ਸਖ਼ੀ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਸਖ਼ੀ ਸਰਵਰ : ਇੱਕ ਪ੍ਰਸਿੱਧ ਪੀਰ ਵਜੋਂ ਸਖ਼ੀ ਸਰਵਰ ਨੂੰ ਮਾਨਤਾ ਪ੍ਰਾਪਤ ਹੈ ਜਿਸ ਨੂੰ ਨਿਗਾਹੀਆ, ਲਾਲਾਂ ਵਾਲਾ, ਸੁਲਤਾਨ, ਧੌਂਕਲੀਆ ਪੀਰ, ਰੋਹੀਆਂ ਵਾਲਾ, ਆਦਿ ਨਾਵਾਂ ਨਾਲ ਜਾਣਿਆ ਜਾਂਦਾ ਹੈ ਅਤੇ ਜਿਸ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਦੇ ਪੈਰੋਕਾਰ ਹਿੰਦੂ ਅਤੇ ਮੁਸਲਿਮ ਦੋਹਾਂ ਧਰਮਾਂ ਵਿੱਚ ਮਿਲਦੇ ਹਨ।
ਸਖ਼ੀ ਸਰਵਰ ਦੇ ਜੀਵਨ ਬਾਰੇ ਪ੍ਰਾਪਤ ਸਮਗਰੀ, ਸਰ ਰਿਚਰਡ ਟੈਂਪਲ ਦੁਆਰਾ ਇਕੱਤਰ ਕਥਾਵਾਂ ਅਤੇ ਲੋਕ-ਸਿਮਰਤੀਆਂ `ਤੇ ਆਧਾਰਿਤ ਹੈ ਜਿਸ ਅਨੁਸਾਰ ਸਖ਼ੀ ਸਰਵਰ ਦੇ ਪਿਤਾ ਦਾ ਨਾਂ, ਨੈਨ-ਉਲ-ਆਬਦੀਨ ਅਤੇ ਮਾਂ ਦਾ ਨਾਂ ਆਇਸ਼ਾ ਸੀ। ਸਰ ਰਿਚਰਡ ਟੈਂਪਲ ਅਨੁਸਾਰ, ਸਖ਼ੀ ਸਰਵਰ ਦਾ ਅਸਲੀ ਨਾਂ ਸੱਯਦ ਅਹਿਮਦ ਸੀ।ਉਸ ਦਾ ਪਿਤਾ ਸੱਯਦ ਜੈਨ-ਉਲ-ਆਬਦੀਨ 520 ਹਿਜਰੀ (1226) ਵਿੱਚ ਜ਼ਿਲ੍ਹਾ ਝੰਗ (ਪਾਕਿਸਤਾਨ) ਵਿੱਚ ਆ ਕੇ ਅਬਾਦ ਹੋਇਆ ਜਿੱਥੇ ਉਸ ਨੇ ਪਿੰਡ ਦੇ ਚੌਧਰੀ ਪੀਰਾ ਦੀ ਧੀ ਆਇਸ਼ਾ ਨਾਲ ਸ਼ਾਦੀ ਕੀਤੀ ਜਿਸ ਦੇ ਉਦਰ ਤੋਂ ਸੱਯਦ ਅਹਿਮਦ ਨੇ ਜਨਮ ਲਿਆ। ਜੁਆਨ ਹੋਣ ਤੇ ਬਰਾਦਰੀ ਦੇ ਲੋਕਾਂ ਨੇ ਸੱਯਦ ਅਹਿਮਦ ਨਾਲ ਚੰਗਾ ਸਲੂਕ ਨਾ ਕੀਤਾ ਜਿਸ ਕਾਰਨ ਉਹ ਪਿਤਾ ਦੀ ਮੌਤ ਤੋਂ ਛੇਤੀ ਮਗਰੋਂ (ਲਗਪਗ 1140) ਬਗ਼ਦਾਦ ਚਲਾ ਗਿਆ ਜਿੱਥੇ ਉਸ ਨੇ ਅਬਦੁਲ ਕਾਦਰ ਜੀਲਾਨੀ, ਸ਼ੇਖ਼ ਸ਼ਹਾਬ ਉੱਦੀਨ ਸੁਹਰਵਰਦੀ ਅਤੇ ਖ਼ਵਾਜਾ ਮੌਦੂਦ ਚਿਸ਼ਤੀ ਤੋਂ ਖਿਲਾਫ਼ਤ (ਉਤਰਾਧਿਕਾਰੀ ਹੋਣ ਦੀ ਪਦਵੀ) ਪ੍ਰਾਪਤ ਕੀਤੀ।
ਬਹੁਤ ਘੱਟ ਸਮਾਂ ਬਗ਼ਦਾਦ ਵਿੱਚ ਰਹਿਣ ਮਗਰੋਂ ਸਖ਼ੀ ਸਰਵਰ ਵਾਪਸ ਪੰਜਾਬ ਵਿੱਚ ਆ ਗਿਆ ਜਿੱਥੇ ਉਹ ਪਹਿਲਾਂ ਧੌਂਕਲ (ਗੁੱਜਰਾਂਵਾਲਾ ਪਾਕਿਸਤਾਨ) ਅਤੇ ਫਿਰ ਮੁਲਤਾਨ ਜਾ ਵੱਸਿਆ ਅਤੇ ਉੱਥੋਂ ਦੇ ਸੂਬੇ ਦੀ ਧੀ ਬਾਈ ਨਾਲ ਵਿਆਹ ਕਰਵਾਇਆ ਤੇ ਮੁਲਤਾਨ ਵਿੱਚ ਹੀ ਉਸ ਨੇ ਦੂਜਾ ਵਿਆਹ ਸੱਯਦ ਅਬਦੁਰ ਰੱਜ਼ਾਕ ਦੀ ਧੀ ਨਾਲ ਕਰਵਾਇਆ। ਉਸ ਨੇ ਲਾਹੌਰ ਜਾ ਕੇ ਸੱਯਦ ਇਸ਼ਾਕ ਤੋਂ ਵਿੱਦਿਆ ਵੀ ਪ੍ਰਾਪਤ ਕੀਤੀ ਜਿਸ ਤੋਂ ਮਗਰੋਂ ਉਹ ਸ਼ਾਹਕੋਟ ਵਿੱਚ ਜਾ ਕੇ ਪੱਕੇ ਤੌਰ ਤੇ ਵੱਸ ਗਿਆ ਪਰ ਸਰ ਰਿਚਰਡ ਟੈਂਪਲ ਇਸ਼ਾਕ ਨੂੰ ਲਾਹੌਰ ਦੀ ਥਾਂ ਉੱਚ ਦਾ ਰਹਿਣ ਵਾਲਾ ਅਤੇ ਸਖ਼ੀ ਸਰਵਰ ਤੋਂ ਬਾਅਦ ਵਿੱਚ ਹੋਇਆ ਮੰਨਦਾ ਹੈ।
ਇੱਕ ਬਹੁ-ਪ੍ਰਵਾਨਿਤ ਧਾਰਨਾ ਅਨੁਸਾਰ, ਸ਼ਾਹਕੋਟ ਰਹਿਣ ਸਮੇਂ ਸਖ਼ੀ ਸਰਵਰ ਨੇ ਕਈ ਕਰਾਮਾਤਾਂ ਵਿਖਾਈਆਂ, ਜਿਸ ਤੋਂ ਪ੍ਰਭਾਵਿਤ ਹੋ ਕੇ ਉਸ ਦੇ ਕਈ ਸੇਵਕ ਬਣ ਗਏ। ਦਿਨ-ਬਦਿਨ ਵਧਦੀ ਪ੍ਰਸਿੱਧੀ ਨੂੰ ਵੇਖਦਿਆਂ ਬਰਾਦਰੀ ਦੇ ਲੋਕ ਉਸ ਨਾਲ ਈਰਖਾ ਕਰਦੇ ਹੋਏ ਮਾਰਨ ਦੀਆਂ ਵਿਉਂਤਾਂ ਸੋਚਣ ਲੱਗੇ। ਸਖ਼ੀ ਸਰਵਰ ਨੂੰ ਇਸ ਗੱਲ ਦੀ ਸੂਹ ਮਿਲੀ ਤਾਂ ਉਹ ਬਿਨਾਂ ਕਿਸੇ ਉਜ਼ਰ ਨਿਗਾਹਾ (ਜ਼ਿਲ੍ਹਾ ਡੇਹਰਾ ਗਾਜ਼ੀਖ਼ਾਨ) ਵਿੱਚ ਜਾ ਵੱਸਿਆ ਜਿੱਥੇ ਉਸ ਦਾ ਭਰਾ ਸੱਯਦ ਅਬਦੁਲ ਗਨੀ, ਉਸ ਦੀ ਪਤਨੀ ਬਾਈ ਤੇ ਪੁੱਤਰ ਸੱਯਦ ਸੁਰਾਜਉੱਦੀਨ ਵੀ ਨਾਲ ਗਏ। ਪਰ ਬਰਾਦਰੀ ਦੀ ਵਿਰੋਧਤਾ ਨੇ ਉੱਥੇ ਵੀ ਉਹਨਾਂ ਦਾ ਪਿੱਛਾ ਨਾ ਛੱਡਿਆ ਅਤੇ ਨਿਗਾਹਾ ਵਿੱਚ 570 ਹਿਜਰੀ (1174) ਨੂੰ ਉਸ ਦਾ ਕਤਲ ਕਰ ਦਿੱਤਾ ਗਿਆ।
ਪਰ ਡੇਰਾ ਗ਼ਾਜ਼ੀਖ਼ਾਨ ਬਾਰੇ ਮਿਲਦੇ ਗਜ਼ਟੀਅਰ ਵਿੱਚ ਸਖ਼ੀ ਸਰਵਰ ਬਾਰੇ ਮੈਕਲੇਗਨ ਦੁਆਰਾ ਜੋ ਜਾਣਕਾਰੀ ਦਿੱਤੀ ਗਈ ਹੈ ਉਹ ਉਪਰੋਕਤ ਵੇਰਵਿਆਂ ਤੋਂ ਕਾਫ਼ੀ ਭਿੰਨ ਹੈ। ਉਸ ਅਨੁਸਾਰ, ਹਜ਼ਰਤ ਜੈਨ ਉੇੱਲ ਆਬਦੀਨ ਦੇ ਦੋ ਪੁੱਤਰ ਹੋਏ, ਇੱਕ ਸੈਦੀ ਅਹਿਮਦ ਜੋ ਸਖ਼ੀ ਸਰਵਰ ਦੇ ਨਾਂ ਨਾਲ ਪ੍ਰਸਿੱਧ ਹੋਇਆ ਅਤੇ ਦੂਜਾ ਖ਼ਾਨ ਢੋਡਾ, ਜੋ ਬਗ਼ਦਾਦ ਵਿੱਚ ਜਾ ਕੇ ਮਰਿਆ। ਸਖ਼ੀ ਨੇ ਲਾਹੌਰ ਵਿੱਚੋਂ ਵਿੱਦਿਆ ਪ੍ਰਾਪਤ ਕੀਤੀ ਜਿੱਥੋਂ ਉਹ ਧੌਂਕਲ ਜਾ ਵੱਸਿਆ ਅਤੇ ਉਸ ਨੇ ਉੱਥੇ ਵੀ ਕਰਾਮਾਤਾਂ ਵਿਖਾਈਆਂ। ਅੰਤ ਵਿੱਚ ਉਹ ਪਿਤਾ ਦੀ ਆਗਿਆ ਦਾ ਪਾਲਣ ਕਰਦਾ ਹੋਇਆ ਸੁਲੇਮਾਨ ਦੀਆਂ ਪਹਾੜੀਆਂ ਨੇੜੇ ਜਾ ਰਹਿਣ ਲੱਗਾ ਅਤੇ ਕਰਾਮਾਤਾਂ ਵਿਖਾਉਣ ਲੱਗਾ ਜਿਸ ਕਾਰਨ ਇਸ ਥਾਂ ਦਾ ਨਾਂ ਸਖ਼ੀ ਸਰਵਰ ਪ੍ਰਸਿੱਧ ਹੋਇਆ। ਇੱਕ ਧਾਰਨਾ ਅਨੁਸਾਰ, ਸਖ਼ੀ ਸਰਵਰ ਦੀਆਂ ਕਰਾਮਾਤਾਂ ਦੀ ਧਾਂਕ ਦਿੱਲੀ ਦੇ ਬਾਦਸ਼ਾਹ ਤੱਕ ਪੁੱਜੀ ਤਾਂ ਬਾਦਸ਼ਾਹ ਨੇ ਚਾਰ ਖੱਚਰਾਂ ਧਨ ਦੀਆਂ ਲੱਦ ਕੇ ਭੇਜੀਆਂ ਜਿਨ੍ਹਾਂ ਨਾਲ ਸਖ਼ੀ ਸਰਵਰ ਦਾ ਸਥਾਨ ਬਣਿਆ।
ਇਹ ਵੀ ਪ੍ਰਸਿੱਧ ਹੈ ਕਿ ਮੁਲਤਾਨ ਦੇ ਵਸਨੀਕ ਘਨੂੰ ਨੇ ਆਪਣੀ ਧੀ ਦਾ ਵਿਆਹ ਸੈਦੀ ਅਹਿਮਦ (ਸਖ਼ੀ ਸਰਵਰ) ਨਾਲ ਕੀਤਾ ਜਿਸ ਤੋਂ ਸੈਦੀ ਅਹਿਮਦ ਨੇ ਦੈਵੀ ਸ਼ਕਤੀ ਦੁਆਰਾ ਦੋ ਪੁੱਤਰ ਪੈਦਾ ਕੀਤੇ। ਘਨੂੰ ਨੇ ਸਾਰੀ ਸੰਪਤੀ ਆਪਣੀ ਧੀ ਨੂੰ ਦੇ ਦਿੱਤੀ ਪਰ ਸੈਦੀ ਅਹਿਮਦ ਨੇ ਉਹ ਸਾਰੀ ਦੌਲਤ ਗ਼ਰੀਬ ਅਤੇ ਲੋੜਵੰਦਾਂ ਵਿੱਚ ਵੰਡ ਦਿੱਤੀ ਜਿਸ ਮਗਰੋਂ ਸੈਦੀ ਅਹਿਮਦ ਦਾ ਨਾਂ ‘ਸਖ਼ੀ ਸਰਵਰ` ਪ੍ਰਸਿੱਧ ਹੋਇਆ।
ਇਹ ਵੀ ਧਾਰਨਾ ਹੈ ਕਿ ਸਖ਼ੀ ਸਰਵਰ ਜਦੋਂ ਬਗ਼ਦਾਦ ਰਹਿ ਕੇ ਵਾਪਸ ਪਰਤਿਆ ਤਾਂ ਉਸ ਦੇ ਨਾਲ ਉਸ ਦੇ ਤਿੰਨ ਮੁਰੀਦ ਵੀ ਸਨ। ਇਹਨਾਂ ਮੁਰੀਦਾਂ ਦੇ ਮਜ਼ਾਰ ਸਖ਼ੀ ਸਰਵਰ ਦੇ ਕਸਬੇ ਵਿੱਚ ਪੀਰ ਦੀ ਕਬਰ ਨੇੜੇ ਹੀ ਬਣੇ ਹੋਏ ਹਨ।
ਸਖ਼ੀ ਸਰਵਰ ਦੀ ਮਾਨਤਾ, ਉਸ ਵੱਲੋਂ ਸਥਾਪਿਤ ਧਰਮ ਦਰਸ਼ਨ ਦੀ ਕਿਸੇ ਵੱਖਰੀ ਸੰਪਰਦਾਇ ਕਰ ਕੇ ਨਹੀਂ ਸਗੋਂ ਕਰਾਮਾਤੀ ਸ਼ਕਤੀਆਂ ਦੇ ਸੁਆਮੀ ਹੋਣ ਕਰ ਕੇ ਹੈ। ਸ਼ਾਇਦ ਇਸੇ ਲਈ ਸਖ਼ੀ ਸਰਵਰ ਦੇ ਪੈਰੋਕਾਰ ਵੱਖ-ਵੱਖ ਧਰਮਾਂ ਦੇ ਲੋਕ ਹਨ। ਮੁਸਲਮਾਨ ਅਤੇ ਹਿੰਦੂ ਦੋਵੇਂ ਉਸ ਨੂੰ ਪੀਰ ਮੰਨਦੇ ਹਨ। ਪਰ ਹਿੰਦੂ ਲੋਕ ਮਨ ਨੇ ਆਪਣੀ ਮੂਲ ਭਾਵਨਾ ਨਾਲ ਜੁੜੇ ਰਹਿਣ ਦੀ ਆਸਥਾ ਕਾਰਨ ਉਸ ਨਾਲ ਭੈਰੋਂ ਦਾ ਸੰਬੰਧ ਜੋੜ ਲਿਆ ਹੈ। ਕਰਾਮਾਤਾਂ ਦੌਰਾਨ ਸਖ਼ੀ ਸਰਵਰ, ਆਪਣੇ ਆਦੇਸ਼ਾਂ ਦੀ ਪਾਲਨਾ ਭੈਰੋਂ ਦੁਆਰਾ ਹੀ ਕਰਦਾ ਹੈ।
ਸਖ਼ੀ ਸਰਵਰ ਬਾਰੇ ਇਤਿਹਾਸਿਕ ਵੇਰਵਿਆਂ ਵਿੱਚ ਕਾਫ਼ੀ ਅੰਤਰ ਹੈ। ਸਰ ਰਿਚਰਡ ਟੈਂਪਲ ਅਨੁਸਾਰ, ਸਖ਼ੀ ਸਰਵਰ ਤੇਰ੍ਹਵੀਂ ਸਦੀ ਵਿੱਚ ਹੋਇਆ। ਪਰ ਸਰ ਡੈਂਜਲ ਇਬਸਟਨ ਬਾਰ੍ਹਵੀਂ ਸਦੀ ਵਿੱਚ ਹੋਏ ਮੰਨਦਾ ਹੈ ਜਦ ਕਿ ਭਾਈ ਕਾਨ੍ਹ ਸਿੰਘ ਨਾਭਾ ਸਰਵਰ ਨੂੰ ਇੱਕ ਬਗ਼ਦਾਦੀ ਦਾ ਪੁੱਤਰ ਅਤੇ ਹੋਰਨਾਂ ਨਾਵਾਂ ਦੇ ਨਾਲ ਸੁਲਤਾਨ ਦੇ ਨਾਂ ਨਾਲ ਵੀ ਪ੍ਰਸਿੱਧ ਹੋਇਆ ਮੰਨਦਾ ਹੈ। ਇਹਨਾਂ ਦੇ ਥਾਨ ਬਹੁਤ ਸਾਰੇ ਪਿੰਡਾਂ ਵਿੱਚ ਹਨ ਜਿਨ੍ਹਾਂ ਨੂੰ ਪੀਰਖ਼ਾਨਾ ਕਹਿੰਦੇ ਹਨ। ਸੁਲਤਾਨਾਂ ਨੂੰ ਮੰਨਣ ਵਾਲੇ ਵੀਰਵਾਰ ਨੂੰ ਪੀਰਖ਼ਾਨਿਆਂ ਵਿੱਚ ਇਕੱਠੇ ਹੁੰਦੇ ਹਨ ਅਤੇ ਰੋਟ ਦੀ ਭੇਟ ਚੜ੍ਹਾਉਂਦੇ ਹਨ ਜੋ ਭੋਂ ਤਪਾ ਕੇ ਪਕਾਇਆ ਜਾਂਦਾ ਹੈ ਅਤੇ ਜਿਸ ਦਾ ਵਜ਼ਨ ਮਣਾਂ ਤੱਕ ਵੀ ਜਾ ਪੁੱਜਦਾ ਹੈ। ਰੋਟ ਨੂੰ ਗੁੜ ਨਾਲ ਚੋਪੜ ਕੇ ਪੀਰ ਅੱਗੇ ਅਰਪਿਆ ਜਾਂਦਾ ਹੈ। ਸੁਲਤਾਨ ਦਾ ਪੁਜਾਰੀ ਦਰੂਦ ਪੜ੍ਹ ਕੇ ਪੱਕੇ ਹੋਏ ਰੋਟ ਦਾ ਕੁਝ ਹਿੱਸਾ ਆਪ ਰੱਖ ਲੈਂਦਾ ਹੈ ਅਤੇ ਬਾਕੀ ਉਪਾਸ਼ਕਾਂ ਵਿੱਚ ਵੰਡ ਦਿੱਤਾ ਜਾਂਦਾ ਹੈ। ਭਾਈ ਕਾਨ੍ਹ ਸਿੰਘ ਸਖ਼ੀ ਸਰਵਰ ਦਾ ਪ੍ਰਮੁਖ ਪੀਰਖ਼ਾਨਾ ਨਿਗਾਹਾ ਵਿੱਚ ਸਥਿਤ ਮੰਨਦਾ ਹੈ ਜਦ ਕਿ ਦੂਜੇ ਦਰਜੇ ਦਾ ਪੀਰਖ਼ਾਨਾ ਧੌਂਕਲ ਪਿੰਡ (ਵਜ਼ੀਰਾਬਾਦ, ਪਾਕਿਸਤਾਨ) ਵਿੱਚ ਹੋਣ ਦੀ ਪੁਸ਼ਟੀ ਕਰਦਾ ਹੈ ਜਿੱਥੇ ਸੁਲਤਾਨ ਦੇ ਤਿੰਨ ਸੇਵਕਾਂ ਦੀ ਸੰਤਾਨ ਚੜ੍ਹਾਵਾ ਪ੍ਰਾਪਤ ਕਰਦੀ ਹੈ।
ਸਖ਼ੀ ਸਰਵਰ ਨੂੰ ਬੜਾ ਕਰਨੀ ਵਾਲਾ ਪੀਰ ਮੰਨਿਆ ਜਾਂਦਾ ਹੈ। ਉਸ ਦੁਆਰਾ ਵਿਖਾਈਆਂ ਕਈ ਕਰਾਮਾਤਾਂ ਲੋਕ-ਸਿਮਰਤੀਆਂ ਵਿੱਚ ਸੁਰੱਖਿਅਤ ਹਨ।
ਸਖ਼ੀ ਸਰਵਰ ਜਦੋਂ ਨਿਗਾਹੀਆ ਵਿੱਚ ਰਹਿੰਦਾ ਸੀ ਤਾਂ ਇੱਕ ਪਹਾੜੀ ਵਿੱਚ ਆਦਮਖ਼ੋਰ ਰਾਖਸ਼ਸ਼ ਰਹਿੰਦਾ ਸੀ ਜੋ ਰਾਹ ਜਾਂਦੇ ਮੁਸਾਫ਼ਰਾਂ ਨੂੰ ਖਾ ਜਾਂਦਾ ਸੀ। ਸਖ਼ੀ ਸਰਵਰ ਆਪਣੇ ਕੁਝ ਮੁਰੀਦਾਂ ਨਾਲ ਉਸ ਨੂੰ ਮਾਰਨ ਗਿਆ ਤਾਂ ਰਾਖਸ਼ਸ਼ ਨੇ ਸਾਰੇ ਮੁਰੀਦ ਮਾਰ ਦਿੱਤੇ, ਤਦ ਸਖ਼ੀ ਸਰਵਰ ਨੇ ਰਾਖਸ਼ਸ਼ ਨੂੰ ਮਾਰ ਮੁਕਾਇਆ ਅਤੇ ਆਮ ਜਨਤਾ ਦਾ ਭਲਾ ਕੀਤਾ।
ਲੇਖਕ : ਕਿਰਪਾਲ ਕਜ਼ਾਕ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 13695, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no
ਸਖ਼ੀ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਖ਼ੀ (ਵਿ,ਪੁ) ਦਾਨੀ ਵਿਅਕਤੀ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13536, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਸਖ਼ੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਖ਼ੀ 1 [ਵਿਸ਼ੇ] ਪੈਸੇ ਦਾਨ ਕਰਨ ਵਿੱਚ ਖੁੱਲ੍ਹਦਿਲਾ, ਦਾਨੀ 2 [ਨਾਂਇ] ਸਹੇਲੀ, ਸਾਥਣ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13521, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸਖ਼ੀ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸਖ਼ੀ, (ਅਰਬੀ) / ਵਿਸ਼ੇਸ਼ਣ : ਦਾਤਾ, ਦਾਤਾਰ, ਦਾਨ ਕਰਨ ਵਾਲਾ
–ਸਖ਼ੀ ਸਰਵਰ, (ਫ਼ਾਰਸੀ) / ਪੁਲਿੰਗ : ੧. ਨਗਾਹੇ ਦਾ ਪੀਰ; ੨. ਡੇਰਾ ਗਾਜ਼ੀ ਖਾਂ ਦੇ ਜ਼ਿਲ੍ਹੇ ਵਿਚ ਇਕ ਮਸ਼ਹੂਰ ਦਰਗਾਹ ਦਾ ਨਾਉਂ
–ਸਖ਼ੀ ਸ਼ੂਮ ਦੇ ਲੇਖਾ ਬਰੋਬਰ, ਅਖੌਤ : ਜਦੋਂ ਕਿਸੇ ਕਿਰਸੀ ਦਾ ਨੁਕਸਾਨ ਹੋ ਜਾਏ ਤਾਂ ਕਹਿੰਦੇ ਹਨ
–ਸਖ਼ੀ ਨਾਲੋਂ ਸੂਮ ਚੰਗਾ ਜਿਹੜਾ ਤੁਰੰਤ ਦੇ ਜਵਾਬ, ਅਖੌਤ : ਲਾਰੇ ਨਾ ਲਾਉਣ ਵਾਲੇ ਨੂੰ ਤਰਜੀਹ ਦਿੱਤੀ ਹੈ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 6231, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-05-05-02-44-17, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First