ਸਜ਼ਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਜ਼ਾ (ਨਾਂ,ਇ) ਕੀਤੇ ਅਪਰਾਧ ਜਾਂ ਭੁੱਲ ਕਾਰਨ ਭੁਗਤਿਆ ਜਾਣ ਵਾਲਾ ਡੰਨ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12189, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਸਜ਼ਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਜ਼ਾ [ਨਾਂਇ] ਅਪਰਾਧ ਦਾ ਫਲ਼, ਦੰਡ, ਡੰਨ , ਕੈਦ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12180, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸਜ਼ਾ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ
ਸਜ਼ਾ: ਜਦੋਂ ਕੋਈ ਵਿਅਕਤੀ ਦੇਸ਼ ਦੇ ਕਾਨੂੰਨ ਦੀ ਉਲੰਘਣਾ ਕਰਦਾ ਹੈ ਜਾਂ ਦੂਜੇ ਵਿਅਕਤੀਆਂ ਦੇ ਅਧਿਕਾਰਾਂ ਸਬੰਧੀ ਕੋਈ ਕਾਰਵਾਈ ਜਾਂ ਉਕਾਈ ਕਰਦਾ ਹੈ ਤਾਂ ਉਸ ਨੂੰ ਦੁੱਖ, ਹਾਨੀ ਅਤੇ ਨੁਕਸਾਨ ਪਹੁੰਚਾਉਣ ਨੂੰ ਸਜ਼ਾ ਆਖਿਆ ਜਾਂਦਾ ਹੈ। ਸਜ਼ਾ ਦਾ ਸੰਕਲਪ ਉਤਨਾ ਹੀ ਪੁਰਾਣਾ ਹੈ ਜਿੰਨੀ ਮਨੁੱਖ ਦੀ ਹੋਂਦ। ਪੁਰਾਤਨ ਮਨੁੱਖੀ ਸਮਾਜ ਵਿਚ ਕਬੀਲਿਆਂ ਦਾ ਰਾਜ ਹੁੰਦਾ ਸੀ। ਕਬੀਲੇ ਦੇ ਇਕ ਮੈਂਬਰ ਵੱਲੋਂ ਜਦੋਂ ਕਬੀਲੇ ਦੇ ਕਿਸੇ ਹੋਰ ਮੈਂਬਰ ਤੇ ਕੋਈ ਵਧੀਕੀ ਜਾਂ ਅਪਰਾਧ ਕੀਤਾ ਜਾਂਦਾ ਸੀ ਤਾ ਉਸ ਨੂੰ ਬਦਲਾ ਲਊ ਸਜ਼ਾ ਦਿੱਤੀ ਜਾਂਦੀ ਸੀ। ਅਜੋਕੇ ਯੁੱਗ ਦੇ ਮਨੋਵਿਗਿਆਨੀਆਂ ਦਾ ਵਿਚਾਰ ਹੈ ਕਿ ਮਨੋਰੋਗਾਂ ਕਾਰਨ ਹੀ ਅਪਰਾਧ ਹੁੰਦੇ ਹਨ ਅਤੇ ਇਨ੍ਹਾਂ ਮਨੋਰੋਗਾਂ ਦੀ ਵਿਗਿਆਨਕ ਢੰਗ ਨਾਲ ਤਸ਼ਖ਼ੀਸ਼ ਕੀਤੀ ਜਾਣੀ ਚਾਹੀਦੀ ਹੈ।ਫ਼ੌਜਦਾਰੀ ਨਿਆਂ ਅਧੀਨ ਸਜ਼ਾ ਹੇਠ ਲਿਖੇ ਉਦੇਸ਼ਾਂ ਨੂੰ ਮੁੱਖ ਰੱਖ ਕੇ ਦਿੱਤੀ ਜਾਂਦੀ ਹੈ :- 1. ਅਪਰਾਧੀਆਂ ਨੂੰ ਭੈ-ਦਾਇਕ ਸਜ਼ਾ ਦੇਣਾ – ਫ਼ੌਜਦਾਰੀ ਨਿਆਂ ਦਾ ਪਹਿਲਾ ਉਦੇਸ਼ ਇਹ ਹੈ ਕਿ ਅਪਰਾਧੀ ਨੂੰ ਹਰ ਅਪਰਾਧ ਕਰਨ ਅਤੇ ਪਹਿਲੇ ਅਪਰਾਧ ਨੂੰ ਦੁਹਰਾਉਣ ਤੋਂ ਰੋਕਣ ਲਈ ਭੈ-ਦਾਇਕ ਸਜ਼ਾ ਦਿੱਤੀ ਜਾਵੇ। ਅਜਿਹੀ ਸਜ਼ਾ ਨਾਲ ਦੂਜੇ ਲੋਕਾਂ ਦੇ ਮਨਾਂ ਅੰਦਰ ਭੈਅ ਪੈਦਾ ਕੀਤਾ ਜਾਵੇ ਤਾਂ ਜੋ ਉਹ ਅਜਿਹਾ ਅਪਰਾਧ ਕਰਨ ਦਾ ਹੀਆ ਨਾ ਕਰਨ। ਪੁਰਾਤਨ ਸਜ਼ਾ ਪ੍ਰਣਾਲੀਆਂ ਅਧੀਨ ਆਮ ਕਰ ਕੇ ਅਪਰਾਧੀਆਂ ਨੂੰ ਕਠੋਰ ਸਜ਼ਾਵਾਂ ਦਿੱਤੀਆਂ ਜਾਂਦੀਆਂ ਸਨ। ਮੌਤ ਦੀ ਸਜ਼ਾ ਲਗਭਗ ਸਾਰੇ ਵਿਸ਼ਵ ਵਿਚ ਹੀ ਦਿੱਤੀ ਜਾਂਦੀ ਸੀ। ਮੌਤ ਦੀ ਸਜ਼ਾ ਤੋਂ ਇਲਾਵਾ ਅਪਰਾਧੀਆਂ ਨੂੰ ਸਰੀਰਕ ਤੌਰ ਤੇ ਅੰਗਹੀਣ ਕਰਨਾ ਵੀ ਆਮ ਸੀ। ਭਾਰਤ ਵਿਚ ਅਸ਼ੋਕ ਦੇ ਸਮੇਂ ਵਿਚ ਘੋਰ ਅਪਰਾਧਾਂ ਲਈ ਮੌਤ ਦੀ ਸਜ਼ਾ ਦਿੱਤੀ ਜਾਂਦੀ ਰਹੀ ਹੈ। ਅੰਗਰੇਜ਼ਾਂ ਦੇ ਰਾਜ-ਕਾਲ ਸਮੇਂ ਵੀ ਅਪਰਾਧੀਆਂ ਨੂੰ ਮੌਤ, ਅੰਗਹੀਣ ਕਰਨ, ਕੈਦ, ਜਲਾਵਤਨੀ ਦੀ ਸਜ਼ਾ ਦਿੱਤੀ ਜਾਂਦੀ ਸੀ। 2. ਅਪਰਾਧ ਦੀ ਰੋਕਥਾਮ ਕਰਨਾ – ਫ਼ੌਜਦਾਰੀ ਨਿਆਂ ਦਾ ਦੂਜਾ ਉਦੇਸ਼ ਇਹ ਹੈ ਕਿ ਰਾਜ ਵਿਚ ਅਪਰਾਧ ਹੋਣ ਤੋਂ ਰੋਕਿਆ ਜਾਵੇ, ਜਿਵੇਂ ਕਿ ਅਪਰਾਧੀਆਂ ਨੂੰ ਸਮਾਜ ਤੋਂ ਵੱਖ ਰਖਿਆ ਜਾਵੇ ਤਾਂ ਜ਼ੋ ਦੁਬਾਰਾ ਜੁਰਮ ਨਾ ਕਰਨ ਅਤੇ ਨਾ ਹੀ ਆਪਣੇ ਨਾਲ ਹੋਰ ਸਹਿਯੋਗੀ ਬਣਾ ਸਕਣ। ਕਾਤਲ ਨੂੰ ਫਾਂਸੀ ਦੀ ਸਜ਼ਾ ਕੇਵਲ ਇਸ ਕਰ ਕੇ ਹੀ ਨਹੀਂ ਦਿੱਤੀ ਜਾਂਦੀ ਕਿ ਦੂਸਰੇ ਵਿਅਕਤੀ ਅਜਿਹਾ ਅਪਰਾਧ ਕਰਨ ਤੋਂ ਝਿਜਕਣ ਸਗੋਂ ਇਸ ਲਈ ਵੀ ਕਿ ਅਪਰਾਧੀ ਅਜਿਹਾ ਅਪਰਾਧ ਦੁਬਾਰਾ ਨਾ ਕਰ ਸਕੇ। 3. ਬਦਲਾ-ਲਊ ਸਜ਼ਾ ਦੇਣਾ – ਫ਼ੌਜਦਾਰੀ ਨਿਆਂ ਦਾ ਤੀਜਾ ਉਦੇਸ਼ ਇਹ ਹੈ ਕਿ ਦੋਸ਼ੀ ਨੂੰ ਬਦਲਾ-ਲਊ ਸਜ਼ਾ ਦਿੱਤੀ ਜਾਵੇ। ਕਾਂਤ ਵਰਗੇ ਮਹਾਨ ਦਾਰਸ਼ਨਿਕ ਨੇ ਵੀ ਅਜਿਹੇ ਵਿਚਾਰ ਦਾ ਸਮਰਥਨ ਕੀਤਾ ਹੈ। ਇਸ ਸਿੱਧਾਂਤ ਅਨੁਸਾਰ ਅਪਰਾਧੀ ਨੇ ਜੋ ਹਾਨੀ (ਚੋਟ) ਦੂਜੀ ਧਿਰ ਨੂੰ ਪਹੁੰਚਾਈ ਹੈ ਉਸ ਦੇ ਅਨੁਪਾਤ ਅਨੁਸਾਰ ਹੀ ਉਸ ਅਪਰਾਧੀ ਨੂੰ ਸਜ਼ਾ ਭੁਗਤਣੀ ਚਾਹੀਦੀ ਹੈ। ਇਸ ਸਿੱਧਾਂਤ ਅਨੁਸਾਰ ‘ਜਾਨ ਬਦਲੇ ਜਾਨ’, ‘ਅੱਖ ਬਦਲੇ ਅੱਖ’, ‘ਦੰਦ ਬਦਲੇ ਦੰਦ’, ‘ਹੱਥ ਬਦਲੇ ਹੱਥ’, ‘ਪੈਰ ਬਦਲੇ ਪੈਰ’ ਫ਼ੌਜਦਾਰੀ ਨਿਆਂ ਦਾ ਮੁੱਖ ਨਿਯਮ ਹੋਣਾ ਚਾਹੀਦਾ ਹੈ। ਇਸ ਸਿਧਾਂਤ ਨੂੰ ਵਹਿਸ਼ੀ ਮੰਨਿਆ ਜਾਂਦਾ ਹੈ। 4. ਅਪਰਾਧੀਆਂ ਨੂੰ ਸੁਧਾਰਨਾ – ਫ਼ੌਜਦਾਰੀ ਨਿਆਂ ਦਾ ਚੌਥਾ ਉਦੇਸ਼ ਇਹ ਹੈ ਕਿ ਅਪਰਾਧੀਆਂ ਦਾ ਅਜਿਹਾ ਸੁਧਾਰ ਕੀਤਾ ਜਾਵੇ ਕਿ ਉਹ ਰਾਜ ਦੇ ਚੰਗੇ ਸ਼ਹਿਰੀ ਬਣਨ ਅਤੇ ਦੇਸ਼ ਦੇ ਉਸਾਰੂ ਕਾਰਜਾਂ ਵਿਚ ਮਹੱਤਵਪੂਰਨ ਯੋਗਦਾਨ ਪਾਉਣ। ਜੇਲ੍ਹਾਂ ਅੰਦਰ ਬੰਦ ਕੀਤੇ ਕੈਦੀਆਂ ਲਈ ਜ਼ੇਲ੍ਹਾਂ ਦੇ ਅੰਦਰ ਹੀ ਸੁਧਾਰ ਸਕੂਲਾਂ ਦਾ ਪ੍ਰਬੰਧ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਸਿੱਖਿਆ ਦਿੱਤੀ ਜਾਵੇ, ਦੋਸ਼ੀਆਂ ਨੂੰ ਜੇਲ੍ਹ ਅੰਦਰ ਹੀ ਛੋਟੇ ਉਦਯੋਗਾਂ ਅਤੇ ਖੇਤੀਬਾੜੀ ਵਿਚ ਲਾਇਆ ਜਾਵੇ ਤਾਂ ਕਿ ਉਹ ਜੇਲ੍ਹ ਵਿਚੋਂ ਬਾਹਰ ਨਿਕਲਣ ਪਿਛੋਂ ਸੁਖਾਵਾਂ ਅਤੇ ਸੁਲਝਿਆ ਹੋਇਆ ਜੀਵਨ ਬਿਤਾ ਸਕਣ। ਭਾਰਤ ਵਿਚ ਪੁਰਾਤਨ ਕਾਲ ਤੋਂ ਲੈ ਕੇ ਅੰਗਰੇਜ਼ੀ ਕਾਲ ਤਕ ਮੌਤ, ਅੰਗ ਕੱਟਣ, ਜਲਾਵਤਨ ਕਰਨ, ਜਾਇਦਾਦ ਜ਼ਬਤ ਕਰਨ, ਕੈਦ ਕਰਨ ਅਤੇ ਜੁਰਮਾਨਾ ਕਰਨ ਦੀਆਂ ਸਜ਼ਾਵਾਂ ਅਪਰਾਧੀਆਂ ਨੂੰ ਦਿੱਤੀਆਂ ਜਾਂਦੀਆਂ ਸਨ। ਮੁੱਖ ਤੌਰ ਤੇ ਦੋਸ਼ੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਜ਼ਾਵਾਂ ਭਾਰਤੀ ਦੰਡ ਸੰਘਤਾ –1860 ਅਧੀਨ ਹੀ ਅਧਿਆਇ ਵਿਚ ਸਜ਼ਾਵਾਂ ਸਬੰਧੀ ਉਪਬੰਧ ਦਰਜ ਕੀਤੇ ਗਏ ਹਨ। ਧਾਰਾ –53 ਅਨੁਸਾਰ ਇਸ ਸੰਘਤਾ ਦੇ ਵੱਖ ਵੱਖ ਉਪਬੰਧਾਂ ਅਧੀਨ ਅਪਰਾਧੀਆਂ ਨੂੰ ਮੌਤ, ਉਮਰ ਕੈਦ, ਸਖ਼ਤ ਕੈਦ, ਸਾਧਾਰਨ ਕੈਦ, ਜਾਇਦਾਦਾ ਜ਼ਬਤ ਕਰਨ ਅਤੇ ਜੁਰਮਾਨੇ ਦੀਆਂ ਸਜ਼ਾਵਾਂ ਦਿੱਤੀਆਂ ਜਾ ਸਕਦੀਆਂ ਹਨ। ਧਾਰਾ 303 ਅਧੀਨ ਜਦੋਂ ਅਪਰਾਧੀ ਉਮਰ ਕੈਦ ਕਟ ਰਿਹਾ ਹੁੰਦਾ ਹੈ ਅਤੇ ਜੇ ਉਹ ਜੇਲ੍ਹ ਵਿਚ ਕੋਈ ਕਤਲ ਕਰ ਦਿੰਦਾ ਹੈ ਤਾਂ ਉਸ ਨੂੰ ਮੌਤ ਦੀ ਸਜ਼ੀ ਦਿੱਤੀ ਜਾਣੀ ਲਾਜ਼ਮੀ ਹੈ। ਭਾਰਤ ਸਰਕਾਰ ਵਿਰੁੱਧ ਯੁੱਧ ਕਰਨਾ (ਧਾਰਾ 121 ); ਵਾਸਤਵ ਵਿਚ ਵਾਪਰੇ ਗਦਰ ਲਈ ਸ਼ਹਿ ਦੇਣ (ਧਾਰਾ 132 ); ਉਸ ਤਰ੍ਹਾਂ ਦੀ ਝੂਠੀ ਗਵਾਹੀ ਦੇਣੀ ਜਾਂ ਬਣਾਉਣ ਜਿਸ ਦੇ ਸਿਟੇ ਵਜੋਂ ਕਿਸੇ ਬੇਗੁਨਾਹ ਵਿਅਕਤੀ ਦੀ ਮੌਤ ਹੋ ਜਾਵੇ (ਧਾਰਾ 194); ਕਤਲ (ਧਾਰਾ 302); ਕਿਸੇ ਨਾਬਾਲਗ ਜਾਂ ਪਾਗਲ ਜਾਂ ਨਸ਼ਈ ਵਿਅਕਤੀ ਨੂੰ ਸ਼ਹਿ ਦੇ ਕੇ ਆਤਮ-ਹੱਤਿਆ ਕਰਵਾ ਦੇਣ (ਧਾਰਾ 305); ਡਕੈਤੀ ਜਿਸ ਦੌਰਾਨ ਕਤਲ ਹੋ ਜਾਵੇ (ਧਾਰਾ 396); ਅਤੇ ਜਦੋਂ ਕਿਸੇ ਉਮਰ ਕੈਦੀ ਕੋਲੋਂ ਕਿਸੇ ਵਿਅਕਤੀ ਨੂੰ ਕਤਲ ਕਰਨ ਦੀ ਕੋਸ਼ਿਸ਼ ਨਾਲ ਸੱਟ ਲਗ ਜਾਂਦੀ ਹੈ (ਧਾਰਾ 307 ); ਤਾਂ ਇਨ੍ਹਾਂ ਸਾਰਿਆਂ ਅਪਰਾਧਾਂ ਲਈ ਦੋਸ਼ੀ ਨੂੰ ਮੌਤ ਦੀ ਸਜ਼ਾ ਦਿੱਤੀ ਜਾ ਸਕਦੀ ਹੈ। ਜਲਾਵਤਨੀ ਦੀ ਸਜ਼ਾ ਦੀ ਥਾਂ ਤੇ ਅੱਜਕੱਲ੍ਹ ਉਮਰ ਕੈਦ ਕਰ ਦਿੱਤੀ ਗਈ ਹੈ। ਭਾਰਤੀ ਦੰਡ ਸੰਘਤਾ ਅਧੀਨ ਉਮਰ ਕੈਦ ਤੋਂ ਭਾਵ ਸਖ਼ਤ ਉਮਰ ਕੈਦ ਹੈ। ਸਾਧਾਰਨ ਕੈਦ ਦੀ ਸੂਰਤ ਵਿਚ ਅਪਰਾਧੀ ਨੂੰ ਕੇਵਲ ਜੇਲ੍ਹ ਵਿਚ ਬੰਦ ਹੀ ਰਖਿਆ ਜਾਂਦਾ ਹੈ ਪਰ ਉਸ ਕੋਲੋਂ ਕੋਈ ਕੰਮ ਨਹੀਂ ਲਿਆ ਜਾਂਦਾ। ਭਾਰਤੀ ਦੰਡ ਸੰਘਤਾ ਵਿਚ ਦਰਜ ਕੀਤੇ ਅਪਰਾਧ ਲਈ ਸਭ ਤੋਂ ਥੋੜ੍ਹੀ ਸਜ਼ਾ 24 ਘੰਟਿਆਂ ਦੀ ਹੈ (ਧਾਰਾ 510); ਕਿਸੇ ਅਪਰਾਧ ਲਈ ਘੱਟ ਤੋਂ ਘੱਟ ਸਜ਼ਾ ਨਿਸ਼ਚਿਤ ਕਰਨ ਤੇ ਵੀ ਕੋਈ ਪਾਬੰਦੀ ਨਹੀਂ ਹੈ। ਪੱਕੇ ਮੁਜਰਮਾਂ ਨੂੰ ਸਖ਼ਤ ਸਜ਼ਾ ਦੇਣੀ ਹੀ ਉਚਿਤ ਸਮਝੀ ਜਾਂਦੀ ਹੈ। ਪਹਿਲਾ ਅਪਰਾਧ ਕਰਨ ਵਾਲੇ ਦੋਸ਼ੀਆਂ ਪ੍ਰਤੀ ਨਰਮੀ ਵਰਤੀ ਜਾਣੀ ਚਾਹੀਦੀ ਹੈ। ਬੱਚਿਆਂ ਵਲੋਂ ਕੀਤੇ ਗਏ ਅਪਰਾਧਾਂ ਲਈ ਭਾਰਤ ਵਿਚ ‘ਬਾਲ ਐਕਟ-1964’ ਬਣਾਇਆ ਗਿਆ ਹੈ ਅਤੇ ਉਨ੍ਹਾਂ ਵਿਰੁੱਧ ਦਰਜ ਕੀਤੇ ਗਏ ਮੁਕੱਦਮਿਆਂ ਦਾ ਨਿਪਟਾਰਾ ਵੀ ਵਿਸ਼ੇਸ਼ ਅਦਾਲਤਾਂ ਹੀ ਕਰਦੀਆਂ ਹਨ। ਹ. ਪੁ. – ਐਨ. ਬ੍ਰਿ. ਮੈ. 15 ; ਇੰਡੀਅਨ ਪੈਨਲ ਕੋਡ-ਰਤਨ ਲਾਲ, ਧੀਰਜ ਨਾਲ
ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 9991, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-25, ਹਵਾਲੇ/ਟਿੱਪਣੀਆਂ: no
ਸਜ਼ਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸਜ਼ਾ, (ਫ਼ਾਰਸੀ) / ਇਸਤਰੀ ਲਿੰਗ : ੧. ਡੰਨ, ਅਪਰਾਧ ਦਾ ਫਲ; ੨. ਚੱਟੀ (ਲਾਗੂ ਕਿਰਿਆ : ਹੋਣਾ, ਦੇਣਾ, ਪਾਉਣਾ, ਮਿਲਣਾ, ਲਾਉਣਾ)
–ਸਜ਼ਾਪਣ, ਪੁਲਿੰਗ : ਕੈਦ, ਸਜ਼ਾ
–ਸਜ਼ਾਯਾਫਤਾ, ਸਜ਼ਯਾਥ, ਵਿਸ਼ੇਸ਼ਣ : ਸਜਾ ਪਾਈ ਵਾਲਾ, ਸਜਾਈ, ਦਾਗੀ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 4719, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-05-09-04-46-04, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First