨਕ ਆਪਣੇ ਆਪ ਨੂੰ ਢਾਡੀ ਅਤੇ ਸ਼ਾਇਰ ਕਹਿੰਦੇ ਹਨ (ਗੁ.ਗ੍ਰੰ.150, 660)। ਗੁਰੂ ਅਰਜਨ ਦੇਵ ਅਤੇ ਹੋਰ ਗੁਰੂ ਸਾਹਿਬਾਨ ਐਲਾਨ ਕਰਦੇ ਹਨ ਕਿ ਪਰਮਾਤਮਾ ਨੇ ਖੁਦ ਉਹਨਾਂ ਨੂੰ ਕਿਹਾ ਸੀ ਕਿ ਆਪਣੇ ਦਿੱਬ ਬਚਨ ਅਤੇ ਪ੍ਰੇਰਨਾਵਾਂ ਨੂੰ ਲੋਕਾਂ ਵਿਚ ਪ੍ਰਵਾਹਿਤ ਕਰੋ। ਗੁਰੂ ਅਰਜਨ ਦੇਵ ਜੀ ਬਾਣੀ ਨੂੰ ਧੁਰ ਕੀ ਬਾਣੀ ਆਖਦੇ ਹਨ (ਗੁ.ਗ੍ਰੰ.628)। ਗੁਰੂ ਨਾਨਕ ਦੇਵ ਜੀ ਦਾ ਵਿਸ਼ਵਾਸ ਹੈ (ਜਪੁ, 38) ਕਿ ਸ਼ਬਦ ਦੀ ਘਾੜਤ ਉਸ ਮਨ ਵਿਚ ਕੀਤੀ ਜਾਂਦੀ ਹੈ ਜਿਹੜਾ ਧੀਰਜ , ਅਨੁਭੂਤੀ, ਗਿਆਨ, ਭੈਅ ਅਤੇ ਪਰਮਾਤਮਾ ਦੇ ਪ੍ਰੇਮ ਰੂਪੀ ਅੰਮ੍ਰਿਤ ਨਾਲ ਭਰਿਆ ਪਿਆ ਹੋਵੇ। ਰਵਿਦਾਸ ਨੇ ਵੀ ਖੁਦ ਕਿਹਾ ਹੈ ਕਿ ਉਹ ਮੁਕਤ ਆਤਮਾ ਹਨ ਅਤੇ ਬੇਗਮਪੁਰੇ ਦੇ ਨਿਵਾਸੀ ਹਨ।(ਗੁ.ਗ੍ਰੰ. 345)। ਨਾਮਦੇਵ ਨੇ ਵੀ ਪੁਕਾਰ ਕੇ ਕਿਹਾ ਹੈ ਕਿ ਅੱਲ੍ਹਾ ਅਤੇ ਰਾਮ ਵਿਚ, ਹਿੰਦੂ, ਮੰਦਿਰ ਅਤੇ ਮਸੀਤ ਵਿਚ ਨਿਖੇੜਾ ਕਰਨਾ ਅਸੰਭਵ ਹੈ। ਇਹ ਸੰਤ ਬਾਣੀਕਾਰ ਸੁਭਾਵਿਕ ਅਤੇ ਕੁਦਰਤੀ ਰੂਪ ਵਿਚ ਪ੍ਰਵਚਨ ਕਰਦੇ ਸਨ। ਉਹਨਾਂ ਦਾ ਗਾਉਣਾ ਅਤੇ ਕੀਰਤਨ ਕਰਨਾ ਉਹਨਾਂ ਦੀਆਂ ਰਚਨਾਵਾਂ ਨੂੰ ਹੋਰ ਵੀ ਚਮਕਾਉਂਦਾ ਸੀ। ਛੰਦ ਸ਼ਾਸਤਰ ਦੇ ਨੇਮਾਂ ਦੀ ਪਾਲਣਾ ਕਰਨਾ ਉਹਨਾਂ ਲਈ ਜ਼ਰੂਰੀ ਨਹੀਂ ਸੀ ਹਾਲਾਂ ਕਿ ਕਈ ਵਾਰ ਉਹ ਬਣਾਏ ਹੋਏ ਨੇਮਾਂ ਅਤੇ ਕਾਵਿ ਦੇ ਰੂਪਾਂ ਦੇ ਚੌਖਟੇ ਵਿਚ ਹੀ ਰਚਨਾਵਾਂ ਕਰਦੇ ਹੁੰਦੇ ਸਨ।

    ਭਾਰਤੀ ਪਰੰਪਰਾ ਦੇ ਕਾਵਿ ਦੇ ਕਈ ਰੂਪਾਂ ਜਿਵੇਂ ਕਿ ਧੁਨੀ , ਰੀਤਿ ਅਲੰਕਾਰ, ਰਸ , ਛੰਦ ਆਦਿ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਦਿਆਂ ਵਿਚ ਨਿਰਬਾਹ ਕੀਤਾ ਗਿਆ ਹੈ। ਫਿਰ ਵੀ ਕੋਈ ਵੀ ਪਦਾ ਕਿਸੇ ਵੀ ਰੂਪ ਦੇ ਅੰਤਰਗਤ ਪੂਰੀ ਤਰ੍ਹਾਂ ਨਹੀਂ ਰਖਿਆ ਜਾ ਸਕਦਾ; ਨਾ ਹੀ ਇਹ ਭਾਰਤੀ ਪਿੰਗਲ ਦੀ ਕਾਵਿ ਸ਼ਾਸਤਰੀ ਮਾਤਰਾ ਪੱਧਤੀ ਨਾਲ ਮੇਲ ਖਾਂਦਾ ਹੈ। ਭਾਰਤੀ ਵਾਤਾਵਰਨ ਇਹਨਾਂ ਨਿਰਮਲ ਗਾਇਕਾਂ ਦੇ ਅਧਿਆਤਮਿਕ ਅਤੇ ਭਾਵਨਾਤਮਿਕ ਰਸ ਨਾਲ ਭਰਪੂਰ ਸੀ ਅਤੇ ਉਹਨਾਂ ਦੀਆਂ ਬਾਣੀਆਂ ਉਹਨਾਂ ਦੀਆਂ ਪ੍ਰੇਰਨਾ ਦਾ ਸੁਭਾਵਿਕ ਵਹਾਅ ਸਨ; ਅਤੇ ਇਸ ਲਈ ਇਹ ਸਪਸ਼ਟ ਹੀ ਹੈ ਕਿ ਉਹਨਾਂ ਨੂੰ ਆਪਣੀਆਂ ਰਚਨਾਵਾਂ ਲਈ ਕੋਈ ਖਾਸ ਮਿਹਨਤ ਨਹੀਂ ਕਰਨੀ ਪਈ। ਉਹਨਾਂ ਤੇ ਦੋ ਸੋਚਾਂ ਮੁੱਖ ਰੂਪ ਵਿਚ ਭਾਰੂ ਸਨ: ਸ਼ਬਦ ਨੂੰ ਰਾਗਬੱਧ ਕਰਨਾ ਅਤੇ ਬਾਣੀ ਨੂੰ ਪਦਾ ਰੂਪ ਵਿਚ ਰਖਣਾ; ਅਤੇ ਨਾਲ ਹੀ ਪਦੇ ਦਾ ਮੁੱਖ ਭਾਵ ‘ਰਹਾਉ` ਦੀਆਂ ਪੰਗਤੀਆਂ ਵਿਚ ਸਥਿਤ ਕਰਨਾ। ਜਿਨ੍ਹਾਂ ਸਲੋਕਾਂ ਦੀ ਉਹਨਾਂ ਨੇ ਰਚਨਾ ਕੀਤੀ ਉਹ ਜ਼ਿਆਦਾਤਰ ਦੋ ਪੰਗਤੀਆਂ ਦੇ ਹਨ ਜਾਂ ਦੋ-ਦੋ ਪੰਗਤੀਆਂ ਵਾਲੇ ਸਮੂਹ ਹਨ। ਰਾਗਾਂ ਦੇ ਨਿਰਧਾਰਨ ਨੇ ਅਲੰਕਾਰਾਂ, ਰਸ, ਮਾਹੌਲ, ਸ਼ਬਦਾਵਲੀ, ਬਿੰਬਾਂਵਲੀ ਆਦਿ ਹੋਰ ਸਾਰੇ ਕਾਵਿ ਰੂਪਾਂ ਦੀ ਯੋਜਨਾ ਨੂੰ ਪ੍ਰਭਾਵਿਤ ਕੀਤਾ ਹੈ। ਜਿਵੇਂ ਕਿ ਭਾਰਤੀ ਰਾਗਾਂ ਦੀ ਯੋਜਨਾ ਵਿਚ ਪ੍ਰਚਲਿਤ ਹੈ, ਹਰ ਸ਼ਬਦ ਵਿਚ ਇਕ ਰਸ ਵਿਸ਼ੇਸ ਵਿੱਦਮਾਨ ਹੁੰਦਾ ਹੈ। ਇਹੋ ਹੀ ਕਥਨ ਵਾਯੂਮੰਡਲ ਸਮੇਂ ਅਤੇ ਗਾਇਨ ਕੀਤੀ ਜਾਣ ਵਾਲੀ ਰਿਤੂ ਉੱਤੇ ਵੀ ਢੁੱਕਦਾ ਹੈ। ਦੁੱਪਦਾ (ਦੋ ਪਦਿਆਂ ਵਾਲੀ ਬਾਣੀ,) ਤਿਪਦਾ (ਤਿੰਨ ਪਦਿਆਂ ਵਾਲੀ ਬਾਣੀ), ਚਉਪਦਾ (ਚਾਰ ਪਦਿਆਂ ਵਾਲੀ ਬਾਣੀ, ਅਸ਼ਟਪਦੀ (ਅੱਠ ਪਦਿਆਂ ਵਾਲੀ ਬਾਣੀ), ਸੋਲਹਾ (ਸੋਲਾਂ ਪਦਿਆਂ ਵਾਲੀ ਬਾਣੀ), ਛੰਤ , ਗੀਤ, ਲੰਮੀਆਂ ਅਤੇ ਛੋਟੀਆਂ ਬਾਣੀਆਂ ਜਿਵੇਂ ਕਿ ਜਪੁ , ਵਾਰਾਂ, ਓਅੰਕਾਰ, ਸਿਧ ਗੋਸਟਿ , ਸੁਖਮਨੀ ਆਦਿ ਸਾਰੀਆਂ ਦਾ ਪ੍ਰਬੰਧ ਪਦਿਆਂ ਵਿਚ ਹੈ। ਗੁਰੂ ਗ੍ਰੰਥ ਸਾਹਿਬ ਦੇ ਪਦੇ ਲੰਬਾਈ ਵਿਚ ਭਿੰਨ ਭਿੰਨ ਹਨ; ਇਹ ਇਕ ਪੰਗਤੀ ਦੀ ਰਚਨਾ ਤੋਂ ਲੈ ਕੇ ਅੱਠ ਪੰਗਤੀਆਂ ਤਕ ਦੀਆਂ ਰਚਨਾਵਾਂ ਹਨ। ਪਦਿਆਂ ਵਿਚ ਪੰਗਤੀਆਂ ਨੂੰ, ਭਾਵੇਂ ਇਹ ਕਿਸੇ ਛੰਦ ਵਿਸ਼ੇਸ ਦੇ ਅੰਤਰਗਤ ਨਾ ਵੀ ਹੋਣ, ਮਾਤਰਾਵਾਂ ਦੀ ਭਾਰਤੀ ਪੱਧਤੀ ਨਾਲ ਮਿਣਿਆ ਜਾ ਸਕਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬਾਣੀਆਂ ਵਿਚ ਮੁੱਖ ਤੌਰ ਤੇ ‘ਗਣਾਂ` ਵਾਲੇ ਵਾਰਣਿਕ ਛੰਦਾਂ ਦਾ ਪ੍ਰਯੋਗ ਨਹੀਂ ਕੀਤਾ ਗਿਆ ਹੈ। ਪੰਗਤੀ ਦੀ ਲੰਬਾਈ ਜਾਂ ਪੰਗਤੀ ਦੇ ਚਰਣ ਇਸ ਵਿਚ ਵੱਖਰੇ ਵੱਖਰੇ ਪ੍ਰਕਾਰਾਂ ਦੇ ਹਨ ਅਤੇ ਉਹਨਾਂ ਦੇ ਅਨੁਸਾਰ ਹੀ ਉਚਾਰਨ ਵਿਚ ਵਿਸਰਾਮ ਲੈਣਾ ਪੈਂਦਾ ਹੈ। ਤੁਕਾਂਤ ਇਸ ਵਿਚ ਅਵੱਸ਼ਕ ਰੂਪ ਵਿਚ ਹੁੰਦਾ ਹੈ। ਅਨੁਪ੍ਰਾਸ ਅਤੇ ਅੰਦਰੂਨੀ ਤੁਕਾਂਤ ਆਮ ਤੌਰ ਤੇ ਵਰਤੇ ਜਾਂਦੇ ਸਨ।

    ਲੋਕ ਪਰੰਪਰਾ ਦੇ ਸਾਂਚੇ ਵਿਚ ਉਚਾਰਨ ਕੀਤੀਆਂ ਹੋਈਆਂ ਗੁਰੂ ਗ੍ਰੰਥ ਸਾਹਿਬ ਦੀਆਂ ਵਿਸ਼ੇਸ਼ ਬਾਣੀਆਂ ਵਿਚ ਉਹਨਾਂ ਦੇ ਖਾਸ ਭਾਵਨਾਤਮਿਕ ਸਰੂਪ ਦਾ ਉਹਨਾਂ ਦੇ ਸਿਰਲੇਖਾਂ ਵਿਚੋਂ ਹੀ ਪਤਾ ਲਗਦਾ ਹੈ ਜਿਹੜੇ ਨਾਲ ਹੀ ਨਾਲ ਰਾਗ ਅਤੇ ‘ਘਰ` ਦਾ ਵੀ ਸੰਕੇਤ ਦਿੰਦੇ ਹਨ। ਸਿਰਲੇਖਾਂ ਵਿਚ ਅਜਿਹੇ ਵਿਸ਼ੇਸ ਵਰਨਨ ਹੇਠ ਲਿਖੇ ਅਨੁਸਾਰ ਹਨ:

1.   ਆਰਤੀ , ਅੰਜਲੀ, ਸੋਹਿਲਾ , ਸਵਯਾ, ਜਪੁ, ਥਿੱਤੀਂ , ਪੱਟੀ , ਫੁਨਹੇ, ਬਾਵਨ ਅਖਰੀ ਅਤੇ ਬਾਰਾਮਾਹਾ ਅਜਿਹੇ ਸਿਰਲੇਖ ਹਨ ਜਿਹੜੇ ਬਾਣੀ ਦੇ ਬਾਹਰੀ ਆਕਾਰ ਵੱਲ ਇਸ਼ਾਰਾ ਕਰਦੇ ਹਨ; ਪੱਟੀ, ਬਾਵਨ ਅਖਰੀ ਅਤੇ ਓਅੰਕਾਰ ਅਜਿਹੀਆਂ ਬਾਣੀਆਂ ਹਨ ਜਿਨ੍ਹਾਂ ਦੇ ਪਦੇ ਵਰਣਮਾਲਾ ਦੇ ਪਹਿਲੇ ਅੱਖਰ ਨਾਲ ਅਰੰਭ ਹੁੰਦੇ ਹਨ ਅਤੇ ਧਾਰਮਿਕ ਦਾਰਸ਼ਨਿਕ ਮੁਦਿਆਂ ਅਤੇ ਸਿਧਾਂਤਾਂ ਦੀ ਵਿਆਖਿਆ ਕਰਦੇ ਹਨ; ਥਿੱਤੀਂ ਅਤੇ ਬਾਰਾਮਾਹਾ ਕ੍ਰਮਵਾਰ ਚੰਦਰਮਾ ਦੇ ਦਿਨਾਂ ਦੇ ਹਿਸਾਬ ਨਾਲ ਅਤੇ ਬਾਰਾਂ ਸੂਰਜੀ ਮਹੀਨਿਆਂ ਦੇ ਹਿਸਾਬ ਨਾਲ ਉਚਾਰਨ ਕੀਤੀਆਂ ਹੋਈਆਂ ਬਾਣੀਆਂ ਹਨ; ਸਵੱਯਿਆਂ ਵਿਚ ਗੁਰੂ ਸਾਹਿਬਾਨ ਅਤੇ ਗੁਰੂ ਪਦ ਦੀ ਉਸਤਤ ਕੀਤੀ ਗਈ ਹੈ।

2.   ਅਲਾਹਣੀਆਂ , ਸੱਦ, ਕਰਹਲੇ , ਗਾਥਾ, ਘੋੜੀਆਂ , ਛੰਤ, ਡਖਣੇ, ਵਾਰ, ਰੁੱਤੀਂ ਅਤੇ ਵਾਰ ਸਤ (ਹਫਤੇ ਦੇ ਦਿਨ) ਅਜਿਹੀਆਂ ਬਾਣੀਆਂ ਹਨ ਜਿਹੜੀਆਂ ਪੰਜਾਬ ਦੇ ਲੋਕ-ਕਾਵਿ ਦੇ ਰੂਪ ਕਾਰ ਵਾਲੀਆਂ ਹਨ।

    ਦੇਸ ਦੇ ਜਨਜੀਵਨ ਵਿਚ ਮੌਤ ਦੇ ਸੋਗ ਵਜੋਂ ਅਲਾਹਣੀਆਂ ਦਾ ਗਾਇਨ ਕੀਤਾ ਜਾਂਦਾ ਹੈ, ਘੋੜੀਆਂ ਨੂੰ ਵਿਆਹ ਦਾ ਉਤਸਵ ਮਨਾਉਂਦੇ ਸਮੇਂ ਗਾਇਆ ਜਾਂਦਾ ਹੈ; ਇਸੇ ਤਰ੍ਹਾਂ ਹੀ ਵਿਆਹ ਦੇ ਅਵਸਰ ਤੇ ਛੰਤਾਂ ਦਾ ਉਚਾਰਨ ਕੀਤਾ ਜਾਂਦਾ ਹੈ; ਸੱਦ (ਸੱਦਾ) ਸੋਗ ਦੇ ਪ੍ਰਗਟਾਵੇ ਵਾਲੀ ਇਕ ਬਾਣੀ ਹੈ, ਪਹਰੇ ਦਿਨ ਜਾਂ ਰਾਤ ਦਾ ਚੌਥਾ ਹਿੱਸਾ ਹੈ, ਰੁੱਤੀਂ (ਮੌਸਮ), ਵਾਰ ਸਤ (ਹਫਤੇ ਦੇ ਸਤ ਦਿਨ), ਦਿਨ-ਰੈਣ (ਦਿਨ ਅਤੇ ਰਾਤ) ਅਜਿਹੀਆਂ ਰਚਨਾਵਾਂ ਹਨ ਜਿਹੜੀਆਂ ਸਮੇਂ ਦੇ ਮਹੱਤਵ ਨੂੰ ਦਰਸਾਉਂਦੀਆਂ ਹੋਈਆਂ ਸੰਕੇਤ ਕਰਦੀਆਂ ਹਨ ਕਿ ਸਮੇਂ ਨੂੰ ਪਰਮਾਤਮਾ ਦੇ ਸਿਮਰਨ ਵਿਚ ਬਤੀਤ ਕੀਤਾ ਜਾਣਾ ਚਾਹੀਦਾ ਹੈ।

    ਵਰਗ (1) ਅਤੇ (2) ਦੇ ਸਾਰੇ ਉੱਪਰ ਲਿਖੇ ਸਿਰਲੇਖ ਪਦਿਆਂ ਵਿਚ ਬਾਣੀਆਂ ਹਨ; ਇਹ ਰੂਪ ਗੁਰੂ ਸਾਹਿਬਾਨ ਦੀ ਕਾਢ ਨਹੀਂ ਹਨ।

    ਵੈਦਿਕ ਪਦੇ ਵੱਖਰੇ-ਵੱਖਰੇ ਮੰਤਰਾਂ ਦੀ ਗਿਣਤੀ ਵਾਲੇ ਪਦੇ ਹਨ; ਬਾਅਦ ਵਿਚ ਭਗਤੀ ਅੰਦੋਲਨ ਦੇ ਉਭਾਰ ਨਾਲ ਵਿਸ਼ਨੂੰ ਦੀ ਉਸਤਤ ਵਿਚ ਉਚਾਰੇ ਪਦਿਆਂ ਨੂੰ ਵਿਸ਼ਨੂੰਪਦੇ ਕਿਹਾ ਜਾਂਦਾ ਸੀ ਜਿਹੜੇ ਕਿ ਭਾਰਤੀ ਭਾਸ਼ਾਵਾਂ ਵਿਚ ਆਮ ਤੌਰ ਤੇ ਵਰਤੇ ਜਾਂਦੇ ਸਨ। ਬਾਵਨ ਅੱਖਰੀ, ਪੱਟੀ ਆਦਿ ਰੂਪ ਵੀ ਪਰੰਪਰਿਕ ਰੂਪ ਹਨ; ਬਾਰਾਮਾਹਾ ਇਕ ਅਜਿਹਾ ਕਾਵਿ-ਰੂਪ ਸੀ ਜਿਸ ਵਿਚ ਬਿਰਹੋਂ ਦੀ ਪੀੜਾ ਦਾ ਕਈ ਭਾਰਤੀ ਭਾਸ਼ਾਵਾਂ ਵਿਚ ਗਾਇਨ ਕੀਤਾ ਗਿਆ ਹੈ ਅਤੇ ਅਜਿਹਾ ਸੰਸਕ੍ਰਿਤ ਵਿਚ ਵੀ ਹੈ। ਰਿਤੂਆਂ ਉੱਤੇ ਕਾਲੀਦਾਸ ਨੇ ਵੀ ਇਕ ਰਚਨਾ ਲਿਖੀ ਹੈ: ਵੱਖਰੇ ਵੱਖਰੇ ਨਾਵਾਂ ਹੇਠ ਅਲਾਹਣੀਆਂ, ਸੱਦ ਅਤੇ ਘੋੜੀਆਂ ਦੇ ਭਾਵਅਰਥ ਵਾਲੀਆਂ ਰਚਨਾਵਾਂ ਸਾਰੇ ਹੀ ਭਾਰਤੀ ਮੱਧਯੁਗੀ ਸਾਹਿਤ ਵਿਚ ਲਿਖੀਆਂ ਅਤੇ ਗਾਈਆਂ ਗਈਆਂ ਹਨ। ਹਿੰਦੀ ਅਤੇ ਸੰਸਕ੍ਰਿਤ ਸਾਹਿਤ ਵਿਚ ਸ਼ਲੋਕ ਦਾ ਰੂਪ ਬਹੁਤ ਹੀ ਪ੍ਰਚਲਿਤ ਰੂਪ ਹੈ। ਸ਼ਲੋਕ ਦੋ ਪੰਗਤੀਆਂ ਦਾ ਪਦਾ ਹੈ ਜਿਸ ਵਿਚ ਗੰਭੀਰ , ਦਾਰਸ਼ਨਿਕ ਸਿਧਾਂਤ ਦੀ ਗੱਲ ਕੀਤੀ ਹੁੰਦੀ ਹੈ। ਇਸ ਲਈ ਪਦੇ ਅਤੇ ਸਲੋਕ (ਸ਼ਲੋਕ) ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਪ੍ਰਮੁੱਖ ਕਾਵਿ-ਰੂਪ ਹਨ ਉਹ ਪੂਰਬਵਰਤੀ ਭਾਰਤੀ ਧਾਰਮਿਕ ਸਾਹਿਤ ਵਿਚੋਂ ਹੀ ਇਥੇ ਆਏ ਹਨ।

    ਗੁਰੂ ਗ੍ਰੰਥ ਸਾਹਿਬ ਦੇ ਕੁਝ ਕਾਵਿ ਰੂਪਾਂ ਦਾ ਸੰਖੇਪ ਵਰਨਨ ਹੇਠ ਲਿਖੇ ਅਨੁਸਾਰ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕੁੱਲ ਰਾਗ 31 ਹਨ ਅਤੇ ਇਹਨਾਂ ਨੂੰ ਇਕ ਨਿਸ਼ਚਿਤ ਕ੍ਰਮ ਵਿਚ ਰਖਿਆ ਗਿਆ ਹੈ। ਪਹਿਲਾਂ ਪਦੇ ਆਉਂਦੇ ਹਨ ਅਤੇ ਬਾਅਦ ਵਿਚ ਅਸ਼ਟਪਦੀਆਂ। ਇਹਨਾਂ ਤੋਂ ਬਾਅਦ ਛੰਤ ਅਤੇ ਵਾਰਾਂ ਹਨ ਅਤੇ ਸਭ ਤੋਂ ਅੰਤ ਵਿਚ ਭਗਤਾਂ ਦੀਆਂ ਬਾਣੀਆਂ ਹਨ।

ਅਸ਼ਟਪਦੀਆਂ :     ਅੱਠ ਪੰਗਤੀਆਂ ਵਾਲੀਆਂ ਰਚਨਾਵਾਂ ਹਨ। ਗੁਰੂ ਗ੍ਰੰਥ ਸਾਹਿਬ ਦੀਆਂ ਬਾਣੀਆਂ ਜਿਨ੍ਹਾਂ ਦੀਆਂ ਅੱਠ ਪੰਗਤੀਆਂ ਹਨ ਉਹਨਾਂ ਵਿਚ ਰਹਾਉ ਦੀ ਵੀ ਇਕ ਪੰਗਤੀ ਹੈ। ਇਹ ਆਮ ਤੌਰ ਤੇ ਪਰਵਾਨਿਤ ਰੂਪ ਹੈ ਪਰੰਤੂ ਅਸ਼ਟਪਦੀਆਂ ਵਿਚ ਪੰਗਤੀਆਂ ਦੀ ਗਿਣਤੀ ਵੱਧ ਘਟ ਵੀ ਹੈ। ਅਸ਼ਟਪਦੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵੱਖ ਵੱਖ ਸਾਰੇ ਰਾਗਾਂ ਵਿਚ ਦਰਜ ਹਨ। ਸਾਰੇ ਪਾਠ ਵਿਚ ਇਹਨਾਂ ਦੀ ਕੁੱਲ ਗਿਣਤੀ 305 ਕੀਤੀ ਗਈ ਹੈ।

ਚਉਪਦਾ : ਚਾਰ ਪਦਿਆਂ ਵਾਲੀ ਬਾਣੀ ਹੈ ਜਿਸ ਵਿਚ ਇਹਨਾਂ ਦੇ ਨਾਲ ਇਕ ਰਹਾਉ ਦੀ ਪੰਗਤੀ ਵੀ ਹੈ। ਬੈਰਾੜੀ, ਤੁਖਾਰੀ, ਕਲਿਆਣ ਅਤੇ ਜੈਜਾਵੰਤੀ ਰਾਗਾਂ ਨੂੰ ਛਡ ਕੇ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਰੇ ਰਾਗਾਂ ਵਿਚ ਆਉਂਦੇ ਹਨ। ਗਉੜੀ ਰਾਗ ਵਿਚ ਇਹ 210 ਹਨ, ਆਸਾ ਵਿਚ 159 ਅਤੇ ਸੋਰਠਿ ਵਿਚ 81 ਹਨ।

ਛਕਾ: ਛੇ ਪੰਗਤੀਆਂ ਵਾਲੀ ਰਚਨਾ

ਛੇ ਪਦਾ: ਅਜਿਹੀ ਰਚਨਾ ਹੈ ਜਿਸ ਵਿਚ ਰਹਾਉ ਦੀਆਂ ਪੰਗਤੀਆਂ ਤੋਂ ਇਲਾਵਾ ਛੇ ਪਦੇ ਹੁੰਦੇ ਹਨ। ਇਹ ਸੰਖਿਆ ਵਿਚ ਥੋੜ੍ਹੇ ਹਨ ਅਤੇ ਗਉੜੀ, ਆਸਾ, ਵਡਹੰਸ, ਸੂਹੀ, ਰਾਮਕਲੀ, ਮਾਰੂ ਅਤੇ ਭੈਰਉ ਰਾਗਾਂ ਵਿਚ ਦਰਜ ਹਨ।

ਚਉਤੁਕਾ : ਚਾਰ ਪੰਗਤੀਆਂ ਵਾਲੇ ਪਦਿਆਂ ਦੀ ਬਾਣੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਈ ਰਾਗਾਂ ਵਿਚ ਇਹ ਥਾਂ ਥਾਂ ਤੇ ਦਰਜ ਹਨ।

ਡਖਣਾ : ਲਹਿੰਦੀ ਬੋਲੀ ਦਾ ਅਜਿਹਾ ਸਲੋਕ ਹੈ ਜੋ ਪਛਮੀ ਪੰਜਾਬੀ ਵਿਚ ਗੁਰੂ ਅਰਜਨ ਦੇਵ ਜੀ ਦੀ ਬਾਣੀ ਵਿਚ ਆਮ ਤੌਰ ਤੇ ਵਰਤਿਆ ਗਿਆ ਹੈ।

ਦੁਪਦਾ :  ਅਜਿਹੀ ਰਚਨਾ ਜਿਸ ਵਿਚ ਰਹਾਉ ਦੀਆਂ ਪੰਗਤੀਆਂ ਤੋਂ ਇਲਾਵਾ ਦੋ ਪਦੇ ਹਨ।

ਪੰਜ ਪਦਾ: ਉਹ ਰਚਨਾ ਹੈ ਜਿਸਦੇ ਪੰਜ ਪਦੇ ਰਹਾਉ ਦੀਆਂ ਪੰਗਤੀਆਂ ਤੋਂ ਇਲਾਵਾ ਹੁੰਦੇ ਹਨ।

ਪਉੜੀ : ਵਾਰਾਂ ਵਿਚ ਅਪਣਾਏ ਗਏ ਪਦੇ ਹਨ। ਵਾਰਾਂ ਵਿਚ ਆਮ ਤੌਰ ਤੇ ਹਰ ਇਕ ਪਉੜੀ ਵਿਚ 6 ਤੋਂ 8 ਤਕ ਪੰਗਤੀਆਂ ਹੁੰਦੀਆਂ ਹਨ। ਜਪੁਜੀ ਦੇ ਪਦਿਆਂ ਨੂੰ ਵੀ ਪਰੰਪਰਿਕ ਤੌਰ ਤੇ ਪਉੜੀਆਂ ਕਿਹਾ ਜਾਂਦਾ ਹੈ।

ਸ਼ਬਦ :   ਪਰਮਾਤਮਾ ਦੀ ਅਵਾਜ਼ ਅਤੇ ਉਸ ਦੇ ਪ੍ਰਗਟਾਵੇ ਵਜੋਂ ਜਾਣਿਆ ਜਾਂਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਭ ਪ੍ਰਕਾਰ ਦੀਆਂ ਰਚਨਾਵਾਂ ਅਰਥਾਤ ਪਦੇ, ਅਸ਼ਟਪਦੀਆਂ ਅਤੇ ਛੰਦਾਂ ਨੂੰ ਸ਼ਬਦ(ਸਬਦ) ਕਿਹਾ ਜਾਂਦਾ ਹੈ।

ਸਲੋਕ : ਵੱਖਰੇ ਵੱਖਰੇ ਛੰਦ ਪ੍ਰਬੰਧਾਂ ਹੇਠ ਵਰਤੇ ਗਏ ਦੋ ਪੰਗਤੀਆਂ ਵਾਲੇ ਪਦੇ ਨੂੰ ਕਿਹਾ ਜਾਂਦਾ ਹੈ। ਭਾਵੇਂ ਸ਼ਲੋਕ ਵਿਚ ਕਿਸੇ ਨਵੇਂ ਚਿੰਤਨ ਦਾ ਪ੍ਰਗਟਾਵਾ ਨਹੀਂ ਹੁੰਦਾ ਪਰੰਤੂ ਇਹ ਇਕ ਵੀਚਾਰ ਨੂੰ ਵੱਖਰੇ ਵੱਖਰੇ ਪੱਖਾਂ ਤੋਂ ਵਿਸ਼ਾਲਤਾ ਦਿੰਦਾ ਹੈ ਅਤੇ ਰਚਨਾ ਦੀ ਤਾਜ਼ਗੀ ਅਤੇ ਸੁਤੰਤਰਤਾ ਨੂੰ ਕਾਇਮ ਰਖਦਾ ਹੈ।

ਸੋਲਹਾ :  ਸੋਲ੍ਹਾਂ ਪਦਿਆਂ ਦੀ ਰਚਨਾ ਹੈ। ਇਕੱਲੇ ਰਾਗ ਮਾਰੂ ਵਿਚ 62 ਸੋਲਹੇ-22 ਗੁਰੂ ਨਾਨਕ ਦੇਵ ਜੀ ਦੇ, 24 ਗੁਰੂ ਅਮਰਦਾਸ, 2 ਗੁਰੂ ਰਾਮਦਾਸ ਅਤੇ 14 ਗੁਰੂ ਅਰਜਨ ਦੇਵ ਜੀ ਦੇ ਹਨ।

ਤਿਪਦਾ : ਤਿੰਨ ਪਦਿਆਂ ਦੀ ਰਚਨਾ ਨੂੰ ਕਿਹਾ ਜਾਂਦਾ ਹੈ।

ਤੁਕ : ਕਿਸੇ ਸਿਰਲੇਖ ਜਾਂ ਉਪ-ਸਿਰਲੇਖ ਦੇ ਤੌਰ ਤੇ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਨਹੀਂ ਹੈ। ਬਾਣੀ ਦੀ ਹਰ ਪੰਗਤੀ ਨੂੰ ਤੁਕ ਕਿਹਾ ਜਾਂਦਾ ਹੈ ਅਤੇ ਇਸਨੂੰ ਸੰਸਕ੍ਰਿਤ ਦੇ ਸੂਤ੍ਰ ਵਜੋਂ ਵੀ ਜਾਣਿਆ ਜਾਂਦਾ ਹੈ।

ਵਾਰ : ਪੰਜਾਬ ਵਰਨਨਾਤਮਿਕ ਕਾਵਿ ਦਾ ਇਕ ਪੁਰਾਣਾ ਰੂਪ ਜਿਸ ਵਿਚ ਬਹਾਦਰੀ ਦੇ ਕਾਰਨਾਮਿਆਂ ਨੂੰ ਨਿਖਾਰ ਕੇ ਪੇਸ਼ ਕੀਤਾ ਜਾਂਦਾ ਹੈ। ਮਨੋਵਿਗਿਆਨਿਕ ਪੱਧਰ ਤੇ ਇਹ ਮਨੁੱਖੀ ਮਨ ਅੰਦਰ ਚੰਗਿਆਈ ਅਤੇ ਬੁਰਾਈ ਦਾ ਸੰਘਰਸ਼ ਹੈ।


ਲੇਖਕ : ਤ.ਸ. ਅਤੇ ਅਨੁ. ਅ.ਜ.ਕ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 40670, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਸ੍ਰੀ ਗੁਰੂ ਗ੍ਰੰਥ ਸਾਹਿਬ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ

(ਸ੍ਰੀ) ਗੁਰੂ ਗ੍ਰੰਥ ਸਾਹਿਬ : ਸ੍ਰੀ ਗੁਰੂ ਗ੍ਰੰਥ ਸਾਹਿਬ, ਪਹਿਲਾ ਨਾਂ ਪੋਥੀ ਸਾਹਿਬ ਅਤੇ ਆਦਿ ਗ੍ਰੰਥ, ਸਿੱਖ ਕੌਮ ਦਾ ਇੱਕ ਧਾਰਮਿਕ ਗ੍ਰੰਥ ਹੈ ਜਿਸ ਨੂੰ ਸਿੱਖ ਪਰੰਪਰਾ ਵਿੱਚ ਇੱਕ ਜਿਊਂਦੇ ਜਾਗਦੇ ਗੁਰੂ ਦਾ ਰੁਤਬਾ ਹਾਸਲ ਹੈ। ਇਸ ਦਾ ਸੰਕਲਨ ਅਤੇ ਸੰਪਾਦਨ ਕਾਰਜ 1604 ਈ. ਵਿੱਚ ਗੁਰੂ ਅਰਜਨ ਦੇਵ ਜੀ ਨੇ ਪੂਰਾ ਕੀਤਾ। ਇਹ ਗ੍ਰੰਥ ਗੁਰੂ ਅਰਜਨ ਦੇਵ ਜੀ ਦੀ ਨਿਗਰਾਨੀ ਹੇਠ ਅੰਮ੍ਰਿਤਸਰ ਵਿਖੇ ਭਾਈ ਗੁਰਦਾਸ ਜੀ ਦੇ ਹੱਥੀਂ ਲਿਖਿਆ ਗਿਆ। ਲਿਖਣ ਦਾ ਕਾਰਜ ਭਾਦੋਂ ਵਦੀ ਏਕਮ 1661 ਬਿਕਰਮੀ (1 ਅਗਸਤ 1604) ਨੂੰ ਸੰਪੰਨ ਹੋਇਆ। ਉਪਰੰਤ ਛੇਤੀ ਹੀ ਇਸ ਦਾ ਹਰਿਮੰਦਰ ਸਾਹਿਬ ਦੀ ਨਵੀਂ ਬਣੀ ਇਮਾਰਤ ਵਿੱਚ ਪਹਿਲੀ ਵਾਰ ਪ੍ਰਕਾਸ਼ ਕੀਤਾ ਗਿਆ। ਬਾਬਾ ਬੁੱਢਾ ਜੀ ਨੂੰ ਉਸ ਸਮੇਂ ਪਹਿਲਾ ਗ੍ਰੰਥੀ ਨਿਯੁਕਤ ਕੀਤਾ ਗਿਆ।

ਆਦਿ ਗ੍ਰੰਥ ਦੀ ਸੰਪਾਦਨਾ ਸਮੇਂ ਇਸ ਵਿੱਚ ਪਹਿਲੇ ਪੰਜ ਗੁਰੂ ਸਾਹਿਬਾਨ ਅਤੇ ਕੁਝ ਹੋਰ ਸੰਤਾਂ ਭਗਤਾਂ ਦੀ ਬਾਣੀ ਸ਼ਾਮਲ ਸੀ। ਇਹਨਾਂ ਮਹਾਤਮਾਵਾਂ ਵਿੱਚ 12ਵੀਂ ਤੋਂ 17ਵੀਂ ਸਦੀ ਤੱਕ ਦੇ ਕਈ ਭਗਤ ਜਨ ਸ਼ਾਮਲ ਹਨ ਜਿਨ੍ਹਾਂ ਦੇ ਨਾਂ ਹਨ-ਕਬੀਰ, ਨਾਮਦੇਵ, ਰਵਿਦਾਸ, ਰਾਮਾਨੰਦ, ਜੈਦੇਵ, ਤ੍ਰਿਲੋਚਨ, ਧੰਨਾ, ਸੈਣ, ਪੀਪਾ, ਭੀਖਨ, ਸਧਨਾ, ਪਰਮਾਨੰਦ, ਸੂਰਦਾਸ, ਬੇਣੀ ਅਤੇ ਸੂਫ਼ੀ ਸੰਤ ਸ਼ੇਖ ਫ਼ਰੀਦ। ਗੁਰੂ ਨਾਨਕ ਜੀ ਦੇ ਸਮਕਾਲੀਨ ਭਾਈ ਮਰਦਾਨਾ, ਗੁਰੂ ਅਮਰਦਾਸ ਜੀ ਦੇ ਵੰਸ਼ ਵਿੱਚੋਂ ਬਾਬਾ ਸੁੰਦਰ ਅਤੇ ਕੁਝ ਭੱਟਾਂ ਦੀ ਬਾਣੀ ਵੀ ਸ਼ਾਮਲ ਹੈ। ਪਰੰਪਰਾ ਅਨੁਸਾਰ ਮੰਨਿਆ ਜਾਂਦਾ ਹੈ ਕਿ ਗੁਰੂ ਨਾਨਕ ਨੇ ਆਪਣੀ ਬਾਣੀ ਇੱਕ ਪੋਥੀ ਵਿੱਚ ਲਿਖੀ। ਉਸ ਵਿੱਚ ਕੁਝ ਸੰਤਾਂ ਅਤੇ ਭਗਤਾਂ ਦੀ ਬਾਣੀ ਵੀ ਸ਼ਾਮਲ ਕੀਤੀ। ਆਪਣਾ ਜਾਨਸ਼ੀਨ ਥਾਪਦੇ ਸਮੇਂ ਉਹਨਾਂ ਨੇ ਇਹ ਪੋਥੀ ਵੀ ਉਸ ਦੇ ਹਵਾਲੇ ਕਰ ਦਿੱਤੀ। ਆਉਣ ਵਾਲੇ ਗੁਰੂ ਸਾਹਿਬਾਨ ਵੀ ਇਸੇ ਤਰ੍ਹਾਂ ਕਰਦੇ ਰਹੇ, ਇੰਞ ਗੁਰੂ ਅਰਜਨ ਦੇਵ ਜੀ ਦੇ ਸਮੇਂ ਤੱਕ ਉਹਨਾਂ ਪਾਸ ਪਹਿਲੇ ਚਾਰ ਗੁਰੂਆਂ ਅਤੇ ਹੋਰ ਸੰਤਾਂ ਭਗਤਾਂ ਦੀ ਬਾਣੀ ਲਿਖਤੀ ਰੂਪ ਵਿੱਚ ਪਹੁੰਚ ਚੁੱਕੀ ਸੀ। ਗੁਰੂ ਅਰਜਨ ਦੇਵ ਜੀ ਦੁਆਰਾ ਸੰਕਲਿਤ ਬੀੜ ਵਿੱਚ ਅੱਜ ਤੱਕ ਕੋਈ ਵਾਧਾ ਘਾਟਾ ਨਹੀਂ ਕੀਤਾ ਗਿਆ ਸਿਵਾਏ ਗੁਰੂ ਗੋਬਿੰਦ ਸਿੰਘ ਦੁਆਰਾ ਗੁਰੂ ਤੇਗ ਬਹਾਦਰ ਦੀ ਬਾਣੀ ਨੂੰ ਸ਼ਾਮਲ ਕੀਤੇ ਜਾਣ ਤੋਂ। ਗੁਰੂ ਗੋਬਿੰਦ ਸਿੰਘ ਨੇ ਆਪਣੇ ਜੋਤੀ ਜੋਤਿ ਸਮਾਉਣ ਤੋਂ ਕੁਝ ਸਮਾਂ ਪਹਿਲਾਂ ਦੇਹਧਾਰੀ ਗੁਰੂ ਦੀ ਪਰੰਪਰਾ ਨੂੰ ਖ਼ਤਮ ਕਰ ਦਿੱਤਾ ਅਤੇ ਆਦਿ ਗ੍ਰੰਥ  ਨੂੰ ਗੁਰੂ ਦਾ ਰੁਤਬਾ ਦੇ ਦਿੱਤਾ। ਉਸ ਉਪਰੰਤ ਆਦਿ ਗ੍ਰੰਥ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ  ਕਰਕੇ ਜਾਣਿਆ ਜਾਣ ਲੱਗਾ। ਇਹ ਬੀੜ ਅੱਜ-ਕੱਲ੍ਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਿਤ 1430 ਸਟੈਂਡਰਡ ਪੰਨਿਆਂ ਵਿੱਚ ਉਪਲਬਧ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਕੁੱਲ ਬਾਣੀ ਨੂੰ ਅਸੀਂ 33 ਹਿੱਸਿਆਂ ਵਿੱਚ ਵੰਡ ਸਕਦੇ ਹਾਂ। ਪਹਿਲੇ ਹਿੱਸੇ ਵਿੱਚ 1 ਤੋਂ 13 ਤੱਕ ਪੰਨੇ ਸ਼ਾਮਲ ਹਨ ਅਤੇ ਇਹ ਬਾਣੀ ਰਾਗ-ਬੱਧ ਨਹੀਂ ਹੈ। ਇਹ ਸਾਰੀ ਬਾਣੀ ਸਿੱਖਾਂ ਦੇ ਨਿਤਨੇਮ ਦਾ ਹਿੱਸਾ ਵੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ  ਦੇ ਅਰੰਭ ਵਿੱਚ ‘ਮੂਲਮੰਤਰ’ ਹੈ ਅਤੇ ਉਸ ਉਪਰੰਤ ਸਭ ਤੋਂ ਪਹਿਲੀ ਬਾਣੀ ਗੁਰੂ ਨਾਨਕ ਦੇਵ ਜੀ ਦੀ ‘ਜਪੁ’ (ਜੀ) ਹੈ ਇਸ ਬਾਣੀ ਨੂੰ ਸਮੁੱਚੇ ਗੁਰੂ ਗ੍ਰੰਥ ਦਾ ਸਾਰ ਵੀ ਕਿਹਾ ਜਾਂਦਾ ਹੈ, ਇਸ ਤੋਂ ਬਾਅਦ ਵਿੱਚ ਆਉਣ ਵਾਲੇ 31 ਭਾਗ ਵੱਖ-ਵੱਖ ਰਾਗਾਂ ਨੂੰ ਸਮਰਪਿਤ ਹਨ : ਹਰ ਰਾਗ ਵਿੱਚ ਸਭ ਤੋਂ ਪਹਿਲਾਂ ਪਹਿਲੇ ਸਿੱਖ ਗੁਰੂ (ਗੁਰੂ ਨਾਨਕ) ਦੀ ਬਾਣੀ ਆਉਂਦੀ ਹੈ ਅਤੇ ਉਸ ਤੋਂ ਬਾਅਦ ਵਿੱਚ ਤੀਜੇ, ਚੌਥੇ, ਪੰਜਵੇਂ ਅਤੇ ਨੌਵੇਂ ਗੁਰੂ ਸਾਹਿਬਾਨ ਦੀ ਬਾਣੀ ਤੋਂ ਬਾਅਦ ਵਿੱਚ ਭਗਤਾਂ ਦੀ ਬਾਣੀ ਅੰਕਿਤ ਹੈ। ਭਗਤ ਬਾਣੀ ਵਿੱਚ ਸਭ ਤੋਂ ਪਹਿਲਾਂ ਕਬੀਰ ਜੀ ਦੀ ਬਾਣੀ ਹੈ, ਫਿਰ ਨਾਮਦੇਵ, ਰਵਿਦਾਸ, ਰਾਮਾਨੰਦ, ਜੈਦੇਵ ਅਤੇ ਹੋਰ ਭਗਤਾਂ ਦੀ। ਸਾਰੇ ਗੁਰੂ ਸਾਹਿਬਾਨ ਦੀ ਬਾਣੀ ‘ਨਾਨਕ’ ਨਾਮ ਹੇਠ ਲਿਖੀ ਗਈ ਹੈ ਅਤੇ ਇਹ ਦਰਸਾਉਣ ਲਈ ਕਿ ਕਿਹੜੀ ਬਾਣੀ ਕਿਹੜੇ ਗੁਰੂ ਸਾਹਿਬ ਦੀ ਹੈ, ‘ਮਹਲਾ’ ਸ਼ਬਦ ਦਾ ਪ੍ਰਯੋਗ ਕੀਤਾ ਗਿਆ ਹੈ ਜਿਸ ਤਰ੍ਹਾਂ  ਕਿ ‘ਮਹਲਾ ੧’ ਤੋਂ ਭਾਵ ਹੈ ਪਹਿਲੇ ਗੁਰੂ ਅਤੇ ‘ਮਹਲਾ ੨’ ਤੋਂ ਭਾਵ ਹੈ ਦੂਜੇ ਗੁਰੂ ਦੀ ਬਾਣੀ। ਹਰ ਬਾਣੀਕਾਰ ਦੀ ਬਾਣੀ ਨੂੰ ਉਸ ਦੇ ਅੰਦਰਲੇ ਕਾਵਿ-ਰੂਪਾਂ ਅਨੁਸਾਰ ਰੱਖਿਆ ਗਿਆ ਹੈ। ਪਹਿਲਾਂ ਛੋਟੇ ਕਾਵਿ-ਰੂਪ ਹਨ ਅਤੇ ਫਿਰ ਲੰਮੀਆਂ ਬਾਣੀਆਂ। ਆਦਿ ਗ੍ਰੰਥ ਦੀ ਸੰਪਾਦਨਾ ਸਮੇਂ ਗੁਰੂ ਅਰਜਨ ਦੇਵ ਨੇ ਕੁੱਲ 30 ਰਾਗਾਂ ਵਿੱਚ ਬਾਣੀ ਨੂੰ ਦਰਜ਼ ਕੀਤਾ। ਇਹ ਰਾਗ ਹਨ-ਸਿਰੀ, ਮਾਝ, ਗਉੜੀ, ਆਸਾ ਗੁਜਰੀ, ਦੇਵਗੰਧਾਰੀ, ਬਿਹਾਗੜਾ, ਵਡਹੰਸ, ਸੋਰਠਿ, ਧਨਾਸਰੀ, ਜੈਤਸਰੀ, ਟੋਡੀ, ਬੈਰਾੜੀ, ਤਿਲੰਗ, ਸੂਹੀ, ਬਿਲਾਵਲ, ਗੌਡ, ਰਾਮਕਲੀ, ਨਟਨਰਾਇਨ, ਮਾਲੀ ਗਉੜਾ, ਮਾਰੂ, ਤੁਖਾਰੀ, ਕੇਦਾਰਾ, ਭੈਰਉ, ਬਸੰਤ, ਸਾਰੰਗ, ਮਲਾਰ, ਕਾਨੜਾ, ਕਲਿਆਨ, ਅਤੇ ਪ੍ਰਭਾਤੀ। ਗੁਰੂ ਗੋਬਿੰਦ ਸਿੰਘ ਨੇ ਗੁਰੂ ਤੇਗ ਬਹਾਦਰ ਦੀ ਬਾਣੀ ਸ਼ਾਮਲ ਕਰਦੇ ਸਮੇਂ ਜੈਜਾਵੰਤੀ ਨਾਂ ਦਾ ਇੱਕ ਹੋਰ ਰਾਗ ਵਧਾ ਦਿੱਤਾ। ਇੰਞ ਰਾਗਾਂ ਦੀ ਗਿਣਤੀ ਵੱਧ ਕੇ 31 ਹੋ ਗਈ ਇਸ ਰਾਗ ਵਿੱਚ ਸਿਰਫ਼ ਗੁਰੂ ਤੇਗ ਬਹਾਦਰ ਦੀ ਬਾਣੀ ਸ਼ਾਮਲ ਹੈ।

ਗੁਰੂ ਗ੍ਰੰਥ ਸਾਹਿਬ ਦੇ ਤੀਸਰੇ ਭਾਗ ਪੰਨਾ 1350 ਤੋਂ 1430 ਵਿੱਚ ਭੱਟਾਂ ਦੇ ਸਵੱਈਏ, ਕਬੀਰ, ਫ਼ਰੀਦ ਅਤੇ ਗੁਰੂ ਸਾਹਿਬਾਨ ਦੇ ਵਾਰਾਂ ਤੇ ਵਧੀਕ ਸ਼ਲੋਕ, ਆਦਿ ਸ਼ਾਮਲ ਹਨ। ਅਖੀਰ ਵਿੱਚ ਮੁੰਦਾਵਣੀ ਦਿੱਤੀ ਹੋਈ ਹੈ ਜਿਸ ਦਾ ਅਰਥ ਇੱਕ ਅਜਿਹੀ ਮੋਹਰ ਤੋਂ ਹੈ ਜਿਸ ਤੋਂ ਬਾਅਦ ਵਿੱਚ ਹੋਰ ਬਾਣੀ ਸ਼ਾਮਲ ਨਹੀਂ ਹੋ ਸਕਦੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਕਾਸ਼ਿਤ ਬੀੜਾਂ ਵਿੱਚ ਮੁੰਦਾਵਣੀ ਤੋਂ ਬਾਅਦ ‘ਰਾਗ ਮਾਲਾ’ ਦਿੱਤੀ ਹੋਈ ਹੈ ਜਿਸ ਦੇ ਕ੍ਰਿਤ੍ਰਿਤਵ ਬਾਰੇ ਸ਼ੰਕਾ ਕੀਤੀ ਜਾਂਦੀ ਹੈ ਇਸੇ ਕਰਕੇ ਕਈ ਵਿਦਵਾਨ ‘ਰਾਗ ਮਾਲਾ’ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹਿੱਸਾ ਨਹੀਂ ਮੰਨਦੇ।

ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖ ਕੌਮ ਦੇ ਹਰ ਖੇਤਰ ਵਿੱਚ ਅਗਵਾਈ ਕਰਦਾ ਹੈ। ਹਰ ਸਿੱਖ ਕਿਸੇ ਨਿੱਜੀ ਕਾਰਜ ਨੂੰ ਅਰੰਭ ਕਰਨ ਸਮੇਂ, ਕਿਸੇ ਕਾਰਜ ਦੇ ਸਫਲਤਾਪੂਰਵਕ ਸੰਪੰਨ ਹੋਣ ਸਮੇਂ, ਨਿੱਜੀ ਜੀਵਨ ਵਿੱਚ ਅਤੇ ਸਮੂਹਿਕ ਰੂਪ ਵਿੱਚ ਵੀ ਹਰ ਬਿਪਤਾ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਓਟ ਤੱਕਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਦੈਵੀ ਸ਼ਬਦ ਨੇ ਨਿੱਜੀ ਅਤੇ ਸਮੂਹਿਕ ਜੀਵਨ ਵਿੱਚ ਸਿੱਖ ਨੂੰ ਸੇਧ ਦੇਣੀ ਹੈ। ਕੌਮ ਲਈ ਇਹ ਇੱਕ ਸੰਵਿਧਾਨ ਦੀ ਨਿਆਈ ਹੈ ਜਿਸ ਅਨੁਸਾਰ ਸਿੱਖ ਦਾ ਨਿੱਜੀ, ਪਰਵਾਰਿਕ ਅਤੇ ਸਮਾਜਿਕ ਜੀਵਨ ਚੱਲਦਾ ਹੈ ਬੇਸ਼ੱਕ ਇਹ ਗ੍ਰੰਥ ਦਰਸ਼ਨ ਦੀ ਇੱਕ ਪੁਸਤਕ ਵਾਂਗ ਇੱਕ ਖ਼ਾਸ ਕ੍ਰਮ ਵਿੱਚ ਅਧਿਆਤਮਿਕ ਸਿੱਖਿਆਵਾਂ ਨਹੀਂ ਦਿੰਦਾ ਪਰ ਵਿਭਿੰਨ ਕਾਵਿ ਰੂਪਾਂ ਵਿੱਚ ਪ੍ਰਗਟ ਕੀਤੇ ਗਏ ਇਲਹਾਮ ਤੋਂ ਅਸੀਂ ਕੁਝ ਅਧਿਆਤਮਿਕ ਅਤੇ ਸਮਾਜਿਕ ਸਿੱਖਿਆਵਾਂ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ।

ਸ੍ਰੀ ਗੁਰੂ ਗ੍ਰੰਥ ਸਾਹਿਬ ਅਨੁਸਾਰ ਪਰਮਾਤਮਾ ਇੱਕ ਹੈ, ਉਸ ਦਾ ਨਾਂ ਕੋਈ ਸਾਕ-ਸੰਬੰਧੀ ਹੈ ਅਤੇ ਨਾ ਸ਼ਰੀਕ। ਉਸ ਦੇ ਬਰਾਬਰ ਕੋਈ ਨਹੀਂ ਅਤੇ ਉਸ ਦੀ ਤਰ੍ਹਾਂ ਸਦੀਵੀ ਵੀ ਹੋਰ ਕੋਈ ਨਹੀਂ। ਇਹ ਪਰਮਾਤਮਾ ਨਿਰੰਕਾਰ ਵੀ ਹੈ ਅਤੇ ਸਾਕਾਰ ਵੀ ਹੈ, ਸਗੁਣ ਵੀ ਹੈ ਅਤੇ ਨਿਰਗੁਣ ਵੀ, ਇਸ ਬ੍ਰਹਿਮੰਡ ਦਾ ਰਚਨਹਾਰ ਵੀ ਹੈ ਅਤੇ ਇੱਥੋਂ ਦੇ ਹਰ ਜੀਵ ਅਤੇ ਵਸਤੂ ਵਿੱਚ ਵਿਆਪਕ ਵੀ। ਆਪਣੇ ਅਵਿਅਕਤ ਰੂਪ ਵਿੱਚ ਉਹ ਨਿਰੰਕਾਰ ਅਤੇ ਨਿਰਗੁਣ ਹੈ ਪਰੰਤੂ ਜਦੋਂ ਉਹ ਆਪਣੇ ਆਪ ਨੂੰ ਇਸ ਸੰਸਾਰ ਅੰਦਰ ਵਿਅਕਤ ਕਰਦਾ ਹੈ, ਤਾਂ ਉਸ ਦਾ ਰੂਪ ਸਾਕਾਰ ਅਤੇ ਸਗੁਣ ਹੋ ਜਾਂਦਾ ਹੈ। ਦੂਸਰੇ ਸ਼ਬਦਾਂ ਵਿੱਚ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਇਸ ਜਗਤ ਦੇ ਹਰ ਜੀਵ, ਹਰ ਵਸਤੂ ਅਤੇ ਹਰ ਥਾਂ ਅੰਦਰ ਪਰਮਾਤਮਾ ਤੱਤ ਰੂਪ ਵਿੱਚ ਮੌਜੂਦ ਹੈ। ਇਸ ਦਾ ਭਾਵ ਇਹ ਨਿਕਲਦਾ ਹੈ ਕਿ ਇਹ ਸੰਸਾਰ ਮਾਇਆ ਜਾਂ ਮਿੱਥਿਆਂ ਨਹੀਂ ਬਲਕਿ ਉਸ ਸੱਚੇ ਪਰਮਾਤਮਾ ਦੀ ਆਪਣੀ ਰਹਾਇਸ਼ਗਾਹ ਹੈ ਗੁਰੂ ਅੰਗਦ ਦੇਵ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਹੈ :

ਇਹੁ ਜਗੁ ਸਚੈ ਕੀ ਹੈ ਕੋਠੜੀ

ਸਚੇ ਕਾ ਵਿਚਿ ਵਾਸੁ॥

                                        (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 463) 

ਕਿਉਂਕਿ ਪਰਮਾਤਮਾ ਇਸ ਜਗਤ ਵਿੱਚ ਹੀ ਬਿਰਾਜਮਾਨ ਹੈ ਇਸ ਲਈ ਨਾ ਤਾਂ ਪਰਮਾਤਮਾ ਨੂੰ ਲੱਭਣ ਲਈ ਜੰਗਲਾਂ ਜਾਂ ਪਹਾੜਾਂ ਵਿੱਚ ਜਾਣ ਦੀ ਲੋੜ ਹੈ ਅਤੇ ਨਾ ਹੀ ਇਸ ਜਗਤ ਨੂੰ ਮਿੱਥਿਆ ਮੰਨ ਕੇ ਇਸ ਤੋਂ ਸੰਨਿਆਸ ਲੈਣਾ ਵਾਜਬ ਹੈ। ਸਿੱਖ ਧਰਮ ਅੰਦਰ ਸੰਨਿਆਸ ਦੀ ਬਜਾਏ ਗ੍ਰਹਿਸਥ ਜੀਵਨ ਨੂੰ ਤਰਜੀਹ ਦਿੱਤੀ ਗਈ ਹੈ ਅਤੇ ਗ੍ਰਹਿਸਥ ਜੀਵਨ ਨੂੰ ਅਧਿਆਤਮਿਕ ਪ੍ਰਾਪਤੀ ਦੇ ਰਾਹ ਵਿੱਚ ਰੁਕਾਵਟ ਨਹੀਂ ਮੰਨਿਆ ਗਿਆ। ਗੁਰਬਾਣੀ ਦਾ ਕਥਨ ਹੈ :

ਹਸੰਦਿਆ, ਖੇਲੰਦਿਆ, ਪੈਨੰਦਿਆ, ਖਾਵੰਦਿਆ ਵਿਚੇ ਹੋਵੈ ਮੁਕਤਿ॥

                                 (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 522)

ਸੰਨਿਆਸ ਦੇ ਮੁਕਾਬਲੇ ਗ੍ਰਹਿਸਥ ਜੀਵਨ ਉੱਪਰ ਜ਼ੋਰ ਦੇਣ ਤੋਂ ਭਾਵ ਸਮਾਜਿਕ ਜੀਵਨ ਅੰਦਰ ਨੈਤਿਕ ਕਦਰਾਂ-ਕੀਮਤਾਂ ਦੀ ਪੁਨਰ ਸਥਾਪਨਾ ਕਰਨਾ ਹੈ। ਭਾਈ ਗੁਰਦਾਸ ਨੇ ਵੀ ਕਿਹਾ ਹੈ ਕਿ ਜੇਕਰ ਸਿੱਖਾਂ ਵਰਗੇ ਸਿਆਣੇ ਅਤੇ ਪਹੁੰਚੇ ਹੋਏ ਵਿਅਕਤੀ ਵੀ ਸਮਾਜਿਕ ਜੀਵਨ ਤੋਂ ਦੂਰ ਜੰਗਲਾਂ ਵਿੱਚ ਜਾ ਬੈਠਣ ਤਾਂ ਇਸ ਸਮਾਜ ਦੇ ਜੀਵਨ ਅੰਦਰ ਲੋੜੀਂਦੀਆਂ ਕਦਰਾਂ-ਕੀਮਤਾਂ ਦਾ ਧਿਆਨ ਕੌਣ ਰੱਖੇਗਾ? ਦੂਸਰੇ ਸੰਨਿਆਸਵਾਦ ਦੇ ਹਿਮਾਇਤੀ ਇਸਤਰੀ ਨੂੰ ਅਧਿਆਤਮਿਕ ਪ੍ਰਗਤੀ ਦੇ ਰਾਹ ਵਿੱਚ ਰੁਕਾਵਟ ਮੰਨ ਕੇ ਉਸ ਦਾ ਤ੍ਰਿਸਕਾਰ ਕਰਦੇ ਸਨ। ਸਿੱਖ ਵਿਚਾਰਧਾਰਾ ਵਿੱਚ ਇਸਤਰੀ ਨੂੰ ਇਸ ਤਰ੍ਹਾਂ ਦੀ ਰੁਕਾਵਟ ਨਾ ਮੰਨ ਕੇ ਉਸ ਨੂੰ ਯੋਗ ਸਤਿਕਾਰ ਦਿੱਤਾ ਗਿਆ ਹੈ। ਹਰ ਜੀਵ ਅੰਦਰ ਪਰਮਾਤਮਾ ਦੀ ਤੱਤ ਰੂਪ ਵਿੱਚ ਮੌਜੂਦਗੀ ਦਾ ਵਿਚਾਰ ਸਿੱਖ ਸਮਾਜਿਕ ਵਿਚਾਰਾਧਾਰਾ ਦਾ ਆਧਾਰ ਹੈ। ਇਸ ਵਿਚਾਰ ਅਨੁਸਾਰ ਹਰ ਜੀਵ ਅੰਦਰਲੀ ਆਤਮਾ ਇੱਕ ਦੈਵੀ ਅੰਸ਼ ਹੈ, ਹਰ ਜੀਵ ਅੰਦਰ ਇਸ ਦੈਵੀ ਅੰਸ਼ ਦਾ ਮੌਜੂਦ ਹੋਣਾ ਮਨੁੱਖ ਦੀ ਪਰਮਾਤਮਾ ਨਾਲ ਆਤਮਿਕ ਸਾਂਝ ਅਤੇ ਮਾਨਵਤਾ ਨਾਲ ਨਸਲੀ ਸਮਾਨਤਾ ਦਾ ਲਖਾਇਕ ਹੈ। ਜੇ ਰਿਗਵੇਦ ਦੀ ‘ਪੁਰਸ਼ ਮੁਕਤ’ ਮੰਤਰ ਅਨੁਸਾਰ ਮਾਨਵਤਾ ਬ੍ਰਹਮਾ ਦੇ ਵਿਭਿੰਨ ਅੰਗਾਂ ਵਿੱਚੋਂ ਪੈਦਾ ਹੋਈ ਹੋਣ ਕਰਕੇ ਉਸ ਅੰਦਰ ਅਸਮਾਨਤਾ ਕੁਦਰਤੀ ਗੱਲ ਹੈ ਤਾਂ ਇਸ ਦੇ ਉਲਟ ਸਿੱਖ ਧਰਮ ਅਨੁਸਾਰ ਹਰ ਜੀਵ ਤੱਤ ਰੂਪ ਵਿੱਚ ਪਰਮਾਤਮਾ ਦਾ ਹੀ ਰੂਪ ਹੋਣ ਕਾਰਨ ਸਾਰੇ ਮਾਨਵ ਪਰਸਪਰ ਸਮਾਨ ਹਨ। ਪਰਸਪਰ ਸਮਾਨਤਾ ਦਾ ਇਹ ਸਿਧਾਂਤ ਆਪਸੀ ਪ੍ਰੇਮ, ਨਿਆਂ ਅਤੇ ਪਰਉਪਕਾਰ ਦਾ ਵੀ ਆਧਾਰ ਬਣ ਜਾਂਦਾ ਹੈ। ਸਿੱਖ ਧਰਮ ਜਾਤੀ-ਪ੍ਰਥਾ ਨੂੰ ਸ੍ਵੀਕਾਰ ਨਹੀਂ ਕਰਦਾ ਬਲਕਿ ਸਿੱਖ ਮਾਨਤਾ ਅਨੁਸਾਰ ਮਨੁੱਖ ਆਪਣੇ ਕਰਮਾਂ ਕਰਕੇ ਹੀ ਵੱਡਾ ਜਾਂ ਛੋਟਾ ਬਣਦਾ ਹੈ। ਇਸ ਲਈ ਮਨੁੱਖ ਨੂੰ ਆਪਣੇ ਸਮਾਜਿਕ ਵਿਹਾਰ ਦੌਰਾਨ ਸ਼ੁਭ ਕਰਮ ਕਰਨ ਦੀ ਪ੍ਰੇਰਨਾ ਦਿੱਤੀ ਗਈ ਹੈ। ਸ਼ੁੱਭ ਕਰਮਾਂ ਦੀ ਮਹੱਤਤਾ ਦਰਸਾਉਦਿਆਂ ਗੁਰੂ ਅਰਜਨ ਦੇਵ ਜੀ ਨੇ ਫ਼ਰਮਾਇਆ ਹੈ ਕਿ ‘ਦੁਨੀਆ ਦੇ ਸਾਰੇ ਧਰਮਾਂ ਵਿਚੋਂ ਸ੍ਰੇਸ਼ਠ ਧਰਮ ਉਹੀ ਹੈ ਜਿਸ ਅੰਦਰ ਰਹਿ ਕੇ ਨਾਮ ਸਿਮਰਨ ਅਤੇ ਨਿਰਮਲ ਕਰਮ ਕਰਨ ਉੱਪਰ ਜ਼ੋਰ ਦਿੱਤਾ ਗਿਆ ਹੋਵੇ।’

ਸ੍ਰੀ ਗੁਰੂ ਗ੍ਰੰਥ ਸਾਹਿਬ ਅਨੁਸਾਰ ਸਾਰੇ ਧਰਮ ਇੱਕੋ ਜਿਹੇ ਵਾਜਬ ਹਨ, ਸਾਰੇ ਧਰਮ-ਗ੍ਰੰਥ ਇੱਕੋ ਜਿਹੇ ਹੀ ਸੱਚੇ ਹਨ ਅਤੇ ਸਾਰੇ ਪੈਗ਼ੰਬਰ ਇੱਕੋ ਜਿਹੇ ਹੀ ਪਹੁੰਚੇ ਹੋਏ ਹਨ। ਕਬੀਰ ਜੀ ਇੱਕ ਥਾਂ ਲਿਖਦੇ ਹਨ ਕਿ ਵੇਦ ਅਤੇ ਕਤੇਬ ਦੋਹਾਂ ਵਿੱਚੋਂ ਕੋਈ ਵੀ ਝੂਠਾ ਨਹੀਂ, ਸਗੋਂ ਝੂਠਾ ਤਾਂ ਉਹ ਵਿਅਕਤੀ ਹੈ ਜਿਹੜਾ ਇਹਨਾਂ ਗ੍ਰੰਥਾਂ ਉੱਪਰ ਵਿਚਾਰ ਨਹੀਂ ਕਰਦਾ। ਇਸੇ ਤਰ੍ਹਾਂ ਵਿਭਿੰਨ ਪਰੰਪਰਾਵਾਂ ਦੇ ਮਹਾਤਮਾਵਾਂ ਦੀ ਬਾਣੀ ਨੂੰ ਆਪਣੇ ਧਰਮ ਗ੍ਰੰਥ ਵਿੱਚ ਦਰਜ਼ ਕਰਨਾ ਅਤੇ ਉਸ ਨੂੰ ਗੁਰੂ ਦਾ ਰੁਤਬਾ ਦੇਣਾ ਇਸ ਗੱਲ ਦਾ ਸਬੂਤ ਹੈ ਕਿ ਸਿੱਖ ਧਰਮ ਦੂਸਰੇ ਧਰਮਾਂ ਦਾ ਸਤਿਕਾਰ ਕਰਦਾ ਹੈ ਅਤੇ ਉਹਨਾਂ ਨਾਲ ਵਿਵਾਦ ਵਿੱਚ ਪੈਣ ਦੀ ਥਾਂ ਸੰਵਾਦ ਰਚਾਉਣ ਦੀ ਗੱਲ ਕਰਦਾ ਹੈ।


ਲੇਖਕ : ਧਰਮ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ , ਹੁਣ ਤੱਕ ਵੇਖਿਆ ਗਿਆ : 17830, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2019-03-26-12-47-37, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.