ਸ੍ਵਰ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਸ੍ਵਰ : ਭਾਸ਼ਾਈ ਧੁਨੀਆਂ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ-ਸ੍ਵਰ, ਵਿਅੰਜਨ ਅਤੇ ਅਰਧ ਸ੍ਵਰ/ ਵਿਅੰਜਨ। ਧੁਨੀਆਂ ਅਜਿਹੀਆਂ ਧੁਨੀਆਂ ਹੁੰਦੀਆਂ ਹਨ ਜਿਨ੍ਹਾਂ ਦੇ ਉਚਾਰਨ ਵੇਲੇ ਫੇਫੜਿਆਂ ਵਿੱਚੋਂ ਆਉਂਦੀ ਵਾਯੂਧਾਰਾ (ਹਵਾ) ਮੂੰਹ ਵਿੱਚ ਕਿਸੇ ਨਾ ਕਿਸੇ ਥਾਂ ਤੇ ਰੁਕ ਕੇ ਧੁਨੀਆਂ ਦਾ ਉਚਾਰਨ ਕਰਦੀ ਹੈ। ਇਹਨਾਂ ਧੁਨੀਆਂ ਨੂੰ ਵਿਅੰਜਨ ਕਿਹਾ ਜਾਂਦਾ ਹੈ। ਜਿਸ ਥਾਂ ਤੇ ਹਵਾ ਨੂੰ ਰੋਕ ਕੇ ਧੁਨੀਆਂ ਉਚਾਰੀਆਂ ਜਾਂਦੀਆਂ ਹਨ, ਉਸ ਜਗ੍ਹਾ ਨੂੰ ਉਚਾਰਨ ਸਥਾਨ ਕਿਹਾ ਜਾਂਦਾ ਹੈ। ਸ੍ਵਰ ਧੁਨੀਆਂ ਦੇ ਉਚਾਰਨ ਵੇਲੇ ਫੇਫੜਿਆਂ ਵਿੱਚੋਂ ਆਉਂਦੀ ਵਾਯੂਧਾਰਾ ਬੇਰੋਕ ਬਾਹਰ ਆ ਜਾਂਦੀ ਹੈ। ਅਰਧ ਸ੍ਵਰ/ ਵਿਅੰਜਨ ਧੁਨੀਆਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਦਾ ਉਚਾਰਨ ਸ੍ਵਰਾਂ ਵਰਗਾ ਹੁੰਦਾ ਹੈ ਪਰ ਭਾਸ਼ਾ ਵਿੱਚ ਇਹ ਧੁਨੀਆਂ ਵਿਅੰਜਨਾਂ ਵਾਂਗੂ ਵਰਤੀਆਂ ਜਾਂਦੀਆਂ ਹਨ।
ਪੰਜਾਬੀ ਭਾਸ਼ਾ ਵਿੱਚ ਦਸ ਸ੍ਵਰ ਹਨ-ਉ, ਊ, ਓ, ਅ, ਆ, ਔ, ਐ, ਇ, ਈ, ਏ। ਕਈ ਵਾਰ ਪੰਜਾਬੀ ਦੇ 10 ਸ੍ਵਰਾਂ ਨੂੰ ੳ ਅ ੲ ਨਾਲ ਰਲਗੱਡ ਕਰ ਕੇ ਸ੍ਵਰਾਂ ਦੀ ਗਿਣਤੀ ਤਿੰਨ ਦੱਸੀ ਜਾਂਦੀ ਹੈ। ਇਹ ਠੀਕ ਨਹੀਂ ਹੈ। ੳ ਅ ੲ ਸ੍ਵਰ ਵਾਹਕ ਹਨ, ਸ੍ਵਰ ਨਹੀਂ। ਇਹ ਅਜਿਹੇ ਚਿੰਨ੍ਹ ਹਨ ਜਿਨ੍ਹਾਂ ਨਾਲ ਪੰਜਾਬੀ ਦੇ ਦਸ ਸ੍ਵਰ ਅੰਕਿਤ ਕੀਤੇ ਜਾਂਦੇ ਹਨ :
ੳ — ਉ, ਊ ਓ
ਅ — ਅ, ਆ, ਐ, ਔ
ੲ — ਇ, ਈ, ਏ
ਇਹਨਾਂ ਸ੍ਵਰਾਂ ਨੂੰ ਅੱਗੋਂ ਦੀਰਘ ਅਤੇ ਲਘੂ ਸ੍ਵਰਾਂ ਵਿੱਚ ਵੰਡਿਆ ਜਾਂਦਾ ਹੈ। ਅ, ਉ, ਇ ਲਘੂ ਸ੍ਵਰ ਹਨ ਜਦੋਂ ਕਿ ਬਾਕੀ ਦੇ ਸੱਤ ਸ੍ਵਰ ਊ, ਓ, ਆ, ਐ, ਔ, ਈ, ਏ ਦੀਰਘ ਹਨ। ਲਘੂ ਅਤੇ ਦੀਰਘ ਸ੍ਵਰਾਂ ਦੀ ਵੰਡ ਉਚਾਰਨ ਦੇ ਸਮੇਂ ਦੇ ਆਧਾਰ ਤੇ ਕੀਤੀ ਜਾਂਦੀ ਹੈ, ਉ, ਅ, ਇ ਸ੍ਵਰਾਂ ਨੂੰ ਉਚਾਰਨ ਲਈ ਘੱਟ ਸਮਾਂ ਲੱਗਦਾ ਹੈ ਜਦੋਂ ਕਿ ਬਾਕੀ ਦੇ ਸੱਤ ਸ੍ਵਰਾਂ ਨੂੰ ਉਚਾਰਨ ਦਾ ਸਮਾਂ ਇਹਨਾਂ ਨਾਲੋਂ ਤਕਰੀਬਨ ਦੁਗਣਾ ਹੁੰਦਾ ਹੈ। ਇਸ ਤੋਂ ਇਲਾਵਾ ਪੰਜਾਬੀ ਦੇ ਸ੍ਵਰਾਂ ਨੂੰ ਹੇਠ ਲਿਖੇ ਤਿੰਨ ਆਧਾਰਾਂ ਤੇ ਵੰਡਿਆ ਜਾਂਦਾ ਹੈ :
1. ਜੀਭ ਦੀ ਸਥਿਤੀ,
2. ਜੀਭ ਦੀ ਉਚਾਈ,
3. ਬੁੱਲ੍ਹਾਂ ਦੀ ਸਥਿਤੀ।
1. ਜੀਭ ਦੀ ਸਥਿਤੀ : ਦੇ ਆਧਾਰ ਤੇ ਸ੍ਵਰਾਂ ਨੂੰ ਤਿੰਨ ਵਰਗਾਂ ਵਿੱਚ ਵੰਡਿਆ ਜਾਂਦਾ ਹੈ : ਅਗਲੇਰੇ, ਪਿਛਲੇਰੇ ਅਤੇ ਵਿਚਕਾਰਲੇ ਸ੍ਵਰ। ਈ, ਏ, ਐ ਅਗਲੇਰੇ ਸ੍ਵਰ ਹਨ, ਊ, ਔ, ਓ ਪਿਛਲੇਰੇ ਸ੍ਵਰ ਹਨ ਅਤੇ ਇ, ਅ, ਉ, ਆ ਵਿਚਕਾਰਲੇ ਸ੍ਵਰ।
2. ਜੀਭ ਦੀ ਉਚਾਈ : ਦੇ ਆਧਾਰ ਤੇ ਸ੍ਵਰਾਂ ਨੂੰ ਉੱਚੇ ਅਤੇ ਨੀਵੇਂ ਸ੍ਵਰਾਂ ਵਿੱਚ ਰੱਖਿਆ ਜਾਂਦਾ ਹੈ। ਉੱਚੇ ਅਤੇ ਨੀਵੇਂ ਸ੍ਵਰਾਂ ਦੇ ਵਿਚਕਾਰ ਅਰਧ ਉੱਚੇ ਅਤੇ ਅਰਧ ਨੀਵੇਂ ਸ੍ਵਰ ਆਉਂਦੇ ਹਨ;
ਉੱਚੇ ਸ੍ਵਰ : ਈ, ਊ
ਅਰਧ ਉੱਚੇ : ਇ, ਉ
ਅਰਧ ਨੀਵੇਂ : ਏ, ਅ, ਓ
ਨੀਵੇਂ : ਐ, ਆ, ਔ
3. ਬੁੱਲ੍ਹਾਂ ਦੀ ਸਥਿਤੀ : ਦੇ ਆਧਾਰ ਤੇ ਪੰਜਾਬੀ ਦੇ ਦਸ ਸ੍ਵਰਾਂ ਨੂੰ ਗੋਲਾਈਦਾਰ ਅਤੇ ਗੋਲਾਈ ਰਹਿਤ ਸ੍ਵਰਾਂ ਵਿੱਚ ਵੰਡਿਆ ਜਾਂਦਾ ਹੈ। ਉ, ਊ, ਓ, ਔ ਸ੍ਵਰ ਗੋਲਾਈਦਾਰ ਹਨ ਜਦੋਂ ਕਿ ਈ, ਏ, ਐ, ਇ, ਅ, ਆ ਸ੍ਵਰ ਗੋਲਾਈ ਰਹਿਤ ਹਨ। ਗੋਲਾਈਦਾਰ ਸ੍ਵਰਾਂ ਦੇ ਉਚਾਰਨ ਸਮੇਂ ਬੁੱਲ੍ਹਾਂ ਦੀ ਸ਼ਕਲ ਗੋਲਾਈਦਾਰ ਹੋ ਜਾਂਦੀ ਹੈ।
ਪੰਜਾਬੀ ਸ੍ਵਰਾਂ ਨੂੰ ਉਪਰੋਕਤ ਤੋਂ ਇਲਾਵਾ ਉਚਾਰਨ ਦਾਇਰੇ ਦੇ ਆਧਾਰ ਤੇ ਬਾਹਰਲੇ ਗੁੱਟ ਦੇ ਸ੍ਵਰਾਂ ਅਤੇ ਅੰਦਰਲੇ ਗੁੱਟ ਦੇ ਸ੍ਵਰਾਂ ਵਿੱਚ ਵੀ ਵੰਡਿਆ ਜਾਂਦਾ ਹੈ। ਲਘੂ ਸ੍ਵਰ/ਇ, ਅ, ਉ/ਅੰਦਰਲੇ ਗੁੱਟ ਦੇ ਸ੍ਵਰ ਹੁੰਦੇ ਹਨ ਜਦੋਂ ਕਿ ਦੀਰਘ ਸ੍ਵਰ/ਈ, ੲੈ, ਐ, ਆ, ਔ, ਉ, ਊ/ਬਾਹਰਲੇ ਗੁੱਟ ਦੇ ਸ੍ਵਰ ਹੁੰਦੇ ਹਨ।
ਲੇਖਕ : ਸੁਖਵਿੰਦਰ ਸਿੰਘ ਸੰਘਾ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 54926, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no
ਸ੍ਵਰ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸ੍ਵਰ. ਸੰ. स्वर्. ਸੰਗ੍ਯਾ—ਸ੍ਵਰਗ. ਆਕਾਸ਼। ੨ ਵਿ—ਉੱਤਮ. ਸ਼੍ਰੇ। ੩ ਸੰਗ੍ਯਾ—ਪ੍ਰਾਣ ਪਵਨ ਦਾ ਵਿਹਾਰ. ਸ੍ਵਾਸ ਦਾ ਅੰਦਰ ਬਾਹਰ ਆਉਣਾ ਜਾਣਾ। ੪ ਗਾਉਣ ਦੀ ਧੁਨਿ.1 ਰਾਗ ਦੇ ਮੂਲ ਰੂਪ ਸੱਤ ਸੁਰ. ੜਜ, ਰਿਭ, ਗਾਂਧਾਰ, ਮਧ੍ਯਮ, ਪੰਚਮ, ਧੈਵਤ ਅਤੇ ਨਿਦ.
ਰਾਗ ਦੇ ਆਚਾਰਯ ਦੇਵਤਾ ਅਤੇ ਰਿਖੀਆਂ ਨੇ ਮੋਰ ਦੀ ਆਵਾਜ ਤੋਂ ੜਜ, ਪਪੀਹੇ (ਚਾਤ੍ਰਕ) ਦੀ ਧੁਨਿ ਤੋਂ ਰਿਭ (ਕਈਆਂ ਨੇ ਗਊ ਦੇ ਰੰਭਣ ਦੀ ਆਵਾਜ਼ ਤੋਂ ਰਿਭ ਮੰਨਿਆ ਹੈ), ਬਕਰੀ ਅਤੇ ਭੇਡ ਦੀ ਆਵਾਜ਼ ਤੋਂ ਗਾਂਧਾਰ, ਕੂੰਜ ਦੀ ਧੁਨਿ ਤੋਂ ਮਧ੍ਯਮ, ਕੋਇਲ (ਕੋਕਿਲਾ) ਤੋਂ ਪੰਚਮ, ਡੱਡੂ (ਅਥਵਾ ਘੋੜੇ) ਦੀ ਧੁਨਿ ਤੋਂ ਧੈਵਤ ਅਤੇ ਹਾਥੀ ਦੀ ਚਿੰਘਾਰ ਤੋਂ ਨਿਦ ਸੁਰ ਕਲਪਿਆ ਹੈ.2
ਇਹ ਸੱਤ ਸ਼ੁੱਧ ਸ੍ਵਰ1 ਜੇਹੇ ਕਿ ਬਿਲਾਵਲ ਠਾਟ ਦੇ ਹਨ, ਅਤੇ ਚਾਰ ਕੋਮਲ ਸ੍ਵਰ (ਰਿਭ, ਗਾਂਧਾਰ, ਧੈਵਤ, ਨਿਦ) ਜੇਹੇ ਕਿ ਭੈਰਵੀ ਠਾਟ ਦੇ ਹਨ, ਅਰ ਇੱਕ ਤੀਵ੍ਰ ਮਧ੍ਯਮ ਸ੍ਵਰ, ਜੋ ਹਿੰਡੋਲ ਆਦਿ ਰਾਗਾਂ ਵਿੱਚ ਵਰਤਿਆ ਜਾਂਦਾ ਹੈ, ਇਹ ਬਾਰਾਂ ਸ੍ਵਰ ਸਾਰੇ ਰਾਗਾਂ ਦੇ ਗਾਉਣ ਵਜਾਉਣ ਲਈ ਰਾਗ ਵਿਦ੍ਯਾ ਦੇ ਆਚਾਰਯਾਂ ਨੇ ਕਾਯਮ ਕੀਤੇ ਹਨ. ਦੇਖੋ, ਠਾਟ.
ਸੱਤਾਂ ਸੁਰਾਂ ਦੀਆਂ ੨੨ ਸ਼੍ਰੁਤੀਆਂ (quarter tones) ਹਨ, ਜੋ ਸੁਰਾਂ ਦੇ ਅੰਸ਼ ਆਖਣੇ ਚਾਹੀਏ. ਦੇਖੋ, ਸ਼੍ਰੁਤਿ ੬.
ਕਈ ਅਗ੍ਯਾਨੀ, ਸ਼੍ਰੁਤਿ ਨੂੰ ਮੂਰਛਨਾ ਸਮਝਦੇ ਹਨ, ਪਰ ਐਸਾ ਨਹੀਂ ਹੈ. ਮੂਰਛਨਾ ਨਾਉਂ ਠਾਟ ਦੀ ਇਸਥਿਤੀ ਦਾ ਹੈ. ਸੁਰਾਂ ਦੀਆਂ ਤਿੰਨ ਸਪਤਕਾਂ ਹੋਣ ਕਰਕੇ ਇੱਕੀ ਮੂਰਛਨਾ, ਅਰਥਾਤ ਇੱਕੀ ਸੁਰਾਂ ਦੀ ਇਸਥਿਤੀ ਆਲਾਪ ਲਈ ਠਹਿਰਾਈ ਗਈ ਹੈ.
ਇਸ ਗ੍ਰੰਥ ਵਿੱਚ ਲਿਖੇ ਸ਼ੁੱਧ , ਕੋਮਲ ਅਤੇ ਤੀਵ੍ਰ ਸੁਰ ਸਮਝਣ ਲਈ ਅਸੀਂ ਇਹ ਸੰਕੇਤ ਰੱਖਿਆ ਹੈ ਕਿ ਮੁਕਤੇ ਅੱਖਰ ਵਾਲਾ ਸ਼ੁੱਧ ਸੁਰ, ਕੰਨੇ ਵਾਲਾ ਕੋਮਲ ਅਤੇ ਬਿਹਾਰੀ ਵਾਲਾ ਤੀਵ੍ਰ ਹੈ. ਯਥਾ—
ਸ਼ੁੱਧ— ਰ ਗ ਮ ਪ ਧ ਨ.
ਕੋਮਲ—ਰਾ ਗਾ ਧਾ ਨਾ.
ਤੀਵ੍ਰ-ਮੀ.
ਰਾਗਾਂ ਦੇ ਬਿਆਨ ਵਿੱਚ ਗ੍ਰਹਸ੍ਵਰ, ਵਾਦੀ , ਸੰਵਾਦੀ, ਅਨੁਵਾਦੀ ਅਤੇ ਵਿਵਾਦੀ ਸ਼ਬਦ ਵਰਤੇ ਗਏ ਹਨ, ਇਸ ਲਈ ਇਨ੍ਹਾਂ ਬਾਬਤ ਭੀ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਏ.
ਗ੍ਰਹਸ੍ਵਰ ਉਹ ਹੈ, ਜਿਸ ਵਿੱਚ ਰਾਗ ਦੇ ਆਲਾਪ ਦੀ ਸਮਾਪਤੀ ਹੋਵੇ.
ਵਾਦੀ ਅਥਵਾ ਅੰਸ਼ (ਜੀਵ) ਸ੍ਵਰ ਉਹ ਹੈ, ਜੋ ਰਾਗ ਦੀ ਜਾਨ ਹੋਵੇ.
ਸੰਵਾਦੀ ਸੁਰ ਉਹ ਹੈ, ਜੋ ਰਾਗ ਦੀ ਸ਼ਕਲ ਬਣਾਉਣ ਵਿੱਚ ਵਾਦੀ ਸੁਰ ਨੂੰ ਸਹਾਇਤਾ ਦੇਵੇ.
ਅਨੁਵਾਦੀ ਉਹ ਹੈ, ਜੋ ਵਾਦੀ ਸੰਵਾਦੀ ਨੂੰ ਸਹਾਇਤਾ ਦੇਕੇ ਰਾਗ ਦਾ ਪੂਰਾ ਸਰੂਪ ਪ੍ਰਗਟ ਕਰ ਦੇਵੇ.
ਵਿਵਾਦੀ ਸੁਰ ਉਹ ਹੈ, ਜੋ ਰਾਗ ਦੀ ਸ਼ਕਲ ਵਿਗਾੜ ਦੇਵੇ. ਇਸ ਨੂੰ ਵਰਜਿਤ ਅਤੇ ਸ਼ਤ੍ਰੁ ਸ੍ਵਰ ਭੀ ਆਖਦੇ ਹਨ।2 ੫ ਉਹ ਅੱਖਰ ਜੋ ਸੁਤੇ ਆਵਾਜ਼ ਦੇਵੇ. ਜੋ ਆਪ ਹੀ ਪ੍ਰਕਾਸ਼ ਉਹ ਸ੍ਵਰ (vowel) ਹੈ. ਪੰਜਾਬੀ ਵਰਣਮਾਲਾ ਵਿੱਚ ੳ ਅ ੲ ਤਿੰਨ ਸ੍ਵਰ ਹਨ। ੬ ਬ੍ਰਹ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 54243, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no
ਸ੍ਵਰ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ
ਸ੍ਵਰ ਜਾਂ ਸੁਰ : ਗਾਉਣ ਦੀ ਧੁਨੀ ਨੂੰ ਸ੍ਵਰ ਕਹਿੰਦੇ ਹਨ। ਰਾਗ ਦੇ ਮੂਲ ਰੂਪ ਸੱਤ ਸੁਰ––ਸ਼ੜਜ, ਰਿਸ਼ਭ, ਗਾਂਧਾਰ, ਮਧਯਮ, ਪੰਚਮ, ਧੈਵਤ ਅਤੇ ਨਿਸ਼ਾਦ ਹਨ।
ਰਾਗ ਦੇ ਆਚਾਰਿਆ ਨੇ ਮੋਰ ਦੀ ਆਵਾਜ਼ ਤੋਂ ਸ਼ੜਜ, ਪਪੀਹੇ ਦੀ ਧੁਨੀ ਤੋਂ ਰਿਸ਼ਭ (ਕਈਆ ਨੇ ਗਊ ਦੇ ਰੰਭਣ ਦੀ ਆਵਾਜ਼ ਤੋਂ ਭੀ ਰਿਸ਼ਭ ਮੰਨਿਆ ਹੈ), ਬਕਰੀ ਅਤੇ ਭੇਡ ਦੀ ਆਵਾਜ਼ ਤੋਂ ਗਾਂਧਾਰ, ਕੂੰਜ ਦੀ ਧੁਨੀ ਤੋਂ ਮਧਯਮ, ਕੋਇਲ ਤੋਂ ਪੰਚਮ, ਡੱਡੂ (ਅਥਵਾ ਘੋੜੇ) ਦੀ ਧੁਨੀ ਤੋਂ ਧੈਵਤ ਅਤੇ ਹਾਥੀ ਦੀ ਚਿੰਘਾੜ ਤੋਂ ਨਿਸ਼ਾਦ ਸੁਰ ਕਲਪਿਆ ਹੈ।
ਜੋ ਸ੍ਵਰ ਰਿਸ਼ੀਆਂ ਨੇ ਰਾਗ ਵਿਦਆ ਦੇ ਆਰੰਭ ਵਿਚ ਥਾਪੇ, ਉਹ ਸ਼ੁੱਧ ਆਖੇ ਜਾਂਦੇ ਹਨ, ਫੇਰ ਪਿਛੋਂ ਕਈ ਰਾਗਾਂ ਵਾਸਤੇ ਜੋ ਨੀਵੇਂ ਅਤੇ ਉੱਚੇ ਸ੍ਵਰ ਦੀ ਲੋੜ ਪਈ ਤਾਂ ਪੰਜ ਵਿਕ੍ਰਿਤ ਸ੍ਵਰ ਬਣਾਏ। ਇਨ੍ਹਾਂ ਵਿਚੋਂ ਚਾਰ––ਰਿਸ਼ਭ, ਗਾਂਧਾਰ, ਧੈਵਤ ਅਤੇ ਨਿਸ਼ਾਦ ਵਿਕਾਰੀ ਹੋ ਕੇ ਕੋਮਲ ਹੋ ਜਾਂਦੇ ਹਨ ਅਤੇ ਮਧਯਮ ਵਿਕ੍ਰਿਤ ਹੋਕੇ ਤੀਬਰ (ਕੜਾ) ਹੁੰਦਾ ਹੈ। ਇਸ ਹਿਸਾਬ ਨਾਲ 12 (ਸੱਤ ਸ਼ੁੱਧ ਤੇ ਪੰਜ ਵਿਕ੍ਰਿਤ) ਸ੍ਵਰਾਂ ਤੋਂ ਸਾਰੇ ਰਾਗਾਂ ਦੇ ਠਾਟ ਬਣਦੇ ਹਨ।
ਸੱਤਾਂ ਸ੍ਵਰਾਂ ਦੀਆਂ 22 ਸ਼੍ਰੁਤੀਆਂ ਹਨ ਜੋ ਸ੍ਵਰਾਂ ਦੇ ਅੰਸ਼ ਆਖਣੇ ਚਾਹੀਦੇ ਹਨ। ਕਈ ਅਗਿਆਨੀ ਸ਼੍ਰੁਤਿ ਨੂੰ ਮੂਰਛਨਾ ਸਮਝਦੇ ਹਨ ਪਰ ਅਜਿਹਾ ਨਹੀਂ ਹੈ। ਮੂਰਛਨਾ ਠਾਟ ਦੀ ਇਸਥਿਤੀ ਨੂੰ ਕਹਿੰਦੇ ਹਨ। ਸ੍ਵਰਾਂ ਦੀਆਂ ਤਿੰਨ ਸਪਤਕਾਂ ਹੋਣ ਕਰਕੇ ਇੱਕੀ ਮੂਰਛਨਾ ਅਰਥਾਤ ਇੱਕੀ ਸੁਰਾਂ ਦੀ ਇਸਥਿਤੀ ਅਲਾਪ ਲਈ ਠਹਿਰਾਈ ਗਈ ਹੈ। ਸ਼ੁੱਧ, ਕੋਮਲ ਅਤੇ ਤੀਬਰ ਸੁਰ ਸਮਝਣ ਲਈ ਇਹ ਸੰਕੇਤ ਰੱਖਿਆ ਗਿਆ ਹੈ ਕਿ ਮੁਕਤੇ ਵਾਲਾ ਅੱਖਰ ਸ਼ੁੱਧ ਸੁਰ, ਕੰਨੇ ਵਾਲਾ ਕੋਮਲ ਅਤੇ ਬਿਹਾਰੀ ਵਾਲਾ ਤੀਬਰ ਹੈ ਜਿਵੇਂ :––
ਸ਼ੁੱਧ––ਸ ਰ ਗ ਮ ਪ ਧ ਨ
ਕੋਮਲ––ਰਾ ਗਾ ਧਾ ਨਾ
ਤੀਬਰ––ਮੀ
ਰਾਗਾਂ ਦੇ ਬਿਆਨ ਵਿਚ ਗ੍ਰਹਸ੍ਵਰ, ਵਾਦੀ, ਸੰਵਾਦੀ, ਅਨੁਵਾਦੀ ਅਤੇ ਵਿਵਾਦੀ ਸ਼ਬਦ ਵਰਤੇ ਗਏ ਹਨ ਜਿਨ੍ਹਾਂ ਦਾ ਭਾਵ ਇਉਂ ਹੈ :––ਗ੍ਰਹਸ੍ਵਰ ਉਹ ਹੈ ਜਿਸ ਵਿਚ ਰਾਗ ਦੇ ਅਲਾਪ ਦੀ ਸਮਾਪਤੀ ਹੋਵੇ।
ਵਾਦੀ ਅਥਵਾ ਅੰਸ਼ ਸ੍ਵਰ ਉਹ ਹੈ ਜੋ ਰਾਗ ਦੀ ਜਾਨ ਹੋਵੇ। ਸੰਵਾਦੀ ਸ੍ਵਰ ਉਹ ਹੈ ਜੋ ਰਾਗ ਦੀ ਸ਼ਕਲ ਬਣਾਉਣ ਵਿਚ ਵਾਦੀ ਸੁਰ ਨੂੰ ਸਹਾਇਤਾ ਦੇਵੇ।
ਅਨੁਵਾਦੀ ਸ੍ਵਰ ਸੰਵਾਦੀ ਨੂੰ ਸਹਾਇਤਾ ਦੇਕੇ ਰਾਗ ਦਾ ਪੂਰਾ ਸਰੂਪ ਪ੍ਰਗਟ ਕਰਦਾ ਹੈ।
ਵਿਵਾਦੀ ਸ੍ਵਰ ਉਹ ਹੈ ਜੋ ਰਾਗ ਦੀ ਸ਼ਕਲ ਵਿਗਾੜ ਦੇਵੇ। ਇਸਨੂੰ ਵਰਜਿਤ ਅਤੇ ਸ਼ੱਤਰੂ ਸ੍ਵਰ ਵੀ ਕਿਹਾ ਜਾਂਦਾ ਹੈ।
ਹ. ਪੁ.––ਮ. ਕੋ.
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 44700, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-04, ਹਵਾਲੇ/ਟਿੱਪਣੀਆਂ: no
ਸ੍ਵਰ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸ੍ਵਰ, (ਸੰਸਕ੍ਰਿਤ) : ੧. ਸੁਰ; ੨. ਆਵਾਜ਼; ੩. ਵਿਆਕਰਣ ਵਿੱਚ ਉਹ ਅੱਖਰ ਜੋ ਬਿਨਾਂ ਕਿਸੇ ਅੱਖਰ ਦੀ ਮਦਦ ਦੇ ਜਿਵੇਂ 'ੳ, ਅ, ੲ,' ਬੋਲਿਆ ਜਾਂਦਾ ਹੈ ਅਤੇ ਕਿਸੇ ਵਿਅੰਜਨ ਦੇ ਉਚਾਰਣ ਵਿੱਚ ਸਹਾਇਕ ਹੁੰਦਾ ਹੈ
–ਸ੍ਵਰ ਅੰਗ, (ਸਰੀਰਕ ਵਿਗਿਆਨ) / ਪੁਲਿੰਗ : ਜੀਭ, ਉਹ ਅੰਗ ਜਿਸ ਨਾਲ ਸ੍ਵਰਾਂ ਦਾ ਉਚਾਰਣ ਹੁੰਦਾ ਹੈ
–ਸ੍ਵਰ ਤੰਤੂ, (ਸਰੀਰਕ ਵਿਗਿਆਨ) / ਪੁਲਿੰਗ : ਐਸੇ ਬਾਰੀਕ ਪੱਠੇ ਜਿਨ੍ਹਾਂ ਦੁਆਰਾ ਸੁਰਾਂ ਦਾ ਉਚਾਰਣ ਕੀਤਾ ਜਾਂਦਾ ਹੈ
–ਸ੍ਵਰ ਯੰਤਰ, (ਸਰੀਰਕ ਵਿਗਿਆਨ) / ਪੁਲਿੰਗ : ਘੰਡੀ, ਗਲੇ ਦਾ ਉਹ ਥਾਂ ਜਿਥੋਂ ਦੇ ਸੂਖ਼ਮ ਪੱਠਿਆਂ ਦੁਆਰਾ ਸੁਰਾਂ ਦਾ ਉਚਾਰਣ ਹੁੰਦਾ ਹੈ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 19113, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-10-03-02-06, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First